“ਕੋਟਾਂ ਦੇ ਪੜ੍ਹਾਏ ਹੋਏ ਇਹ ਵਿਦਿਆਰਥੀ ਮੁਕਾਬਲੇ ਦੇ ਇਮਤਿਹਾਨਾਂ ਵਿੱਚ ਸਫਲ ਹੋਣ ਲਈ ‘ਕੋਟੇ’ ਦੇ ਕੋਚਿੰਗ ...”
(8 ਜੂਨ 2024)
ਇਸ ਸਮੇਂ ਪਾਠਕ: 605.
ਉੱਨੀਂ ਕੁ ਸਾਲ ਦੀ ਉਮਰ ਤਕ ਬਾਪੂ ਦੇ ਸਿਰ ’ਤੇ ਸਕੂਲ ਅਤੇ ਕਾਲਜ ਦੀ ਕਿਤਾਬੀ ਵਿੱਦਿਆ ਤਾਂ ਹਾਸਲ ਹੋ ਗਈ, ਪਰ ਜ਼ਮੀਨੀ ਹਕੀਕਤ ਬਾਰੇ ਦਿਮਾਗ ਦੀ ਸਲੇਟ ਕੋਰਾ ਕਾਗਜ਼ ਹੀ ਸੀ। ਸਾਇੰਸ ਦਾ ਵਿਦਿਆਰਥੀ ਹੋਣ ਕਰਕੇ ਆਮ-ਵਰਤਾਰੇ ਵਿੱਚ ਮੇਰੇ ਲਈ ਦੋ ਜਮ੍ਹਾਂ ਦੋ ਚਾਰ ਹੀ ਹੁੰਦਾ ਸੀ। ਪਿਛੋਕੜ ਖੇਤੀਬਾੜੀ ਅਤੇ ਹੋਰ ਛੋਟੇ ਮੋਟੇ ਪੇਂਡੂ ਕਿੱਤਿਆਂ ਨਾਲ ਸੰਬੰਧਿਤ ਹੋਣ ਕਰਕੇ ਇਨ੍ਹਾਂ ਨਾਲ ਜੁੜੀ ਸ਼ਬਦਾਵਲੀ ਤਾਂ ਕੁਦਰਤੀ ਤੌਰ ’ਤੇ ਸਮਝ ਆ ਜਾਂਦੀ ਸੀ, ਪਰ ਦੂਸਰੇ ਖੇਤਰਾਂ ਦੀ ਅਣ-ਬੋਲੀ ਜਾਂਦੀ ‘ਸੱਭਿਅਕ ਭਾਸ਼ਾ’ ਦਿਮਾਗ ਦਾ ਬੂਹਾ ਖੜਕਾਅ ਕੇ ਵਾਪਸ ਹਵਾ ਮੁੜ ਜਾਂਦੀ ਸੀ। ਉਨ੍ਹਾਂ ਸਮਿਆਂ ਵਿੱਚ ਪੜ੍ਹੀ ਲਿਖੀ ਨੌਜਵਾਨੀ ਵਿੱਚ ਬੇਰੁਜ਼ਗਾਰੀ ਹੁਣ ਵਾਲੇ ਪੱਧਰ ’ਤੇ ਨਹੀਂ ਸੀ। ਸਾਇੰਸ ਮਾਸਟਰ ਤਾਂ ਲੱਭਿਆਂ ਵੀ ਨਹੀਂ ਸਨ ਲੱਭਦੇ। 1966 ਵਿੱਚ ਬੀ ਐੱਸ ਸੀ ਪਾਸ ਕਰਦਿਆਂ ਹੀ ਮੈਨੂੰ ਕੱਚੇ ਸਾਇੰਸ ਮਾਸਟਰ ਦੀ ਨੌਕਰੀ ਮਿਲ ਗਈ। ਕਿਸੇ ਕਾਰਨ ਉਹ ਮੈਂ ਦੋ ਕੁ ਮਹੀਨਿਆਂ ਬਾਅਦ ਛੱਡ ਦਿੱਤੀ ਸੀ। ਤੁਰੰਤ ਹੀ ਮੇਰੇ ਆਪਣੇ ਸਰਕਾਰੀ ਸਕੂਲ ਦਾ ਨਿਯੁਕਤੀ ਪੱਤਰ ਆ ਗਿਆ ਸੀ। ਇੱਕ ਨਵੰਬਰ 1966 ਨੂੰ ਮੌਜੂਦਾ ਪੰਜਾਬ ‘ਪੰਜਾਬੀ ਸੂਬਾ’ ਬਣਨ ਕਰਕੇ ਸਰਕਾਰੀ ਛੁੱਟੀ ਦਾ ਐਲਾਨ ਹੋ ਗਿਆ ਸੀ, ਜਿਸ ਕਰਕੇ ਮੇਰੀ ਨੌਕਰੀ ਅਗਲੇ ਦਿਨ ਸ਼ੁਰੂ ਹੋਣੀ ਸੀ। 1966 ਦਾ ਵਰ੍ਹਾ ਮੇਰੀ ਜ਼ਿੰਦਗੀ ਨੂੰ ਮੋੜ ਦੇਣ ਵਾਲਾ ਵਰ੍ਹਾ ਸੀ।
ਪਹਿਲੀ ਨੌਕਰੀ ਦਾ ਚਾਅ ਤਾਂ ਪਹਿਲੇ ਦੋ ਮਹੀਨਿਆਂ ਦੀ ਨੌਕਰੀ ਨੇ ਹੀ ਬੇਸੁਆਦਾ ਕਰ ਦਿੱਤਾ ਸੀ ਪਰ ਕਾਲਜ ਦੇ ਅਦ੍ਰਸ਼ਮਈ ਸੁਪਨਿਆਂ ਮੁਤਾਬਿਕ ਜਿਊਣ ਦੀ ਤਮੰਨਾ, ਪੇਂਡੂ ਭੋਲਾਪਨ ਅਤੇ ਹੋਰ ਸਭ ਮਿਲਾ ਕੇ ਹਾਲੇ ਵੀ ਅਦਰਸ਼ਤਾ ਵੱਲ ਹੀ ਧੱਕ ਰਹੇ ਸਨ। ਸਕੂਲ ਖੁੱਲ੍ਹਣ ਦੇ ਸਮੇਂ ਤੋਂ ਪਹਿਲਾਂ ਹੀ ਸਕੂਲ ਪਹੁੰਚ ਜਾਇਆ ਕਰਾਂਗਾ, ਸਮੇਂ ਸਿਰ ਪੀਰੜ ਲਾਇਆ ਕਰਾਂਗਾ, ਚੰਗੀ ਤਰ੍ਹਾਂ ਤਿਆਰੀ ਕਰਕੇ ਪੜ੍ਹਾਇਆ ਕਰਾਂਗਾ, ਆਦਿ ਆਦਿ।
ਦੋ ਨਵੰਬਰ ਨੂੰ ਮੈਂ ਗੇਟ ਖੋਲ੍ਹਣ ਵਾਲੇ ਚੌਕੀਦਾਰ ਤੋਂ ਪਹਿਲਾਂ ਹੀ ਸਕੂਲ ਦੇ ਗੇਟ ’ਤੇ ਸੀ। ਮੇਰੇ ਲੱਖ ਕਹਿਣ ’ਤੇ ਕਿ ਮੈਂ ਨਵਾਂ ਸਾਇੰਸ-ਮਾਸਟਰ ਨਿਯੁਕਤ ਹੋਇਆ ਹਾਂ, ਉਹ ਅੰਦਰ ਨਾ ਜਾਣ ਦੇਵੇ। ਆਖੇ, ਜਦੋਂ ਦੂਸਰੇ ਮਾਸਟਰ ਆਉਣੇ ਸ਼ੁਰੂ ਹੋਣਗੇ, ਫਿਰ ਆਇਓ। ਖੈਰ ਮੈਂ ਉਸ ਦਿਨ ਹਾਜ਼ਰੀ ਲਵਾਉਣ ਵਿੱਚ ਕਾਮਯਾਬ ਹੋ ਗਿਆ। ਸੋਚਦਾ ਸੀ, ਜਾਂਦੇ ਹੀ ਟਾਈਮ-ਟੇਬਲ ਮਿਲ ਜਾਵੇਗਾ। ਸਵੇਰ ਦੀ ਸਭਾ ਖਤਮ ਹੁੰਦੇ ਹੀ ਹੈੱਡਮਾਸਟਰ ਸਾਹਿਬ ਨੇ ਦਫਤਰ ਬੁਲਾਇਆ ਅਤੇ ਗੁੱਟੋਂ ਫੜ ਕੇ ਨਾਲ ਤੋਰ ਲਿਆ। ਜਿੱਥੇ ਵੀ ਪਹਿਲੀ ਕਲਾਸ ਬਿਨਾਂ ਅਧਿਆਪਕ ਮਿਲੀ ਉਹ ਸੈਕਸ਼ਨ ਮੇਰੇ ਹਵਾਲੇ ਕਰ ਦਿੱਤੀ। ਵਿਸ਼ਾ ਕੀ ਪੜ੍ਹਾਉਣਾ ਸੀ ਇਸ ਨਾਲ ਕੋਈ ਸਰੋਕਾਰ ਨਹੀਂ ਸੀ। ਪੀਰੜ ਖਤਮ ਹੋ ਜਾਵੇ --- ‘ਦਫਤਰ ਆ ਜਾਣਾ ਦਾ ਫ਼ਰਮਾਨ ਸੁਣਾ ਕੇ ਉਹ ਅਲੋਪ ਗਏ। ਫਿਰ ਮੇਰੀ ਬਾਂਹ ਫੜੀ ਤੇ ਨਵੀਂ ਕਲਾਸ ਫੜਾ ਦਿੱਤੀ। ਦਿਨ ਭਰ ਇਵੇਂ ਹੁੰਦਾ ਰਿਹਾ। ਇਹ ਸਿਲਸਿਲਾ ਹਫਤਾ ਕੁ ਭਰ ਜਾਰੀ ਰਿਹਾ, ਮੈਨੂੰ ਕੋਈ ਕਲਾਸ ਨਾ ਦਿੱਤੀ ਗਈ। ਉਨ੍ਹਾਂ ਨੂੰ ਖੁਦ ਨੂੰ ਵੀ ਪਤਾ ਨਹੀਂ ਹੁੰਦਾ ਸੀ ਕਿ ਕੌਣ ਮਾਸਟਰ ਅੱਜ ਛੁੱਟੀ ਤੇ ਹੋਵੇਗਾ। ਮੇਰਾ ਆਦਰਸ਼ਵਾਦ ਖੁਰਣਾ ਸ਼ੁਰੂ ਹੋ ਗਿਆ ਸੀ। ਜਦੋਂ ਸੁਪਨਾ ਟੁੱਟਦਾ ਹੈ ਤਾਂ ਅੰਦਰ-ਸ਼ੋਰ ਹੁੰਦਾ ਹੈ, ਤੂਫ਼ਾਨ ਉੱਠਦਾ ਹੈ। ਇਸਦਾ ਚੀਕ ਬਣਨਾ ਵੀ ਕੁਦਰਤੀ ਹੁੰਦਾ ਹੈ ਅਤੇ ਇਸ ਨੇ ਕਿਸੇ ਨਾ ਕਿਸੇ ਦੇ ਕੰਨ ਵੀ ਜ਼ਰੂਰ ਪਾੜਨੇ ਹੁੰਦੇ ਨੇ। ਇੱਕ ਸਿਆਣਾ ਤੇ ਸਮਝਦਾਰ ਮਨੁੱਖ ਹੀ ਅਜਿਹੀ ਚੀਕ ਦੀ ਝਾਲ ਝੱਲ ਸਕਦਾ ਹੈ ਅਤੇ ਉਸ ਦੇ ਅਰਥ ਸਮਝ ਸਕਦਾ ਹੈ। ਮੇਰੇ ਅਧਿਆਪਕ ਮੈਨੂੰ ਅਜਿਹੇ ਮਨੁੱਖ ਹੀ ਲਗਦੇ ਸਨ। ਅੰਤ ਆਪਣੇ ਉਸਤਾਦ ਕੋਲ ਚੀਕ ਮਾਰ ਹੀ ਦਿੱਤੀ। ਉਨ੍ਹਾਂ ਨੇ ਇਸ਼ਾਰੇ ਨਾਲ ਹੈੱਡਮਾਸਟਰ ਦੀ ਬਿਰਤੀ ਦੇ ਬਖੀਏ ਉਧੇੜ ਕੇ ਮੇਰੇ ਸਾਹਮਣੇ ਰੱਖ ਦਿੱਤੇ ਸਨ। ਕਾਗ਼ਜ਼ ’ਤੇ ਐਡਰੈੱਸ ਲਿਖ ਕੇ ਮੇਰੇ ਹੱਥ ਫੜਾ ਦਿੱਤਾ। ਮੈਂ ਉਸੇ ਸ਼ਾਮ ਹੈੱਡਮਾਸਟਰ ਸਾਹਿਬ ਦੇ ਘਰ ਜਾ ਹਾਜ਼ਰ ਹੋਇਆ। ਉਹ ਦੇਖ ਕੇ ਇੰਝ ਖਿੜ ਗਏ ਜਿਵੇਂ ਕੋਈ ਭੁੱਖਾ ਰੋਟੀ ਦੇਖ ਕੇ ਖਿੜ ਜਾਂਦਾ ਹੈ। ਉਨ੍ਹਾਂ ਮੀਸਣੀ ਮੁਸਕਾਨ ਵੀ ਮੂੰਹ ’ਤੇ ਲਿਆਂਦੀ। ਬਿਨਾਂ ਚਾਹ ਪਾਣੀ ਪੁੱਛੇ ਕਹਿਣ ਲੱਗੇ ; “ਮਾਸਟਰ ਜੀ, ਆਪਣਾ ਕਾਕਾ ਹਿਸਾਬ ਅਤੇ ਸਾਇੰਸ ਵਿੱਚ ਜ਼ਰਾ ਕਮਜ਼ੋਰ ਐ, ਸਕੂਲ ਛੁੱਟੀ ਤੋਂ ਬਾਅਦ ਕਿਸੇ ਵੇਲੇ ਘਰ ਪੜ੍ਹਾਉਣ ਆ ਜਾਇਆ ਕਰੋ।”
ਮੈਂ ਕਿਹਾ, “ਜੀ, ਹਾਜ਼ਰ ਹੋ ਜਾਇਆ ਕਰਾਂਗਾ।”
ਮੇਰੇ ਆਦਰਸ਼ਵਾਦ ਦਾ ਭੂਤ ਉਨ੍ਹਾਂ ਦੀ ਐਨਕ ਦੇ ਮੋਟੇ ਸ਼ੀਸ਼ਿਆਂ ਵਿੱਚੋਂ ਝਾਕਦੇ ਤਜਰਬੇਕਾਰ ਜਿੰਨ ਨੇ ਹੁਣ ਤਕ ਕਾਫੀ ਡਰਾ ਦਿੱਤਾ ਸੀ। ਅਗਲੀ ਸਵੇਰ ਹੀ ਮੈਨੂੰ ਅੱਠਵੀਂ-ਨੌਂਵੀਂ-ਦਸਵੀਂ ਕਲਾਸ ਨੂੰ ਮੇਰੇ ਵਿਸ਼ੇ ਪੜ੍ਹਾਉਣ ਦਾ ਟਾਈਮ-ਟੇਬਲ ਦੇ ਦਿੱਤਾ ਗਿਆ।
ਥੋੜ੍ਹੀ ਥੋੜ੍ਹੀ ਠੰਢ ਉਤਰਨੀ ਸ਼ੁਰੂ ਹੋ ਚੁੱਕੀ ਸੀ। ਮੈਂ ਪੁਰਾਣਾ ਘਸਿਆ ਪਿੱਟਿਆ ਸਵੈਟਰ ਪਹਿਨਣਾ ਸ਼ੁਰੂ ਕੀਤਾ ਹੀ ਸੀ ਕਿ ਹੈੱਡਮਾਸਟਰ ਸਾਹਿਬ ਕਹਿਣ ਲੱਗੇ, “ਏ ਟੀਚਰ ਮਸਟ ਵੀਅਰ ਏ ਕੋਟ ... ਅਧਿਆਪਕ ਕੋਟ ਜ਼ਰੂਰ ਪਹਿਨੇ।” ਇਹ ਲਫਜ਼ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜ ਰਹੇ ਹਨ। ਮੈਂ ਸੋਚ ਰਿਹਾ ਸੀ, “ਮੈਂ ਪੜ੍ਹਾਉਣਾ ਹੈ ਜਾਂ ਮੇਰੇ ਕੋਟ ਨੇ? ਉਨ੍ਹੀਂ ਦਿਨੀਂ ਕੋਟ ਬਣਾਉਣਾ ਮੇਰੇ ਲਈ ਔਖਾ ਸੀ। ਤਨਖਾਹ ਇੱਕ ਸੌ ਤੋਂ ਥੋੜ੍ਹੀ ਜ਼ਿਆਦਾ ਸੀ ਤੇ ਕੋਟ ਉੱਤੇ ਦੋ ਕੁ ਸੌ ਖਰਚਾ ਹੁੰਦਾ ਸੀ। ਕੋਟ ਬਾਹਰਲੀ ਦਿੱਖ ਤਾਂ ਜ਼ਰੂਰ ਬਦਲ ਸਕਦਾ ਸੀ, ਕਮੀਜ਼ ਦਾ ਫਟਿਆ ਅਤੇ ਮੈਲਾ ਕਾਲਰ ਟਾਈ ਲਾ ਕੇ ਜ਼ਰੂਰ ਢਕਿਆ ਜਾ ਸਕਦਾ ਸੀ ਪਰ ਦਿਮਾਗ ਦੀ ਕਾਬਲੀਅਤ ਜਾਂ ਪੜ੍ਹਾਉਣ ਨਾਲ ਇਸਦਾ ਕੀ ਰਿਸ਼ਤਾ ਸੀ, ਮੇਰੀ ਸਮਝ ਤੋਂ ਬਾਹਰ ਸੀ। ਔਖਾ ਸੌਖਾ ਹੋ ਕੇ ਮੈਂ ਕੋਟ ਬਣਵਾ ਲਿਆ, ਉਹ ਵੀ ਇਹ ਸੋਚ ਕੇ ਕਿ ਚਲੋ ਅਗਲੇ ਸਾਲ ਇਹ ਯੂਨੀਵਰਸਿਟੀ ਵਿੱਚ ਪੜ੍ਹਨ ਵੇਲੇ ਕੰਮ ਆਵੇਗਾ। ਹੈੱਡਮਾਸਟਰ ਸਾਹਿਬ ਸੋਚਦੇ ਹੋਣਗੇ ਕਿ ਮਾਸਟਰ ਦੀ ਦਿੱਖ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਦੀ ਹੋਵੇਗੀ। ਕਿਸੇ ਹੱਦ ਤਕ ਸਹੀ ਹੋ ਸਕਦਾ ਹੈ ਪਰ ਉਸਤਾਦ ਦਾ ਵਿਦਿਆਰਥੀ ਨਾਲ ਰਿਸ਼ਤਾ ਉਸ ਦੀ ਪੜ੍ਹਾਉਣ-ਵਿਧੀ ਜੋੜਦੀ ਹੈ, ਜਿਸ ਲਈ ਆਪਣੇ ਕਿੱਤੇ ਪ੍ਰਤੀ ਵਚਨਵੱਧਤਾ ਦੇ ਨਾਲ ਨਾਲ ਵਿਸ਼ੇ ਦਾ ਸੂਖਮ ਗਿਆਨ ਹੋਣਾ ਅਤਿ ਜ਼ਰੂਰੀ ਹੈ।
ਮੈਂ ਪਿੱਛਲਝਾਤ ਮਾਰਦਾ ਹਾਂ ਤਾਂ ਮੈਨੂੰ ਮੇਰੇ ਕਾਲਜ ਦੇ ਪ੍ਰੋਫੈਸਰ ਸਾਹਿਬਾਨ ਯਾਦ ਆਉਂਦੇ ਹਨ। ਰਸਾਇਣ ਵਿਗਿਆਨ ਪੜ੍ਹਾਉਂਦੇ ਪ੍ਰੋਫੈਸਰ ਹਰ ਰੋਜ਼ ਨਵਾਂ ਸੂਟ ਜਾਂ ਕੋਟ ਪਹਿਨਦੇ। ਹੱਥ ਵਿੱਚ ਚਾਕ ਉਦੋਂ ਹੀ ਫੜਦੇ ਜਦੋਂ ਬਿਲਕੁਲ ਸਰਦਾ ਹੀ ਨਹੀਂ ਸੀ। ਬਲੈਕ ਬੋਰਡ ’ਤੇ ਲਿਖਣ ਵੇਲੇ ਹੱਥ ਲੰਬਾ ਕਰ ਲੈਂਦੇ ਤਾਂ ਕਿ ਚਾਕ ਦਾ ਬੂਰਾ ਕਿਤੇ ਕੋਟ ਉੱਤੇ ਨਾ ਪੈ ਜਾਵੇ। ਇਹੋ ਖਿਆਲ ਹੀ ਉਨ੍ਹਾਂ ਦੇ ਦਿਮਾਗ ਵਿੱਚ ਘੁੰਮਦਾ ਰਹਿੰਦਾ ਹੋਵੇਗਾ। ਸਾਡੀ ਤਾਂ ਹਿੰਮਤ ਹੀ ਨਹੀਂ ਸੀ ਕਿ ਉਨ੍ਹਾਂ ਨੂੰ ਕਹਿ ਸਕਦੇ ਕਿ ‘ਸਰ, ਬੋਰਡ ’ਤੇ ਲਿਖ ਕੇ ਸਮਝਾ ਦਿਓ।’ ਉਨ੍ਹਾਂ ਦੇ ਕੋਟ, ਸੂਟ ਮੇਰੇ ਲਈ ਕੋਈ ਮਾਅਨੇ ਨਹੀਂ ਰੱਖਦੇ ਸਨ, ਪਰ ਉਨ੍ਹਾਂ ਦੇ ਪ੍ਰਸ਼ੰਸਕ ਵਿਦਿਆਰਥੀਆਂ ਲਈ ਉਹ ਰੋਲ ਮਾਡਲ ਸਨ। ਅਖੀਰ ਤੇ ਪ੍ਰੈਕਟੀਕਲ ਵਾਲੇ ਦਿਨ ਉਹ ਸਭ ਨੂੰ ‘ਮਿਸ਼ਰਨ ਦੇ ਤੱਤ’ ਦੱਸ ਕੇ ਲਿਖਵਾ ਰਹੇ ਹੁੰਦੇ ... ਰਿਜ਼ਲਟ ਨਾ ਖਰਾਬ ਹੋ ਜਾਵੇ! ਮੈਂ ਉਨ੍ਹਾਂ ’ਤੇ ਯਕੀਨ ਕਰਨਾ ਮੁਨਾਸਿਬ ਨਾ ਸਮਝਿਆ ਮਤੇ ਮੇਰੇ ਕੋਲੋਂ ਗਲਤ ਹੀ ਨਾ ਲਿਖਵਾ ਦੇਣ ਤਾਂ ਕਿ ਉਨ੍ਹਾਂ ਦੇ ਕੋਟ, ਸੂਟਾਂ ਦੀ ਤਾਰੀਫਾਂ ਦੇ ਪੁਲ ਬੰਨ੍ਹਦੇ ਵਿਦਿਆਰਥੀ ਮੇਰੇ ਕੋਲੋਂ ਅੱਗੇ ਨਾ ਨਿਕਲ ਜਾਣ। ਮੈਂ ਖੁਦ ਟੈੱਸਟ ਕੀਤੇ, ਜਿਸ ਨਾਲ ਮੇਰਾ ਆਤਮ-ਵਿਸ਼ਵਾਸ ਹੋਰ ਪੱਕਾ ਹੋ ਗਿਆ ਸੀ। ਕੋਟ ਤੇ ਵਿੱਦਿਆ ਦੇਣ ਦਾ ਜੇ ਇਹੋ ਸੰਬੰਧ ਸੀ, ਤਾਂ ਸ਼ਾਇਦ ਹੈੱਡਮਾਸਟਰ ਸਾਹਿਬ ਠੀਕ ਹੀ ਕਹਿ ਰਹੇ ਹੋਣਗੇ!
ਅਜਿਹਾ ਵੀ ਨਹੀਂ ਕਿ ਸਾਰੇ ਕੋਟ ਪਹਿਨਣ ਵਾਲੇ ਇੱਕੋ ਜਿਹੇ ਹੁੰਦੇ ਸਨ। ਯੂਨੀਵਰਸਿਟੀ ਵੇਲੇ ਸਾਡੇ ਬਹੁਤ ਹੀ ਹਰਮਨ ਪਿਆਰੇ ਉਸਤਾਦ ਕੋਲ ਇੱਕ ਹੀ ਕੋਟ ਸੀ ਅਤੇ ਉਨ੍ਹਾਂ ਦਾ ਕੋਟ ਪੜ੍ਹਾਉਣ ਵੇਲੇ ਚਾਕ-ਬੂਰੇ ਨਾਲ ਭਰਿਆ ਹੁੰਦਾ ਸੀ। ਉਨ੍ਹਾਂ ਨੂੰ ਕੋਟ ਗੰਦਾ ਹੋਣ ਦੀ ਕੋਈ ਪ੍ਰਵਾਹ ਹੀ ਨਹੀਂ ਸੀ ਹੁੰਦੀ। ਸਾਨੂੰ ਵਿਸ਼ਾ ਸਮਝ ਆਉਣਾ ਚਾਹੀਦਾ ਸੀ, ਉਨ੍ਹਾਂ ਨੂੰ ਭਾਵੇਂ ਇੱਕ ਸਿਧਾਂਤ ਸਮਝਾਉਣ ਲਈ ਸੌ ਵਾਰ ਕਿਉਂ ਨਾ ਲਿਖਣਾ ਪੈਂਦਾ। ਕਦੇ ਕਦੇ ਉਹ ਕੋਟ ਦੀ ਬਜਾਏ ਸਵੈਟਰ ਵੀ ਪਹਿਨਦੇ, ਜ਼ਰੂਰੀ ਨਹੀਂ ਸੀ ਕਿ ਟੀਚਰ ਕੋਟ ਹੀ ਪਹਿਨੇ। ਸਾਰੀ ਕਲਾਸ ਨੇ ਏਕਾ ਕਰ ਲਿਆ ਕਿ 15 ਫਰਵਰੀ ਤੋਂ ਬਾਅਦ ਹੋਸਟਲ ਤੋਂ ਘਰ ਜਾ ਕੇ ਹੀ ਇਮਿਤਹਾਨ ਦੀ ਤਿਆਰੀ ਕਰਾਂਗੇ ਅਤੇ ਸਿਲੇਬਸ ਦਾ ਔਖਾ ਮੰਨਿਆ ਜਾਂਦਾ ਭਾਗ ਪੜ੍ਹਾਂਗੇ ਹੀ ਨਹੀਂ। ਇਸ ਉਸਤਾਦ ਨੇ ਸਭ ਨੂੰ ਇਹ ਬਾਕੀ ਬਚਿਆ ਪੜ੍ਹਾਉਣ ਲਈ ਚਿੱਠੀਆਂ ਲਿਖ ਕੇ ਘਰੋਂ ਬੁਲਵਾ ਲਿਆ। ਸਭ ਨੂੰ ਡਾਂਟ ਪਾਈ, “ਤੁਸੀਂ ਸਾਡੀ ਯੂਨੀਵਰਸਿਟੀ ਦੀ ਬੇਇੱਜ਼ਤੀ ਕਰਵਾਓਗੇ ...।” ਮੇਰੇ ਕਲਾਸ ਫੈਲੋ, ਵਿਨੋਦ ਮਹਿਤਾ ਨੇ ਨਿਡਰ ਹੋ ਕੇ ਕਿਹਾ, “ਸਰ! ਅਸੀਂ ਬਹੁਤਿਆਂ ਨੇ ਤੁਹਾਡੇ ਪੜ੍ਹਾਏ ਹੋਏ ਨਾਲ ਹੀ ਬਾਕੀ ਸਭ ਦੇ ਨੋਟਸ ਵੀ ਤਿਆਰ ਕਰ ਲਏ ਹਨ। ... ਅਸੀਂ ਆਪਣੀ ਯੂਨੀਵਰਸਿਟੀ ਦੀ ਬੇਇੱਜ਼ਤੀ ਨਹੀਂ ਹੋਣ ਦਿਆਂਗੇ।” ਉਨ੍ਹਾਂ ਦੀ ਮੁਸਕਰਾਹਟ ਮੇਰੇ ਦਿਮਾਗ ਤੇ ਜਿਉਂ ਦੀ ਤਿਉਂ ਉੱਘੜ ਆਈ ਹੈ। ਇਹ ਬਿਨਾਂ ਕੋਟ ਤੋਂ ਪੜ੍ਹਾਉਣ ਵਾਲੇ ਦੀ ਕਮਾਲ ਹੀ ਤਾਂ ਸੀ।
ਅਠਵੰਜਾ ਵਰ੍ਹੇ ਬੀਤ ਗਏ ਹਨ, ਉਦੋਂ ਦੇ ਜੰਮੇਂ ਪੰਜਾਹਵਿਆਂ ਵਿੱਚ ਪੈਰ ਧਰ ਚੁੱਕੇ ਹਨ। ਉਨ੍ਹਾਂ ਨੂੰ ਜ਼ਰੂਰ ਹੀ ਮੇਰੇ ਅਧਿਆਪਕਾਂ ਨਾਲੋਂ ਵੱਧ ਸੂਟਾਂ, ਕੋਟਾਂ ਵਾਲੇ ਅਧਿਆਪਕਾਂ ਨੇ ਪੜ੍ਹਾਇਆ ਹੋਵੇਗਾ। ਅਸੀਂ ਪ੍ਰਾਇਮਰੀ ਸਕੂਲ ਵਿੱਚ ਉਨ੍ਹਾਂ ਅਧਿਆਪਕਾਂ ਕੋਲ ਪੜ੍ਹਨਾ ਸ਼ੁਰੂ ਕੀਤਾ ਸੀ ਜਿਹੜੇ ਚਿੱਟੇ ਕੁੜਤੇ-ਪਜਾਮੇ ਪਹਿਨਦੇ ਸਨ। ਪਜਾਮਾ ਨਾ ਹੀ ਚੂੜੀਦਾਰ ਅਤੇ ਨਾ ਹੀ ਪੈਂਟ ਕਾਟ ਹੁੰਦਾ। ਚਿੱਟਾ ਰੰਗ ਸ਼ੁੱਧਤਾ ਦਾ ਪ੍ਰਤੀਕ ਮੰਨਿਆ ਜਾਂਦਾ ਰਿਹਾ ਹੈ। ਬੇਦਾਗ ਕੱਪੜਿਆਂ ਵਾਂਗ ਬਹੁਤੇ ਅਧਿਆਪਕਾਂ ਦਾ ਚਰਿੱਤਰ ਵੀ ਬੇਦਾਗ ਹੁੰਦਾ ਸੀ। ਸਮੇਂ ਨਾਲ ਵਿੱਦਿਆ ਦੇ ਮਾਅਨੇ ਹੀ ਬਦਲ ਗਏ ਹਨ। ਬੱਚਿਆਂ ਨੂੰ ਕਿਸੇ ਵੀ ਵਿਸ਼ੇ ਦੇ ਮੂਲ ਸਿਧਾਂਤਾਂ ਬਾਰੇ ਗਿਆਨ ਦੀ ਕਮੀ ਹੈ। ਕੁਝ ਦਿਨ ਪਹਿਲਾਂ ਇੱਕ ਬੱਚੀ ਨਾਲ ਗੱਲਾਂ ਕਰਦੇ ਕਰਦੇ ਮੇਂ ਉਸ ਨੂੰ ਪੁੱਛ ਬੈਠਾ ਕਿ ਉਸ ਨੂੰ ਕਿਹੜਾ ਵਿਸ਼ਾ ਮੁਸ਼ਕਿਲ ਲਗਦਾ ਹੈ। ਉਸ ਨੇ ਕਿਹਾ, “ਅੰਕਲ, ਫਿਜ਼ਿਕਸ ਸਭ ਤੋਂ ਔਖੀ ਲਗਦੀ ਹੈ।”
ਮੈਂ ਕਿਹਾ, “ਬੱਚੇ, ਇਹ ਤਾਂ ਬਹੁਤ ਸੌਖਾ ਵਿਸ਼ਾ ਹੈ ਜੇਕਰ ਤੁਹਾਨੂੰ ਇਸਦੇ ਮੂਲ-ਸਿਧਾਂਤਾਂ ਦੀ ਸਮਝ ਆ ਜਾਵੇ।”
ਉਹ ਬੱਚੀ ਟਿਉਸ਼ਨ ’ਤੇ ਜ਼ਿਆਦਾ ਨਿਰਭਰ ਸੀ। ਕੋਟ ਵਾਲਿਆਂ ਦੀਆਂ ਪੜ੍ਹਾਈਆਂ ਟਿਊਸ਼ਨਾਂ ਅਤੇ ਉਨ੍ਹਾਂ ਦੇ ਘੋਟਾ-ਮੰਤ੍ਰ ਨਾਲ 95% ਅੰਕ ਦੀ ਪ੍ਰਾਪਤੀ ਸੰਭਵ ਹੈ। ਕੋਟਾਂ ਦੇ ਪੜ੍ਹਾਏ ਹੋਏ ਇਹ ਵਿਦਿਆਰਥੀ ਮੁਕਾਬਲੇ ਦੇ ਇਮਤਿਹਾਨਾਂ ਵਿੱਚ ਸਫਲ ਹੋਣ ਲਈ ‘ਕੋਟੇ’ ਦੇ ਕੋਚਿੰਗ ਸੈਂਟਰਾਂ ਦਾ ਰੁਖ ਕਰਦੇ ਹਨ। (ਰਾਜਸਥਾਨ ਦਾ ਕੋਟਾ ਸ਼ਹਿਰ ਕੋਚਿੰਗ ਲਈ ਮਸ਼ਹੂਰ ਹੈ)। ਜਦੋਂ ‘ਕੋਟ’ ਅਤੇ ‘ਕੋਟਾ’ ਕੁਝ ਪੱਲੇ ਨਹੀਂ ਪਾਉਂਦਾ ਤਾਂ ਨਿਰਾਸ਼ਤਾ ਦਾ ਆਲਮ ਨੌਜਵਾਨਾਂ ਵਿੱਚ ਆਤਮ-ਹੱਤਿਆ ਦਾ ਵਰਤਾਰਾ ਉਭਾਰਦਾ ਹੈ। ਅਜਿਹੀ ਵਿੱਦਿਆ ਨੇ ਵਿਦਿਆਰਥੀ ਅਤੇ ਸਮਾਜ ਦਾ ਕੀ ਸਵਾਰ ਦੇਣਾ ਹੈ? ਕੱਚ-ਘਰੜ ਗਿਆਨ ਜ਼ਿਆਦਾ ਨੁਕਸਾਨਦੇਹ ਹੋ ਸਕਦਾ ਹੈ। ਨੀਮ-ਹਕੀਮ ਖਤਰਾ ਏ ਜਾਨ ਦੀ ਕਹਾਵਤ ਅਸੀਂ ਸੁਣਦੇ ਹੀ ਆਏ ਹਾਂ।
ਲਿਖਦੇ ਲਿਖਦੇ ਇੱਕ ਘਟਨਾ ਯਾਦ ਆ ਗਈ। ਮੇਰੇ ਡਰਾਈਵਿੰਗ ਲਾਇਸੈਂਸ ਦੀ ਮਿਆਦ ਖਤਮ ਹੋ ਰਹੀ ਸੀ। ਸਟਾਫ ਨੇ ਦੱਸਿਆ ਕਿ ਫਲਣਾ ਇੰਸਪੈਕਟਰ ਚੰਗਾ ‘ਸੰਪਰਕ ਸਾਧਕ’ ਹੈ, ਉਸ ਨੂੰ ਦੇ ਦਿਓ। ਸਭ ਆਪਣੇ ਆਪ ਕਰਵਾ ਲਿਆਵੇਗਾ।” ਮੈਂ ਦਸ ਸਾਲ ਤੋਂ ਕਾਰ ਚਲਾ ਰਿਹਾ ਸੀ। ਉਸ ਇੰਸਪੈਕਟਰ ਨੂੰ ਕੰਮ ਸੌਂਪ ਦਿੱਤਾ ਗਿਆ। ਦੂਸਰੇ ਦਿਨ ਆ ਕੇ ਕਹਿਣ ਲੱਗਿਆ, “ਸਰ! ਉਹ ਕਹਿੰਦੇ ਨੇ ਪਹਿਲਾਂ ਲਰਨਿੰਗ ਲਾਇਸੈਂਸ ਬਣਵਾਓ!”
ਮੇਰਾ ਮੱਥਾ ਠਣਕਿਆ, ਇੱਕ ਦਮ ਦਿਮਾਗ ਵਿੱਚ ਆਇਆ ਕਿ ਇਹ ਜ਼ਰੂਰ ਹੀ ‘ਕੋਟ’ ਦਾ ਪੜ੍ਹਾਇਆ ਹੋਣਾ ਹੈ। ਇਹ ਵੱਖਰੀ ਕਹਾਣੀ ਹੈ ਕਿ ਉਸ ਨੇ ਇੰਸਪੈਕਟਰੀ ਕਿਵੇਂ ਲਈ ਸੀ।
ਸ਼ਾਇਦ ਕੋਟਾਂ ਦੇ ਪੜ੍ਹਾਏ ਹੋਇਆਂ ਨੇ ਹੀ ਸਾਡੇ ਜੀਵਨ ਦਾ ਸਭ ਤੋਂ ਅਹਿਮ ਪਿੜ ਮੱਲ ਲਿਆ ਹੈ। ਲੋਕ ਸਭਾ ਦੀਆਂ ਚੋਣਾਂ ਹੋਈਆਂ ਹਨ। ਦੇਸ਼ ਭਰ ਦੇ ਉਮੀਦਵਾਰਾਂ ਦੀ ਅਕਾਦਮਿਕ ਯੋਗਤਾ ਤੇ ਪੰਛੀ ਝਾਤ ਮਾਰਿਆਂ ਇਹ ਸਾਹਮਣੇ ਆਉਂਦਾ ਹੈ ਕਿ ਹੋਣ ਵਾਲੇ ਜ਼ਿਆਦਾਤਰ ਕਾਨੂੰਨਸਾਜ਼ ਦਸਵੀਂ-ਬਾਰ੍ਹਵੀਂ ਪਾਸ ਹਨ, ਕੋਈ ਕੋਈ ਗਰੇਜੂਏਟ ਹੈ। ਟਾਵਾਂ ਹੀ ਪੋਸਟ ਗਰੈਜੂਏਟ ਅਤੇ ਡਾਕਟਰੇਟ ਦੀ ਯੋਗਤਾ ਵਾਲਾ ਹੋਵੇਗਾ, ਅੰਗੂਠਾ ਛਾਪ ਅਤੇ ਅਪਰਾਧਕ ਪਛੋਕੜ ਵਾਲਿਆਂ ਦੀ ਚੋਖੀ ਭਰਮਾਰ ਹੈ। ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਜਿਸ ਦੇਸ਼ ਵਿੱਚ ‘ਕੋਟ’ ਪੜ੍ਹਾਉਂਦਾ ਹੋਵੇ, ਉੱਥੋਂ ਦੇ ਕਾਨੂੰਨ-ਘਾੜੇ ਮਹਿੰਗਾਈ, ਬੇਰੁਜ਼ਗਾਰੀ, ਵਧ ਰਿਹਾ ਆਰਥਿਕ ਪਾੜਾ, ਵਧ ਰਹੀ ਅਨੈਤਿਕਤਾ, ਅਸਹਿਣਸ਼ੀਲਤਾ, ਵਿਗਿਆਨਕ ਨਜ਼ਰੀਏ ਦੀ ਥਾਂ ਮਿਥਿਹਾਸਕ ਪਰੰਪਰਾਵਾਂ ਨੂੰ ਤਰਜੀਹ ਦੇਣ, ਨਸ਼ਾ ਤਸਕਰੀ, ਗਰੀਬੀ, ਸਿਹਤ ਸੇਵਾਵਾਂ ਵਿੱਚ ਨਿਘਾਰ ਅਤੇ ਅਨਪੜ੍ਹਤਾ ਆਦਿ ਮਸਲਿਆਂ ਦਾ ਹੱਲ ਕੱਢਣ ਵਿੱਚ ਨਾਕਾਮਯਾਬ ਰਹਿਣ। ਐਡੇ ਵੱਡੇ ਪੰਜਾਬ ਨੂੰ ‘ਪੰਜਾਬੀ ਸੂਬੀ’ ਬਣਾ ਦੇਣਾ ਇਨ੍ਹਾਂ ‘ਕੋਟ’ ਦੇ ਪੜ੍ਹਾਏ ਸਿਆਸਤਦਾਨਾਂ ਦੀ ਦੇਣ ਲਗਦਾ ਹੈ। ਆਪਣੇ ਕੋਟ-ਧਾਰਕ ਉਸਤਾਦਾਂ ਦਾ ਰਿਣ ਉਤਾਰਨ ਲਈ ਪਤਾ ਨਹੀਂ ਇਨ੍ਹਾਂ ਦੇ ਪੜ੍ਹਾਏ ਕਾਨੂੰਨਘਾੜੇ ਇੱਕ ਦਿਨ ਹੈੱਡਮਾਸਟਰ ਜੀ ਵਾਂਗ ਫਰਮਾਨ ਜਾਰੀ ਕਰ ਦੇਣ, ਦੇਸ਼ ਵਿੱਚ ਮਿਆਰੀ ਸਿੱਖਿਆ ਲਈ ... ‘ਏ ਟੀਚਰ ਮਸਟ ਵੀਅਰ ਏ ਕੋਟ!’
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5035)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)