“ਇਹਨਾਂ ਘੁਟਾਲਿਆਂ ਨੇ ਪੂਰੇ ਦੇਸ਼ ਦੀ ਸਮੁੱਚੀ ਮਾਨਸਿਕਤਾ ਤੇ ਅਰਥ-ਵਿਵਸਥਾ ਨੂੰ ...”
(11 ਦਸੰਬਰ 2021)
ਭ੍ਰਿਸ਼ਟਾਚਾਰ ਇੱਕ ਅਜਿਹਾ ਰੁੱਖ ਹੈ, ਜਿਸਦੀਆਂ ਸ਼ਾਖਾਵਾਂ ਦੀ ਲੰਬਾਈ ਮਾਪੀ ਨਹੀਂ ਜਾ ਸਕਦੀ। ਇਹ ਹਰ ਥਾਂ ਫੈਲਿਆ ਹੋਇਆ ਹੈ।
ਸ਼ਬਦ ਭ੍ਰਿਸ਼ਟਾਚਾਰ ‘ਭ੍ਰਿਸ਼ਟ’ ਅਤੇ ‘ਨੈਤਕਤਾ’ ਸ਼ਬਦ ਨਾਲ ਪੈਦਾ ਹੋਇਆ ਹੈ ਜਿਸਦਾ ਅਰਥ ਹੈ ਭ੍ਰਿਸ਼ਟ ਜਾਂ ਗ਼ਲਤ ਵਿਹਾਰ ਵਾਲੇ। ਜਦੋਂ ਕੋਈ ਵਿਅਕਤੀ ਨਿਆਂ ਪ੍ਰਣਾਲੀ ਦੇ ਪ੍ਰਵਾਨਿਤ ਨਿਯਮਾਂ ਦੇ ਵਿਰੁੱਧ ਜਾਂਦਾ ਹੈ ਅਤੇ ਆਪਣੇ ਸਵਾਰਥ ਨੂੰ ਪੂਰਾ ਕਰਨ ਲਈ ਗਲਤ ਚਾਲ ਚਲਦਾ ਹੈ, ਤਾਂ ਉਹ ਵਿਅਕਤੀ ਭ੍ਰਿਸ਼ਟ ਕਹਾਉਂਦਾ ਹੈ। ਅੱਜ ਭਾਰਤ ਵਰਗੇ ਸੋਨੇ ਦਾ ਪੰਛੀ ਕਹਾਉਣ ਵਾਲੇ ਦੇਸ਼ ਵਿੱਚ ਭ੍ਰਿਸ਼ਟਾਚਾਰ ਆਪਣੀਆਂ ਜੜ੍ਹਾਂ ਬਹੁਤ ਤੇਜ਼ੀ ਨਾਲ ਫੈਲਾ ਰਿਹਾ ਹੈ। ਅੱਜ ਦੇ ਭੌਤਿਕਵਾਦੀ ਸਮੇਂ ਵਿੱਚ ਸੰਸਾਰ ਦੇ ਹਰ ਵਿਅਕਤੀ ਲਈ ਪੈਸਾ ਹੀ ਸਭ ਕੁਝ ਹੋ ਗਿਆ ਹੈ। ਪੈਸੇ ਲਈ ਉਸਦੀ ਵਧ ਰਹੀ ਇੱਛਾ ਦਾ ਕੋਈ ਅੰਤ ਨਹੀਂ। ਉਸ ਦੇ ਕੋਲ ਪੈਸੇ ਲਈ ਨਾ ਖਤਮ ਹੋਣ ਵਾਲਾ ਲਾਲਚ ਹੈ। ਉਹ ਕਿਸੇ ਵੀ ਢੰਗ ਨਾਲ ਅਮੀਰ ਬਣਨਾ ਚਾਹੁੰਦਾ ਹੈ, ਇਸੇ ਲਈ ਉਸ ਅੰਦਰ ਅੱਜ ਕਦਰਾਂ ਕੀਮਤਾਂ ਲਈ ਕੋਈ ਜਗ੍ਹਾ ਨਹੀਂ ਬਚੀ।
ਅੱਜ ਕਿਸੇ ਵੀ ਦਫਤਰ ਵਿੱਚ ਜਾਓ, ਵੱਡੀ ਸਿਫ਼ਾਰਿਸ਼ ਲੈ ਜਾਉਗੇ ਤਾਂ ਤੁਹਾਡਾ ਕੰਮ ਹੋ ਜਾਵੇਗਾ। ਆਮ ਬੰਦਾ ਵਿਚਾਰਾ ਕਤਾਰਾਂ ਵਿੱਚ ਖੜ੍ਹਾ ਸਾਰਾ ਦਿਨ ਖੁਆਰ ਹੁੰਦਾ ਰਹਿੰਦਾ ਹੈ। ਅੱਜ ਖਾਣ ਵਾਲੀਆਂ ਚੀਜ਼ਾਂ ਵਿੱਚ ਰੱਜ ਕੇ ਮਿਲਾਵਟ ਕੀਤੀ ਜਾਂਦੀ ਹੈ। ਇੰਨੀ ਦੁੱਧ ਦੀ ਪੈਦਾਵਾਰ ਨਹੀਂ ਹੈ, ਜਿੰਨਾ ਮਾਰਕੀਟ ਵਿੱਚ ਉਪਲਬਧ ਹੈ। ਅੱਜ ਮਨੁੱਖ ਭੋਜਨ ਸਾਫ਼ ਤੇ ਸ਼ੁੱਧ ਖੁਰਾਕ ਵੀ ਨਹੀਂ ਖਾ ਸਕਦਾ ਕਿਉਂਕਿ ਦਾਲਾਂ, ਸਬਜ਼ੀਆਂ, ਫਲ਼ ਅਤੇ ਦੁੱਧ ਸਭ ਵਿੱਚ ਮਿਲਾਵਟ ਕੀਤੀ ਜਾਂਦੀ ਹੈ। ਇਸ ਲਈ ਅੱਜ ਮਨੁੱਖ ਬਿਮਾਰੀਆਂ ਨਾਲ ਘਿਰਦਾ ਜਾ ਰਿਹਾ ਹੈ। ਇੱਥੋਂ ਤਕ ਕਿ ਮਰੀਜ਼ ਦੀ ਤੰਦਰੁਸਤੀ ਲਈ ਖਰੀਦੀ ਦਵਾਈ ਵਿੱਚ ਵੀ ਮਿਲਾਵਟ ਕਰਨ ਤਕ ਗੱਲ ਪਹੁੰਚ ਗਈ ਹੈ।
ਭਾਰਤ ਵਿੱਚ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਇੰਨੀਆਂ ਵਧ ਗਈਆਂ ਹਨ ਕਿ ਮੁਸ਼ਕਿਲ ਨਾਲ ਅਜਿਹਾ ਕੋਈ ਖੇਤਰ ਬਚਿਆ ਹੋਵੇਗਾ ਜਿੱਥੇ ਅੱਜ ਭ੍ਰਿਸ਼ਟਾਚਾਰ ਨਾ ਹੁੰਦਾ ਹੋਵੇ। ਵਪਾਰ ਦੇ ਖੇਤਰ ਵਿੱਚ ਰੱਜ ਕੇ ਕਾਲਾਬਾਜ਼ਾਰੀ ਹੋ ਰਹੀ ਹੈ। ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਨੂੰ ਸਟੋਰ ਕਰਕੇ ਉਹਨਾਂ ਦੇ ਮੁੱਲ ਇੱਕ ਦਮ ਵਧਾਏ ਜਾ ਰਹੇ ਹਨ। ਅੱਜ ਹਾਲਾਤ ਇਹ ਨੇ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ। ਚਕਿਤਸਾ ਦੇ ਖੇਤਰ ਵਿੱਚ ਜਾਣ-ਬੁੱਝ ਕੇ ਗ਼ਲਤ ਆਪ੍ਰੇਸ਼ਨ ਕਰਕੇ ਤੇ ਮਹਿੰਗੀਆਂ ਦਵਾਈਆਂ ਦੇ ਕੇ ਲੋਕਾਂ ਨੂੰ ਠੱਗਿਆ ਜਾ ਰਿਹਾ। ਹੋਰ ਤਾਂ ਹੋਰ ਅੱਜ ਸਿੱਖਿਆ ਦਾ ਖੇਤਰ ਵੀ ਭ੍ਰਿਸ਼ਟਾਚਾਰ ਤੋਂ ਬਚਿਆ ਨਹੀਂ ਰਿਹਾ। ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਾਉਣਾ ਹੋਵੇ, ਸਕੂਲ ਨੂੰ ਡੋਨੇਸ਼ਨ ਦਿਉ, ਆਪਣੇ ਮਨਪਸੰਦ ਸਕੂਲ ਵਿੱਚ ਦਾਖਲ ਕਰਵਾ ਦਿਓ।
ਸਰਕਾਰ ਦੀਆਂ ਬਣਾਈਆਂ ਗਈਆਂ ਯੋਜਨਾਵਾਂ ਦਾ ਲਾਭ ਆਮ ਨਾਗਰਿਕਾਂ ਤਕ ਭ੍ਰਿਸ਼ਟਾਚਾਰ ਕਾਰਨ ਪਹੁੰਚ ਨਹੀਂ ਰਿਹਾ। ਅੱਜ ਹਾਲਾਤ ਇਹ ਹਨ ਕਿ ਗਰੀਬ ਦਿਨੋ-ਦਿਨ ਗਰੀਬ ਹੋ ਰਿਹਾ ਅਤੇ ਅਮੀਰ ਦਿਨੋ-ਦਿਨ ਅਮੀਰ ਬਣਦਾ ਜਾ ਰਿਹਾ ਹੈ। ਸ਼ਾਇਦ ਇਸ ਸਮੇਂ ਦੀ ਹੀ ਤਸਵੀਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੇਸ਼ ਕੀਤੀ ਸੀ-
“ਸ਼ਰਮ ਧਰਮ ਦੋਇ ਛੁਪ ਖਲੋਏ, ਕੂੜ ਫਿਰੇ ਪ੍ਰਧਾਨ ਹੈ ਲਾਲੋ।”
ਪੈਸੇ ਦੀ ਕਾਮਨਾ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਘਾਟ ਨੇ ਜੀਵਨ ਵਿੱਚ ਭ੍ਰਿਸ਼ਟਾਚਾਰ ਦੇ ਕੈਂਸਰ ਨੂੰ ਵਧਾ ਦਿੱਤਾ ਹੈ। ਇਹ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਲੋਕਾਂ ਨੂੰ ਇਹ ਜੀਵਨ ਦਾ ਹਿੱਸਾ ਲੱਗਣ ਲੱਗ ਪਿਆ ਹੈ। ਅਸਲ ਵਿੱਚ ਇਹ ਪੈਸਾ ਹੀ ਹੈ, ਜੋ ਬੁਰੇ ਵਿਅਕਤੀ ਨੂੰ ਬਿਨਾਂ ਕਿਸੇ ਸ਼ਜਾ ਦਿੱਤੇ ਹੀ ਜਾਣ ਦਿੰਦਾ ਹੈ। ਇਹ ਇੱਕ ਆਮ ਵਿਸ਼ਵਾਸ ਹੈ ਕਿ ਜੇਕਰ ਰਿਸ਼ਵਤ ਲੈਂਦੇ ਇੱਕ ਵਿਅਕਤੀ ਨੂੰ ਫੜਿਆ ਜਾਂਦਾ ਹੈ ਤਾਂ ਉਹ ਰਿਸ਼ਵਤ ਦੇ ਕੇ ਛੁੱਟ ਜਾਂਦਾ ਹੈ। ਭ੍ਰਿਸ਼ਟਾਚਾਰ ਸਾਡੇ ਦੇਸ਼ ਵਿੱਚ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਇਹ ਭਾਰਤੀ ਸਮਾਜ ਦੀਆਂ ਜੜ੍ਹਾਂ ਵਿੱਚ ਦਾਖ਼ਲ ਹੋ ਗਿਆ ਹੈ। ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਬੇਈਮਾਨੀ ਨੇ ਸਾਡੇ ਸਮਾਜਿਕ ਜੀਵਨ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਸਾਡਾ ਭ੍ਰਿਸ਼ਟਾਚਾਰ ਵਿਰੋਧੀ ਮਹਿਕਮਾ ਖੁਦ ਹੀ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਰਿਹਾ ਹੈ। ਅੱਜ ਹਰ ਕੋਈ ਮੰਨਦਾ ਹੈ ਕਿ ਭ੍ਰਿਸ਼ਟਾਚਾਰ ਇੱਕ ਬਦਸੂਰਤ, ਅਨੈਤਿਕ ਅਤੇ ਮਾੜਾ ਕੰਮ ਹੈ। ਬੇਰੋਜ਼ਗਾਰੀ ਕਾਰਣ ਭ੍ਰਿਸ਼ਟਾਚਾਰ ਹੋਰ ਵਧਿਆ ਹੈ।
ਪਿਛਲੇ ਕੁਝ ਸਾਲਾਂ ਦੌਰਾਨ ਭ੍ਰਿਸ਼ਟਾਚਾਰ ਨੇ ਦੇਸ਼ ਦੀ ਤਸਵੀਰ ਨੂੰ ਬਹੁਤ ਖਰਾਬ ਕੀਤਾ ਹੈ। ਵੱਡੇ-ਵੱਡੇ ਸਿਆਸਤਦਾਨਾਂ ਅਤੇ ਪ੍ਰਸ਼ਾਸਕ ਅਧਿਕਾਰੀਆਂ ਨਾਲ ਜੁੜੇ ਕਈ ਵੱਡੇ ਘੁਟਾਲੇ ਸਾਹਮਣੇ ਆਏ ਹਨ। ਇਹ ਸਿਆਸਤਦਾਨ ਅਤੇ ਅਧਿਕਾਰੀ ਆਪਣੇ ਨਿੱਜੀ ਸਵਾਰਥਾਂ ਲਈ ਸਰਕਾਰੀ ਮਹਿਕਮਿਆਂ ਦੀ ਦੁਰਵਰਤੋਂ ਕਰਦੇ ਹਨ ਜਿਵੇਂ ਕਿ ਰਾਜਨੀਤਕ ਪਾਰਟੀਆਂ ਸੱਤਾ ਵਿੱਚ ਆਉਣ ਲਈ ਵੋਟਰਾਂ ਨੂੰ ਕਈ ਤਰ੍ਹਾਂ ਦੇ ਲਾਲਚ ਤੇ ਪੈਸੇ ਦਿੰਦੀਆਂ ਹਨ। ਕਈ ਸਰਕਾਰੀ ਅਧਿਕਾਰੀ ਪੈਸਿਆਂ ਦੇ ਲਾਲਚ ਵਿੱਚ ਬਹੁਤ ਵੱਡੇ ਪੱਧਰ ’ਤੇ ਘੁਟਾਲੇ ਕਰਦੇ ਹਨ। ਕਈ ਅਧਿਕਾਰੀ ਸਰਕਾਰੀ ਜ਼ਮੀਨਾਂ ਦਾ ਗਮਨ ਕਰ ਜਾਂਦੇ ਹਨ। ਕਈ ਹਜ਼ਾਰਾਂ ਕਰੋੜਾਂ ਦੇ ਘੁਟਾਲੇ ਹਨ ਜੋ ਆਮ ਜਨਤਾ ਦੀ ਖੂਨ ਪ੍ਰਸੀਨੇ ਦੀ ਕੀਤੀ ਕਮਾਈ ਤੋਂ ਵਸੂਲੇ ਟੈਕਸ ਦੇ ਪੈਸੇ ਤੋਂ ਕੀਤੇ ਜਾਂਦੇ ਹਨ। ਇਹਨਾਂ ਘੁਟਾਲਿਆਂ ਨੇ ਪੂਰੇ ਦੇਸ਼ ਦੀ ਸਮੁੱਚੀ ਮਾਨਸਿਕਤਾ ਤੇ ਅਰਥ-ਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਪਰਾਧੀ ਨੂੰ ਸ਼ਜਾ ਦਿਵਾਉਣ ਲਈ ਨਿਆਇਕ ਪ੍ਰਕਿਰਿਆ ਦੀ ਮਦਦ ਦੀ ਮੰਗ ਕਰ ਰਹੀਆਂ ਹਨ। ਅਦਾਲਤੀ ਪ੍ਰਣਾਲੀ ਵਿੱਚ ਕਮੀਆਂ ਹੋਣ ਕਰਕੇ ਦੋਸ਼ੀਆਂ ਨੂੰ ਕਾਨੂੰਨੀ ਤੌਰ ’ਤੇ ਸਜ਼ਾ ਮਿਲਣ ਵਿੱਚ ਬਹੁਤ ਸਮਾਂ ਲੱਗ ਜਾਂਦਾ ਹੈ। ਕਈ ਦੋਸ਼ੀ ਇੰਨੇ ਸਮੇਂ ਵਿੱਚ ਦੇਸ਼ ਛੱਡ ਕੇ ਚਲੇ ਜਾਂਦੇ ਹਨ। ਸਾਡੇ ਦੇਸ਼ ਦੇ ਧਨ ਦਾ ਬਹੁਤ ਵੱਡਾ ਹਿੱਸਾ ਭ੍ਰਿਸ਼ਟਾਚਾਰ ਕਾਰਣ ਬਾਹਰਲੇ ਮੁਲਕਾਂ ਦੀਆਂ ਬੈਂਕਾਂ ਵਿੱਚ ਜਮ੍ਹਾਂ ਹੈ। ਸਰਕਾਰਾਂ ਉਸ ਪੈਸੇ ਨੂੰ ਵਾਪਸ ਲਿਆਉਣ ਲਈ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕਰਦੀਆਂ ਹਨ। ਇਹ ਵਾਅਦੇ ਵੋਟਾਂ ਪੈਣ ਸਾਰ ਭੁਲਾ ਦਿੱਤੇ ਜਾਂਦੇ ਹਨ।
ਭਾਰਤ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ 1988 ਵਿੱਚ ਇੱਕ ਅਧਿਨਿਯਮ ਬਣਾਇਆ ਗਿਆ ਸੀ ਜੋ ਭਾਰਤ ਵਿੱਚ ਅਤੇ ਭਾਰਤ ਤੋਂ ਬਾਹਰ ਰਹਿ ਰਹੇ ਭਾਰਤੀ ਨਾਗਰਿਕਾਂ ਉੱਤੇ ਲਾਗੂ ਹੁੰਦਾ ਹੈ। ਇਸ ਅਧਿਨਿਯਮ ਤਹਿਤ ਕੋਈ ਵੀ ਕਰਮਚਾਰੀ, ਜੋ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਰਜਿਸਟਰ ਸੁਸਾਇਟੀਆਂ ਦੇ ਅਧੀਨ ਕੰਮ ਕਰਦਾ ਹੋਵੇ, ਜੇਕਰ ਉਹ ਭ੍ਰਿਸ਼ਟਾਚਾਰ ਕਰਦਾ ਪਾਇਆ ਜਾਂਦਾ ਹੈ ਤੇ ਉਸ ਨੂੰ ਇਸ ਅਧਿਨਿਯਮ ਤਹਿਤ ਰਿਸ਼ਵਤ ਲੈਣ ਅਤੇ ਦੇਣ ਵਾਲੇ ਨੂੰ ਤਿੰਨ ਤੋਂ ਸੱਤ ਸਾਲ ਤਕ ਦੀ ਸਜ਼ਾ ਦਿੱਤੀ ਜਾ ਸਕਦੀ ਹੈ।
ਸਮਾਜਕ ਅਤੇ ਅਧਿਆਤਮਿਕ ਸੰਸਥਾਵਾਂ ਜਨਤਾ ਨੂੰ ਵਧੀਆ ਅਤੇ ਸਿਹਤਮੰਦ ਸਿੱਖਿਆਵਾਂ ਦੇ ਸਕਦੀਆਂ ਹਨ। ਲੋਕਾਂ ਵਿੱਚ ਇਮਾਨਦਾਰੀ ਦੀ ਭਾਵਨਾ ਪੈਦਾ ਕਰਨ ਲਈ ਦੇਸ਼ ਦੀ ਸਿੱਖਿਆ ਪ੍ਰਣਾਲੀ ਦਾ ਮੁੜ ਮੁਲਾਂਕਣ ਕਰਨਾ ਚਾਹੀਦਾ ਹੈ। ਸਾਰੇ ਮੰਤਰੀਆਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਆਪਣੀ ਜਾਇਦਾਦ ਘੋਸ਼ਿਤ ਕਰਨ ਲਈ ਆਖਿਆ ਜਾਣਾ ਚਾਹੀਦਾ ਹੈ। ਵਿਜੀਲੈਂਸ ਵਿਭਾਗ ਨੂੰ ਭ੍ਰਿਸ਼ਟ ਅਫਸਰਾਂ ਅਤੇ ਹੋਰ ਸਰਕਾਰੀ ਨੌਕਰਾਂ ਉੱਤੇ ਲਗਾਤਾਰ ਨਜ਼ਰ ਰੱਖਣੀ ਚਾਹੀਦੀ ਹੈ। ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਭਾਈ-ਭਤੀਜਾਵਾਦ ਤੋਂ ਮੁਕਤ ਇਮਾਨਦਾਰ ਜੀਵਨ ਜੀਣ ਦੀਆਂ ਵਧੀਆ ਮਿਸਾਲਾਂ ਪੈਦਾ ਕਰਨੀਆਂ ਚਾਹੀਦੀਆਂ ਹਨ।
ਭ੍ਰਿਸ਼ਟ ਤੱਤਾਂ ਦਾ ਵਿਰੋਧ ਕਰਨ ਲਈ ਕਠੋਰ ਕਾਨੂੰਨ ਬਣਾਉਣੇ ਚਾਹੀਦੇ ਹਨ। ਭ੍ਰਿਸ਼ਟਾਚਾਰ ਕਿਸੇ ਵੀ ਪੱਧਰ ’ਤੇ ਬੁਰਾ ਹੈ। ਸਰਕਾਰ ਨੂੰ ਇਸ ਸਮਾਜਿਕ ਬੁਰਾਈ ਵਿਰੁੱਧ ਇੱਕ ਜ਼ੋਰਦਾਰ ਮੁਹਿੰਮ ਚਲਾਉਣੀ ਚਾਹੀਦੀ ਹੈ। ਦੇਸ਼ ਦੇ ਸਰਵਉੱਚ ਵਿਅਕਤੀਆਂ ਨੂੰ ਚਾਲ-ਚੱਲਣ ਅਤੇ ਵਿਵਹਾਰ ਦੇ ਮਾਡਲ ਦੀਆਂ ਉਦਾਹਰਣਾਂ ਪੇਸ਼ ਕਰਨੀਆਂ ਚਾਹੀਦੀਆਂ ਹਨ। ਇੱਕ ਵਾਰ ਜਦੋਂ ਅਸੀਂ ਉੱਚੇ ਸਥਾਨਾਂ ’ਤੇ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਰਿਸ਼ਵਤਖੋਰੀ ਰੋਕਣ ਦੇ ਯੋਗ ਹੋ ਗਏ ਤਾਂ ਅਸੀਂ ਛੇਤੀ ਹੀ ਪੂਰੇ ਸਮਾਜ ਤੋਂ ਭ੍ਰਿਸ਼ਟਾਚਾਰ ਦੀ ਜੜ੍ਹ ਨੂੰ ਖਤਮ ਕਰਨ ਦੇ ਯੋਗ ਹੋ ਜਾਵਾਂਗੇ।
ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਦੁਆਰਾ ਜਾਰੀ ਭ੍ਰਿਸ਼ਟਾਚਾਰ ਧਾਰਣਾ ਸੂਚਕਾਂਕ 2020 ਮੁਤਾਬਿਕ 180 ਦੇਸ਼ਾਂ ਵਿੱਚੋਂ ਭਾਰਤ 86ਵੇਂ ਸਥਾਨ ’ਤੇ ਹੈ ਜੋ ਕਿ 2019 ਵਿੱਚ 80ਵੇਂ ਸਥਾਨ ’ਤੇ ਸੀ। ਦੁਨੀਆ ਦੇ ਸਭ ਤੋਂ ਇਮਾਨਦਾਰ ਦੇਸ਼ਾਂ ਵਿੱਚ ਨਿਯੂਜ਼ੀਲੈਂਡ ਤੇ ਡੈਨਮਾਰਕ ਦਾ ਨਾਂ ਹੈ। ਸੰਯੁਕਤ ਰਾਸ਼ਟਰ ਮਹਾਂਸੰਘ ਨੇ 31 ਅਕਤੂਬਰ 2003 ਨੂੰ ਇੱਕ ਪ੍ਰਸਤਾਵ ਪਾਸ ਕੀਤਾ ਸੀ, ਜਿਸ ਵਿੱਚ 9 ਦਸੰਬਰ ਨੂੰ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਦੇ ਦਿਨ ਦੇ ਰੂਪ ਵਿੱਚ ਮਨਾਉਣ ਲਈ ਫੈਸਲਾ ਕੀਤਾ ਗਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3197)
(ਸਰੋਕਾਰ ਨਾਲ ਸੰਪਰਕ ਲਈ: