“ਯੂਰੀਆ ਖਾਦ, ਡਿਟਰਜੈਂਟ ਪਾਊਡਰ ਤੇ ਈਜੀ ਵਰਗੇ ਕੈਮੀਕਲ ਵਰਤ ਕੇ ...”
(20 ਜਨਵਰੀ 2020)
ਪੰਜਾਬੀ ਸੱਭਿਆਚਾਰ ਵਿੱਚ ਦੁੱਧ ਅਤੇ ਪੁੱਤ ਬੜੇ ਹੀ ਸੰਜੀਦਾ ਵਿਸ਼ੇ ਹਨ। ਜੇ ਵੰਸ਼ ਚਲਾਉਣ ਲਈ ਪੁੱਤ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਤਾਂ ਸਰੀਰਕ ਤੰਦਰੁਸਤੀ ਤੇ ਤਾਕਤ ਲਈ ਦੁੱਧ ਦੀ ਵੀ ਅਹਿਮ ਥਾਂ ਹੈ। ਇੱਥੋਂ ਤੱਕ ਕਿ ਪੁਰਾਤਨ ਸਮਿਆਂ ਵਿੱਚ ਲੋਕ ਦੁੱਧ ਵੇਚਣ ਤੋਂ ਬਹੁਤ ਗੁਰੇਜ਼ ਕਰਦੇ ਸਨ। ਕੰਮ ਚਲਾਉਣ ਜਾਂ ਡੰਗ ਟਪਾਉਣ ਲਈ ਉਧਾਰ ਦੁੱਧ ਦੇਣ ਦਾ ਤਾਂ ਪ੍ਰਾਵਧਾਨ ਸੀ ਪਰ ਪਿੰਡਾਂ ਥਾਂਵਾਂ ਵਿੱਚ ਲੋਕ ਦੁੱਧ ਨਹੀਂ ਸਨ ਵੇਚਦੇ। ਜੇ ਕੋਈ ਫਿਰ ਵੀ ਪਿੰਡ ਵਾਲਿਆਂ ਤੋਂ ਬਾਹਰਾ ਹੋ ਕੇ ਦੁੱਧ ਵੇਚਦਾ ਸੀ ਤਾਂ ਉਸਦਾ ਬਾਈਕਾਟ ਤੱਕ ਹੋ ਜਾਂਦਾ ਤੇ ਪਿੰਡ ਵਾਲੇ ਉਸ ਨੂੰ ਨਫਰਤ ਨਾਲ ਵੇਖਣ ਲੱਗ ਜਾਂਦੇ ਸਨ। ਵਿਆਹਾਂ ਸ਼ਾਦੀਆਂ ਵੇਲੇ ਲੋੜ ਪੂਰੀ ਕਰਨ ਲਈ ਵੀ ਘਰ ਪ੍ਰਤੀ ਬਾਂਧ ਲਗਾਈ ਹੁੰਦੀ ਸੀ ਤਾਂ ਕਿ ਕਿਸੇ ਨੂੰ ਵੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਸ਼ਹਿਰਾਂ ਵਿੱਚ ਤਾਂ ਭਾਵੇਂ ਵਪਾਰੀਕਰਣ ਕਾਫੀ ਪਹਿਲਾਂ ਆ ਚੁੱਕਾ ਸੀ ਪਰ ਪਿੰਡਾਂ ਵਿੱਚ ਦੁੱਧ ਵੇਚਣਾ ਪੁੱਤ ਵੇਚਣ ਦੇ ਬਰਾਬਰ ਸਮਝਿਆ ਜਾਂਦਾ ਸੀ।
ਵਕਤ ਦੇ ਬਦਲਣ ਨਾਲ ਬੜਾ ਕੁਝ ਬਦਲ ਗਿਆ ਹੈ। ਹੁਣ ਦੁੱਧ ਪਿੰਡਾਂ ਵਿੱਚ ਵੀ ਆਮ ਵਿਕਣ ਲੱਗ ਪਿਆ ਹੈ। ਇੱਥੋਂ ਤੱਕ ਕਿ ਹੁਣ ਇਹ ਰੋਟੀ ਰੋਜ਼ੀ ਦਾ ਸਾਧਨ ਜਾਂ ਫਿਰ ਕਮਾਈ ਦਾ ਵੱਡਾ ਕਿੱਤਾ ਬਣ ਗਿਆ ਹੈ। ਡੇਅਰੀ ਫਾਰਮ ਤੇ ਮਿਲਕਫੈੱਡ ਵਰਗੇ ਅਦਾਰੇ ਹੋਂਦ ਵਿੱਚ ਆ ਗਏ ਹਨ। ਗੱਡੀਆਂ, ਮੋਟਰਾਂ ਤੇ ਹੋਰ ਵੱਖ ਵੱਖ ਸਾਧਨਾਂ ਰਾਹੀਂ ਅੱਜ ਦੁੱਧ ਦੇਸ਼ ਦੇ ਦੂਰ ਦੁਰਾਢੇ ਹਿੱਸਿਆਂ ਵਿੱਚ ਪਹੁੰਚ ਜਾਂਦਾ ਹੈ। ਦੁੱਧ ਦੇ ਨਾਲ ਨਾਲ ਅੱਜਕੱਲ ਲਾਲਚੀ ਲੋਕਾਂ ਨੇ ਪੁੱਤ ਵੀ ਵਿਕਾਊ ਲਾ ਦਿੱਤੇ ਹਨ। ਮਾਲਵਾ ਖਿੱਤਾ ਇਸ ਕੁਰੀਤੀ ਲਈ ਕੁਝ ਜ਼ਿਆਦਾ ਹੀ ਬਦਨਾਮ ਹੋ ਗਿਆ ਹੈ। ਮੁਸ਼ਕਲ ਭਾਂਪ ਕੇ ਸਰਕਾਰ ਨੂੰ ਦਹੇਜ ਪ੍ਰਥਾ ਰੋਕਣ ਲਈ ਕਾਨੂੰਨ ਵੀ ਬਣਾਉਣਾ ਪਿਆ ਹੈ ਪਰ ਲੋਕ ਹਾਲੇ ਵੀ ਚੋਰ ਮੋਰੀਆਂ ਰਾਹੀਂ ਹਵਸ ਪੂਰੀ ਕਰਨ ਲਈ ਪੂਰੀ ਵਾਹ ਲਾਉਂਦੇ ਹਨ। ਅਸਲ ਵਿੱਚ ਕਾਨੂੰਨ ਤਾਂ ਡਰ ਪੈਦਾ ਕਰਨ ਲਈ ਹੁੰਦੇ ਹਨ ਪਰ ਜਿਹੜੇ ਲੋਕ ਡਰ ਅਤੇ ਸ਼ਰਮ ਲਾਹ ਲੈਣ ਉਹਨਾਂ ਉੱਤੇ ਕਾਨੂੰਨਾਂ ਦਾ ਵੀ ਉੰਨਾ ਅਸਰ ਨਹੀਂ ਹੁੰਦਾ।
ਦੁੱਧ ਦੀ ਖਪਤ ਦਿਨ ਬਦਿਨ ਵਧਦੀ ਜਾਂਦੀ ਹੈ ਪਰ ਪੈਦਾਵਾਰ ਉਸ ਅਨੁਪਾਤ ਵਿੱਚ ਨਹੀਂ ਵਧ ਰਹੀ। ਵਾਧੂ ਲੋੜ ਨੇ ਗਲਤ ਅਨਸਰਾਂ ਨੂੰ ਹੱਲਾਸ਼ੇਰੀ ਦਿੱਤੀ ਹੈ ਤੇ ਉਹਨਾਂ ਨੇ ਮਿਲਾਵਟ ਦਾ ਸਹਾਰਾ ਲੈ ਕੇ, ਨਕਲੀ ਦੁੱਧ ਤਿਆਰ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਅੰਦਾਜ਼ੇ ਮੁਤਾਬਕ ਸਾਡੇ ਦੇਸ਼ ਵਿੱਚ ਰੋਜ਼ਾਨਾ ਦੁੱਧ ਦੀ ਖਪਤ 64 ਲੱਖ ਕਰੋੜ ਲਿਟਰ ਹੈ ਪਰ ਉਤਪਾਦਨ 15 ਤੋਂ 16 ਲੱਖ ਕਰੋੜ ਲਿਟਰ ਹੈ। ਸਪਸ਼ਟ ਹੈ ਕਿ ਲੋੜ ਪੂਰੀ ਕਰਨ ਲਈ ਨਕਲੀ ਦੁੱਧ ਤਿਆਰ ਹੁੰਦਾ ਹੈ। ਅਬਾਦੀ ਤਾਂ ਧੜਾਧੜ ਵਧਦੀ ਜਾਂਦੀ ਹੈ ਤੇ ਉਪਜਾਊ ਜਮੀਨ ਘਟਦੀ ਜਾਂਦੀ ਹੈ। ਦੁਧਾਰੂ ਪਸ਼ੂ ਵੀ ਤੇਜ਼ੀ ਨਾਲ ਘਟ ਰਹੇ ਹਨ। ਖਰਚੇ ਲਗਾਤਾਰ ਵਧ ਰਹੇ ਹਨ। ਫਿਰ ਦੁੱਧ ਦਾ ਉਤਪਾਦਨ ਕਿਵੇਂ ਪੂਰਾ ਹੋਵੇ? ਇਸ ਪ੍ਰਵਿਰਤੀ ਨੇ ਗਲਤ ਸੋਚ ਵਾਲੇ ਲੋਕਾਂ ਨੂੰ ਉਤਸ਼ਾਹਤ ਕੀਤਾ ਹੈ ਤੇ ਉਹਨਾਂ ਨੇ ਲੋਕਾਂ ਦੀ ਸਿਹਤ ਨੂੰ ਛਿੱਕੇ ਟੰਗ ਕੇ ਹਰ ਹੀਲੇ ਲਾਭ ਕਮਾਉਣ ਦੇ ਮਨਸੂਬੇ ਘੜਨੇ ਸ਼ੁਰੂ ਕਰ ਦਿੱਤੇ ਹਨ। ਪਹਿਲਾਂ ਪਹਿਲ ਦੋਧੀ ਲੋਕ ਦੁੱਧ ਵਿੱਚ ਕੇਵਲ ਪਾਣੀ ਮਿਲਾ ਕੇ ਹੀ ਉਸਦੀ ਮਾਤਰਾ ਵਿੱਚ ਵਾਧਾ ਕਰਦੇ ਸਨ ਪਰ ਜਦੋਂ ਪਤਲਾ ਹੋ ਜਾਣ ਕਾਰਨ ਅਤੇ ਗੰਦੇ ਥਾਂਵਾਂ, ਛੱਪੜਾਂ ਆਦਿ ਦਾ ਪਾਣੀ ਮਿਲਾਉਣ ਕਾਰਨ ਦੁੱਧ ਦੇ ਮਿਆਰ ਵਿੱਚ ਗਿਰਾਵਟ ਆਈ ਤਾਂ ਮਿਲਾਵਟ ਦਾ ਇਹ ਢੰਗ ਨਕਾਰਾ ਹੋ ਗਿਆ।
ਫਿਰ ਦੁੱਧ ਦੀ ਘਣਤਾ ਵਧਾਉਣ ਲਈ ਸਟਾਰਚ ਅਤੇ ਮਿਲਕ ਪਾਊਡਰ ਯਾਨੀ ਕਿ ਸੁੱਕਾ ਦੁੱਧ ਮਿਲਾਉਣ ਦੇ ਚਰਚੇ ਸ਼ੁਰੂ ਹੋ ਗਏ। ਪਿੰਡਾਂ ਤੋਂ ਆਉਂਦੇ ਦੋਧੀ ਕਰੀਮ ਕੱਢਣ ਵਾਲੇ ਸੈਂਟਰਾਂ ਤੇ ਮਖੀਲ ਦੀਆਂ ਮੱਖੀਆਂ ਵਾਂਗ ਜਮ੍ਹਾਂ ਹੋਣ ਲੱਗੇ। ਪਹਿਲਾਂ ਕਰੀਮ ਕਢਵਾ ਕੇ ਦੁੱਧ ਨੂੰ ਪਾਣੀ ਵਰਗਾ ਪਤਲਾ ਬਣਾ ਲੈਣਾ ਤੇ ਫਿਰ ਉਸ ਵਿੱਚ ਪਾਊਡਰ ਘੋਲ ਕੇ ਉਸਨੂੰ ਸੰਘਣਾ ਅਤੇ ਸੁਆਦੀ ਬਣਾਉਣਾ ਦੁੱਧ ਸਪਲਾਈ ਕਰਨ ਵਾਲਿਆਂ ਦੀ ਹੱਥ ਦੀ ਸਫਾਈ ਬਣ ਗਈ। ਪਰ ਇਸ ਤੋਂ ਵੀ ਘਟੀਆ ਕਿਸਮ ਦੀ ਮਿਲਾਵਟ ਤਾਂ ਸਿੰਥੈਟਿਕ ਅਤੇ ਜ਼ਹਿਰੀਲਾ ਦੁੱਧ ਸਪਲਾਈ ਕਰਕੇ ਕੈਂਸਰ ਦੀ ਨਾਮੁਰਾਦ ਬੀਮਾਰੀ ਦਾ ਪ੍ਰਸਾਰ ਕਰਨਾ ਹੈ। ਸੋਸ਼ਲ ਮੀਡੀਆ ਉੱਤੇ ਕਈ ਵਾਰ ਅਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਹਨ ਜਿੱਥੇ ਮਨੁੱਖਤਾ ਨਾਲ ਖੇਡਣ ਵਾਲੇ ਵਣਜਾਰੇ ਡੁਪਲੀਕੇਟ ਅਥਵਾ ਸਿੰਥੈਟਿਕ ਦੁੱਧ ਦੇ ਉਤਪਾਦਨ ਬਾਰੇ ਚਾਨਣਾ ਪਾਉਂਦੇ ਹਨ। ਯੂਰੀਆ ਖਾਦ, ਡਿਟਰਜੈਂਟ ਪਾਊਡਰ ਤੇ ਈਜੀ ਵਰਗੇ ਕੈਮੀਕਲ ਵਰਤ ਕੇ ਮਨੁੱਖਤਾ ਦੇ ਵਣਜਾਰੇ ਮਨੁੱਖੀ ਜਾਨਾਂ ਨਾਲ ਧ੍ਰੋਹ ਕਮਾਉਂਦੇ ਹਨ। ਡਿਟਰਜੈਂਟ ਪਾਊਡਰ ਵਰਤ ਕੇ ਦੁੱਧ ਵਰਗਾ ਹੀ ਚਿੱਟਾ, ਗਾੜ੍ਹਾ ਤੇ ਸੰਘਣਾ ਦੁੱਧ ਤਿਆਰ ਕਰਕੇ, ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ, ਦੁੱਧ ਦੇ ਵਣਜਾਰੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਵੀ ਕਰ ਜਾਂਦੇ ਹਨ ਤੇ ਲਾਭ ਵੀ ਕਮਾ ਲੈਂਦੇ ਹਨ। ਅਜਿਹੇ ਸਿੰਥੈਟਿਕ ਦੁੱਧ ਤੋਂ ਤਿਆਰ ਖੋਆ ਅਤੇ ਪਨੀਰ ਬਣਾ ਕੇ ਮਾਰਕੀਟ ਵਿੱਚ ਲੋਕਾਂ ਦੇ ਮਰਨ ਤੇ ਬੀਮਾਰੀਆਂ ਦਾ ਸ਼ਿਕਾਰ ਹੋਣ ਲਈ ਸਪਲਾਈ ਕਰ ਦਿੱਤਾ ਜਾਂਦਾ ਹੈ।
ਤਿਉਹਾਰਾਂ ਦੇ ਨੇੜੇ ਤਾਂ ਅਜਿਹੇ ਮਿਲਾਵਟੀ ਅਨਸਰ ਜ਼ਿਆਦਾ ਹਰਕਤ ਵਿੱਚ ਆਉਂਦੇ ਹਨ। ਅਸਲੀ ਦੁੱਧ ਦੀ ਕਮੀ ਮਿਲਾਵਟ ਨੂੰ ਜ਼ਿਆਦਾ ਉਤਸ਼ਾਹਿਤ ਕਰਦੀ ਹੈ। ਭਾਵੇਂ ਮਿਲਾਵਟ ਰੋਕਣ ਲਈ ਦੁੱਧ ਦੀ ਸ਼ੁੱਧਤਾ ਚੈੱਕ ਕਰਨ ਲਈ ਵੀ ਸਿਹਤ ਵਿਭਾਗ ਦਾ ਵੱਡਾ ਅਮਲਾ ਫੈਲਾ ਤਾਇਨਾਤ ਹੈ ਤੇ ਤਿਉਹਾਰਾਂ ਦੇ ਨੇੜੇ ਅਕਸਰ ਛਾਪੇਮਾਰੀ ਦੀਆਂ ਘਟਨਾਵਾਂ ਵਿੱਚ ਵੀ ਤੇਜ਼ੀ ਆਉਂਦੀ ਹੈ ਪਰ ਜਿਸ ਪੱਧਰ ਤੇ ਮਿਲਾਵਟ ਕਰਨ ਵਾਲੇ, ਦੁੱਧ ਵੇਚਣ ਵਾਲਿਆਂ ਤੇ ਮਠਿਆਈਆਂ ਬਣਾ ਕੇ ਵੇਚਣ ਵਾਲਿਆਂ ਦੀ ਗਿਣਤੀ ਹੈ, ਉਸ ਪੱਧਰ ਉੱਤੇ ਚੈੱਕ ਕਰਨ ਵਾਲੇ ਮੌਜੂਦ ਹੀ ਨਹੀਂ ਹਨ। ਫਿਰ ਮਿਲਾਵਟ ਕਰਨ ਵਾਲੇ ਹੋਰ ਹੁੰਦੇ ਹਨ ਤੇ ਸਪਲਾਈ ਕਰਨ ਵਾਲੇ ਹੋਰ। ਚੋਰੀ ਕਰਨ ਵਾਲੇ ਉਂਝ ਵੀ ਚੋਰੀ ਫੜਨ ਵਾਲਿਆਂ ਨਾਲੋਂ ਜ਼ਿਆਦਾ ਸਤਰਕ ਹੁੰਦੇ ਹਨ। ਹੁਣ ਤਾਂ ਇਹ ਰੋਜ਼ਮਰਾ ਦਾ ਹੀ ਕੰਮ ਬਣ ਗਿਆ ਹੈ। ਜਦੋਂ ਮੰਗ ਅਤੇ ਸਪਲਾਈ ਵਿੱਚ ਅੱਧੋ ਅੱਧ ਦਾ ਫਰਕ ਹੋਵੇਗਾ ਤਾਂ ਹੇਰਾਫੇਰੀ ਹੋਵੇਗੀ ਹੀ। ਜਾਂ ਤਾਂ ਲੋਕਾਂ ਦਾ ਨੈਤਿਕ ਪੱਧਰ ਬਹੁਤ ਉੱਚਾ, ਸੁੱਚਾ ਤੇ ਸਾਫ ਹੋਵੇ। ਲੋਕ ਨੇਤਿਕ ਕਦਰਾਂ ਕੀਮਤਾਂ ਦਾ ਸਨਮਾਨ ਕਰਨ ਵਾਲੇ ਅਤੇ ਅਨੁਸ਼ਾਸਿਤ ਹੋਣ। ਹੱਕ ਸੱਚ ਉੱਤੇ ਪਹਿਰਾ ਦੇਣਾ ਮਾਣ ਸਮਝਦੇ ਹੋਣ। ਪਰ ਸਾਡੇ ਇੱਥੇ ਲੋਕ ਬਾਬੇ ਨਾਨਕ ਦੀਆਂ ਜਨਮ ਸ਼ਤਾਬਦੀਆਂ ਮਨਾਉਣ ਲਈ ਤਾਂ ਬੜੀ ਉਚੇਚ ਦਾ ਵਿਖਾਵਾ ਕਰਦੇ ਹਨ ਪਰ ਉਸ ਮਹਾਨ ਸ਼ਖਸੀਅਤ ਦੀਆਂ ਸਿੱਖਿਆਵਾਂ ਦੇ ਨੇੜਿਉਂ ਵੀ ਨਹੀਂ ਲੰਘਦੇ। ਜਿੱਥੇ ਲੁੱਟ-ਖੋਹ ਹਾਵੀ ਹੋਵੇ, ਧੀਆਂ ਭੈਣਾਂ ਦੀ ਇੱਜ਼ਤ ਆਬਰੂ ਮਹਿਫੂਜ ਨਾ ਹੋਵੇ, ਉੱਥੇ ਮਿਲਾਵਟ ਨੂੰ ਨੈਤਿਕਤਾ ਨਾਲ ਜੋੜਨ ਦੀ ਕੋਈ ਤੁਕ ਨਜ਼ਰ ਨਹੀਂ ਆਉਂਦੀ। ਜਿਸ ਵੀ ਕਿੱਤੇ ਰਾਹੀਂ ਕੋਈ ਆਪਣੀ ਉਪਜੀਵਕਾ ਕਮਾਉਂਦਾ ਹੈ, ਉਹ ਉਸ ਲਈ ਬਹੁਤ ਪਵਿੱਤਰ ਹੁੰਦਾ ਹੈ। ਪਰ ਸਾਡੇ ਇੱਥੇ ਤਾਂ ਬੇਈਮਾਨੀ ਮੁੱਢ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਨੌਕਰੀ ਰੁਜ਼ਗਾਰ ਦੀ ਗੱਲ ਛਿੜੇ ਤਾਂ ਪਹਿਲਾਂ ਸਵਾਲ ਉੱਪਰਲੀ ਕਮਾਈ ਦਾ ਪੁੱਛਿਆ ਜਾਂਦਾ ਹੈ। ਇਹ ਉੱਪਰਲੀ ਕਮਾਈ ਸਾਰੀਆਂ ਬੀਮਾਰੀਆਂ ਦੀ ਜੜ੍ਹ ਹੈ। ਜਿੰਨਾ ਚਿਰ ਤੱਕ ਇਹ ਸਾਡੀ ਸੋਚ ਵਿੱਚੋਂ ਮਨਫੀ ਨਹੀਂ ਹੁੰਦੀ, ਸ਼ੁੱਧਤਾ ਆਉਣੀ ਅਸੰਭਵ ਹੈ।
ਸਿਧਾਂਤ ਅਤੇ ਵਿਹਾਰ ਵਿੱਚ ਜਦ ਤੱਕ ਸੁਮੇਲ ਨਹੀਂ ਆਉਂਦਾ, ਟੀਚਾ ਪ੍ਰਾਪਤ ਨਹੀਂ ਹੋ ਸਕਦਾ। ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਵਿੱਚ ਵੀ ਪੁਲਸ ਹੈ ਤੇ ਚੰਡੀਗੜ੍ਹ ਵਿੱਚ ਵੀ ਪੁਲਸ ਹੈ। ਚੰਡੀਗੜ੍ਹ ਦੀ ਹੱਦ ਅੰਦਰ ਦਾਖਲ ਹੁੰਦਿਆਂ ਹੀ ਟਰੈਫਿਕ ਨਿਯਮਾਂ ਦੀ ਇੰਨ-ਬਿੰਨ ਪਾਲਣਾ ਸ਼ੁਰੂ ਹੋ ਜਾਂਦੀ ਹੈ ਜੋ ਪੰਜਾਬ ਦੀ ਹੱਦ ਅੰਦਰ ਰੜਕਦੀ ਹੈ, ਕਿਉਂ? ਜੇ ਸਾਰੇ ਲੋਕ ਆਪੋ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣੀ ਸ਼ੁਰੂ ਕਰ ਦੇਣ, ਅਧਿਕਾਰਾਂ ਅਤੇ ਫਰਜ਼ਾਂ ਉੱਤੇ ਈਮਾਨਦਾਰੀ ਨਾਲ ਪਹਿਰਾ ਦੇਣ ਲੱਗ ਜਾਣ ਤਾਂ ਪੰਜਾਹ ਫੀਸਦੀ ਦੁਰਘਟਨਾਵਾਂ ਆਪਣੇ ਆਪ ਖਤਮ ਹੋ ਜਾਣਗੀਆਂ। ਚੰਗਾ-ਮਾੜਾ ਤੇ ਨੈਤਿਕਤਾ ਦਾ ਅਹਿਸਾਸ ਜੇ ਸਾਰਿਆਂ ਨੂੰ ਹੋ ਜਾਵੇ ਤਾਂ ਪੰਜਾਹ ਫੀਸਦੀ ਜੁਲਮਾਂ ਨੂੰ ਵੀ ਆਪਣੇ ਆਪ ਠੱਲ੍ਹ ਪੈ ਸਕਦੀ ਹੈ। ਚੈੱਕ ਕਰਨ ਵਾਲੇ ਅਤੇ ਰੋਕਣ ਵਾਲੇ ਵੀ ਜੇ ਤਨੋ ਮਨੋ ਸਤਰਕ ਤੇ ਜ਼ਿੰਮੇਵਾਰ ਹੋ ਜਾਣ, ਸਵਾਰਥ, ਸਿਫਾਰਸ਼ ਤੇ ਲਾਲਚ ਦਰਕਿਨਾਰ ਕਰ ਦੇਣ ਤਾਂ ਇਹ ਭਾਰਤ ਅਤੇ ਪੰਜਾਬ ਕੈਨੇਡਾ ਤੇ ਇੰਗਲੈਂਡ ਵਰਗੇ ਅਗਾਂਹਵਧੂ ਦੇਸ਼ਾਂ ਨਾਲੋਂ ਕਿਤੇ ਅੱਗੇ ਨਿਕਲ ਜਾਵੇਗਾ। ਪਰ ਇਹ “ਜੇ” ਦੀ ਸ਼ਰਤ ਤਾਂ ਹੀ ਪੂਰੀ ਹੋਵੇਗੀ ਜੇ ਅਸੀਂ ਵਰਕ ਕਲਚਰ ਨੂੰ ਅਪਣਾਵਾਂਗੇ। ਬਾਬੇ ਨਾਨਕ ਦੀ ਕ੍ਰਿਤ ਕਰਨ ਦੀ ਭਾਵਨਾ ਉੱਤੇ ਪਹਿਰਾ ਦੇਵਾਂਗੇ ਤੇ ਉਸ ਨੂੰ ਅਪਣਾਵਾਂਗੇ। ਜੇ ਅਸੀਂ ਦੂਜਿਆਂ ਨੂੰ ਉਪਦੇਸ਼ ਦੇਣੇ ਜਾਰੀ ਰੱਖਾਂਗੇ ਤੇ ਸਾਡੇ ਆਪਣੇ ਅੰਦਰੋਂ ਮਲਿਕ ਭਾਗੋ ਵਾਲੀ ਬਿਰਤੀ ਖਤਮ ਹੀ ਨਹੀਂ ਹੋਵੇਗੀ, ਚੌਧਰ ਤੇ ਲਾਲਸਾ ਖਤਮ ਨਹੀਂ ਹੋਵੇਗੀ, ਆਪਣੇ ਤੇ ਪਰਾਏ ਦਾ ਫਰਕ ਖਤਮ ਨਹੀਂ ਹੋਵੇਗਾ, ਜਿੰਨੇ ਮਰਜ਼ੀ ਵੱਡੇ ਪੱਧਰ ਉੱਤੇ ਅਸੀਂ ਦਿਨ ਤਿਉਹਾਰ ਮਨਾ ਲਈਏ, ਲੋਕ ਮਨਾਂ ਉੱਤੇ ਉਹ ਕੋਈ ਛਾਪ ਨਹੀਂ ਛੱਡਣਗੇ।
ਨਿਊਜ਼ੀਲੈਂਡ, ਆਸਟਰੇਲੀਆ ਜਾਂ ਕੈਨੇਡਾ ਵਰਗੇ ਦੇਸ਼ਾਂ ਨਾਲ ਤੁਲਨਾ ਕਰੀਏ ਤਾਂ ਆਪ ਮੁਹਾਰੇ ਅੱਖਾਂ ਖੁੱਲ੍ਹ ਜਾਣਗੀਆਂ। ਉਹਨਾਂ ਦੇਸ਼ਾਂ ਵਿੱਚ ਦੁੱਧ ਉਤਪਾਦਨ ਲਈ ਵੱਡੇ ਵੱਡੇ ਡੇਅਰੀ ਫਾਰਮਜ਼ ਹਨ। ਦੁਧਾਰੂ ਪਛੂ ਉੱਥੇ ਵੀ ਬੀਮਾਰ ਹੁੰਦੇ ਹਨ। ਪਰ ਉੱਥੇ ਜਦ ਕਿਸੇ ਵੀ ਪਸ਼ੂ ਨੂੰ ਕੋਈ ਐਂਟੀਬਾਇਟਕ ਦਵਾਈ ਦਿੱਤੀ ਜਾਂਦੀ ਹੈ, ਜਿੰਨੇ ਦਿਨ ਤੱਕ ਉਸਦੇ ਅੰਦਰ ਦਵਾਈ ਦੇ ਅੰਸ਼ ਆਉਂਦੇ ਹਨ, ਉਂਨੇ ਦਿਨ ਤੱਕ ਉਸਦਾ ਦੁੱਧ ਵਰਤਿਆ ਨਹੀਂ ਜਾਂਦਾ, ਰੋੜ੍ਹ ਦਿੱਤਾ ਜਾਂਦਾ ਹੈ। ਪਰ ਸਾਡੇ ਇੱਥੇ ਤਾਂ ਬਹੁਤੇ ਉਤਪਾਦਕ ਦੁੱਧ ਚੋਂਦੇ ਹੀ ਟੀਕਿਆਂ ਦੀ ਬਦੌਲਤ ਹਨ। ਉਹ ਸਾਰਾ ਕੈਮੀਕਲ ਮਨੁੱਖਾਂ ਦੇ ਅੰਦਰ ਹੀ ਜਾਂਦਾ ਹੈ। ਇਸ ਨਾਲ ਜਣਨ ਅੰਗ ਪ੍ਰਭਾਵਤ ਹੁੰਦੇ ਹਨ। ਇੱਥੇ ਹੀ ਬੱਸ ਨਹੀਂ, ਪਸ਼ੂਆਂ ਨੂੰ ਪਾਏ ਜਾਣ ਵਾਲੇ ਚਾਰੇ ਅਤੇ ਵੀ ਖਾਦਾਂ ਤੇ ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਹੁੰਦੀ ਹੈ। ਜਿਹੜੇ ਰਸਾਇਣ ਖੁਰਾਕੀ ਤੱਤਾਂ ਰਾਹੀਂ ਪਸ਼ੂਆਂ ਦੇ ਅੰਦਰ ਜਾਣਗੇ, ਨਿਸਚੇ ਹੀ ਉਹ ਦੁੱਧ ਵਿੱਚ ਵੀ ਆਉਣਗੇ ਤੇ ਮਨੁੱਖਾਂ ਅੰਦਰ ਵੀ ਜਾਣਗੇ। ਫਿਰ ਸ਼ੁੱਧਤਾ ਕਿੱਥੋਂ ਆਵੇਗੀ? ਦੁੱਧ ਮਨੁੱਖਤਾ ਦੇ ਹਰ ਵਰਗ ਲਈ ਜ਼ਰੂਰੀ ਖੁਰਾਕੀ ਤੱਤ ਹੈ। ਬੱਚਿਆਂ, ਜਵਾਨਾਂ ਤੇ ਬਜ਼ੁਰਗਾਂ ਸਾਰਿਆਂ ਲਈ ਇਸਦੀ ਬਹੁਤ ਅਹਿਮੀਅਤ ਹੈ। ਇੱਕ ਸਾਲ ਤੱਕ ਦੀ ਉਮਰ ਵਾਲੇ ਬੱਚੇ, ਜਿਹੜੇ ਬਿਲਕੁਲ ਦੁੱਧ ਉੱਤੇ ਨਿਰਭਰ ਕਰਦੇ ਹਨ ਤੇ ਅਜੋਕੀਆਂ ਮਾਵਾਂ ਆਪਣਾ ਦੁੱਧ ਪਿਲਾਉਣ ਤੋਂ ਬਿਲਕੁਲ ਹਿਚਕਚਾਉਂਦੀਆਂ ਹਨ ਜੇ ਉਹਨਾਂ ਨੂੰ ਸ਼ੁੱਧ ਦੁੱਧ ਨਹੀਂ ਮਿਲਦਾ, ਉਹਨਾਂ ਦੀ ਸ਼ੁਰੂਆਤ ਹੀ ਮਿਲਾਵਟੀ ਖੁਰਾਕ ਨਾਲ ਹੋਵੇਗੀ। ਉਹ ਕਿੰਨੇ ਕੁ ਸਿਹਤਮੰਦ ਤੇ ਨਿਰੋਗ ਹੋਣਗੇ? ਬੀਮਾਰੀਆਂ ਸ਼ੁਰੂ ਤੋਂ ਹੀ ਉਹਨਾਂ ਨੂੰ ਘੇਰ ਲੈਣਗੀਆਂ। ਫਿਰ ਨੌਜਵਾਨ ਕਿਹੋ ਜਿਹੇ ਹੋਣਗੇ ਤੇ ਬਜ਼ੁਰਗ ਹਸਪਤਾਲਾਂ ਤੋਂ ਕਿੰਨਾ ਕੁ ਬਚ ਸਕਣਗੇ?
ਇਸ ਲਈ ਮਨੁੱਖ ਦੀ ਪ੍ਰਮੁੱਖ ਖੁਰਾਕ, ਦੁੱਧ ਦੀ ਸ਼ੁੱਧਤਾ ਲਈ ਜਗਤ ਗੁਰੂ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਦ੍ਰਿੜ੍ਹਤਾ ਨਾਲ ਆਪਣੇ ਜੀਵਨ ਦਾ ਮੁੱਖ ਹਿੱਸਾ ਬਣਾ ਕੇ ਕਿਰਤ ਕਰਨ ਅਤੇ ਵੰਡ ਛਕਣ ਨੂੰ ਸਿਧਾਂਤਕ ਤੇ ਵਿਹਾਰਕ ਤੌਰ ਉੱਤੇ ਅਪਣਾ ਕੇ ਆਪਣੀ ਜੀਵਨ ਜਾਂਚ ਨੂੰ ਬਦਲਣਾ ਬਹੁਤ ਜ਼ਰੂਰੀ ਹੈ। ਤੇਜ਼ੀ ਨਾਲ ਵਧ ਰਹੀ ਅਬਾਦੀ ਸਾਰੀਆਂ ਸਮੱਸਿਆਵਾਂ ਦੀ ਵੱਡੀ ਜੜ੍ਹ ਹੈ। ਨੈਤਿਕ ਕਦਰਾਂ ਕੀਮਤਾਂ ਉੱਤੇ ਡਟ ਕੇ ਪਹਿਰਾ ਦੇਣ ਤੇ ਲਾਲਚ, ਭੈਅ, ਸਵਾਰਥ ਤੋਂ ਬਚ ਕੇ ਈਮਾਨਦਾਰੀ ਨਾਲ ਅਨੁਸ਼ਾਸਤ ਹੋ ਕੇ ਆਪਣੀ ਰੋਟੀ ਰੋਜ਼ੀ ਨੂੰ ਵੀ ਪਾਕ ਪਵਿੱਤਰ ਬਣਾਇਆ ਜਾਵੇ ਤੇ ਹੱਕ ਸੱਚ ਉੱਤੇ ਡਟ ਕੇ ਪਹਿਰਾ ਦਿੱਤਾ ਜਾਵੇ ਤਾਂ ਹੀ ਮਿਲਾਵਟ ਅਤੇ ਭ੍ਰਿਸ਼ਟਾਚਾਰ ਵਰਗਾ ਜਿੰਨ ਕਾਬੂ ਹੋ ਸਕੇਗਾ। ਨੈਤਿਕ ਕਦਰਾਂ ਕੀਮਤਾਂ ਵਿੱਚ ਖੋਰਾ ਅਤੇ ਲਾਲਚ ਨੇ ਸਾਡੀ ਸੋਚ ਤੇ ਵਿਹਾਰ ਨੂੰ ਬਹੁਤ ਗਲਤ ਲੀਹੇ ਪਾ ਦਿੱਤਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1900)
(ਸਰੋਕਾਰ ਨਾਲ ਸੰਪਰਕ ਲਈ: