ਅਤਿਅੰਤ ਸੋਗਮਈ ਖਬਰ: ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
(13 ਮਈ 2023)
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਨਵਾਂ ਜ਼ਮਾਨਾ (ਜਲੰਧਰ - 13 ਮਈ): ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ‘ਨਵਾਂ ਜ਼ਮਾਨਾ’ ਦੇ ਸਨੇਹੀ ਤੇ ਲੇਖਕ ਕੇਹਰ ਸ਼ਰੀਫ ਸਦਾ ਲਈ ਵਿਛੋੜਾ ਦੇ ਗਏ ਹਨ। ਉਹ 73 ਸਾਲਾਂ ਦੇ ਸਨ। ਉਹ ਲੰਮੇ ਸਮੇਂ ਤੋਂ ਜਰਮਨੀ ਵਿੱਚ ਰਹਿ ਰਹੇ ਸਨ। ਤਿੰਨ ਹਫ਼ਤੇ ਪਹਿਲਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ ਤੇ ਉਨ੍ਹਾਂ ਦੇ ਸਟੰਟ ਪਾਇਆ ਗਿਆ ਸੀ। ਅਪ੍ਰੇਸ਼ਨ ਤੋਂ ਬਾਅਦ ਉਹ ਕੋਮਾ ਵਿੱਚ ਚਲੇ ਗਏ। ਪਿਛਲੀ ਰਾਤ ਉਨ੍ਹਾਂ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ ਆਪਣੇ ਪਿੱਛੇ ਪਤਨੀ ਜਸਪਾਲ ਕੌਰ, ਦੋ ਬੇਟੀਆਂ ਤੇ ਇੱਕ ਬੇਟਾ ਛੱਡ ਗਏ ਹਨ।
ਕੇਹਰ ਸ਼ਰੀਫ਼ ਉੱਘੇ ਕਾਲਮ ਨਵੀਸ ਸ਼ਾਮ ਸਿੰਘ ‘ਅੰਗਸੰਗ’ ਦੇ ਭਰਾ ਸਨ। ਦੇਸ਼ ਰਹਿੰਦਿਆਂ ਉਹ ਕਮਿਊਨਿਸਟ ਪਾਰਟੀ ਨਾਲ ਜੁੜ ਕੇ ਨੌਜਵਾਨ ਸਭਾ ਵਿੱਚ ਕੰਮ ਕਰਦੇ ਰਹੇ। ਉਨ੍ਹਾਂ ਦੇ ਵਿਛੋੜੇ ’ਤੇ ‘ਨਵਾਂ ਜ਼ਮਾਨਾ’ ਪਰਵਾਰ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਕੇਹਰ ਸ਼ਰੀਫ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਠਠਿਆਲਾ ਢਾਹਾਂ ਦੇ ਜੰਮਪਲ ਸਨ। ਉਨ੍ਹਾਂ ਦੀ ਅਚਾਨਕ ਮੌਤ ’ਤੇ ਜਰਮਨੀ ਤੋਂ ਵਿਸਾਖਾ ਸਿੰਘ, ਸੁੱਚਾ ਸਿੰਘ ਨਰ, ਅਣਖੀ ਇਬਰਾਹੀਮਪੁਰੀ, ਯੂ ਕੇ ਤੋਂ ਰਘਬੀਰ ਸਿੰਘ ਸੰਧਾਵਾਲੀਆ, ਪਰਮਜੀਤ ਸੰਧਾਵਾਲੀਆ, ਕੇ ਸੀ ਮੋਹਨ, ਰਣਜੀਤ ਧੀਰ, ਗੁਰਪਾਲ ਸਿੰਘ, ਸੁਖਦੇਵ ਸਿੰਘ ਔਜਲਾ, ਸਰਵਣ ਜ਼ਫਰ, ਹਰੀਸ਼ ਮਲਹੋਤਰਾ, ਅਮਰ ਜਿਓਤੀ, ਜਸਵੀਰ ਦੂਹੜਾ ਅਤੇ ਹਾਲੈਂਡ ਤੋਂ ਜੋਗਿੰਦਰ ਬਾਠ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।
**
ਕੇਹਰ ਸ਼ਰੀਫ਼ ਜੀ ‘ਸਰੋਕਾਰ’ ਦੇ ਪਾਠਕਾਂ ਨਾਲ ਲੰਮੇ ਸਮੇਂ ਤੋਂ ਸਾਂਝ ਪਾਉਂਦੇ ਆ ਰਹੇ ਸਨ। ਉਨ੍ਹਾਂ ਦਾ ਸਹਿਯੋਗ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਅਸੀਂ ਇਸ ਘੜੀ ਪਰਿਵਾਰ ਦੇ ਗ਼ਮ ਵਿੱਚ ਸ਼ਰੀਕ ਹਾਂ --- ਅਵਤਾਰ ਗਿੱਲ।
*****