LehmberSTaggar 7ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਲੋਕਤੰਤਰਕ ਸ਼ਕਤੀਆਂ ਦਾ ਕਾਫਲਾ ਹੋਰ ਅੱਗੇ ਵਧੇਗਾ ਅਤੇ ਫਿਰਕੂ ...
(2 ਜੁਲਾਈ 2024)
ਇਸ ਸਮੇਂ ਪਾਠਕ:  220.


ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਰੱਬ ਬਣ ਬੈਠਣ ਦੀ ਵੀ ਇੱਕ ਲੰਬੀ ਕਹਾਣੀ ਹੈ। ਜਦੋਂ 2014 ਵਿੱਚ ਸ਼੍ਰੀ ਨਰਿੰਦਰ ਮੋਦੀ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੇ ਨਿਮਰ ਹੋਣ ਦਾ ਵਿਖਾਵਾ ਕਰਦਿਆਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਮੈਂ ਤਾਂ ‘ਪ੍ਰਧਾਨ ਸੇਵਕ’ ਹਾਂ। ਦੋ ਚਾਰ ਸਾਲਾਂ ਬਾਅਦ ਉਹ ਕਹਿਣ ਲੱਗ ਪਏ ਕਿ ਮੈਂ ਤਾਂ ਭਾਰਤ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਲਾ ‘ਚੌਕੀਦਾਰ’ ਹਾਂ। ਮੂਹਰਿਉਂ ਰਾਹੁਲ ਗਾਂਧੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ‘ਚੌਕੀਦਾਰ ਚੋਰ ਹੈ’। ਗੁੱਸੇ ’ਚ ਆ ਕੇ ਸ਼੍ਰੀ ਨਰਿੰਦਰ ਮੋਦੀ ਅਤੇ ਉਸਦੇ ਚੱਟਿਆਂ ਵੱਟਿਆਂ ਅਤੇ ਅੰਧਭਗਤਾਂ ਨੇ ਸ਼੍ਰੀ ਮੋਦੀ ਨੂੰ ਕੇਵਲ ਭਾਰਤ ਦਾ ਹੀ ਨਹੀਂ ਬਲਕਿ ਸਾਰੇ ਸੰਸਾਰ ਦਾ ‘ਵਿਸ਼ਵ ਗੁਰੂ’ ਹੀ ਐਲਾਨ ਦਿੱਤਾ। ‘ਵਿਸ਼ਵ ਗੁਰੂ’ ਦੇ ਹੰਕਾਰ ਦਾ ਸਫਰ ਵਧਦਾ ਵਧਦਾ ਇੱਥੋਂ ਤੱਕ ਵਧ ਗਿਆ ਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੇ ਆਪ ਨੂੰ ਭਗਵਾਨ ਵੱਲੋਂ ਕਿਸੇ ਵਿਸ਼ੇਸ਼ ਮੰਤਵ ਲਈ ਧਰਤੀ ’ਤੇ ਭੇਜਿਆ ਹੋਇਆ ‘ਰੱਬ’ ਹੀ ਐਲਾਨ ਦਿੱਤਾ। ਇਹ ਐਲਾਨਣ ਲਈ ਸ਼੍ਰੀ ਮੋਦੀ ਨੇ ਮਿਥ ਵਿੱਚ ਪ੍ਰਚਲਤ ਉਸ ਮਿਥਹਾਸ ਦਾ ਸਹਾਰਾ ਲਿਆ, ਜਿਸ ਵਿੱਚ ਕਿਹਾ ਜਾਂਦਾ ਹੈ ਕਿ ‘ਜਦੋਂ ਧਰਤੀ ’ਤੇ ਪਾਪ ਵਧ ਜਾਂਦੇ ਹਨ ਤਾਂ ਫਿਰ ਪਾਪ ਤੇ ਪਾਪੀਆਂ ਦਾ ਅੰਤ ਕਰਨ ਲਈ ਰੱਬ ਖੁਦ ਕਿਸੇ ਅਵਤਾਰ ਦੇ ਰੂਪ ਵਿੱਚ ਧਰਤੀ ’ਤੇ ਆਉਂਦਾ ਹੈ ਜਿਵੇਂ ਕਿ ‘ਭਗਵਾਨ ਸ਼੍ਰੀ ਰਾਮ ਚੰਦਰ, ਭਗਵਾਨ ਸ਼੍ਰੀ ਕ੍ਰਿਸ਼ਨ’ ਅਤੇ ਹੋਰ ਬਹੁਤ ਸਾਰੇ ਮਹਾਂਪੁਰਸ਼। ਪਰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸਾਡੇ ਭਾਰਤ ਦੇ ਮਹਾਨ ਲੋਕਾਂ ਨੇ ਇਸ ਹੰਕਾਰੇ ਹੋਏ ਹਾਕਮ ਨੂੰ ਉਸਦੀ ਅਸਲੀ ਔਕਾਤ ਦਿਖਾ ਦਿੱਤੀ ਹੈ ਕਿ ਮੋਦੀ ਸਾਹਿਬ ਤੁਸੀਂ ਰੱਬ ਨਹੀਂ ਹੋ ਬਲਕਿ ਬਾਕੀ ਲੋਕਾਂ ਵਾਂਗ ਤੁਸੀਂ ਵੀ ਇੱਕ ਸਾਧਾਰਨ ਆਦਮੀ ਵਾਂਗ ਇੱਕ ਬੰਦੇ ਦੇ ਹੀ ਪੁੱਤਰ ਹੋ। ਸਾਡਾ ਨਹੀਂ ਖਿਆਲ ਕਿ ਮੋਦੀ ਹੁਣ ਮੁੜਕੇ ਆਪਣੇ ਆਪ ਨੂੰ ਆਪ ਹੀ ‘ਰੱਬ’ ਕਹਿਣ ਜਾਂ ਸਮਝਣ ਦੀ ਜੁਰਅਤ ਕਰੇਗਾ। ਪਰ ਹਾਂ ਜੇਕਰ ਸਾਡੀ ਸਮਝ ਨਾਲੋਂ ਵੀ ਵਧ ਢੀਠ ਹੋਇਆ ਤਾਂ ਫੇਰ ਪਤਾ ਨਹੀਂ।

ਜਿਸ ਸਮੇਂ ਤੋਂ ਭਾਰਤ ਵਿੱਚ ਆਰ.ਐੱਸ.ਐੱਸ. ਵਰਗੀ ਫਾਸ਼ੀਵਾਦੀ ਸੰਸਥਾ ਤੋਂ ਹਿਦਾਇਤਾਂ ਪ੍ਰਾਪਤ ਕਰਨ ਵਾਲੀ ਪਾਰਟੀ ਬੀ.ਜੇ.ਪੀ. ਦੀ ਮੋਦੀ ਸਰਕਾਰ ਨੇ ਦੇਸ਼ ਵਿੱਚ ਫਿਰਕੂ, ਫਾਸ਼ੀ ਅਤੇ ਹਿੰਦੂਤਵੀ ਏਜੰਡਾ ਲਾਗੂ ਕਰਨਾ ਸ਼ੁਰੂ ਕੀਤਾ, ਉਸ ਸਮੇਂ ਤੋਂ ਹੀ ਅਸੀਂ ਵਾਰ-ਵਾਰ, ਲਗਾਤਾਰ ਇਹ ਵਿਚਾਰ ਪੇਸ਼ ਕਰਦੇ ਆ ਰਹੇ ਹਾਂ ਕਿ ਸਾਡੇ ਦੇਸ਼ ਭਾਰਤ ਦੇ ਮਹਾਨ ਲੋਕ ਆਰ.ਐੱਸ.ਐੱਸ., ਬੀ.ਜੇ.ਪੀ ਅਤੇ ਮੋਦੀ ਸਰਕਾਰ ਵੱਲੋਂ ਦੇਸ਼ ਵਿੱਚ ਪੈਦਾ ਕੀਤੇ ਜਾ ਰਹੇ ਬੇਹੱਦ ਗੰਭੀਰ ਅਤੇ ਖਤਰਨਾਕ ਦੌਰ ਦਾ ਵੀ ਉਸੇ ਤਰ੍ਹਾਂ ਮੁਕਾਬਲਾ ਕਰ ਲੈਣਗੇ ਅਤੇ ਇਸ ਨੂੰ ਵੀ ਸਰ ਕਰ ਲੈਣਗੇ ਜਿਸ ਤਰ੍ਹਾਂ ਸਾਡੇ ਲੋਕਾਂ ਨੇ ਬ੍ਰਿਟਿਸ਼ ਸਾਮਰਾਜਵਾਦੀਆਂ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਐਮਰਜੈਂਸੀ ਰੂਪੀ ਤਾਨਾਸ਼ਾਹੀ ਦੌਰ ਨੂੰ ਹਰਾਇਆ ਸੀ। 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਸਾਡੇ ਇਨ੍ਹਾਂ ਵਿਚਾਰਾਂ ਅਤੇ ਦ੍ਰਿੜ੍ਹ ਵਿਸ਼ਵਾਸ ਨੂੰ ਸਹੀ ਸਾਬਤ ਕਰ ਦਿੱਤਾ ਹੈ। ਇਨ੍ਹਾਂ ਚੋਣ ਨਤੀਜਿਆਂ ਨੇ ਮੋਦੀ ਸਰਕਾਰ ਦੇ ਲਗਾਤਾਰ ਅੱਗੇ ਵਧਦੇ ਜਾ ਰਹੇ ਫਿਰਕੂ, ਫਾਸ਼ੀ, ਹਿੰਦੂਤਵਵਾਦੀ ਰੱਥ ਨੂੰ ਨਾ ਕੇਵਲ ਰੋਕ ਹੀ ਦਿੱਤਾ ਹੈ ਬਲਕਿ ਪਿੱਛੇ ਨੂੰ ਧੱਕ ਦਿੱਤਾ ਹੈ।

ਭਾਰਤ ਦੇ ਲੋਕ ਭੁੱਲੇ ਨਹੀਂ ਹਨ ਕਿ ਕੁੱਝ ਸਾਲ ਪਹਿਲਾਂ ਬੀ.ਜੇ.ਪੀ. ਵੱਲੋਂ ‘ਕਾਂਗਰਸ ਮੁਕਤ ਭਾਰਤ’ ‘ਕਮਿਊਨਿਸਟ ਮੁਕਤ ਭਾਰਤ’ ਅਤੇ ਅੰਤ ‘ਅਪੋਜੀਸ਼ਨ ਮੁਕਤ’ ‘ਵਿਰੋਧੀ ਧਿਰ ਮੁਕਤ ਭਾਰਤ’ ਦੇ ਨਾਅਰੇ ਵੀ ਬੁਲੰਦ ਕੀਤੇ ਗਏ ਸਨ। ਵਰਤਮਾਨ ਚੋਣ ਨਤੀਜਿਆਂ ਨੇ ਇਨ੍ਹਾਂ ਨਾਹਰਿਆਂ ਨੂੰ ਵੀ ਦਫਨਾਅ ਦਿੱਤਾ ਹੈ।

ਚਲਦੀ ਚੋਣ ਮੁਹਿੰਮ ਦੌਰਾਨ ਹੀ ਪਹਿਲੇ ਦੋ ਪੜਾਵਾਂ ਤੋਂ ਬਾਅਦ ਸ਼੍ਰੀ ਨਰਿੰਦਰ ਮੋਦੀ ਭੜਕ ਕੇ ਇੰਨੀ ਬੁਖਲਾਹਟ ਵਿੱਚ ਆ ਗਏ ਸਨ ਕਿ ਉਹ ਆਪਣੀਆਂ ਸਾਰੀਆਂ ਸੀਮਾਵਾਂ, ਮਰਿਆਦਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਹੀ ਭੁੱਲ ਗਏ ਅਤੇ ਉਨ੍ਹਾਂ ਨੇ ਦੇਸ਼ ਵਿੱਚ ਫਿਰਕੂ ਦੰਗੇ ਭੜਕਾਉਣ ਵਾਲੇ ਅੱਗ ਲਾਊ ਭਾਸ਼ਨ ਦੇਣੇ ਸ਼ੁਰੂ ਕਰ ਦਿੱਤੇ। ਅਖੇ ਜੇ ਇੰਡੀਆ ਗਠਜੋੜ ਵਾਲੇ ਸਰਕਾਰ ਵਿੱਚ ਆ ਗਏ ਤਾਂ ਉਨ੍ਹਾਂ ਨੇ ਹਿੰਦੂਆਂ ਦਾ ਸਾਰਾ ਕੁਝ, ਜ਼ਮੀਨਾਂ, ਜਾਇਦਾਦਾਂ, ਪੈਸੇ, ਸੋਨਾ, ਔਰਤਾਂ ਦੇ ਮੰਗਲਸੂਤਰ, ਹਿੰਦੂਆਂ ਦੇ ਮੰਦਰਾਂ ਵਿੱਚ ਸਦੀਆਂ ਤੋਂ ਪਿਆ ਅਰਬਾਂ ਦਾ ਸੋਨਾ ਅਤੇ ਹੋਰ ਸਾਰਾ ਕੁਝ ਖੋਹ ਕੇ ਮੁਸਲਮਾਨਾਂ ਵਿੱਚ ਵੰਡ ਦੇਣਾ ਹੈ। ਪਰ ਭਾਰਤ ਦੇ ਲੋਕਾਂ ਨੇ ਇਸ ਮੁਹਿੰਮ ਨੂੰ ਹੀ ਬਕਵਾਸ ਸਮਝ ਕੇ ਇਸ ਵੱਲ ਧਿਆਨ ਨਹੀਂ ਦਿੱਤਾ।

ਇਨ੍ਹਾਂ ਚੋਣਾਂ ਤੋਂ ਪਹਿਲਾਂ ਦੇਸ਼ ਦੀਆਂ ਸਾਰੀਆਂ ਜਮਹੂਰੀ ਧਰਮ ਨਿਰਪੱਖ ਅਤੇ ਅਗਾਂਹਵਧੂ ਸ਼ਕਤੀਆਂ ਵੱਲੋਂ ਸਹੀ ਤੌਰ ’ਤੇ ਦੇਸ਼ ਦੇ ਲੋਕਾਂ ਨੂੰ ਲਗਾਤਾਰ ਸੁਚੇਤ ਕੀਤਾ ਜਾਂਦਾ ਆ ਰਿਹਾ ਸੀ ਕਿ ਜੇਕਰ ਇਨ੍ਹਾਂ ਚੋਣਾਂ ਵਿੱਚ ਆਰ.ਐੱਸ.ਐੱਸ., ਬੀ.ਜੇ.ਪੀ. ਅਤੇ ਮੋਦੀ ਜੁੰਡਲੀ ਨੂੰ ਨੱਥ ਨਾ ਪਾਈ ਗਈ ਤਾਂ ਇਹ ਲੋਕ ਸਾਡੇ ਦੇਸ਼ ਦੇ ਸੰਵਿਧਾਨ, ਜਮਹੂਰੀਅਤ ਅਤੇ ਫਿਰਕੂ ਇਕਮੁੱਠਤਾ ਨੂੰ ਹੀ ਖਤਮ ਕਰ ਦੇਣਗੇ ਅਤੇ ਇਹ ਚੋਣਾਂ ਦੇਸ਼ ਦੇ ਵਰਤਮਾਨ ਸੰਵਿਧਾਨ ਤਹਿਤ ਸ਼ਾਇਦ ਆਖਰੀ ਚੋਣਾਂ ਹੀ ਹੋਣ। ਇੰਡੀਆ ਗਠਜੋੜ ਨੇ ਇਹ ਚੋਣਾਂ ਸੰਵਿਧਾਨ ਅਤੇ ਲੋਕਤੰਤਰ ਬਚਾਉਣ ਦੇ ਨਾਂ ’ਤੇ ਹੀ ਲੜੀਆਂ। ਚੋਣ ਨਤੀਜਿਆਂ ਨੇ ਇਹ ਵੀ ਦਰਸਾ ਦਿੱਤਾ ਹੈ ਕਿ ਅੱਜ ਸਾਡਾ ਸੰਵਿਧਾਨ, ਸਾਡੀ ਜਮਹੂਰੀਅਤ ਅਤੇ ਸਾਡਾ ਧਰਮਨਿਰਪੱਖ ਸਿਸਟਮ ਸੁਰੱਖਿਅਤ ਹੋ ਗਏ ਹਨ ਕਿਉਂਕਿ ਸਾਡੇ ਮਹਾਨ ਲੋਕਾਂ ਨੇ ਮੋਦੀ ਐਂਡ ਕੰਪਨੀ ਨੂੰ ਉਨ੍ਹਾਂ ਦੀ ਹੈਸੀਅਤ ਦਰਸਾ ਦਿੱਤੀ ਹੈ। ਮੋਦੀ ਦੇ ‘ਸੈਕਿੰਡ ਲੈਫਟੀਨੈਂਟ’ ਅਮਿਤ ਸ਼ਾਹ ਜੋ ਦੇਸ਼ ਦੇ ਲੋਕਾਂ ਨੂੰ ‘ਜਿਸ ਨੇ ਹਮਾਰਾ ਜੋ ਉਖਾੜਨਾ ਹੈ ਉਖਾੜ ਲੇਂ ‘ ਵਰਗੀ ਅਸ਼ਲੀਲ ਭਾਸ਼ਾ ਵਿੱਚ ਲਗਾਤਾਰ ਧਮਕੀਆਂ ਦਿੰਦਾ ਰਹਿੰਦਾ ਸੀ, ਦਾ ਦਿਮਾਗ ਵੀ ਸਹੀ ਕਰ ਦਿੱਤਾ ਹੈ।

ਆਏਗਾ ਤੋ ਮੋਦੀ ਹੀ’, ‘ਅਬ ਕੀ ਵਾਰ ਚਾਰ ਸੌ ਪਾਰ’ ਵਰਗੀਆਂ ਧਮਕੀਆਂ ਦੇ ਕੇ ਦੇਸ਼ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਫਿਰਕਾਪ੍ਰਸਤ ਹਾਕਮਾਂ ਨੂੰ ਸਾਡੇ ਭਾਰਤ ਦੇ ਮਹਾਨ ਲੋਕਾਂ ਨੇ ਤਿੰਨ ਸੌ ਵੀ ਟੱਪਣ ਨਹੀਂ ਦਿੱਤਾ, ਦੋ ਸੌ ਨੱਬੇ ’ਤੇ ਹੀ ਡੱਕਾ ਲਾ ਦਿੱਤਾ। ਭਾਰਤੀ ਜਨਤਾ ਪਾਰਟੀ ਨੂੰ ਆਪਣੇ ਤੌਰ ’ਤੇ ਇਕੱਲਿਆਂ ਸਾਧਾਰਨ ਬਹੁਸੰਮਤੀ ਵੀ ਨਹੀਂ ਲੈਣ ਦਿੱਤੀ, ਦੋ ਸੌ ਚਾਲੀ (240) ’ਤੇ ਹੀ ਅਟਕਾ ਦਿੱਤਾ। 2014 ਵਾਲੇ ਅੰਕੜੇ ਤੋਂ ਵੀ ਹੇਠਾਂ ਸੁੱਟ ਦਿੱਤਾ। 2014 ਵਿੱਚ ਜਦੋਂ ਸ਼੍ਰੀ ਨਰਿੰਦਰ ਮੋਦੀ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸਨ, ਉਸ ਸਮੇਂ ਬੀ.ਜੇ.ਪੀ. ਨੂੰ 282 ਲੋਕ ਸਭਾ ਸੀਟਾਂ ਨਾਲ ਇਕੱਲਿਆਂ ਹੀ ਬਹੁਮੱਤ ਪ੍ਰਾਪਤ ਸੀ। 2019 ਵਿੱਚ ਬੀ.ਜੇ.ਪੀ. ਇਕੱਲੀ ਦੀਆਂ ਹੀ ਸੀਟਾਂ 303 ਹੋ ਗਈਆਂ ਸਨ।

ਇਨ੍ਹਾਂ ਚੋਣ ਨਤੀਜਿਆਂ ਵਿੱਚ ਸਾਡੇ ਭਾਰਤ ਦੇ ਲੋਕਾਂ ਨੇ ਹੋਰ ਵੀ ਕਈ ਦਿਲਚਸਪ ਅਤੇ ਮਹੱਤਵਪੂਰਨ ਜੌਹਰ ਵਿਖਾਏ ਹਨ। ਇਨ੍ਹਾਂ ਵਿੱਚੋਂ ਕੁਝ ਇੱਕ ਦਾ ਵਰਨਣ ਕਰਦੇ ਹਾਂ। ਭਗਵਾਨ ਸ਼੍ਰੀ ਰਾਮ ਦੀ ਨਗਰੀ ਅਯੁੱਧਿਆ ਜਿੱਥੇ ਬੀ.ਜੇ.ਪੀ. ਵਾਲਿਆਂ ਨੇ ਬਾਬਰੀ ਮਸਜਿਦ ਨੂੰ ਢਾਹ ਕੇ ਸ਼੍ਰੀ ਰਾਮ ਦਾ ਮੰਦਿਰ ਉਸਾਰਿਆ, ਆਯੁੱਧਿਆ ਜਿੱਥੋਂ ਮੰਦਰ ਮਸਜਿਦ ਦਾ ਮਸਲਾ ਖੜ੍ਹਾ ਕਰਕੇ ਪਿਛਲੇ 40-50 ਸਾਲਾਂ ਤੋਂ ਬੀ.ਜੇ.ਪੀ. ਨੇ ਆਪਣਾ ਫਿਰਕੂ ਏਜੰਡਾ ਚਲਾਇਆ ਅਤੇ ਦੇਸ਼ ਦੇ ਲੋਕਾਂ ਨੂੰ ਫਿਰਕੂ ਆਧਾਰ ’ਤੇ ਵੰਡਿਆ। ਉਸੇ ਆਯੁੱਧਿਆ ਵਾਲੀ ਲੋਕ ਸਭਾ ਸੀਟ ਫੈਜ਼ਾਬਾਦ ਤੋਂ ਲੋਕਾਂ ਨੇ ਬੀ.ਜੇ.ਪੀ. ਉਮੀਦਵਾਰ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਹੁਣ ਬੀ.ਜੇ.ਪੀ. ਵਾਲੇ ਇਸ ਸੀਟ ਦੇ ਹਿੰਦੂਆਂ ਨੂੰ ਲਗਾਤਾਰ ਗਾਲੀਆਂ ਕੱਢ ਰਹੇ ਹਨ ਅਤੇ ਉਨ੍ਹਾਂ ਨੂੰ ‘ਹਿੰਦੂਆਂ ਦੇ ਗਦਾਰ’ ਕਰਾਰ ਦੇ ਰਹੇ ਹਨ। ਪਿਛਲੀ ਵਾਰੀ ਅਮੇਥੀ ਤੋਂ ਰਾਹੁਲ ਗਾਂਧੀ ਨੂੰ ਹਰਾਉਣ ਵਾਲੀ ਮੋਦੀ ਦੀ ਚਹੇਤੀ ਸਮਰਿਤੀ ਇਰਾਨੀ ਨੂੰ ਵੀ ਕਾਂਗਰਸ ਦੇ ਇੱਕ ਸਾਧਾਰਨ ਵਰਕਰ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਲਖੀਮਪੁਰ ਖੇੜੀ ਤੋਂ ਦੇਸ਼ ਭਰ ਦੇ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਕਿਸਾਨ ਸੰਘਰਸ਼ ਦੌਰਾਨ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਨੂੰ ਆਪਣੀ ਗੱਡੀ ਹੇਠਾਂ ਦੇ ਕੇ ਸ਼ਹੀਦ ਕਰਨ ਵਾਲੇ ਇਕ ਵਿਗੜੇ ਹੋਏ ਕਾਕੇ ਦੇ ਪਿਤਾ ਅਜੈ ਕੁਮਾਰ ਸ਼ਰਮਾ (ਟੈਨੀ) ਜਿਸ ਨੂੰ ਮੋਦੀ ਨੇ ਮੁੜਕੇ ਬੀ.ਜੇ.ਪੀ. ਦੀ ਟਿਕਟ ਦੇ ਦਿੱਤੀ, ਨੂੰ ਵੀ ਹਲਕੇ ਦੇ ਸੂਝਵਾਨ ਲੋਕਾਂ ਨੇ ਹਰਾ ਦਿੱਤਾ। ਇੱਕ ਹੋਰ ਮਹੱਤਵਪੂਰਨ ਝਟਕਾ ਜਨਤਾ ਨੇ ਮੋਦੀ ਵਾਲੀ ਸੀਟ ਵਾਰਾਣਸੀ ’ਤੇ ਵੀ ਦਿੱਤਾ। ਇੱਥੋਂ ਨਰਿੰਦਰ ਮੋਦੀ 2014 ਵਿੱਚ ਤਿੰਨ ਲੱਖ ਇਕਹੱਤਰ ਹਜ਼ਾਰ ਤੋਂ ਵਧ ਵੋਟਾਂ ਦੇ ਫਰਕ ਨਾਲ ਜਿੱਤੇ ਸਨ। 2019 ਦੀਆਂ ਚੋਣਾਂ ਵਿੱਚ ਮੋਦੀ ਦੀ ਜਿੱਤ ਦਾ ਫਰਕ ਵਧ ਕੇ ਚਾਰ ਲੱਖ ਉਨਾਸੀ ਹਜ਼ਾਰ ਤੋਂ ਵੀ ਵਧ ਗਿਆ ਸੀ ਪਰ ਹੁਣ ਇਹ ਫਰਕ ਘਟ ਕੇ ਸਿਰਫ ਇੱਕ ਲੱਖ ਬਵੰਜਾ ਹਜ਼ਾਰ ਪੰਜ ਸੌ ਤੇਰਾਂ ਹੀ ਰਹਿ ਗਿਆ ਹੈ। ਚਲਦੀ ਗਿਣਤੀ ਦੌਰਾਨ ਇੱਕ ਵਾਰ ਤਾਂ ਇਹ ‘ਬਰੇਕਿੰਗ ਨਿਊਜ਼’ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਕਿ ‘ਪ੍ਰਧਾਨ ਮੰਤਰੀ ਮੋਦੀ ਵਾਰਾਣਾਸੀ ਤੋਂ ਪਿੱਛੇ ਚਲ ਰਹੇ ਹਨ’। ਇਨ੍ਹਾਂ ਵੱਡੇ ਝਟਕਿਆਂ ਤੋਂ ਵੀ ਵੱਡਾ ਝਟਕਾ ਇਸ ਹੰਕਾਰੀ ਹੋਈ ਫਿਰਕੂ ਜੁੰਡਲੀ ਨੂੰ ਭਾਰਤ ਦੇ ਸਭ ਤੋਂ ਵੱਡੇ ਪ੍ਰਾਂਤ ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਇਹ ਦਿੱਤਾ ਕਿ ਪਿਛਲੀ ਵਾਰੀ 80 ਵਿੱਚੋਂ 62 ਸੀਟਾਂ ਜਿਤਣ ਵਾਲੀ ਇਸ ਜੁੰਡਲੀ ਦੀ ਸੀਟਾਂ 33 ਹੀ ਰਹਿ ਗਈਆਂ। ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੇ ਇੰਡੀਆ ਗਠਜੋੜ ਨੇ 43 ਸੀਟਾਂ ਜਿੱਤ ਲਈਆਂ। ਯੂ.ਪੀ. ਵਾਲਾ ਇਹ ਝਟਕਾ ਮੋਦੀ ਦੇ ਨਾਲ ਨਾਲ ਗੋਰਖਨਾਥ ਮੱਠ ਦੇ ਯੋਗੀ ਅਦਿਤਿਆਨਾਥ ਦੀ ‘ਬੁਲਡੋਜ਼ਰ ਅਤੇ ਠੋਕ ਦਿਓ ਸਰਕਾਰ’ ਦੀਆਂ ਚੂਲਾਂ ਵੀ ਹਿਲਾ ਗਿਆ।

2024 ਦੇ ਚੋਣ ਨਤੀਜਿਆਂ ਦੀ ਅਹਿਮੀਅਤ ਇਸ ਪੱਖ ਤੋਂ ਵੀ ਹੈ ਕਿ ਇਨ੍ਹਾਂ ਚੋਣਾਂ ਵਿੱਚ 200 ਤੋਂ ਵੱਧ ਸੀਟਾਂ ਪ੍ਰਾਂਤਕ ਜਾਂ ਖੇਤਰੀ ਪਾਰਟੀਆਂ ਨੇ ਜਿੱਤੀਆਂ ਹਨ ਭਾਵੇਂ ਇਹ ਪਾਰਟੀਆਂ ਐੱਨ.ਡੀ.ਏ. ਜਾਂ ਇੰਡੀਆ ਗਠਜੋੜ ਵਿੱਚ ਸ਼ਾਮਲ ਹਨ ਅਤੇ ਜਾਂ ਫਿਰ ਅਜੇ ਕਿਸੇ ਪਾਸੇ ਵੀ ਨਹੀਂ ਹਨ। ਦੇਸ਼ ਦੇ ਸਿਆਸੀ ਗਲਿਆਰਿਆਂ, ਖਾਸ ਕਰਕੇ ਪਿਛਲੇ ਇਤਿਹਾਸ ਤੋਂ ਥੋੜ੍ਹਾ ਬਹੁਤ ਜਾਣੂ ਹਲਕਿਆਂ ਵਿੱਚ ਇਹ ਚਰਚਾ ਵੀ ਚਲ ਰਹੀ ਹੈ ਕਿ ਜੇਕਰ ਇਸ ਵੇਲੇ ਕਾਮਰੇਡ ਹਰਕਿਸ਼ਨ ਸਿਘ ਸੁਰਜੀਤ ਜਾਂ ਉਨ੍ਹਾਂ ਦੇ ਕੱਦ ਕਾਠ ਦਾ ਕੋਈ ਹੋਰ ਆਗੂ ਹੁੰਦਾ ਤਾਂ ਪ੍ਰਾਂਤਕ ਪਾਰਟੀਆਂ ਨੂੰ ਪ੍ਰੇਰ ਕੇ ਬੀ.ਜੇ.ਪੀ. ਦੀ ਮੋਦੀ ਸਰਕਾਰ ਦੀ ਥਾਂ ਕੋਈ ਧਰਮਨਿਰਪੱਖ ਅਤੇ ਜਮਹੂਰੀ ਕੇਂਦਰੀ ਸਰਕਾਰ ਕਾਇਮ ਕੀਤੀ ਜਾ ਸਕਦੀ ਸੀ। ਜਿੱਥੋਂ ਤੱਕ ਪੰਜਾਬ ਦੇ ਚੋਣ ਨਤੀਜਿਆਂ ਦਾ ਸਬੰਧ ਹੈ, ਇਸ ਸਬੰਧੀ ਅਸੀਂ ਸਮਝਦੇ ਹਾਂ ਕਿ ਵਰਤਮਾਨ ਸਮੇਂ ਦੀਆਂ ਪ੍ਰਸਥਿਤੀਆਂ ਅਨੁਸਾਰ ਪੰਜਾਬ ਦੇ ਲੋਕਾਂ ਨੇ ਬਹੁਤ ਸਹੀ ਫੈਸਲਾ ਦਿੱਤਾ ਹੈ।

ਸਭ ਤੋਂ ਵੱਡੀ ਅਤੇ ਮਹੱਤਵਪੂਰਨ ਦੇਣ ਤਾਂ ਇਨ੍ਹਾਂ ਚੋਣ ਨਤੀਜਿਆਂ ਦੀ ਪੰਜਾਬੀਆਂ ਨੇ ਇਹ ਦਿੱਤੀ ਹੈ ਕਿ ਦੇਸ਼ ਨੂੰ ਹਰ ਪੱਖ ਤੋਂ ਤਬਾਹ ਕਰ ਰਹੀ ਬੀ.ਜੇ.ਪੀ. ਨੂੰ ਪੰਜਾਬ ਵਿੱਚੋਂ ਇੱਕ ਵੀ ਸੀਟ ਜਿੱਤਣ ਨਹੀਂ ਦਿੱਤੀ। ਦੂਸਰੀ ਇਹ ਕਿ ਬੇਅਣਖੇ ਦਲ ਬਦਲੂਆਂ, ਆਪੋ ਆਪਣੀ ਪਾਰਟੀ ਦੇ ਗਦਾਰਾਂ ਅਤੇ ਵਿਕਾਊ ਮਾਲ ਨੂੰ ਵੀ ਗੈਰਤਮੰਦ ਪੰਜਾਬੀਆਂ ਨੇ ਮੂੰਹ ਨਹੀਂ ਲਾਇਆ ਤੇ ਇਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਵੀ ਜਿੱਤਣ ਨਹੀਂ ਦਿੱਤਾ। ਮੋਦੀ ਦਾ ਜ਼ਹਿਰੀਲਾ ਜਾਦੂ ਪੰਜਾਬੀਆਂ ਨੇ ਚੱਲਣ ਹੀ ਨਹੀਂ ਦਿੱਤਾ। ਬੀ.ਜੇ.ਪੀ. ਅਤੇ ਦਲ ਬਦਲੂਆਂ ਦੋਹਾਂ ਨੂੰ ਹੀ ਪੰਜਾਬ ਨੇ ਰੱਦ ਕਰ ਦਿੱਤਾ ਹੈ।

ਆਮ ਆਦਮੀ ਪਾਰਟੀ ਵੱਲੋਂ ਸ਼ਹੀਦ ਭਗਤ ਸਿੰਘ ਦੀਆਂ ਝੂਠੀਆਂ ਸਹੁੰਆਂ ਖਾਕੇ, ਬਸੰਤੀ ਪੱਗਾਂ ਬੰਨ੍ਹ ਕੇ ਭਗਤ ਸਿੰਘ ਦੇ ਵਾਰਸ ਬਣਨ ਦਾ ਢੌਗ ਰਚਕੇ ਪਰ ਕਟਾਰੂਚੱਕ, ਬਲਕਾਰ ਸਿੰਘ, ਪਠਾਣਮਾਜਰਾ ਵਰਗੇ ਚਰਿੱਤਰਹੀਣਾਂ ਦੀ ਰਾਖੀ ਕਰਕੇ ਭ੍ਰਿਸ਼ਟਾਚਾਰ ਦੇ ਪਿਛਲੇ ਸਾਰੇ ਰੀਕਾਰਡ ਤੋੜ ਦਿੱਤੇ । ਅਤੇ ਨਾਟਕਬਾਜੀਆਂ ਕਰਕੇ ਲੋਕਾਂ ਨੂੰ ਮੂਰਖ ਬਣਾਉਣ ਦੀਆਂ ਸਾਰੀਆਂ ਕੋਸ਼ਿਸਾਂ ਦੇ ਬਾਵਜੂਦ 13 ਦੀਆਂ 13 ਸੀਟਾਂ ਜਿੱਤ ਲੈਣ ਦੀਆਂ ਡੀਗਾਂ ਝੂਠੀਆਂ ਸਾਬਤ ਹੋਈਆਂ ਹਨ ਅਤੇ ਪਾਰਟੀ ਲੋਕ ਸਭਾ ਦੀਆਂ ਸਿਰਫ ਤਿੰਨ ਸੀਟਾਂ ਹੀ ਜਿੱਤ ਸਕੀ ਹੈ। ਵਰਤਮਾਨ ਚੋਣਾਂ ਅਨੁਸਾਰ 92 ਵਿਧਾਨ ਸਭਾ ਸੀਟਾਂ ਵਾਲੀ ਪਾਰਟੀ ਸਿਰਫ 33 ਵਿਧਾਨ ਸਭਾ ਸੀਟਾਂ ’ਤੇ ਹੀ ਬਹੁਮੱਤ ਹੀ ਲੈ ਸਕੀ ਹੈ। ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੜ੍ਹਿਆ ਹੋਇਆ ਫਤੂਰ ਟਿਕਾਣੇ ਸਿਰ ਕਰ ਦਿੱਤਾ ਹੈ।

ਕੇਜਰੀਵਾਲ ਦੀ ਗ੍ਰਿਫਤਾਰੀ ਪਿੱਛੋਂ ਭਗਵੰਤ ਮਾਨ ਨੇ ਪੰਜਾਬ ਸਰਕਾਰ ਦੇ ਜਹਾਜ਼ਾਂ ਵਿੱਚ ਆਸਾਮ, ਗੁਜਰਾਤ, ਦਿੱਲੀ, ਹਰਿਆਣਾ ਆਦਿ ਵਿੱਚ ਧੂਆਂਧਾਰ ਗੇੜੇ ਮਾਰੇ, ਪਰ ਕੁੱਝ ਪੱਲੇ ਨਹੀਂ ਪਿਆ। ਕੁਲ ਮਿਲਾਕੇ ਝੂੰਗੇ ਵਿੱਚ ਪੰਜਾਬ ਵਾਲੀਆਂ ਤਿੰਨ ਸੀਟਾਂ ਹੀ ਰਹਿ ਗਈਆਂ ਹਨ। ਕਾਂਗਰਸ ਪਾਰਟੀ ਨੇ ਸੱਤ ਸੀਟਾਂ ਜਿੱਤ ਕੇ ਪੰਜਾਬ ਵਿੱਚ ਆਪਣੀ ਪ੍ਰਭਾਵਸ਼ਾਲੀ ਭੂਮਿਕਾ ਮੁੜ ਸਿੱਧ ਕਰ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਮਨਪ੍ਰੀਤ ਸਿੰਘ ਬਾਦਲ ਤੱਕ ਦਲ ਬਦਲੂਆਂ ਦੀ ਲੰਬੀ ਡਾਰ ਇਸ ਪਾਰਟੀ ਦਾ ਨੁਕਸਾਨ ਨਹੀਂ ਕਰ ਸਕੀ। ਸਭ ਤੋਂ ਮਾੜੀ ਹਾਲਤ ਪੰਜਾਬ ਦੀ ਮਹਤੱਵਪੂਰਨ ਅਤੇ ਇਤਿਹਾਸ ਵਿੱਚ ਵੱਡਾ ਰੋਲ ਅਦਾ ਕਰ ਚੁੱਕੀ ਪਾਰਟੀ ਅਕਾਲੀ ਦਲ ਦੀ ਹੋਈ ਹੈ ਜਿਸ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਵਾਲੀ ਸਿਰਫ ਇੱਕ ਸੀਟ (ਬਠਿੰਡਾ) ਹੀ ਮਿਲੀ ਹੈ। ਬਾਕੀ ਥਾਵਾਂ ’ਤੇ ਇਸ ਦੇ ਉਮੀਦਵਾਰਾਂ ਦੀ ਕਾਰਗੁਜ਼ਾਰੀ ਪਿਛਲੇ ਸਾਰੇ ਸਮਿਆਂ ਨਾਲੋਂ ਬਹੁਤ ਮਾੜੀ ਰਹੀ ਹੈ। ਇਤਿਹਾਸ ਵਿੱਚ ਅਕਾਲੀ ਦਲ ਅਤੇ ਪੰਜਾਬ ਦੀ ਕਮਿਊਨਿਸਟ ਲਹਿਰ, ਖਾਸ ਕਰਕੇ ਸੀ.ਪੀ.ਆਈ.(ਐੱਮ) ਵਿਚਕਾਰ ਲੰਬਾ ਸਮਾਂ ਸਾਂਝ ਰਹੀ ਹੈ। ਇਸ ਆਧਾਰ ’ਤੇ ਅਸੀਂ ਅਕਾਲੀ ਪਾਰਟੀ ਬਾਰੇ ਆਪਣੇ ਵਿਚਾਰ ਆਉਣ ਵਾਲੇ ਸਮੇਂ ਵਿੱਚ ਵੱਖਰੇ ਤੌਰ ’ਤੇ ਪੇਸ਼ ਕਰਾਂਗੇ। ਦੋ ਆਜ਼ਾਦ ਮੈਂਬਰਾਂ ਦਾ ਜਿੱਤ ਜਾਣਾ ਭਾਵੇਂ ਕਈ ਕਿਸਮ ਦੇ ਵਿਵਾਦਾਂ ਨਾਲ ਜੁੜਿਆ ਹੋਇਆ ਹੈ ਪਰ ਹਾਲ ਦੀ ਘੜੀ ਇਨ੍ਹਾਂ ਵਾਰੇ ਅਸੀਂ ਇੰਨਾ ਹੀ ਕਹਿਣਾ ਚਾਹੁੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਇਹ ਦੋਵੇਂ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਜਮਹੂਰੀ ਸਿਸਟਮ ਦਾ ਹਿੱਸਾ ਬਣਕੇ ਆਪਣੀਆਂ ਜ਼ਿੰਮੇਵਾਰੀਆਂ ਨਿਣਾਉਣਗੇ।

ਨਰਿੰਦਰ ਮੋਦੀ ਨੇ ਐੱਨ.ਡੀ.ਏ. ਵਿੱਚ ਸ਼ਾਮਲ ਹੋਰ ਪਾਰਟੀਆਂ ਦੇ ਸਹਾਰੇ ਆਪਣੀ ਬਹੁਸੰਮਤੀ ਤਾਂ ਜੁਟਾ ਲਈ ਹੈ ਅਤੇ ਲਗਾਤਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਦੇ ਤੌਰ ’ਤੇ ਸਹੁੰ ਚੁੱਕ ਲਈ ਹੈ ਪਰ ਇਹ ਆਉਣ ਵਾਲਾ ਸਮਾਂ ਹੀ ਦਸੇਗਾ ਕਿ ਆਪਣੇ ਪਿਤਾ ਸਮਾਨ ਸਹੁਰੇ ਅਤੇ ਤੇਲਗੂ ਦੇਸ਼ਮ ਪਾਰਟੀ ਦੇ ਸੰਸਥਾਪਕ ਐਨ.ਟੀ.ਰਾਮਾਰਾਓ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਚੰਦਰ ਬਾਬੂ ਨਾਇਡੂ, ਪਲਟੀਆਂ ਮਾਰਨ ਦਾ ਰਿਕਾਰਡ ਕਾਇਮ ਕਰ ਚੁੱਕੇ ਪਲਟੂ ਰਾਮ ਨਿਤੀਸ਼ ਕੁਮਾਰ, ਆਪਣੇ ਬਾਪ ਵਰਗੇ ਚਾਚਾ ਸ਼ਰਦ ਪਵਾਰ ਨਾਲ ਧੋਖਾ ਕਰਨ ਵਾਲੇ ਅਜੀਤ ਪਵਾਰ ਅਤੇ ਅਜਿਹੇ ਨੂੰ ਕੁਝ ਹੋਰ ਮੌਕਾ ਪ੍ਰਸਤਾਂ ਦੇ ਆਸਰੇ ਇਹ ਸਰਕਾਰ ਕਿਵੇਂ ਅਤੇ ਕਿੰਨਾ ਕੁ ਸਮਾਂ ਕਾਇਮ ਰਹੇਗੀ।

ਇਸ ਲਿਖਤ ਨੂੰ ਖਤਮ ਕਰਨ ਤੋਂ ਪਹਿਲਾਂ ਅਸੀਂ ਇਹ ਨਵੀਂ ਸਰਕਾਰ ਵੱਲੋਂ ਪੰਜਾਬ ਪ੍ਰਤੀ ਲੰਬੇ ਸਮੇਂ ਤੋਂ ਬੀ.ਜੇ.ਪੀ. ਵੱਲੋਂ ਅਪਣਾਈ ਜਾ ਰਹੀ ਨੀਤੀ ਨੂੰ ਅੱਗੇ ਵਧਾਉਣ ਦੀਆਂ ਕੀਤੀਆਂ ਗਈਆਂ ਦੋ ਕਾਰਵਾਈਆਂ ਨੂੰ ਜ਼ਰੂਰ ਨੋਟ ਕਰਨਾ ਚਾਹੁੰਦੇ ਹਾਂ। ਇੱਕ ਤਾਂ ਇਹ ਕਿ ਆਪਣੀ ਪਾਰਟੀ ਅਤੇ ਆਪਣੇ ਖਾਨਦਾਨ ਦੀ ਵਿਰਾਸਤ ਨਾਲ ਗਦਾਰੀ ਕਰਕੇ ਬੀ.ਜੇ.ਪੀ. ਵਿੱਚ ਸ਼ਾਮਲ ਹੋਏ ਰਵਨੀਤ ਸਿੰਘ ਬਿੱਟੂ ਨੂੰ ਪੰਜਾਬੀਆਂ ਵੱਲੋਂ ਹਰਾ ਦੇਣ ਦੇ ਬਾਵਜੂਦ ਕੇਂਦਰੀ ਸਰਕਾਰ ਵਿੱਚ ਅੱਧਾ ਮੰਤਰੀ (ਰਾਜ ਮੰਤਰੀ) ਬਣਾ ਕੇ ਪੰਜਾਬ ਨੂੰ ਚਿੜਾਉਣ ਵਾਲੀ ਕਾਰਵਾਈ ਕੀਤੀ ਹੈ। ਦੂਸਰੀ ਇਹ ਕਿ ਬੀ.ਜੇ.ਪੀ. ਵੱਲੋਂ ਆਪਣੀਆਂ ਹੀ ਸਹਿਯੋਗੀ ਪਾਰਟੀਆਂ ਨੂੰ ਤੋੜਨ ਦੀ ਨੀਤੀ ਨੂੰ ਜਾਰੀ ਰੱਖਦੇ ਹੋਏ ਅਕਾਲੀ ਪਾਰਟੀ ਵਿੱਚ ਫੁੱਟ ਪਾਉਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਸਾਡਾ ਮੰਨਣਾ ਹੈ ਕਿ ਅਜਿਹੀਆਂ ਘਟੀਆ ਕਾਰਵਾਈਆਂ ਨਾਲ ਵੀ ਇਹ ਸਰਕਾਰ ਪੰਜਾਬ ਨੂੰ ਆਪਣੀ ਲਾਈਨ ਵਿੱਚ ਨਹੀਂ ਲਗਾ ਸਕੇਗੀ।

ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਲੋਕਤੰਤਰਕ ਸ਼ਕਤੀਆਂ ਦਾ ਕਾਫਲਾ ਹੋਰ ਅੱਗੇ ਵਧੇਗਾ ਅਤੇ ਫਿਰਕੂ, ਫਾਸ਼ੀ ਹਿੰਦੂਤਵੀ ਪਿਛਾਖੜੀ ਸ਼ਕਤੀਆਂ ਦੇ ਸਾਰੇ ਮਨਸੂਬੇ ਫੇਲ੍ਹ ਹੋ ਜਾਣਗੇ । ਜਾਂਦੇ ਜਾਂਦੇ ਇਹ ਨੋਟ ਕਰਨਾ ਵੀ ਦਿਲਚਸਪ ਰਹੇਗਾ ਕਿ ਇਸ ਵਾਰ ਦੇ ਚੋਣ ਨਤੀਜਿਆਂ ਨੇ ਉਸ ਮੋਦੀ ਨੂੰ ਜੋ ਪਿਛਲੇ ਲੰਬੇ ਸਮੇਂ ਤੋਂ ਸਟੇਜਾਂ ਤੇ ਆਪ ਹੀ ਆਪਣੇ ਨਾਂ ਦੇ ਫੁੰਕਾਰੇ ਜਿਵੇਂ ਕਿ ‘ਅਬ ਕੀ ਵਾਰ - ਫਿਰ ਮੋਦੀ ਸਰਕਾਰ, ਯੇਹ ਮੋਦੀ ਕੀ ਗਰੰਟੀ ਹੈ, ਆਏਗਾ ਤੋਂ ਮੋਦੀ ਹੀ, ਕਮਲ ਕੋ ਪਾਇਆ ਏਕ ਏਕ ਵੋਟ ਸੀਧਾ ਮੋਦੀ ਕੋ ਜਾਏਗਾ’ ਮਾਰਦਾ ਆ ਰਿਹਾ ਸੀ ਅਤੇ ਆਪਣੇ ਮੂੰਹ ਆਪ ਹੀ ਮੀਆਂ ਮਿੱਠੂ ਬਣਦਾ ਰਹਿੰਦਾ ਸੀ, ਨੂੰ ਹੈਂਕੜ ਛੱਡ ਕੇ ‘ਐੱਨ.ਡੀ.ਏ. ਸਰਕਾਰ - ਐੱਨ.ਡੀ.ਏ. ਸਰਕਾਰ’ ਕਹਿਣ ਲਾ ਦਿੱਤਾ।

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5101)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

More articles from this author