“ਡਿਜੀਟਲ ਕੇਵਲ ਗੱਲਾਂ ਨਾਲ ਹੀ ਨਹੀਂ ਬਣਿਆ ਜਾ ਸਕਦਾ। ਇਸ ਆਧੁਨਿਕ ਤਕਨੀਕ ਲਈ ...”
(3 ਜੂਨ 2021)
ਤਕਨੀਕ ਦੇ ਵਿਕਸਤ ਹੋਣ ਨਾਲ ਕੰਪਿਊਟਰ, ਟੈਬਲਟ, ਮੋਬਾਇਲ ਫੋਨ ਜਾਂ ਫਿਰ ਲੈਪਟਾਪ ਦੇ ਜ਼ਰੀਏ ਜ਼ੂਮ ਜਾਂ ਗੂਗਲ ਐਪ ਰਾਹੀਂ ਪੜ੍ਹਾਈ ਕਰਨ ਦਾ ਨਵਾਂ ਰੁਝਾਨ ਪੈਦਾ ਹੋ ਗਿਆ ਹੈ। ਨੌਕਰੀ-ਪੇਸ਼ਾ ਲੋਕਾਂ ਜਾਂ ਦੂਰ ਦੁਰਾਡੇ ਰਹਿਣ ਵਾਲੇ ਲੋਕਾਂ ਲਈ ਇਹ ਜ਼ਰੂਰੀ ਵੀ ਸੀ। ਡਿਸਟੈਂਸ ਐਜੂਕੇਸ਼ਨ ਜਾਂ ਫਿਰ ਪੱਤਰ-ਵਿਹਾਰ ਵਾਲੀ ਸਿੱਖਿਆ ਲਈ ਇਹ ਤਕਨੀਕ ਸੋਨੇ ਉੱਤੇ ਸੁਹਾਗਾ ਸਾਬਤ ਹੋ ਰਹੀ ਹੈ। ਬਾਈ-ਜ਼ੂਮ ਤੇ ਅਨ-ਅਕੈਡਮੀ ਦਾ ਆਨ-ਲਾਈਨ ਸਿੱਖਿਆ ਵਿੱਚ ਕਾਫੀ ਨਾਮ ਬਣ ਚੁੱਕਾ ਹੈ। ਨੌਕਰੀ ਦੇ ਨਾਲ ਨਾਲ ਸਿੱਖਿਆ ਦਾ ਇਹ ਨਵਾਂ ਮਾਪਦੰਡ ਬਣ ਕੇ ਉੱਭਿਰਆ ਹੈ। ਲੋੜ ਕਾਢ ਦੀ ਮਾਂ ਹੁੰਦੀ ਹੈ ਅਤੇ ਨਵੇਂ ਨਵੇਂ ਰਾਹ ਸਿਰਜਦੀ ਰਹਿੰਦੀ ਹੈ। ਕਾਗਜ਼ ਦੀ ਧੜਾਧੜ ਅੰਨ੍ਹੀ ਵਰਤੋਂ ਨੇ ਜੰਗਲਾਂ ਅਤੇ ਦਰਖ਼ਤਾਂ ਦਾ ਲਗਾਤਾਰ ਖਾਤਮਾ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਨਾਲ ਧਰਤੀ ਦਾ ਵਾਤਾਵਰਣ ਬੁਰੀ ਤਰ੍ਹਾਂ ਪ੍ਰਦੂਸ਼ਤ ਹੋ ਗਿਆ ਹੈ। ਰੁੱਤਾਂ ਅਤੇ ਮੌਸਮਾਂ ਵਿੱਚ ਕਾਫੀ ਬਦਲਾਅ ਮਹਿਸੂਸ ਹੋਇਆ ਤੇ ਤਾਪਮਾਨ ਦੇ ਵਾਧੇ ਨੇ ਆਲਮੀ ਤਪਸ਼ ਵਿੱਚ ਭਾਰੀ ਵਾਧਾ ਵੀ ਕਰ ਦਿੱਤਾ ਸੀ। ਇਸ ਪ੍ਰਦੂਸ਼ਣ ਦੀ ਰੋਕਥਾਮ ਲਈ ਪੇਪਰਲੈੱਸ (ਕਾਗਜ਼-ਰਹਿਤ) ਪ੍ਰਣਾਲੀ ਦੀ ਵਿਚਾਰ ਚਰਚਾ ਵੀ ਇੱਕ ਸਹਾਇਕ ਕਦਮ ਬਣ ਗਿਆ ਹੈ। ਹੁਣ ਸਾਡੇ ਦੇਸ਼ ਵਿੱਚ ਵੀ ਵੱਖ ਵੱਖ ਵਿਭਾਗਾਂ ਵਿੱਚ ਕਾਗਜ਼-ਰਹਿਤ ਜਾਂ ਕਾਗਜ਼ ਦੀ ਘੱਟ ਵਰਤੋਂ ਕਰਕੇ ਕੰਪਿਊਟਰ ਦੀ ਵੱਧ ਤੋਂ ਵੱਧ ਵਰਤੋਂ ਕਰਨ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਕਾਗਜ਼ ਦੀ ਸਭ ਤੋਂ ਵੱਧ ਵਰਤੋਂ ਸਿੱਖਿਆ ਵਿਭਾਗ ਅਤੇ ਨਿਆਂ ਪਾਲਿਕਾ ਵਿੱਚ ਹੁੰਦੀ ਸੀ। ਹੁਣ ਨਿਆਂਪਾਲਿਕਾ ਵਿੱਚ ਵੀ ਕਾਗਜ਼-ਰਹਿਤ ਪ੍ਰਣਾਲੀ ਨੂੰ ਕਾਫੀ ਹੁਲਾਰਾ ਮਿਲ ਰਿਹਾ ਹੈ।
ਮੌਜੂਦਾ ਕਰੋਨਾ ਕਾਲ ਦੌਰਾਨ ਜਦੋਂ ਸਭ ਕੁਝ ਬੰਦ ਹੋਣ ਦੀ ਨੌਬਤ ਆ ਗਈ ਸੀ ਤਾਂ 2020 ਤੋਂ ਮੀਟਿੰਗਾਂ ਵੀ ਆਨ-ਲਾਈਨ ਵਿਧੀ ਰਾਹੀਂ ਸੰਗਠਿਤ ਹੋਣੀਆਂ ਸ਼ੁਰੂ ਹੋ ਗਈਆਂ ਸਨ, ਜਿਨ੍ਹਾਂ ਨੂੰ ਵਰਚੂਅਲ ਮੀਟਿੰਗਾਂ ਜਾਂ ਵੈੱਬ-ਮੀਟਿੰਗਾਂ ਦਾ ਨਾਮ ਦਿੱਤਾ ਗਿਆ ਸੀ। ਵਕਤ ਦੀ ਨਜ਼ਾਕਤ ਅਨੁਸਾਰ ਇਹ ਮਜਬੂਰੀ ਵੀ ਸੀ ਤੇ ਲੋੜ ਵੀ। ਇਸ ਕਰੋਨਾ ਕਾਲ ਦੀ ਆਫਤ ਨੇ ਸਕੂਲ-ਕਾਲਜ ਵੀ ਅਣਮਿਥੇ ਸਮੇਂ ਲਈ ਬੰਦ ਕਰ ਦਿੱਤੇ ਹਨ। ਸਿੱਖਿਆ ਦੇ ਵੱਡੇ ਖੇਤਰ ਵਿੱਚ ਫੈਲੇ ਨਿੱਜੀ ਸਿੱਖਿਆ ਦੇ ਸਰੋਤਾਂ ਨੇ ਆਪਣੀ ਹੋਂਦ ਬਚਾਈ ਰੱਖਣ, ਅਧਿਆਪਕਾਂ ਦੇ ਰੋਜ਼ਗਾਰ ਬਚਾਉਣ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਦਿਲਚਸਪੀ ਬਣਾਈ ਰੱਖਣ ਲਈ ਪੜ੍ਹਾਈ ਦਾ ਇਹ ਨਵਾਂ ਤਰੀਕਾ ਵਰਤੋਂ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਹੌਲੀ ਹੌਲੀ ਸਰਕਾਰੀ ਸਕੂਲਾਂ ਵਿੱਚ ਵੀ ਇਸਦੀ ਵਰਤੋਂ ਸ਼ੁਰੂ ਹੋ ਗਈ। ਸਕੂਲਾਂ ਵਿੱਚ ਜਾ ਕੇ ਪੜ੍ਹਾਈ ਕਰਨ ਦੇ ਮੁਕਾਬਲੇ ਆਨ-ਲਾਈਨ ਪ੍ਰਣਾਲੀ ਦੀ ਸਿੱਖਿਆ, ਉਹ ਮੁਕਾਮ ਤਾਂ ਹਾਸਲ ਨਹੀਂ ਕਰ ਸਕਦੀ ਪਰ ਅਣਸਰਦੀ ਲੋੜ ਪੂਰੀ ਕਰਨ ਦਾ ਸੰਦ ਜ਼ਰੂਰ ਬਣ ਗਈ ਹੈ। ਜਿਹੜੀ ਚੀਜ਼ ਬੱਚਿਆਂ ਨੇ ਵੱਡੇ ਸਾਈਜ਼ ਦੇ ਬੋਰਡ ਉੱਪਰ ਵੱਡੇ ਵੱਡੇ ਅੱਖਰਾਂ ਵਿੱਚ ਵੇਖਣੀ ਹੁੰਦੀ ਹੈ ਉਹ ਮੋਬਾਇਲ ਦੀ ਦੋ ਤਿੰਨ ਇੰਚ ਦੀ ਸਕਰੀਨ ਉੱਪਰ ਵੇਖਣ ਨਾਲ ਅੱਖਾਂ ਉੱਪਰ ਜ਼ੋਰ ਤਾਂ ਪਵੇਗਾ ਹੀ ਪਵੇਗਾ।
ਇਹ ਪ੍ਰਣਾਲੀ ਖਰਚੀਲੀ ਵੀ ਕਾਫੀ ਹੈ। ਇਸ ਨਾਲ ਮੋਬਾਇਲ ਫੋਨਾਂ ਅਤੇ ਲੈਪਟਾਪ ਜਾਂ ਫਿਰ ਕੰਪਿਊਟਰਾਂ ਦੀ ਵਧੇਰੇ ਲੋੜ ਨੇ ਮਾਪਿਆਂ ਦੇ ਖਰਚੇ ਵਧਾਏ ਹਨ। ਕਰੋਨਾ ਕਾਲ ਦੌਰਾਨ ਲੋਕਾਂ ਦੇ ਡਗਮਗਾਏ ਅਰਥਚਾਰੇ ਉੱਤੇ ਬੋਝ ਹੋਰ ਵਧਿਆ ਹੈ। ਫਿਰ ਆਨ-ਲਾਈਨ ਪੜ੍ਹਾਈ ਦੇ ਬਹਾਨੇ ਨਿੱਜੀ ਸਕੂਲਾਂ ਵਾਲਿਆਂ ਦੁਆਰਾ ਫੀਸਾਂ ਚਾਰਜ ਕਰਨ ਦਾ ਮਾਮਲਾ ਵੀ ਭਖਿਆ ਤੇ ਅਦਾਲਤਾਂ ਤਕ ਪਹੁੰਚ ਗਿਆ ਸੀ। ਮਾਪਿਆਂ ਨੂੰ ਫੀਸ ਦੀ ਰਾਹਤ ਵੀ ਜ਼ਰੂਰੀ ਸੀ ਅਤੇ ਸਕੂਲਾਂ ਵਾਲਿਆਂ ਨੇ ਆਪਣਾ ਕਾਰੋਬਾਰ ਵੀ ਚੱਲਦਾ ਰੱਖਣਾ ਸੀ। ਆਨ-ਲਾਈਨ ਪੜ੍ਹਾਈ ਨੇ ਵਿਹਲੇ ਹੋਏ ਬੱਚਿਆਂ ਨੂੰ ਆਹਰੇ ਤਾਂ ਜ਼ਰੂਰ ਲਾ ਦਿੱਤਾ ਹੈ ਪਰ ਬੱਚਿਆਂ ਦੇ ਨਾਲ ਨਾਲ ਮਾਪਿਆਂ ਦੀ ਵੀ ਡਿਊਟੀ ਬਣ ਗਈ ਹੈ ਤੇ ਉਹਨਾਂ ਨੂੰ ਵੀ ਛੋਟੇ ਬੱਚਿਆਂ ਦੇ ਨਾਲ ਬੱਝਣਾ ਪੈਂਦਾ ਹੈ। ਕਰੋਨਾ ਦੀ ਲਾਗ ਤੋਂ ਬਚਣ ਲਈ ਮਾਪਿਆਂ ਕੋਲ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਹੈ। ਜਿਹੜੇ ਮਾਪੇ ਰੋਟੀ-ਰੋਜ਼ੀ ਲਈ ਨੌਕਰੀ ਤੇ ਜਾਂਦੇ ਹਨ ਉਹਨਾਂ ਲਈ ਮੁਸ਼ਕਲ ਵੀ ਹੈ।
ਇਸ ਨਵੀਂ ਪ੍ਰਣਾਲੀ ਨੇ ਬੱਚਿਆਂ ਦੁਆਰਾ ਮੋਬਾਇਲ ਫੋਨਾਂ ਦੀ ਜ਼ਿਆਦਾ ਵਰਤੋਂ ਨੂੰ ਹੁਲਾਰਾ ਦਿੱਤਾ ਹੈ। ਪ੍ਰਾਇਮਰੀ ਪੱਧਰ ਤੋਂ ਉੱਪਰ ਵਾਲੇ ਬੱਚੇ ਤਾਂ ਥੋੜ੍ਹੇ ਸਮਝਦਾਰ ਹੋ ਜਾਂਦੇ ਹਨ ਅਤੇ ਮੋਬਾਇਲ ਫੋਨਾਂ ਦੀ ਦੁਰਵਰਤੋਂ ਨਹੀਂ ਕਰਦੇ। ਪਰ ਯੂ.ਕੇ.ਜੀ ਅਤੇ ਪਹਿਲੀ ਸ਼੍ਰੇਣੀ ਦੇ ਬੱਚੇ ਤਾਂ ਪੜ੍ਹਾਈ ਨਾਲੋਂ ਵੀ ਜ਼ਿਆਦਾ ਖੇਡਾਂ ਅਤੇ ਕਾਰਟੂਨਾਂ ਵਿੱਚ ਮਸਤ ਰਹਿੰਦੇ ਹਨ। ਪਹਿਲਾਂ ਉਹ ਟੈਲੀਵੀਜ਼ਨ ਰਾਹੀਂ ਹੀ ਕਾਰਟੂਨ ਵੇਖਦੇ ਸਨ, ਹੁਣ ਮੋਬਾਇਲ ਫੋਨਾਂ ਦਾ ਸਾਥ ਮਿਲ ਗਿਆ ਹੈ। ਫਿਰ ਇਨ੍ਹਾਂ ਮੋਬਾਇਲ ਫੋਨਾਂ ਦੀ ਮਾਸੂਮਾਂ ਦੁਆਰਾ ਜ਼ਿਆਦਾ ਵਰਤੋਂ ਉਹਨਾਂ ਦੇ ਦਿਮਾਗੀ ਸੰਤੁਲਨ ਉੱਪਰ ਮਾੜਾ ਪ੍ਰਭਾਵ ਵੀ ਪਾ ਸਕਦੀ ਹੈ।
ਮੋਬਾਇਲ ਫੋਨਾਂ ਦੇ ਕੰਨਾਂ ਦੀ ਸੁਣਨ ਸ਼ਕਤੀ ਉੱਪਰ ਮਾਰੂ ਪ੍ਰਭਾਵ ਦਾ ਜ਼ਿਕਰ ਤਾਂ ਅਕਸਰ ਹੁੰਦਾ ਹੀ ਰਹਿੰਦਾ ਹੈ। ਪਰ ਪਹਿਲਾਂ ਬੱਚਿਆਂ ਨੂੰ ਮੋਬਾਇਲ ਦੀਆਂ ਅਲਟਰਾ-ਵਾਇਲਟ ਕਿਰਨਾਂ ਦੇ ਮਾਰੂ ਪ੍ਰਭਾਵ ਬਾਰੇ ਪੜ੍ਹਾਉਣ ਵਾਲੇ ਅਧਿਆਪਕ ਹੁਣ ਕੁਝ ਨਹੀਂ ਕਹਿੰਦੇ, ਕਿਉਂਕਿ ਹੁਣ ਤਾਂ ਉਹ ਖੁਦ ਆਨ-ਲਾਈਨ ਪੜ੍ਹਾਈ ਕਰਵਾਉਂਦੇ ਹਨ। ਹੁਣ ਇਹ ਮਸਲਾ ਉਹਨਾਂ ਦੇ ਰੋਜ਼ਗਾਰ ਦਾ ਮਸਲਾ ਵੀ ਬਣ ਗਿਆ ਹੈ। ਛੋਟੇ ਬੱਚੇ, ਜਿਹੜੇ ਰੱਬ ਦਾ ਰੂਪ ਕਹਾਉਂਦੇ ਹਨ ਤੇ ਬੜੇ ਕੋਮਲ ਹੁੰਦੇ ਹਨ ਉਹਨਾਂ ਨੂੰ ਬਲੈਕ ਬੋਰਡਾਂ ਰਾਹੀਂ ਸਿੱਖਿਆ ਦੇਣ ਦੀ ਥਾਂ ਛੋਟੀ ਜਿਹੀ ਸਕਰੀਨ ਵਾਲੇ ਮੋਬਾਇਲ ਫੋਨ ’ਤੇ ਕੇਂਦਰਿਤ ਕਰ ਦੇਣਾ ਉਹਨਾਂ ਦੀਆਂ ਬਾਲ ਭਾਵਨਾਵਾਂ ਨਾਲ ਖਿਲਵਾੜ ਦੇ ਤੁੱਲ ਹੈ। ਛੋਟੇ ਬੱਚਿਆਂ ਲਈ ਐਲ਼ ਈ. ਡੀ ਸਾਈਜ਼ ਵਾਲੀਆਂ ਸਕਰੀਨਾਂ ਹੋਣ ਜਿਨ੍ਹਾਂ ਨਾਲ ਉਹਨਾਂ ਨੂੰ ਨੀਝ ਨਾ ਲਾਉਣੀ ਪਵੇ ਤਾਂ ਕੁਝ ਹੱਦ ਤਕ ਕੰਮ ਸਰ ਸਕਦਾ ਹੈ। ਪਰ ਮਾਪਿਆਂ ਲਈ ਇਹ ਨਵਾਂ ਬੋਝ ਹੋਰ ਮੁਸ਼ਕਲਾਂ ਪੈਦਾ ਕਰੇਗਾ। ਮੋਬਾਇਲ ਦੀ ਸਕਰੀਨ ਰਾਹੀਂ ਬੱਚਿਆਂ ਦੀ ਨਜ਼ਰ ਉੱਪਰ ਵੀ ਮਾੜਾ ਅਸਰ ਪੈਂਦਾ ਹੈ ਤੇ ਉਹਨਾਂ ਉੱਪਰ ਦਿਮਾਗੀ ਬੋਝ ਵੀ ਵਧਦਾ ਹੈ।
ਕਰੋਨਾ-ਕਾਲ ਦੀ ਆਫਤ ਤਾਂ ਅਜੇ ਥੰਮ੍ਹਦੀ ਨਜ਼ਰ ਨਹੀਂ ਆਉਂਦੀ। ਨੰਨੇ ਬੱਚਿਆਂ ਦਾ ਦੂਸਰਾ ਸਾਲ ਵੀ ਕਰੋਨਾ ਦੇ ਲੇਖੇ ਲਗਦਾ ਨਜ਼ਰ ਆ ਰਿਹਾ ਹੈ। ਕਾਸ਼! ਇਹ ਆਫਤ ਮਨੁੱਖਤਾ ਨੂੰ ਜਲਦ ਨਿਜ਼ਾਤ ਦੇਵੇ ਅਤੇ ਬੰਦ ਹੋਏ ਅਦਾਰਿਆਂ ਦੇ ਨਾਲ ਨਾਲ ਬੱਚਿਆਂ ਦੇ ਸਕੂਲ ਵੀ ਮੁੜ ਖੁੱਲ੍ਹ ਸਕਣ। ਬੱਚੇ ਜੋ ਮਨ ਦੇ ਸੱਚੇ ਹੁੰਦੇ ਹਨ ਆਲੇ-ਦੁਆਲੇ ਦੀਆਂ ਚੀਜ਼ਾਂ ਤੋਂ ਬਹੁਤ ਜਲਦੀ ਸਿੱਖਦੇ ਅਤੇ ਪ੍ਰਭਾਵਤ ਹੁੰਦੇ ਹਨ, ਉਹਨਾਂ ਦਾ ਮਨ ਕੋਰੀ ਸਲੇਟ ਵਰਗਾ ਹੁੰਦਾ ਹੈ। ਜਿਹੜੇ ਪਾਸੇ ਲਾਉਗੇ, ਉਸੇ ਪਾਸੇ ਲੱਗ ਜਾਵੇਗਾ। ਜ਼ਰੂਰੀ ਹੈ ਉਹਨਾਂ ਨੂੰ ਮੋਬਾਇਲ ਫੋਨਾਂ ਦੀ ਜ਼ਿਆਦਾ ਵਰਤੋਂ ਅਤੇ ਉਹਨਾਂ ਦੇ ਸਰੀਰ ਦੇ ਭਿੰਨ ਭਿੰਨ ਅੰਗਾਂ ਉੱਪਰ ਦੁਰ-ਪ੍ਰਭਾਵ ਬਾਰੇ ਵੀ ਆਨ-ਲਾਈਨ ਪੜ੍ਹਾਉਣ ਵਾਲੇ ਅਧਿਆਪਕ ਜ਼ਰੂਰ ਦੱਸਣ। ਇਹ ਬੱਚੇ ਹੀ ਦੇਸ਼ ਦਾ ਅਸਲੀ ਧਨ ਅਤੇ ਭਵਿੱਖ ਦੇ ਵਾਰਸ ਹਨ। ਭਵਿੱਖ ਦੇ ਵਾਰਸਾਂ ਨੂੰ ਚੁਸਤ, ਫੁਰਤੀਲੇ, ਮਜ਼ਬੂਤ ਅਤੇ ਬੁੱਧੀਮਾਨ ਹੋਣ ਦੇ ਨਾਲ ਨਾਲ ਆਧੁਨਿਕ ਤਕਨੀਕ ਦੇ ਗੁਣਾਂ ਔਗੁਣਾਂ ਦੀ ਵੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਦੁਰਾਚਾਰੀ ਤੋਂ ਬਚਣਾ, ਨੈਤਿਕ ਕਦਰਾਂ ਕੀਮਤਾਂ ਦਾ ਗਿਆਨ ਪ੍ਰਦਾਨ ਕਰਨਾ ਜਿੱਥੇ ਮਾਪਿਆਂ ਦੀ ਜ਼ਿੰਮੇਵਾਰੀ ਹੈ, ਉੱਥੇ ਅਧਿਆਪਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਬੱਚੇ ਦੇ ਚੌਤਰਫਾ ਮਾਨਸਿਕ ਵਿਕਾਸ ਨੂੰ ਵੀ ਧਿਆਨ ਵਿੱਚ ਰੱਖਣ। ਮਸੂਮ ਬੱਚਿਆਂ ਉੱਪਰ ਵਾਧੂ ਕਿਤਾਬੀ ਬੋਝ ਠੋਸਣ ਦੀ ਬਜਾਏ ਉਹਨਾਂ ਨੂੰ ਤਸਵੀਰਾਂ ਅਤੇ ਕਹਾਣੀਆਂ ਰਾਹੀਂ ਵੀ ਬਹੁਤ ਕੁਝ ਪੜ੍ਹਾਇਆ ਜਾ ਸਕਦਾ ਹੈ।
ਉਂਜ ਤਾਂ ਅੱਜਕੱਲ ਸਾਰੇ ਦੇਸ਼ ਡਿਜੀਟਲ ਹੋ ਰਹੇ ਹਨ। ਸਾਡੇ ਪ੍ਰਧਾਨ ਮੰਤਰੀ ਵੀ ਡਿਜੀਟਲ ਇੰਡੀਆ ਦਾ ਅਕਸਰ ਜ਼ਿਕਰ ਕਰਦੇ ਰਹਿੰਦੇ ਹਨ ਪਰ ਡਿਜੀਟਲ ਕੇਵਲ ਗੱਲਾਂ ਨਾਲ ਹੀ ਨਹੀਂ ਬਣਿਆ ਜਾ ਸਕਦਾ। ਇਸ ਆਧੁਨਿਕ ਤਕਨੀਕ ਲਈ ਉੱਚ ਪੱਧਰ ਦੀ ਸਿੱਖਿਆ ਅਤੇ ਤਕਨੀਕੀ ਸਾਜ਼ੋ-ਸਾਮਾਨ ਦੀ ਵੀ ਲੋੜ ਹੈ। ਸਾਡਾ ਦੇਸ਼ ਤਾਂ ਹਾਲੇ ਖਾਧ ਸਮੱਸਿਆ ਅਤੇ ਅਨਪੜ੍ਹਤਾ ਨਾਲ ਹੀ ਜੂਝ ਰਿਹਾ ਹੈ। ਕਰੋਨਾ ਕਾਲ ਦੌਰਾਨ ਲੋਕਾਂ ਨੇ ਸਾਡੇ ਦੇਸ਼ ਵਿੱਚ ਸੜਕਾਂ ਉੱਪਰ ਮਰੀਜ਼ ਮਰਦੇ ਵੇਖੇ ਹਨ। ਸਸਕਾਰ ਦੀ ਬਜਾਏ ਮਨੁੱਖੀ ਲਾਸ਼ਾਂ ਦਾ ਦਰਿਆਵਾਂ ਵਿੱਚ ਰੁੜ੍ਹਨਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਡਿਜੀਟਲ ਬਣਨ ਲਈ ਪਹਿਲਾਂ ਉਸਦੇ ਹਾਣ ਦਾ ਬਣਨਾ ਵੀ ਜ਼ਰੂਰੀ ਹੈ। ਉਂਜ ਆਨ ਲਾਈਨ ਸਿੱਖਿਆ ਵੀ ਸਮੇਂ ਦੀ ਮੁੱਖ ਲੋੜ ਬਣ ਕੇ ਉੱਭਰ ਰਹੀ ਹੈ। ਵਿਅਕਤੀ ਵਿਸ਼ੇਸ਼ ਦੀ ਪ੍ਰਤਿਭਾ ਨਿਖਾਰਨ ਵਿੱਚ ਇਹ ਸਹਾਇਕ ਹੋ ਸਕਦੀ ਹੈ। ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ਵੀ ਹੁਣ ਤਾਂ ਵੱਖ ਵੱਖ ਯੂਨੀਵਰਸਿਟੀਆਂ ਕੋਲੋਂ 40 ਅਤੇ 60 ਦੇ ਅਨੁਪਾਤ ਵਿੱਚ ਆਨ ਲਾਈਨ ਅਤੇ ਫਿਜ਼ੀਕਲ ਸਿੱਖਿਆ ਸਬੰਧੀ ਰਾਇ ਮੰਗਣੀ ਸ਼ੁਰੂ ਕਰ ਦਿੱਤੀ ਹੈ। ਆਨ-ਲਾਈਨ ਸਿੱਖਿਆ ਜ਼ਰੂਰ ਵਿਕਸਤ ਹੋਣੀ ਚਾਹੀਦੀ ਹੈ ਪਰ ਛੋਟੇ ਬੱਚਿਆਂ ਦੀ ਮਾਨਸਿਕਤਾ ਨੂੰ ਵੀ ਜ਼ਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਨਾਲ ਦੀ ਨਾਲ ਇਸਦੇ ਦੁਰ-ਪ੍ਰਭਾਵਾਂ ਤੋਂ ਬਚਣਾ ਵੀ ਧਿਆਨ ਗੋਚਰੇ ਰਹਿਣਾ ਚਾਹੀਦਾ ਹੈ। ਬਾਲਗਾਂ ਲਈ ਇਹ ਵਿਧੀ ਸੋਨੇ ਉੱਤੇ ਸੁਹਾਗਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2822)
(ਸਰੋਕਾਰ ਨਾਲ ਸੰਪਰਕ ਲਈ: