“ਕੜੀਆਂ ਵਰਗੇ ਛੇ ਭਾਈ ਪਤਾ ਈ ਨੀਂ ਲੱਗਿਆ ਕਦੋਂ ਹੱਥਾਂ ’ਚੋਂ ਰੇਤੇ ਵਾਂਗੂ ਕਿਰਗੇ ...”
(3 ਅਪਰੈਲ 2018)
ਕੁਝ ਵਰ੍ਹੇ ਪਹਿਲਾਂ ਨੌਕਰੀ ਦੌਰਾਨ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਘਰ ਘਰ ਜਾ ਕੇ ਪਾਲਤੂ ਪਸ਼ੂਆਂ ਦੀ ਗਿਣਤੀ ਕਰਨ ਦੀ ਡਿਊਟੀ ਨਿਭਾਉਂਦਿਆਂ ਜਦੋਂ ਮੇਰੇ ਸਾਥੀ ਕਰਮਚਾਰੀ ਨੇ ਇੱਕ ਘਰ ਦਾ ਟੁੱਟਿਆ ਜਿਹਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਐਨਕਾਂ ਵਾਲੀ ਇੱਕ ਬਜ਼ੁਰਗ ਮਾਈ ਬਾਹਰ ਆਈ। ‘ਕੌਣ ਆ ਭਾਈ? ਮਾਈ ਨੇ ਪੁੱਛਿਆ।
“ਬੇਬੇ ਕਿੰਨੇ ਪਸ਼ੂ ਨੇ, ਲਿਖਾ ਦਿਓ।” ਮੇਰਾ ਸਹਾਇਕ ਕਰਮਚਾਰੀ ਬੋਲਿਆ।
“ਭਾਈ ਆਹ ਇੱਕੋ ਝੋਟੀ ਆ ਬੱਸ, ਅਧਿਆਰੇ ’ਤੇ ਲਈ ਹੋਈ ਆ ਡੈਰੀ ਆਲੇ ਲਾਲਿਆਂ ਦੇ ਮੁੰਡੇ ਤੋਂ।” ਮਾਈ ਨੇ ਸੋਟੀ ਦੇ ਸਹਾਰੇ ਗਲੀ ਵਿੱਚ ਪੈਰ ਧਰਦਿਆਂ ਜਵਾਬ ਦਿੱਤਾ।
“ਇਹ ਮਾਈ ਤਾਂ ਮੇਰੇ ਪਿੰਡੋਂ ਹੀ ਆ।” ਅਪਣੇ ਸਹਾਇਕ ਨੂੰ ਦੱਸਦਿਆਂ ਮੈਂ ਬਜ਼ੁਰਗ ਮਾਈ ਦੇ ਨੇੜੇ ਹੁੰਦਿਆਂ ਕਿਹਾ, “ਭੂਆ, ਤਕੜੀ ਏਂ?
ਮੈਂ ਬਜ਼ੁਰਗ ਮਾਈ ਨੂੰ ਆਪਣੀ ਪਛਾਣ ਦੱਸੀ। ਮੋਟੇ ਸ਼ੀਸ਼ੇ ਵਾਲੀਆਂ ਐਨਕਾਂ ਵਿੱਚੋਂ ਗਹੁ ਨਾਲ ਦੇਖਦਿਆਂ ਉਸ ਨੇ ਮੋਹ ਨਾਲ ਮੇਰਾ ਸਿਰ ਪਲੋਸਿਆ। ‘ਨਾ ਪੁੱਤ ਚਾਹ ਪੀਤੇ ਬਿਨਾਂ ਨੀ ਜਾਣ ਦੇਣਾ ਮੈਂ।”
ਅਸੀਂ ਛੋਟੇ ਜਿਹੇ ਵਿਹੜੇ ਵਿੱਚ ਡਾਹੀ ਭੂਆ ਦੀ ਮੰਜੀ ਉੱਪਰ ਬੈਠ ਗਏ। “ਭੂਆ, ਚਾਹ ਅਸੀਂ ਨੰਬਰਦਾਰਾਂ ਦੇ ਘਰੋਂ ਹੁਣੇ ਪੀ ਕੇ ਆਏ ਆਂ, ਕਦੇ ਫੇਰ ਆਊਂਗਾ ਚਾਹ ਪੀਣ।” ਮੈਂ ਭੂਆ ਦੇ ਹੱਥੋਂ ਪਤੀਲੀ ਫੜ ਕੇ ਇੱਕੋ ਕਮਰੇ ਦੇ ਧੁਆਂਖੇ ਘਰ ਦੀ ਬਾਹਰਲੀ ਕੰਧ ਨਾਲ ਬਣਾਏ ਚੁੱਲ੍ਹੇ ਕੋਲ ਰੱਖ ਦਿੱਤੀ। ਮੇਰੇ ਪਿੰਡੋਂ ਰਾਏਕੋਟ ਨੇੜਲੇ ਪਿੰਡ ਵਿਆਹੀ ਭੂਆ ਦੇਬੋ ਛੇ ਭਰਾਵਾਂ ਦੀ ਇਕੱਲੀ ਭੈਣ ਸੀ। ਸਾਰੇ ਭਰਾ ਜਿਮੀਂਦਾਰਾਂ ਨਾਲ ਸੀਰੀ ਰਲਦੇ ਅਤੇ ਉਨ੍ਹਾਂ ਦਾ ਪਿਓ ਚੰਨਣ ਸਿਹੁੰ ਚਿੱਟਾ ਸਾਫਾ ਬੰਨ੍ਹ ਕੇ ਮੰਜੇ ’ਤੇ ਬੈਠਾ ਹੁੱਕਾ ਪੀਂਦਾ ਰਹਿੰਦਾ। ਭੂਆ ਦੇ ਕੜੀ ਵਰਗੇ ਭਾਈਆਂ ਤੋਂ ਸਾਰਾ ਵਿਹੜਾ ਤ੍ਰਭਕਦਾ ਸੀ। ਭੂਆ ਦੇਬੋ ਦੇ ਵਿਆਹ ਵੇਲੇ ਮੈਂ ਚੌਥੀ ਪੰਜਵੀਂ ਵਿਚ ਪੜ੍ਹਦਾ ਹੋਣਾ। ਭੂਆ ਦੇਬੋ ਦੀ ਮਾਂ ਨੰਦ ਕੁਰ ਘੋਰ ਗਰੀਬੀ ਨਾਲ ਦੋ ਚਾਰ ਹੁੰਦੀ ਹੋਈ ਮੇਰੀ ਮਾਂ ਨੂੰ ਅਕਸਰ ਕਹਿੰਦੀ, “ਤੇਰੇ ਮੁੰਡਿਆਂ ਨੇ ਪੜ੍ਹ ਕੇ ਕਿਹੜਾ ਪਟਵਾਰੀ ਲੱਗਣਾ, ਚੰਦੇ ਝਿਓਰ ਨਾਲ ਰਲਾ ਦੇ ਭੇਡਾਂ ਚਾਰਨ। ਮੇਰਾ ਛੋਟਾ ਰਲਿਆ, ਸਾਲ ਦੇ ਪੂਰੇ ਇੱਕ ਸੌ ਰੁਪਈਏ ’ਚ। ਚਾਹ ਰੋਟੀ ਵਿੱਚੇ ਆ।” ਪਰ ਮੇਰੀ ਮਾਂ ਨੇ ਉਸ ਦੀ ਇੱਕ ਨਾ ਸੁਣਨੀ।
ਸੀਰੀ ਰਲਦੇ ਦੇਬੋ ਭੂਆ ਦੇ ਭਰਾਵਾਂ ਵਿੱਚੋਂ ਬੱਸ ਤਿੰਨ ਹੀ ਵਿਆਹੇ ਗਏ। ਬਾਕੀ ਤਿੰਨ ਨਸ਼ਿਆਂ ਦੇ ਗੁਲਾਮ ਬਣ ਗਏ। ਮੇਰੇ ਦੇਖਦਿਆਂ ਦੇਖਦਿਆਂ ਹੀ ਉਹ ਸਾਰੇ ਇੱਕ ਇੱਕ ਕਰਕੇ ਜਹਾਨੋਂ ਕੂਚ ਕਰ ਗਏ ਅਤੇ ਵਿਆਹੇ ਹੋਏ ਤਿੰਨੇ ਕਬੀਲਦਾਰੀ ਦੇ ਬੋਝ ਨੇ ਦੱਬ ਲਏ।
“ਪੁੱਤ, ਇਹ ਆਪਣੀ ਛੋਟੋ ਦਾ ਘਰ ਆ। ਵਿਚਾਰੀ ਦਾ ਪ੍ਰਾਹੁਣਾ ਨੈਣਾ ਦੇਵੀ ਦੇ ਚਾਲੇ ਗਿਆ ਨਹਿਰ ਵਿਚ ਡੁੱਬ ਗਿਆ ਸੀ। ਚਾਰ ਜੁਆਕਾਂ ਨੂੰ ਲੈ ਕੇ ਕਿੱਥੇ ਜਾਂਦੀ ਵਿਚਾਰੀ?” ਭੂਆ ਨੇ ਲੰਬਾ ਹੌਕਾ ਭਰਦਿਆਂ ਦੱਸਿਆ। “ਤੈਨੂੰ ਪਤਾ ਈ ਆ ਤੇਰੇ ਫੁੱਫੜ ਦੇ ਮੁੱਕਣ ਤੋਂ ਸਾਲ ਕੁ ਮਗਰੋਂ ਆਪਣਾ ਬਿੱਲੂ ਵੀ ਮੋਟਰ ’ਤੇ ਕਰੰਟ ਲੱਗਣ ਨਾਲ ਚਲਿਆ ਗਿਆ। ਦੋਹੇਂ ਜੁਆਕਾਂ ਸਣੇ ਬਹੂ ਪੇਕਿਆਂ ਨੇ ਕਿਤੇ ਹੋਰ ਤੋਰ’ਤੀ। ਬੱਸ, ਪੁੱਤ ਪਿੱਛੇ ਮੇਰਾ ਕਿਹੜਾ ’ਕੱਲੀ ਦਾ ਮਨ ਲਗਦਾ ਤੀ। ਸੋਚਿਆ, ਰੰਡੀ ਹੋਈ ਧੀ ਦਾ ਨਾਲੇ ਵਕਤ ਕੱਟਿਆ ਜਾਊ, ਨਾਲੇ ਮੇਰਾ ਬੁਢਾਪਾ। ਗੁੱਡੀ ਕੱਖ ਲੈਣ ਗਈ ਆ, ਜੁਆਕ ਪੜ੍ਹਨ ਗਏ ਨੇ।’ ਭੂਆ ਨੇ ਸੁੱਕ ਚੁੱਕੀਆਂ ਅੱਖਾਂ ਵਿਚ ਸਿੰਮਿਆ ਪਾਣੀ ਪੂੰਝਦਿਆਂ ਆਪਣੀ ਵਿਥਿਆ ਸੁਣਾ ਦਿੱਤੀ।
ਪੇਕਿਆਂ ਦੇ ਘਰ ਭੂਆ ਦੇਬੋ ਘਰ ਦੀ ਮੁਖਤਿਆਰ ਹੁੰਦੀ ਸੀ। ਘਰੇ ਚਾਰ ਪੰਜ ਮੱਝਾਂ ਹੋਣ ਦੇ ਬਾਵਜੂਦ ਉਹ ਵਿਹੜੇ ਦੀਆਂ ਹੋਰ ਕੁੜੀਆਂ ਵਾਂਗ ਕਦੇ ਖੇਤਾਂ ਵਿੱਚੋਂ ਕੱਖ ਲੈਣ ਨਹੀਂ ਸੀ ਗਈ। ਉਸਦੇ ਭਾਈਆਂ ਨੇ ਦੋ ਬਿੱਘੇ ਜਮੀਨ ਠੇਕੇ ’ਤੇ ਲੈ ਕੇ ਚਾਰਾ ਬੀਜਿਆ ਹੁੰਦਾ। ਭੂਆ ਦੇਬੋ ਦਾ ਵਿਆਹ ਫੌਜੀ ਨਾਲ ਹੋਇਆ ਸੀ ਪਰੰਤੂ ਉਹ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਛੁੱਟੀ ਕੱਟਣ ਆਇਆ ਮੁੜ ਕੇ ਡਿਊਟੀ ’ਤੇ ਹੀ ਨਾ ਗਿਆ। ਘਰੇ ਆ ਕੇ ਉਹ ਵੀ ਆਪਣੇ ਪਿਓ ਨਾਲ ਮੱਝਾਂ ਖਰੀਦਣ ਵੇਚਣ ਦੇ ਵਪਾਰ ਵਿਚ ਲੱਗ ਗਿਆ। ਫੁੱਫੜ ਕੇਹਰ ਸਿਹੁੰ ਜਦੋਂ ਰਾਜਦੂਤ ਮੋਟਰ ਸਾਇਕਲ ’ਤੇ ਸਹੁਰੀਂ ਆਉਂਦਾ ਤਾਂ ਲੋਕ ਖੜ੍ਹ ਖੜ੍ਹ ਦੇਖਦੇ। ਅੱਜ ਭੂਆ ਦੇਬੋ ਦੀ ਹਾਲਤ ਵੇਖ ਕੇ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਇਹ ਮੇਰੇ ਪਿੰਡ ਦੀ ਉਹੀ ਕੁੜੀ ਹੈ, ਜਿਸ ਦੀ ਮਾਂ ਉਸ ਨੂੰ ਘਰ ਵਿੱਚੋਂ ਪੈਰ ਬਾਹਰ ਨਹੀਂ ਸੀ ਧਰਨ ਦਿੰਦੀ।
“ਪੁੱਤ ਮਾਪਿਆਂ ਦੇ ਘਰ ਬਥੇਰੀ ਸਰਦਾਰੀ ਕੀਤੀ ਸੀ। ਜੇ ਬਰਾਬਰ ਦਾ ਕੋਈ ਭਾਈ ਹੁਣ ਹੁੰਦਾ ਤਾਂ ਆਹ ਹਾਲ ਨਾ ਹੁੰਦੇ। ਕੜੀਆਂ ਵਰਗੇ ਛੇ ਭਾਈ ਪਤਾ ਈ ਨੀਂ ਲੱਗਿਆ ਕਦੋਂ ਹੱਥਾਂ ’ਚੋਂ ਰੇਤੇ ਵਾਂਗੂ ਕਿਰਗੇ। ਮਗਰ ਭਤੀਜੇ ਵੀ ਨਸ਼ਿਆਂ ਨੇ ਖਾ ਲਏ।” ਭੂਆ ਦੇਬੋ ਦੀਆਂ ਅੱਖਾਂ ਵਿੱਚੋਂ ਅੱਥਰੂ ਵਹਿ ਤੁਰੇ।
ਸਾਡੇ ਗੱਲਾਂ ਕਰਦਿਆਂ ਹੀ ਭੂਆ ਦੀ ਧੀ ਸਿਰ ’ਤੇ ਕੱਖਾਂ ਦੀ ਪੰਡ ਚੁੱਕੀ ਆ ਗਈ।
“ਕੁੜੇ ਗੁੱਡੀ, ਤੇਰੇ ਨਾਨਕਿਆਂ ਤੋਂ ਤੇਰਾ ਵੀਰਾ ਆਇਆ।” ਭੂਆ ਨੇ ਮੇਰੇ ਬਾਰੇ ਦੱਸਿਆ। ਭਾਦੋਂ ਦੇ ਮਹੀਨੇ ਪਸ਼ੀਨੋ ਪਸ਼ੀਨਾ ਹੋਈ ਗੁੱਡੀ ਨੂੰ ਮੈਂ ਸਤਿ ਸ੍ਰੀ ਅਕਾਲ ਬੁਲਾਈ।
“ਬੇਬੇ, ਵੀਰੇ ਹੋਰਾਂ ਨੂੰ ਪਾਣੀ ਧਾਣੀ ਪਲਾਇਆ ਕਿ ਨਹੀਂ?” ਕੁੜੀ ਨੇ ਆਪਣੀ ਮਾਂ ਨੂੰ ਪੁੱਛਿਆ। ਮੇਰੇ ਬਾਰ ਬਾਰ ਮਨ੍ਹਾਂ ਕਰਨ ਦੇ ਵੀ ਗੁੱਡੀ ਨੇ ਘੜੇ ’ਚੋਂ ਪਾਣੀ ਦੇ ਦੋ ਗਿਲਾਸ ਸਾਨੂੰ ਲਿਆ ਫੜਾਏ ਤੇ ਚਾਹ ਬਣਾਉਣ ਲਈ ਚੁੱਲ੍ਹੇ ਵਿਚ ਅੱਗ ਬਾਲਣ ਲੱਗੀ। ਅਪਣੱਤ ਤੇ ਮੋਹ ਅੱਗੇ ਝੁਕਦਿਆਂ ਨਾ ਚਾਹੁੰਦੇ ਵੀ ਚਾਹ ਪੀਣੀ ਪਈ।
“ਪੁੱਤ, ਜੇ ਤੂੰ ਕਰ ਸਕਦੈਂ ਤਾਂ ਇਹਦੀ ਵਿਚਾਰੀ ਦੀ ਪਿਲਸਣ ਲਵਾ ਦੇ। ਨਾਲੇ ਆਟੇ ਦਾਲ ਦਾ ਕਾਰਡ ਵੀ ਨੀ ਬਣਿਆ ਇਹਦਾ, ਕਈ ਬਾਰੀ ਫਾਰਮ ਭਰੇ ਨੇ। ਵਿਚਾਰੀ ਦੇ ਜੁਆਕ ਪਲ ਜਾਣਗੇ।” ਭੂਆ ਦੇਬੋ ਤੇ ਉਸਦੀ ਵਿਧਵਾ ਧੀ ਦਾ ਹਾਲ ਵੇਖ ਕੇ ਮੇਰਾ ਮਨ ਭਰ ਆਇਆ। ਜੇਬ ਵਿੱਚੋਂ ਸੌ ਸੌ ਦੇ ਦੋ ਨੋਟ ਕੱਢ ਕੇ ਮਾਵਾਂ ਧੀਆਂ ਨੂੰ ਫੜਾਉਂਦਿਆਂ ਮੈਂ ਦੋਵਾਂ ਨੂੰ ਪੈਨਸ਼ਨ ਲਵਾਉਣ ਦਾ ਭਰੋਸਾ ਦੇ ਕੇ ਅਗਲੇ ਘਰ ਵੱਲ ਤੁਰ ਪਿਆ।
ਦੇਬੋ ਭੂਆ ਦੇ ਪਰਿਵਾਰ ਦਾ ਪਿਛੋਕੜ ਮੇਰੇ ਅੱਗੇ ਘੁੰਮਣ ਲੱਗਿਆ। ਜੇ ਮੇਰੀ ਅਨਪੜ੍ਹ ਮਾਂ ਵੀ ਦੇਬੋ ਭੂਆ ਦੇ ਮਾਪਿਆਂ ਵਾਂਗ ਸਾਨੂੰ ਤਿੰਨਾਂ ਭਰਾਵਾਂ ਨੂੰ ਪੜ੍ਹਾਉਣ ਦੀ ਬਜਾਏ ਚੰਦੇ ਝਿਉਰ ਦੀਆਂ ਭੇਡਾਂ ਚਾਰਨ ਲਾ ਦਿੰਦੀ ਤਾਂ ਅਸੀਂ ਵੀ ਅੱਜ ਨੂੰ ਜਾਂ ਤਾਂ ਇਸ ਜਹਾਨ ਤੋਂ ਕੂਚ ਕਰ ਗਏ ਹੋਣੇ ਸੀ ਜਾਂ ਕਿਸੇ ਜਿਮੀਂਦਾਰ ਦੀਆਂ ਖੁਰਲੀਆਂ ਹੂੰਝਦੇ ਹੁੰਦੇ।
*****
(1094)