“ਸਮਕਾਲੀ ਸਰੋਕਾਰਾਂ ਵਿਚਲੇ ਸੱਚ ਨੂੰ ਪਛਾਣ ਕੇ, ਉਸ ਨਾਲ ਜੁੜ ਕੇ, ਲੋਕਾਂ ਨੂੰ ਸੁਚੇਤ ਕਰਨਾ ...”
(24 ਅਕਤੂਬਰ 2020)
ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੀ ਇਸ ਪੁਸਤਕ ਵਿੱਚ ਸਮਕਾਲੀ ਸਰੋਕਾਰਾਂ ਨਾਲ ਜੁੜੇ ਹੋਏ ਚਾਲੀ ਲਘੂ ਲੇਖ ਸ਼ਾਮਲ ਹਨ। ਇਹ ਸਾਰੇ ਲੇਖ ਸਮੇਂ-ਸਮੇਂ ’ਤੇ ਨਵਾਂ ਜ਼ਮਾਨਾ ਦੇ ਹਫਤਾਵਾਰੀ ਅੰਕ ‘ਐਤਵਾਰਤਾ’ ਵਿੱਚ ਪ੍ਰਕਾਸ਼ਤ ਹੁੰਦੇ ਰਹੇ ਹਨ। ਪਾਠਕਾਂ ਵੱਲੋਂ ਚੰਗਾ ਹੁੰਗਾਰਾ ਮਿਲਣ ਕਰਕੇ ਸ਼ੁਗਲੀ ਹੁਰਾਂ ਨੇ ਇਹਨਾਂ ਨੂੰ ਇੱਕ ਪੁਸਤਕ ਦੇ ਰੂਪ ਵਿੱਚ ਸਾਂਭਣ ਦਾ ਉਪਰਾਲਾ ਕੀਤਾ ਹੈ। ਇਹਨਾਂ ਚਾਲੀ ਲੇਖਾਂ ਤੋਂ ਬਿਨਾਂ ਜਤਿੰਦਰ ਪਨੂੰ ਹੁਰਾਂ ਦੇ ਦੋ ਸ਼ਬਦ ਅਤੇ ਸਤਨਾਮ ਚਾਨਾ ਵੱਲੋਂ ਸ਼ੁਗਲੀ ਤੇ ਉਸ ਦਾ ‘ਸੱਚ ਸੁਣਾਇਸੀ’ ਵੀ ਬਹੁਤ ਹੀ ਭਾਵਪੂਰਤ ਢੰਗ ਨਾਲ ਪੁਸਤਕ ਦੀ ਜਾਣ-ਪਛਾਣ ਕਰਵਾਉਂਦੇ ਹਨ।
‘ਸੱਚ ਸੁਣਾਇਸੀ’ ਸਿਰਲੇਖ ਸ਼ੁਗਲੀ ਨੇ ਬਾਬਾ ਨਾਨਕ ਦੀ ਉਸ ਚਰਚਿਤ ਕਾਵਿ ਵੰਨਗੀ ਵਿੱਚੋਂ ਲਿਆ ਹੈ, ਜਿਸ ਨੂੰ ਪੰਜਾਬੀ ਪਾਠਕ ‘ਬਾਬਰ ਬਾਣੀ’ ਨਾਲ ਪੜ੍ਹਦੇ/ਸੁਣਦੇ ਆ ਰਹੇ ਹਨ। ਇਹ ਪੂਰੀ ਸਤਰ ਇੰਜ ਹੈ- ‘ਸੱਚ ਸੁਣਾਇਸੀ ਸੱਚ ਕੀ ਬੇਲਾ’। ਇਤਿਹਾਸਕ ਪ੍ਰਸੰਗ ਬਾਬਰ ਦੇ ਉਸ ਹਮਲੇ ਨਾਲ ਜੁੜਿਆ ਹੋਇਆ ਹੈ, ਜੋ ਉਸ ਨੇ ਐਮਨਾਬਾਦ ਵਿਖੇ ਜ਼ੁਲਮ ਕਰਕੇ ਆਮ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ ਤੇ ਗੁਰੂ ਨਾਨਕ ਨੇ ਬਾਬਰ ਨੂੰ ਵੰਗਾਰਿਆ ਸੀ। ਬਾਬੇ ਨਾਨਕ ਦੀ ਉਹ ਵੰਗਾਰ ਪੰਜਾਬੀ ਸੁਭਾਅ ਦਾ ਹਿੱਸਾ ਬਣਦੀ ਆ ਰਹੀ ਹੈ। ਕਦੀ ਉਹ ਦੁੱਲੇ ਦੇ ਰੂਪ ਵਿੱਚ ਹੁੰਦੀ ਹੈ, ਕਦੀ ਹੀਰ ਜਾਂ ਕਦੇ ਕਿਸੇ ਹੋਰ ਪਾਤਰ ਦੇ ਹਿੱਸੇ ਆਉਂਦੀ ਰਹੀ ਹੈ।
ਸਮਕਾਲੀ ਸਰੋਕਾਰਾਂ ਵਿਚਲੇ ਸੱਚ ਨੂੰ ਪਛਾਣ ਕੇ, ਉਸ ਨਾਲ ਜੁੜ ਕੇ, ਲੋਕਾਂ ਨੂੰ ਸੁਚੇਤ ਕਰਨਾ, ਸੱਚ ਦਾ ਹੋਕਾ ਦੇਣਾ ਅਸਲ ਵਿੱਚ ਕਲਮਕਾਰਾਂ ਦਾ ਸੁਭਾਅ ਹੋਣਾ ਚਾਹੀਦਾ ਹੈ, ਜਿਸ ਦੀ ਅਜੋਕੇ ਦੌਰ ਵਿੱਚ ਘਾਟ ਮਹਿਸੂਸ ਹੋ ਰਹੀ ਹੈ, ਖਾਸ ਕਰਕੇ ਪੱਤਰਕਾਰਤਾ ਦੇ ਖੇਤਰ ਵਿੱਚ। ਭਾਵੇਂ ਸਾਰੇ ਨਹੀਂ, ਪਰ ਫਿਰ ਵੀ ਵੱਡੀ ਗਿਣਤੀ ਕਲਮਕਾਰ ਪੱਤਰਕਾਰਤਾ ਦੇ ਨਾਂਅ ’ਤੇ ਵਪਾਰ ਕਰ ਰਹੇ ਹਨ ਤੇ ਅਜਿਹੇ ਸਮੇਂ ਵਿੱਚ ਪੱਤਰਕਾਰੀ ਨਾਲ ਜੁੜਿਆ ਜਿਹੜਾ ਅਦਾਰਾ ਲੋਕ ਮਸਲਿਆਂ ਨੂੰ ਉਜਾਗਰ ਕਰਦਾ ਹੈ, ਨਾਲ ਖੜ੍ਹਦਾ ਹੈ, ਉਸ ਦੀ ਪਛਾਣ ਆਮ ਲੋਕਾਂ ਨੂੰ ਸਹਿਜੇ ਹੀ ਹੋ ਜਾਂਦੀ ਹੈ। ਸੱਚ ਕਹਿਣਾ, ਸੱਚ ਸੁਣਾਉਣਾ ਬਹੁਤ ਵੰਗਾਰ ਭਰਿਆ ਕਾਰਜ ਹੁੰਦਾ ਹੈ, ਪਰ ਫਿਰ ਵੀ ਅਜੋਕੇ ਦੌਰ ਵਿੱਚ ਵੀ ਕੁਝ ਕਲਮਕਾਰ ਅਤੇ ਕੁਝ ਅਦਾਰੇ ਆਪਣੀ ਇਸ ਬਣਦੀ ਭੂਮਿਕਾ ਨੂੰ ਬਾਖੂਬੀ ਨਿਭਾਈ ਜਾ ਰਹੇ ਹਨ। ਸ਼ੁਗਲੀ ਅਜਿਹੇ ਹੀ ਇੱਕ ਅਦਾਰੇ ਨਾਲ ਲੰਮੇ ਅਰਸੇ ਤੋਂ ਜੁੜਿਆ ਹੋਇਆ ਹੈ, ਜੋ ਲੋਕ ਹਿਤਾਂ ਦੀ ਗੱਲ ਕਰਦਾ ਹੈ।
ਪੁਸਤਕ ਵਿਚਲੇ ਚਾਲੀ ਲੇਖਾਂ ਦਾ ਵਿਸ਼ਾ ਕਿਤੇ ਰਾਜਨੀਤਕ ਹੈ, ਕਿਤੇ ਸੱਭਿਆਚਾਰਕ ਹੈ, ਕਿਤੇ ਭਾਸ਼ਾਈ ਹੈ, ਕਿਤੇ ਧਾਰਮਿਕ ਕੱਟੜਤਾ ਦਾ ਜਨੂੰਨ ਹੈ, ਕਿਤੇ ਧਾਰਮਿਕ ਅੰਧ-ਵਿਸ਼ਵਾਸ, ਕਿਤੇ ਭੇਡ-ਚਾਲ ਹੈ ਜਾਂ ਅਜਿਹੇ ਹੀ ਕੋਈ ਹੋਰ, ਪਰ ਸ਼ੁਗਲੀ ਹਰ ਲੇਖ ਦੇ ਲਘੂ ਆਕਾਰ ਵਿੱਚ ਉਸ ਨੂੰ ਥੋੜ੍ਹੇ ਸ਼ਬਦਾਂ ਵਿੱਚ ਪੇਸ਼ ਕਰਨ ਦਾ ਉਪਰਾਲਾ ਕਰਦਾ ਹੈ। ਗਊ ਦੀ ਉਦਾਹਰਣ ਦਿੰਦਿਆਂ ਉਹ ਲਿਖਦਾ ਹੈ ਕਿ ਪਹਿਲਾਂ ਲੋਕ ਗਊ ਦੀ ਸਹੁੰ ਖਾਇਆ ਕਰਦੇ ਸਨ। ਉਦੋਂ ਕਿਸਾਨ ਗਊ ਨੂੰ ਮਾਤਾ ਕੇਵਲ ਕਹਿਣ ਤਕ ਹੀ ਸੀਮਤ ਨਹੀਂ ਸੀ ਸਗੋਂ ਇਹ ਸੋਚ ਉਸ ਦੇ ਕਿਰਦਾਰ ਦਾ ਵੀ ਹਿੱਸਾ ਬਣੀ ਹੋਈ ਸੀ। ਗਊ ਅਤੇ ਉਸ ਦੀ ਔਲਾਦ ਪੀੜ੍ਹੀਆਂ ਤਕ ਕਿਸਾਨ ਦੇ ਪਰਿਵਾਰ ਨਾਲ ਨਿਭਦੇ ਸਨ। ਕਿਸਾਨ ਗਊ ਦੇ ਬਿਰਧ ਹੋਣ ’ਤੇ ਨਾ ਤਾਂ ਉਸ ਨੂੰ ਘਰੋਂ ਕੱਢਦੇ ਸਨ ਅਤੇ ਨਾ ਹੀ ਵੇਚਣ ਬਾਰੇ ਸੋਚਦੇ ਸਨ। ਸਗੋਂ ਗਊ ਮਾਤਾ ਦੇ ਆਖਰੀ ਸਾਹਾਂ ਤਕ ਉਸ ਨਾਲ ਨਿਭਦੇ ਸਨ। ਸ਼ੁਗਲੀ ਦਾ ਮੰਨਣਾ ਹੈ ਕਿ ਅਸੀਂ ਬਿਰਧ ਗਊਆਂ ਦੀ ਘਰਾਂ ਵਿੱਚ ਸੰਭਾਲ ਨਹੀਂ ਕਰ ਸਕਦੇ ਤਾਂ ਉਸ ਦਾ ਪ੍ਰਬੰਧ ਹੋਣਾ ਚਾਹੀਦਾ ਹੈ।
ਰਾਜਨੀਤਕ ਆਗੂ ਸ਼ਹੀਦਾਂ ਪ੍ਰਤੀ ਦੋਹਰੀ ਨੀਤੀ ਅਪਣਾਉਂਦੇ ਆ ਰਹੇ ਹਨ। ਸਾਡੇ ਦੇਸ਼ ਵਿੱਚ ਸਰਕਾਰਾਂ ਬਦਲਣ ਨਾਲ ਸ਼ਹੀਦ ਵੀ ਬਦਲ ਜਾਂਦੇ ਹਨ। ਇੱਕ ਰਾਜਨੀਤਕ ਪਾਰਟੀ ਕਿਸੇ ਇੱਕ ਸ਼ਹੀਦ ਦਾ ਬੁੱਤ ਸਥਾਪਤ ਕਰਦੀ ਹੈ, ਜਦ ਕਿ ਦੂਜੇ ਦੇ ਬੁੱਤ ਦੀ ਬੇਅਦਬੀ ਕੀਤੀ ਜਾਂ ਕਰਵਾਈ ਜਾਂਦੀ ਹੈ। ਅਜਿਹਾ ਲਗਭਗ ਹਰ ਲੇਖ ਵਿੱਚ ਮਿਲਦਾ ਹੈ ਕਿ ਸ਼ੁਗਲੀ ਹਰ ਮਸਲੇ ਦੀ ਤਹਿ ਤਕ ਜਾ ਕੇ ਲੋਕਾਂ ਦੀ ਭਾਸ਼ਾ ਵਿੱਚ ਅਤੇ ਉਹਨਾਂ ਦੀ ਸੂਝ ਅਤੇ ਸਮਝ ਦੀ ਪੱਧਰ ਤਕ ਆ ਕੇ ਪਾਠਕਾਂ ਨੂੰ ਮੁਖਾਤਬ ਹੁੰਦਾ ਹੈ, ਜਿਸ ਨਾਲ ਲੇਖ ਦੀ ਪੜ੍ਹਨਯੋਗਤਾ ਹੋਰ ਵਧ ਜਾਂਦੀ ਹੈ। ਇਹ ਪੁਸਤਕ ਪਾਠਕਾਂ ਲਈ ਕਾਫੀ ਲਾਹੇਵੰਦ ਸਾਬਤ ਹੋਏਗੀ। ਖਾਸ ਕਰਕੇ ਉਹਨਾਂ ਪਾਠਕਾਂ ਲਈ, ਜਿਨ੍ਹਾਂ ਨੇ ਇਹ ਲੇਖ ਪਹਿਲਾਂ ਨਹੀਂ ਪੜ੍ਹੇ। ਇੱਕ ਚੰਗੀ ਕਿਤਾਬ ਨੂੰ ਖੁਸ਼ਆਮਦੀਦ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2391)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)