BalwinderSBhullar7ਮੈਂ ਔਧਰ ਕਿਉਂ ਬੈਠਾਂ! ਮੈਂ ਤੈਥੋਂ ਕੋਈ ਘੱਟ ਆਂ?ਮੈਂ ਵੀ ਸੱਦਿਆ ਵਾ ਆਇਆਂ। ਮੈਂ ਤੇਰੀ ਦਾਰੂ ਨੀ ਪੀਂਦਾ, ਇਹ ਵਿਆਹ ...
(29 ਫਰਵਰੀ 2024)
ਇਸ ਸਮੇਂ ਪਾਠਕ: 720.

 

ਪਟਮੇਲੀ


ਆਹ ਭਾਈ ਜੀ ਕੀ ਰੌਲਾ ਪਈ ਜਾਂਦਾ ਐ ਪਰਲੇ ਵੇਹੜੇ ’ਚ?” ਗੁਹਾਰੇ ਦੀਆਂ ਪਾਥੀਆਂ ਠੀਕ ਕਰਦੀ ਨ੍ਹਾਮੀ ਨੇ ਕੋਲੋਂ ਲੰਘਦੇ ਆਪਣੇ ਘਰਾਂ ਵਿੱਚੋਂ ਜੇਠ ਲਗਦੇ ਦਿਆਲੇ ਨੂੰ ਪੁੱਛਿਆ

ਇਹ ਤਾਂ ਵੋਟਾਂ ਆਲੀ ਆਈ ਸੀ, ਘਰਾਂ ਦਾ ’ਕੱਠ ਕੀਤਾ ਸੀ ਨ੍ਹਾਮੀਏ।” ਦਿਆਲੇ ਨੇ ਦੱਸਿਆ

ਉਹ ਤਾਂ ਕੱਲ੍ਹ ਵੀ ਫਿਰਦੀ ਸੀ ਪਿੰਡ ਵਿੱਚ ਵੋਟਾਂ ਮੰਗਦੀ, ਊਂ ਤਾਂ ਕਦੇ ਆ ਕੇ ਨੀ ਛਿਪੀ” ਨ੍ਹਾਮੀ ਨੇ ਅੰਦਰਲਾ ਗੁੱਸਾ ਜ਼ਾਹਰ ਕੀਤਾ

ਕੱਲ੍ਹ ਤਾਂ ਵੱਡੇ ਘਰ ਆਲਿਆਂ ਦੀ ਬਹੂ ਆਈ ਸੀ, ਅੱਜ ਦੂਜੀ ਪਾਰਟੀ ਆਲਾ ਜਿਹੜਾ ਖੜ੍ਹੈ ਨਾ, ਉਹਦੀ ਬਹੂ ਸੀ ਵੋਟਾਂ ਮੰਗਣ ਆਲੀ” ਦਿਆਲੇ ਨੇ ਗੱਲ ਸਪਸ਼ਟ ਕੀਤੀ

ਹੱਛਾ! ਕੀ ਕਹਿੰਦੀ ਸੀ, ਦੂਜੀ ਪਾਲਟੀ ਆਲੀ?” ਨ੍ਹਾਮੀ ਨੇ ਜਾਣਕਾਰੀ ਹਾਸਲ ਕਰਨੀ ਚਾਹੀ

ਉਹ ਗੱਲਾਂ ਤਾਂ ਵਧੀਆ ਤੇ ਸੱਚੀਆਂ ਕਰਦੀ ਸੀ ਨ੍ਹਾਮੀਏ, ਕਹਿੰਦੀ, ਅਸੀਂ ਤਾਂ ਆਮ ਬੰਦੇ ਆਂ, ਸਾਡਾ ਹੁਣ ਮੁਕਾਬਲਾ ਵੱਡਿਆਂ ਨਾਲ ਆ ਇੱਥੇ ਹੁਣ ਲੜਾਈ ਅਮੀਰ ਗਰੀਬ ਦੀ ਆ, ਪੈਸੇ ਤੇ ਪਿਆਰ ਮੁਹੱਬਤ ਦੀ ਆਵੱਡਿਆਂ ਨਾਲ ਤਾਂ ਲਾਲਚ ਵਿੱਚ ਵੀ ਲੋਕ ਜੁੜ ਜਾਂਦੇ ਨੇ, ਸਾਨੂੰ ਤਾਂ ਥੋਡੇ ’ਤੇ ਈ ਮਾਣ ਐ ਗਰੀਬ ਲੋਕਾਂ ’ਤੇ, ਜਿਹੜੇ ਅਣਖ ਨਾਲ ਜਿਉਂਦੇ ਨੇ ਉਹਨੇ ਤਾਂ ਨ੍ਹਾਮੀਏ ਆਪਣੇ ਵਿਹੜੇ ਆਲੀਆਂ ਜਨਾਨੀਆਂ ਨਾਲ ਜੱਫੀਆਂ ਪਾ ਪਾ ਕੇ ਫੋਟੂਆਂ ਵੀ ਲੁਹਾਈਆਂ ਤੇ ਕਹਿੰਦੀ ਸੀ ਵੋਟਾਂ ਤੋਂ ਮਗਰੋਂ ਸਾਰਿਆਂ ਦੇ ਘਰੀਂ ਵੀ ਆਉਂਗੀ।”

ਇਹ ਸੁਣ ਕੇ ਨ੍ਹਾਮੀ ਨੇ ਕਿਹਾ, “ਫਿਰ ਤਾਂ ਭਾਈ ਜੀ ਵਿਚਾਰੀ ਚੰਗੀ ਐ, ਦੂਜਿਆਂ ਦੀ ਬਹੂ ਤਾਂ ਆਬਦੇ ਕੋਲ ਵੀ ਨੀ ਖੜ੍ਹਨ ਦਿੰਦੀ, ਜਿਵੇਂ ਸਾਡੇ ਵਿੱਚੋਂ ਮੁਸ਼ਕ ਆਉਂਦਾ ਹੋਵੇ।”

ਚੰਗਾ ਫਿਰ ਨ੍ਹਾਮੀ! ਐਤਕੀਂ ਇਹਨਾਂ ਵਾਲਾ ਬਟਨ ਦਬਾ ਦੇਈਂ ਉਹਨਾਂ ਦੇ ਤਾਂ ਪਹਿਲਾਂ ਕਈ ਵਾਰ ਦਬਾ ਕੇ ਦੇਖ ਲਏ ਨੇ।” ਦਿਆਲੇ ਨੇ ਗੱਲ ਸਿਰੇ ਲਾਈ

ਬਟਨ ਤਾਂ ਮੈਂ ਦਬਾ ਦੂੰ ਭਾਈ ਜੀ! ਪਰ ਕਿਤੇ ਮਸ਼ੀਨਾਂ ਨੂੰ ਈ ਨਾ ਕੋਈ ਪਟਮੇਲੀ ਪੈ ਜੇ?” ਨ੍ਹਾਮੀ ਦੇ ਅੰਦਰਲੀ ਚਿੰਤਾ ਮੂੰਹ ’ਤੇ ਆ ਗਈ

                                             *   *   *

ਪਿੰਡ ਦੀਆਂ ਗਰਾਂਟਾਂ

ਵਿਆਹ ਦੀ ਪਾਰਟੀ ਵਿੱਚ ਹਾਜ਼ਰੀ ਭਰਵੀਂ ਸੀਮੇਜ਼ਾਂ ਦੁਆਲੇ ਕੁਰਸੀਆਂ ਡਾਹੀਆਂ ਹੋਈਆਂ ਮੇਜ਼ ਵਿਸਕੀ ਦੀਆਂ ਬੋਤਲਾਂ, ਖਾਰਿਆਂ, ਪਾਣੀ ਦੇ ਜੱਗਾਂ, ਸਲਾਦ ਦੀਆਂ ਪਲੇਟਾਂ, ਮੱਛੀ ਦੇ ਪਕੌੜਿਆਂ ਤੇ ਰੋਸਟਡ ਚਿਕਨ ਦੇ ਡੌਂਗਿਆਂ ਨਾਲ ਭਰੇ ਹੋਏ ਸਨਆਪਣੇ ਆਪਣੇ ਸਾਥੀਆਂ ਨਾਲ ਗਰੁੱਪ ਬਣਾ ਕੇ ਬੈਠੇ ਸੱਜਣ ਪੈੱਗ ਲਾਉਂਦੇ, ਹਾਸਾ ਠੱਠਾ ਕਰਦੇ ਜਸ਼ਨ ਮਨਾ ਰਹੇ ਸਨ

ਪਿੰਡ ਦਾ ਸਾਬਕਾ ਸਰਪੰਚ ਮੱਘਰ ਸਿੰਘ ਚਿੱਟੇ ਕੁੜਤੇ ਪਜਾਮੇ, ਅਸਮਾਨੀ ਪੱਗ ਤੇ ਦਾਖੀ ਜੈਕਟ ਪਹਿਨੀ ਪੂਰਾ ਫਬਦਾ ਸੀਉਸਦੇ ਗਰੁੱਪ ਵਿੱਚ ਉਸ ਨਾਲ ਪਿੰਡ ਦੇ ਕਈ ਪਤਵੰਤੇ ਵਿਅਕਤੀ ਤੇ ਉਸ ਨਾਲ ਰਹੇ ਦੋ ਪੰਚ ਵੀ ਬੈਠੇ ਸਨਸਰਪੰਚ ਦੀ ਟੌਹਰ ਸਾਰੇ ਇਕੱਠ ਵਿੱਚੋਂ ਵੱਖਰੀ ਸੀਪਿੰਡਵਾਸੀ ਉਸ ਕੋਲ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰ ਰਹੇ ਸਨ‘ਸਰਪੰਚ ਸਾਹਿਬ, ਸਰਪੰਚ ਸਾਹਿਬ’ ਹੋ ਰਹੀ ਸੀਮੱਘਰ ਸਿੰਘ ਚੌੜਾ ਹੋ ਕੇ ਬੈਠਾ ਕਦੇ ਸਿਰ ਹਿਲਾ ਕੇ ਹਾਜ਼ਰੀ ਕਬੂਲ ਕਰਦਾ ਕਦੇ ਹੱਥ ਹਿਲਾ ਕੇ

ਖਿੱਲੂ ਬਾਜੀਗਰ ਨੂੰ ਵੀ ਵਿਆਹ ਵਾਲਿਆਂ ਨੇ ਸੱਦਿਆ ਹੋਇਆ ਸੀ, ਜੋ ਉਹਨਾਂ ਦੇ ਘਰੇਲੂ ਕੰਮਾਂ ਧੰਦਿਆਂ ਵਿੱਚ ਹੱਥ ਵਟਾਇਆ ਕਰਦਾ ਸੀਉਹ ਪੰਡਾਲ ਦੇ ਇੱਕ ਪਾਸੇ ਬੈਠਾ ਪੈੱਗ ਲਾ ਲਾ ਕੇ ਵਾਹਵਾ ਕਰਾਰਾ ਜਿਹਾ ਹੋ ਗਿਆ ਸੀਹੁਣ ਉਹ ਵੀ ਆਪਣੇ ਆਪ ਨੂੰ ਕਿਸੇ ਬਾਦਸ਼ਾਹ ਤੋਂ ਘੱਟ ਨਹੀਂ ਸੀ ਸਮਝ ਰਿਹਾਉਹ ਉੱਠਿਆ ਤੇ ਸਰਪੰਚ ਵਾਲੇ ਗਰੁੱਪ ਵਿੱਚ ਪਈ ਇੱਕ ਖਾਲੀ ਕੁਰਸੀ ’ਤੇ ਜਾ ਬੈਠਾ

ਖਿੱਲੂ! ਅਸੀਂ ਕੋਈ ਰਾਇ ਮਸ਼ਵਰਾ ਕਰ ਰਹੇ ਸੀ, ਜੇ ਤੂੰ ਔਧਰ ਬੈਠ ਜਾਏਂ।” ਸਰਪੰਚ ਮੱਘਰ ਸਿੰਘ ਨੇ ਪਰੇ ਪਈ ਖਾਲੀ ਕੁਰਸੀ ਵੱਲ ਇਸ਼ਾਰਾ ਕਰਦਿਆਂ ਕਿਹਾਸ਼ਾਇਦ ਉਸ ਨੂੰ ਖਿੱਲੂ ਦਾ ਕੋਲ ਬੈਠਣਾ ਚੰਗਾ ਨਹੀਂ ਸੀ ਲੱਗ ਰਿਹਾ

ਮੈਂ ਔਧਰ ਕਿਉਂ ਬੈਠਾਂ! ਮੈਂ ਤੈਥੋਂ ਕੋਈ ਘੱਟ ਆਂ, ਮੈਂ ਵੀ ਸੱਦਿਆ ਵਾ ਆਇਆਂਮੈਂ ਤੇਰੀ ਦਾਰੂ ਨੀ ਪੀਂਦਾ, ਇਹ ਵਿਆਹ ਵਾਲਿਆਂ ਦੀ ਐ।” ਖਿੱਲੂ ਵੀ ਦਲੇਰੀ ਫੜ ਗਿਆ ਸੀ

ਮੈਨੂੰ ਵੀ ਪਤੈ ਵੀ ਤੂੰ ਵਿਆਹ ਵਾਲਿਆਂ ਦੀ ਪੀਨੈਂ ... ਨਾਲੇਮੈਂਕਿਹੜਾਤੈਨੂੰਆਪਣੀ ਪਿਆਉਣ ਲੱਗਾ ਆਂ, ਮੈਂ ਤਾਂ ਬੱਸ ਤੈਨੂੰ ਔਧਰ ਬੈਠਣ ਨੂੰ ਹੀ ਕਿਹੈ।” ਸਰਪੰਚ ਨੇ ਟਾਲਾ ਵੱਟਣ ਦੀ ਕੋਸ਼ਿਸ਼ ਕੀਤੀ

ਤੂੰ ਮੈਨੂੰ ਦਾਰੂ ਕੀ ਪਿਆਏਂਗਾ ਸਰਪੰਚਾ! ਜਿਹੜਾ ਪਿੰਡ ਦੀਆਂ ਸਰਕਾਰੀ ਗਰਾਂਟਾਂ ਛਕ ਗਿਆ ਐਂ? ਅਸੀਂ ਮਿਹਨਤ ਕਰਨ ਆਲੇ ਆਦਮੀ ਆਂ, ਨਾ ਹਰਾਮ ਦਾ ਪੈਸਾ ਖਾਈਏ ਤੇ ਨਾ ਹਰਾਮ ਦੀ ਦਾਰੂ ਪੀਈਏ।” ਖਿੱਲੂ ਨੇ ਸਿਰੇ ਦੀ ਸੁਣਾ ਦਿੱਤੀ

ਸਰਪੰਚ ਉੱਠਿਆ ਤੇ ਨੀਵੀਂ ਪਾਈ ਘਰ ਨੂੰ ਤੁਰ ਪਿਆਉਸ ਕੋਲ ਖਿੱਲੂ ਬਾਜੀਗਰ ਦੀ ਗੱਲ ਦਾ ਕੋਈ ਜਵਾਬ ਨਹੀਂ ਸੀ

ਖਿੱਲੂ ਹੁਣ ਜੇਤੂ ਪਹਿਲਵਾਨ ਵਾਂਗ ਚੌੜਾ ਹੋਇਆ ਬੈਠਾ ਸੀ

                        *   *   *

ਮੀਟਿੰਗਾਂ


ਨਵੇਂ ਆਏ ਐੱਸ ਐੱਸ ਪੀ ਨੇ ਥਾਣੇ ਦਾ ਦੌਰਾ ਕਰਨ ਦਾ ਪ੍ਰੋਗਰਾਮ ਤੈਅ ਕਰਦਿਆਂ ਥਾਣਾ ਮੁਖੀ ਨੂੰ ਹਦਾਇਤ ਕੀਤੀ ਕਿ ਸੋਮਵਾਰ ਵਾਲੇ ਦਿਨ ਥਾਣੇ ਨਾਲ ਸਬੰਧਤ ਬਦਮਾਸ਼, ਅਪਰਾਧੀ ਬੁਲਾਏ ਜਾਣ
ਉਹਨਾਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਪਤਵੰਤੇ ਵਿਅਕਤੀਆਂ ਨੂੰ ਸੱਦਾ ਭੇਜਿਆ ਜਾਵੇਉਹਨਾਂ ਨਾਲ ਵੀ ਗੱਲਬਾਤ ਕਰਕੇ ਸੁਝਾਅ ਲਏ ਜਾਣਗੇ

ਮਿਥੇ ਸਮੇਂ ’ਤੇ ਐੱਸ ਐੱਸ ਪੀ ਸਾਹਿਬ ਪਹੁੰਚ ਗਏਥਾਣੇ ਦੇ ਵਿਹੜੇ ਵਿੱਚ ਵਿਛਾਈਆਂ ਦਰੀਆਂ ਉੱਤੇ ਅਪਰਾਧੀ ਕਿਸਮ ਦੇ ਲੋਕ ਬੈਠੇ ਸਨ, ਮੂਹਰੇ ਕੁਰਸੀ ਡਾਹੀ ਹੋਈ ਸੀਐੱਸ ਐੱਸ ਪੀ ਸਾਹਿਬ ਕੁਰਸੀ ’ਤੇ ਸ਼ਸ਼ੋਭਤ ਹੋਏ ਅਤੇ ਕਹਿਣ ਲੱਗੇ, “ਮੈਂ ਇਸ ਥਾਣੇ ਦੇ ਖੇਤਰ ਵਿੱਚ ਸ਼ਾਂਤੀ ਦੇਖਣੀ ਚਾਹੁੰਦਾ ਹਾਂ, ਆਪਣੇ ਆਪ ਅਪਰਾਧਿਕ ਕੰਮਾਂ ਤੋਂ ਪਾਸਾ ਵੱਟ ਲਓਜੇਕਰ ਕਿਸੇ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।”

ਆਪਣਾ ਭਾਸ਼ਣ ਖਤਮ ਕਰਨ ਉਪਰੰਤ ਐੱਸ ਐੱਸ ਪੀ ਸਾਹਿਬ ਖਾਣਾ ਖਾਣ ਚਲੇ ਗਏ ਅਤੇ ਦੂਜੀ ਮੀਟਿੰਗ ਲਈ ਪ੍ਰਬੰਧ ਸ਼ੁਰੂ ਕਰ ਦਿੱਤੇ ਗਏੇ

ਐੱਸ ਐੱਸ ਪੀ ਸਾਹਿਬ ਮੁੜ ਕੇ ਆਏ ਤਾਂ ਦਰੀਆਂ ਚੁੱਕ ਕੇ ਕੁਰਸੀਆਂ ਡਾਹ ਦਿੱਤੀਆਂ ਗਈਆਂ ਸਨ, ਜੋ ਖਚਾਖਚ ਭਰੀਆਂ ਹੋਈਆਂ ਸਨਐੱਸ ਐੱਸ ਪੀ ਸਾਹਿਬ ਸਾਹਮਣੇ ਪਈ ਕੁਰਸੀ ’ਤੇ ਬੈਠ ਕੇ ਸੁਝਾਅ ਮੰਗਣ ਹੀ ਲੱਗੇ ਸਨ ਕਿ ਸਾਹਮਣੇ ਬੈਠੇ ਲੋਕਾਂ ਵਿੱਚ ਵਧੇਰੇ ਚਿਹਰੇ ਉਹੀ ਦਿਖਾਈ ਦਿੱਤੇ ਜੋ ਪਹਿਲੀ ਮੀਟਿੰਗ ਵਿੱਚ ਦਰੀਆਂ ’ਤੇ ਬੈਠੇ ਸਨਉਹਨਾਂ ਥਾਨਾ ਮੁਖੀ ਨੂੰ ਆਪਣੇ ਪਾਸ ਬੁਲਾ ਕੇ ਪੁੱਛਿਆ ਕਿ ਇਹ ਕੀ ਮਾਜਰਾ ਹੈ ਉਹੀ ਬੰਦੇ ਅਪਰਾਧੀਆਂ ਵਿੱਚ ਸ਼ਾਮਲ ਸਨ ਅਤੇ ਉਹੀ ਹੁਣ ਪਤਵੰਤੇ ਸੱਜਣਾਂ ਵਿੱਚ ਬੈਠੇ ਹਨ?

ਜਨਾਬ ਇਹ ਲੋਕ ਪੰਚ ਸਰਪੰਚ ਜਾਂ ਸਿਆਸੀ ਪਾਰਟੀਆਂ ਦੇ ਅਹੁਦੇਦਾਰ ਹਨ, ਜਿਹਨਾਂ ਨੂੰ ਪਤਵੰਤੇ ਵਿਅਕਤੀ ਕਿਹਾ ਜਾਂਦਾ ਹੈ, ਪਰ ਇਹਨਾਂ ਲੋਕਾਂ ਉੱਤੇ ਜ਼ਮੀਨਾਂ ਪਲਾਟਾਂ ’ਤੇ ਕਬਜੇ ਕਰਨ, ਦਾਜ ਦਹੇਜ ਮੰਗਣ, ਕੁੱਟਮਾਰ, ਲੁੱਟਮਾਰ ਕਰਨ, ਬੂਥਾਂ ’ਤੇ ਕਬਜ਼ੇ ਕਰਨ ਵਰਗੇ ਮੁਕੱਦਮੇ ਦਰਜ ਹਨ, ਇਸ ਲਈ ਇਹੀ ਲੋਕ ਅਪਰਾਧੀ ਮੰਨੇ ਜਾਂਦੇ ਹਨ।”

ਥਾਣਾ ਮੁਖੀ ਨੇ ਅਸਲੀਅਤ ਪੇਸ਼ ਕੀਤੀ ਤਾਂ ਐੱਸ ਐੱਸ ਪੀ ਸੋਚਾਂ ਵਿੱਚ ਡੁੱਬ ਗਿਆ

                                       *   *   *

ਬੁਢੇਪਾ


ਸ੍ਰ. ਜਸਵੰਤ ਸਿੰਘ ਬੈਂਕ ਮੈਨੇਜਰ ਵਜੋਂ ਸੇਵਾਮੁਕਤ ਹੋ ਕੇ ਸ਼ਹਿਰ ਦੇ ਅਮੀਰ ਇਲਾਕੇ ਵਿੱਚ ਹਜ਼ਾਰ ਗਜ਼ ਦੀ ਸ਼ਾਨਦਾਰ ਕੋਠੀ ਵਿੱਚ ਇਕੱਲਾ ਜੀਵਨ ਦੇ ਅਖੀਰਲੇ ਵਰ੍ਹੇ ਗੁਜ਼ਾਰ ਰਿਹਾ ਹੈ
ਉਸਦਾ ਵੱਡਾ ਪੁੱਤਰ ਹਰਦੀਪ ਸਿੰਘ ਸੁਪਰੀਮ ਕੋਰਟ ਦਾ ਵਕੀਲ ਹੋਣ ਸਦਕਾ ਪਰਿਵਾਰ ਸਮੇਤ ਦਿੱਲੀ ਦਾ ਪੱਕਾ ਵਸਨੀਕ ਬਣ ਗਿਆ ਅਤੇ ਛੋਟੇ ਬਲਦੀਪ ਸਿੰਘ ਨੇ ਕਲਕੱਤੇ ਵਿੱਚ ਟਰਾਂਸਪੋਰਟ ਦਾ ਕੰਮ ਕਾਫ਼ੀ ਵਧਾ ਲਿਆ ਤੇ ਉੱਥੋਂ ਦਾ ਵਾਸੀ ਬਣ ਗਿਆ

ਜਸਵੰਤ ਸਿੰਘ ਤੇ ਉਸਦੀ ਧਰਮਪਤਨੀ ਮਨਜੀਤ ਕੌਰ ਲੁਧਿਆਣਾ ਸਥਿਤ ਆਪਣੀ ਇਸ ਕੋਠੀ ਵਿੱਚ ਰਹਿੰਦੇ ਸਨਦੋ ਕੁ ਮਹੀਨੇ ਪਹਿਲਾਂ ਮਨਜੀਤ ਕੌਰ ਦਾ ਗੁਸਲਖਾਨੇ ਵਿੱਚ ਡਿਗਣ ਸਦਕਾ ਚੂਲ਼ਾ ਟੁੱਟ ਗਿਆਭਾਵੇਂ ਕਈ ਨੂੰਹਾਂ ਤੇ ਪੋਤ ਨੂੰਹਾਂ ਸਨ, ਪਰ ਆਪਣੀ ਬੇਬੇ ਨੂੰ ਸੰਭਾਲਣ ਲਈ ਕੋਈ ਨਾ ਉਸਦੇ ਕੋਲ ਰਹਿ ਸਕਦੀ ਸੀ ਤੇ ਨਾ ਹੀ ਰਹੀਜਸਵੰਤ ਸਿੰਘ ਭਾਵੇਂ ਖੁਦ ਨੱਬੇ ਸਾਲਾਂ ਨੂੰ ਟੱਪ ਗਿਆ ਸੀ, ਉਹ ਹੀ ਆਪਣੀ ਜੀਵਨ ਸਾਥਣ ਦੀ ਸਾਂਭ ਸੰਭਾਲ ਕਰਦਾਮਨਜੀਤ ਕੌਰ ਦੋ ਕੁ ਮਹੀਨੇ ਦੁੱਖ ਭੋਗ ਕੇ ਉਹ ਚਲਾਣਾ ਕਰ ਗਈਪੁੱਤਾਂ ਨੂੰਹਾਂ ਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਸਸਕਾਰ ’ਤੇ ਵੀ ਨਾ ਪਹੁੰਚਿਆ ਜਾ ਸਕਿਆ, ਕਿਉਂਕਿ ਕਾਰੋਬਾਰ ਹੀ ਅਜਿਹੇ ਸਨ, ਜਿਹਨਾਂ ਤੋਂ ਵਿਹਲੇ ਹੋਣ ਲਈ ਕਈ ਦਿਨ ਪਹਿਲਾਂ ਪ੍ਰੋਗਰਾਮ ਉਲੀਕਣਾ ਪੈਂਦਾ ਸੀਭੋਗ ਵਾਲੇ ਦਿਨ ਸਾਰੇ ਜ਼ਰੂਰ ਅੱਪੜ ਗਏ ਤੇ ਦੂਜੇ ਦਿਨ ਵਾਪਸ ਚਲੇ ਗਏ

ਜਸਵੰਤ ਸਿੰਘ ਹੁਣ ਘਰ ਵਿੱਚ ਇਕੱਲਾ ਸੀਉਸਦਾ ਮਨ ਬਹੁਤ ਉਦਾਸ ਰਹਿੰਦਾ ਤੇ ਵਿਹੜੇ ਵਿੱਚ ਕੁਰਸੀ ਡਾਹ ਕੇ ਬੈਠਾ ਸੋਚਾਂ ਵਿੱਚ ਡੁੱਬਿਆ ਰਹਿੰਦਾਨੌਕਰ ਜੋ ਬਣਾਉਂਦਾ, ਰੱਬ ਦਾ ਸ਼ੁਕਰਾਨਾ ਕਰਕੇ ਖਾ ਛਡਦਾਇੱਕ ਦਿਨ ਉਸਦਾ ਪੁਰਾਣਾ ਸਾਥੀ ਬੰਤ ਸਿੰਘ ਉਸ ਨਾਲ ਦੁੱਖ ਸੁਖ ਕਰਨ ਆਇਆਗੱਲਾਂ ਕਰਦਿਆਂ ਵਿਦੇਸ਼ਾਂ ਵਿੱਚ ਰਹਿੰਦੇ ਪਰਿਵਾਰਾਂ ਦੀ ਗੱਲ ਛਿੜ ਪਈਬੰਤ ਸਿੰਘ ਨੇ ਦੱਸਿਆ ਕਿ ਦੁਆਬੇ ਦੇ ਬਹੁਤੇ ਪਰਿਵਾਰ ਬਾਹਰ ਹੀ ਰਹਿੰਦੇ ਨੇ ਇੱਧਰਲੇ ਘਰਾਂ ਵਿੱਚ ਤਾਂ ਕੇਵਲ ਬਜ਼ੁਰਗ ਬੈਠੇ ਬੁਢੇਪਾ ਹੰਢਾ ਰਹੇ ਹਨਜੇ ਕੋਈ ਬਜ਼ੁਰਗ ਚਲਾਣਾ ਕਰ ਜਾਵੇ ਤਾਂ ਉਹਨਾਂ ਦੀ ਔਲਾਦ ਸਸਕਾਰ ’ਤੇ ਵੀ ਨਹੀਂ ਪਹੁੰਚ ਸਕਦੀਇਹ ਜ਼ਿੰਮੇਵਾਰੀ ਵੀ ਹੋਰ ਲੋਕ ਹੀ ਨਿਭਾਉਂਦੇ ਹਨਕਾਹਦੀ ਜ਼ਿੰਦਗੀ ਹੈ, ਉਹਨਾਂ ਬਜ਼ੁਰਗਾਂ ਦੀ ਜਿਹਨਾਂ ਆਪਣੀ ਔਲਾਦ ਨੂੰ ਪੜ੍ਹਾ ਲਿਖਾ ਕੇ ਭਾਰੀ ਖ਼ਰਚ ਕਰਕੇ ਵਿਦੇਸ਼ਾਂ ਵਿੱਚ ਭੇਜਿਆ ਹੈ

ਇਹ ਸੁਣਦਿਆਂ ਜਸਵੰਤ ਸਿੰਘ ਦੇ ਗਲੇਡੂ ਭਰ ਆਏ ਤੇ ਉਸਨੇ ਕਿਹਾ, “ਭਰਾਵਾ, ਉਹ ਤਾਂ ਵਿਦੇਸ਼ਾਂ ਵਿੱਚ ਬੈਠੇ ਨੇ? ਮੇਰੇ ਤਾਂ ਦੇਸ਼ ਵਿੱਚ ਬੈਠੇ ਵੀ ਆਪਣੀ ਮਾਂ ਨੂੰ ਦੁਨੀਆਂ ਤੋਂ ਵਿਦਾ ਕਰਨ ਨਹੀਂ ਪਹੁੰਚੇਮੇਰਾ ਤਾਂ ਸ਼ਾਇਦ ਕਿਸੇ ਨੇ ਮਰਨ ਦਾ ਸੁਨੇਹਾ ਵੀ ਨਹੀਂ ਦੇਣਾ ਤੇ ਲਾਸ਼ ਵੀ ਅੰਦਰ ਪਈ ਗਲ ਸੜ ਜੂਪਾਲੇ ਤੇ ਪੜ੍ਹਾਏ ਤਾਂ ਮੈਂ ਵੀ ਬੁਢੇਪੇ ਦਾ ਸਹਾਰਾ ਬਣਾਉਣ ਲਈ ਸੀ।” ਇਹ ਕਹਿੰਦਿਆਂ ਜਸਵੰਤ ਸਿੰਘ ਦੀਆਂ ਅੱਖਾਂ ਵਿੱਚੋਂ ਨੀਰ ਆਪ ਮੁਹਾਰੇ ਵਗ ਤੁਰਿਆ

* * * * *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4763)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

More articles from this author