“ਸੱਚ ਦੇ ਮਾਰਗ ’ਤੇ ਚੱਲਣਾ ਅਤੇ ਜ਼ੁਲਮ ਦੇ ਸਾਹਮਣੇ ਨਾ ਝੁਕਣਾ ਸਗੋਂ ਉਸ ਦਾ ਡਟ ਕੇ ਮੁਕਾਬਲਾ ਕਰਨਾ ...”
(23 ਦਸੰਬਰ 2023)
ਇਸ ਸਮੇਂ ਪਾਠਕ: 315.
ਪੋਹ ਮਹੀਨਾ, ਬੇਦਰਦ ਠੰਢ ਦਾ ਕਹਿਰ, ਚਾਰੇ ਪਾਸੇ ਦੁਸ਼ਮਣਾਂ ਦੀਆਂ ਸੈਨਾਵਾਂ, ਸਾਹਿਬ-ਏ-ਕਮਾਲ ਧੰਨ ਧੰਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਡੋਲ, ਜ਼ੁਲਮ ਦੇ ਖਿਲਾਫ ਲੜਦੇ ਹੋਏ, ਠਾਠਾਂ ਮਾਰਦੀ ਸਰਸਾ ਨਦੀ ਦੇ ਕੰਢੇ ਤੋਂ ਪਾਰ ਜਾਂਦਿਆਂ ਪਰਿਵਾਰ ਨਾਲ਼ੋਂ ਅਜਿਹਾ ਵਿਛੋੜਾ ਪਿਆ ਕਿ ਮੁੜ ਪਰਿਵਾਰ ਨਾਲ ਮੇਲੇ ਕਦੀ ਨਾ ਹੋਏ। ਦੁਨੀਆਂ ਵਿੱਚ ਕਿਤੇ ਵੀ ਅਜਿਹੀ ਕੁਰਬਾਨੀ ਦੀ ਮਿਸਾਲ ਨਹੀਂ ਮਿਲਦੀ ਕਿ ਲੋਕਾਈ ਅਤੇ ਧਰਮ (ਧਰਮ, ਮਤਲਬ ਸੱਚ) ਵਾਸਤੇ ਕਿਸੇ ਮਹਾਂਪੁਰਸ਼, ਗੁਰੂ ਨੇ ਆਪਣਾ ਸਰਬੰਸ ਕੁਰਬਾਨ ਕੀਤਾ ਹੋਵੇ। ਇਹ ਇੱਕ ਇਕੱਲੀ ਅਦੁੱਤੀ ਮਿਸਾਲ ਹੈ ਜੋ ਰਹਿੰਦੀ ਦੁਨੀਆਂ ਤਕ ਕਾਇਮ ਰਹੇਗੀ।
ਗੁਰੂ ਪਾਤਸ਼ਾਹ ਅਨੰਤ ਸ਼ਕਤੀ ਦੇ ਮਾਲਕ ਸਨ। ਚਾਹੁੰਦੇ ਤਾਂ ਇੱਕ ਨਜ਼ਰ ਨਾਲ ਦੁਸ਼ਮਣਾਂ ਦੇ ਮਨ ਬਦਲ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਕਿਉਂਕਿ ਜੇ ਉਹ ਅਜਿਹਾ ਕਰਦੇ ਤਾਂ ਇਹ ਹੀ ਹੁੰਦਾ ਕਿ ਕੋਈ ਸਮਰੱਥ, ਰੱਬੀ ਨੂਰ, ਮਹਾਂਪੁਰਸ਼ ਹੀ ਅਜਿਹਾ ਕਰਨ ਦੇ ਸਮਰੱਥ ਹੋ ਸਕਦਾ ਹੈ, ਆਮ ਇਨਸਾਨ ਨਹੀਂ। ਪਰ ਗੁਰੂ ਜੀ ਨੇ ਹਰ ਤਰ੍ਹਾਂ ਦੇ ਦੁੱਖ, ਕਸ਼ਟ ਆਮ ਆਦਮੀ ਦੀ ਤਰ੍ਹਾਂ ਝੱਲੇ। ਉਨ੍ਹਾਂ ਨੇ ਜ਼ਾਲਮ ਦੇ ਨਹੀਂ, ਜ਼ੁਲਮ ਦੇ ਖਿਲਾਫ ਯੁੱਧ ਕੀਤੇ। ਜੋ ਨੀਤੀ ਸੀ, ਉਸ ਦੀ ਪਾਲਣਾ ਕੀਤੀ। ਯੁੱਧ ਤੋਂ ਪਹਿਲਾਂ ਦੁਸ਼ਮਣ ਨੂੰ ਸਮਝਾਉਣ ਦੇ ਹਰ ਯਤਨ ਕਰਦੇ ਸੀ। ਜਦੋਂ ਦੁਸ਼ਮਣ ਸਮਝਣ ਨੂੰ ਤਿਆਰ ਨਾ ਹੋਵੇ ਅਤੇ ਜ਼ੁਲਮ ਦੀ ਇੰਤਹਾ ਹੋ ਜਾਵੇ ਫਿਰ ਹਥਿਆਰ ਚੁੱਕਣਾ ਉਨ੍ਹਾਂ ਨੇ ਜਾਇਜ਼ ਕਰਾਰ ਦਿੱਤਾ। ਗੁਰੂ ਸਾਹਿਬ ਦੀ ਵਧਦੀ ਤਾਕਤ ਤੋਂ ਉਸ ਸਮੇਂ ਦੇ ਹਿੰਦੂ ਪਹਾੜੀ ਰਾਜਿਆਂ ਨੂੰ ਈਰਖਾ ਹੋਣ ਲੱਗੀ। ਇਨ੍ਹਾਂ ਰਾਜਿਆਂ ਨੂੰ ਗੁਰੂ ਜੀ ਦੀ ਰਹਿਨੁਮਾਈ ਹੇਠ ਖ਼ਾਲਸੇ ਦੀ ਦਿਨੋ-ਦਿਨ ਹੋ ਰਹੀ ਚੜ੍ਹਤ ਤੋਂ ਖੌਫ ਹੋਣ ਲੱਗਾ ਤੇ ਆਪਣੀ ਹਕੂਮਤ ਨੂੰ ਖ਼ਤਰਾ ਭਾਸ਼ਣ ਲੱਗਾ। ਇਨ੍ਹਾਂ ਨੇ ਮੁਸਲਿਮ ਹੁਕਮਰਾਨਾਂ ਨੂੰ ਵੀ ਗੁਰੂ ਜੀ ਵਿਰੁੱਧ ਭੜਕਾਇਆ ਅਤੇ ਮੁਸਲਿਮ ਫੌਜਾਂ ਨੂੰ ਨਾਲ ਮਿਲਾ ਕੇ ਗੁਰੂ ਜੀ ਵਿਰੁੱਧ ਕਾਰਵਾਈਆਂ ਤੇ ਯੁੱਧ ਆਰੰਭ ਕੀਤੇ। ਦਸ਼ਮੇਸ਼ ਪਿਤਾ ਕਿਸੇ ਧਰਮ ਜਾਂ ਫਿਰਕੇ ਦੇ ਵਿਰੁੱਧ ਨਹੀਂ ਸਨ, ਉਹ ਜ਼ੁਲਮ ਦੇ ਖ਼ਿਲਾਫ਼ ਅਤੇ ਇਨਸਾਨੀਅਤ ਦੀ ਰੱਖਿਆ ਦੇ ਹਾਮੀ ਸਨ। ਉਨ੍ਹਾਂ ਨੇ ਬੇਖੌਫ ਦੁਸ਼ਮਣਾਂ ਨਾਲ ਟੱਕਰ ਲਈ ਅਤੇ ਜ਼ਾਲਮਾਂ ਨੂੰ ਮੂੰਹ ਤੋੜ ਜਵਾਬ ਦਿੱਤਾ।
ਇਹ ਸਭ ਦਰਸਾਉਂਦਾ ਹੈ ਕਿ ਹਿੰਮਤ, ਬਹਾਦਰੀ ਨਾਲ ਆਮ ਇਨਸਾਨ ਵੀ ਜ਼ੁਲਮ ਦਾ ਟਾਕਰਾ ਕਰ ਸਕਦਾ ਹੈ। ਇਹ ਹੀ ਉਨ੍ਹਾਂ ਦਾ ਸੰਦੇਸ਼ ਸੀ ਸਮੁੱਚੀ ਦੁਨੀਆਂ ਲਈ।
ਪੂਰੇ ਵਿਸ਼ਵ ਵਿੱਚ ਅਜਿਹੀ ਕੋਈ ਉਦਾਹਰਣ ਨਹੀਂ ਮਿਲਦੀ ਕਿ ਕਿਸੇ ਗੁਰੂ, ਮਹਾਂਪੁਰਸ਼ ਨੇ ਜ਼ੁਲਮ ਦਾ ਸਾਹਮਣਾ ਕਰਦਿਆਂ ਆਪਣੇ ਪਰਿਵਾਰ ਨੂੰ ਮਾਨਵਤਾ ਦੀ ਰੱਖਿਆ ਲਈ ਸ਼ਹੀਦ ਕਰਵਾਇਆ ਹੋਵੇ। ਇੱਕ ਸਭ ਤੋਂ ਵੱਡੀ ਤੇ ਮਹਾਨ ਗੱਲ ਕਿ ਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਮਨੁੱਖਤਾ ਦੇ ਲੇਖੇ ਲਾ ਕੇ ਸਮੁੱਚੇ ਖ਼ਾਲਸੇ ਨੂੰ ਆਪਣਾ ਪਰਿਵਾਰ ਸਮਝਿਆ। ਖ਼ਾਲਸਾ ਉਹ ਜੋ ਪੂਰੀ ਤਰ੍ਹਾਂ ਖ਼ਾਲਸ (ਸ਼ੁੱਧ) ਹੋਵੇ, ਅੰਦਰੋਂ ਬਾਹਰੋਂ ਇੱਕੋ ਹੋਵੇ, ਉਸ ਵਿੱਚ ਆਪਣੇ ਵਾਸੇ (ਹੋਂਦ) ਦੀ ਮੌਜੂਦਗੀ ਜ਼ਾਹਰ ਕੀਤੀ ਹੈ।
ਉਨ੍ਹਾਂ ਦੇ ਚਾਰੇ ਸਾਹਿਬਜ਼ਾਦੇ, ਵੱਡੇ ਅਜੀਤ ਸਿੰਘ ਤੇ ਜੁਝਾਰ ਸਿੰਘ ਜਿਨ੍ਹਾਂ ਨੇ ਚਮਕੌਰ ਦੀ ਗੜ੍ਹੀ ਵਿੱਚ ਬਹਾਦਰੀ ਦੇ ਐਸੇ ਜੌਹਰ ਦਿਖਾਏ ਕਿ ਦੁਸ਼ਮਣ ਵੀ ਬਹਾਦਰੀ ਦੇਖ ਕੇ ਭੌਂਚੱਕੇ ਰਹਿ ਗਏ ਅਤੇ ਮਾਨਵਤਾ ਦੀ ਰੱਖਿਆ ਕਰਦੇ ਅਤੇ ਜ਼ੁਲਮ ਖ਼ਿਲਾਫ਼ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ, ਨੂੰ ਅਨੇਕਾਂ ਅਣਮਨੁੱਖੀ ਤਸੀਹੇ ਦੇ ਕੇ ਸਰਹਿੰਦ ਵਿਖੇ ਜ਼ਿੰਦਾ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ।
ਸਾਹਿਬਜ਼ਾਦੇ, ਜੋ ਉਸ ਮਹਾਨ ਸ਼ਹੀਦ, ਧਰਮ ਦੇ ਰਾਖੇ, ਹਿੰਦ ਦੀ ਚਾਦਰ ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪੋਤਰੇ ਸਨ, ਨੇ ਆਪਣੀਆਂ ਸ਼ਹਾਦਤਾਂ ਨਾਲ ਇਨਸਾਨੀਅਤ ਅਤੇ ਧਰਮ ਦੀ ਰੱਖਿਆ ਕੀਤੀ।
ਕਿੰਨੀਆਂ ਮਹਾਨ ਰੱਬੀ ਰੂਹਾਂ ਸਨ ਉਹ, ਜੋ ਥੋੜ੍ਹੇ ਸਮੇਂ ਵਿੱਚ ਹੀ ਸਮੁੱਚੀ ਮਾਨਵਤਾ ਨੂੰ ਇੱਕ ਇਹੋ ਜਿਹਾ ਸੰਦੇਸ਼ ਦੇ ਗਈਆਂ, ਜੋ ਹਮੇਸ਼ਾ ਸਾਨੂੰ ਇਹ ਦਰਸਾਉਂਦਾ ਰਹੇਗਾ ਕਿ ਸੱਚ ਦੇ ਮਾਰਗ ’ਤੇ ਚੱਲਣਾ ਅਤੇ ਜ਼ੁਲਮ ਦੇ ਸਾਹਮਣੇ ਨਾ ਝੁਕਣਾ ਸਗੋਂ ਉਸ ਦਾ ਡਟ ਕੇ ਮੁਕਾਬਲਾ ਕਰਨਾ ਤੇ ਹਰ ਤਰ੍ਹਾਂ ਦੀ ਗੁਲਾਮੀ ਦੀਆਂ ਜ਼ੰਜ਼ੀਰਾਂ ਨੂੰ ਤੋੜ ਕੇ ਆਜ਼ਾਦ ਫਿਜ਼ਾ ਵਿੱਚ ਜ਼ਿੰਦਗੀ ਬਸਰ ਕਰਨਾ। ਉਨ੍ਹਾਂ ਨੇ ‘ਨਾ ਜ਼ੁਲਮ ਕਰਨਾ ਅਤੇ ਨਾ ਹੀ ਸਹਿਣਾ’ ਦਾ ਸੰਦੇਸ਼ ਦਿੱਤਾ।
ਉਨ੍ਹਾਂ ਦੇ ਸ਼ਹੀਦੀ ਪੁਰਬ ’ਤੇ ਦੁਨੀਆਂ ਦੇ ਕੋਨੇ ਕੋਨੇ ਤੋਂ ਸੰਗਤਾਂ ਮਹਾਨ ਰੂਹਾਂ ਨੂੰ ਸਿਜਦਾ ਕਰਨ ਲਈ ਅਤੇ ਉਨ੍ਹਾਂ ਅਸਥਾਨਾਂ ਨੂੰ ਨਤਮਸਤਕ ਹੋਣ ਲਈ ਪੁੱਜਦੀਆਂ ਹਨ, ਜਿੱਥੇ ਉਨ੍ਹਾਂ ਨੇ ਮਨੁੱਖਤਾ ਦੇ ਭਲੇ ਲਈ ਵੈਰੀ ਨੂੰ ਸਬਕ ਸਿਖਾਉਂਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ।
“ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਯੇ।
ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲਿਯੇ।” (ਅੱਲਾ ਯਾਰ ਖਾਂ ਜੋਗੀ)
ਸਾਹਿਬਜ਼ਾਦਿਆਂ ਦੀਆਂ ਛੋਟੀਆਂ ਉਮਰਾਂ, ਗੂੜ੍ਹ ਧਾਰਮਿਕ, ਆਤਮਿਕ ਤੇ ਰੂਹਾਨੀ ਗਿਆਨ ਅਤੇ ਮੌਤ ਤੋਂ ਪਰੇ ਦੀ ਪਹੁੰਚ, ਤਾਂ ਹੀ ਤਾਂ ਕੁੱਲ ਲੋਕਾਈ ਉਨ੍ਹਾਂ ਨੂੰ ਬਾਬਾ ਕਹਿਕੇ ਸਿਜਦਾ ਕਰਦੀ ਹੈ ਤੇ ਪੂਰੀ ਖ਼ਲਕਤ ਜਦੋਂ ਤਕ ਇਹ ਦੁਨੀਆਂ ਕਾਇਮ ਰਹੇਗੀ ਉਨ੍ਹਾਂ “ਨਿੱਕੀਆਂ ਜਿੰਦਾਂ, ਵੱਡੇ ਸਾਕੇ’ਨੂੰ ਹਮੇਸ਼ਾ ਯਾਦ ਕਰਦੀ ਰਹੇਗੀ।
ਹਥਲੀ ਕਲਮ ਇੰਨੀ ਸਮਰੱਥ ਨਹੀਂ ਕਿ ਉਨ੍ਹਾਂ ਦੇ ਮਨੁੱਖਤਾ ਦੇ ਭਲੇ ਲਈ ਕੀਤੇ ਉਪਕਾਰ ਤੇ ਕੁਰਬਾਨੀਆਂ ਦਾ ਬਿਆਨ ਕਰ ਸਕੇ। ਸੱਚ ਇਹ ਹੈ ਕਿ ਦੁਨੀਆਂ ਦੀ ਕਿਸੇ ਵੀ ਭਾਸ਼ਾ ਕੋਲ਼ ਇੰਨੇ ਉੱਚਤਮ ਸ਼ਬਦ ਨਹੀਂ ਕਿ ਉਨ੍ਹਾਂ ਦੀਆਂ ਸ਼ਹਾਦਤਾਂ ਨੂੰ ਬਿਆਨ ਕੀਤਾ ਜਾ ਸਕੇ। ਇਹ ਸ਼ਬਦਾਂ ਤੋਂ ਪਰੇ ਦੀ ਦੁਨੀਆਂ ਦੀਆਂ ਗੱਲਾਂ ਹਨ। ਪ੍ਰਸਿੱਧ ਕਵੀ ‘ਅੱਲਾ ਯਾਰ ਖਾਂ ਜੋਗੀ’ ਦੀ ਰਚਨਾ ਦਾ ਇਹ ਫਿਕਰਾ ਸੱਚਮੁੱਚ ਭਟਕਣਾ ਨੂੰ ਸ਼ਾਂਤ ਕਰਦਾ ਹੈ:
“ਭਟਕਤੇ ਫਿਰਤੇ ਹੈਂ ਕਿਉਂ? ਹੱਜ ਕਰੇਂ ਜਹਾਂ ਆ ਕਰ।
ਯਿ ਕਾਬਾ ਪਾਸ ਹੈ ਹਰ ਏਕ ਖਾਲਸਾ ਕੇ ਲਿਯੇ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4564)
(ਸਰੋਕਾਰ ਨਾਲ ਸੰਪਰਕ ਲਈ: (