“ਫਿਰ ਭੀੜਾਂ ਇਕੱਠੀਆਂ ਕਰਨ ’ਤੇ ਧਨ ਰੋੜ੍ਹਨ ਦਾ ਕੀ ਫਾਇਦਾ? ਜੇ ਚੰਗੀ ਕਾਰਗੁਜ਼ਾਰੀ ...”
(20 ਜਨਵਰੀ 2019)
ਲੋਕਰਾਜੀ ਪ੍ਰਬੰਧ ਨੇ ਸਾਨੂੰ ਭਾਰਤ ਵਾਸੀਆਂ ਨੂੰ ਵੋਟ ਅਤੇ ਚੋਣਾਂ ਦਾ ਬਹੁਤ ਵੱਡਾ ਅਧਿਕਾਰ ਪ੍ਰਦਾਨ ਕੀਤਾ ਹੈ। ਇਸ ਲੋਕਤੰਤਰੀ ਪ੍ਰਬੰਧ ਅਧੀਨ ਭਾਰਤ ਵਿਸ਼ਵ ਦਾ ਸੱਭ ਤੋਂ ਵੱਡਾ ਲੋਕਤੰਤਰ ਬਣਨ ਦਾ ਮਾਣ ਪ੍ਰਾਪਤ ਕਰ ਚੁੱਕਾ ਹੈ। ਸਿਧਾਂਤਕ ਤੌਰ ’ਤੇ ਇਹ ਪ੍ਰਬੰਧ ਦੇਸ਼ ਦੇ ਸਾਰੇ ਬਾਲੱਗ ਵੋਟਰਾਂ ਨੂੰ ਆਪਣੀ ਵੋਟ ਦੀ ਵਰਤੋਂ ਕਰਕੇ ਆਪਣੇ ਹਾਕਮ ਆਪ ਚੁਣਨ ਦਾ ਰਾਹ ਪੱਧਰਾ ਕਰਦਾ ਹੈ। ਇਸੇ ਕਾਰਨ ਹੀ ਲੋਕਤੰਤਰ ਨੂੰ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ ਕਿਹਾ ਜਾਂਦਾ ਹੈ। ਪੱਛਮੀ ਵਿਕਸਤ ਦੇਸ਼ ਇੰਗਲੈਂਡ, ਅਮਰੀਕਾ ਤੇ ਕੈਨੇਡਾ ਆਦਿ ਇਸ ਹਕੀਕਤ ਦੀ ਤਰਜ਼ਮਾਨੀ ਵੀ ਕਰਦੇ ਹਨ ਪ੍ਰੰਤੂ ਸਾਡਾ ਦੇਸ਼ ਅਜੇ ਤੱਕ ਇਸ ਧਾਰਨਾ ਦਾ ਲੋਕ ਭਾਵਨਾ ਅਨੁਸਾਰ ਪਾਲਣ ਨਹੀਂ ਕਰ ਸਕਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਇੱਥੇ ਵੀ ਬਕਾਇਦਾ ਚੋਣਾਂ ਵੋਟਾਂ ਰਾਹੀਂ ਹੀ ਹੁੰਦੀਆਂ ਹਨ ਪਰ ਸਾਡੇ ਨੇਤਾ ਲੋਕ ਚੋਣਾਂ ਜਿੱਤਣ ਬਾਦ ਲੋਕਾਂ ਦੀਆਂ ਖਾਹਿਸ਼ਾਂ ’ਤੇ ਉਸ ਕਦਰ ਪੂਰੇ ਨਹੀਂ ਉੱਤਰਦੇ ਜਿਵੇਂ ਪੱਛਮੀ ਦੇਸ਼ਾਂ ਦੇ ਨੇਤਾ ਉੱਤਰਦੇ ਹਨ। ਪੱਛਮੀ ਦੇਸ਼ਾਂ ਦੇ ਲੋਕ ਨਿਰੋਲ ਸੇਵਾ ਭਾਵਨਾ ਨਾਲ ਸਿਆਸਤ ਵਿੱਚ ਦਾਖਲ ਹੁੰਦੇ ਹਨ ਜਦੋਂ ਕਿ ਸਾਡੇ ਨੇਤਾ ਚੌਧਰ, ਤਾਕਤ ਅਤੇ ਕਮਾਈ ਲਈ ਸਿਆਸਤ ਵਿੱਚ ਦਾਖਲ ਹੁੰਦੇ ਹਨ। ਹੋਰ ਤਾਂ ਹੋਰ ਇਸ ਦੌਰ ਵਿੱਚ ਵੀ ਇਹਨੂੰ ਪਰਿਵਾਰਕ ਅਜਾਰੇਦਾਰੀ ਵਿੱਚ ਬਦਲਣ ਦੀਆਂ ਭਰਪੂਰ ਕੋਸ਼ਿਸ਼ਾਂ ਜਾਰੀ ਹਨ।
ਲੋਕਰਾਜ ਦਾ ਮੁੱਢਲਾ ਥੰਮ੍ਹ ਤਾਂ ਭਾਵੇਂ ਇੰਗਲੈਂਡ ਹੈ ਅਤੇ ਮਨੁੱਖੀ ਅਧਿਕਾਰਾਂ ਦਾ ਅਲੰਬਰਦਾਰ ਹੋਣ ਦਾ ਦਮ ਅਮਰੀਕਾ ਭਰਦਾ ਹੈ ਪਰ ਜੋ ਸੁਖ ਸਹੂਲਤਾਂ ਕੈਨੇਡਾ ਦੀ ਸਰਕਾਰ ਨਾਗਰਿਕਾਂ ਨੂੰ ਪ੍ਰਦਾਨ ਕਰ ਰਹੀ ਹੈ, ਉਹ ਸ਼ਾਇਦ ਹੋਰ ਕਿਧਰੇ ਵੀ ਨਹੀਂ ਹਨ। ਇਸੇ ਲਈ ਲੋਕਾਂ ਦਾ ਰੁਝਾਨ ਕੈਨੇਡਾ ਵੱਲ ਪ੍ਰਵਾਸ ਨੂੰ ਵਧੇਰੇ ਹੈ। ਚਾਹੇ ਸਟੱਡੀ ਵੀਜ਼ਾ ਲੈ ਕੇ ਜਾਣ ਦਾ ਰਸਤਾ ਅਖਤਿਆਰ ਕਰਨ ਜਾਂ ਫਿਰ ਮਾਪਿਆਂ ਨੂੰ ਸੈੱਟ ਕਰਨ ਦਾ, ਹਰ ਹੀਲੇ ਸੁਖ ਸਹੂਲਤਾਂ ਮਾਨਣ ਦੀ ਚਾਹਨਾ ਹੁੰਦੀ ਹੈ। ਕਨੂੰਨ ਤੇ ਨਿਯਮਾਂ ਦੀ ਪਾਲਣਾ ਜਿੰਨੀ ਸੰਜੀਦਗੀ ਨਾਲ ਕੈਨੇਡਾ ਵਰਗੇ ਦੇਸ਼ਾਂ ਵਿੱਚ ਹੁੰਦੀ ਹੈ ਜੇ ਕਿਧਰੇ ਸਾਡੇ ਦੇਸ਼ ਵਿੱਚ ਹੋਣ ਲੱਗ ਜਾਵੇ ਤਾਂ ਇਸ ਦੇਸ਼ ਵਰਗਾ ਕੋਈ ਦੇਸ਼ ਹੀ ਨਹੀਂ? ਕਹਿਣ ਨੂੰ ਤਾਂ ਸਾਡੇ ਦੇਸ਼ ਨੂੰ ਗੁਰੂਆਂ ਪੀਰਾਂ ਦਾ ਦੇਸ਼ ਕਿਹਾ ਜਾਂਦਾ ਹੈ ਅਤੇ ਲੀਡਰ ਲੋਕ ਵੀ ਗੁਰੂਆਂ ਪੀਰਾਂ ਦੇ ਦਿਨ ਦਿਹਾੜੇ ਬੜੇ ਜ਼ੋਰ ਸ਼ੋਰ ਨਾਲ ਮਨਾਉਣ ਦੇ ਅਡੰਬਰ ਕਰਨ ਲੱਗ ਪਏ ਹਨ ਪਰ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਿਖਾਉਣ ਦੇ ਹੋਰ ਮੁਹਾਵਰ੍ਹੇ ਵਾਂਗ ਉਹਨਾਂ ਦੇ ਮਨਾਂ ਵਿੱਚ ਉਹ ਸ਼ਰਧਾ ਜਾਂ ਨੈਤਿਕਤਾ ਨਹੀਂ ਹੁੰਦੀ ਜੋ ਸਧਾਰਨ ਮਨੁੱਖ ਦੇ ਮਨ ਵਿੱਚ ਹੁੰਦੀ ਹੈ। ਉਹ ਤਾਂ ਹਰ ਵੇਲੇ ਵੋਟਾਂ ਦੀ ਕਰਦੇ ਹਨ। ਹਰ ਹੀਲੇ ਵੋਟਾਂ ਦੀ ਝਾਕ ਕਾਰਨ ਸਾਡੇ ਦੇਸ਼ ਦਾ ਅਰਥਚਾਰਾ ਬੜਾ ਹੀ ਅਜੀਬ ਜਿਹਾ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ।
ਖੈਰ! ਇਸ ਦੁਨੀਆ ਦਾ ਦਸਤੂਰ ਹੀ ਅਜਿਹਾ ਬਣ ਗਿਆ ਹੈ ਕਿ ਇੱਕ ਪਾਸੇ ਤਾਂ ਇਹ ਮਨੁੱਖ ਨੂੰ ਬ੍ਰਹਿਮੰਡ ਦਾ ਸੱਭ ਤੋਂ ਉੱਤਮ ਜੀਵ ਕਹਿੰਦੇ ਹਨ ਤੇ ਇਹ ਵੀ ਕਹਿੰਦੇ ਹਨ ਕਿ ਇਹ ਇਨਸਾਨ ਨਾਸ਼ਵਾਨ ਹੈ, ਇਸਦੇ ਨਾਲ ਕੁਝ ਵੀ ਜਾਣ ਵਾਲਾ ਨਹੀਂ ਹੈ। ਫਿਰ ਵੀ ਲਾਲਚ, ਸਵਾਰਥ, ਹਊਮੈਂ ਮਨੁੱਖ ਦਾ ਖਹਿੜਾ ਨਹੀਂ ਛੱਡਦੀ ਜਾਂ ਫਿਰ ਲਾਲਸਾ ਮਨੁੱਖ ਨੂੰ ਅੰਨ੍ਹਾ ਬੋਲਾ ਕਰ ਦਿੰਦੀ ਹੈ ਤੇ ਉਸਦੀ ਮੱਤ ਮਾਰੀ ਜਾਂਦੀ ਹੈ।
ਸਿਕੰਦਰ ਮਹਾਨ ਦੇ ਕੱਫਣ ਵਿੱਚੋਂ ਖਾਲੀ ਹੱਥ ਬਾਹਰ ਰੱਖਣ ਦੀਆਂ ਕਹਾਣੀਆਂ ਤਾਂ ਜਰੂਰ ਸੁਣਾਈਆਂ ਜਾਂਦੀਆਂ ਹਨ ਪਰ ਉਹਨਾਂ ਉੱਤੇ ਅਮਲ ਬਿਲਕੁਲ ਵੀ ਨਹੀਂ ਕੀਤਾ ਜਾਂਦਾ। ਸੇਵਕ ਬਣ ਕੇ ਵਿਚਰਨ ਵਾਲੇ ਸਾਡੇ ਨੇਤਾਵਾਂ ਦੀਆਂ ਜਾਇਦਾਦਾਂ ਤੇ ਢਿੱਡ ਬੇਰੋਕ ਵਧ ਜਾਂਦੇ ਹਨ ਤੇ ਵਿਚਾਰੇ ਆਮ ਲੋਕ ਫਿਕਰਾਂ ਵਿੱਚ ਸੁੱਕ ਕੇ ਤੀਲਾ ਹੋ ਜਾਂਦੇ ਹਨ। ਮਜਬੂਰੀਆਂ ਵਿੱਚ ਘਿਰ ਕੇ ਤੰਗੀਆਂ ਤੁਰਸ਼ੀਆਂ ਨਾਲ ਜੂਝਦੇ ਲੋਕ ਬਹੁਤੀ ਵਾਰ ਖੁਦਕੁਸ਼ੀਆਂ ਦਾ ਸਹਾਰਾ ਲੈਕੇ ਸੁਰਖਰੂ ਹੋਣ ਦੇ ਅਸਫਲ ਯਤਨਾਂ ਰਾਹੀਂ ਆਪਣੀ ਜੀਵਨ ਲੀਲਾ ਹੀ ਖਤਮ ਕਰ ਬਹਿੰਦੇ ਹਨ। ਵੱਡੀ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਸਾਡੇ ਨੇਤਾ ਅਜਿਹੇ ਮਜਬੂਰ ਲੋਕਾਂ ਦੇ ਜ਼ਖਮਾਂ ਤੇ ਮਰ੍ਹਮਪੱਟੀ ਕਰਨ ਦੀ ਬਜਾਏ ਸਿਆਸਤ ਲਾਹਾ ਲੈਣ ਲੱਗ ਜਾਂਦੇ ਹਨ।
ਚਾਹੀਦਾ ਤਾਂ ਇਹ ਹੈ ਕਿ ਇਸ ਸੰਸਾਰ ਵਿੱਚ ਉੱਤਮ ਅਵਸਥਾ ਵਾਲਾ ਇਹ ਮਨੁੱਖ ਅਜਿਹਾ ਪ੍ਰਬੰਧ ਸਿਰਜੇ ਜਿਸ ਨਾਲ ਲੋਕਾਂ ਦਾ ਜੀਵਨ ਸੁਧਰੇ ਤੇ ਮੁਸ਼ਕਲਾਂ ਖਤਮ ਹੋਣ ਪਰ ਹੁੰਦਾ ਉਲਟ ਹੈ। ਇਹ ਬੂਧੀਮਾਨ ਮਨੁੱਖ ਹਊਮੈ ਦਾ ਸ਼ਿਕਾਰ ਹੋ ਕੇ ਧਨ ਤੇ ਤਾਕਤ ਦਾ ਸੰਤੁਲਿਨ ਆਪਣੇ ਹੀ ਹੱਥਾਂ ਵਿੱਚ ਕੇਂਦਰਤ ਕਰਨ ਦੀ ਹੋੜ ਵਿੱਚ ਜ਼ਿੰਦਗੀ ਗਵਾ ਲੈਂਦਾ ਹੈ। ਇਹ ਲੜਾਈਆਂ ਵੀ ਕਰਦਾ ਹੈ ਤੇ ਚੋਰੀਆਂ ਚਕਾਰੀਆਂ ਵੀ।
ਉਂਜ ਦੋ ਗੱਲਾਂ ਬੜੀਆਂ ਮਕਬੂਲ ਹਨ। ਇੱਕ ਇਹ ਕਿ ਰੱਬ ਦੇ ਘਰ ਦੇਰ ਹੈ ਅੰਧੇਰ ਬਿਲਕੁਲ ਨਹੀਂ ਤੇ ਦੂਜਾ ਤਪੋਂ ਰਾਜ ਤੇ ਰਾਜੋਂ ਨਰਕ। ਫਿਰ ਵੀ ਜੇ ਬੰਦਾ ਨਾ ਸਮਝੇ ਤਾਂ ਕੋਈ ਕੀ ਆਖੇ? ਚੋਣਾਂ ਸਾਡੇ ਦੇਸ਼ ਵਿੱਚ ਚੋਲੀ ਦਾਮਨ ਦਾ ਸਾਥ ਬਣ ਗਈਆਂ ਹਨ। ਸਾਰਾ ਸਾਲ ਕਿਤੇ ਨਾ ਕਿਤੇ ਚੋਣਾਂ ਦਾ ਬਿਗੱਲ ਵੱਜਿਆ ਹੀ ਰਹਿੰਦਾ ਹੈ। ਕਦੇ ਪੰਚਾਇਤਾਂ ਦੀਆਂ ਚੋਣਾਂ ਤੇ ਕਦੇ ਨਗਰ ਪਾਲਿਕਾ ਦੀਆਂ ਚੋਣਾਂ। ਕਦੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਤੇ ਕਦੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ। ਤੇ ਫਿਰ ਵਿਧਾਨ ਸਭਾਵਾਂ ਦੀਆਂ ਚੋਣਾਂ ਤੇ ਲੋਕ ਸਭਾ ਦੀਆਂ ਚੋਣਾਂ ਦਾ ਮਹਾਂਕੁੰਭ।
ਸਾਡੇ ਲੀਡਰਾਂ ਨੇ ਸਿਸਟਮ ਨੂੰ ਇਸ ਮੁਕਾਮ ਤੇ ਪਹੁੰਚਾ ਦਿੱਤਾ ਹੈ ਕਿ ਚੋਣਾਂ ਨਾਲ ਸਬੰਧਤ ਖਰਚੇ, ਜਲਸੇ ਰੈਲੀਆਂ ਵਿੱਚ ਜਮ੍ਹਾਂ ਕੀਤੀਆਂ ਜਾਂਦੀਆਂ ਭੀੜਾਂ ਤੇ ਉਹਨਾਂ ਦਾ ਖਰਚ ਦੇਸ਼ ਦੇ ਸਰਮਾਏ ਦਾ ਵੱਡਾ ਹਿੱਸਾ ਹੜੱਪ ਕੇ ਲੈ ਜਾਂਦਾ ਹੈ। ਇਸ ਤੋਂ ਪਿੱਛੋਂ ਚੁਣੇ ਗਏ ਨੁਮਾਇੰਦਿਆਂ, ਮੰਤਰੀਆਂ ਦੇ ਖਰਚੇ ਤੇ ਸਹੂਲਤਾਂ ਦੇਸ਼ ਦੇ ਬਜ਼ਟ ਦਾ ਵੱਡਾ ਹਿੱਸਾ ਡਕਾਰ ਜਾਂਦੇ ਹਨ। ਹੜਤਾਲਾਂ ਮੁਜਾਹਰੇ ਕਰਕੇ ਮੁਲਾਜਮ ਵੀ ਕੁਝ ਨਾ ਕੁਝ ਪ੍ਰਾਪਤ ਕਰ ਲੈਂਦੇ ਹਨ ਤੇ ਜਦੋਂ ਵਿਚਾਰੇ ਆਮ ਆਦਮੀ ਦੀ ਵਾਰੀ ਆਉਂਦੀ ਹੈ, ਉਦੋਂ ਖਜ਼ਾਨਾ ਠੁਣ ਠੁਣ ਗੋਪਾਲ ਹੋ ਜਾਂਦਾ ਹੈ। ਆਮ ਆਦਮੀਦੇ ਪੱਲੇ ਪੈਂਦੇ ਹਨ ਲਾਰੇ, ਵਾਅਦੇ ਤੇ ਸਬਜ਼ਬਾਗ। ਜਿਹੜੀ ਪਾਰਟੀ ਵੱਡੇ ਲਾਰੇ ਲਗਾ ਕੇ ਜਾਂ ਫਿਰ ਸਬਜ਼ਬਾਗ ਦਿਖਾ ਕੇ ਆਪਣੇ ਲੀਡਰਾਂ ਦੇ ਬਲਬੂਤੇ ਲੋਕਾਂ ਦਾ ਦਿਲ ਜਿੱਤ ਲੈਂਦੀ ਹੈ, ਉਹ ਬਾਜੀ ਮਾਰ ਜਾਂਦੀ ਹੈ ਤੇ ਦੂਜੀਆਂ ਲੋਕਾਂ ਦੇ ਅਸਲ ਹਮਦਰਦ ਹੋਣ ਦੇ ਦਾਅਵੇ ਲੈ ਕੇ ਲੋਕਾਂ ਦੇ ਜਖਮ ਕੁਰੇਦਣ ਲੱਗ ਜਾਂਦੀਆਂ ਹਨ। ਇਸ ਸਿਲਸਲੇ ਨੂੰ ਵੇਖਦੇ ਵੇਖਦੇ ਦੇਸ਼ ਵਿੱਚ ਬੇਰੁਜ਼ਗਾਰੀ, ਗਰੀਬੀ, ਪੱਛੜੀਆਂ ਹੋਈਆਂ ਸਿੱਖਿਆ ਤੇ ਸਿਹਤ ਸਹੂਲਤਾਂ ਲੋਕਾਂ ਨੂੰ ਸੋਚਣ ’ਤੇ ਮਜਬੂਰ ਕਰ ਰਹੀਆਂ ਹਨ ਕਿ ਸਾਡੇ ਦੇਸ਼ ਦੇ ਲੋਕਾਂ ਦੀ ਜੂਨ ਕਿਉਂ ਨਹੀਂ ਸੁਧਰਦੀ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਦਾਸਪੁਰ ਵਿਖੇ ਪਲੇਠੀ ਚੋਣ ਰੈਲੀ ਕਰਕੇ ਸ਼ੁਰੂਆਤ ਕਰ ਦਿੱਤੀ ਹੈ। ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਉਹ ਦੇਸ਼ ਭਰ ਵਿੱਚ 100 ਦੇ ਕਰੀਬ ਰੈਲੀਆਂ ਕਰਨਗੇ। ਇੰਜ ਹੀ ਬਾਕੀ ਪਾਰਟੀਆਂ ਵੀ ਕਰਨਗੀਆਂ। ਇੰਜ ਅਜਿਹੀਆਂ ਰੈਲੀਆਂ ਵਿੱਚ ਭੀੜਾਂ ਢੋਅ ਕੇ ਜਿਹੜਾ ਸਰਮਾਇਆ ਰੋੜ੍ਹਨਾ ਹੈ, ਜੇ ਉਹ ਹੀ ਦੇਸ਼ ਦੇ ਹਿਤ ਵਿੱਚ ਵਿਕਾਸ ਦੇ ਲੇਖੇ ਲੱਗੇ ਤਾਂ ਦੇਸ਼ ਦੀ ਹਾਲਤ ਸੁਧਰ ਸਕਦੀ ਹੈ। ਚੋਣ ਪ੍ਰਚਾਰ ਕਰਨ ਦੇ ਤਾਂ ਹੋਰ ਵੀ ਬੜੇ ਸਾਧਨ ਹਨ। ਅਖਬਾਰਾਂ, ਰਸਾਲੇ, ਟੀਵੀ, ਸੋਸ਼ਲ ਮੀਡੀਆ। ਫਿਰ ਭੀੜਾਂ ਇਕੱਠੀਆਂ ਕਰਨ ’ਤੇ ਧਨ ਰੋੜ੍ਹਨ ਦਾ ਕੀ ਫਾਇਦਾ? ਜੇ ਚੰਗੀ ਕਾਰਗੁਜ਼ਾਰੀ ਕੀਤੀ ਹੋਵੇ ਤਾਂ ਕੀਤੇ ਕੰਮ ਬੋਲਦੇ ਹਨ, ਅਡੰਬਰ ਕਰਨ ਦੀ ਲੋੜ ਨਹੀਂ ਪੈਂਦੀ। ਦਰਅਸਲ ਲੀਡਰ ਲੋਕ ਸਮਝਦੇ ਹਨ ਕਿ ਲੋਕਾਂ ਦੀਆਂ ਭੀੜਾਂ ਇਕੱਠੀਆਂ ਕਰਕੇ ਤਾਕਤ ਦਾ ਵਿਖਾਵਾ ਹੁੰਦਾ ਹੈ ਤੇ ਵਧੇਰੇ ਪ੍ਰਭਾਵ ਪੈਂਦਾ ਹੈ। ਸਮਾਂ ਹੁਣ ਬਹੁਤ ਬਦਲ ਗਿਆ ਹੈ। ਜੇ ਲੀਡਰ ਚਲਾਕ ਹਨ ਤਾਂ ਲੋਕ ਵੀ ਸਿਆਣੇ ਹੋ ਗਏ ਹਨ। ਲੋਕ ਸਮਝਣ ਲੱਗ ਪਏ ਹਨ ਕਿ ਲੀਡਰਾਂ ਨੂੰ ਚੋਣਾਂ ਨੇੜੇ ਹੀ ਲੋਕਾਂ ਦਾ ਹੇਜ ਕਿਉਂ ਜਾਗਦਾ ਹੈ?
ਦੇਸ਼ ਦੀ ਵੱਡੀ ਮੁਸ਼ਕਲ ਤਾਂ ਗਰੀਬੀ, ਬੇਰੁਜ਼ਗਾਰੀ ਤੇ ਬੇਲੋੜੀ ਵਧਦੀ ਅਬਾਦੀ ਹੈ। ਰਾਖਵਾਂਕਰਣ ਤਾਂ ਪਹਿਲਾਂ ਹੀ ਹੱਦਾਂ ਬੰਨੇ ਟੱਪ ਚੁੱਕਾ ਹੈ। ਜੇ ਸਰਕਾਰ ਨੇ ਆਰਥਿਕ ਅਧਾਰ ’ਤੇ ਰਾਖਵਾਂਕਰਨ ਦੇਣਾ ਸੀ ਤਾਂ ਚਾਰ ਸਾਲ ਪਹਿਲਾਂ ਦੇਂਦੀ। ਹੁਣ ਵਿਹੜੇ ਆਈ ਜੰਜ ਤੇ ਵਿੰਨੋ ਕੁੜੀ ਦੇ ਕੰਨ ਵਾਂਗ ਹੀ ਇਹ ਚੋਣ ਸ਼ੋਸ਼ਾ ਹੋ ਨਿੱਬੜਨ ਦਾ ਖਦਸ਼ਾ ਹੈ, ਜਿਵੇਂ ਕਾਲਾ ਧਨ ਲਿਆ ਕੇ ਹਰੇਕ ਦੇ ਖਾਤੇ ਵਿੱਚ ਪੰਦਰਾਂ ਲੱਖ ਰੁਪਇਆ ਪਾਉਣਾ ਸੀ। ਦੇਸ਼ ਦੇ ਲੋਕ ਸਹੂਲਤਾਂ ਭਾਲਦੇ ਹਨ। ਗਲੋਬਲਾਈਜੇਸ਼ਨ ਨੇ ਲੋਕਾਂ ਨੂੰ ਦੂਜੇ ਦੇਸ਼ਾਂ ਵਿੱਚਲੀਆਂ ਸਹੂਲਤਾਂ ਬਾਰੇ ਜਾਣੂ ਕਰਵਾ ਦਿੱਤਾ ਹੈ। ਸਾਡੇ ਦੇਸ਼ ਵਿੱਚ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਦੀ ਬਜਾਏ ਸਰਕਾਰਾਂ ਆਪਣੇ ਮੰਤਰੀਆਂ, ਸਾਂਸਦਾਂ ਤੇ ਵਿਧਾਇਕਾਂ ਦੀਆਂ ਸਹੂਲਤਾਂ ਵੱਲ ਜ਼ਿਆਦਾ ਧਿਆਨ ਦਿੰਦੀਆਂ ਹਨ ਇਸੇ ਲਈ ਤਾਂ ਚੋਣਾਂ ਜਿੱਤਣ ਲਈ ਅਥਾਹ ਖਰਚ ਕੀਤਾ ਜਾਂਦਾ ਹੈ। ਦੇਸ਼ ਦੇ ਨਾਗਰਿਕਾਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਸਰਕਾਰ ਦੀ ਜਿਮੇਵਾਰੀ ਹੁੰਦੀ ਹੈ। ਅਜਿਹਾ ਕਰਕੇ ਕੋਈ ਵੀ ਸਰਕਾਰ ਆਪਣੇ ਨਾਗਰਿਕਾਂ ਤੇ ਕੋਈ ਅਹਿਸਾਨ ਨਹੀਂ ਕਰਦੀ ਸਗੋਂ ਆਪਣੀ ਜਿਮੇਵਾਰੀ ਪੂਰੀ ਕਰਦੀ ਹੈ। ਪਰ ਸਾਡੇ ਨੇਤਾ ਜਦੋਂ ਵੀ ਕੋਈ ਜਨ ਸਧਾਰਨ ਨਾਲ ਸਬੰਧਤ ਕਾਰਜ ਕਰਦੇ ਹਨ ਤਾਂ ਉਸਦਾ ਢੰਡੋਰਾ ਇੰਜ ਪਿੱਟਿਆ ਜਾਂਦਾ ਹੈ ਜਿਵੇਂ ਉਹ ਕੋਈ ਬਹੁਤ ਵੱਡਾ ਅਹਿਸਾਨ ਕਰ ਰਹੇ ਹੋਣ? ਸਰਕਾਰਾਂ ਨੂੰ ਇਸ ਪ੍ਰਵਿਰਤੀ ਤੋਂ ਬਚਣਾ ਚਾਹੀਦਾ ਹੈ।
ਇੱਥੇ ਉਹ ਵੀ ਦਿਨ ਰਹੇ ਹਨ ਜਦੋਂ ਮੁਗੱਲ ਕਾਲ ਸਮੇਂ ਅਹਿਮਦ ਸ਼ਾਹ ਅਬਦਾਲੀ ਵਰਗੇ ਧਾੜਵੀ ਹਮਲੇ ’ਤੇ ਹਮਲਾ ਕਰਕੇ ਸਭ ਕੁਝ ਲੁੱਟ ਪੁੱਟ ਕੇ ਲੈ ਜਾਂਦੇ ਸਨ ਤੇ ਇੱਕ ਕਹਾਵਤ ਹੀ ਲੋਕਾਂ ਵਿੱਚ ਘਰ ਕਰ ਗਈ ਸੀ; ਖਾਧਾ ਪੀਤਾ ਲਾਹੇ ਦਾ ਤੇ ਰਹਿੰਦਾ ਅਹਿਮਦ ਸ਼ਾਹੇ ਦਾ। ਸੁੱਖ ਨਾਲ ਹੁਣ ਤਾਂ ਲੋਕ ਰਾਜ ਹੈ ਤੇ ਅਸੀਂ ਆਪਣੀ ਆਂ ਸਰਕਾਰਾਂ ਆਪ ਚੁਣਦੇ ਹਾਂ। ਸਰਕਾਰਾਂ ਨੂੰ ਪਾਂਡੀ ਪਾਤਸ਼ਾਹ ਮਹਾਰਾਜਾ ਰਣਜੀਤ ਸਿੰਘ ਦੇ ਰੋਲ ਨੂੰ ਯਾਦ ਕਰਨਾ ਚਾਹੀਦਾ ਹੈ। ਜੇ ਜਨਤਾ ਸੁਖੀ ਹੋਵੇਗੀ, ਉਹਨਾਂ ਨੂੰ ਪੜ੍ਹਾਈ ਲਿਖਾਈ ਦੀਆਂ ਮਹਿੰਗੀਆਂ ਫੀਸਾਂ ਦੀ ਚਿੰਤਾ ਨਹੀਂ ਹੋਵੇਗੀ, ਹਰ ਕਿਸਮ ਦੇ ਇਲਾਜ ਮੁਫਤ ਜਾਂ ਫਿਰ ਬਹੁਤ ਸਸਤੇ ਦਰਾਂ ਤੇ ਹੋਣਗੇ, ਉਹਨਾਂ ਨੂੰ ਰੁਜ਼ਗਾਰ ਢੂੰਡਣ ਦੀ ਚਿੰਤਾ ਨਹੀਂ ਸਤਾਏਗੀ ਤਾਂ ਖੁਦ ਬਖੁਦ ਉਹ ਸਰਕਾਰ ਦੇ ਸੋਹਿਲੇ ਗਾਉਣਗੇ। ਫਿਰ ਭਲਾ ਕੀ ਲੋੜ ਹੈ ਪਾਰਟੀਆਂ ਜਾਂ ਸਰਕਾਰਾਂ ਨੂੰ ਲਭਾਊ ਲਾਰੇ ਲਾਉਣ ਦੀ।
ਲੋਕ ਰਾਜ ਦੀ ਚੋਣ ਪ੍ਰਕਿਰਿਆ ਬੜੀ ਮਹੱਤਵਪੂਰਨ ਹੈ। ਚਾਹੀਦਾ ਹੈ ਇਸ ਨੂੰ ਇਸ ਤਰੀਕੇ ਨਾਲ ਸਿਰੇ ਚੜ੍ਹਾਇਆ ਜਾਵੇ ਕਿ ਲੋਕਾਂ ਵਿੱਚ ਪਿਆਰ ਮੁਹੱਬਤ ਬਣਿਆ ਰਹੇ। ਸਵਾਰਥੀ, ਲਾਲਚੀ ਤੇ ਭ੍ਰਿਸ਼ਟ ਵਾਤਾਵਰਣ ਤੋਂ ਬਚਿਆ ਜਾਵੇ। ਸਾਡਾ ਦੇਸ਼ ਗੁਰੂਆਂ ਪੀਰਾਂ ਦਾ ਦੇਸ਼ ਹੈ ਜਿੱਥੇ ਗੁਰੂ ਤੇਗ ਬਹਾਦਰ ਵਰਗੇ ਮਹਾਂਪੁਰਸ਼ਾਂ ਨੇ ਮਨੁੱਖਤਾ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਤੇ ਹਿੰਦ ਦੀ ਚਾਦਰ ਬਣੇ। ਜਦੋਂ ਸਾਡਾ ਵਿਰਸਾ ਇੰਨਾ ਮਹਾਨ ਹੈ ਤਾਂ ਫਿਰ ਹੁਣ ਸਾਡੇ ਨੇਤਾ ਕੈਨੇਡਾ ਵਰਗੇ ਦੇਸ਼ਾਂ ਦੀ ਤਰ੍ਹਾਂ ਤਹਿ ਦਿਲੋਂ ਲੋਕ ਸੇਵਕ ਬਣ ਕੇ ਸਮਰਪਤ ਕਿਉਂ ਨਹੀਂ ਹੁੰਦੇ? ਜਦੋਂ ਇਹ ਪਤਾ ਹੈ ਕਿ ਕੁਝ ਵੀ ਕਿਸੇ ਦੇ ਨਾਲ ਜਾਣ ਵਾਲਾ ਨਹੀਂ ਤਾਂ ਫਿਰ ਪ੍ਰਮਾਤਮਾ ਦੀ ਬਖਸ਼ਿਸ਼ ਮਨੁੱਖਤਾ ਦੀ ਭਲਾਈ ਲਈ ਤਨ, ਮਨ ਤੇ ਧਨ ਨਾਲ ਸਮਰਪਣ ਤੋਂ ਹਿਚਕਚਾਹਟ ਕਿਉਂ? ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਚਾਹੀਦਾ ਹੈ ਕਿ ਸਮੂਹ ਵੋਟਰ, ਰਾਜਨੀਤਕ ਪਾਰਟੀਆਂ ਤੇ ਲੀਡਰ ਇਸ ਤਰ੍ਹਾਂ ਵਿਚਰਣ ਕਿ ਇੱਥੇ ਸਵਾਰਥ, ਲਾਲਚ, ਭ੍ਰਿਸ਼ਟਾਚਾਰ ਲਈ ਕੋਈ ਥਾਂ ਹੀ ਨਾ ਰਹੇ। ਇੰਜ ਭਰਾਤਰੀ ਭਾਵ ਤੇ ਭਾਈਚਾਰੇ ਵਿੱਚ ਵੀ ਵਾਧਾ ਹੋਵੇਗਾ ਫਜੂਲ ਖਰਚੀ ਵੀ ਰੁਕੇਗੀ। ਜੇ ਸਰਕਾਰਾਂ ਸਹੀ ਤਰੀਕੇ ਨਾਲ ਵਚਨਬੱਧ ਹੋ ਕੇ ਦੇਸ਼, ਸਮਾਜ ਤੇ ਮਨੁੱਖਤਾ ਦੇ ਹਿਤ ਵਿੱਚ ਕੰਮ ਕਰਨ ਤਾਂ ਕੋਈ ਕਾਰਨ ਨਹੀਂ ਬਣਦਾ ਕਿ ਭਾਰਤ ਮੁੜ ਤੋਂ ਸੋਨੇ ਦੀ ਚਿੜੀ ਨਾ ਬਣੇ? ਜੇ ਅਜਿਹਾ ਹੋ ਜਾਂਦਾ ਹੈ, ਲੀਡਰਾਂ ਦੀ ਕਹਿਣੀ ਤੇ ਕਰਨੀ ਇੱਕ ਹੋ ਜਾਂਦੀ ਹੈ ਤਾਂ ਜਿਹੜੇ ਨੌਜਵਾਨ ਵਹੀਰਾਂ ਘੱਤ ਕਿ ਵਿਦੇਸ਼ਾਂ ਵੱਲ ਦੌੜ ਰਹੇ ਹਨ, ਇੱਥੇ ਰਹਿ ਕੇ ਦੇਸ਼ ਦੀ ਸੇਵਾ ਵਿੱਚ ਜੁਟਣ ਲਈ ਮਜਬੂਰ ਹੋ ਜਾਣਗੇ।
*****
(1466)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)