MohdAbbasDhaliwal7ਪੂਰੀ ਨਜ਼ਮ ਵਿੱਚ ਕਿਸੇ ਥਾਂ ਵੀ ਹਿੰਦੂ ਧਰਮ ਦੀ ਵਿਰੋਧਤਾ ਨਜ਼ਰ ਨਹੀਂ ਆਉਂਦੀ ...
(5 ਜਨਵਰੀ 2020)

 

ਅੱਜ ਤੋਂ ਕਰੀਬ ਚਾਲੀ ਸਾਲ ਪਹਿਲਾਂ ਤਰੱਕੀ ਪਸੰਦ ਤਹਿਰੀਕ ਦੇ ਅਲੰਬਰਦਾਰ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਨੇ ਇੱਕ ਨਜ਼ਮ ਲਿਖੀ ਸੀ ਜਿਸਦਾ ਉਨਵਾਨ ਸੀ ‘ਹਮ ਦੇਖੇਂਗੇ’ਇਸ ਨਜ਼ਮ ਵਿੱਚ ਫ਼ੈਜ਼ ਨੇ ਆਪਣੇ ਅਹਿਦ ਦੇ ਤਾਨਾਸ਼ਾਹਾਂ ਨੂੰ ਵੰਗਾਰਦਿਆਂ ਅਵਾਮ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀਅੱਜ ਚਾਲੀ ਵਰ੍ਹਿਆਂ ਬਾਅਦ ਵੀ ਉਸ ਨਜ਼ਮ ਦਾ ਜਾਦੂ ਬਰਕਰਾਰ ਹੈ ਤੇ ਇਹੋ ਵਜ੍ਹਾ ਹੈ ਕਿ ਉਕਤ ਨਜ਼ਮ ਅੱਜ ਹਿੰਦੂਸਤਾਨ ਦੇ ਬੱਚੇ ਬੱਚੇ ਦੀ ਜ਼ਬਾਨ ’ਤੇ ਹੈ

ਹਾਲ ਹੀ ਵਿੱਚ ਇਹ ਨਜ਼ਮ ਉਸ ਵਕਤ ਸੁਰਖੀਆਂ ਵਿੱਚ ਆ ਗਈ ਜਦੋਂ ਪਿਛਲੇ ਦਿਨੀਂ IIT ਕਾਨਪੁਰ ਦੇ ਵਿਦਿਆਰਥੀਆਂ ਨੇ ਜਾਮੀਆ ਦੇ ਵਿਦਿਆਰਥੀਆਂ ਦੇ ਹੱਕ ਵਿੱਚ ਰੈਲੀ ਕੱਢਣ ਦੀ ਕਾਲਜ ਤੋਂ ਇਜਾਜ਼ਤ ਮੰਗੀ ਤੇ ਉਨ੍ਹਾਂ ਨੂੰ ਸਾਫ ਮਨ੍ਹਾ ਕਰ ਦਿੱਤਾ ਗਿਆਇਸ ਦੇ ਫਲਸਰੂਪ ਕਾਲਜ ਦੇ ਵਿਦਿਆਰਥੀਆਂ ਨੇ ਕੈਂਪਸ ਵਿੱਚ ਹੀ ਇਕੱਠੇ ਬੈਠ ਕੇ ਫ਼ੈਜ਼ ਦੀ ਉਕਤ ਨਜ਼ਮ ਨੂੰ ਗਾਇਆ

ਦੁਖਾਂਤ ਦੀ ਗੱਲ ਇਹ ਹੈ ਕਿ ਜਿਸ ਫੈਜ਼ ਨੇ ਆਪਣੀ ਪੂਰੀ ਜ਼ਿੰਦਗੀ ਮਨੁੱਖਤਾ ਦੇ ਭਲੇ ਲਈ ਲੇਖੇ ਲਾ ਦਿੱਤੀ, ਉਸ ਫੈਜ਼ ਦੀ ਉਕਤ ਨਜ਼ਮ ਨੂੰ ਕੁਝ ਤੰਗ ਨਜ਼ਰ ਵਿਦਿਆਰਥੀਆਂ ਨੇ ਹਿੰਦੂ ਵਿਰੋਧੀ ਆਖਿਆ ਅਤੇ ਇਸਦੀ ਸ਼ਿਕਾਇਤ ਆਈਆਈਟੀ ਡਾਇਰੈਕਟਰ ਨੂੰ ਲਿਖ਼ਤੀ ਰੂਪ ਵਿੱਚ ਦਿੱਤੀ ਕਿ ਕੈਂਪਸ ਵਿੱਚ ਹਿੰਦੂ-ਵਿਰੋਧੀ ਕਵਿਤਾ ਪੜ੍ਹੀ ਗਈ ਹੈ, ਜਿਸ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈਇਸ ਲਈ ਇਸ ਕਵਿਤਾ ਨੂੰ ਪੜ੍ਹਨ ਵਾਲਿਆਂ ਖ਼ਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈਇਸ ਤੋਂ ਬਾਅਦ ਆਈਆਈਟੀ ਮੈਨੇਜਮੈਂਟ ਨੇ ਇਸ ਉੱਤੇ ਜਾਂਚ ਬਿਠਾ ਦਿੱਤੀ ਹੈਹਾਲਾਂਕਿ ਉਕਤ ਨਜ਼ਮ ਵਿੱਚ ਹਿੰਦੂ ਵਿਰੋਧੀ ਕੁਝ ਵੀ ਨਹੀਂ ਹੈ

ਇੱਥੇ ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਜੋ ਰੋਸ ਪ੍ਰਦਰਸ਼ਨ ਹੋ ਰਹੇ ਹਨ, ਉਨ੍ਹਾਂ ਦਾ ਮੁੱਢ ਦਰਅਸਲ 15 ਦਸੰਬਰ ਨੂੰ ਦਿੱਲੀ ਦੇ ਜਾਮੀਆ ਇਲਾਕੇ ਵਿੱਚ ਸੀਏਏ ਦੇ ਵਿਰੁੱਧ ਪ੍ਰਦਰਸ਼ਨਾਂ ਤੋਂ ਸ਼ੁਰੂ ਹੋਇਆ ਸੀ, ਜਿਸ ਵਿੱਚ ਜਾਮੀਆ ਮਿਲੀਆ ਇਸਲਾਮੀਆ ਦੇ ਕੁਝ ਵਿਦਿਆਰਥੀ ਨੇ ਵੀ ਸ਼ਿਰਕਤ ਕੀਤੀ ਸੀਇਸੇ ਦੌਰਾਨ ਪੁਲਿਸ ਨੇ ਯੂਨੀਵਰਸਿਟੀ ਵਿੱਚ ਘੁਸ ਕੇ ਉੱਥੇ ਦੀ ਲਾਇਬਰੇਰੀ, ਹੋਸਟਲ ਅਤੇ ਬਾਥਰੂਮਾਂ ਵਿਚਲੇ ਵਿਦਿਆਰਥੀਆਂ ਤੱਕ ਉੱਤੇ ਤਸ਼ੱਦਦ ਢਾਹੁੰਦਿਆਂ ਉਨ੍ਹਾਂ ਦੀ ਬੇਤਹਾਸ਼ਾ ਕੁੱਟਮਾਰ ਕੀਤੀ ਸੀਜਿਵੇਂ ਹੀ ਇਹ ਖਬਰ ਨੈਸ਼ਨਲ ਅਤੇ ਇੰਟਰਨੈਸ਼ਨਲ ਮੀਡੀਆ ਦੇ ਜ਼ਰੀਏ ਦੇਸ਼ ਦੇ ਦੂਜੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਤਕ ਪਹੁੰਚੀ, ਪੁਲਸ ਦੁਆਰਾ ਢਾਹੇ ਤਸ਼ੱਦਦ ਦੇ ਵਿਰੋਧ ਵਿੱਚ ਸਾਰਾ ਵਿਦਿਆਰਥੀ ਵਰਗ ਜਾਮੀਆ ਦੇ ਸਮਰਥਨ ਵਿੱਚ ਸੜਕਾਂ ਤੇ ਉੱਤਰ ਆਇਆਵਿਦਿਆਰਥੀਆਂ ਉੱਤੇ ਢਾਹੇ ਗਏ ਉਕਤ ਤਸ਼ੱਦਦ ਦੇ ਵਿਰੋਧ ਵਿੱਚ ਦੇਸ਼ ਹੀ ਨਹੀਂ ਸਗੋਂ ਵਿਦੇਸ਼ੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵੀ ਖੁੱਲ੍ਹ ਕੇ ਸਾਹਮਣੇ ਆ ਗਏ

ਇਹ ਗੱਲ ਸਾਰਾ ਪੜ੍ਹਿਆ ਲਿਖਿਆ ਵਰਗ ਭਲੀਭਾਂਤ ਜਾਣਦਾ ਹੈ ਕਿ ਫੈਜ਼ ਇੱਕ ਘੋਸ਼ਿਤ ਕਮਿਉਨਿਸਟ ਸਨਉਨ੍ਹਾਂ ਆਪਣੀ ਉਕਤ ਕਵਿਤਾ ‘ਹਮ ਦੇਖੇਂਗੇ’ 1979 ਵਿੱਚ ਲਿਖੀ ਸੀ ਜ਼ਿਕਰਯੋਗ ਹੈ ਕਿ ਉਨ੍ਹਾਂ ਉਕਤ ਨਜ਼ਮ ਤਤਕਾਲੀ ਪਾਕਿਸਤਾਨ ਦੇ ਤਾਨਾਸ਼ਾਹ ਜਨਰਲ ਜ਼ਿਆ-ਉਲ-ਹੱਕ ਦੇ ਖਿਲਾਫ ਲਿਖੀ ਸੀ 1984 ਵਿੱਚ ਫੈਜ਼ ਦੀ ਮੌਤ ਹੋ ਗਈ। 1985 ਵਿੱਚ ਜਨਰਲ ਜ਼ਿਆ-ਉਲ-ਹੱਕ ਦੁਆਰਾ ਦੇਸ਼ ਵਿੱਚ ਮਾਰਸ਼ਲ ਲਾਅ ਲੱਗਾ ਕੇ ਲੋਕਾਂ ਦੇ ਅਧਿਕਾਰਾਂ ਨੂੰ ਸਲਬ ਕਰ ਲਿਆ ਗਿਆਕਹਿੰਦੇ ਹਨ ਕਿ ਉਸ ਵਕਤ ਕਾਲੇ ਦੇ ਰੰਗ ਕੱਪੜੇ ਪਹਿਨਣ ’ਤੇ (ਕਿਉਂਕਿ ਕਾਲੇ ਰੰਗ ਨੂੰ ਪ੍ਰੋਟੈਸਟ ਦਾ ਪ੍ਰਤੀਕ ਮੰਨਿਆ ਜਾਂਦਾ ਹੈ) ਦੇਸ਼ ਵਿੱਚ ਇੱਕ ਤਰ੍ਹਾਂ ਪਾਬੰਦੀ ਆਇਦ ਕਰ ਦਿੱਤੀ ਗਈ ਸੀਅਜਿਹੇ ਸਮੇਂ ਵਿੱਚ 1986 ਵਿੱਚ ਲਾਹੌਰ ਦੇ ਅਲ-ਹਮਰਾ ਆਰਟਸ ਕਾਉਂਸਲ ਦੇ ਆਡੀਟੋਰੀਅਮ ਵਿੱਚ ਗ਼ਜ਼ਲ ਗਾਇਕਾ ਇਕਬਾਲ ਬਾਨੋ (1935-2009) ਨੇ ਉਕਤ ਤਾਨਾਸ਼ਾਹੀ ਦੇ ਵਿਰੋਧ ਵਿੱਚ ਕਾਲੇ ਰੰਗ ਦੀ ਸਾੜੀ ਪਾ ਕੇ ਉਕਤ ਨਜ਼ਮ ਨੂੰ ਜਦੋਂ ਸਟੇਜ ਉੱਤੇ ਗਾਇਆ ਤਾਂ ਪੂਰੇ ਆਡੀਟੋਰੀਅਮ ਵਿੱਚ ਵਜਦ ਦੀ ਕੈਫੀਅਤ ਬਣ ਗਈ ਤੇ ਸਾਰੇ ਲੋਕ ਉਸ ਦੇ ਨਾਲ ਨਾਲ ਗਾਉਣ ਲੱਗੇ ਤੇ ਨਾਲ ਹੀ ਇਨਕਲਾਬ ਜ਼ਿੰਦਾ ਬਾਦ ਦੇ ਨਾਅਰੇ ਵੀ ਗੂੰਜਣ ਲੱਗੇਇਹ ਸਭ ਵੇਖ ਕੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਨ੍ਹਾਂ ਮਾਈਕ ਦੀਆਂ ਤਾਰਾਂ ਕੱਟ ਦਿੱਤੀਆਂ ਤਾਂ ਕਿ ਆਵਾਜ਼ ਬਾਹਰ ਨਾ ਜਾ ਸਕੇਪਰ ਇਸਦੇ ਬਾਵਜੂਦ ਪ੍ਰੋਗਰਾਮ ਦੀ ਰਿਕਾਰਡਿੰਗ ਚੋਰੀ ਛਿਪੇ ਪਾਕਿਸਤਾਨ ਤੋਂ ਸਮਗਲ ਕੀਤੀ ਗਈ ਅਤੇ ਫਿਰ ਪੂਰੀ ਦੁਨੀਆ ਤੱਕ ਪਹੁੰਚਾਈ ਗਈ

ਇੱਥੇ ਜ਼ਿਕਰਯੋਗ ਹੈ ਕਿ ਅਟਲ ਬਿਹਾਰੀ ਵਾਜਪਾਈ ਵਿਦੇਸ਼ ਮੰਤਰੀ ਹੁੰਦਿਆਂ ਪਾਕਿਸਤਾਨ ਦੇ ਆਪਣੇ ਅਧਿਕਾਰਿਤ ਦੋਰੇ ’ਤੇ ਸਨ ਤਾਂ ਆਪ ਪ੍ਰੋਟੋਕੋਲ ਤੋੜ ਕੇ ਫੈਜ਼ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਚਲੇ ਗਏ ਸਨ ਤੇ ਮਿਲਣ ਉਪਰੰਤ ਵਾਜਪਾਈ ਨੇ ਕਿਹਾ, “ਮੈਂ ਸਿਰਫ ਇੱਕ ਸ਼ੇਅਰ ਲਈ ਤੁਹਾਨੂੰ ਮਿਲਣ ਲਈ ਆਇਆ ਹਾਂ ਅਤੇ ਉਹ ਸ਼ੇਅਰ ਪੜ੍ਹਿਆ :

ਮੁਕਾਮ ਏ ‘ਫੈਜ਼’ ਕੋਈ ਰਾਹ ਮੇਂ ਜਚਾ ਹੀ ਨਹੀਂ
ਜੋ ਕੂ-ਏ-ਯਾਰ ਸੇ ਨਿਕਲੇ ਤੋ ਸੂ-ਏ-ਦਾਰ ਚਲੇ

ਉੱਧਰ ਪ੍ਰਸਿੱਧ ਫਿਲਮਸਾਜ਼ ਅਤੇ ਗੀਤਕਾਰ ਗੁਲਜ਼ਾਰ ਨੇ ਫੈਜ਼ ਨੂੰ ਧਾਰਮਿਕ ਮਾਮਲਿਆਂ ਵਿੱਚ ਘਸੀਟਣ ਦੇ ਸੰਦਰਭ ਵਿੱਚ ਕਿਹਾ ਕਿ ਅਗਾਂਹਵਧੂ ਲੇਖਕ ਲਹਿਰ ਦੇ ਬਾਨੀ ਫੈਜ਼ ਨੂੰ ਮਜ਼ਹਬੀ ਮਾਮਲਿਆਂ ਵਿੱਚ ਘਸੀਟਣਾ ਵਾਜਬ ਨਹੀਂਉਨ੍ਹਾਂ ਜੋ ਕੀਤਾ, ਲੋਕਾਂ ਲਈ ਕੀਤਾ, ਇਹ ਦੁਨੀਆਂ ਜਾਣਦੀ ਹੈਉਨ੍ਹਾਂ ਜ਼ਿਆ ਉਲ ਹੱਕ ਦੇ ਦੌਰ ਵਿੱਚ ਕਵਿਤਾਵਾਂ ਲਿਖੀਆਂਉਨ੍ਹਾਂ ਦੀਆਂ ਕਵਿਤਾਵਾਂ ਨੂੰ ਸਹੀ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ

ਆਓ ਅੱਜ ਉਸ ਨਜ਼ਮ ਦੀ ਤਸ਼ਰੀਹ ਕਰਕੇ ਸਮਝਣ ਦਾ ਉਪਰਾਲਾ ਕਰਦੇ ਹਾਂ ਕਿ ਆਖਿਰ ਇਸ ਨਜ਼ਮ ਵਿੱਚ ਫੈਜ਼ ਨੇ ਅਜਿਹੇ ਕਿਹੜੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ, ਜਿਸ ਨੂੰ ਗਾ ਕੇ ਵਿਦਿਆਰਥੀ ਉਤਸ਼ਾਹਿਤ ਹੋ ਕੇ ਜੋਸ਼ ਨਾਲ ਲਬਾਲਬ ਭਰ ਗਏ ਅਤੇ ਤੰਗ ਨਜ਼ਰਾਂ ਦਾ ਇਸ ਨੂੰ ਹਿੰਦੂ ਵਿਰੋਧੀ ਕਹਿਣਾ ਕਿਉਂ ਗਲਤ ਹੈ?

ਨਜ਼ਮ ਦੇ ਪਹਿਲੇ ਬੰਦ ਵਿੱਚ ਕਵੀ ਕੌਮ ਦੇ ਦੱਬੇ ਕੁਚਲੇ ਲੋਕਾਂ ਨੂੰ ਸੰਬੋਧਿਤ ਹੁੰਦਿਆਂ ਆਖਦਾ ਹੈ:

ਹਮ ਦੇਖੇਂਗੇ,
ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ,
ਵੋ ਦਿਨ ਕਿ ਜਿਸ ਕਾ ਵਾਅਦਾ ਹੈ,
ਜੋ ਲੌਹ-ਏ-ਅਜ਼ਲ ਮੇਂ ਲਿੱਖਾ ਹੈ

ਉਕਤ ਸਤਰਾਂ ਵਿੱਚ ਫੈਜ਼ ਕਹਿੰਦੇ ਹਨ ਕਿ ਅਸੀਂ ਸਾਰੇ ਉਹ ਦਿਨ ਜ਼ਰੂਰ ਇੱਕ ਨਾ ਇੱਕ ਦਿਨ ਵੇਖਾਂਗੇ ਜਿਸ ਦਿਨ ਦੇ ਬਾਰੇ ਉਸ ਪੱਕੀ (ਕਦੇ ਨਾ ਮਿਟਣ ਵਾਲੀ) ਸਲੇਟ ’ਤੇ ਲਿਖਿਆ ਹੈ

ਜਬ ਜ਼ੁਲਮ-ਓ-ਸਿਤਮ ਕੇ ਕੋਹ-ਏ-ਗਿਰਾਂ
ਰੁਈ ਕੀ ਤਰ੍ਹਾਂ ਉੜ ਜਾਏਂਗੇ
,

ਹਮ ਮਹਿਕੂਮੋਂ ਕੇ ਪਾਂਓ ਤਲੇ
ਜਬ ਧਰਤੀ ਧੜ-ਧੜ ਧੜਕੇਗੀ
,

ਔਰ ਅਹਿਲ-ਏ-ਹੁਕਮ ਕੇ ਸਰ ਊਪਰ
ਜਬ ਬਿਜਲੀ ਕੜ-ਕੜ ਕੜਕੇਗੀ
,

ਦੂਜੇ ਬੰਦ ਵਿੱਚ ਫੈਜ ਆਖਦੇ ਹਨ ਕਿ ਜਦੋਂ ਜ਼ੁਲਮਾਂ ਦੇ ਭਾਰੀ ਪਹਾੜ ਰੂੰ ਦੇ ਫੰਬਿਆਂ ਵਾਂਗ ਉਡਦੇ ਫਿਰਨਗੇ ਤੇ ਸਾਡੇ ਸ਼ਾਸਕਾਂ ਦੇ ਪੈਰਾਂ ਦੇ ਹੇਠਲੀ ਧਰਤੀ ਬਗਾਵਤ ਰੂਪੀ ਭੂਚਾਲ ਦੇ ਆਉਣ ਦਾ ਸੁਨੇਹਾ ਦੇਵੇਗੀ ਤੇ ਇਸੇ ਹਿਲਜੁਲ ਦੇ ਵਿਚਕਾਰ ਤਾਨਾਸ਼ਾਹਾਂ ਦੇ ਤਖ਼ਤ ਡਗਮਗਾ ਜਾਣਗੇ ਅਤੇ ਤਾਨਾਸ਼ਾਹ ਸ਼ਾਸਕਾਂ ਦੇ ਸਿਰਾਂ ਉੱਪਰ ਬਿਜਲੀ ਕੜਕ ਕੜਕ ਕੇ ਡਿੱਗੇਗੀ, ਅਸੀਂ ਉਹ ਦਿਨ ਜ਼ਰੂਰ ਵੇਖਾਂਗੇ

ਜਬ ਅਰਜ਼-ਏ-ਖ਼ੁਦਾ ਕੇ ਕਾਅਬੇ ਸੇ
ਸਬ ਬੁਤ ਉਠਵਾਏ ਜਾਏਂਗੇ
,

ਹਮ ਅਹਿਲ-ਏ-ਸਫ਼ਾ ਮਰਦੂਦ-ਏ-ਹਰਮ
ਮਸਨਦ ਪੇ ਬਿਠਾਏ ਜਾਏਂਗੇ
,

ਤੇ ਜਦੋਂ ਇਸ ਰੱਬ ਦੀ ਧਰਤੀ ਤੋਂ ਉਨ੍ਹਾਂ ਅਖੌਤੀ ਬੁੱਤਾਂ ਜੋ ਆਪਣੇ ਆਪ ਨੂੰ ਰੱਬ ਕਹਾਉਂਦੇ ਹਨ ਤੇ ਜਿਨ੍ਹਾਂ ਦੀ ਸਿਹਤ ਉੱਤੇ ਕਿਸੇ ਮਨੁੱਖ ਦੇ ਦੁੱਖ ਦਰਦ ਦਾ ਕੋਈ ਪ੍ਰਭਾਵ ਨਹੀਂ ਪੈਂਦਾਇਨ੍ਹਾਂ ਬੇਹਿੱਸ ਪੱਥਰਾਂ (ਭਾਵ ਤਾਨਾਸ਼ਾਹ ਸ਼ਾਸਕਾਂ ਨੂੰ ਗੱਦੀਓਂ ਲਾਹਿਆ ਜਾਵੇਗਾ) ਨੂੰ ਉਖਾੜ ਕੇ ਪਰਾਂ ਸੁੱਟ ਦਿੱਤਾ ਜਾਵੇਗਾਤੇ ਫੇਰ ਜਦੋਂ ਸਫਾ ਵਾਲੇ ਲੋਕਾਂ ਭਾਵ ਉਹ ਮਜਲੂਮ ਅਵਾਮ ਜਿਨ੍ਹਾਂ ਉੱਪਰ ਸ਼ਾਸਕਾਂ ਵਲੋਂ ਜ਼ੁਲਮ ਢਾਹੇ ਗਏ ਸਨ, ਉਨ੍ਹਾਂ ਨੂੰ ਇੱਜ਼ਤ ਅਤੇ ਅਹਿਤਰਾਮ ਨਾਲ ਮਸਨਦ ਭਾਵ ਉਨ੍ਹਾਂ ਨੂੰ ਤਕੀਏ (ਸਿਰਹਾਣੇ, ਪਿੱਲੂ ਵਾਲੇ) ਤਖ਼ਤਾ ਉੱਤੇ ਬਿਠਾਇਆ ਜਾਵੇਗਾਅਸੀਂ ਉਹ ਦਿਨ ਜ਼ਰੂਰ ਵੇਖਾਂਗੇ

ਸਬ ਤਾਜ ਉਛਾਲੇ ਜਾਏਂਗੇ,
ਸਬ ਤਖ਼ਤ ਗਿਰਾਏ ਜਾਏਂਗੇ,

ਬੱਸ ਨਾਮ ਰਹੇਗਾ ਅੱਲ੍ਹਾ ਕਾ,
ਜੋ ਗ਼ਾਇਬ ਭੀ ਹੈ ਹਾਜ਼ਿਰ ਭੀ,
ਜੋ ਮੰਜ਼ਰ ਭੀ ਹੈ ਨਾਜ਼ਿਰ ਭੀ।

ਜਦੋਂ ਸਭ ਜ਼ਾਲਮ ਹੁਕਮਰਾਨਾਂ ਦੇ ਤਾਜ ਉਛਾਲੇ ਜਾਣਗੇ ਅਤੇ ਉਨ੍ਹਾਂ ਦੇ ਤਖ਼ਤ ਢਹਿ-ਢੇਰੀ ਕੀਤੇ ਜਾਣਗੇ, ਉਸ ਸਮੇਂ ਸਿਰਫ ਡਾਢੇ ਅਕਾਲ ਪੁਰਖ ਦਾ ਹੀ ਨਾਮ ਬਾਕੀ ਰਹੇਗਾ, ਜੋ ਭਾਵੇਂ ਵਿਖਾਈ ਨਹੀਂ ਦਿੰਦਾ ਪਰ ਉਸ ਦੀ ਮੌਜੂਦਗੀ ਤੋਂ ਕਦਾਚਿਤ ਇਨਕਾਰ ਨਹੀਂ ਕੀਤਾ ਜਾ ਸਕਦਾਉਹ ਦਿਨ ਅਸੀਂ ਲਾਜ਼ਮੀ ਵੇਖਾਂਗੇ

ਉੱਠੇਗਾ ਅਨਲ-ਹੱਕ ਕਾ ਨਾਰਾ,
ਜੋ ਮੈਂ ਭੀ ਹੂੰ ਔਰ ਤੁਮ ਭੀ ਹੋ।

ਔਰ ਰਾਜ ਕਰੇਗੀ ਖ਼ਲਕ-ਏ-ਖ਼ੁਦਾ,
ਜੋ ਮੈਂ ਭੀ ਹੂੰ ਔਰ ਤੁਮ ਭੀ ਹੋ

ਹਰ ਪਾਸੇ ਸੱਚ ਦਾ ਨਾਅਰਾ ਗੂੰਜੇਗਾਜੋ ਸੱਚ ਮੈਂ ਹਾਂ ਅਤੇ ਆਪਾਂ ਸਾਰੇ ਹਾਂਜਦੋਂ ਉਸ ਰੱਬ ਦੇ ਬੰਦੇ, ਜਿਹੜਾ ਕਿ ਮੈਂ ਵੀ ਹਾਂ ਤੇ ਤੁਸੀਂ ਵੀ ਹੋ, ਇਸ ਧਰਤੀ ’ਤੇ ਰਾਜ ਕਰਾਂਗੇ ਤਾਂ ਉਹ ਦਿਨ ਯਕੀਨਨ ਅਸੀਂ ਸਾਰੇ ਵੇਖਾਂਗੇ

ਇਸ ਪ੍ਰਕਾਰ ਉਕਤ ਪੂਰੀ ਨਜ਼ਮ ਵਿੱਚ ਕਿਸੇ ਥਾਂ ਵੀ ਹਿੰਦੂ ਧਰਮ ਦੀ ਵਿਰੋਧਤਾ ਨਜ਼ਰ ਨਹੀਂ ਆਉਂਦੀ। ਸੋ ਇਸ ਨਜ਼ਮ ਉੱਪਰ ਜੋ ਹਿੰਦੂ ਵਿਰੋਧੀ ਹੋਣ ਦੇ ਦੋਸ਼ ਲੱਗੇ ਹਨ, ਉਹ ਝੂਠੇ ਅਤੇ ਬੇ ਬੁਨਿਆਦ ਹਨਅਸੀਂ ਸਮਝਦੇ ਹਾਂ ਕਿ ਇਹ ਸਿਰਫ ਨਜ਼ਮ ਨਹੀਂ, ਸਗੋਂ ਇਹ ਇੱਕ ਅਲਖ ਹੈ ਜਿਸ ਨੂੰ ਅੱਜ ਹਰ ਉਸ ਕੌਮ ਨੂੰ ਗਾਉਣ ਦੀ ਲੋੜ ਹੈ ਜੋ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਤਾਨਾਸ਼ਾਹੀ ਸ਼ਾਸਕਾਂ ਦੇ ਜ਼ੁਲਮ ਓ ਤਸ਼ੱਦਦ ਦਾ ਸ਼ਿਕਾਰ ਹੋ ਰਹੀ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1875)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

More articles from this author