ShingaraSDhillon7ਹਵਾਈ ਅੱਡੇ ਦੇ ਅੰਦਰ ਵੜਦਿਆਂ ਹੀ ਲੁੱਟ ਦੀ ਦੁਕਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੱਥੇ ਕਾਗ਼ਜ਼ ਚੈੱਕ ...
(11 ਫਰਵਰੀ 2022)


ਅੰਮ੍ਰਿਤਸਰ ਦਾ ਹਵਾਈ ਅੱਡਾ ਬੇਸ਼ਕ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ’ਤੇ ਬਣਿਆ ਹੋਇਆ ਹੈ ਅਤੇ ਹਵਾਈ ਅੱਡੇ ਦੇ ਅੰਦਰ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤੇ ਹੋਰ ਵੀ ਬਹੁਤ ਸਾਰੀਆਂ ਇਤਿਹਾਸਕ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ, ਜੋ ਇਹ ਪ੍ਰਭਾਵ ਛੱਡਦੀਆਂ ਹਨ ਕਿ ਤੁਸੀਂ ਦੁਨੀਆਂ ਦੇ ਇੱਕ ਬਹੁਤ ਹੀ ਇਤਿਹਾਸਕ ਤੇ ਪਵਿੱਤਰ ਸ਼ਹਿਰ ਵਿੱਚ ਉਸਾਰੇ ਗਏ ਹਵਾਈ ਅੱਡੇ ’ਤੇ ਵਿਚਰ ਰਹੇ ਹੋ
ਹਵਾਈ ਅੱਡੇ ਦੇ ਅੰਦਰਲੇ ਨਜ਼ਾਰੇ ਨੂੰ ਦੇਖ ਕੇ ਇੰਜ ਮਹਿਸੂਸ ਹੁੰਦਾ ਹੈ ਕਿ ਇੱਥੇ ਆਉਣ ’ਤੇ ਜਾਣ ਵਾਲੇ ਮੁਸਾਫ਼ਰਾਂ ਦਾ ਗੁਰਬਾਣੀ ਦੀ ਭਾਵਨਾ ਮੁਤਾਬਿਕ ਬਹੁਤ ਖਿਆਲ ਰੱਖਿਆ ਜਾਵੇਗਾ, ਆਉਣ ’ਤੇ ਜਾਣ ਵੇਲੇ ਨਿੱਘਾ ਤੇ ਯਾਦਗਾਰੀ ਸਵਾਗਤ ਹੋਵੇਗਾਹਰ ਆਉਣ ’ਤੇ ਜਾਣ ਵਾਲਾ ਇਸ ਹਵਾਈ ਅੱਡੇ ਤੋਂ ਯਾਦਗਾਰੀ ਪ੍ਰਭਾਵ ਸਮੇਤ ਕਈ ਅਭੁੱਲ ਯਾਦਾਂ ਨਾਲ ਲੈ ਕੇ ਜਾਵੇਗਾ। ਪਰ ਅਫ਼ਸੋਸ ਕਿ ਅਸਲੀਅਤ ਕੁਝ ਹੋਰ ਹੀ ਹੈਇਸ ਹਵਾਈ ਅੱਡੇ ’ਤੇ ਆਉਣ ਅਤੇ ਜਾਣ ਵਾਲੇ ਐੱਨ ਆਰ ਆਈਜ਼ ਦੀ ਜੋ ਖੱਜਲ ਖੁਆਰੀ ਤੇ ਲੁੱਟ ਹੋ ਰਹੀ ਹੈ, ਉਸ ਨੂੰ ਦੇਖ ਕੇ ਰੂਹ ਕੰਬ ਉੱਠਦੀ ਹੈ। ਮੁਸਾਫ਼ਰਾਂ ਦੇ ਮੂੰਹੋਂ ਬਦੋਬਦੀ ਇਹੀ ਨਿਕਲਦਾ ਹੈ ਕਿ ਵਾਪਸ ਇਸ ਹਵਾਈ ਅੱਡੇ ’ਤੇ ਨਾ ਹੀ ਉਹ ਆਪ ’ਤੇ ਨਾ ਹੀ ਦੂਸਰਿਆਂ ਨੂੰ ਇਸ ਹਵਾਈ ਅੱਡੇ ’ਤੇ ਉੱਤਰਨ ਅਤੇ ਚੜ੍ਹਨ ਦੀ ਸਲਾਹ ਦੇਵੇਗਾ

ਯੋਰਪੀਅਨ ਦੇਸ਼ਾਂ ਤੋਂ ਕੁਝ ਕੁ ਹਫ਼ਤਿਆਂ ਲਈ ਵਤਨ ਪਰਤਣ ਵਾਲੇ ਪਰਵਾਸੀ ਪੰਜਾਬੀਆਂ ਨੂੰ ਇਸ ਹਵਾਈ ਅੱਡੇ ’ਤੇ ਉੱਤਰਨ ਚੜ੍ਹਨ ਵੇਲੇ ਇਸ ਤਰ੍ਹਾਂ ਰੋਕਿਆ ਜਾਂਦਾ ਹੈ ਜਿਵੇਂ ਕਿਸੇ ਭੇਡਾਂ ਦੇ ਵੱਗ ਨੂੰਜਹਾਜ਼ ਵਿੱਚੋਂ ਉੱਤਰਦਿਆਂ ਹੀ ਇੱਕ ਜਗਾਹ ਬਿਨਾ ਵਜਾਹ ਬਿਠਾ ਲਿਆ ਜਾਂਦੀ ਹੈ ਤੇ ਫਿਰ ਮਰਜ਼ੀ ਮੁਤਾਬਿਕ ਛਾਂਟ ਛਾਂਟ ਕੇ ਪੰਜਾਂ ਦਸਾਂ ਦੇ ਗਰੁੱਪਾਂ ਵਿੱਚ ਅੱਗੇ ਭੇਜਿਆ ਜਾਂਦਾ ਹੈਅੱਗੇ ਇੰਮੀਗਰੇਸ਼ਨ ਵਾਲੇ ਚੈੱਕ ਅੱਪ ਤੋਂ ਬਾਅਦ ਮੁਸਾਫ਼ਰ ਜਦ ਆਪੋ ਆਪਣਾ ਸਮਾਨ ਕਲੇਮ ਚੁੱਕ ਕੇ ਬਾਹਰ ਵੱਲ ਵਧਣ ਲੱਗਦੇ ਹਨ ਤਾਂ ਅੱਗੇ ਉਹਨਾਂ ਨੂੰ ਰੋਕ ਕੇ ਕੋਵਿਡ ਪੀ ਸੀ ਆਰ ਟੈਸਟ ਦੇ ਨਾਮ ’ਤੇ ਉਹਨਾਂ ਦੀ ਲੁੱਟ ਤੇ ਖੱਜਲ ਖੁਆਰੀ ਕੀਤੀ ਜਾਂਦੀ ਹੈਬੇਸ਼ਕ ਕਿਸੇ ਮੁਸਾਫ਼ਰ ਦੀ ਪੀ ਸੀ ਆਰ ਰਿਪੋਰਟ ਕੁਝ ਕੁ ਘੰਟੇ ਪਹਿਲਾਂ ਹੀ ਕਿਸੇ ਦੂਸਰੇ ਮੁਲਕ ਦੀ ਕੀਤੀ ਹੋਵੇ, ਉਸ ਨੂੰ ਏਅਰਪੋਰਟ ਦਾ ਅਮਲਾ ਫੈਲਾ ਮਿੰਟਾਂ ਵਿੱਚ ਹੀ ਇਨਵੈਲਡ ਕਰਾਰ ਦੇ ਕੇ 1200 ਤੋਂ 3000 ਰੁਪਏ ਅਦਾ ਕਰਨ ਦਾ ਹੁਕਮ ਦੇ ਕੇ ਨਵੀਂ ਰਿਪੋਰਟ ਪ੍ਰਾਪਤ ਕਰਨ ਦਾ ਫ਼ਤਵਾ ਚਾੜ੍ਹ ਦਿੰਦਾਮੁਸਾਫ਼ਰ ਦਾ ਪਾਸਪੋਰਟ ਰੱਖ ਲਿਆ ਜਾਂਦਾ ਹੈ ਤੇ ਨਵੀਂ ਰਿਪੋਰਟ ਇੱਕ ਘੰਟੇ ਤੋਂ ਡੇਢ ਘੰਟੇ ਵਿੱਚ ਦੇਣ ਦੇ ਵਾਅਦੇ ਨਾਲ ਪੈਸੇ ਲਏ ਜਾਂਦੇ ਹਨ ਤੇ ਬਾਅਦ ਵਿੱਚ ਚਾਰ ਤੋਂ ਛੇ ਘੰਟੇ ਹਵਾਈ ਅੱਡੇ ਦੇ ਅੰਦਰ ਖੱਜਲ ਕਰਨ ਤੋਂ ਬਾਅਦ ਰਿਪੋਰਟ ਅਤੇ ਪਾਸਪੋਰਟ ਦਿੱਤੇ ਜਾਂਦੇ ਹਨਕਈ ਮੁਸਾਫ਼ਰਾਂ ਨੂੰ 12 ਘੰਟੇ ਤਕ ਵੀ ਹਵਾਈ ਅੱਡੇ ਦੇ ਅੰਦਰ ਹੀ ਡੱਕੀ ਰੱਖਿਆ ਜਾਂਦਾ ਹੈਇੱਥੇ ਇਹ ਜ਼ਿਕਰਯੋਗ ਹੈ ਕਿ ਕੋਵਿਡ ਨਾਲ ਸੰਬੰਧਿਤ ਸਾਰੇ ਟੈਸਟ ਯੂ ਕੇ ਤੇ ਭਾਰਤ ਦੇ ਸਰਕਾਰੀ ਸਿਹਤ ਵਿਭਾਗਾਂ/ਹਸਪਤਾਲਾਂ ਵਿੱਚੋਂ ਮੁਫ਼ਤ ਕਰਵਾਏ ਜਾ ਸਕਦੇ ਹਨ

ਦੂਜੇ ਪਾਸੇ ਕਿਸੇ ਮੁਸਾਫ਼ਰ ਨੂੰ ਲੈਣ ਆਏ ਉਸ ਦੇ ਰਿਸ਼ਤੇਦਾਰ ਹਵਾਈ ਅੱਡੇ ਦੇ ਬਾਹਰ ਜਿਸ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੁੰਦੇ ਹਨ, ਉਹ ਅਲੱਗ ਸਮੱਸਿਆ ਹੈ ਕਿਉਂਕਿ ਹਵਾਈ ਅੱਡੇ ਦੇ ਬਾਹਰ ਨਾ ਹੀ ਬੈਠਣ ਅਤੇ ਨਾ ਹੀ ਪੀਣ ਵਾਲੇ ਪਾਣੀ ਦਾ ਕੋਈ ਢੁਕਵਾਂ ਪ੍ਰਬੰਧ ਹੈ

ਇਹੀ ਹਾਲ ਆਪਣੀ ਯਾਤਰਾ ਪੂਰੀ ਕਰਨ ਉਪਰੰਤ ਵਾਪਸ ਜਾਣ ਵਾਲਿਆਂ ਦਾ ਕੀਤਾ ਜਾਂਦਾ ਹੈਹਵਾਈ ਅੱਡੇ ਅੰਦਰ ਦਾਖਲ ਹੋਣ ਵੇਲੇ ਪੁਲਿਸ ਵਾਲੇ ਕਾਗ਼ਜ਼ ਚੈੱਕ ਕਰਕੇ ਅੰਦਰ ਜਾਣ ਦਿੰਦੇ ਹਨ ਤੇ ਹਵਾਈ ਅੱਡੇ ਦੇ ਅੰਦਰ ਵੜਦਿਆਂ ਹੀ ਲੁੱਟ ਦੀ ਦੁਕਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੱਥੇ ਕਾਗ਼ਜ਼ ਚੈੱਕ ਕਰਨ ਦੇ ਨਾਮ ਹੇਠ ਹਰ ਯਾਤਰੀ ਨੂੰ ਗਧੀ ਗੇੜ ਪਾ ਕੇ ਸਿਰੇ ਦਾ ਪਰੇਸ਼ਾਨ ਕੀਤਾ ਜਾਂਦਾ ਹੈਕਾਗ਼ਜ਼ਾਂ ’ਤੇ ਮੀਨ ਮੇਖ ਕੀਤੀ ਜਾਂਦੀ ਹੈ, ਇਤਰਾਜ਼ ਲਾਏ ਜਾਂਦੇ ਹਨ। ਕਈਆਂ ਨੂੰ ਇਹ ਵੀ ਕਿਹਾ ਜਾਂਦਾ ਹੈ ਉਹਨਾਂ ਦੀ ਫੋਟੋ ਪਾਸਪੋਰਟ ਵਾਲੀ ਫੋਟੋ ਨਾਲ ਮੇਲ ਨਹੀਂ ਖਾਂਦੀ। ਕਈਆਂ ਉੱਤੇ ਜਾਅਲੀ ਦਸਤਾਵੇਜ਼ ਪੇਸ਼ ਕਰਨ ਦਾ ਦੋਸ਼ ਵੀ ਮੜ੍ਹਿਆ ਜਾਂਦਾ ਹੈਕਹਿਣ ਦਾ ਭਾਵ ਇਹ ਕਿ ਇਸ ਹਵਾਈ ਅੱਡੇ ਦੇ ਅੰਦਰ ਵੜਦਿਆਂ ਹੀ ਪਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਕਈਆਂ ਦੀਆਂ ਉਡਾਣਾਂ ਨਿਕਲ ਜਾਂਦੀਆਂ ਹਨ ਤੇ ਉਹਨਾਂ ਨੂੰ ਵਾਪਸ ਮੁੜਕੇ ਦੁਬਾਰਾ ਨਵੀਂਆਂ ਟਿਕਟਾਂ ਲੈਣ ਵਾਸਤੇ ਟਰੈਵਲ ਏਜੰਟਾਂ ਦੀ ਦੂਹਰੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈਇਸ ਹਵਾਈ ਅੱਡੇ ’ਤੇ ਮੈਂ ਲੋਕ ਰੋਂਦੇ ਦੇਖੇ ਹਨ, ਆਪਣੀਆਂ ਨੌਕਰੀਆਂ ਦਾ ਵਾਸਤਾ ਪਾਉਂਦੇ ਤੇ ਇਹ ਕਹਿੰਦੇ ਸੁਣੇ ਹਨ ਕਿ ਉਹ ਆਪਣੀ ਜ਼ਿੰਦਗੀ ਵਿੱਚ ਵਾਪਸ ਕਦੇ ਵੀ ਇਸ ਹਵਾਈ ਅੱਡੇ ’ਤੇ ਨਾ ਹੀ ਉਤਰਨਗੇ ਤੇ ਨਾ ਹੀ ਇੱਥੋਂ ਚੜ੍ਹਨਗੇ

ਹੈਰਾਨੀ ਦੀ ਹੱਦ ਤਾਂ ਉਦੋਂ ਹੁੰਦੀ ਹੈ ਕਿ ਜਦੋਂ ਇਸ ਹਵਾਈ ਅੱਡੇ ਦਾ ਅਮਲਾ ਫੈਲਾ ਕਿਸੇ ਮੁਸਾਫ਼ਰ ਦੇ ਲੋੜੀਂਦੇ ਦਸਤਾਵੇਜ਼ ਪੂਰੇ ਹੋਣ ਦੇ ਬਾਵਜੂਦ ਵੀ ਕੋਈ ਹੋਰ ਆਨੇ ਬਹਾਨੇ ਲੱਭਕੇ ਉਸ ਨੂੰ ਜਹਾਜ਼ ਚੜ੍ਹਨ ਤੋਂ ਰੋਕਣ ਦੀ ਕੋਸ਼ਿਸ਼ ਕਰਕੇ ਪਰੇਸ਼ਾਨ ਕਰਦਾ ਹੈਮੈਂ ਆਪਣੀ ਵਾਪਸੀ ਉਪਰੰਤ ਵਾਇਆ ਡਬਈ, ਬਰਮਿੰਘਮ ਪਹੁੰਚਾ ਹਾਂਅੰਮ੍ਰਿਤਸਰ ਤੋਂ ਡਬਈ ਜਾਣ ਵਾਸਤੇ ਟਿਕਟ ਸਮੇਤ ਸਿਰਫ ਇੱਕ ਆਨਲਾਈਨ ਸੈਲਫ ਡੈਕਲਾਰੇਸ਼ਨ ਦੇਣ ਦੀ ਜ਼ਰੂਰਤ ਹੁੰਦੀ ਹੈ ਤੇ ਕੋਵਿਡ 19 ਸੰਬੰਧੀ ਦਿੱਤੀਆਂ ਗਾਈਡ ਲਾਈਨਜ਼ ਅਨੁਸਾਰ ਨੱਕ ਮੂੰਹ ’ਤੇ ਮਾਸਕ ਪਹਿਨਣਾ ਜ਼ਰੂਰੀ ਹੈਪੀ ਸੀ ਆਰ ਟੈਸਟ ਦੀ ਬਿਲਕੁਲ ਵੀ ਲੋੜ ਨਹੀਂ। ਜਿਸ ਨੇ ਦਬਈ ਤੋਂ ਅੱਗੇ ਸਫਰ ਕਰਨਾ ਹੈ, ਉਸ ਵਾਸਤੇ ਕਿਸੇ ਤਰ੍ਹਾਂ ਦਾ ਵੀਜ਼ਾ ਲੈਣ ਦੀ ਵੀ ਜ਼ਰੂਰਤ ਨਹੀਂ ਹੁੰਦੀ। ਪਰ ਮੇਰੀ ਹੈਰਾਨੀ ਦੀ ਉਸ ਵੇਲੇ ਹੱਦ ਨਹੀਂ ਰਹੀ ਜਦੋਂ ਪਹਿਲਾਂ ਤਾਂ ਅੰਮ੍ਰਿਤਸਰ ਹਵਾਈ ਅੱਡੇ ਦੇ ਅਮਲੇ ਫੈਲੇ ਨੇ ਮੈਂਨੂੰ 12 ਸੌ ਰੁਪਇਆ ਜਮ੍ਹਾਂ ਕਰਾ ਕੇ ਪੀ ਸੀ ਆਰ ਟੈਸਟ ਕਰਾਉਣ ਵਾਸਤੇ ਕਿਹਾ, ਜਦੋਂ ਉਹਨਾਂ ਨੂੰ ਮੈਂ ਆਪਣੇ ਤਾਜ਼ੇ ਕਰਵਾਏ ਦੋ ਪੀ ਸੀ ਆਰ ਟੈਸਟ ਦਿਖਾਏ ਤਾਂ ਉਹਨਾਂ ਨੇ ਇਹਨਾਂ ਦੋਹਾਂ ਟੈਸਟਾਂ ਨੂੰ ਇਹ ਕਹਿਕੇ ਮੰਨਣ ਤੋਂ ਆਨਾਕਾਨੀ ਕੀਤੀ ਕਿ ਇਹਨਾਂ ਦੋਵੇਂ ਟੈਸਟਾਂ ਉੱਤੇ ਇੱਕ ’ਤੇ ਬਾਰਕੋਡ ਨਹੀਂ ਤੇ ਦੂਸਰੇ ਉੱਤੇ ਟੈਸਟ ਕਰਨ ਵਾਲੇ ਨੋਡਲ ਅਧਿਕਾਰੀ ਦਾ ਨਾਮ ’ਤੇ ਸਟੈਂਪ ਨਹੀਂਦੋਵੇਂ ਟੈਸਟ ਸਿਵਲ ਹਸਪਤਾਲ ਫਰੀਦਕੋਟ ਤੋਂ ਕਰਵਾਏ ਗਏ ਸਨਫਿਰ ਉਹਨਾਂ ਦੀ ਤਸੱਲੀ ਵਾਸਤੇ ਮੈਂ ਉਹਨਾਂ ਨੂੰ ਟੈਸਟਾਂ ਦੀ ਅਸਲ ਈ ਮੇਲ ਦਿਖਾਈ ਤੇ ਨਾਲ ਹੀ ਇਹ ਵੀ ਦੱਸਿਆ ਕਿ ਡਬਈ ਹਵਾਈ ਅੱਡੇ ’ਤੇ ਇਹਨਾਂ ਟੈਸਟਾਂ ਦੀ ਕੋਈ ਲੋੜ ਨਹੀਂ ਤੇ ਇਹ ਤਾਂ ਸਿਰਫ ਮੈਂ ਆਪਣੀ ਸਿਹਤ ਦਾ ਸ਼ੰਕਾ ਕੱਢਣ ਵਾਸਤੇ ਕਰਵਾਏ ਹਨ ਤਾਂ ਉਹ ਅਧਿਕਾਰੀ ਇਸ ਵਿਸ਼ੇ ’ਤੇ ਹੀ ਮੇਰੇ ਨਾਲ ਬਹਿਸ ਕਰਨ ਲੱਗ ਪਿਆਜਦੋਂ ਉਸ ਨੂੰ ਡਬਈ ਸਰਕਾਰ ਦੀਆਂ ਆਨਲਾਈਨ ਕੋਵਿਡ ਗਾਈਡ ਲਾਈਨਜ਼ ਕੱਢਕੇ ਦਿਖਾਈਆ ਤਾਂ ਚੁੱਪ ਕਰ ਗਿਆਇਹ ਉਕਤ ਮਸਲਾ ਤਾਂ ਹੱਲ ਹੋ ਗਿਆ, ਹੁਣ ਉਸ ਨੇ ਮੈਂਨੂੰ ਰੋਕਣ ਦੀ ਅਗਲੀ ਢੁੱਚਰ ਇਹ ਡਾਹੀ ਕਿ ਤੇਰੇ ਕੋਲ ਡਬਈ ਦਾ ਵੀਜ਼ਾ ਨਹੀਂ ਹੈ, ਇਸ ਕਰਕੇ ਤੈਨੂੰ ਉੱਥੇ ਹਵਾਈ ਅੱਡੇ ’ਤੇ ਉੱਤਰਨ ਨਹੀਂ ਦਿੱਤਾ ਜਾਵੇਗਾ। ਮੈਂ ਉਸ ਨੂੰ ਇੱਕ ਹੀ ਜਵਾਬ ਦਿੱਤਾ ਕਿ ਇਸ ਮਸਲੇ ਨਾਲ ਤੁਹਾਡਾ ਕੋਈ ਲੈਣ ਦੇਣ ਨਹੀਂ ਹੈ, ਤੁਸੀਂ ਆਪਣਾ ਕੰਮ ਕਰੋ ਤੇ ਡਬਈ ਮੇਰੇ ਨਾਲ ਕੀ ਹੁੰਦਾ ਹੈ ਜਾਂ ਨਹੀਂ, ਉਸ ਦਾ ਹੱਲ ਮੈਂ ਡਬਈ ਜਾ ਕੇ ਕਰਾਂਗਾਜਦੋਂ ਉਹ ਨਾ ਮੰਨਿਆ ਤਾਂ ਮੈਂ ਉਸ ਨੂੰ ਉਸਦੇ ਕਿਸੇ ਵੱਡੇ ਅਧਿਕਾਰੀ ਨਾਲ ਮਿਲਾਉਣ ਜਾਂ ਗੱਲ ਕਰਾਉਣ ਨੂੰ ਕਿਹਾ, ਜਿਸ ਨੂੰ ਬਹਿਸ ਕਰਕੇ ਮੇਰਾ ਸਮਾਂ ਖਰਾਬ ਕਰ ਰਹੇ ਕਰਮਚਾਰੀ ਨੇ ਫ਼ੋਨ ਕਰਕੇ ਸੱਦ ਲਿਆਉੱਚ ਅਧਿਕਾਰੀ ਨੇ ਮੇਰੀ ਸਾਰੀ ਗੱਲ ਧਿਆਨ ਨਾਲ ਸੁਣੀ ਤੇ ਸਮਝੀ, ਤਾਂ ਜਾ ਕੇ ਮੈਂਨੂੰ ਹਵਾਈ ਜਹਾਜ਼ ਵਿੱਚ ਬੈਠਣ ਦੀ ਇਜਾਜ਼ਤ ਮਿਲੀ

ਇਸੇ ਦੌਰਾਨ ਮੈਂ ਬਹੁਤ ਸਾਰੇ ਯਾਤਰੀ ਹਵਾਈ ਅੱਡੇ ਦੇ ਅਮਲੇ ਨਾਲ ਝਗੜਦੇ ਬਹਿਸ ਕਰਦੇ ਵੀ ਦੇਖੇ, ਪਰੇਸ਼ਾਨੀ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਸਲੇ ਦੇ ਹੱਲ ਵਾਸਤੇ ਫ਼ੋਨ ਕਰਦੇ ਵੀ ਦੇਖੇ। ਕੁਝ ਕੁ ਭੁੱਬਾਂ ਮਾਰ ਮਾਰ ਰੋਂਦੇ ਵੀ ਦੇਖੇ ਤੇ ਮਾਯੂਸ ਹੋ ਕੇ ਉਡਾਣ ਫੜੇ ਬਿਨਾਂ ਹੀ ਜਾਂ ਮਿਸ ਹੋ ਜਾਣ ਕਾਰਨ ਵਾਪਸ ਮੁੜਦੇ ਵੀ ਦੇਖੇ

ਇਸੇ ਦੌਰਾਨ ਇਹ ਵੀ ਦੇਖਣ ਵਿੱਚ ਆਇਆ ਕਿ ਹਵਾਈ ਅੱਡੇ ਦੇ ਅੰਦਰ ਜਿਸਦੀ ਲਾਠੀ ਉਸ ਦੀ ਮੱਝ ਵਾਲਾ ਰੂਲ ਵੀ ਪੂਰੀ ਤਰ੍ਹਾਂ ਲਾਗੂ ਹੈਸ਼ਿਫਾਰਸ਼ੀਆਂ ਨੂੰ ਬਿਨਾ ਕਿਸੇ ਪੁੱਛ ਗਿੱਛ ਅੰਦਰ ਜਹਾਜ਼ ਤਕ ਪਹੁੰਚਾਇਆ ਜਾਂਦਾ ਹੈ ਤੇ ਉਤਾਰ ਕੇ ਬਿਨਾਂ ਕਿਸੇ ਰੋਕ ਟੋਕ ਬਾਹਰ ਲਿਆਂਦਾ ਜਾਂਦਾ ਹੈਕੁਝ ਲੀਡਰ ਵੀ ਦੇਖੇ ਜੋ ਗੰਨਮੈਨ ਲੈ ਕੇ ਅੰਦਰ ਇੰਮੀਗਰੇਸ਼ਨ ਚੈੱਕ ਦੇ ਪਾਰ ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਵੀ ਆਏ ਤੇ ਛੱਡਕੇ ਆਏ

ਅੰਮ੍ਰਿਤਸਰ ਗੁਰੂ ਰਾਮਦਾਸ ਹਵਾਈ ਅੱਡੇ ’ਤੇ ਵਾਪਰਿਆ ਇਹ ਸਭ ਉਕਤ ਵਰਤਾਰਾ ਅੱਖੀਂ ਦੇਖ ਕੇ ਮਨ ਅਤੀ ਦੁਖੀ ਹੋਇਆ ਤੇ ਸੋਚਣ ਲਈ ਮਜਬੂਰ ਵੀ ਹੋਇਆ ਕਿ ਜੋ ਲੋਕ ਆਰਥਿਕ ਤੰਗੀਆਂ ਤੁਰਸ਼ੀਆਂ ਕਾਰਨ ਪਰਵਾਸੀ ਦਾ ਟੈਗ ਲਗਵਾ ਕੇ ਆਪਣੇ ਵਤਨ ਤੋਂ ਉੱਜੜੇ ਸਨ, ਹੁਣ ਜਦ ਕਦੇ ਵਤਨ ਦੇ ਮੋਹ ਦੇ ਖਿੱਚੇ ਵਾਪਸ ਪਰਤਦੇ ਹਨ ਤਾਂ ਫਿਰ ਹਵਾਈ ਅੱਡੇ ’ਤੇ ਲੁੱਟ ਅਤੇ ਖੱਜਲ ਖੁਆਰੀ ਦਾ ਸ਼ਿਕਾਰ ਹੋਣ ਦੇ ਨਾਲ ਨਾਲ ਪਿੱਛੇ ਜ਼ਮੀਨਾਂ ਜਾਇਦਾਦਾਂ ਦੇ ਹੋਰ ਮਸਲਿਆਂ ਦੇ ਹੱਲ ਵਾਸਤੇ ਵੀ ਦਰ ਦਰ ਦੀਆਂ ਠੋਕਰਾਂ ਖਾਂਦੇ ਹਨਹਵਾਈ ਅੱਡੇ ਦੇ ਬਾਹਰ ਥਾਂ ਪੁਰ ਥਾਂ ਰੁਕਾਵਟਾਂ ਖੜ੍ਹੀਆਂ ਕੀਤੀਆਂ ਹੋਈਆਂ ਹਨ, ਨਾਕੇ ਬਣਾ ਰੱਖੇ ਹਨ ਜਿਹਨਾਂ ’ਤੇ ਤਾਇਨਾਤ ਬਹੁਤੇ ਪੁਲਿਸ ਕਰਮੀ, ਬਜਾਏ ਕਿਸੇ ਦੀ ਮਦਦ ਕਰਨ ਤੇ ਹਲੀਮੀ ਨਾਲ ਬੋਲਣ ਦੇ, ਸਿਰਫ ਰੋਹਬ ਝਾੜਨ ਤੇ ਮੁੱਛਾਂ ਨੂੰ ਵੱਟ ਦੇਣ ’ਤੇ ਹੀ ਵਧੇਰੇ ਜ਼ੋਰ ਲਗਾਉਂਦੇ ਹਨ

ਬੀਤੇ ਵਿੱਚ ਮੈਂ ਖ਼ੁਦ ਕਈ ਵਾਰ ਇਸ ਹਵਾਈ ਅੱਡੇ ਤੋਂ ਬਿਨਾ ਕਿਸੇ ਮੁਸ਼ਕਲ ਦੇ ਉਡਾਣਾਂ ਵਿੱਚੋਂ ਉੱਤਰਿਆ ਤੇ ਚੜ੍ਹਿਆ ਹਾਂ, ਪਰ ਉਹਨਾਂ ਵੇਲਿਆ ’ਤੇ ਮੇਰਾ ਧਿਆਨ ਨਿੱਜਮੁਖੀ ਹੀ ਰਿਹਾ ਹੈ, ਜਦ ਕਿ ਇਸ ਵਾਰ ਸਾਰਾ ਮੰਜ਼ਰ ਅੱਖੀਂ ਦੇਖਿਆ ਹੋਣ ਕਰਕੇ ਲਿਖਣ ਵਾਸਤੇ ਮਜਬੂਰ ਹੋਣਾ ਪਿਆ

ਹਵਾਈ ਅੱਡੇ ਤੋਂ ਬਾਹਰ ਨਿਕਲਣ ਵਾਲੇ ਦਰਵਾਜ਼ੇ ਦੇ ਬਿਲਕੁਲ ਨਜ਼ਦੀਕ ਏਅਰ ਇੰਡੀਆ ਦੀ ਕਸਟਮਰ ਸਰਵਿਸ ਦਾ ਦਫਤਰ ਹੈ ਜਿੱਥੇ ਅਕਸਰ ਹੀ ਨਾਨ ਪੰਜਾਬੀ ਸਟਾਫ ਮੱਥੇ ’ਤੇ ਤਿਊੜੀਆਂ ਪਾਈ ਬੈਠਾ ਹੁੰਦਾ ਹੈਜੇਕਰ ਕੋਈ ਮੁਸਾਫ਼ਰ ਉੱਥੇ ਆਪਣੀ ਉਡਾਣ ਸੰਬੰਧੀ ਕੋਈ ਪੁੱਛ ਗਿੱਛ ਕਰਨ ਜਾਂਦਾ ਹੈ ਤਾਂ ਕਾਫ਼ੀ ਦੇਰ ਉਸ ਨੂੰ ਸੁਣਿਆ ਅਣਸੁਣਿਆ ਕਰਨ ਤੋਂ ਬਾਦ ਬੜੇ ਰੁੱਖੇ ਲਹਿੰਦੇ ਵਿੱਚ ਜਵਾਬ ਦਿੱਤਾ ਜਾਂਦਾ ਤੇ ਜੋ ਪਹਿਲਾਂ ਹੀ ਪਰੇਸ਼ਾਨ ਹੈ, ਉਸ ਨੂੰ ਹੋਰ ਪਰੇਸ਼ਾਨ ਕੀਤਾ ਜਾਂਦਾ ਹੈਇਸ ਉਕਤ ਦਫਤਰ ਦੇ ਨੇੜੇ ਖੜ੍ਹਕੇ ਜਦ ਦੇਖਿਆ ਤਾਂ ਪਤਾ ਲੱਗਾ ਕਿ ਪੰਜਾਬ ਤੋਂ ਕਨੇਡਾ ਸਟੂਡੈਂਟ ਵੀਜ਼ੇ ’ਤੇ ਜਾ ਰਹੀ ਇੱਕ ਵੀਹ ਬਾਈ ਸਾਲ ਦੀ ਮੁਟਿਆਰ ਨੂੰ ਤੀਜੀ ਵਾਰ ਉਡਾਣ ਫੜਨ ਤੋਂ ਰੋਕਿਆ ਜਾ ਰਿਹਾ ਸੀਉਹ ਮੁਟਿਆਰ ਰੋ ਰੋ ਕੇ ਕਹਿ ਰਹੀ ਸੀ ਕਿ ਇਸ ਵਾਰ ਤਾਂ ਉਸ ਨੂੰ ਜਾਣ ਦੇ ਦਿੱਤਾ ਜਾਵੇ, ਪਰ ਖਿੜਕੀ ਅੰਦਰ ਬੈਠੀ ਸਾਊਥ ਇੰਡੀਆ ਮੈਡੇਮ ਉਸ ਦੀ ਗੱਲ ਹੀ ਸੁਣਨ ਤੋਂ ਇਨਕਾਰੀ ਸੀ

ਇਸੇ ਤਰ੍ਹਾਂ ਇਸੇ ਖਿੜਕੀ ਦੇ ਕੋਲ ਖੜ੍ਹਾ ਇੱਕ ਹੋਰ ਨੌਜਵਾਨ ਕਿਸੇ ਕਾਰਨ ਉਡਾਣ ਮਿੱਸ ਹੋ ਜਾਣ ਕਰਕੇ ਆਪਣੀ ਫਲਾਈਟ ਰੀ ਸਕੈਜੁਅਲ ਕਰਾਉਣ ਦੀ ਬੇਨਤੀ ਕਰ ਰਿਹਾ ਸੀ ਤਾਂ ਉਸ ਨੂੰ ਨਵੀਂ ਟਿਕਟ ਦੇ ਹਜ਼ਾਰਾਂ ਰੁਪਏ ਜਮ੍ਹਾਂ ਕਰਾਉਣ ਵਾਸਤੇ ਆਖਿਆ ਜਾ ਰਿਹਾ ਸੀ

ਹਵਾਈ ਅੱਡੇ ਦੇ ਅੰਦਰ ਇੱਕ ਕਨੇਡਾ ਨੂੰ ਜਾਣ ਵਾਲਾ ਅੱਸੀ ਕੁ ਸਾਲ ਦਾ ਬਾਬਾ ਆਪਣਾ ਸਮਾਨ ਤੇ ਪਾਸਪੋਰਟ ਲੈ ਕੇ ਮਦਦ ਲਈ ਫ਼ਰਿਆਦ ਕਰਦਾ ਦੇਖਿਆਦਰਅਸਲ ਉਸ ਦਾ ਕੋਈ ਛੋਟਾ ਮੋਟਾ ਫਾਰਮ ਭਰਨ ਵਾਲਾ ਬਾਕੀ ਰਹਿੰਦਾ ਸੀ, ਪਰ ਏਅਰ ਇੰਡੀਆ ਦੇ ਸਟਾਫ ਨੇ ਉਸ ਦੀ ਮਦਦ ਕਰਨ ਤੋਂ ਇਹ ਕਹਿ ਕੇ ਕੋਰਾ ਜਵਾਬ ਦੇ ਦਿੱਤਾ ਸੀ ਕਿ ਫਾਰਮ ਭਰਨਾ ਉਹਨਾਂ ਦਾ ਕੰਮ ਨਹੀਂ, ਉਹ ਤਾਂ ਇੱਥੇ ਸਿਰਫ ਫਾਰਮ ਚੈੱਕ ਕਰਨ ਲਾਈ ਬੈਠੇ ਹਨ

ਬਹੁਤ ਸਾਰੇ ਯਾਤਰੂ ਹਵਾਈ ਅੱਡੇ ਦੇ ਬਾਹਰ ਵਿਦਾ ਕਰਨ ਆਏ ਆਪਣੇ ਰਿਸ਼ਤੇਦਾਰਾਂ ਦੀ ਮਦਦ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਹਨਾਂ ਵਿੱਚੋਂ ਇੱਕ ਅਧਖੜ੍ਹ ਉਮਰ ਦੇ ਯਾਤਰੂ ਨੇ ਮੇਰੇ ਪੁੱਛਣ ’ਤੇ ਇਹ ਜਾਣਕਾਰੀ ਦਿੱਤੀ ਕਿ ਉਸ ਦੀ 2.55 ਬਾਅਦ ਦੁਪਹਿਰ ਦੀ ਏਅਰ ਇੰਡੀਆ ਦੀ ਉਡਾਣ ਹੈ ਤੇ ਉਹ ਸਵੇਰੇ 9.00 ਵਜੇ ਦਾ ਇੱਥੇ ਆਇਆ ਹੋਇਆ ਹੈ। ਜੋ ਕਾਗ਼ਜ਼, ਫੋਟੋ ਕਾਪੀਆਂ ਕਰਾਉਣ ਵਾਸਤੇ ਦੱਸੇ ਗਏ ਸਨ, ਉਹ ਤਿੰਨ ਕਿਲੋਮੀਟਰ ਪੈਦਲ ਚੱਲਕੇ ਕਰਵਾ ਕੇ ਲਿਆਇਆ ਹੈ, ਪਰ ਹੁਣ ਉਸ ਉੱਤੇ ਇੱਕ ਨਵਾਂ ਇਤਰਾਜ਼ ਲਗਾ ਦਿੱਤਾ ਗਿਆ ਹੈ ਕਿ ਫੋਟੋ ਕਾਪੀਆਂ ਸਾਫ ਨਹੀਂ ਹਨ, ਦੁਬਾਰਾ ਕਰਾ ਕੇ ਲਿਆਓ ਨਹੀਂ ਤਾਂ ਉਡਾਣ ਚੜ੍ਹਨ ਤੋਂ ਰੋਕਿਆ ਜਾਵੇਗਾਮੇਰੇ ਦੇਖਦਿਆਂ ਹੀ ਉਹ ਵਿਅਕਤੀ ਇੱਕ ਵਾਰ ਫੇਰ ਫੋਟੋ ਕਾਪੀਆਂ ਕਰਾਉਣ ਵਾਸਤੇ ਚਲਾ ਗਿਆ ਤਾਂ ਕਿ ਵੇਲੇ ਸਿਰ ਫਲਾਈਟ ਫੜ ਸਕੇ

ਮੇਰੀ ਕੁਨੈਕਟਿੰਗ ਫਲਾਇਟ ਸੀ, ਜੋ ਅੰਮ੍ਰਿਤਸਰ ਤੋਂ ਡੁਬਈ ਤੇ ਡੁਬਈ ਤੋਂ ਬਰਮਿੰਘਮ ਸੀਮੈਨੂੰ ਪਹਿਲਾਂ ਤਾਂ ਆਰ ਟੀ ਪੀ ਸੀ ਆਰ ਦਾ ਬਹਾਨਾ ਬਣਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦ ਉਹ ਬਹਾਨਾ ਨਾ ਚੱਲਿਆ ਤਾਂ ਫਿਰ ਡੁਬਈ ਦੇ ਟਰਾਂਜ਼ਿਟ ਵੀਜ਼ਾ ਨਾ ਹੋਣ ਦਾ ਬਹਾਨਾ ਬਣਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜੋ ਮੈਂ ਉਹਨਾਂ ਨੂੰ ਨੈੱਟ ਰਾਹੀਂ ਅਪਡੇਟਡ ਜਾਣਕਾਰੀ ਦਿਖਾ ਕੇ ਸੁਲਝਾ ਲਈ। ਪਰ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਕਿੰਨੇ ਕੁ ਯਾਤਰੀ ਅਜਿਹੇ ਹੋਣਗੇ ਜੋ ਉਹਨਾਂ ਨਾਲ ਪਰੇਸ਼ਾਨੀ ਦੌਰਾਨ ਤਰਕ ਨਾਲ ਗੱਲ ਕਰ ਸਕਦੇ ਹੋਣਗੇ?

ਅਗਲੀ ਗੱਲ ਇਹ ਰਹੀ ਕਿ ਜਿਹਨਾਂ ਕਾਗ਼ਜ਼ਾਂ ਕਰਕੇ ਯਾਤਰੂਆਂ ਨੂੰ ਉਡਾਣ ਫੜਨ ਕੋ ਰੋਕਿਆ ਜਾ ਰਿਹਾ ਸੀ, ਮੈਂ ਚਸ਼ਮਦੀਦ ਗਵਾਹ ਹਾਂ ਕਿ ਡੁਬਈ ਹਵਾਈ ਅੱਡੇ ਦੇ ਕਾਬਲ ਸਟਾਫ ਨੇ ਉਹਨਾਂ ਕਾਗ਼ਜ਼ਾਂ ਬਾਰੇ ਕਿਸੇ ਇੱਕ ਨੂੰ ਵੀ ਪੁੱਛਿਆ ਤਕ ਨਹੀਂਇੱਥੇ ਹੀ ਬੱਸ ਨਹੀਂ, ਬਲਕਿ ਹਰ ਯਾਤਰੀ ਦੀ ਲੋੜ ਮੂਜਬ ਖੁਸ਼ੀ ਖ਼ੁਸ਼ੀ ਮਦਦ ਵੀ ਕੀਤੀ ਗਈ

ਇਸੇ ਤਰ੍ਹਾਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਜਿਸ UK Passenger locator form ਨੂੰ ਲੈ ਕੇ ਯਾਤਰੂਆਂ ਨੂੰ ਰੋਕਿਆ ਤੇ ਖੱਜਲ਼ ਖਰਾਬ ਕੀਤਾ ਜਾਂਦਾ ਰਿਹਾ, ਬਰਮਿੰਘਮ ਹਵਾਈ ਅੱਡੇ ’ਤੇ ਕਿਸੇ ਨੇ ਪੁੱਛਿਆ ਤਕ ਵੀ ਨਹੀਂਉੱਥੇ ਮੇਰੇ ਅੱਗੇ ਲਾਇਨ ਵਿੱਚ ਖੜ੍ਹਾ ਇੱਕ ਯਾਤਰੀ, ਜਿਸ ਨੂੰ ਇਸ ਉਕਤ ਫਾਰਮ ਦੀ ਬਿਲਕੁਲ ਵੀ ਜਾਣਕਾਰੀ ਨਹੀਂ ਸੀ, ਇੰਮੀਗਰੇਸ਼ਨ ਅਧਿਕਾਰੀ ਨੇ ਉਸ ਨੂੰ ਬਹੁਤ ਹੀ ਹਲੀਮੀ ਨਾਲ ਕੋਵਿਡ ਪਾਸ ਦਿਖਾਉਣ ਲਈ ਕਿਹਾ ਜੋ ਉਸ ਨੇ ਆਪਣੇ ਬਟੂਏ ਵਿੱਚੋਂ ਕੱਢਕੇ ਦਿਖਾ ਦਿੱਤਾ ਤੇ ਦੋ ਮਿੰਟਾਂ ਵਿੱਚ ਉਸ ਨੂੰ ਇੰਮੀਗਰੇਸ਼ਨ ਚੈੱਕ ਅੱਪ ਕਲੀਅਰੈਂਸ ਦੇ ਦਿੱਤੀ ਗਈ

ਗੁਰੂ ਰਾਮਦਾਸ ਹਵਾਈ ਅੱਡੇ ’ਤੇ ਇਹ ਗੱਲ ਵੀ ਸਾਹਮਣੇ ਆਈ ਕਿ ਹਰ ਏਅਰਲਾਇਨ ਵੱਲੋਂ ਆਪਣੇ ਅਮਲੇ ਫੈਲੇ ਨੂੰ ਵੱਖੋ ਵੱਖਰੀਆਂ ਹਿਦਾਇਤਾਂ ਦਿੱਤੀਆਂ ਗਈਆਂ ਸਨਇੱਕੋ ਹੀ ਮੰਜ਼ਿਲ ਵੱਲ ਉਡਾਣ ਭਰਨ ਵਾਲੀਆਂ ਦੋ ਵੱਖਰੀਆਂ ਉਡਾਣਾਂ ਨਾਲ ਸੰਬੰਧਿਤ ਅਮਲਾ ਫੈਲਾ ਯਾਤਰੂਆਂ ਨੂੰ ਕੋਵਿਡ 19 ਗਾਈਡ ਲਾਈਨਜ਼ ਸੰਬੰਧੀ ਵੱਖੋ ਵੱਖਰੀ ਤਰ੍ਹਾਂ ਡੀਲ ਕਰਦਾ ਦੇਖਿਆ ਗਿਆ। ਮਿਸਾਲ ਵਜੋਂ ਇੱਕ ਏਅਰ ਲਾਇਨ ਦਾ ਅਮਲਾ ਆਰ ਟੀ ਪੀ ਸੀ ਆਰ ਦੀ ਸ਼ਰਤ ਲਗਾ ਰਿਹਾ ਸੀ ਜਦ ਕਿ ਦੂਜਾ ਬਾਹਰੋਂ ਕਰਵਾਏ ਕਿਸੇ ਵੀ ਸਰਕਾਰੀ ਗੈਰਸਰਕਾਰੀ ਟੈਸਟ ਨੂੰ ਰੱਦ ਕਰਕੇ ਹਜ਼ਾਰਾਂ ਰੁਪਏ ਜਮ੍ਹਾਂ ਕਰਵਾ ਕੇ ਹਵਾਈ ਅੱਡੇ ਦੇ ਅੰਦਰ ਹੀ ਉਕਤ ਟੈਸਟ ਕਰਾਉਣ ਵਾਸਤੇ ਮਜਬੂਰ ਕਰ ਰਿਹਾ ਸੀ। ਕਹਿਣ ਦਾ ਭਾਵ ਕਿ ਇੱਕ ਹੀ ਦੁਕਾਨ ’ਤੇ ਚਿੱਟੇ ਦਿਨ ਸ਼ਰੇਆਮ ਇੱਕ ਚੀਜ਼ ਦੇ ਦੋ ਭਾਅ ਚੱਲ ਰਹੇ ਸਨ

ਮੁੱਕਦੀ ਗੱਲ ਇਹ ਕਿ ਉਕਤ ਸਾਰਾ ਵਰਤਾਰਾ ਅੱਖੀਂ ਦੇਖ ਕੇ ਇੰਜ ਪ੍ਰਤੀਤ ਹੋਇਆ ਕਿ ਜਿਵੇਂ ਗੁਰੂ ਰਾਮ ਦਾਸ ਹਵਾਈ ਅੱਡੇ ਅੰਦਰ ਕਿਸੇ ਬਹੁਤ ਹੀ ਸੋਚੀ ਸਮਝੀ ਸਾਜ਼ਿਸ਼ ਤਹਿਤ ਕੋਈ ਨੈਸ਼ਨਲ ਜਾਂ ਇੰਟਰਨੈਸ਼ਨਲ ਲੁੱਟ ਮਾਫੀਏ ਚੱਲ ਰਿਹਾ ਹੋਵੇ ਤੇ ਜਿਸਦਾ ਕੰਮ ਸਿਰਫ ਹਵਾਈ ਅੱਡੇ ’ਤੇ ਆਉਂਦੇ ਜਾਂਦੇ ਪੰਜਾਬੀ ਯਾਤਰੀਆਂ ਨੂੰ ਪਰੇਸ਼ਾਨ ਤੇ ਖੱਜਲ ਖਰਾਬ ਕਰਕੇ ਸਿਰਫ ਲੁੱਟਣਾ ਜਾਂ ਫਿਰ ਉਡਾਣ ਮਿਸ ਕਰਾ ਕੇ ਨਵੀਂਆਂ ਟਿਕਟਾਂ ਲੈਣ ਵਾਸਤੇ ਮਜਬੂਰ ਕਰਨਾ ਹੋਵੇਦਰਅਸਲ ਇਹ ਇੱਕ ਬਰੀਕ ਜਾਂਚ-ਪੜਤਾਲ ਦਾ ਵਿਸ਼ਾ ਹੈ, ਜੋ ਹਰ ਹਾਲਤ ਵਿੱਚ ਹੋਣੀ ਚਾਹੀਦੀ ਹੈ

ਇਸਦੇ ਨਾਲ ਹੀ ਇਹ ਵੀ ਨੋਟ ਕੀਤਾ ਗਿਆ ਕਿ ਹਵਾਈ ਅੱਡੇ ਦਾ ਬਹੁਤਾ ਸਟਾਫ ਲਕੀਰ ਦਾ ਫਕੀਰ ਹੈ। ਆਪਣੇ ਆਪ ਨੂੰ ਨਵੀਂਆਂ ਅੰਤਰਰਾਸ਼ਟਰੀ ਗਾਇਡ ਲਾਈਨਜ਼ ਮੁਤਾਬਿਕ ਅਪਡੇਟ ਕਰਨ ਦੀ ਬਜਾਏ ਅਮਲਾ ਫੈਲਾ ਅੱਖਾਂ ਮੀਟੀ ਆਪਣੇ ਉੱਚ ਅਧਿਆਕਾਰੀਆ ਦੀਆਂ ਗਲਤ ਸਹੀ ਹਿਦਾਇਤਾਂ ’ਤੇ ਅਮਲ ਕਰੀ ਜਾ ਰਿਹਾ ਹੈ। ਬਹੁਤ ਚੰਗਾ ਹੋਵੇ ਜੇਕਰ ਏਅਰ ਲਾਈਨਜ਼ ਆਪੋ ਆਪਣੇ ਅਮਲੇ ਦੀਆਂ ਰੈਫਰੈਸ਼ਰ ਵਰਕਸ਼ਾਪਾਂ ਲਗਾਉਣ ਜਿਸ ਵਿੱਚ ਨਵੀਂਆਂ ਗਾਈਡ ਲਾਈਨਜ਼ ਸਮੇਤ ਚੰਗੀ ਕਸਟਮਰ ਸਰਵਿਸ ਦੇ ਗੁਰ ਵੀ ਸਿਖਾਏ ਜਾਣ ਤਾਂ ਕਿ ਹਰ ਯਾਤਰੀ ਦੀ ਸਮੱਸਿਆ ਦਾ ਥਾਂ ਪੁਰ ਹੀ ਸੰਭਵ ਹੱਲ ਕੱਢਿਆ ਜਾ ਸਕੇ ਤੇ ਉਹ ਹਵਾਈ ਅੱਡੇ ਤੋਂ ਸਕਾਰਾਤਮਕ ਪ੍ਰਭਾਵ ਲੈ ਕੇ ਜਾਵੇ

ਜੋ ਵਰਤਾਰਾ ਅੰਮ੍ਰਿਤਸਰ ਗੁਰੂ ਦੀ ਨਗਰੀ ਵਿੱਚ ਉਸਾਰੇ ਗੁਰੂ ਰਾਮਦਾਸ ਹਵਾਈ ਅੱਡੇ ਦਾ ਦੇਖਿਆ, ਉਹ ਅੱਖਰ ਅੱਖਰ ਪੇਸ਼ ਕਰਕੇ ਮਨ ਦੁਖੀ ਵੀ ਹੈ ਤੇ ਭਾਵਕ ਵੀ। ਇਸ ਮਸਲੇ ਦਾ ਹੱਲ ਆਪਾਂ ਸਭਨਾਂ ਨੇ ਮਿਲਕੇ ਕੱਢਣਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3353)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

More articles from this author