“ਹੁਣ ਵਾਲੀ ਸੌੜੀ ਸੋਚ, ਹਉਮੈਂ ਅਤੇ ਸੁਸਤੀ ਛੱਡਣੀ ਪਵੇਗੀ। ਜੇ ਅਜੇ ਵੀ ਅਕਲ ਨਾ ਕੀਤੀ ਤਾਂ ...”
(28 ਜੁਲਾਈ 2025)
ਵਿਰੋਧੀ ਪਾਰਟੀਆਂ ਦੇ ਸਿਆਸੀ ਵਤੀਰੇ ਨੇ ਤੈਅ ਕਰਨਾ ਕਿ ਅਗਲੀ ਕੇਂਦਰ ਸਰਕਾਰ ਕਿਸਦੀ ਬਣੂ। ਕਿਉਂਕਿ ਸਿਰਫ਼ ਇਨ੍ਹਾਂ ਦੀ ਨਾਸਮਝੀ ਕਾਰਨ ਭਾਜਪਾ (39% ਵੋਟਾਂ ਨਾਲ) ਸਰਕਾਰ ਬਣੀ ਸੀ। ਇਨ੍ਹਾਂ ਲਈ ਇਹੀ ਸੋਚਣ ਵਿਚਾਰਨ ਦਾ ਸਮਾਂ।
‘ਕਾਂਗਰਸ’, ਭਾਜਪਾ ਦੇ ਮੁਕਾਬਲੇ ਸੁਸਤ ਅਤੇ ਜਿੱਦਲ਼ ਜਿਹੀ ਪਾਰਟੀ ਜਾਪਦੀ ਹੈ। 2024 ਦੀ ਚੋਣ ਵਿੱਚ ਬਿਹਾਰ 30, ਉੜੀਸਾ 20, ਆਂਧਰਾ 22, ਬੰਗਾਲ 12, ਯੂ.ਪੀ. ਅਤੇ ਤਿਲੰਗਾਨਾ ਦੀਆਂ ਕੁਝ ਵੱਧ ਸੀਟਾਂ ਜੋ ਭਾਜਪਾ ਖੇਮੇ ਨੇ ਜਿੱਤੀਆਂ ਤੇ ਸਰਕਾਰ ਬਣਾਈ, ਇਹ ਜਿਤਾਉਣ ਲਈ ਕਾਂਗਰਸ ਦਾ ਵਿਹਾਰ ਹੀ ਵੱਧ ਜ਼ਿੰਮੇਵਾਰ ਸੀ। ਪਹਿਲਾਂ ਵੇਖਣਾ ਜ਼ਰੂਰੀ ਹੈ ਕਿ ਕਿਵੇਂ?
ਬਿਹਾਰ ਦੇ ਨਿਤੀਸ਼ ਕੁਮਾਰ ਦੀ ਪਹਿਲਕਦਮੀ ਵਿੱਚ ਹੀ ‘ਇੰਡੀਆ ਗਠਜੋੜ’ ਬਣਿਆ ਸੀ। ਪਹਿਲੀ ਮੀਟਿੰਗ ਵੀ ਬੜੇ ਚਾਵਾਂ ਨਾਲ ਪਟਨਾ ਵਿੱਚ ਹੋਈ। ਰਾਹੁਲ ਗਾਂਧੀ ਚਾਰ ਮਹੀਨੇ ਕੰਨਿਆਂ-ਕੁਮਾਰੀ ਤੋਂ ਕਸ਼ਮੀਰ ਤਕ ਪੈਦਲ ਯਾਤਰਾ ’ਤੇ ਨਿਕਲਿਆ, ਚੰਗੀ ਗੱਲ। ਨਿਤੀਸ਼ ਅਤੇ ਅਪੋਜੀਸ਼ਨ ਪਾਰਟੀਆਂ ‘ਇੰਡੀਆ ਗਠਜੋੜ’ ਦੀ ਮੀਟਿੰਗ ਕਰਨ ਨੂੰ ਤਰਲੇ ਲੈਣ ਤੇ ਕਾਂਗਰਸ ਆਖੇ ਕਿ ਰਾਹੁਲ ਜੀ ਅਜੇ ਯਾਤਰਾ ਕਰ ਰਹੇ ਨੇ, ਜਦਕਿ ਮੀਟਿੰਗ ਵਿੱਚ ਕੋਈ ਹੋਰ ਆਗੂ ਵੀ ਜਾ ਸਕਦੇ ਸਨ। ਮੁੱਦਤਾਂ ਬਾਅਦ ਮੀਟਿੰਗ ਜੇ ਹੋ ਹੀ ਗਈ ਤਾਂ ਕਨਵੀਨਰ ਵਜੋਂ ਖੜਗੇ ਦਾ ਨਾਮ (ਬਿਨਾਂ ਕਿਸੇ ਨਾਲ ਸਲਾਹ ਕੀਤਿਆਂ) ਉਛਾਲਣ ਦੀ ਯੱਬਲੀ ਮਾਰਨ ਵਾਲਿਆਂ (ਮਮਤਾ ਅਤੇ ਕੇਜਰੀਵਾਲ) ਨੇ ਵੀ ਨਿਤੀਸ਼ ਨੂੰ ਭੜਕਾ ਕੇ ਭਜਾਉਣ ਵਿੱਚ ਯੋਗਦਾਨ ਪਾਇਆ। ਉਹ ਅੰਤ ਇਨ੍ਹਾਂ ਦੀਆਂ ਸੁਸਤੀਆਂ ਅਤੇ ਚੁਸਤੀਆਂ ਦਾ ਮਾਰਿਆ ਆਪਣੇ ਕੱਟੜ ਵਿਰੋਧੀ ਰਹੇ ਪਰ ਬਾਹਵਾਂ ਅੱਡੀ ਖੜ੍ਹੇ ਮੋਦੀ ਦੀ ਗੱਡੀ ਜਾ ਚੜ੍ਹਿਆ, ਦੇਖੋ ਦੋਵਾਂ ਦੀ ਲਚਕ। ਨਿਤੀਸ਼ ਸਾਂਭਿਆ ਹੁੰਦਾ ਤਾਂ ਬਿਹਾਰ ਵਿੱਚ ਹੂੰਝਾ ਫੇਰੂ ਜਿੱਤ ਹੁੰਦੀ। ਕਿਉਂਕਿ ਬਿਹਾਰ ਵਿੱਚ ਭਾਜਪਾ ਦੀਆਂ ਆਪਣੀਆਂ ਤਾਂ ਸਿਰਫ 20% ਵੋਟਾਂ ਸਨ। ਚੋਣਾਂ ਮਗਰੋਂ ਬੇਮੌਕਾ ਇਸ਼ਾਰੇ ਕਰਨ ਲੱਗ ਪਏ ਕਿ ਨਿਤੀਸ਼ ਵਾਪਸ ਆ ਜਾਵੇ ਤਾਂ “ਔਹ” ਬਣਾ ਦਿਆਂਗੇ, ਆਹ ਬਣਾ ਦਿਆਂਗੇ।
ਬੰਗਾਲ ਵਿੱਚ ਕਾਂਗਰਸ ਦਾ ਮਮਤਾ ਨਾਲ ਸਿਰਫ ਸੀਟਾਂ ਦੀ ਵੰਡ ਵੰਡਾਈ ਦਾ ਝਗੜਾ ਸੀ। ਕਾਂਗਰਸ ਵੱਧ ਮੰਗੇ ਤੇ ਮਮਤਾ ਘੱਟ ਦੇਵੇ, ਸਮਝੌਤਾ ਖਤਮ। ਇਨ੍ਹਾਂ ਦੇ ਇਸ ਰਗੜੇ-ਝਗੜੇ ਵਿੱਚ ਭਾਜਪਾ 12 ਸੀਟਾਂ ਜਿੱਤ ਗਈ। ਮਮਤਾ 29, ਤੇ ਕਾਂਗਰਸ ਇੱਕ। ਕੋਈ ਦੂਰ ਦੀ ਸੋਚ ਨਾ ਦੋਵਾਂ ਦੀ। ਮਿਲ ਕੇ ਲੜਦੇ ਤਾਂ ਇਨ੍ਹਾਂ ਦੀਆਂ ਬੀ.ਜੇ.ਪੀ ਨਾਲੋਂ 12% ਵੋਟਾਂ ਵੱਧ ਸਨ।
ਉੜੀਸਾ ਅੰਦਰ 2019 ਵਿੱਚ 8 ਸੀਟਾਂ ਜਿੱਤ ਕੇ ਜਦੋਂ ਭਾਜਪਾ ਮੁੱਖ ਵਿਰੋਧੀ ਪਾਰਟੀ ਬਣ ਗਈ ਸੀ ਤਾਂ ਕਾਂਗਰਸ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਹਰ ਹੀਲੇ ਆਪਣੇ ਲਾਗੇ ਲਾਉਂਦੀ। ਭਾਜਪਾ ਚਾਤਰ ਨਿਕਲੀ। ਨਵੀਨ ਨੂੰ ਕਾਂਗਰਸ ਨਾਲ ਗਠਜੋੜ ਤੋਂ ਰੋਕਣ ਲਈ ਭਾਜਪਾ ਝੂਠ ਮੂਠ ਆਖੇ ਕਿ ਅਸੀਂ 2024 ਦੀ ਚੋਣ ਨਵੀਨ ਨਾਲ ਰਲਕੇ ਲੜਨੀ ਹੈ, ਪਰ ਐਨ ਆਖਰੀ ਮੌਕੇ ਕਹਿੰਦੇ, “ਇਕੱਲੇ ਲੜਾਂਗੇ। ” ਕਾਂਗਰਸ ਸੁਸਤ ਨਾ ਹੁੰਦੀ ਤਾਂ ਫੌਰੀ ਨਵੀਨ ਨਾਲ ਸੀਟ ਅਡਜਸਟਮੈਂਟ ਕਰ ਸਕਦੇ ਸੀ। ਤਿਕੋਨੀ ਟੱਕਰ ਵਿੱਚ ਭਾਜਪਾ 20 ਸੀਟਾਂ ਜਿੱਤੀ, ਕਾਂਗਰਸ ਇੱਕ। ਜਦਕਿ ਕਾਂਗਰਸ+ਨਵੀਨ ਦੀਆਂ ਵੋਟਾਂ ਮਿਲਾ ਕੇ ਭਾਜਪਾ ਨਾਲੋਂ 5% ਵੱਧ ਸਨ। ਹੁਣ ਵੀ ਕਾਂਗਰਸ, ਨਵੀਨ (38% ਵੋਟਾਂ) ਨੂੰ ਚਾਚਾ ਜੀ ਆਖ ਕੇ ਉੜੀਸਾ ਵਿੱਚ ਅੱਗੇ ਰੱਖ ਕੇ ਚੱਲੇਗੀ ਤਾਂ ਹੀ ਕੁਛ ਬਣੂ।
ਆਂਧਰਾ ਦਾ ਮੁੱਖ ਮੰਤਰੀ ਜਗਨ ਮੋਹਨ ਰੈਡੀ ਤਾਂ ਕਾਂਗਰਸੀ ਪਿਛੋਕੜ ਵਾਲਾ ਸੀ, ਆਪ ਹੀ ਰੁਸਾਇਆ। ਉਸਦੇ ਮੁੱਖ ਮੰਤਰੀ ਪਿਤਾ ਦੀ ਹਵਾਈ ਹਾਦਸੇ ਵਿੱਚ ਮੌਤ ਪਿੱਛੋਂ ਮੁੱਖ ਮੰਤਰੀ ਨਾ ਬਣਾਇਆ। ਉਹ ਨਵੀਂ ਪਾਰਟੀ ਬਣਾ ਕੇ ਜਿੱਤ ਕੇ ਮੁੱਖ ਮੰਤਰੀ ਬਣ ਗਿਆ। ਫਿਰ ਮਗਰੋਂ ਵੀ ਉਸ ਨਾਲ ਲਗਾਤਾਰ ਬੇਫਾਇਦਾ ਖਹਿਬੜੀ ਗਏ। ਪਰ ਨਰਿੰਦਰ ਮੋਦੀ ਨੇ ਤਾਂ ਉੱਥੇ ਆਪਣੇ ਕੱਟੜ ਵਿਰੋਧੀ ਚੰਦਰ ਬਾਬੂ ਨਾਇਡੂ ਨਾਲ ਸਮਝੌਤਾ ਕਰਨ ਨੂੰ ਸਕਿੰਟ ਵੀ ਨਾ ਲਾਇਆ, ਤੇ ਕਾਂਗਰਸ ਆਪਣੇ ਹੱਥੀਂ ਪਾਲੇ ਬੱਚੇ ਰੈਡੀ ਨਾਲ ਵੀ ਸਮਝੌਤੇ ਦੀ ਗੱਲ ਨਾ ਤੋਰ ਸਕੀ। ਨਤੀਜਾ ਇਹ ਹੋਇਆ ਕਿ ਭਾਜਪਾ ਖੇਮੇ ਦੀ ਝੋਲੀ 22 ਸੀਟਾਂ (ਜਿਸ ਵਿੱਚ ਭਾਜਪਾ ਦੀਆਂ ਸਿਰਫ 2.8% ਵੋਟਾਂ), ਰੈਡੀ ਦੀਆਂ 4 ਸੀਟਾਂ ਤੇ ਕਾਂਗਰਸ ਗੋਲ ਆਂਡਾ। ਝੱਟ ਕੁ ਮਗਰੋਂ ਫਿਰ ਰੈਡੀ ਨਾਲ ਸਾਂਝੇ ਧਰਨੇ ਵੀ ਮਾਰਦੇ ਫਿਰਨ। ਕਾਂਗਰਸ ਨੂੰ ਆਂਧਰਾ ਵਿੱਚ 40% ਵੋਟਾਂ ਵਾਲੇ ਜਗਨ ਮੋਹਨ ਰੈਡੀ ਨੂੰ ਆਗੂ ਮੰਨ ਕੇ ਉਸਦੀ ਪਾਰਟੀ ਨਾਲ ਬਿਨਾਂ ਸ਼ਰਤ ਫੌਰੀ ਗਠਜੋੜ ਕਰਨਾ ਪਊ, ਵਰਨਾ ਸਦਾ ‘ਠੁਣ ਠੁਣ ਗੋਪਾਲ’ ਹੀ ਰਹੂ।
ਯੂ.ਪੀ ਵਿੱਚ ਸਮਾਜਵਾਦੀ ਪਾਰਟੀ 63 ਸੀਟਾਂ ’ਤੇ ਲੜੀ ਅਤੇ 43 ਸੀਟਾਂ ਜਿੱਤੀਆਂ ਜਦਕਿ ਕਾਂਗਰਸ ਨੇ ਜ਼ਿਦ ਕਰਕੇ 17 ਸੀਟਾਂ ਲੈ ਕੇ 6 ਜਿੱਤੀਆਂ, ਤੇ ਭਾਜਪਾ ਨੂੰ ਫਾਇਦਾ ਹੋਇਆ।
ਪਿਛਲੀਆਂ ਬਿਹਾਰ ਅਸੈਂਬਲੀ ਚੋਣਾਂ ਵਿੱਚ ਵੀ ਲਾਲੂ ਯਾਦਵ ਦੀ ਆਰ.ਜੇ.ਡੀ. ਤਾਂ ਕਾਂਗਰਸ ਨੂੰ 40 ਸੀਟਾਂ ਲੜਨ ਨੂੰ ਕਹਿੰਦੀ ਸੀ ਪਰ ਕਾਂਗਰਸ ਅੜ ਕੇ 70 ਸੀਟਾਂ ਲੜੀ ਤੇ 19 ਜਿੱਤੀ। ਜਦਕਿ ਲਾਲੂ ਯਾਦਵ ਅਤੇ ਲੈਫਟ ਦੀ ਜੇਤੂ ਪ੍ਰਤੀਸ਼ਤ ਬਹੁਤ ਜ਼ਿਆਦਾ ਸੀ। ਅਤੇ ਸਿਰਫ 5 ਸੀਟਾਂ ਵੱਧ ਨਾਲ ਭਾਜਪਾ ਸਰਕਾਰ ਬਣਾ ਗਈ। ਦੇਖੋ ਹੁਣ ਇਸ ਵਾਰ ਕੋਈ ਸਬਕ ਲੈਂਦੇ ਹਨ ਕਿ ਨਹੀਂ।
ਕਾਂਗਰਸ ਨੂੰ ਸਮਝਣਾ ਚਾਹੀਦਾ ਹੈ ਕਿ ਤਿਲੰਗਾਨਾ ਦੇ ‘ਕੇ. ਚੰਦਰਸ਼ੇਖਰ ਰਾਓ’ ਦੀ ‘ਭਾਰਤੀ ਰਾਸ਼ਟਰੀ ਸਮਿਤੀ’ ਵੀ ‘ਇੰਡੀਆ ਗਠਜੋੜ’ ਦੀ ਵਿਚਾਰਕ ਸਹਿਯੋਗੀ ਹੈ। ਉਸ ਨੂੰ ‘ਇੰਡੀਆ’ ਵਿੱਚ ਆਉਣ ਲਈ ਕਹਿਣ। ਕਿਉਂਕਿ ਤਿਕੋਨੇ ਮੁਕਾਬਲੇ ਵਿੱਚ ਭਾਜਪਾ ਨੇ 8 ਸੀਟਾਂ ਜਿੱਤੀਆਂ। ਇਹ ਰਲ ਕੇ ਤਿਲੰਗਾਨਾ ਵਿੱਚ ਹੂੰਝਾ ਫੇਰ ਸਕਦੇ ਹਨ ਕਿਉਂਕਿ ਇਨ੍ਹਾਂ ਦੀਆਂ ਮਿਲਾ ਕੇ ਬੀ.ਜੇ.ਪੀ ਨਾਲੋਂ 22% ਵੋਟਾਂ ਵੱਧ ਸਨ। ਕਾਂਗਰਸ ਇਹ ਘੁੰਡੀ ਨਾ ਸਮਝੀ ਤਾਂ ਅਗਲੀ ਵਾਰ ਭਾਜਪਾ ਰਾਓ ਨੂੰ ਨਾਲ ਲੈ ਕੇ ਕਾਂਗਰਸ ਨੂੰ ਜ਼ੀਰੋ ਕਰੂ।
ਪਰ ਅਜੇ ਵੀ ਕੋਈ ਆਖਰ ਨਹੀਂ ਆ ਗਈ। 2024 ਦੀ ਚੋਣ ਵਿੱਚ ਦੇਸ਼ ਭਰ ਵਿੱਚੋਂ ਭਾਜਪਾ ਦੇ ‘ਐੱਨ, ਡੀ.ਏ’ ਦੀਆਂ ਵੋਟਾਂ, “ਇੰਡੀਆ ਗਠਜੋੜ’ ਨਾਲੋਂ ਸਿਰਫ 2% ਦੇ ਲਗਭਗ ਹੀ ਵੱਧ ਸਨ।
ਬਿਹਾਰ, ਯੂ.ਪੀ, ਉੜੀਸਾ, ਆਂਧਰਾ, ਤਿਲੰਗਾਨਾ, ਝਾਰਖੰਡ, ਬੰਗਾਲ ਵਿੱਚ ਕਾਂਗਰਸ ਨੂੰ ਵੱਧ ਸੀਟਾਂ ਮੰਗਣ ਦੀ ਲੋੜ ਨਹੀਂ, ਸਗੋਂ ਹਰ ਹੀਲੇ ਖੇਤਰੀ ਪਾਰਟੀਆਂ ਨਾਲ ਚੁਸਤ ਵਿਸ਼ਾਲ ਗਠਜੋੜ ਦੀ ਜ਼ਰੂਰਤ ਹੈ। ਹਰਿਆਣਾ, ਗੁਜਰਾਤ, ਗੋਆ, ਦਿੱਲੀ ਵਿੱਚ ਗਠਜੋੜ ‘ਕਾਂਗਰਸ-ਆਪ’ ਦੀ ਰਾਜਨੀਤਕ ਸਮਝ ਦਾ ਇਮਤਿਹਾਨ ਹੋਵੇਗਾ। ਨਿੱਜੀ ਗਿਣਤੀਆਂ ਮਿਣਤੀਆਂ ਦੋਵਾਂ ਨੂੰ ਲੈ ਡੁੱਬਣਗੀਆਂ। ਜੇ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਛੱਤੀਸਗੜ੍ਹ, ਉਤਰਾਖੰਡ ਵਿੱਚ ਕਾਂਗਰਸ ਨੇ ਕੋਈ ਵੱਡਾ ਸੰਘਰਸ਼ ਨਾ ਛੇੜਿਆ ਤਾਂ ਇਸਨੇ ਉੱਠ ਨਹੀਂ ਸਕਣਾ। ਨਿਰੇ ਟਵੀਟ ਕੀਤਿਆਂ ਕੱਖ ਨਹੀਂ ਬਣਨਾ। ਇੱਥੇ ਸਚਿਨ ਪਾਇਲਟ ਕੀਮਤੀ ਹੈ। ਮਹਾਰਾਸ਼ਟਰਾ ਵਿੱਚ ਵਿਰੋਧੀ ਧਿਰਾਂ ਹਤਾਸ਼ ਨਾ ਹੋਣ, ਏਕਤਾ ਬਣਾਈ ਰੱਖਣ ਤਾਂ ਝੂਠ ਫਰੇਬ ਦਾ ਗੁਬਾਰਾ ਫਟ ਜਾਵੇਗਾ। ਮਨੀਪੁਰ ਦੇ ਘਟਨਾਕ੍ਰਮ ਕਾਰਨ ਉੱਤਰ ਪੂਰਬ ਦੇ ਸੂਬਿਆਂ ਵਿੱਚ ਕਾਂਗਰਸ ਸਥਾਨਕ ਪਾਰਟੀਆਂ ਨਾਲ ਸਮਝੌਤੇ ਲਈ ਉਚੇਚ ਵਿਖਾਵੇ ਤਾਂ ਵੱਡਾ ਹੈਰਾਨੀਜਨਕ ਹੁੰਗਾਰਾ ਮਿਲਣ ਦੇ ਆਸਾਰ ਹਨ।
ਵਿਰੋਧੀ ਪਾਰਟੀਆਂ ਕੋਲ ਆਪਣੀ ਸੂਬਾਈ ਲੀਡਰਸ਼ਿੱਪ ਬਹੁਤ ਮਜ਼ਬੂਤ ਹੈ, ਜਦਕਿ ਭਾਰਤੀ ਜਨਤਾ ਪਾਰਟੀ ਵਿੱਚ ਸੂਬਾਈ ਆਗੂ ਛਾਂਗ ਦਿੱਤੇ ਹਨ ਤੇ ਪਾਰਟੀ ਸਿਰਫ ‘ਮੋਦੀ ਮੋਦੀ’ ਦਾ ਜਾਪ ਕਰਨ ਲਈ ਬੇਵੱਸ ਕਰ ਦਿੱਤੀ ਗਈ ਹੈ। ਇਸਦੇ ਨਤੀਜੇ ਮੁਲਕ ਲਈ ਵੀ ਅਤੇ ਭਾਜਪਾ ਲਈ ਵੀ ਵਚਿੱਤਰ ਹੀ ਹੋਣਗੇ।
ਉਂਜ ਵਿਰੋਧੀ ਪਾਰਟੀਆਂ ਨੇ ਜੇ ਚੁਸਤੀ ਦਾ ਗੁਰ ਲੈਣਾ ਹੈ ਤਾਂ ਭਾਜਪਾ ਦੀ ਕੇਂਦਰੀ ਲੀਡਰਸ਼ਿੱਪ ਤੋਂ ਲੈਣ, ਜੇ ਪੇਲਵੀਂ ਲਚਕ ਦੀ ਜਾਚ ਸਿੱਖਣੀ ਤਾਂ ਨਰਿੰਦਰ ਮੋਦੀ ਤੋਂ ਸਿੱਖਣ, ਅੱਗੋਂ ਲਈ ਮੈਨੇਜਮੈਂਟ ਦੀ ਕਲਾ ਲਈ ਅਮਿਤ ਸ਼ਾਹ ਦੀ ਨਕਲ ਮਾਰਨ, ਫੈਲਣ ਦਾ ਫ਼ਲਸਫਾ ਆਰ.ਐੱਸ.ਐੱਸ ਤੋਂ ਹਾਸਲ ਕਰਨ। ਇਨ੍ਹਾਂ ਸਾਰਿਆਂ ਤੋਂ ਗੁਰ ਲੈਣ ਕਿ ਆਪਣੇ ਚੂਚੇ ਘੇਰ ਕੇ ਖੰਭਾਂ ਥੱਲੇ ਕਿਵੇਂ ਰੱਖੀਦੇ ਹੁੰਦੇ ਅਤੇ ਦੂਜਿਆਂ ਦੇ ਘਰ ਸੰਨ੍ਹ ਲਾਉਣ ਦੇ ਕਿਹੜੇ ਕਿਹੜੇ ਤੌਰ ਤਰੀਕੇ ਹੁੰਦੇ ਹਨ।
ਇੱਕ ਵੱਡੀ ਦਾਅਪੇਚ ਗ਼ਲਤੀ ਚਾਤਰ ਭਾਜਪਾ ਵੀ ਕਰ ਗਈ ਹੈ। 12 ਸਾਲ ਦੀ ਮਿਹਨਤ ਮਿੱਟੀ ਵਿੱਚ ਮਿਲ ਗਈ ਲਗਦੀ ਹੈ। ਹੋਇਆ ਇਹ ਹੈ ਕਿ ਤੱਤੇ ਮੁਸਲਿਮ ਲੀਡਰ ਵਜੋਂ ਉਭਾਰਨ ਲਈ ਅਸਦੂਦੀਨ ਓਵੈਸੀ ਨੂੰ ਕਈ ਸਾਲਾਂ ਤੋਂ ਰੋਜ਼ਾਨਾ ਆਪਣੇ ਸਾਰੇ ਚਹੇਤੇ ਖ਼ਬਰਾਂ ਦੇ ਚੈਨਲਾਂ ਉੱਤੇ ਬੁਲਾ ਕੇ, ਬਹਿਸ ਵਿੱਚ ਭੜਕਾ ਕੇ, ਕੋਈ ਤਿੱਖੀ ਗੱਲ ਮੂੰਹੋਂ ਕਢਵਾ ਲੈਂਦੇ ਸੀ। ਫਿਰ ਉਹਨੂੰ ਦੇਹ-ਦੱਬ ਪ੍ਰਚਾਰ ਕੇ ਹਿੰਦੂ ਭਾਈਚਾਰੇ ਨੂੰ ਡਰਾਉਂਦੇ ਅਤੇ ਬਦਲੇ ਦੀ ਭਾਵਨਾ ਲਈ ਭੜਕਾ ਕੇ ਲਾਮਬੰਦ ਕਰਦੇ ਸਨ। ਓਵੈਸੀ ਦਾ ਕੱਟੜ ਮੁਸਲਿਮ ਪੱਖੀ ਅਤੇ ਭਾਰਤ ਵਿਰੋਧੀ ਬਿੰਬ ਬਣਾ ਦਿੱਤਾ ਸੀ। ਇੰਜ ਵਿਰੋਧੀ ਪਾਰਟੀਆਂ ਉਸਦੀ ਕੱਟੜ ਸ਼ਵ੍ਹੀ ਕਾਰਨ ਓਵੈਸੀ ਨੂੰ ਨਾਲ ਲੈਣ ਤੋਂ ਝਿਜਕਦੀਆਂ ਸਨ। ਤੇ ਉਹ ਵਿਰੋਧੀ ਵੋਟਾਂ ਵੰਡ ਕੇ ਭਾਜਪਾ ਨੂੰ ਜਿਤਾਉਣ ਵਾਲਾ ਇੱਕ ਹਥਿਆਰ ਬਣ ਗਿਆ ਸੀ। ਪਿਛਲੀ ਬਿਹਾਰ ਸਰਕਾਰ ਇਵੇਂ ਹੀ ਬਣੀ ਸੀ। ਲੇਕਿਨ ਮੋਦੀ ਵੱਲੋਂ ਅਪ੍ਰੇਸ਼ਨ ਸੰਧੂਰ ਦਾ ਵਿਦੇਸ਼ਾਂ ਵਿੱਚ ਪ੍ਰਚਾਰ ਕਰਨ ਲਈ ਭੇਜੀ ਸਾਂਸਦਾਂ ਦੀ ਟੀਮ ਵਿੱਚ ਓਵੈਸੀ ਦੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਨੇ ਉਸ ਨੂੰ ਵੱਡਾ ‘ਦੇਸ਼-ਭਗਤ ਮੁਸਲਿਮ ਲੀਡਰ’ ਬਣਾ ਦਿੱਤਾ ਹੈ। ਖ਼ਬਰ ਚੈਨਲ ਵੀ ਭੁੱਲ ਭੁਲੇਖੇ ਓਵੈਸੀ ਦੀਆਂ ਖੂਬ ਸਿਫਤਾਂ ਕਰ ਬੈਠੇ।
ਇਸ ਉਪਰੰਤ ਓਵੈਸੀ ਦੇ ‘ਇੰਡੀਆ ਗਠਜੋੜ’ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਬਣ ਗਈ ਹੈ। ਤਾਜ਼ੀ ਖ਼ਬਰ ਹੈ ਕਿ ਓਵੈਸੀ ਦੀ ਪਾਰਟੀ ਨੇ ਲਾਲੂ ਯਾਦਵ ਨੂੰ ਚਿੱਠੀ ਲਿਖੀ ਹੈ ਕਿ ਅਸੀਂ ਬਿਹਾਰ ਵਿੱਚ ਮਹਾਂ-ਗਠਬੰਧਨ ਵਿੱਚ ਸ਼ਾਮਲ ਹੋਣਾ ਚਹੁੰਦੇ ਹਾਂ ਤੇ ਉਹਨਾਂ ਵੀ ਅੱਗੋਂ ਸਵਾਗਤ ਕੀਤਾ ਹੈ। ਇੰਜ ਭਾਜਪਾ ਨੂੰ ਓਵੈਸੀ ਨੂੰ ਉਭਾਰਨ ਵਾਲਾ ਦਾਅ ਪੁੱਠਾ ਪੈ ਗਿਆ ਹੈ। ਓਵੈਸੀ ਨੂੰ ਮਾਇਆਵਤੀ ਵਰਗਾ ਸਮਝਣ ਦੀ ਵੱਡੀ ਭੁੱਲ ਕੀਤੀ ਭਾਜਪਾ ਨੇ। ਤੁਸੀਂ ਵੇਖੋਗੇ ਕਿ ਹੁਣ ‘ਓਵੈਸੀ’ ਖ਼ਬਰਾਂ ਦੇ ਚੈਨਲਾਂ ਉੱਤੇ ਘੱਟ ਦਿਸਿਆ ਕਰੇਗਾ।
ਗਿਆਰਾਂ ਸਾਲ ਦੇ ਰਾਜ ਉਪਰੰਤ ਵੀ ਮੋਦੀ ਸਰਕਾਰ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਕਾਰੋਬਾਰੀਆਂ ਦੇ ‘ਅੱਛੇ ਦਿਨ’ ਆ ਜਾਣ ਦਾ ਦਾਅਵਾ ਨਹੀਂ ਕਰਦੀ। ਮਹਿੰਗਾਈ ਬੇਕਾਬੂ ਹੈ। ਰੁਜ਼ਗਾਰ ਦੇਣ ਵਰਗਾ ਸਦੀਵੀ ਪਰਉਪਕਾਰ ਕਰਨਾ ਤਾਂ ਵਪਾਰੀ ਜਮਾਤ ਦਾ ਮੁੱਢੋਂ ਕਿਰਦਾਰ ਹੀ ਨਹੀਂ। ਅਜ਼ਾਦੀ ਅੰਦੋਲਨ ਦੀ ਵਿਰਾਸਤ ਭੁਲਾਉਣ ਦੀ ਜ਼ੋਰਦਾਰ ਮੁਹਿੰਮ ਚੱਲ ਰਹੀ ਹੈ। ਰੂਸ ਵਰਗੇ ਯਾਰ ਬੇਲੀ ਮੁਲਕ ਗਵਾ ਬੈਠੇ ਹਾਂ, ਠੱਗਾਂ ਨਾਲ ਯਾਰੀ ਵਾਲੀ ਵਿਦੇਸ਼ ਨੀਤੀ ਚੱਲ ਰਹੀ ਹੈ, ਵਿਦੇਸ਼ ਨੀਤੀ ਦਾ ਮੁਕੰਮਲ ਫਲਾਪ ਸ਼ੋਅ। ਹਿੰਦੂ-ਮੁਸਲਿਮ ਨਫ਼ਰਤ ਨੂੰ ਵੋਟ ਰਾਜਨੀਤੀ ਲਈ ਮੁਢਲਾ ਅਧਾਰ ਬਣਾਉਣ ਦਾ ਰਾਗ ਚੱਲ ਰਿਹਾ ਹੈ। ਸਰਕਾਰੀ ਅਦਾਰੇ ਭਾਜਪਾ ਦੇ ਬੇਲੀ ਕਾਰੋਬਾਰੀਆਂ ਨੂੰ ਵੇਚੇ ਜਾ ਰਹੇ ਹਨ। 2014 ਤਕ ਭਾਰਤ ਸਿਰ ਪਹਿਲਾ ਕੁੱਲ ਕਰਜ਼ਾ 49 ਲੱਖ ਕਰੋੜ ਸੀ, ਜੋ 11 ਸਾਲਾਂ ਵਿੱਚ ਵਧ ਕੇ 197 ਲੱਖ ਕਰੋੜ ਹੋ ਗਿਆ ਹੈ। ਕੇਂਦਰੀ ਬਜਟ ਦਾ ਤੀਜਾ ਹਿੱਸਾ ਕਰਜ਼ੇ ਦਾ ਬਿਆਜ ਦੇ ਦਿੱਤਾ ਜਾਂਦਾ ਹੈ। ਅਮੀਰ ਕਾਰੋਬਾਰੀਆਂ ਦੇ ਲੱਖਾਂ ਕਰੋੜ ਕਰਜ਼ੇ ਮਾਫ਼ ਹੋ ਰਹੇ ਹਨ। 85 ਕਰੋੜ ਗਰੀਬ ਭੁੱਖੇ ਲੋਕ ਮੰਗਤਿਆਂ ਵਾਂਗ ਹਰ ਮਹੀਨੇ 5 ਕਿਲੋ ਆਟਾ ਦਾਲ਼ ਲੈਣ ਲਈ ਮੂੰਹ ਟੱਡਦੇ ਹਨ ਤੇ ਹਾਕਮ ਅੱਗੋਂ ਇਵਜ਼ ਵਿੱਚ ਵੋਟਾਂ ਮੰਗਦਾ ਹੈ।
ਪ੍ਰਾਚੀਨ ਸੱਭਿਅਤਾ ਦੀ ਹਰ ਪੱਖੋਂ ਸ਼ਾਨਦਾਰ ਵਿਰਾਸਤ ਵਾਲਾ ਸਾਡਾ ਸੋਹਣਾ ਭਾਰਤ ਖਾਧ ਪਦਾਰਥਾਂ, ਕੁਦਰਤੀ ਸੋਮਿਆਂ, ਖਣਿਜਾਂ, ਮਨੁੱਖੀ ਤਾਕਤ, ਵਿੱਦਿਅਕ ਸਮਰੱਥਾ, ਕਦਰਾਂ ਕੀਮਤਾਂ, ਸਹਿਣਸ਼ੀਲ ਸੁਭਾਅ, ਮੌਸਮ, ਹਰਿਆਵਲ, ਪਾਣੀ, ਯਾਨੀ ਕਿ ਹਰ ਲਿਹਾਜ਼ ਨਾਲ ਸਮਰੱਥ ਮਿਸਾਲੀ ਧਰਤੀ ਹੈ। ਇਸ ਨੂੰ ਸਿਰਫ਼ ਕਾਬਜ਼ ਜਮਾਤਾਂ ਦੇ ਸਵਾਰਥੀ ਕਿਰਦਾਰ ਦੀ ਮਾਰ ਪੈ ਰਹੀ ਹੈ, ਜਿਸਨੂੰ ਸੁਹਿਰਦ ਭਾਰਤੀਆਂ ਵੱਲੋਂ ਇਕੱਠੇ ਹੋ ਕੇ ਫੌਰੀ ਰੋਕਣ ਦੀ ਲੋੜ।
ਇਹ ਨਿਰਾਸ਼ਾਜਨਕ ਹਾਲਾਤ ਹਨ। ਇਸ ਵਿੱਚੋਂ ਭਾਰਤ ਨੂੰ ਕੱਢਣ ਲਈ ਵਿਰੋਧੀ ਪਾਰਟੀਆਂ ਨੂੰ ਬਦਲਵਾਂ ਪ੍ਰੋਗਰਾਮ ਦੇਣਾ ਪਵੇਗਾ, ਜੋ ਲੋਕ ਪੱਖੀ, ਰੁਜ਼ਗਾਰ-ਮੁਖੀ, ਭਾਈਚਾਰਕ ਸਾਂਝ ਵਾਲਾ ਹੋਵੇ। ਵਰਨਾ ਨਿਰੀ ਸਰਕਾਰ ਬਦਲ ਕੇ ਲੋਕਾਂ ਨੇ ਕੀ ਕਰਨੀ ਹੈ? ਇਸ ਬਦਲਾਵ ਲਈ ਵਿਰੋਧੀ ਪਾਰਟੀਆਂ ਨੂੰ ‘ਵਿਸ਼ਾਲ ਦੇਸ਼ ਭਗਤ ਮੋਰਚਾ’ ਵਿਸ਼ਾਲ ਹਿਰਦੇ ਨਾਲ ਬਣਾਉਣਾ ਵੀ ਹੋਵੇਗਾ ਤੇ ਮੁੜਕੇ ਸਮਝਦਾਰੀ ਨਾਲ ਚਲਾਉਣਾ ਵੀ ਹੋਵੇਗਾ। ਜਿਹੜਾ ਵੀ ਹੁਣ ਤਕ ਹਿੰਦੂ-ਮੁਸਲਿਮ ਨਫ਼ਰਤ ਵਾਲੇ ਡੰਗ ਦੇ ਅਸਰ ਤੋਂ ਬਚਿਆ ਹੋਇਆ ਹੈ, ਸਭ ਨੂੰ ਨਾਲ ਜੋੜੋ। ਹੁਣ ਵਾਲੀ ਸੌੜੀ ਸੋਚ, ਹਉਮੈਂ ਤੇ ਸੁਸਤੀ ਛੱਡਣੀ ਪਵੇਗੀ। ਜੇ ਅਜੇ ਵੀ ਅਕਲ ਨਾ ਕੀਤੀ ਤਾਂ ਬਹੁਤ ਪਛਤਾਉਣਾ ਪਵੇਗਾ।
ਆਮ ਲੋਕ ਕਹਿੰਦੇ ਨੇ ਕਿ ਭਾਈ “ਲੋਕਰਾਜ ਦੇ ਢਕਵੰਜ ਬਾਰੇ ਐਵੇਂ ਕਿਸੇ ਭੁਲੇਖੇ ਵਿੱਚ ਨਾ ਰਿਹੋ, ਗੌਰਮਿੰਟ ਪੋਲੇ ਪੈਰੀਂ ਛੱਡਣ ਵਾਲੇ ਤੇਵਰ ਨਹੀਂ ਜੋ ਦੀਂਹਦੇ। ਜਦੋਂ ਫਿਰ ‘ਵੋਟ ਰੁੱਤ’ ਆਈ, ਉਦੋਂ ਖੌਰੇ ਕੀ ਕੁਝ ਹੋ ਜੇ। ਕੀ ਪਤਾ ਕਿ ਡਰੀ, ਰਲੀ, ਝੱਬੂ ਪਾਈ ਮਸ਼ੀਨਰੀ ਕਿਹੜੇ ਕਾਂਡ ਕਰ ਦੇਵੇ ਤੇ ਨਤੀਜੇ ਵਜੋਂ ਭਮੰਤਰੇ ਲੋਕ ਆਪਣੇ ਰੋਟੀ ਟੁੱਕ ਵਾਲੇ ਮੁੱਦੇ ਭੁੱਲ ਕੇ ਇੱਕ ਦੂਜੇ ਵੱਲ ਨੂੰ ਘੂਰ ਘੂਰ ਕੇ ‘ਆਨੇ ਜਿਹੇ ਟੱਡਣ’ ਵੱਲ ਨੂੰ ਤੋਰ ਦਿੱਤੇ ਜਾਣ।
ਵਿਰੋਧੀ ਪਾਰਟੀਆਂ ਦੇ ਬੜੇ ਸਿਆਣੇ ਬਣੇ ਫਿਰਦੇ ਲੀਡਰ ਸਾਹਿਬਾਨੋ, ਖਬਰਦਾਰ। ਤੁਹਾਡੀ ਸਿਆਸੀ ‘ਸਿਆਣਪ’ ਅਗਲਿਆਂ ਨੇ ਟੋਹ ਕੇ ਦੇਖ ਲਈ ਹੈ। ਉਨ੍ਹਾਂ ਲੱਭ ਲਿਆ ਗੁਰ ਤੁਹਾਨੂੰ ਆਪਣੇ ਪਿੱਛੇ ਬੰਨ੍ਹ ਕੇ ਘੜੀਸਣ ਦਾ। ਅਪ੍ਰੇਸ਼ਨ ਸੰਧੂਰ ਮੌਕੇ ਅਤੇ ਮਗਰੋਂ ਦੇਸ਼ ਦੁਨੀਆਂ ਵਿੱਚ ਤੁਸਾਂ ਜਿਵੇਂ ਮੋਦੀ ਸਰਕਾਰ ਦਾ ਸੋਹਣਾ ਸਾਥ ਦਿੱਤਾ, ਗੁਣਗਾਨ ਕੀਤਾ, ਕੀ ਪਤਾ ਕਿ ਅਗਲੀ 2029 ਦੀ ਪਾਰਲੀਮੈਂਟ ਚੋਣ ਤੋਂ ਐਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੱਲੋਂ ਤੁਹਾਨੂੰ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਸ ਤੋਂ ਵੀ ਵੱਡੀ ਕੋਈ “ਰਾਸ਼ਟਰਵਾਦੀ ਸੇਵਾ” ਦੇਣ ਦੀ ਵਿਸ਼ਵ ਪੱਧਰੀ ਯੋਜਨਾ ਬਣ ਜਾਵੇ। ਪਾਸਪੋਰਟ ਰੀਨਿਊ ਕਰਵਾ ਕੇ ਤਿਆਰ ਬਰ ਤਿਆਰ ਰਿਹੋ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (