“ਇੰਨੀ ਮਹਿੰਗਾਈ ਵਿੱਚ ਇੰਨੀ ਕੁ ਰਕਮ ਨਾਲ ਪਰਿਵਾਰ ਪਾਲਣੇ ...”
(26 ਅਕਤੂਬਰ 2019)
ਪੰਜਾਬ, ਪੰਜ ਦਰਿਆਵਾਂ ਦੀ ਧਰਤੀ ਤੇ ਵਸਿਆ ਤੇ ਵੱਖ ਵੱਖ ਤਰ੍ਹਾਂ ਦੇ ਹਾਲਾਤ ਨਾਲ ਦੋ ਚਾਰ ਹੁੰਦਾ ਹੋਇਆ ਕਾਬਲ ਕੰਧਾਰ ਦੀਆਂ ਸਰਹੱਦਾਂ ਤੱਕ ਫੈਲਿਆ ਮਹਾਂ ਪੰਜਾਬ, ਜਿਹੜਾ ਅੱਜ ਢਾਈ ਆਬਾਂ ਦਾ ਵੀ ਨਹੀਂ ਰਿਹਾ, ਕਹਾਉਂਦਾ ਅੱਜ ਵੀ ਪੰਜਾਬ ਹੀ ਹੈ। ਪੰਜਾਬ ਜਿਸਦੀ ਕਿਸਮਤ ਨਾਲ ਸ਼ੁਰੂ ਵਿੱਚ ਹੀ ਇੱਕ ਮੁਹਾਵਰਾ ਐਸਾ ਜੁੜ ਗਿਆ, “ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ।” ਇਸ ਮੁਹਾਵਰੇ ਨੇ ਪੰਜਾਬ ਦਾ ਸਾਥ ਨਹੀਂ ਛੱਡਿਆ? ਇਸ ਨੇ ਰਜਵਾੜਿਆਂ ਦੇ ਰਾਜ ਵੀ ਵੇਖੇ ਤੇ ਹਮਲਾਵਰਾਂ ਦੇ ਦਰਦ ਵੀ ਹੰਢਾਏ। ਅੰਗਰੇਜਾਂ ਦੀ ਗੁਲਾਮੀ ਵੀ ਵੇਖੀ ਤੇ ਫਿਰ ਅਜਾਦੀ ਦੀ ਜੰਗ ਵਿੱਚ ਵੀ ਕੁੱਦਿਆ ਇਹ ਪੰਜਾਬ। ਛੋਟਾ ਭੂਗੋਲਿਕ ਖਿੱਤਾ ਹੁੰਦੇ ਹੋਏ ਵੀ ਸਭ ਤੋਂ ਵੱਧ ਕੁਰਬਾਨੀ ਪੰਜਾਬ ਦੇ ਹਿੱਸੇ ਆਈ ਪਰ ਜਦੋਂ ਵੀ ਕਦੇ ਖੀਰ ਛਕਣ ਦਾ ਵੇਲਾ ਆਇਆ ਪੰਜਾਬ ਫਾਡੀ ਰਹਿ ਗਿਆ, ਇਹਦੀ ਵਾਰੀ ਪਤੀਲਾ ਖੜਕਣ ਦੀ ਨੌਬਤ ਆ ਜਾਂਦੀ ਰਹੀ। ਕਦੇ ਇਸਨੂੰ ਮਦਰ ਦੇਸ਼ ਦੇ ਨਾਮ ਨਾਲ ਜਾਣਿਆ ਗਿਆ ਤੇ ਕਦੇ ਸਪਤ ਸਿੰਧੂ ਵੀ ਕਿਹਾ ਗਿਆ। ਦਸ ਸਿੱਖ ਗੁਰੂਆਂ ਨੇ ਇੱਥੇ ਲੋਕਾਂ ਨੂੰ ਮਾਨਵਤਾ ਦੇ ਸਹੀ ਅਰਥਾਂ ਤੋਂ ਜਾਣੂ ਕਰਵਾਇਆ। ਉਹਨਾਂ ਨੇੂੰ ਲਗਨ ਨਾਲ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੀ ਨਸੀਹਤ ਵੀ ਦਿੱਤੀ। ਜੁਲਮ ਕਰਨ ਤੇ ਸਹਿਣ ਤੋਂ ਵਰਜਿਆ। ਜੀਉ ਤੇ ਜੀਊਣ ਦਿਉ ਦੀ ਧਾਰਨਾ ਅਪਨਾਉਣ ਦੀ ਨਸੀਹਤ ਦਿੱਤੀ।
ਹਾਕਮਾਂ ਦੀ ਗੱਲ ਕਰੀਏ ਤਾਂ ਇਹਦੇ ਰਾਜਭਾਗ ਦੀਆਂ ਹੱਦਾਂ ਫੈਲਾਉਣ ਵਾਲੇ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਸੁਨਹਿਰੀ ਅੱਖਰਾਂ ਵਿੱਚ ਚਮਕਦਾ ਹੈ। ਉਸਨੇ ਅਨਪੜ੍ਹ ਹੁੰਦੇ ਹੋਏ ਵੀ ਜਿੰਨੀ ਸਿਆਣਪ ਅਤੇ ਯੋਗਤਾ ਨਾਲ ਰਾਜ ਪ੍ਰਬੰਧ ਚਲਾਇਆ, ਅੱਜ ਕੱਲ੍ਹ ਦੇ ਪੜ੍ਹੇ ਲਿਖੇ ਤੇ ਯੋਗ ਕਹਾਉਂਦੇ ਹੋਏ ਵੀ ਨਹੀਂ ਚਲਾ ਸਕੇ। ਭਾਵੇਂ ਉਦੋਂ ਅਬਾਦੀ ਘੱਟ ਹੁੰਦੀ ਸੀ ਪਰ ਸਾਧਨ ਵੀ ਵਿਕਸਤ ਨਹੀਂ ਸਨ ਤਾਂ ਵੀ ਉਹ ਭੇਸ ਬਦਲ ਕੇ ਰਾਤ ਬਰਾਤੇ ਆਪਣੀ ਪਰਜਾ ਦੀ ਹਾਲਤ ਖੁਦ ਵੇਖਦਾ ਸੀ। ਨਾ ਉਸਦੇ ਰਾਜ ਵਿੱਚ ਕੋਈ ਭੁੱਖਾ ਸੌਂਦਾ ਸੀ ਤੇ ਨਾ ਹੀ ਕਦੇ ਕਿਸੇ ਨੂੰ ਮੌਤ ਦੀ ਸਜ਼ਾ ਹੀ ਹੋਈ ਸੀ। ਇਹ ਨਹੀਂ ਕਿ ਉਦੋਂ ਜੁਰਮ ਜਾਂ ਚੋਰੀ ਵਗੈਰਾ ਨਹੀਂ ਸੀ ਹੁੰਦੀ ਪਰ ਇਨਸਾਫ ਕਰਦਿਆਂ ਵਿਤਕਰਾ ਨਹੀਂ ਸੀ ਹੁੰਦਾ। ਧਰਮਾਂ, ਮਜਹਬਾਂ ਜਾਤਾਂ ਦੇ ਬਖੇੜੇ ਅੱਜ ਵਰਗੇ ਖੂੰਖਾਰ ਨਹੀਂ ਸਨ। ਹਿੰਦੂ, ਮੁਸਲਿਮ, ਸਿੱਖ ਸਭ ਇੱਕ ਭਾਈਚਾਰੇ ਵਾਂਗ ਰਹਿੰਦੇ ਸਨ। ਜੇ ਮਹਾਰਾਜੇ ਨੇ ਗਲਤੀ ਕੀਤੀ ਤਾਂ ਸਜਾ ਵੀ ਭੁਗਤੀ। ਪੰਜਾਹ ਸਾਲ ਦਾ ਲੰਬਾ ਅਰਸਾ ਸਫਲ ਸ਼ਾਸਨ ਚਲਾਉਣ ਵਾਲਾ ਉਹ ਮਹਾਰਾਜਾ ਜਿਸ ਤੋਂ ਅੰਗਰੇਜ ਵੀ ਭੈ ਖਾਂਦੇ ਰਹੇ, ਪੰਜਾਬ ਨੂੰ ਆਪਣਾ ਵਾਰਸ ਦੇਣ ਵਿੱਚ ਅਸਫਲ ਹੋ ਗਿਆ। ਉਸਦੇ ਅੱਖਾਂ ਮੀਟਦੇ ਹੀ ਘੁੱਗ ਵਸਦਾ ਵਿਸ਼ਾਲ ਪੰਜਾਬ ਖੇਰੂੰ ਖੇਰੂੰ ਹੋ ਗਿਆ ਤੇ ਅੰਗਰੇਜਾਂ ਦੀ ਸਲਤਨਤ ਦਾ ਹਿੱਸਾ ਬਣ ਗਿਆ।
ਪਹਿਲਾਂ ਅਬਦਾਲੀ ਤੇ ਗੌਰੀ ਇਸ ਪੰਜਾਬ ਥਾਣੀ ਲੰਘ ਕੇ ਦੇਸ਼ ਦੇ ਮੰਦਰਾਂ ਵਿੱਚੋਂ ਧਨ ਮਾਲ ਲੁੱਟਦੇ ਰਹੇ ਤੇ ਫਿਰ ਅੰਗਰੇਜਾਂ ਨੇ ਇਸ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਅਜਾਦੀ ਦੀ ਪਹਿਲੀ ਜੰਗ 1857 ਦੀ ਕ੍ਰਾਂਤੀ ਫੇਲ ਹੋਣ ਤੋਂ ਬਾਦ ਜਦੋਂ ਦੇਸ਼ ਭਗਤ ਹੌਲੀ ਹੌਲੀ ਇਕੱਠੇ ਹੋਣੇ ਸ਼ੁਰੂ ਹੋਏ ਤਾਂ 1919 ਵਿੱਚ ਜਲ੍ਹਿਆਂਵਾਲੇ ਬਾਗ ਦਾ ਸਾਕਾ ਵੀ ਪੰਜਾਬ ਦੀ ਹਿੱਕ ਉੱਤੇ ਹੀ ਵਾਪਰਿਆ। ਜੇ ਅਣਥੱਕ ਕੁਰਬਾਨੀਆਂ ਸਦਕਾ ਅਜਾਦੀ ਦਾ ਨਿੱਘ ਵੇਖਣ ਅਤੇ ਮਹਿਸੂਸ ਕਰਨ ਦਾ ਸਮਾਂ ਆਇਆ ਤਾਂ ਵਕਤ ਦਾ ਕੁਹਾੜਾ ਫਿਰ ਪੰਜਾਬ ਦੇ ਹੀ ਸਿਰ ਵੱਜਾ। ਪੰਜਾਬ ਦੇ ਦੋ ਟੋਟੇ ਕਰ ਦਿੱਤੇ। ਅਬਾਦੀਆਂ ਦੀ ਅਦਲਾ ਬਦਲੀ, ਲੁੱਟ ਖੋਹ ਦਾ ਸੰਤਾਪ ਫਿਰ ਪੰਜਾਬ ਨੂੰ ਭੁਗਤਣਾ ਪਿਆ। ਮਹਾ ਪੰਜਾਬ ਨੂੰ ਲਹੂ ਲੁਹਾਨ ਕਰਕੇ ਪੂਰਬੀ ਅਤੇ ਪੱਛਮੀ, ਦੋ ਪੰਜਾਬ ਬਣਾ ਦਿੱਤੇ ਗਏ। ਪੰਜ ਆਬ ਮਤਲਬ ਪੰਜ ਦਰਿਆਵਾਂ ਦਾ ਪਾਣੀ, ਸਤਲੁਜ, ਬਿਆਸ, ਰਾਵੀ, ਜਿਹਲਮ ਅਤੇ ਚਨਾਬ ਦਰਿਆਵਾਂ ਦੇ ਸਮੂਹ ਕਾਰਨ ਹੀ ਤਾਂ ਇਸਨੂੰ ਪੰਜਾਬ ਕਿਹਾ ਜਾਂਦਾ ਸੀ। ਅਜਾਦੀ ਦੀ ਕੀਮਤ ਇਸ ਖਿੱਤੇ ਦੇ ਦਸ ਲੱਖ ਤੋਂ ਵੀ ਵਧ ਲੋਕਾਂ ਨੂੰ ਆਪਣੀ ਸ਼ਹਾਦਤ ਦੇ ਕੇ ਤਾਰਨੀ ਪਈ ਜਿਨ੍ਹਾਂ ਦਾ ਜ਼ਿਕਰ ਕਦੇ ਵੀ ਸੱਤਾ ਉੱਤੇ ਕਾਬਜ਼ ਲੋਕਾਂ ਦੇ ਚੇਤਿਆਂ ਵਿੱਚ ਨਹੀਂ ਆਇਆ।
ਅਜਾਦ ਦੇਸ਼, ਅਜਾਦ ਸੰਵਿਧਾਨ ਤੇ ਆਪਣੀ ਲੋਕਤੰਤਰੀ ਸਰਕਾਰ ਬਣੀ। ਫਿਰ ਭਾਸ਼ਾ ਦੇ ਅਧਾਰ ’ਤੇ ਸੂਬਿਆਂ ਦੀ ਵੰਡ ਦੀ ਚਰਚਾ ਚੱਲ ਪਈ। ਸੰਨ 1966 ਵਿੱਚ ਪੰਜਾਬ ਉੱਤੇ ਫਿਰ ਵੰਡ ਦੀ ਤਲਵਾਰ ਚੱਲੀ। ਇਸ ਵਿੱਚੋਂ ਹਰਿਆਣਾ ਅਤੇ ਹਿਮਾਚਲ ਕੱਢ ਕੇ, ਕਦੇ 36 ਜਿਲ੍ਹਿਆਂ ਵਾਲੇ ਪੰਜਾਬ ਦੇ ਪੱਲੇ 11 ਜ਼ਿਲ੍ਹੇ ਛੱਡ ਕੇ ਇੱਕ ਛੋਟੀ ਜਿਹੀ ਪੰਜਾਬੀ ਸੂਬੀ ਬਣਾ ਦਿੱਤੀ ਗਈ ਜਿਸ ਵਿੱਚੋਂ ਬਹੁਤੇ ਪੰਜਾਬੀ ਬੋਲਦੇ ਇਲਾਕੇ ਹਰਿਆਣੇ ਵਿੱਚ ਰਹਿ ਗਏ। ਮੌਜੂਦਾ ਪੰਜਾਬ ਦੇ ਕੋਲ ਨਾ ਪੰਜ ਪਾਣੀ ਰਹੇ ਨਾ ਉਹ ਧਰਤੀ ਰਹੀ, ਬੱਸ ਬਚਿਆ ਤਾਂ ਪੰਜਾਬ ਨਾਮ ਹੀ ਬਚਿਆ ਹੈ। ਸ. ਲਛਮਣ ਸਿੰਘ ਗਿੱਲ, ਮੁੱਖਮੰਤਰੀ ਦੇ ਯਤਨਾਂ ਸਦਕਾ ਪੰਜਾਬ ਨੂੰ ਪੰਜਾਬੀ ਮਾਂ ਬੋਲੀ ਸਰਕਾਰੀ ਬੋਲੀ ਬਣਾਉਣ ਦਾ ਮਾਣ ਜਰੂਰ ਪ੍ਰਾਪਤ ਹੋ ਗਿਆ ਹੈ ਜਿਸ ਉੱਤੇ ਕੋਈ ਨਾ ਕੋਈ ਹਮਲਾ ਅਜੇ ਵੀ ਹੁੰਦਾ ਰਹਿੰਦਾ ਹੈ। ਬਾਕੀ ਜਿੰਨੀਆਂ ਵੀ ਸਰਕਾਰਾਂ ਪੰਜਾਬ ਵਿੱਚ ਬਣੀਆਂ ਹਨ, ਭਾਵੇਂ ਉਹ ਰਾਜ ਨਹੀਂ ਸੇਵਾ ਵਰਗੇ ਨਾਅਰੇ ਤਾਂ ਲਗਾਉਂਦੀਆਂ ਰਹੀਆਂ ਹਨ ਪਰ ਪੰਜਾਬ ਦੀ ਖੁਸ਼ਹਾਲੀ, ਬਿਹਤਰੀ ਜਾਂ ਇਨਸਾਫ ਲਈ ਕਮਿਸ਼ਨ ਬਿਠਾਉਣ ਤੇ ਲਾਰੇ ਲੱਪੇ ਲਾਉਣ ਤੋਂ ਸਿਵਾ ਕਿਸੇ ਨੇ ਵੀ ਪੰਜਾਬ ਦੀ ਬਾਂਹ ਨਹੀਂ ਫੜੀ।
1980 ਤੋਂ 1990 ਤੱਕ ਦਾ ਦਹਾਕਾ ਪੰਜਾਬ ਲਈ ਘੋਰ ਸਰਾਪਿਆ ਸਮਾਂ ਸੀ। ਕਤਲੋਗਾਰਤ, ਲੁੱਟਖੋਹਾਂ ਤੇ ਫਿਰ ਅਪਰੇਸ਼ਨ ਨੀਲਾ ਤਾਰਾ, ਬਲੈਕ ਥੰਡਰ ਅਜਿਹਾ ਸਮਾਂ ਸੀ ਜਿਸਦਾ ਅਹਿਸਾਸ ਹਰੇਕ ਪੰਜਾਬੀ ਦੇ ਲੂੰ ਕੰਡੇ ਖੜ੍ਹੇ ਕਰਵਾ ਦਿੰਦਾ ਹੈ। ਇਸ ਅਰਸੇ ਦੌਰਾਨ ਵੀ ਪੰਜਾਬ ਦਾ ਅਥਾਹ ਜਾਨੀ-ਮਾਲੀ ਅਤੇ ਆਰਥਿਕ ਨੁਕਸਾਨ ਹੋਇਆ। ਖੁਸ਼ੀਆਂ ਖੇੜਿਆਂ ਅਤੇ ਚਹਿਲ ਪਹਿਲ ਵਿੱਚ ਦੇਸ਼ ਦੇ ਇੱਕ ਨੰਬਰ ਤੇ ਰਹਿਣ ਵਾਲੇ ਸੂਬੇ ਨੂੰ ਕਿਸੇ ਚੰਦਰੇ ਦੀ ਐਸੀ ਨਜ਼ਰ ਲੱਗੀ ਜਿਹੜੀ ਅਜੇ ਤੱਕ ਵੀ ਪਿੱਛਾ ਨਹੀਂ ਛੱਡ ਰਹੀ। ਸਤਲੁਜ-ਯਮਨਾ ਲਿੰਕ ਨਹਿਰ ਦਾ ਮੁੱਦਾ ਜਿਹੜਾ ਕਾਫੀ ਦੇਰ ਤੋਂ ਠੰਢਾ ਪਿਆ ਸੀ, ਹੁਣ ਫਿਰ ਚਰਚਾ ਵਿੱਚ ਹੈ। ਮਾਮਲਾ ਮਾਨਯੋਗ ਅਦਾਲਤ ਵਿੱਚ ਹੈ ਤੇ ਉਸਨੇ ਦੋਹਾਂ ਪ੍ਰਾਂਤਾਂ ਨੂੰ ਆਮ ਸਹਿਮਤੀ ਨਾਲ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਪਾਣੀ ਹੁਣ ਬਹੁਤ ਵੱਡਾ ਮੁੱਦਾ ਬਣ ਕੇ ਉੱਭਰਨ ਵਾਲਾ ਹੈ। ਪੰਜਾਬ ਦੇ ਕਿਸਾਨਾਂ ਨੇ ਟਿਊਬਵੈਲਾਂ ਰਾਹੀਂ ਬਹੁਤ ਸਾਰਾ ਧਰਤੀ ਹੇਠਲਾ ਪਾਣੀ ਸਿੰਚਾਈ ਲਈ ਖਿੱਚ ਲਿਆ ਹੈ। ਹੁਣ ਪਾਣੀ ਬਹੁਤ ਡੂੰਘਾ ਤਾਂ ਹੋਇਆ ਹੀ ਹੈ ਉਂਜ ਵੀ ਪੀਣ ਵਾਲੇ ਪਾਣੀ ਦੀ ਬਹੁਤ ਕਮੀ ਹੋ ਗਈ ਹੈ। ਜਹਿਰੀਲੀਆਂ ਕੀੜੇਮਾਰ ਤੇ ਨਦੀਨ ਨਾਸ਼ਕ ਦਵਾਈਆਂ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਕਾਰਨ ਪਾਣੀ ਬਹੁਤ ਹੱਦ ਤੱਕ ਦੂਸ਼ਤ ਵੀ ਹੋ ਗਿਆ ਹੈ। ਪੰਜਾਬ ਦੀ ਭੂਮੀ ਦਾ ਜਰਖੇਜ਼ਪੁਣਾ ਇਨ੍ਹਾਂ ਦਵਾਈਆ ਅਤੇ ਰਸਾਇਣਾਂ ਨੇ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਬੀਮਾਰੀਆਂ ਲਗਾਤਾਰ ਵਧ ਰਹੀਆਂ ਹਨ। ਜੇ ਕਿਸਾਨ ਅਤੇ ਸਰਕਾਰ ਸੁਚੇਤ ਨਾ ਹੋਏ ਤਾਂ ਨਤੀਜੇ ਬਹੁਤ ਭਿਆਨਕ ਨਿਕਲਣਗੇ।
ਜੇ ਕਿਧਰੇ ਪੰਜਾਬ ਨੂੰ ਕੁਝ ਰਾਹਤ ਮਹਿਸੂਸ ਹੋਣ ਲਗਦੀ ਹੈ ਤਾਂ ਕੋਈ ਨਾ ਕੋਈ ਹੋਰ ਮੁਸੀਬਤ ਆਣ ਖੜ੍ਹੀ ਹੁੰਦੀ ਹੈ। ਪਿਛਲੇ ਅਰਸੇ ਦੌਰਾਨ ਨਸ਼ਿਆਂ ਅਤੇ ਖੁਦਕੁਸ਼ੀਆਂ ਦੇ ਰੁਝਾਨ ਨੇ ਪੰਜਾਬ ਨੂੰ ਫਿਰ ਆਣ ਘੇਰਿਆ ਸੀ। ਚਾਦਰ ਵੇਖ ਕੇ ਪੈਰ ਨਾ ਪਸਾਰਨ ਕਰਕੇ ਤੇ ਇੱਕ ਦੂਜੇ ਦੀ ਰੀਸੇ ਅਨ-ਉਤਪਾਦਿਕ ਕੰਮਾਂ ਉੱਤੇ ਵਿਤੋਂ ਵੱਧ ਖਰਚੇ ਕਰਕੇ ਕਿਸਾਨਾਂ ਨੇ ਆਪਣੇ ਕਰਜ਼ਿਆਂ ਦਾ ਬੋਝ ਬਹੁਤ ਵਧਾ ਲਿਆ ਸੀ। ਖੇਤੀ ਦੀਆਂ ਲਾਗਤਾਂ ਵਿੱਚ ਵਾਧਾ ਹੋਣ ਕਰਕੇ ਛੋਟੇ ਤੇ ਦਰਮਿਆਨੇ ਪੱਧਰ ਦੀ ਖੇਤੀ ਵੀ ਹੁਣ ਲਾਹੇਵੰਦੀ ਨਹੀਂ ਰਹੀ। ਇੰਜ ਮਾਯੂਸੀ ਦੀ ਹਾਲਤ ਵਿੱਚ ਤੇ ਕਈ ਹੋਰ ਕਾਰਨਾਂ ਕਰਕੇ ਵੀ ਲੋਕ ਇਨ੍ਹਾਂ ਦੁਰਘਟਨਾਵਾਂ ਦਾ ਸ਼ਿਕਾਰ ਹੋਏ ਹਨ ਜੋ ਨਹੀਂ ਸੀ ਹੋਣੇ ਚਾਹੀਦੇ। ਅੱਜਕੱਲ ਰਾਜਨੀਤਕ ਪਾਰਟੀਆਂ ਨੇ ਨਵਾਂ ਹੀ ਰੁਝਾਨ ਪੈਦਾ ਕਰ ਦਿੱਤਾ ਹੈ। ਵੋਟ ਦੀ ਰਾਜਨੀਤੀ ਨਾਲ ਸੱਤਾ ਹਥਿਆਉਣ ਲਈ ਉਹ ਕਈ ਤਰ੍ਹਾਂ ਦੇ ਉਦਯੋਗਿਕ ਤੇ ਕਿਸਾਨੀ ਕਰਜ਼ੇ ਮੁਆਫ ਕਰਨ ਦੇ ਲਾਰੇ ਅਕਸਰ ਚੋਣਾਂ ਦੌਰਾਨ ਲਾ ਦੇਂਦੇ ਹਨ। ਇੰਜ ਲੋਕ ਖੁੱਲ੍ਹੇ ਕਰਜੇ ਲੈ ਲੈਂਦੇ ਹਨ ਤੇ ਵਰਤੋਂ ਵੀ ਸੰਕੋਚ ਨਾਲ ਨਹੀਂ ਕਰਦੇ। ਵੱਡੇ ਵੱਡੇ ਕਈ ਇੰਡਸਟਰੀਅਲਿਸਟ ਮੋਟੇ ਕਰਜ਼ੇ ਲੈ ਕੇ ਭਗੌੜੇ ਹੋ ਗਏ ਹਨ। ਬੈਂਕਾਂ ਦਾ ਮੰਦਾ ਹਾਲ ਹੋਣਾ ਸ਼ੁਰੂ ਹੋ ਗਿਆ ਹੈ। ਉਦਯੋਗਾਂ ਵਾਲਿਆਂ ਨਾਲ ਉਹ ਵਰਤਾਵ ਨਹੀਂ ਹੁੰਦਾ ਜੋ ਕਿਸਾਨਾਂ ਨਾਲ ਹੋਣ ਲੱਗ ਜਾਂਦਾ ਹੈ।
ਪ੍ਰਵਾਸ ਕਰਕੇ ਦੂਜੇ ਦੇਸ਼ਾਂ ਵਿੱਚ ਜਾ ਵਸਣਾ ਕਦੇ ਬਹੁਤ ਮਾੜਾ ਸਮਝਿਆ ਜਾਂਦਾ ਸੀ। ਪਰ ਜੋ ਲੋਕ ਦੂਜੇ ਵਿਕਸਤ ਦੇਸ਼ਾਂ ਵਿੱਚ ਜਾ ਕੇ ਖੁਸ਼ਹਾਲੀ ਦੀ ਜ਼ਿੰਦਗੀ ਜੀਅ ਰਹੇ ਹਨ, ਉਹਨਾਂ ਵੱਲ ਵੇਖ ਪ੍ਰਵਾਸ ਦੀ ਗਤੀ ਤੇਜ਼ ਹੋ ਗਈ ਸੀ। ਪਰ ਅੱਜਕੱਲ ਦੇਸ਼ ਦਾ ਨੌਜਵਾਨ ਵਰਗ ਨਿਰਾਸ਼ਾ ਦੇ ਆਲਮ ਵਿੱਚੋਂ ਦੀ ਗੁਜ਼ਰ ਰਿਹਾ ਹੈ, ਕਿਉਂਕਿ ਇੱਥੇ ਪੜ੍ਹ ਲਿਖ ਕੇ ਵੀ ਨੌਕਰੀ ਨਹੀਂ ਮਿਲਦੀ ਅਤੇ ਨਾ ਹੀ ਸਰਕਾਰ ਸੰਜੀਦਗੀ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਲਈ ਚਿੰਤਤ ਹੀ ਨਜ਼ਰ ਆਉਂਦੀ ਹੈ। ਸਰਕਾਰਾਂ ਨੇ ਆਪਣੇ ਖਰਚੇ ਬਹੁਤ ਵਧਾ ਲਏ ਹਨ। ਨੌਕਰੀ ਵਾਲੇ ਪਾਸੇ ਤਾਂ ਉਹ ਪੱਕਾ ਰੁਜ਼ਗਾਰ ਦੇਣ ਦੀ ਥਾਂ ਠੇਕੇ ਉੱਤੇ 5-10 ਹਜ਼ਾਰ ਰੁਪਏ ’ਤੇ ਹੀ ਰੁਜ਼ਗਾਰ ਮੁਹੱਈਆ ਕਰਵਾਉਂਦੀ ਹੈ। ਇੰਨੀ ਮਹਿੰਗਾਈ ਵਿੱਚ ਇੰਨੀ ਕੁ ਰਕਮ ਨਾਲ ਪਰਿਵਾਰ ਪਾਲਣੇ ਮੁਸ਼ਕਿਲ ਹਨ, ਇਸ ਲਈ ਮਜਬੂਰ ਹੋ ਕੇ ਨੌਜਵਾਨ ਵਰਗ ਵਿਦੇਸ਼ਾਂ ਨੂੰ ਪ੍ਰਵਾਸ ਕਰ ਰਿਹਾ ਹੈ ਤੇ ਪੰਜਾਬ ਇਸ ਕੰਮ ਵਿੱਚ ਵੀ ਮੋਹਰੀ ਬਣ ਗਿਆ ਹੈ।
ਇਸ ਵਾਰ ਬਰਸਾਤਾਂ ਦੌਰਾਨ ਪੰਜਾਬ ਵਿੱਚ ਬਾਰਸ਼ਾਂ ਤਾਂ ਭਾਵੇਂ ਉੰਨੀਆਂ ਜ਼ਿਆਦਾ ਨਹੀਂ ਹੋਈਆਂ ਪਰ ਭਾਖੜਾ ਡੈਮ ਵਿੱਚੋਂ ਛੱਡੇ ਗਏ ਪਾਣੀ ਦੀ ਮਾਰ ਵੀ ਪੰਜਾਬ ਦੇ ਸਬੰਧਤ ਏਰੀਏ ਦੇ ਲੋਕਾਂ ਉੱਤੇ ਕੁਦਰਤੀ ਕਰੋਪੀ ਵਾਂਗ ਪਈ ਹੈ। ਇਸ ਭਿਆਨਕ ਬਿਪਤਾ ਵਿੱਚ ਵੀ ਸਰਕਾਰ ਦੀ ਬਜਾਏ ਲੋਕਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਹੀ ਮੌਤ ਦੇ ਮੂੰਹ ਪਏ ਲੋਕਾਂ ਦੀ ਸਾਰ ਲਈ ਹੈ, ਸਰਕਾਰੀ ਤੰਤਰ ਨੇ ਤਾਂ ਕਿਸੇ ਦੇ ਪੱਲੇ ਕੁਝ ਨਹੀਂ ਪਾਇਆ।
ਮੁਲਾਜ਼ਮ ਮਹਿੰਗਾਈ ਭੱਤੇ ਅਤੇ ਤਨਖਾਹ ਸਕੇਲ ਲਈ ਤਰਲੇ ਲੈ ਰਹੇ ਹਨ। ਉਹਨਾਂ ਲਈ ਖਜ਼ਾਨਾ ਖਾਲੀ ਹੈ, ਦਾ ਐਲਾਨ ਹੋ ਜਾਂਦਾ ਹੈ ਪਰ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਸਹੂਲਤਾਂ ਕੌੜੀ ਵੇਲ ਵਾਂਗ ਵਧੀ ਜਾਂਦੀਆਂ ਹਨ। ਪੰਜਾਬੀ ਲੋਕਾਂ ਦਾ ਤਾਂ ਬੱਸ ਰੱਬ ਹੀ ਰਾਖਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1784)
(ਸਰੋਕਾਰ ਨਾਲ ਸੰਪਰਕ ਲਈ: