“ਜਿੰਨਾ ਚਿਰ ਪੰਜਾਬੀ ਬੋਲੀ ਰੋਜ਼ਗਾਰ ਦੀ ਭਾਸ਼ਾ ਨਹੀਂ ਬਣਦੀ ਉੰਨਾ ਚਿਰ ਇਹ ਸਮੱਸਿਆ ...”
(16 ਜੂਨ 2019)
ਅਰਪਨ ਲਿਖਾਰੀ ਸਭਾ ਕੈਲਗਰੀ ਦਾ ਸਾਲਾਨਾ ਸਮਾਗਮ ਸ਼ਨਿੱਚਰਵਾਰ 8 ਜੂਨ 2019 ਨੂੰ ਨੱਕੋ ਨੱਕ ਭਰੇ ਟੈਂਪਲ ਕਮਿਉਨਟੀ ਹਾਲ ਵਿੱਚ ਬਹੁਤ ਹੀ ਉਤਸ਼ਾਹ ਅਤੇ ਹੁਲਾਸ ਨਾਲ ਮਨਾਇਆ ਗਿਆ। ਜਨਰਲ ਸਕੱਤਰ ਜਸਵੰਤ ਸਿੰਘ ਸੇਖੋਂ ਨੇ ਸਟੇਜ ਸੰਚਾਲਣ ਸੰਭਾਲਦਿਆਂ ਸਭਾ ਦੀ ਪ੍ਰਧਾਨ ਸਤਪਾਲ ਕੌਰ ਬੱਲ, ਮੁੱਖ-ਮਹਿਮਾਨ ਪਾਲ ਢਿੱਲੋਂ, ਇੰਡੀਆ ਤੋਂ ਆਏ ਡਾ. ਸੁਰਜੀਤ ਬਰਾੜ, ਐਡਮਿੰਟਨ ਤੋਂ ਡਾ. ਪੀ.ਆਰ. ਕਾਲੀਆ ਅਤੇ ਜਸਬੀਰ ਦਿਉਲ ਐੱਮ. ਐੱਲ. ਏ. ਨੂੰ ਪ੍ਰਧਾਨਗੀ ਮੰਡਲ ਵਿੱਚ ਸਿਸ਼ੋਬਤ ਹੋਣ ਲਈ ਬੇਨਤੀ ਕੀਤੀ। ਇਸ ਤੋਂ ਬਾਅਦ ਕੇਸਰ ਸਿੰਘ ਨੀਰ ਨੇ ਆਏ ਹੋਏ ਸਾਹਿਤ ਪ੍ਰੇਮੀ ਸਰੋਤਿਆਂ ਅਤੇ ਵਿਦਵਾਨਾਂ ਬਾਰੇ ਜਾਣ-ਪਛਾਣ ਕਰਾਉਂਦਿਆਂ ਬਹੁਤ ਹੀ ਭਾਵਪੂਰਤ ਸ਼ਬਦਾਂ ਵਿੱਚ ਜੀ ਆਇਆਂ ਆਖਿਆ।
ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਯੰਗਸਿਤਾਨ ਸੰਸਥਾ ਦੇ ਬੱਚਿਆਂ ਨੇ ਇੰਨੇ ਸੋਹਣੇ ਉਚਾਰਣ ਅਤੇ ਵਧੀਆ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ। ਇਸ ਸੰਸਥਾ ਵੱਲੋਂ ਸਭ ਤੋਂ ਪਹਿਲਾਂ ਕਿਰਤੀ ਕੌਰ ਧਾਰਨੀ ਨੇ ਆਪਣੀ ਕਵਿਤਾ ਦੀ ਪੇਸ਼ਕਾਰੀ ਬੇਬਾਕ ਆਵਾਜ਼ ਨਾਲ ਤਲੀਆਂ ਦੀ ਗੂੰਜ ਵਿੱਚ ਕੀਤੀ। ਪੁਨੀਤ ਕੌਰ ਢੱਡਾ, ਸਾਲੋਨੀ ਗੌਤਮ, ਨਿਮਰਤ ਕੌਰ ਧਾਰਨੀ, ਅਮਰੀਤ ਗਿੱਲ, ਪ੍ਰਭਲੀਨ ਗਰੇਵਾਲ, ਗੁਰਜੀਤ ਸਿੰਘ ਗਿੱਲ ਨੇ ਮਿਆਰੀ ਕਵਿਤਾ ਗਾਇਨ ਕੀਤੀ। ਅਰਮਾਨ ਘਟੌੜਾ, ਸੋਨਮ ਕੌਰ ਘਟੌੜਾ, ਜਸਮੀਨ ਕੌਰ ਘਟੌੜਾ ਅਤੇ ਬਾਣੀ ਕੌਰ ਘਟੌੜਾ ਨੇ ਬਾਲ-ਕਵਿਤਾਵਾਂ ਦਾ ਗਾਇਨ ਕੀਤਾ। ਪੰਜਾਬ ਤੋਂ ਆਏ ਕੁੰਡਾ ਸਿੰਘ ਜੋਸ਼ ਦੇ ਢਾਡੀ ਜਥੇ ਨੇ ਵੀ ਸਰੋਤਿਆਂ ਨੂੰ ਨਿਹਾਲ ਕੀਤਾ।
ਸਤਪਾਲ ਕੌਰ ਬੱਲ ਨੇ ਇਕਬਾਲ ਅਰਪਨ ਨੂੰ ਯਾਦ ਕਰਦਿਆਂ, ਇਕਬਾਲ ਅਰਪਨ ਨੂੰ ਸ਼ਰਧਾਜਲੀ ਭੇਂਟ ਕੀਤੀ। ਇਸ ਤੋਂ ਉਪਰੰਤ ਅਰਪਨ ਲਿਖਾਰੀ ਸਭਾ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਹੁਣ ਤੱਕ ਸਨਮਾਨਿਤ ਕੀਤੇ ਸਾਹਿਤਕਾਰਾਂ ਬਾਰੇ ਚਾਨਣਾ ਪਾਇਆ ਅਤੇ ਪਾਲ ਢਿੱਲੋਂ ਦੀ ਸਾਹਿਤਕ ਘਾਲਣਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਪੇਪਰ ਪੜ੍ਹਿਆ। ਪ੍ਰਿੰਸੀਪਲ ਕ੍ਰਿਸ਼ਨ ਸਿੰਘ ਨੇ ਵੀ ਪਾਲ ਢਿੱਲੋਂ ਦੀ ਕਾਵਿ-ਸਿਰਜਣਾ ਬਾਰੇ ਭਾਵਪੂਰਤ ਪੇਪਰ ਪੜ੍ਹਿਆ। ਇਸ ਉਪਰੰਤ ਅਰਪਨ ਲਿਖਾਰੀ ਸਭਾ ਦੀ ਕਾਰਜ-ਕਾਰਨੀ ਵੱਲੋਂ ਪਾਲ ਢਿੱਲੋਂ ਨੂੰ ਇੱਕ ਯਾਦਗਾਰੀ ਚਿੰਨ੍ਹ, ਇੱਕ ਸ਼ਾਲ, ਇੱਕ ਹਜ਼ਾਰ ਡਾਲਰ, ਸਭਾ ਦੇ ਲੇਖਕਾਂ ਦੀਆਂ ਕਿਤਾਬਾਂ ਦਾ ਸੈੱਟ ਅਤੇ ਦੇ ਕੇ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ। ਪਾਲ ਢਿੱਲੋਂ ਦਾ ਨਵਾਂ ਛਪਿਆ ਗ਼ਜ਼ਲ-ਸੰਗ੍ਰਹਿ ‘ਸਫ਼ਰ ਦਾ ਤਰਜਮਾ’ ਵੀ ਰੀਲੀਜ਼ ਕੀਤਾ ਗਿਆ।
ਪਾਲ ਢਿੱਲੋਂ ਨੇ ਆਪਣੀ ਕਾਵਿ-ਰਚਨਾ ਬਾਰੇ ਗੱਲ ਕਰਦਿਆਂ ਆਪਣੀਆਂ ਮਕਬੂਲ ਗ਼ਜ਼ਲਾਂ ਸੁਣਾ ਕੇ ਸਰੋਤਿਆਂ ਨੂੰ ਸਰਸ਼ਾਰ ਕਰ ਦਿੱਤਾ। ਢਿੱਲੋਂ ਨੇ ਅਰਪਨ ਲਿਖਾਰੀ ਸਭਾ ਦਾ ਧੰਨਵਾਦ ਕਰਦਿਆਂ ਆਖਿਆ ਕਿ ਮੈਂ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਲੈਂਦਿਆਂ ਬਹੁਤ ਮਾਣ ਅਤੇ ਖੁਸ਼ੀ ਮਹਿਸੂਸ ਕਰਦਾ ਹਾਂ। ਅਰਪਨ ਜੀ, ਆਪ ਇੱਕ ਬਹੁਤ ਹੀ ਵਧੀਆ ਇਨਸਾਨ ਹੋਣ ਦੇ ਨਾਲ ਨਾਲ ਵਧੀਆ ਸ਼ਾਇਰ, ਵਾਰਤਾਕਾਰ ਅਤੇ ਸਮਾਜ ਸੇਵਕ ਵੀ ਸਨ। ਅੱਜ ਇਹ ਸਨਮਾਣ ਲੈਣ ਨਾਲ ਮੇਰੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ। ਮੈਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਮਿਆਰੀ ਕਵਿਤਾ ਲਿਖਣ ਦੀ ਕੋਸ਼ਿਸ਼ ਕਰਾਂਗਾ।
ਡਾ. ਸੁਰਜੀਤ ਬਰਾੜ ਨੇ ਆਪਣੀ ਜਾਣ-ਪਛਾਣ ਕਰਾਉਣ ਉਪਰੰਤ ਪਾਲ ਢਿੱਲੋਂ ਨੂੰ ਵਧਾਈ ਦਿੱਤੀ ਅਤੇ ਪੰਜਾਬੀ ਬੋਲੀ ਬਾਰੇ ਆਪਣੇ ਵਿਚਾਰ ਬਹੁਤ ਹੀ ਵਿਸਥਾਰ ਨਾਲ ਪ੍ਰਗਟ ਕੀਤੇ। ਡਾ. ਬਰਾੜ ਨੇ ਜ਼ੋਰ ਦਿੰਦਿਆਂ ਆਖਿਆ ਕਿ ਜਿੰਨਾ ਚਿਰ ਪੰਜਾਬੀ ਬੋਲੀ ਰੋਜ਼ਗਾਰ ਦੀ ਭਾਸ਼ਾ ਨਹੀਂ ਬਣਦੀ ਉੰਨਾ ਚਿਰ ਇਹ ਸਮੱਸਿਆ ਹੱਲ ਨਹੀਂ ਹੋ ਸਕਦੀ ਪਰ ਸਾਨੂੰ ਆਪ ਯਤਨ ਕਰਦੇ ਰਹਿਣਾ ਪਵੇਗਾ। ਨਾਲ ਹੀ ਉਨ੍ਹਾਂ ਆਪਣੀਆਂ ਕੁਝ ਕਵਿਤਾ ਵੀ ਸੁਣਾਈਆਂ। ਲਾਲ ਸਿੰਘ, ਦਿੱਲੀ ਯੂਨੀਵਰਸਿਟੀ ਤੋਂ ਪੰਜਾਬੀ ਮਾਂ ਬੋਲੀ ’ਤੇ ਰਿਸਰਚ ਕਰਨ ਆਏ ਸਾਹਿਤ ਦੇ ਵਿਦਿਆਰਥੀ ਨੇ ਵੀ ਅੱਜ ਪੰਜਾਬੀ ਮਾਂ ਬੋਲੀ ਨੂੰ ਦਰ-ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਪੇਪਰ ਪੜ੍ਹਿਆ। ਇਨ੍ਹਾਂ ਤੋਂ ਇਲਾਵਾਂ ਇਸ ਸਹਿਤਕ ਸਮਾਗਮ ਵਿੱਚ ਰਵੀ ਜਨਾਗਲ, ਜੋਗਾ ਸਿੰਘ ਸਹੋਤਾ, ਜਸਬੀਰ ਕੌਰ ਸਰੋਆ, ਸੁਖਵਿੰਦਰ ਸਿੰਘ ਤੂਰ, ਡਾ. ਪੀ.ਆਰ. ਕਲੀਆ, ਮਲਕੀਤ ਸਿੰਘ ਸਿੱਧੂ ਨੇ ਕਵਿਤਾਵਾਂ ਨਾਲ ਆਪੋ ਆਪਣੀ ਹਾਜ਼ਰੀ ਲਗਵਾਈ। ਹਮੇਸ਼ਾ ਦੀ ਤਰ੍ਹਾਂ ਐਡਮਿਂਟਨ ਤੋਂ ਆਏ ਅਤੇ ਨਵੇਂ ਬਣੇ ਐੱਮ ਐੱਲ ਏ ਜਸਵੀਰ ਦਿਉਲ ਨੇ ਇਸ ਮੌਕੇ ’ਤੇ ਪਾਲ ਢਿਲੋਂ ਨੂੰ ਵਧਾਈ ਦਿੱਤੀ। ਅਰਪਨ ਲਿਖਾਰੀ ਸਭਾ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਆਖਿਆ ਕਿ ਇਸ ਤਰ੍ਹਾਂ ਦੇ ਉੱਦਮ ਕਰਦੇ ਰਹਿਣ ਨਾਲ ਅਸੀਂ ਪੰਜਾਬੀ ਬੋਲੀ ਦੇ ਚੰਗੇ ਭਵਿੱਖ ਦੀ ਆਸ ਕਰ ਸਕਦੇ ਹਾਂ।
ਪੈਰੀ ਮਾਹਲ ਨੇ ਕੈਨੇਡਾ ਦੇ ਦੂਜੇ ਸ਼ਹਿਰਾਂ ਤੋਂ ਆਏ ਸਾਹਿਤਕਾਰਾਂ, ਸਰੋਤਿਆਂ, ਪੰਜਾਬੀ ਭਾਈਚਾਰੇ ਦੀਆਂ ਸਾਰੀਆਂ ਸੰਸਥਾਵਾਂ, ਪੰਜਾਬੀ ਮੀਡੀਆ ਅਤੇ ਖ਼ਾਸ ਕਰਕੇ ਭਾਈਚਾਰੇ ਦੇ ਸਪੌਸਰ ਵੀਰਾਂ ਭੈਣਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਸਫ਼ਲ ਹੰਦਾ ਹੈ। ਵਿਸ਼ੇਸ਼ ਕਰਕੇ ਯੰਗਸਿਤਾਨ ਸੰਸਥਾ ਦਾ ਧੰਨਵਾਦ ਕੀਤਾ, ਜਿਸ ਨੇ ਕੈਨੇਡੀਅਨ ਜੰਮ-ਪਲ਼ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਅਤੇ ਵਿਰਸੇ ਨਾਲ ਜੋੜਨ ਦਾ ਸ਼ਲਾਘਾਯੋਗ ਯਤਨ ਕੀਤਾ ਹੈ। ਉਨ੍ਹਾਂ ਆਖਿਆ ਕਿ ਅੱਜ ਦੇ ਸਮਾਗਮ ਦੀ ਸਫ਼ਲਤਾ ਦਾ ਸਿਹਰਾ ਨਿਰ-ਸਵਾਰਥ ਵਲੰਟੀਆਰਾਂ ਦੀ ਟੀਮ ਦੇ ਸਿਰ ਹੈ, ਜਿਨ੍ਹਾਂ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਦਿਨ ਰਾਤ ਮਿਹਨਤ ਕੀਤੀ। ਇਸ ਸਮਾਗਮ ਦੀ ਕਵਰੇਜ਼, ਅਦਾਰਾ ਸਿੱਖ ਵਿਰਸਾ ਤੋਂ ਹਰਚਰਨ ਸਿੰਘ ਪਰਹਾਰ, ਪੰਜਾਬੀ ਨੈਸ਼ਨਲ ਤੋਂ ਸੁਖਬੀਰ ਗਰੇਵਾਲ, ਪੰਜਾਬੀ ਅਖ਼ਬਾਰ ਤੋਂ ਹਰਬੰਸ ਬੁੱਟਰ, ਰੇਡੀਓ ਰੈੱਡ ਐੱਫ਼ ਐੱਮ ਤੋਂ ਰਿਸ਼ੀ ਨਾਗਰ ਨੇ ਕੀਤੀ। ਫੋਟੋਗ੍ਰਾਫ਼ੀ ਦੀ ਸੇਵਾ ਦਿਲਜੀਤ ਹੁੰਝਣ, ਬਲਦੇਵ ਢਾਅ, ਅਤੇ ਜਰਨੈਲ ਤੱਗੜ ਵੱਲੋਂ ਬਾਖੂਬੀ ਨਿਭਾਈ ਗਈ।
ਸ਼ਾਮ ਨੂੰ ਆਏ ਹੋਏ ਮਹਿਮਾਨਾਂ ਅਤੇ ਸਾਹਿਤਕ ਦੋਸਤਾਂ ਲਈ ਆਯੋਜਤ ਕੀਤੇ ਡਿਨਰ ਸਮੇਂ ਸਭਾ ਦੇ ਮੌਜੂਦ ਮੈਂਬਰਾਂ ਵੱਲੋਂ ਪੰਜਾਬੀ ਸਾਹਿਤ ਬਾਰੇ ਖੁੱਲ੍ਹਾ ਵਿਚਾਰ ਵਟਾਂਦਰਾਂ ਕੀਤਾ ਗਿਆ। ਖਾਣੇ ਦੇ ਨਾਲ ਨਾਲ ਕਵਿਤਾ, ਗ਼ਜ਼ਲ ਗੀਤ ਅਤੇ ਚੁਟਕਲਿਆਂ ਅਦਾਨ ਪ੍ਰਦਾਨ ਵੀ ਕੀਤਾ ਗਿਆ। ਅਗਲੇ ਸਾਲ ਫਿਰ ਇਸੇ ਤਰ੍ਹਾਂ ਮਿਲਣ ਦੀ ਕਾਮਨਾ ਕਰਦੇ ਹੋਏ ਘਰਾਂ ਨੂੰ ਰਵਾਨਾ ਹੋਏ।
ਹੋਰ ਜਾਣਕਾਰੀ ਲਈ 403-590-1403 ਸਤਪਾਲ ਕੌਰ ਬੱਲ, 403-681-3132 ਜਸਵੰਤ ਸਿੰਘ ਸੇਖੋਂ ਨੂੰ ਸੰਪਰਕ ਕੀਤਾ ਜਾ ਸਕਦਾ ਹੈ।
*****