“... ਤੂੰ ਬਹੁਤ ਚੰਗਾ ਕੀਤਾ, ਜੋ ਮਿਲਣ ਆ ਗਿਐਂ।” ਕਹਿੰਦਿਆਂ ਹੀ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ...”
(6 ਅਕਤੂਬਰ 2025)
“ਗੁੱਡ ਮਾਰਨਿੰਗ ਸਰ!” ਪੰਜਾਬੀ ਵਾਲੇ ਮਾਸਟਰ ਜੀ ਦੇ ਕਲਾਸ ਵਿੱਚ ਆਉਂਦਿਆਂ ਹੀ ਸਾਰੀ ਦੀ ਸਾਰੀ ਕਲਾਸ ਖੜ੍ਹੀ ਹੋਣ ਸਾਰ ਇੱਕੋ ਸਾਹੇ ਪੂਰੇ ਤਾਣ ਨਾਲ ਬੋਲੀ। “ਗੁੱਡ ਮੌਰਨਿੰਗ, ਗੁੱਡ ਮੌਰਨਿੰਗ... ” ਕਹਿੰਦਿਆਂ ਹੀ ਮਾਸਟਰ ਜੀ ਨੇ ਸਾਰਿਆਂ ਨੂੰ ਹੱਥ ਨਾਲ ਬੈਠਣ ਦਾ ਇਸ਼ਾਰਾ ਕਰ ਦਿੱਤਾ ਅਤੇ ਕੁਰਸੀ ’ਤੇ ਬੈਠਣ ਲਈ ਅਹੁਲੇ, ਪਰ ਕੁਰਸੀ ਦੀਆਂ ਚੂਲਾਂ ਢਿੱਲੀਆਂ ਹੋਣ ਕਾਰਨ ਮਾਸਟਰ ਜੀ ਨੂੰ ਲੱਗਾ ਕਿ ਕਿਤੇ ਕੁਰਸੀ ਟੁੱਟ ਹੀ ਨਾ ਜਾਵੇ।
“ਵੇਖ ਕੇ ਕੋਈ ਚੰਗੀ ਜਿਹੀ ਕੁਰਸੀ ਲੈ ਕੇ ਆਉ…” ਕਿਹਾ ਤਾਂ ਮਾਸਟਰ ਜੀ ਨੇ ਬਿਨਾਂ ਕਿਸੇ ਦਾ ਨਾਂ ਲਏ ਹੀ ਸੀ, ਪਰ ਕਲਾਸ ਦਾ ਮਨੀਟਰ ਹੋਣ ਕਰਕੇ ਮੈਂ ਭੱਜ ਕੇ ਕੁਰਸੀ ਲੈਣ ਚਲਾ ਗਿਆ। ਪਰ ਕੁਰਸੀ ਮਿਲੂ ਕਿੱਥੋਂ, ਇਹ ਤਾਂ ਮੈਨੂੰ ਪਤਾ ਹੀ ਨਹੀਂ ਸੀ। ਇਸ ਕਰਕੇ ਸਕੂਲ ਦੀ ਸਾਰੀ ਬਿਲਡਿੰਗ ਦੇ ਕਮਰਿਆਂ ਵਿੱਚ ਝਾਤੀ ਮਾਰਦਾ ਮੈਂ ਕੁਰਸੀ ਭਾਲਦਾ ਜਾ ਰਿਹਾ ਸੀ ਕਿ ਹਿਸਾਬ ਵਾਲੇ ਮਾਸਟਰ ਜੀ ਦੀ ਆਵਾਜ਼ ਆਈ, “ਕਿੱਧਰ ਮੂੰਹ ਚੱਕਿਆ ਉਏ ਸਵੇਰੇ-ਸਵੇਰੇ? ਕਲਾਸ ਕਿਉਂ ਨਹੀਂ ਲਾਈ? ਕੀਹਦਾ ਪੀਰੀਅਡ ਐ?”
ਮਾਸਟਰ ਜੀ ਬੋਰਡ ’ਤੇ ਪੜ੍ਹਾਉਂਦੇ-ਪੜ੍ਹਾਉਂਦੇ ਕਲਾਸ ਵਿੱਚੋਂ ਬਾਹਰ ਆ ਗਏ ਅਤੇ ਇੱਕ ਵਾਰ ਵਿੱਚ ਹੀ ਮੇਰੇ ’ਤੇ ਪ੍ਰਸ਼ਨਾਂ ਦਾ ਬੁਛਾੜ ਕਰ ਦਿੱਤੀ।
“ਜੀ, ਪੰਜਾਬੀ ਵਾਲੇ ਸਰਾਂ ਨੇ ਕੁਰਸੀ ਮੰਗਾਈ ਐ ਜੀ, ਉਹੀ ਲੈਣ ਚੱਲਿਆਂ।” ਮੈਂ ਡਰਦੇ-ਡਰਦੇ ਨੇ ਕਿਹਾ।
“ਚੰਗਾ, ਚੰਗਾ, ਲੈ ਜਾਈਂ ਕੁਰਸੀ ਵੀ, ਪਹਿਲਾਂ ਮੈਨੂੰ ਦੋ-ਤਿੰਨ ਚਾਕ ਲਿਆ ਕੇ ਦੇ ਜਾ।” ਕਹਿਕੇ ਮਾਸਟਰ ਜੀ ਕਲਾਸ ਵਿੱਚ ਚਲੇ ਗਏ ਅਤੇ ‘ਚੰਗਾ ਜੀ,’ ਕਹਿਕੇ ਮੈਂ ਚਾਕ ਲੈਣ ਲਈ ਸਟਾਫ-ਰੂਮ ਵੱਲ ਨੂੰ ਹੋ ਤੁਰਿਆ। ਸਟਾਫ-ਰੂਮ ਵਿੱਚ 3-4 ਭੈਣਜੀਆਂ ਵਿਚਾਲੇ ਮੇਜ਼ ਰੱਖੀ, ਰੋਟੀ ਖਾ ਰਹੀਆਂ ਸਨ ਅਤੇ ਉਨ੍ਹਾਂ ਮੈਨੂੰ ਸਟਾਫ-ਰੂਮ ਵਿੱਚ ਆਇਆ ਦੇਖ ਕੇ ਪਾਣੀ ਵਾਲਾ ਜੱਗ ਧੋ ਕੇ ਭਰ ਕੇ ਲਿਆਉਣ ਅਤੇ ਦੋ-ਤਿੰਨ ਗਲਾਸ ਲਿਆਉਣ ਲਈ ਕਹਿ ਦਿੱਤਾ।
ਮੈਂ ਪਾਣੀ ਵਾਲਾ ਜੱਗ ਚੁੱਕਿਆ ਅਤੇ ਬਾਹਰ ਨਲਕੇ ਤੋਂ ਪਾਣੀ ਭਰਨ ਚਲਾ ਗਿਆ, ਪਰ ਆ ਕੇ ਦੇਖਿਆ ਤਾਂ ਪਾਣੀ ਪਿਆਉਣ ਲਈ ਕਿਸੇ ਵੀ ਪਾਸੇ ਕੋਈ ਵੀ ਗਲਾਸ ਨਾ ਲੱਭਾ। “ਭੈਣ ਜੀ, ਗਲਾਸ ਤਾਂ ਹੈ ਨਹੀਂ ਜੀ।” ਪਾਣੀ ਦਾ ਭਰਿਆ ਜੱਗ ਭੈਣਜੀਆਂ ਕੋਲ ਰੱਖਦਿਆਂ ਮੈਂ ਇਹ ਕਹਿਕੇ ਮੁੜਨਾ ਚਾਹਿਆ ਹੀ ਸੀ ਕਿ ਸਾਇੰਸ ਵਾਲੇ ਭੈਣ ਜੀ ਕਹਿੰਦੇ, “ਬੇਟਾ, ਕੱਲ੍ਹ ਪ੍ਰਿੰਸੀਪਲ ਸਰ ਦੀ ਮੀਟਿੰਗ ਸੀ, ਮੈਨੂੰ ਲਗਦਾ ਸਾਰੇ ਗਲਾਸ ਉੱਥੇ ਮੰਗਵਾ ਲਏ ਸੀ। ਭੱਜ ਕੇ ਦਫਤਰ ਵਿੱਚੋਂ ਗਲਾਸ ਲਿਆ ਕੇ, ਸਾਨੂੰ ਸਾਰਿਆਂ ਨੂੰ ਪਾਣੀ ਪਿਆ ਕੇ ਜਾਵੀਂ।”
ਪਹਿਲਾਂ ਤਾਂ ਮੈਨੂੰ ਲੱਗਾ ਕਿ ਭੈਣ ਜੀ ਨੂੰ ਦੱਸ ਦੇਵਾਂ ਕਿ ਮੈਂ ਤਾਂ ਕੁਰਸੀ ਲੈਣ ਆਇਆ ਸੀ ਅਤੇ ਨਾਲੇ ਹਿਸਾਬ ਵਾਲੇ ਸਰ ਨੂੰ ਚਾਕ ਵੀ ਦੇ ਕੇ ਜਾਣੇ ਹਨ, ਫਿਰ ਸੋਚਿਆ ਭੈਣ ਜੀ ਕਿਤੇ ਗੁੱਸਾ ਹੀ ਨਾ ਕਰ ਜਾਣ, ਭੱਜ ਕੇ ਦਫਤਰ ਵਿੱਚ ਗਲਾਸ ਲੈਣ ਚਲਾ ਗਿਆ। ਉੱਥੇ ਵੀ ਇੱਕ ਹੀ ਗਲਾਸ ਮਿਲਿਆ। ਵਾਰ-ਵਾਰ ਉਸੇ ਇੱਕੋ ਗਲਾਸ ਨੂੰ ਧੋ-ਧੋ ਕੇ, ਸਾਰੀਆਂ ਮੈਡਮਾਂ ਨੂੰ ਪਾਣੀ ਪਿਆਉਣ ਤੋਂ ਬਾਅਦ ਸਟੂਲ ’ਤੇ ਗਲਾਸ ਰੱਖਣ ਲੱਗਿਆ ਤਾਂ ਕਾਹਲੀ ਵਿੱਚ ਥੱਲੇ ਡਿਗ ਕੇ ਗਲਾਸ ਟੁੱਟ ਗਿਆ।
“ਹੁਣ ਧਿਆਨ ਨਾਲ ਕੱਚ ਚੁੱਕੀਂ…,” ਇੱਕ ਮੈਡਮ ਦੀ ਆਵਾਜ਼ ਕੰਨੀ ਪਈ। ਕਾਹਲੀ-ਕਾਹਲੀ ਵਿੱਚ ਫਰਸ਼ ਤੋਂ ਕੱਚ ਚੁੱਕਦੇ ਦੇ ਇੱਕ ਕੱਚ ਦਾ ਟੋਟਾ ਸੱਜੇ ਹੱਥ ਦੀ ਉਂਗਲ ਦੇ ਪੋਟੇ ਵਿੱਚ ਚੁੱਭ ਗਿਆ ਅਤੇ ਉਂਗਲ ਵਿੱਚੋਂ ਖੂਨ ਦੀ ਤਤੀਰੀ ਵਹਿ ਤੁਰੀ। ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਆਖਰ ਹੋ ਕੀ ਰਿਹਾ ਹੈ? ਹਿੰਦੀ ਵਾਲੇ ਭੈਣ ਜੀ ਨੇ ਇੱਕ ਮੈਲੀ ਜਿਹੀ ਲੀਰ ਮੇਰੀ ਉਂਗਲ ’ਤੇ ਲਪੇਟ ਦਿੱਤੀ।
ਮੈਂ ਕਾਹਲੀ ਨਾਲ ਤਿੰਨ-ਚਾਰ ਚਾਕ ਜੇਬ ਵਿੱਚ ਪਾਏ ਅਤੇ ਕੁਰਸੀ ਸਿਰ ’ਤੇ ਧਰਕੇ ਹਿਸਾਬ ਵਾਲੀ ਕਲਾਸ ਵਾਲੇ ਪਾਸਿਓਂ ਆਪਣੀ ਕਲਾਸ ਵੱਲ ਨੂੰ ਹੋ ਤੁਰਿਆ। ਹਿਸਾਬ ਵਾਲੇ ਮਾਸਟਰ ਜੀ ਨੂੰ ਚਾਕ ਫੜਾ ਕੇ ਜਦੋਂ ਮੈਂ ਆਪਣੀ ਕਲਾਸ ਵਿੱਚ ਪਹੁੰਚਿਆਂ ਤਾਂ ਲਗਭਗ ਅੱਧਾ ਪੀਰੀਅਡ ਬੀਤ ਚੁੱਕਾ ਸੀ।
“ਕੁਰਸੀ ਲੈਣ ਜਲੰਧਰ ਚਲਾ ਗਿਆ ਸੀ ਕਿ… ਕਿ ਕੁਰਸੀ ਆਪ ਬਣਾਉਣ ਲੱਗ ਗਿਆ ਸੀ?” ਕੁਰਖਤ ਜਿਹੀ ਗੁੱਸੇ ਭਰੀ ਆਵਾਜ਼ ਵਿੱਚ ਬੋਲਦੇ ਹੀ ਮਾਸਟਰ ਜੀ ਨੇ ਮੇਰੇ ਕੰਨ ’ਤੇ ਚਪੇੜ ਜੜ ਦਿੱਤੀ। ਇਸ ਤੋਂ ਪਹਿਲਾਂ ਕਿ ਇੱਕ ਹੋਰ ਚਪੇੜ ਕੰਨ ’ਤੇ ਪਵੇ, ਮੈਂ ਸਿਰ ’ਤੇ ਦੋਵੇਂ ਹੱਥ ਧਰਕੇ ਥਾਂਏ ਬੈਠ ਗਿਆ। ਮੇਰੀ ਉਂਗਲ ਤੋਂ ਲੀਰ ਲਹਿ ਜਾਣ ਕਰਕੇ ਉਂਗਲ ਵਿੱਚੋਂ ਫਿਰ ਖੂਨ ਵਹਿਣਾ ਸ਼ੁਰੂ ਹੋ ਗਿਆ ਸੀ। ਪਰ ਅਗਲੀ ਚਪੇੜ ਪੈਣ ਦੀ ਥਾਂ ਮੈਨੂੰ ਲੱਗਾ ਜਿਵੇਂ ਕਿਸੇ ਨੇ ਮੇਰੇ ਹੱਥ ਨੂੰ ਫੜ ਕੇ ਕੁਝ ਲਪੇਟਣਾ ਸ਼ੁਰੂ ਕਰ ਦਿੱਤਾ ਹੋਵੇ। ਮੈਂ ਡਰਦੇ-ਡਰਦੇ ਨੇ ਸਿਰ ਉੱਪਰ ਚੁੱਕ ਕੇ ਦੇਖਿਆ, ਮਾਸਟਰ ਜੀ ਮੇਰੀ ਉਂਗਲ ’ਤੇ ਆਪਣਾ ਰੁਮਾਲ ਲਪੇਟ ਰਹੇ ਸਨ। ਉਨ੍ਹਾਂ ਮੈਨੂੰ ਮੋਢੇ ਤੋਂ ਫੜ ਕੇ ਉਠਾਉਂਦਿਆਂ ਪੁੱਛਿਆ, “ਆਹ ਸੱਟ ਕਿਵੇਂ ਲੱਗੀ?” ਕਹਿੰਦਿਆਂ ਹੀ ਉਨ੍ਹਾਂ ਦੀ ਨਿਗ੍ਹਾ ਮੇਰੀ ਜੇਬ ਵਿੱਚ ਪਏ ਚਾਕ ਦੇ ਟੋਟੇ ’ਤੇ ਜਾ ਪਈ।
“ਜੀ ਕੁਛ ਨਹੀਂ ਜੀ, ਮੈਡਮਾਂ ਨੂੰ ਪਾਣੀ ਪਿਆਉਂਦਿਆਂ ਕੰਚ ਦਾ ਗਲਾਸ ਵੱਜਿਆ ਜੀ...” ਕਹਿੰਦਿਆਂ ਮੇਰਾ ਗੱਚ ਭਰ ਆਇਆ।
“ਆਹ ਚਾਕ?”
“ਜੀ ਸ੍ਹਾਬ ਵਾਲੇ ਮਾਸਟਰ ਜੀ ਨੇ ਮੰਗਾਏ ਸੀ। ਸਿਰ ’ਤੇ ਕੁਰਸੀ ਰੱਖੀ ਹੋਣ ਕਾਰਨ ਫੜਾਉਣ ਵੇਲੇ ਪਤਾ ਨਹੀਂ ਲੱਗਿਆ ਜੀ, ਇਹ ਕਿਵੇਂ ਜੇਬ ਵਿੱਚ ਹੀ ਰਹਿ ਗਿਆ…” ਮੇਰੇ ਤੋਂ ਗੱਲ ਪੂਰੀ ਨਾ ਹੋਈ ਅਤੇ ਮੇਰਾ ਰੋਣ ਨਿਕਲ ਗਿਆ।
ਮੇਰੀ ਗੱਲ ਸੁਣ ਕੇ ਮਾਸਟਰ ਜੀ ਨੇ ਇੱਕ ਲੰਮਾ ਜਿਹਾ ਸਾਹ ਲੈ ਕੇ ਮੇਰੇ ਵਾਲਾਂ ਵਿੱਚ ਹੱਥ ਫੇਰਦਿਆਂ, ਮੈਨੂੰ ਆਪਣੇ ਨਾਲ ਲਾ ਲਿਆ ਅਤੇ ਬੈਠਣ ਲਈ ਕਿਹਾ।
ਮੈਂ ਨਿੰਮੋਝੂਣਾ ਜਿਹਾ ਹੋ ਕੇ ਆਪਣੇ ਬੈਂਚ ’ਤੇ ਜਾ ਬੈਠਾ।
ਇਸ ਘਟਨਾ ਨੂੰ ਵਾਪਰਿਆਂ ਵਰ੍ਹੇ ਬੀਤ ਗਏ, ਉਦੋਂ ਮੈਂ ਸੱਤਵੀਂ ਕਲਾਸ ਵਿੱਚ ਪੜ੍ਹਦਾ ਸੀ।
ਅੱਜ ਇੱਕ ਦੋਸਤ ਦਾ ਫੋਨ ਆਇਆ ਤਾਂ ਪੰਜਾਬੀ ਵਾਲੇ ਮਾਸਟਰ ਜੀ ਦੀ ਬਿਮਾਰੀ ਬਾਰੇ ਪਤਾ ਲੱਗਿਆ। ਦੋਸਤ ਤੋਂ ਹਸਪਤਾਲ ਦਾ ਥਾਂ-ਟਿਕਾਣਾ ਪੁੱਛ ਕੇ ਮੈਂ ਮਾਸਟਰ ਜੀ ਦਾ ਪਤਾ ਲੈਣ ਪਹੁੰਚ ਗਿਆ।
ਐਨੇ ਸਾਲਾਂ ਬਾਅਦ ਤਾਂ ਮਾਸਟਰ ਜੀ ਨੇ ਕੀ ਪਛਾਣਨਾ ਏ? ਸੋਚਦੇ-ਸੋਚਦੇ ਨੇ ਹਸਪਤਾਲ ਦੇ ਕਮਰੇ ਦਾ ਦਰਵਾਜਾ ਖੋਲ੍ਹਿਆ। ਕਮਰੇ ਵਿੱਚ ਮਾਸਟਰ ਜੀ ਬੈੱਡ ਦੀ ਢੋਅ ਨਾਲ ਸਰ੍ਹਾਣਿਆਂ ਦੇ ਸਹਾਰੇ ਅੱਖਾਂ ਬੰਦ ਕਰ ਕੇ ਇਕੱਲੇ ਹੀ ਬੈਠੇ ਸਨ। ਦਰਵਾਜ਼ੇ ਦੀ ਆਵਾਜ਼ ਸੁਣ ਕੇ ਉਨ੍ਹਾਂ ਥੋੜ੍ਹੀਆਂ ਜਿਹੀਆਂ ਅੱਖਾਂ ਖੋਲ੍ਹ ਕੇ ਮੇਰੇ ਵੱਲ ਤੱਕਿਆ। ਮੈਂ ਪਹਿਲਾਂ ਝੁਕ ਕੇ ਹੱਥ ਜੋੜੇ ਅਤੇ ਫਿਰ ਜੁੜੇ-ਜੁੜਾਏ ਹੱਥ ਉਨ੍ਹਾਂ ਦੇ ਪੈਰਾਂ ਨੂੰ ਛੂਹ ਕੇ ਬੋਲਿਆ, “ਗੁਰੂ ਜੀ, ਸ਼ਾਇਦ ਤੁਸੀਂ ਪਛਾਣਿਆ ਨਹੀਂ, ਮੈਂ ਬੱਲੂਆਣੇ ਸਰਕਾਰੀ ਸਕੂਲ ਵਿੱਚ ਤੁਹਾਡੇ ਕੋਲ ਪੜ੍ਹਦਾ ਸੀ ਜੀ… ਪ੍ਰਦੀਪ।” ਮੇਰੇ ਪ੍ਰਦੀਪ ਕਹਿਣ ਦੀ ਦੇਰ ਸੀ ਕਿ ਉਨ੍ਹਾਂ ਦੇ ਸਾਰੇ ਸਰੀਰ ਵਿੱਚ ਅਜੀਬ ਜਿਹੀ ਹਰਕਤ ਆ ਗਈ। ਉਨ੍ਹਾਂ ਮੇਰੇ ਹੱਥਾਂ ਨੂੰ ਆਪਣੇ ਕਮਜ਼ੋਰ ਪਰ ਕੂਲੇ-ਕੂਲੇ ਹੱਥਾਂ ਵਿੱਚ ਲੈ ਕੇ ਜ਼ੋਰ ਨਾਲ ਘੁੱਟਿਆ ਅਤੇ ਫਿਰ ਦੋਵੇਂ ਕੂਲੇ-ਕੂਲੇ ਰੂੰ ਵਰਗੇ ਹੱਥ ਮੇਰੇ ਮੂੰਹ ’ਤੇ ਫੇਰਦਿਆਂ ਕੰਬਦੀ ਆਵਾਜ਼ ਵਿੱਚ ਬੋਲੇ, “ਹਾਂ! ਹਾਂ!! ਪੁੱਤ, ਤੈਨੂੰ ਤਾਂ ਮੈਂ ਕਦੇ ਵੀ ਨਹੀਂ ਭੁੱਲ ਸਕਦਾ… ਅਤੇ ਨਾ ਹੀ ਭੁੱਲ ਸਕਦਾ ਹਾਂ ਆਪਣੀ ਉਸ ਗਲਤੀ ਨੂੰ ਪੁੱਤ। ਯਕੀਨ ਮੰਨੀ, ਉਸ ਦਿਨ ਤੈਨੂੰ ਮਾਰਨ ਤੋਂ ਬਾਅਦ ਮੈਂ ਕਦੇ ਵੀ ਕਿਸੇ ਬੱਚੇ ’ਤੇ ਹੱਥ ਨਹੀਂ ਚੁੱਕਿਆ। ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸੀ ਉਹ। ਪਰ ਤੂੰ ਬਹੁਤ ਚੰਗਾ ਕੀਤਾ, ਜੋ ਮਿਲਣ ਆ ਗਿਐਂ।” ਕਹਿੰਦਿਆਂ ਹੀ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਕੇ ਉਨ੍ਹਾਂ ਦੀਆਂ ਗੱਲ੍ਹਾਂ ਤਕ ਆ ਗਏੇ।
ਮਾਸਟਰ ਜੀ ਨੇ ਆਪਣੀਆਂ ਝੁਰੜੀਆਂ ਪਈਆਂ ਅੱਖਾਂ ਇਉਂ ਬੰਦ ਕਰ ਲਈਆਂ ਜਿਵੇਂ ਕਿਸੇ ਬਹੁਤ ਵੱਡੇ ਗੁਨਾਹ ਦਾ ਪਛਤਾਵਾ ਕਰ ਰਹੇ ਹੋਣ। ਮੈਂ ਵੀ ਭਾਵੁਕ ਹੋ ਕੇ ਉਨ੍ਹਾਂ ਦਾ ਹੱਥ ਆਪਣੇ ਸਿਰ ’ਤੇ ਰੱਖ ਲਿਆ। ...ਤੇ ਚੁਫੇਰੇ ਚੁੱਪ ਪਸਰ ਗਈ।
ਇਹ ਡੂੰਘੀ ਚੁੱਪ ਕਾਫੀ ਦੇਰ ਤਕ ਕਮਰੇ ਵਿੱਚ ਪਸਰੀ ਰਹੀ। ਮਾਸਟਰ ਜੀ ਦਾ ਹੱਥ ਮੇਰੇ ਸਿਰ ’ਤੇ ਰਿਹਾ ਅਤੇ ਮੈਨੂੰ ਇਵੇਂ ਲੱਗਾ ਜਿਵੇਂ ਇਸ ਚੁੱਪ ਵਿੱਚ ਅਸੀਂ ਇੱਕ ਦੂਜੇ ਨਾਲ ਬਹੁਤ ਸਾਰੀਆਂ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਲਈਆਂ ਹੋਣ।
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (