DarshanSRiar7ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ।” ਢਾਬੇ ਵਾਲਾ ਲੱਗਾ ਪਛਤਾਉਣ। “ਇਹ ਬੰਦਾ ਆ ਕਿ ...
(24 ਮਈ 2021)

 

“ਪੇਟ ਨਾ ਪਈਆਂ ਰੋਟੀਆਂ ਤੇ ਸੱਭੇ ਗੱਲਾਂ ਖੋਟੀਆਂ” ਜਾਣਿਆ ਪਛਾਣਿਆ ਪੰਜਾਬੀ ਮੁਹਾਵਰਾ ਹੈ। ਪਾਪੀ ਪੇਟ ਬੁਰੀ ਬਲਾ ਹੈ, ਇਹ ਵੀ ਅਸੀਂ ਅਕਸਰ ਸੁਣਦੇ ਹੀ ਰਹਿੰਦੇ ਹਾਂ। ਕਹਿੰਦੇ ਹਨ ਕਿ ਇੱਕ ਵਾਰ ਸਰੀਰ ਦੇ ਸਾਰੇ ਅੰਗਾਂ ਨੇ ਹੜਤਾਲ ਕਰ ਦਿੱਤੀ। ਸਾਰੇ ਅੰਗਾਂ ਨੇ ਸਲਾਹ ਕਰਕੇ ਮਤਾ ਪਕਾ ਲਿਆ ਕਿ ਕੰਮ ਤਾਂ ਸਾਰੇ ਉਹ ਕਰਦੇ ਹਨ, ਢਿੱਡ ਨਿਕੰਮਾ ਤੇ ਵਿਹਲਾ ਸਾਰਾ ਦਿਨ ਖਾ ਪੀ ਕੇ ਐਸ਼ ਕਰਦਾ ਰਹਿੰਦਾ ਹੈ। ਅਸੀਂ ਇਹਨੂੰ ਭਰਦੇ ਰਹਿੰਦੇ ਹਾਂ ਤੇ ਇਹ ਮਜ਼ੇ ਲੈਂਦਾ ਰਹਿੰਦਾ ਹੈ। ਖਾਲੀ ਹੋ ਕੇ ਫਿਰ ਭੁੱਖੇ ਦਾ ਭੁੱਖਾ! ਚਾਰ ਪੰਜ ਘੰਟੇ ਦੀ ਹੜਤਾਲ ਬਾਦ ਜਦ ਸਾਰੇ ਅੰਗ ਗਰਮੀ ਨਾਲ ਸੁੱਕ ਰਹੇ ਪੌਦਿਆਂ ਵਾਂਗ ਕਮਲਾਉਣ ਲੱਗੇ ਤਾਂ ਲੱਗੇ ਦੁਹਾੜਾਂ ਮਾਰਨ। ਦਿਮਾਗ ਵੱਲ ਦੌੜੇ ਤਾਂ ਉਹਨੇ ਉਲਟੀ ਝਾੜ ਪਾਈ। ਕਹਿੰਦਾ, “ਢਿੱਡ ਨਿਕੰਮਾ ਨਹੀਂ! ਨਿਕੰਮੇ ਤੁਸੀਂ ਹੋ ਜਿਹੜੇ ਸਵਾਰਥੀ ਬਣ ਗਏ ਹੋ? ਕਮਲਿਉ! ਢਿੱਡ ਤਾਂ ਤੁਹਾਡਾ ਸੇਵਕ ਹੈ। ਤੁਸੀਂ ਮਿਹਨਤ ਕਰਕੇ ਜੇ ਰੋਟੀ ਜਾਂ ਹੋਰ ਖੁਰਾਕ ਨਾਲ ਉਸ ਨੂੰ ਭਰਦੇ ਹੋ ਤਾਂ ਉਹ ਉਸ ਖੁਰਾਕ ਨੂੰ ਹਜ਼ਮ ਕਰਕੇ ਤੁਹਾਨੂੰ ਸਾਰੇ ਅੰਗਾਂ ਨੂੰ ਤਾਕਤ ਦਿੰਦਾ ਹੈ। ਤਾਂ ਹੀ ਤੁਸੀਂ ਚੱਲਦੇ ਫਿਰਦੇ ਹੋ, ਨਹੀਂ ਤਾਂ ਸੁੱਕੇ ਪੱਤਿਆਂ ਵਾਂਗ ਰੁੰਡ ਮਰੁੰਡ ਹੋ ਕੇ ਉੱਡ ਪੁੱਡ ਜਾਉਗੇ।”

ਲਉ ਜੀ! ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਮੁੜ ਆਵੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ। ਸਾਰੇ ਅੰਗਾਂ ਨੇ ਗਲਤੀ ਮੰਨ ਕੇ ਹੜਤਾਲ ਵਾਪਸ ਲੈ ਲਈ ਤੇ ਜੁਟ ਗਏ ਆਪੋ ਆਪਣੇ ਕੰਮ ਵਿੱਚ। ਉਹਨਾਂ ਨੇ ਸਮਝ ਲਿਆ ਕਿ ਇਕੱਲਾ ਕੋਈ ਵੀ ਵੱਡਾ ਨਹੀਂ ਹੁੰਦਾ, ਏਕੇ ਵਿੱਚ ਹੀ ਬਰਕਤ ਹੁੰਦੀ ਹੈ। ਢਿੱਡ ਵਿੱਚ ਖੁਰਾਕ ਪਵੇਗੀ ਤਾਂ ਹੀ ਆਪਣੇ ਵਜੂਦ ਅਨੁਸਾਰ ਉਹ ਬਾਕੀਆਂ ਨੂੰ ਸਰਦਾ ਪੁੱਜਦਾ ਹਿੱਸਾ ਦੇਵੇਗਾ। ਪਰ ਜੇ ਉਹ ਬਦਨੀਤ ਨਾਲ ਵੱਖ ਵੱਖ ਅੰਗਾਂ ਨਾਲ ਦੁਰਵਿਹਾਰ ਕਰੇਗਾ ਤਾਂ ਪਾਚਣ ਕਿਰਿਆ ਵਿੱਚ ਗੜਬੜੀ ਹੋ ਜਾਵੇਗੀ। ਦੁੱਖ ਸਾਰੇ ਸਰੀਰ ਨੂੰ ਹੀ ਭੁਗਤਣਾ ਪੈਣਾ ਹੈ। ਸਾਡੀ ਸਰਕਾਰ ਨੇ ਵੀ ਨਾਅਰਾ ਤਾਂ ਬੜਾ ਹਰਮਨ ਪਿਆਰਾ ਦਿੱਤਾ ਸੀ, “ਸਭ ਕਾ ਸਾਥ, ਸਭ ਕਾ ਵਿਕਾਸ” ਪਰ “ਅੰਨ੍ਹਾ ਵੰਡੇ ਸੀਰਨੀ, ਮੁੜ ਮੁੜ ਆਪਣਿਆਂ ਨੂੰ” ਦਾ ਮੁਹਾਵਰਾ ਰੰਗ ਵਿਖਾਉਣੋ ਨਹੀਂ ਟਲਦਾ। ਖੈਰ! ਰਾਹ ਪਿਆ ਜਾਣੀਏ ਜਾਂ ਵਾਹ ਪਿਆ। ਇਹ ਹਮਾਮ ਨੰਗਿਆਂ ਨਾਲ ਹੀ ਭਰਿਆ ਪਿਆ ਏ। ਜਿਹੜਾ ਰਾਹ ਨਹੀਂ ਵੇਖਿਆ ਓਹੀ ਭਲਾ। ਅਖੇ ਡੁੱਬੀ ਤਾਂ ਜੇ ਸਾਹ ਨਾ ਆਇਆ। ਉਹ ਵੱਖਰੀ ਗੱਲ ਹੈ ਕਿ ਡੁੱਬਦੇ ਵੀ ਸੋਹਣੀ ਵਰਗੇ ਕਾਬਿਲ ਤੈਰਾਕ ਹੀ ਨੇ। ਜਿਨ੍ਹਾਂ ਨੂੰ ਤਰਨਾ ਨਹੀਂ ਆਉਂਦਾ ਉਹ ਤਾਂ ਪਾਣੀ ਤੋਂ ਕੋਹਾਂ ਦੂਰ ਭੱਜਦੇ ਨੇ। ਪਰ ਸਿਆਸੀ ਲੋਕਾਂ ’ਤੇ ਅਜਿਹਾ ਕੁਝ ਵੀ ਲਾਗੂ ਨਹੀਂ ਜੇ ਹੁੰਦਾ। ਉਹ ਤਾਂ ਹਰ ਮੌਸਮ ਨੂੰ ਬਹਾਰ ਬਣਾ ਕੇ ਵਗਦੀ ਗੰਗਾ ਵਿੱਚ ਡੁਬਕੀਆਂ ਲਗਾ ਲੈਂਦੇ ਨੇ।

ਪਾਪੀ ਪੇਟ ਤੋਂ ਚੱਲੀ ਗੱਲ ਕੁਰਾਹੇ ਪੈ ਗਈ। ਰਾਜ ਨੇਤਾਵਾਂ ਦੀਆਂ ਦਲੀਲਾਂ ਵਾਂਗ। ਉਹਨਾਂ ਦੀ ਹਰ ਗੱਲ ਦੀ ਹਰ ਕੜੀ ਜਿਵੇਂ ਵੋਟਾਂ ਨਾਲ ਜੁੜੀ ਹੁੰਦੀ ਹੈ, ਉਂਜ ਹੀ ਘੜੀ ਮੁੜੀ ਪੇਟ ਹਰ ਹੀਲੇ ਸਾਹਮਣੇ ਆ ਖੜ੍ਹਾ ਹੁੰਦਾ ਏ। ਸ਼ਹੀਦੇ ਆਜ਼ਮ ਭਗਤ ਸਿੰਘ ਦੀ ਫਿਲਮ ਵੇਖਦਿਆਂ ਕੈਦੀ ਦਾਰਾ ਸਿੰਘ ਦਾ ਰੋਟੀਆਂ ਦਾ ਥੱਬਾ ਮੂਹਰੇ ਰੱਖ ਕੇ ਖਾਣ ਵਾਲਾ ਰੋਲ ਬੜਾ ਕਮਾਲ ਦਾ ਲੱਗਾ। ਕੁਸ਼ਤੀ ਵਿੱਚ ਵਿਰੋਧੀ ਨੂੰ ਰਗੜੇ ਦੇਣ ਵਾਂਗ ਰੋਟੀਆਂ ਛਕਣ ਲੱਗਾ ਵੀ ਉਹ ਇੰਜ ਛਕਦਾ ਸੀ ਜਿਵੇਂ ਸਾਲਾਂ ਦਾ ਭੁੱਖਾ ਹੋਵੇ। ਖੈਰ! ਉਹ ਤਾਂ ਰੋਲ ਸੀ ਜਿਵੇਂ ਡਾਇਰੈਕਟਰ ਨੇ ਘੁਮਾਇਆ ਘੁੰਮਣਾ ਹੀ ਪੈਣਾ ਸੀ। ਫਿਲਮ ਵੇਖਦਾ ਪਤਲੇ ਜਿਹੇ ਸਰੀਰ ਪਰ ਚੁਸਤ ਜੁੱਸੇ ਵਾਲਾ ਸਾਡਾ ਸਾਥੀ ਬੀਰਾ ਕਹਿੰਦਾ ਕਿ ਏਦੂੰ ਵੱਧ ਰੋਟੀਆਂ ਤਾਂ ਮੈਂ ਖਾ ਜਾਊਂ, ਐਵੇਂ ਦਾਰਾ ਦਾਰਾ ਲਾ ਰੱਖੀ ਆ। ਅਗਲੇ ਹੀ ਦਿਨ ਲੁਧਿਆਣੇ ਸ਼ਹਿਰ ਦੇ ਬਾਹਰ ਜੀਟੀ ਰੋਡ ਉੱਪਰ ਢਾਬੇ ’ਤੇ ਢਾਬੇ ਵਾਲੇ ਨਾਲ ਬੀਰੇ ਦੀ ਰੋਟੀਆਂ ਖਾਣ ਦੀ ਸ਼ਰਤ ਲੱਗ ਗਈ।

ਗੱਲ ਪਿਛਲੀ ਸਦੀ ਦੀ ਯਾਨੀ ਨੱਬੇਵਿਆਂ ਦੇ ਨੇੜੇ ਦੀ ਹੈ। ਪੰਜਾਹ ਰੋਟੀਆਂ ਖਾਣ ਤੋਂ ਗੱਲ ਚੱਲੀ। ਢਾਬੇ ਵਾਲਾ ਕਹਿੰਦਾ, “ਜੇ ਇਹ ਪੰਜਾਹ ਰੋਟੀਆਂ ਖਾ ਗਿਆ ਤਾਂ ਮੈਂ ਸੌ ਰੁਪਈਆ ਇਨਾਮ ਦੇਊਂ। ਜੇ ਨਾ ਖਾ ਸਕਿਆ ਤਾਂ ਮੈਂ 200 ਰੁਪਇਆ ਵੀ ਲਊਂ ਤੇ ਰੋਟੀਆਂ ਦੇ ਪੈਸੇ ਵੀ। ਕਮੀਜ ਪਜਾਮਾ ਪਾਈ ਬੀਰਾ ਮੰਜੇ ’ਤੇ ਨਿੱਠ ਕੇ ਬੈਠ ਕੇ ਰੋਟੀਆਂ ਨੂੰ ਦਾਲ ਨਾਲ ਗੇੜਾ ਦੇਣ ਲੱਗ ਪਿਆ। ਢਾਬੇ ਵਾਲੇ ਦਾ ਜੋਸ਼ ਵੀ ਵੇਖਣ ਵਾਲਾ ਸੀ। ਉਹ ਬੜੇ ਸ਼ੌਕ ਨਾਲ ਸੋਹਣੇ ਸੋਹਣੇ ਫੁਲਕੇ ਫੈਲਾਅ ਫੈਲਾਅ ਕੇ ਬੀਰੇ ਮੂਹਰੇ ਪਰੋਸਦਾ। ਉਹਨੂੰ ਸ਼ਰਤ ਜਿੱਤਣ ਦੀ ਪੂਰੀ ਪੂਰੀ ਆਸ ਸੀ। ਟਰੱਕਾਂ ਵਾਲੇ ਡਰਾਈਵਰ ਕਈ ਕਾਫੀ ਰੋਟੀਆਂ ਖਾਂਦੇ ਸਨ। ਪਰ ਜ਼ਿਆਦਾ ਤੋਂ ਜ਼ਿਆਦਾ ਵੀਹਾਂ ਤਕ ਕੋਈ ਵਿਰਲਾ ਹੀ ਅੱਪੜਦਾ ਸੀ। ਬੀਰਾ ਸਰੀਰ ਦਾ ਵੀ ਮਾੜਕੂ ਜਿਹਾ ਨਜ਼ਰ ਆਉਂਦਾ ਸੀ। ਇਸੇ ਕਾਰਨ ਢਾਬੇ ਵਾਲਾ ਜ਼ਿਆਦਾ ਆਸਵੰਦ ਲੱਗਦਾ ਸੀ। ਪਰ ਬੀਰਾ ਵੀ ਪੂਰੇ ਜਲੌਅ ਵਿੱਚ ਸੀ।

ਕਰਦੇ ਕਰਦੇ ਜਦੋਂ ਪੰਜਾਹ ਰੋਟੀਆਂ ਪੂਰੀਆਂ ਹੋ ਗਈਆਂ ਤਾਂ ਢਾਬੇ ਵਾਲੇ ਦੇ ਚਿਹਰੇ ਦੀ ਰੌਣਕ ਪਤਲੀ ਪੈਣ ਲੱਗ ਪਈ। ਪਹਿਲੀ ਵਾਰ ਬੀਰੇ ਨੇ ਥੋੜ੍ਹਾ ਜਿਹਾ ਪਾਣੀ ਵੀ ਪੀਤਾ ਤੇ ਫਿਰ ਲੱਗ ਗਿਆ ਰੋਟੀਆਂ ਨੂੰ ਗੇੜਾ ਦੇਣ।

“ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ।” ਢਾਬੇ ਵਾਲਾ ਲੱਗਾ ਪਛਤਾਉਣ। “ਇਹ ਬੰਦਾ ਆ ਕਿ ਰਾਖਸ਼? ਮਾੜਚੂ ਜਿਹਾ ਨਜ਼ਰ ਆਉਂਦਾ, ਰੋਟੀਆਂ ਪਤਾ ਨਹੀਂ ਕਿੱਥੇ ਪਾਈ ਜਾਂਦਾ? ਕਿਤੇ ਕੋਈ ਜਾਦੂ ਟੂਣਾ ਤਾਂ ਨਹੀਂ ਜਾਣਦਾ ਇਹ?” ਕਈ ਤਰ੍ਹਾਂ ਦੇ ਸਵਾਲ ਢਾਬੇ ਵਾਲੇ ਦੇ ਮਨ ਵਿੱਚ ਆਉਣ ਲੱਗ ਪਏ। ਪਰ ਉੱਖਲੀ ਵਿੱਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਡਰ ਮਨ ਵਿੱਚੋਂ ਕੱਢਣਾ ਹੀ ਪੈਣਾ ਸੀ। ਸ਼ਰਤ ਜਿੱਤਣ ਦਾ ਖਿਆਲ ਤਾਂ ਜਾਂਦਾ ਰਿਹਾ, ਦਸ ਬੰਦਿਆਂ ਤੋਂ ਵੀ ਵੱਧ ਦਾ ਖਾਣਾ ਇੱਕੋ ਜਣੇ ਦੇ ਢਿੱਡ ਵਿੱਚ ਖਪਣ ਦੀ ਚਿੰਤਾ ਜ਼ਿਆਦਾ ਹਾਵੀ ਹੁੰਦੀ ਜਾਂਦੀ ਸੀ। ਕਰਦੇ ਕਰਦੇ ਬੀਰਾ 80 ਰੋਟੀਆਂ ਛਕ ਗਿਆ ਤਾਂ ਢਾਬੇ ਵਾਲਾ ਬੀਰੇ ਦੇ ਪੈਰੀਂ ਹੱਥ ਲਾ ਕੇ ਕਹਿੰਦਾ, “ਤੂੰ ਜਿੱਤਿਆ ਮੇਰੇ ਪਿਉ ... ਤੇ ਮੈਂ ਹਾਰ ਗਿਆ। ਆਹ ਲੈ ਫੜ 200 ਰੁਪਇਆ ਤੇ ਆਪਣਾ ਦਵਾ ਦਾਰੂ ਕਰਵਾ, ਕਿਤੇ ਘਰਦਿਆਂ ਨੂੰ ਹੀ ਨਾ ਖਾ ਜਾਵੀਂ।”

ਮੁਸਕੜੀਏਂ ਹੱਸਦਾ ਬੀਰਾ ਬੋਲਿਆ, “ਪੈਰੀਂ ਨਾ ਪੈਂਦਾ ਤਾਂ ਦਸ ਕੁ ਰੋਟੀਆਂ ਹੋਰ ਖਾਣ ਦੀ ਗੁੰਜਾਇਸ਼ ਤਾਂ ਅਜੇ ਹੋਰ ਹੈਗੀ ਸੀ।”

ਇਸ ਤੋਂ ਅਗਲੀ ਵਿਥਿਆ ਹੋਰ ਅਚੰਭਾਜਨਕ ਲਗਦੀ ਆ। ਰਾਤ ਵੇਲੇ ਮੁਰਗੇ ਤੇ ਦਾਰੂ ਦਾ ਗੇੜ ਚੱਲ ਪਿਆ। ਖੇਤਾਂ ਵਿੱਚ ਮਸ਼ੀਨ ਚੱਲਦੀ ਸੀ। ਜਿਮੀਦਾਰ ਵੀ ਵਾਹਵਾ ਸੇਵਾ ਕਰਦੇ ਸਨ। ਪੰਜ ਬੰਦੇ ਸਨ ਤੇ ਉੱਥੇ ਫਿਰ ਬੀਰਾ ਪੰਜ ਛੇ ਮੰਨੀਆਂ ਮੁਰਗੇ ਨਾਲ ਮਰੋੜ ਗਿਆ। ਗਰਮੀਆਂ ਦੇ ਦਿਨ ਸਨ। ਘਰ ਵਾਲਿਆਂ ਨੇ ਦੁੱਧ ਦੀ ਬਾਲਟੀ ਭਰ ਕੇ ਉਹਨਾਂ ਦੇ ਸਿਰਹਾਣੇ ਰੱਖ ਦਿੱਤੀ ਕਿ ਰੋਟੀ ਖਾਣ ਤੋਂ ਬਾਦ ਪੀ ਲੈਣਗੇ। ਦਾਰੂ ਦੇ ਲੋਰ ਵਿੱਚ ਸਾਰੇ ਸੌਂ ਗਏ। ਦੁੱਧ ਪੀਣ ਦਾ ਕਿਸੇ ਨੂੰ ਖਿਆਲ ਹੀ ਨਾ ਰਿਹਾ। ਬੀਰਾ ਕਹਿੰਦਾ, “ਅੱਧੀ ਰਾਤ ਮੈਂਨੂੰ ਪਿਆਸ ਲੱਗੀ। ਉੱਠ ਕੇ ਪਾਣੀ ਲੱਭਣ ਲੱਗਾ ਤਾਂ ਦੁੱਧ ਵਾਲੀ ਬਾਲਟੀ ਨਜ਼ਰ ਚੜ੍ਹ ਗਈ। ਫਿਰ ਕੀ ਸੀ, ਰੱਬ ਨੇ ਦਿੱਤੀਆਂ ਗਾਜਰਾਂ ਵਿੱਚੇ ਰੰਬਾ ਰੱਖ। ਗੋਡਿਆਂ ਤੇ ਰੱਖ ਕੇ ਸਾਰੀ ਬਾਲਟੀ ਪੀ ਕੇ ਨਜ਼ਾਰੇ ਨਾਲ ਇੰਜ ਸੌਂ ਗਿਆ ਜਿਵੇਂ ਮਿਰਜਾ ਸਾਹਿਬਾਂ ਦੇ ਪੱਟ ਦੇ ਸਿਰਹਾਣੇ ’ਤੇ ਸੌਂ ਗਿਆ ਸੀ।” ਨਿੰਮ੍ਹੀ ਨਿੰਮ੍ਹੀ ਧੁੱਪ ਚੜ੍ਹੀ ਹੋਈ ਸੀ ਤੇ ਬਾਕੀ ਸਾਥੀ ਇੱਕ ਦੂਜੇ ਵੱਲ ਘੂਰ ਰਹੇ ਸਨ, “ਵੇਖੋ ਸਾਲ਼ਾ ਜਿਊਂਦਾ ਵੀ ਹੈ? ਢਾਬੇ ਵਾਲੇ ਦੀਆਂ 80 ਰੋਟੀਆਂ , ਰਾਤ ਮੁਰਗੇ ਨਾਲ ਛੇ ਹੋਰ, ਤੇ ਫਿਰ ਦੁੱਧ ਦੀ ਬਾਲਟੀ … ਇਹ ਬੰਦਾ ਹੈ ਕਿ ਰਾਖਸ਼! ਕਿੱਦਾਂ ਫੁੰਕਾਰੇ ਛੱਡ ਰਿਹਾ ਹੈ। ਕੰਮ ਕਰਨ ਵਾਰੀਂ ਟੇਢਾ ਹੋ ਜਾਂਦਾ ਹੈ। ... ਕਾਮ ਕਾ ਨਾ ਕਾਜ ਕਾ, ਦੁਸ਼ਮਨ ਅਨਾਜ ਕਾ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2802)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author