“ਫਜ਼ੂਲ ਖਰਚਿਆਂ ਨੂੰ ਨੱਥ ਪਾ ਕੇ, ਵੀ.ਆਈ.ਪੀ ਕਲਚਰ ਤੋਂ ਖਹਿੜਾ ਛੁਡਾ ਕੇ ਸਾਦ ਮੁਰਾਦੀ ਅਤੇ ...”
(9 ਮਈ 2022)
ਮਹਿਮਾਨ: 160.
ਪਿਛਲੇ ਦਹਾਕੇ ਭਰ ਤੋਂ ਚੀਜ਼ਾਂ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਚਲੀ ਜਾ ਰਹੀਆਂ ਹਨ। ਮਹਿੰਗਾਈ ਆਪਣੀ ਚਰਮਸੀਮਾ ’ਤੇ ਪਹੁੰਚ ਚੁੱਕੀ ਹੈ। ਪਿਛਲੇ ਦੋ ਸਾਲ ਕਰੋਨਾ ਕਾਲ ਦੇ ਲੇਖੇ ਲੱਗ ਗਏ। ਇਸ ਸਮੇਂ ਦੌਰਾਨ ਅਣਗਿਣਤ ਲੋਕਾਂ ਨੂੰ ਜਾਨ ਤੋਂ ਵੀ ਹੱਥ ਧੋਣੇ ਪਏ ਤੇ ਲੱਖਾਂ ਲੋਕਾਂ ਦੇ ਰੋਜ਼ਗਾਰ ਵੀ ਖੁੱਸ ਗਏ। ਲੋਕਾਂ ਦੀ ਜੇਬ ਸੁੰਗੜਦੀ ਗਈ ਪਰ ਚੀਜ਼ਾਂ ਦੀ ਕੀਮਤ ਵਧਦੀ ਗਈ। ਸਾਡੇ ਗੁਆਂਢੀ ਦੇਸ਼ ਸ੍ਰੀ ਲੰਕਾ ਦੀ ਹਾਲਤ ਤਾਂ ਮਹਿੰਗਾਈ ਨਾਲ ਬਹੁਤ ਹੀ ਪਤਲੀ ਹੋ ਗਈ ਹੈ। ਅੱਜਕੱਲ ਉਹ ਦੂਜੇ ਦੇਸ਼ਾਂ ਦੀ ਮਦਦ ’ਤੇ ਨਿਰਭਰ ਹੈ। ਸਾਡੇ ਦੇਸ਼ ਨੇ ਵੀ ਆਪਣੀ ਵਿੱਤ ਅਨੁਸਾਰ ਸ੍ਰੀ ਲੰਕਾ ਦੀ ਕਾਫੀ ਮਾਲੀ ਮਦਦ ਕੀਤੀ ਹੈ। ਪਰ ਅਜੇ ਵੀ ਉੱਥੇ ਹਾਲਤ ਕੰਟਰੋਲ ਵਿੱਚ ਨਹੀਂ ਹੈ। ਉੱਥੋਂ ਦੀ ਰਾਜਨੀਤਕ ਹਾਲਤ ਇਸ ਸਥਿਤੀ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ‘ਰੋਟੀ, ਕੱਪੜਾ ਔਰ ਮਕਾਨ’ ਫਿਲਮ ਦੇ ਗੀਤ ਦੀਆਂ ਲਾਈਨਾਂ - ਬਾਕੀ ਕੁਛ ਬਚਾ ਤੋਂ ਮਹਿੰਗਾਈ ਮਾਰ ਗਈ - ਅੱਜਕੱਲ ਲੋਕਾਂ ਦੇ ਕੰਨਾਂ ਵਿੱਚ ਗੂੰਜ ਰਹੀਆਂ ਹਨ। ਸਰਕਾਰਾਂ ਦਾ ਕੰਮ ਹੁੰਦਾ ਹੈ ਆਪਣੇ ਬਜਟ ਨੂੰ ਸੰਤੁਲਿਤ ਕਰਕੇ ਲੋਕਾਂ ਦਾ ਜੀਵਨ ਸੁਖਾਲਾ ਬਣਾਉਣਾ। ਪਰ ਹੁੰਦਾ ਸਭ ਕੁਝ ਉਲਟ ਹੈ। ਚੋਣਾਂ ਦੌਰਾਨ ਚੋਣ ਜਿੱਤਣ ਲਈ ਤੇ ਸਤਾ ਪ੍ਰਾਪਤ ਕਰਨ ਲਈ ਰਾਜਨੀਤਕ ਪਾਰਟੀਆਂ ਬੜੇ ਲੁਭਾਉਣੇ ਵਾਅਦੇ ਕਰਦੀਆਂ ਹਨ। ਸੰਨ 2014 ਦੌਰਾਨ ਜਦੋਂ ਗੈਸ ਦਾ ਸਿਲੰਡਰ 450 ਰੁਪਏ ਦੇ ਕਰੀਬ ਮਿਲਦਾ ਸੀ ਅਤੇ ਇੱਕ ਲਿਟਰ ਪੈਟਰੋਲ 65 ਰੁਪਏ ਦਾ ਮਿਲਦਾ ਸੀ ਤਾਂ ਉਸ ਸਮੇਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਮਹਿੰਗਾਈ ਕਾਰਨ ਹਾਹਾਕਾਰ ਮਚਾ ਦਿੱਤੀ ਸੀ। ਕਾਲਾ ਧਨ ਵਿਦੇਸ਼ਾਂ ਤੋਂ ਮੰਗਵਾ ਕੇ ਹਰੇਕ ਭਾਰਤੀ ਦੇ ਖਾਤੇ ਵਿੱਚ 15 ਲੱਖ ਰੁਪਏ ਜਮ੍ਹਾਂ ਕਰਵਾਉਣ ਦੀ ਚੱਲੀ ਗੱਲ ਭਾਵੇਂ ਬਾਦ ਵਿੱਚ ਜੁਮਲਾ ਬਣ ਗਈ ਸੀ। ਬਾਬੇ ਰਾਮ ਦੇਵ ਦਾ ਪੈਟਰੋਲ 35 ਰੁਪਏ ਲਿਟਰ ਕਰਨ ਦਾ ਲਾਰਾ ਵੀ ਹਵਾ ਹੋ ਗਿਆ ਸੀ ਪਰ ਭਾਜਪਾ ਸਤਾ ਉੱਪਰ ਕਾਬਜ਼ ਹੋ ਗਈ ਸੀ।
ਹੁਣ ਗੈਸ ਸਿਲੰਡਰ ਸੁੱਖ ਨਾਲ 1000 ਰੁਪਏ ਦੇ ਨਜ਼ਦੀਕ ਪਹੁੰਚ ਗਿਆ ਹੈ। ਸਬਸਿਡੀ ਵੀ ਖਤਮ ਹੋ ਗਈ ਹੈ। ਪੈਟਰੋਲ ਅਤੇ ਡੀਜ਼ਲ ਨੂੰ ਤਾਂ ਸੱਚੀਂ ਅੱਗ ਹੀ ਲੱਗ ਗਈ ਹੈ। ਰੋਜ਼ ਰੋਜ਼ ਵਧਦੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਲੋਕਾਂ ਦੇ ਸਾਹ ਸੂਤ ਰੱਖੇ ਹਨ। ਪਰ ਲੋਕ ਫਿਰ ਵੀ ਸਭ ਝੱਲੀ ਜਾ ਰਹੇ ਹਨ। ਘੁਸਰ ਮੁਸਰ ਜ਼ਰੂਰ ਹੁੰਦੀ ਰਹਿੰਦੀ ਹੈ, ਸੋਸ਼ਲ ਮੀਡੀਆ ਉੱਪਰ ਕਾਫੀ ਰੌਲਾ ਵੀ ਪੈਂਦਾ ਹੈ ਪਰ ਸਰਕਾਰ ਦੇ ਬੋਲੇ ਕੰਨਾਂ ਤਕ ਨਹੀਂ ਪਹੁੰਚਦਾ। ਚੋਣਾਂ ਵੇਲੇ ਜ਼ਰੂਰ ਸਰਕਾਰ ਚਲਾ ਰਹੀ ਪਾਰਟੀ ਨੂੰ ਮਹਿੰਗਾਈ ਦਾ ਸੇਕ ਲੱਗਦਾ ਹੈ। ਮਾਰਚ ਮਹੀਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਪੈਟਰੋਲ ਤੇ ਡੀਜ਼ਲ ਦਾ ਰੇਟ ਕੁਝ ਜ਼ਿਆਦਾ ਲੱਗਾ ਸੀ। ਉਹਨਾਂ ਨੇ 10 ਰੁਪਏ ਲਿਟਰ ਪੈਟਰੋਲ ਤੇ 5 ਰੁਪਏ ਲਿਟਰ ਡੀਜ਼ਲ ਦੇ ਟੈਕਸ ਘਟਾ ਕੇ ਲੋਕਾਂ ਨੂੰ ਰਾਹਤ ਦਿੱਤੀ ਸੀ। ਪਰ ਲੋਕਾਂ ਲਈ ਇਹ ਊਠ ਤੋਂ ਛਾਨਣੀ ਲਾਹੁਣ ਦੇ ਤੁੱਲ ਹੋ ਨਿੱਬੜਿਆ ਸੀ ਤੇ ਪੰਜਾਬ ਦੀ ਕਾਂਗਰਸ ਸਰਕਾਰ ਸਤਾ ਤੋਂ ਲਾਂਭੇ ਹੋ ਗਈ ਸੀ। ਉਂਜ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਨਾਲ ਹੀ ਉੱਤਰ ਪ੍ਰਦੇਸ ਤੇ ਉਤਰਾਂਚਲ, ਗੋਆ ਆਦਿ ਪੰਜ ਰਾਜਾਂ ਵਿੱਚ ਵੀ ਚੋਣਾਂ ਹੋਈਆਂ ਸਨ। ਰੋਜ਼ ਰੋਜ਼ ਵੱਧਣ ਵਾਲਾ ਪੈਟਰੋਲ ਅਤੇ ਡੀਜ਼ਲ ਦਾ ਮੁੱਲ ਉਹਨਾਂ ਦਿਨਾਂ ਵਿੱਚ ਬਿਲਕੁਲ ਨਹੀਂ ਸੀ ਵਧਿਆ। ਜਿਵੇਂ ਹੀ 10 ਮਾਰਚ ਨੂੰ ਚੋਣ ਨਤੀਜੇ ਘੋਸ਼ਿਤ ਹੋਏ ਸਨ ਡੀਜ਼ਲ ਅਤੇ ਪੈਟਰੋਲ ਦਾ ਵਿੱਕਰੀ ਮੁੱਲ ਫਿਰ ਘੋੜੇ ’ਤੇ ਸਵਾਰ ਹੋ ਕੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਹੁਣ ਡੀਜ਼ਲ 100 ਰੁਪਏ ਲਿਟਰ ਦਾ ਸਫਰ ਤੈਅ ਕਰਨ ਵੱਲ ਤੇਜ਼ ਪੁਲਾਂਘਾਂ ਪੁੱਟ ਰਿਹਾ ਹੈ ਅਤੇ ਪੈਟਰੋਲ ਤਾਂ ਸੁੱਖ ਨਾਲ 110 ਰੁਪਏ ਤਕ ਪਹੁੰਚ ਕੇ ਰਿਕਾਰਡ ਬਣਾ ਗਿਆ ਹੈ। ਉਂਜ ਹਾਲੇ ਤਕ ਕਿਸੇ ਮਾਹਰ ਨੇ ਇਨ੍ਹਾਂ ਦੋਹਾਂ ਜ਼ਰੂਰੀ ਚੀਜ਼ਾਂ ਦੇ ਮੁੱਲ ਦੀ ਇਤਿਹਾਸਕ ਤੁਲਨਾ ਨਹੀਂ ਕੀਤੀ ਕਿ ਇਨ੍ਹਾਂ ਨੇ ਕਿੰਨੇ ਸਾਲਾਂ ਦਾ ਰਿਕਾਰਡ ਤੋੜਿਆ ਹੈ।
ਉਹ ਸਮਾਂ ਵੀ ਯਾਦ ਆਉਂਦਾ ਹੈ ਜਦੋਂ 100 ਰੁਪਏ ਦਾ ਚਾਰ ਲਿਟਰ ਪੈਟਰੋਲ ਸਕੂਟਰ ਦੀ ਟੈਂਕੀ ਫੁੱਲ ਕਰ ਦਿੰਦਾ ਸੀ। ਤੇ ਹੁਣ 100 ਰੁਪਏ ਦੇ ਪੈਟਰੋਲ ਨਾਲ ਟੈਂਕੀ ਦਾ ਥੱਲਾ ਵੀ ਨਹੀਂ ਢਕ ਹੁੰਦਾ। ਕਿੰਨਾ ਬਦਲ ਗਿਆ ਹੈ ਸਮਾਂ ਤੇ ਕਿੰਨੀ ਤਰੱਕੀ ਕਰ ਗਿਆ ਹੈ ਮਨੁੱਖ?
ਪ੍ਰਦੂਸ਼ਣ ਨੇ ਵੀ ਲੋਕਾਂ ਦਾ ਜੀਊਣਾ ਮੁਹਾਲ ਕਰ ਰੱਖਿਆ ਹੈ। ਡੀਜ਼ਲ ਦੇ ਧੂੰਏਂ ਤੋਂ ਬਚਣ ਲਈ ਖੌਰੇ ਮਹਿੰਗਾਈ ਹੀ ਸਰਕਾਰ ਨੂੰ ਵਰ ਆ ਜਾਏ। ਪਰ ਗੱਡੀਆਂ ਮੋਟਰਾਂ ਬਿਨਾਂ ਵੀ ਤਾਂ ਚਾਰਾ ਨਹੀਂ ਹੈ। ਹੁਣ ਸਭ ਤੋਂ ਵੱਡੀ ਦੌੜ ਸਮਾਂ ਬਚਾਉਣ ਵੱਲ ਸੇਧਤ ਹੈ। ਬਿਜਲੀ ਨਾਲ ਰੇਲ ਗੱਡੀਆਂ, ਬੱਸਾਂ, ਕਾਰਾਂ ਤੇ ਸਕੂਟਰ ਵੀ ਚੱਲਣ ਲੱਗ ਪਏ ਹਨ। ਪਰ ਬਿਜਲੀ ਦੀ ਸਪਲਾਈ ਵੀ ਤਾਂ ਚਾਹੀਦੀ ਹੈ - ਘਰੇਲੂ ਸਪਲਾਈ, ਵਪਾਰਕ ਸਪਲਾਈ। ਮਹਿੰਗਾਈ ਉੱਥੇ ਵੀ ਚਰਮ ਸੀਮਾ ’ਤੇ ਹੈ। ਦੂਜੇ ਮੁਫਤਤੰਤਰ ਦੇ ਵਾਅਦੇ ਵੀ ਪਹਾੜ ਵਰਗੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਸੂਰਜੀ ਤਪਸ਼ ਦੀ ਬਿਜਲੀ ਬਣਾਉਣ ਲਈ ਸੋਲਰ ਪੈਨਲਾਂ ਦਾ ਵੱਡੇ ਪੱਧਰ ’ਤੇ ਸਬਸਿਡੀ ’ਤੇ ਜਾਲ ਵਿਛਾ ਕੇ ਦੇਸ਼ ਤੇ ਲੋਕਾਂ ਨੂੰ ਬਿਜਲੀ ਉਤਪਾਦਨ ਵਿੱਚ ਆਤਮ ਨਿਰਭਰ ਬਣਾ ਦੇਵੇ, ਜਿਸ ਨਾਲ ਮੁਫਤ ਬਿਜਲੀ ਦੀ ਚਿੰਤਾ ਹੀ ਮੁੱਕ ਜਾਵੇ। ਪੈਟਰੋਲ, ਡੀਜ਼ਲ ਤੇ ਰਸੋਈ ਗੈਸ, ਰੋਟੀ, ਕੱਪੜਾ ਤੇ ਮਕਾਨ ਵਾਂਗ ਹੀ ਜ਼ਰੂਰੀ ਬਣ ਗਏ ਹਨ। ਇਨ੍ਹਾਂ ਦੇ ਵਾਜਬ ਮੁੱਲ ਹੀ ਲੋਕਾਂ ਦਾ ਜੀਵਨ ਸੁਖਾਲਾ ਬਣਾ ਸਕਦੇ ਹਨ। ਨਹੀਂ ਤਾਂ ਬਦੋਬਦੀ ਪੈਰ ਚਾਦਰ ਵਿੱਚੋਂ ਬਾਹਰ ਨਿਕਲ ਜਾਂਦੇ ਹਨ। ਫਿਰ ਪੈਦਾ ਹੁੰਦੀ ਹੈ ਕਰਜ਼ਿਆਂ ਅਤੇ ਖੁਦਕੁਸ਼ੀਆਂ ਦੀ ਦਾਸਤਾਨ, ਜਿਹੜੀ ਕਦੇ ਵੀ ਨਹੀਂ ਸੀ ਹੋਣੀ ਚਾਹੀਦੀ।
ਮਹਿੰਗਾਈ ਨਾਲ ਲੋਕਾਂ ਦਾ ਜੀਵਨ ਤਾਂ ਦੁੱਭਰ ਹੁੰਦਾ ਹੀ ਹੈ, ਹੋਰ ਵੀ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ ਜੋ ਸਮਾਜ ਨੂੰ ਕੋਹੜ ਦੀ ਭਾਂਤੀ ਚਿੰਬੜ ਜਾਂਦੀਆਂ ਹਨ। ਜਦੋਂ ਆਪਣੀ ਨਿਸ਼ਚਿਤ ਆਮਦਨ ਨਾਲ ਲੋਕਾਂ ਦਾ ਗੁਜ਼ਾਰਾ ਨਾ ਹੁੰਦਾ ਹੋਵੇ ਤਾਂ ਉਹ ਕਈ ਭ੍ਰਿਸ਼ਟ ਤੇ ਅਨੈਤਿਕ ਢੰਗ ਵਰਤ ਕੇ ਪਰਾਇਆ ਹੱਕ ਆਪਣੇ ਕਬਜ਼ੇ ਵਿੱਚ ਕਰਕੇ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਦੇ ਤਰੀਕੇ ਖੋਜਣ ਲੱਗ ਜਾਂਦੇ ਹਨ। ਇਸ ਨਾਲ ਸਮਾਜ ਵਿੱਚ ਹੋਰ ਨਿਘਾਰ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਤਾਂ ਪਰਾਏ ਹੱਕ ਦੀ ਘੋਰ ਨਿੰਦਾ ਕੀਤੀ ਹੈ। “ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ” ਕਹਿ ਕਿ ਇਸ ਨੂੰ ਹਰਾਮ ਕਿਹਾ ਹੈ। ਗੁਰੂ ਜੀ ਦੁਆਰਾ ਦਰਸਾਏ ਇਸ ਪਰਾਏ ਹੱਕ ਦੀ ਬਰੀਕੀ ਨਾਲ ਘੋਖ ਕੀਤੀ ਜਾਵੇ ਤਾਂ ਇਸਦਾ ਦਾਇਰਾ ਬੜਾ ਵਿਸ਼ਾਲ ਹੋ ਜਾਂਦਾ ਹੈ। ਕਿਸੇ ਮਜ਼ਦੂਰ ਨੂੰ ਪੂਰੀ ਮਜ਼ਦੂਰੀ ਨਾ ਦੇਣਾ, ਸਮੇਂ ਤੋਂ ਵੱਧ ਕੰਮ ਲੈਣਾ, ਵੱਧ ਕੀਮਤ ਵਸੂਲ ਕਰਨਾ, ਨਿਯਮਾਂ ਦੀ ਅਣਦੇਖੀ ਕਰਨਾ, ਝੂਠਾ ਰੋਅਬ ਜਮਾਉਣਾ ਅਤੇ ਆਪਣੀ ਤਾਕਤ ਦੀ ਗਲਤ ਵਰਤੋਂ ਕਰਨਾ, ਸਭ ਪਰਾਏ ਹੱਕ ਖਾਣ ਦੇ ਵਸੀਲੇ ਹਨ। ਨਿਆਂ ਵਿੱਚ ਦੇਰੀ ਕਰਨਾ ਜਾਂ ਐਵੇਂ ਹੀ ਲਟਕਾਈ ਜਾਣਾ ਵੀ ਆਪਣੇ ਫਰਜ਼ ਦੀ ਕੁਤਾਹੀ ਹੋਣ ਕਾਰਨ ਇਸੇ ਸ਼੍ਰੇਣੀ ਵਿੱਚ ਹੀ ਆਉਂਦਾ ਹੈ। ਪੈਗੰਬਰ ਹਜਰਤ ਮੁਹੰਮਦ ਸਾਹਬ ਨੇ ਕਿਹਾ ਹੈ ਕਿ ਮਜ਼ਦੂਰ ਦੀ ਮਜ਼ਦੂਰੀ ਦੀ ਅਦਾਇਗੀ ਉਸਦਾ ਪਸੀਨਾ ਸੁੱਕਣ ਤੋਂ ਪਹਿਲਾਂ ਹਰ ਹਾਲਤ ਵਿੱਚ ਹੋਣੀ ਚਾਹੀਦੀ ਹੈ। ਪਰ ਇੱਥੇ ਨਿੱਜੀ ਖੇਤਰ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਅਧਿਆਪਕਾਂ ਨੂੰ ਉਹਨਾਂ ਦੀ ਮਜ਼ਦੂਰੀ ਭਾਵ ਵੇਤਨ ਅਕਸਰ ਤੈਅ ਸ਼ੁਦਾ ਰੇਟ ਨਾਲੋਂ ਘੱਟ ਮਿਲਣ ਦੇ ਚਰਚੇ ਰਹਿੰਦੇ ਹਨ। ਇਹ ਵੀ ਤਾਂ ਦੂਜਿਆਂ ਦਾ ਹੱਕ ਖੋਹਣਾ ਹੀ ਹੈ।
ਪਿਛਲੇ ਲੰਬੇ ਅਰਸੇ ਤੋਂ ਰੋਜ਼ਗਾਰ ਠੇਕੇ ਉੱਪਰ ਦੇਣ ਦੀ ਰਵਾਇਤ ਪ੍ਰਚੱਲਤ ਹੋ ਗਈ ਹੈ। ਜਿਹੜੀਆਂ ਅਸਾਮੀਆਂ ਉੱਪਰ ਰੈਗੂਲਰ ਕਰਮਚਾਰੀ ਵੱਡੀਆਂ ਤਨਖਾਹਾਂ ਲੈ ਕੇ ਕੰਮ ਕਰਦੇ ਹਨ, ਉਹਨਾਂ ਦੇ ਬਰਾਬਰ ਹੀ ਠੇਕਾ ਅਧਾਰਤ ਕਰਮਚਾਰੀ ਤੁਛ ਜਿਹੀ ਤਨਖਾਹ ਲੈ ਕੇ ਕਰਦੇ ਹਨ। ਕੀ ਇਹ ਪ੍ਰਕਿਰਿਆ ਪਰਾਇਆ ਹੱਕ ਖੋਹਣ ਵਾਲਾ ਵਿਤਕਰਾ ਨਹੀਂ? ਇਸ ਸਮਾਜ ਦੀ ਸਿਰਜਣਾ ਨੈਤਿਕ ਕਦਰਾਂ ਕੀਮਤਾਂ ਦੇ ਅਧਾਰ ’ਤੇ ਬੜੇ ਵਿਗਿਆਨਕ ਢੰਗ ਨਾਲ ਹੋਈ ਹੈ। ਮਨੁੱਖ ਇਸ ਸਮੁੱਚੇ ਬ੍ਰਹਿਮੰਡ ਦੀ ਇੱਕ ਸ਼ਾਹਕਾਰ ਰਚਨਾ ਹੈ। ਵਿਲੀਅਮ ਸ਼ੈਕਸਪੀਅਰ ਨੇ ਮਨੁੱਖੀ ਜ਼ਿੰਦਗੀ ਨੂੰ ਸੱਤ ਸਟੇਜਾਂ ਵਿੱਚ ਵੰਡ ਕੇ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ। ਦੁਨੀਆਂ ਦਾ ਹਰ ਵਿਅਕਤੀ ਜਾਣਦਾ ਹੈ ਕਿ ਉਸਦੀ ਜ਼ਿੰਦਗੀ ਨਾਸਵਾਨ ਹੈ, ਚਿਰ ਸਦੀਵੀ ਨਹੀਂ। ਫਿਰ ਉਹ ਅਨੈਤਿਕ ਕੰਮ ਕਿਉਂ ਕਰਦਾ ਹੈ? ਮਨੁੱਖ ਦਾ ਅਸਲ ਮਕਸਦ ਆਪੇ ਦੀ ਪਹਿਚਾਣ ਕਰਨਾ, ਹੋਰ ਤੋਂ ਹੋਰ ਗਿਆਨ ਪ੍ਰਾਪਤ ਕਰਨਾ, ਆਪ ਜੀਊਣਾ ਤੇ ਦੂਜਿਆਂ ਨੂੰ ਜੀਊਣ ਦੇਣਾ ਹੈ। ਲਾਲਚ, ਲਾਲਸਾ, ਹੰਕਾਰ ਤੇ ਸਵਾਰਥ ਸਭ ਇਨ੍ਹਾਂ ਉਦੇਸ਼ਾਂ ਦੇ ਦੁਸ਼ਮਣ ਹਨ। ਲੜਾਈਆਂ, ਯੁੱਧ ਤੇ ਤੰਗੀਆਂ ਤੁਰਸ਼ੀਆਂ ਮਨੁੱਖ ਦੇ ਹਾਣ ਦੇ ਨਹੀਂ ਤੇ ਇਸ ਨੂੰ ਸ਼ੋਭਾ ਵੀ ਨਹੀਂ ਦਿੰਦੇ। ਇਹ ਸਭ ਰਾਖਸ਼ੀ ਅਤੇ ਵਹਿਸ਼ੀਪੁਣੇ ਦੀ ਨਿਸਾਨੀ ਹੈ। ਲੋਕਰਾਜ ਤੇ ਕਲਿਆਣਕਾਰੀ ਸਰਕਾਰ ਬਹੁਤ ਸੋਹਣਾ ਸੱਭਿਆਚਾਰ ਹੈ। ਸਭ ਤਰ੍ਹਾਂ ਦੇ ਬੰਧਨਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਨੂੰ ਖੁਸ਼ੀਆਂ ਖੇੜਿਆਂ ਨਾਲ ਲਬਰੇਜ਼ ਕਰਨਾ ਸਭ ਦੀ ਜ਼ਿੰਮੇਵਾਰੀ ਹੈ। ਫਜ਼ੂਲ ਖਰਚਿਆਂ ਨੂੰ ਨੱਥ ਪਾ ਕੇ, ਵੀ.ਆਈ.ਪੀ ਕਲਚਰ ਤੋਂ ਖਹਿੜਾ ਛੁਡਾ ਕੇ ਸਾਦ ਮੁਰਾਦੀ ਅਤੇ ਸੋਹਣੀ ਜ਼ਿੰਦਗੀ ਜੀਊਣ ਨਾਲ ਮਹਿੰਗਾਈ, ਭ੍ਰਿਸ਼ਟਾਚਾਰ, ਹਊਮੈ ਅਤੇ ਸਵਾਰਥੀਪੁਣੇ ਦੀ ਲਾਲਸਾ ਆਪੇ ਖਤਮ ਹੋ ਜਾਂਦੀ ਹੈ। ਪਰ ਇੱਛਾ ਸ਼ਕਤੀ ਕਾਇਮ ਕਰਕੇ ਮਨ ਉੱਪਰ ਕੰਟਰੋਲ ਕਰਨਾ ਪੈਂਦਾ ਹੈ। ਇਸੇ ਲਈ ਹੀ ਸਿਆਣੇ ਕਹਿੰਦੇ ਹਨ- “ਮਨ ਜੀਤੇ ਜੱਗ ਜੀਤ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3555)
(ਸਰੋਕਾਰ ਨਾਲ ਸੰਪਰਕ ਲਈ: