“ਜਲੂਸ ਤਾਂ ਮੰਨਿਆ ਪਰ ਆਹ ‘ਨਗਰ ਕੀਰਤਨ’ ਦੀ ਕੀ ਤੁਕ ਹੋਈ ...?” ਦੁਕਾਨ ਵਿੱਚ ਬੈਠਿਆਂ ਵਿੱਚੋਂ ਕਿਸੇ ਨੇ ...”
(13 ਅਪਰੈਲ 2022)
ਵਿਸਾਖੀ ਕਾਰਨ ਅੱਜ ਪ੍ਰਾਉਣਿਆਂ ਨੇ ਆਉਣਾ ਸੀ। ਰਿਸ਼ਤੇਦਾਰਾਂ ਨਾਲੋਂ ਜ਼ਿਆਦਾ ਤਾਂਘ ਸਵਰਾਜ ਨੂੰ ਆਪਣੇ ਦੋਸਤਾਂ ਦੀ ਸੀ। ਬਹੁਤੇ ਰਿਸ਼ਤੇਦਾਰ ਧਾਰਮਿਕ ਖਿਆਲਾਂ ਦੇ ਸਨ ਤੇ ਉਨ੍ਹਾਂ ਦੀ ਸਿਆਸਤ ਵਿੱਚ ਦਿਲਚਸਪੀ ਚੜ੍ਹਦੇ ਸੂਰਜ ਨੂੰ ਸਲਾਮ ਕਰਨ ਵਾਲੀ ਸੀ। ਦੋਸਤਾਂ ਦੀ ਗੱਲ ਹੋਰ ਐ। ਅੱਜ ਬੱਕਰਾ ਵੀ ਦੋਸਤਾਂ ਕਰਕੇ ਹੀ ਸਵਰਾਜ ਬਣਾ ਰਿਹਾ ਸੀ। ਬੱਕਰੇ ਦਾ ਮੀਟ ਖਾਣ ਲਈ, ਪੀਣ ਦਾ ਇੰਤਜ਼ਾਮ ਵੀ ਉਸ ਨੇ ਕੀਤਾ ਹੋਇਆ ਸੀ।
ਬਾਲਕੋਨੀ ਵਿੱਚ ਬੈਠੇ ਸਵਰਾਜ ਨੂੰ ਸੜਕ ਉੱਪਰ ਦੀ ਜਾਂਦਾ ਜਲੂਸ ਸਾਫ਼ ਦਿਸ ਰਿਹਾ ਸੀ। ਹੁਣ ਇਸ ਨੂੰ ਨਗਰ ਕੀਰਤਨ ਕਹਿਣ ਲੱਗ ਪਏ ਹਨ। ਪਹਿਲਾਂ ਪਹਿਲ ਇਸ ਨੂੰ ਜਲੂਸ ਕਹਿੰਦੇ ਹੁੰਦੇ ਸਨ। ਸਵਰਾਜ ਨੇ ਸੋਚਿਆ, ਮੈਂ ਹੁਣ ਵੀ ਇਸ ਨੂੰ ਜਲੂਸ ਹੀ ਸਮਝਦਾ ਹਾਂ ਕਿਉਂਕਿ ਕੀਰਤਨ ਨਾਲੋਂ ਮੈਨੂੰ ਇਸ ਹਜ਼ੂਮ ਵਿੱਚ ਰੌਲ਼ਾ-ਰੱਪਾ ਜ਼ਿਆਦਾ ਦਿਸਦਾ-ਸੁਣਦਾ। ਇਸਦੀ ਗਿਰੀ ਅੰਦਰ ਮੈਨੂੰ ਸਿਆਸਤ ਨੱਚ ਰਹੀ ਦਿਸਦੀ ਹੈ। ਜਲੂਸ ਕਹਿਣ ਵਿੱਚ ਇਸਦੀ ਮੌਲਿਕਤਾ ਹੈ। ਉਹ ਗੁੱਝੀ ਜਿਹੀ ਖੁਸ਼ੀ ਵੀ ਦਿੰਦੀ ਐ।
“ਜਲੂਸ ... ਕੀਰਤਨ ... ਵਿਸਾਖੀ।” ਉਸ ਨੇ ਆਪਣੇ ਮੂੰਹ ਵਿੱਚ ਹੀ ਇਨ੍ਹਾਂ ਤਿੰਨਾਂ ਦਾ ਉਚਾਰਨ ਕੀਤਾ।
ਇੱਕ ਫਲੋਟ ਤੋਂ ਬਾਅਦ ਦੂਜਾ ਫਲੋਟ ਜੂੰ ਦੀ ਤੋਰੇ ਲੰਘ ਰਿਹਾ ਹੈ।
ਹਰ ਫਲੋਟ ਦਾ ਸੰਬੰਧ ਸਿੱਧਾ ਅਸਿੱਧਾ ਕਿਸੇ ਨਾ ਕਿਸੇ ਅਦਾਰੇ ਦੇ ਕਾਰੋਬਾਰ ਨਾਲ ਹੈ। ਇੱਕ ਫਲੋਟ ਉੱਪਰ ਬੈਠੇ ਸਿਖਾਂਦਰੂ ਬੱਚੇ ਕੀਰਤਨ ਕਰਕੇ ਜਲੂਸ ਦੇਖਣ ਆਇਆਂ ਨੂੰ ‘ਨਿਹਾਲੋ ਨਿਹਾਲ’ ਕਰ ਰਹੇ ਹਨ। ਨਗਰ ਕੀਰਤਨ ਨਾਲ ਮੋਟਰ ਸਾਈਕਲਾਂ ਦਾ ਕੀ ਸਬੰਧ ਹੈ? ਗਤਕੇ ਦਾ ਕੀਰਤਨ ਨਾਲ ਕੀ ਸਬੰਧ ਹੈ? ਧਰਮ ਦੇ ਚਾਲਕਾਂ ਤੋਂ ਡਰਦੇ ਲੋਕ ਸਵਾਲ ਹੀ ਕਰਨੋਂ ਹਟ ਗਏ ਹਨ। ਕਿਸੇ ਕੌਮ ਨੂੰ ਤਰਕਹੀਣ ਕਰਨ ਲਈ ਉਸ ਵਿੱਚ ਡਰ ਪੈਦਾ ਕਰਨਾ ਅਤੇ ਸਵਾਲ ਖੋਹ ਲੈਣਾ ਬਹੁਤ ਜ਼ਰੂਰੀ ਹੈ। ਅੱਜ ਧਰਮ ਦੇ ਨਾਂ ਉੱਪਰ ਇਹ ਕੁਝ ਹੀ ਹੋ ਰਿਹਾ ਹੈ। ਧਾਰਮਿਕ ਜਲੂਸ ਦਾ ਕੰਮ ਲੋਕਾਂ ਨੂੰ ਧਾਰਮਿਕ ਸਿੱਖਿਆ ਦੇਣ ਦਾ ਜਾਂ ਧਰਮ ਨਾਲ ਜੋੜਨ ਦਾ ਹੋਣਾ ਚਾਹੀਦਾ, ਨਾ ਕਿ ਲੋਕਾਂ ਦਾ ਮਨੋਰੰਜਨ ਕਰਨਾ ਅਤੇ ਲੜਾਈ-ਭਿੜਾਈ ਨੂੰ ਉਤਸ਼ਾਹਿਤ ਕਰਨਾ।
ਆਪਣਾ ਧਿਆਨ ਸਵਰਾਜ ਨੇ ਹੱਥ ਵਿੱਚ ਫੜੇ ਗੰਢੇ ਵੱਲ ਕੀਤਾ। ਬੈਂਤ ਦੀਆਂ ਚਾਰ ਮੇਜ਼-ਕੁਰਸੀਆਂ ਵਿੱਚੋਂ ਇੱਕ ਉੱਪਰ ਬਦਾਮੀ ਰੰਗ ਦਾ ਕੁੜਤਾ-ਪਜਾਮਾ ਪਾਈ ਬੈਠਾ ਉਹ ਜਲੂਸ ਵੱਲ ਨੂੰ ਮੂੰਹ ਕਰਕੇ ਗੰਢੇ ਛਿੱਲ ਰਿਹਾ ਸੀ। ਮੇਜ਼ ਉੱਪਰਲੇ ਸ਼ੀਸ਼ੇ ਵਿਚ ਦੀ, ਮੇਜ਼ ਦੀ ਕਲਾਤਮਿਕ ਬੁਣਤੀ ਸਾਫ਼ ਦਿਸ ਰਹੀ ਸੀ। ਸੰਨਡੈੱਕ ਦੇ ਪਲਾਈਵੁੱਡ ਨਾਲ ਬਣਾਏ ਫਰਸ਼ ਨੂੰ ਮਾੜੇ ਮੌਸਮ ਦੀ ਮਾਰ ਤੋਂ ਬਚਾਉਣ ਲਈ ਅਤਿੱਲਕਵਾਂ ਸੁਰਮਈ ਰੋਗਨ ਕੀਤਾ ਹੋਇਆ ਸੀ। ਇਸ ਨੂੰ ਹੋਰ ਗੂੜ੍ਹਾ ਕਰ ਦਿੱਤਾ ਜਾਂਦਾ ਤਾਂ ਸ਼ਾਇਦ ਇਹ ਨੀਲਾ ਹੋ ਜਾਂਦਾ। ਮੇਜ਼ ਉੱਪਰ ਹੋਰ ਵੀ ਸਮਾਨ ਪਿਆ ਸੀ। ਗੰਢੇ ਕੱਟਣ ਲਈ ਤੇਜ਼ਧਾਰ ਛੁਰੀ, ਲਸਣ, ਅਧਰਕ, ਹਰਾ ਧਨੀਆ ਤੇ ਕਟਾਈ ਕਰਨ ਲਈ ਲੱਕੜ ਦੀ ਤਖਤੀ।
ਸਵੇਰੇ ਕੁਝ ਰਿਸ਼ਤੇਦਾਰ ਆਏ ਸਨ, ਜਿਨ੍ਹਾਂ ਵਿੱਚੋਂ ਕਈਆਂ ਨੇ ਨੀਲੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ। ਕੈਨੇਡਾ ਆ ਕੇ, ਰੱਜਵੀਂ ਰੋਟੀ ਮਿਲਣ ਕਾਰਨ ਇਨ੍ਹਾਂ ਦੀ ਪੱਗ ’ਦਸਤਾਰ’ ਵਿੱਚ ਬਦਲ ਗਈ ਹੈ। ਉਨ੍ਹਾਂ ਦੀਆਂ ਔਰਤਾਂ ਦੇ ਸਿਰਾਂ ਉੱਪਰ ਇੰਨੂੰ ਦੀ ਥਾਂ ਹੁਣ ਗੋਲ਼ ਪਗੜੀ ਨੇ ਲੈ ਲਈ ਹੈ। ਬਰਫ਼ ਵਰਗੇ ਚਿੱਟੇ ਵਸਤਰਾਂ ਵਿੱਚ ਉਹ ਸੋਹਣੀਆਂ ਤੇ ਖਾਂਦੇ-ਪੀਂਦੇ ਘਰਾਂ ਦੀਆਂ ਜਾਈਆਂ ਤੇ ਸੁਆਣੀਆਂ ਲਗਦੀਆਂ ਹਨ। ਦਸਤਾਰ ਨੂੰ ਪੱਗ ਕਹੋ ਤਾਂ ਗੁੱਸਾ ਕਰਦੇ ਹਨ, ਜਿਵੇਂ ਮਾਲਵੇ ਦੇ ਲੋਕ ਲੱਸੀ ਤੋਂ ਬਣਾਏ ਖੱਟੇ ਨੂੰ ਦਹੀਂ ਨਾ ਕਹਿਣ ਕਾਰਨ ਨਰਾਜ਼ ਹੋ ਜਾਂਦੇ ਹਨ।
ਕੋਨੇ ਉੱਪਰਲੇ ਸਵਰਾਜ ਦੇ ਏਕੜ ਤੋਂ ਵੱਧ ਥਾਂ ਵਿੱਚ ਬਣੇ ਘਰ ਦੇ ਪਿਛਵਾੜੇ, ਉਹ ਆਪਣੀਆਂ ਕਾਰਾਂ ਪਾਰਕ ਕਰਕੇ ਹਰ ਸਾਲ ਜਲੂਸ ਦੇਖਣ ਚਲੇ ਜਾਂਦੇ ਹਨ। ਉਨ੍ਹਾਂ ਸਵਰਾਜ ਨੂੰ ਵੀ ਨਾਲ ਚੱਲਣ ਲਈ ਕਈ ਵਾਰ ਕਿਹਾ ਸੀ ਪਰ ਪਿਛਲੇ ਕਈ ਸਾਲਾਂ ਤੋਂ ਉਹ ਜਲੂਸ ਦੇਖਣ ਨਹੀਂ ਜਾਂਦਾ। ਹੁਣ ਉਹ ਪ੍ਰਿੰਸੀਪਲ ‘ਜ਼ਖਮੀ’ ਨੂੰ ਉਡੀਕ ਰਿਹਾ ਸੀ। ਇਸ ਕਸਬ ਨੇ ਬੜੇ ਲੋਕਾਂ ਨਾਲ ਮਿਲਾਇਆ। ਉਸ ਨੇ ਸੋਚਿਆ, ਭਰਾਵਾਂ ਵਰਗਾ ਪ੍ਰਿੰਸੀਪਲ ‘ਜ਼ਖਮੀ’ ਵੀ ਇਸ ਹੀ ਕਸਬ ਦੀ ਦੇਣ ਹੈ। ਗਾਹਕ ਤੋਂ ਸ਼ੁਰੂ ਹੋ ਕੇ, ਗਾਹਕੀ ਮਿੱਤਰਤਾ ਵਿੱਚ ਵਟ ਗਈ। ਇਸ ਤਰ੍ਹਾਂ ਹੀ ਮਿਲਿਆ ਛੀਂਬਾ, ਨਰੇਸ਼। ਉਹ ਵੀ ਕਹਿੰਦਾ ਸੀ ਆਊਂਗਾ। ਅਜੇ ਤਕ ਉਹ ਵੀ ਨਹੀਂ ਆਇਆ। ਨਰੇਸ਼ ਦਾ ਬਾਪ ਤੇ ਬਾਪ ਦਾ ਬਾਪ ਦਿੱਲੀ ਵਿੱਚ ਕੱਪੜੇ ਸੀਣ ਦਾ ਕੰਮ ਕਰਦੇ ਸਨ। ਉਸ ਦੇ ਬਾਪ ਦਾ ਬਾਬਾ, ਪਿੰਡ ਦਾ ਮੋਚੀਪੁਣਾ ਕਰਦਾ ਸੀ। ਨਰੇਸ਼ ਪੜ੍ਹ-ਲਿਖਕੇ ਸਾਇੰਸ ਮਾਸਟਰ ਬਣ ਗਿਆ। ਇਸ ਤਰ੍ਹਾਂ ਦਿੱਲੀ ਨੇ ਉਸ ਦੀ ਜਾਤ ਬਦਲ ਦਿੱਤੀ ਜਾਂ ਕਹਿ ਲਉ, ਲੁਕੋ ਦਿੱਤੀ। ਨਰੇਸ਼ ਪੱਗ ਬੰਨ੍ਹ ਕੇ, ਦਾੜ੍ਹੀ-ਮੁੱਛਾਂ ਦੇ ਖਤ ਕੱਢਕੇ ਰੱਖਦਾ ਤੇ ਕਲਫ ਲਾਉਂਦਾ। ਉਸ ਦਾ ਗੋਰਾ ਰੰਗ ਬਦਾਮੀ ਹੋ ਜਾਂਦਾ। ਉਸ ਦਾ ਵੇਸ ਲੋਕਾਂ ਨੂੰ ਜੱਟ ਹੋਣ ਦਾ ਭੁਲੇਖਾ ਪਾਉਂਦਾ। ਬਹੁਤੇ ਤਾਂ ਉਸ ਨੂੰ ਜਾਤ ਪੁੱਛਦੇ ਹੀ ਨਹੀਂ ਸਨ ਤੇ ਜੇਕਰ ਕੋਈ ਪੁੱਛਦਾ ਸੀ ਤਾਂ ਉਹ ਕਹਿ ਦਿੰਦਾ, “ਬੜੀ ਦੇਰ ਤੋਂ ਦਿੱਲੀ ਰਹਿੰਦੇ ਹਾਂ। ਉੱਥੇ ਦਾ ਹੀ ਮੇਰਾ ਜਨਮ ਹੈ। ਬਾਪ-ਦਾਦਾ ਕੱਪੜੇ ਸੀਣ ਦਾ ਕੰਮ ਕਰਦੇ ਸਨ। ਪਾਣੀਪਤ, ਪ੍ਰਿੰਸੀਪਲ ’ਜ਼ਖਮੀ’ ਹੋਰਾਂ ਦੇ ਕਾਲਜ ਵਿੱਚ ਮੈਂ ਸਾਇੰਸ ਮਾਸਟਰ ਸੀ। ਕਿਉਂ ਜੀ, ਮੈਂ ਕੋਈ ਗਲਤ ਕਹਿੰਨਾ?” ਉੱਥੇ ਹੀ ਉਸ ਨੇ ਆਪਣਾ ਗੋਤ ਚਾਵਲਾ ਰੱਖਿਆ ਸੀ। ਨਰੇਸ਼ ਕੁਮਾਰ ਚਾਵਲਾ। ਪਿੰਡ ਨਾ ਉਹ ਕਦੇ ਗਿਆ ਸੀ ਤੇ ਨਾ ਹੀ ਜਾਣ ਦੀ ਕਦੇ ਇੱਛਾ ਜਾਗੀ ਸੀ। ਪਿੰਡੋਂ, ਦਿੱਲੀ ਵਾਲੇ ਘਰ ਆਏ ਪੇਂਡੂਆਂ ਨੂੰ, ਨਾ ਉਹ ਮਿਲਦਾ ਸੀ ਤੇ ਨਾ ਹੀ ਉਨ੍ਹਾਂ ਨੂੰ ਜਾਣਦਾ ਸੀ।
ਨਰੇਸ਼ ਅਕਸਰ ਦੋ ਪੈੱਗ ਲਾ ਕੇ ਕਹਿੰਦਾ, “ਓਏ ਨਾਈਆ, ਤੇਰੀ ਇਹ ਬਾਲਕੋਨੀ ਛੜਿਆਂ ਦੇ ਚੁਬਾਰੇ ਵਰਗੀ ਐ। ਆਉਂਦੀਆਂ-ਜਾਂਦੀਆਂ ‘ਸੰਗਤਾਂ’ ਦੇ ਦਰਸ਼ਣ-ਪਰਸ਼ਣ ਹੁੰਦੇ ਰਹਿੰਦੇ ਐ। ਕਿਉਂ ਜੀ, ਮੈਂ ਕੋਈ ਗਲਤ ਕਹਿਨਾਂ।”
ਆਪਣੇ ਘਰ ਦੇ ਸੰਨਡੈੱਕ ਉੱਪਰ ਸਵਰਾਜ ਨੇ ਫਾਈਬਰ ਗਲਾਸ ਦੀ ਚਿੱਟੀ ਛੱਤ ਪੁਆਈ ਹੋਈ ਸੀ। ਪਾਸੀਂ ਵੱਡ ਆਕਾਰੀ ਸ਼ੀਸ਼ਿਆਂ ਦੀਆਂ ਕੰਧਾਂ ਬਣਾਈਆਂ ਹੋਈਆਂ ਸਨ। ਸਵਰਾਜ ਹੱਸਕੇ ਕਹਿੰਦਾ, “ਚਵਲ਼ ਸਾਬ੍ਹ, ਗਲਾਸ ਖਾਲੀ ਕਰੋ। ਤਿਆਡੀ ਸੇਵਾ ਕਰਨ ਦਾ ਸੁਆਦ ਵੀ ਆਏ। ਫਿਰ ਕਹੋਂਗੇ, ਨਾਈਆਂ ਦੇ ਘਰੋਂ ਸੁੱਕਾ ਆ ਗਿਆਂ।”
“ਯਾਰ, ਕੋਈ ਹੋਰ ਗਾਲ਼ ਕੱਢ ਲੈ। ਜ਼ਖਮਾਂ ’ਤੇ ਨੂਣ ਨਾ ਪਾਇਆ ਕਰ।”
“ਚਵਲ਼ ਜੀ, ਤੁਸੀਂ ਆਪਣਾ ਸਵਾਦ ਲਉ ਤੇ ਮੈਂ ਆਪਣਾ ਮਜ਼ਾ ਕਰਦਾਂ। ਗਲਾਸ ਖਾਲੀ ਕਰੋ।”
ਗੱਲਾਂ ਕਰਦੇ, ਕਰਦੇ ਕਦੇ ਉਹ ਸਿਆਸਤ ਵਿੱਚ ਉਲਝ ਜਾਂਦੇ ਤੇ ਕਦੇ ਖੇਡਾਂ ਅਤੇ ਖਿਡਾਰੀਆਂ ਦੀਆਂ ਕਰਨ ਲੱਗਦੇ। ਕਦੇ ਬਾਬਿਆਂ ਦੀਆਂ ਤੇ ਧਰਮ ਦੀਆਂ।
ਇੱਥੋਂ ਥੋੜ੍ਹੀ ਦੂਰੀ ਉੱਪਰ ਗੁਰਦੁਆਰਾ ਤੇ ਮੰਦਰ ਸਨ। ਓਨੀਂ ਕੁ ਹੀ ਦੂਰ ਮੰਦਰ ਦੇ ਪਿਛਲੇ ਪਾਸੇ ਵੱਲ ਤੇ ਗੁਰਦੁਆਰੇ ਦੇ ਮੋਹਰਲੇ ਪਾਸੇ ਵੱਲ ਦੋ ਕੁ ਬਲਾਕਾਂ ਉੱਪਰ ਪੰਜਾਬੀ ਮਾਰਕਿਟ ਸੀ। ਲੋਕਾਂ ਦੀ ਪੈਦਲ ਆਵਾਜਾਈ ਰਹਿੰਦੀ ਹੀ ਸੀ। ਸ਼ਾਮ ਨੂੰ ਸੜਕ ਦੇ ਦੂਜੇ ਪਾਰ, ਮੋਹਰਲੀ ਪਾਰਕ ਵਿੱਚ ਖੇਲ੍ਹਣ-ਕੁੱਦਣ ਵਾਲਿਆਂ ਦਾ ਤੇ ਉਨ੍ਹਾਂ ਨੂੰ ਦੇਖਣ ਵਾਲਿਆਂ ਦਾ ਮੇਲਾ ਲੱਗਾ ਰਹਿੰਦਾ। ਉਸ ਤੋਂ ਅੱਗੇ ਪਾਰਕ ਦਾ ਹੀ ਕੁਝ ਹਿੱਸਾ ਜੰਗਲਾਤ ਵਜੋਂ ਰਾਖਵਾਂ ਰੱਖਿਆ ਹੋਇਆ ਸੀ, ਜਿਸ ਵਿੱਚ ਦੀ ਬੱਚਿਆਂ ਦੀ ਰੇਲ ਗੱਡੀ ਕੂਕਾਂ ਮਾਰਦੀ ਲੰਘਦੀ। ਗੱਡੀ ਦੀ ਲਾਈਨ ਕਿਤੇ ਸੁਰੰਗ ਵਿਚਦੀ ਲੰਘਦੀ ਤੇ ਕਦੇ ਪਹਾੜੀ ਚੜ੍ਹਦੀ ਸੀ। ਜੰਗਲਾਤ ਵਿੱਚ ਅਸਲੀ ਪੰਛੀਆਂ ਦੇ ਨਾਲ, ਨਾਲ ਕੁਝ ਨਕਲੀ ਜਾਨਵਰ ਵੀ ਬਣਾਏ ਹੋਏ ਸਨ। ਮੋਰ ਦੇ ਕੋਲ ਦੀ ਜਦ ਗੱਡੀ ਲੰਘਦੀ ਤਾਂ ਉਹ ਪਾਇਲ ਪਾਉਣ ਲੱਗਦਾ ਤੇ ਕੂਕਾਂ ਮਾਰਦਾ। ਬਹੁਤ ਤਰ੍ਹਾਂ ਦੇ ਅਸਲੀ-ਨਕਲੀ ਜਾਨਵਰ ਹਨ, ਇਸ ਨਿੱਕੇ ਜਿਹੇ ਜੰਗਲ ਵਿੱਚ। ਗੰਢੇ ਛਿੱਲ ਰਹੇ ਸਵਰਾਜ ਦੀਆਂ ਅੱਖਾਂ ਵਿੱਚ ਉਨ੍ਹਾਂ ਦੀ ਕੁੜੱਤਣ ਨਾਲ ਪਾਣੀ ਆ ਰਿਹਾ ਸੀ।
ਤੇਰੀ ਇਸ ਬਾਲਕੋਨੀ ਵਿੱਚ ਬੈਠਕੇ, ਪ੍ਰਿੰਸੀਪਲ ‘ਜ਼ਖਮੀ’ ਦੇ ਕਹਿਣ ਮੁਤਾਬਕ, ਬੰਦਾ ‘ਦੁਨੀਆਂ ਦੇ ਰੰਗ’ ਦੇਖਦਾ। ਤੈਨੂੰ ਕੀ ਲੋੜ ਪਈ ਐ ਕਿਤੇ ਜਾਣ ਦੀ। ਤੇਰੇ ਇਸ ਚੁਬਾਰੇ ਦੇ ਮੋਹਰਿਉਂ ਦੀ ਸਾਰਾ ਦਿਨ ਰੱਬ ਲੰਘਦਾ। ਕਦੇ ਮਨਮੋਹਣੀਆਂ ਨਾਰਾਂ ਦੇ ਰੂਪ ਵਿੱਚ ਤੇ ਕਦੇ ਫੁੱਟਬਾਲ ਨੂੰ ਕਿੱਕਾਂ ਮਾਰਦੇ, ਦੌੜਦੇ ਭੱਜਦੇ ਤੇ ਗੁੱਥਮ-ਗੁੱਥਾ ਹੁੰਦੇ ਨੌਜੁਆਨਾਂ ਦੇ ਰੰਗ ਵਿੱਚ। ਸਾਲ ਬਾਅਦ ਜਲੂਸ ਵੀ ਤੇਰੇ ਘਰ ਮੋਹਰਿਉਂ ਦੀ ਇੰਝ ਜਾਂਦਾ ਜਿਉਂ ਖੇਤਾਂ ਵਿੱਚ ਧੰਨੇ ਨੂੰ ਰੱਬ ਮਿਲਣ ਆਇਆ ਸੀ।
“ਵਾਹ! ਪ੍ਰਿੰਸੀਪਲ ਸਾਹਬ, ਤੁਸੀਂ ਤਾਂ ਕਮਾਲ ਦਾ ਪ੍ਰਮਾਣ ਦੇਤਾ। ਕਿਉਂ ਜੀ, ਮੈਂ ਕੋਈ ਗਲਤ ਕਹਿੰਨਾਂ।” ਨਰੇਸ਼ ਵਾਹ ਵਾਹ ਕਰ ਉੱਠਿਆ। “ਕਾਨੂੰਨ ਤੇ ਸਾਇੰਸ ਦੋਵੇਂ ਪ੍ਰਮਾਣ ਦਿੰਦੇ ਹਨ ਤੇ ਲੈਂਦੇ ਹਨ। ਪਾਵਾਂ ਤਿਆਨੂੰ ਵੀ। ਮੈਂ ਕੋਈ ਗਲਤ ਕਹਿੰਨਾਂ।” ਨਰੇਸ਼ ਨੇ ਗਲਾਸ ਖਾਲੀ ਕਰ ਬੋਤਲ ਦਾ ਢੱਕਣ ਖੋਲ੍ਹਕੇ, ਬੋਤਲ ਪ੍ਰਿੰਸੀਪਲ ‘ਜ਼ਖਮੀ’ ਵੱਲ ਕੀਤੀ।
ਹੁਣ ਇਸ ਹੀ ਸੜਕ ਉੱਪਰ ਮੰਦਰ ਤੋਂ ਅੱਗੇ ਮਸੀਤ ਵੀ ਬਣ ਰਹੀ ਸੀ।
“ਕਿਤਿਉਂ ਭਿਣਕ ਪਈ ਸੀ ਕਿ ਬੋਧੀਆਂ ਨੇ ਵੀ ਆਪਣਾ ਮੰਦਰ ਬਣਾਉਣ ਲਈ ਇੱਥੇ ਜ਼ਮੀਨ ਲੈ ਰੱਖੀ ਹੈ।” ਸਵਰਾਜ ਨੇ ਇੱਕ ਦਿਨ ਇਸ ਮਹਿਫ਼ਲ ਵਿੱਚ ਰਾਜ਼ ਸਾਂਝਾ ਕੀਤਾ ਸੀ।
ਜਲੂਸ! ਸਵਰਾਜ ਨੇ ਸੋਚਿਆ, ਅੱਗੇ ਲੋਕ ਇਹੀ ਕਹਿੰਦੇ ਸਨ। ਸਾਡੇ ਪਿੰਡਾਂ-ਸ਼ਹਿਰਾਂ ਵਿੱਚ। ਹੈ ਵੀ ਜਲੂਸ। ਆਪਣੀ ਤਾਕਤ ਦਾ ਦਿਖਾਵਾ ਕਰਨਾ। ਕਮਜ਼ੋਰਾਂ ਦਾ ਹੌਸਲਾ ਪਸਤ ਕਰਨ ਲਈ ਤੇ ...। ਪ੍ਰਿੰਸੀਪਲ ‘ਜ਼ਖਮੀ’ ਦੇ ਦੱਸਣ ਮੁਤਾਬਕ ... ਆਪਣੇ ਤੋਂ ਕਮਜ਼ੋਰ ਨੂੰ ਸਜ਼ਾ ਦੇ ਤੌਰ ਉੱਪਰ ਹੁਕਮਰਾਨ ਬਣਕੇ, ਉਸ ਨੂੰ ਬੇਇੱਜ਼ਤ ਕਰਨ ਲਈ; ਉਸ ਦਾ ਹੁਲੀਆ ਵਿਗਾੜਕੇ ਪਿੰਡ ਪਿੰਡ, ਸ਼ਹਿਰ ਦੀ ਗਲੀ, ਗਲੀ ਗਧੇ ਉੱਪਰ ਬਿਠਾਕੇ ਘੁਮਾਉਂਦੇ ਹੁੰਦੇ ਸਨ। ਮੂੰਹ ਕਾਲਾ ਕਰਕੇ, ਉਸ ਦੇ ਗਲ ਵਿੱਚ ਜੁੱਤੀਆਂ-ਛਿੱਤਰਾਂ ਦਾ ਹਾਰ ਪਾ ਦੇਣਾ। ਪਿੱਛੇ ਨਿਆਣੇ ਤੇ ਤਮਾਸ਼ਬੀਨ ਤੋਏ, ਤੋਏ ਕਰਦੇ ਹੋਏ ਤੇ ਵੰਨ ਸੁਵੰਨੇ ਬੋਲ ਕੁਬੋਲ ਬੋਲਦੇ ਜਾਂਦੇ ਹੁੰਦੇ ਸਨ। ਮੁਜਰਿਮ ਨੂੰ ਤੰਗ ਕਰਦੇ ਸਨ। ਉਸ ਦਾ ਚੰਗੀ ਤਰ੍ਹਾਂ ਜਲੂਸ ਕੱਢਦੇ ਸਨ। ਜਲੂਸ ਕੱਢਿਆ ਹੀ ਚੰਗੀ ਤਰ੍ਹਾਂ ਜਾਂਦਾ ਹੈ।
ਕੈਨੇਡਾ ਦੇ ਸ਼ੌਕੀਆ ਬਣੇ ਨਿਹੰਗ ਸਿੰਘਾਂ ਦੀ ਝਾਕੀ ਜਾ ਰਹੀ ਸੀ ਗਤਕਾ ਖੇਲ੍ਹਦੀ। ਉਨ੍ਹਾਂ ਦੇ ਚੋਲ਼ਿਆਂ ਨੂੰ ਹੁਣ ਦੇ ਜੰਮੇ ਜੁਆਕ ‘ਫਰਾਕਾਂ ਵਾਲੇ ਟਪੂਸੀ ਮਾਰ ਬਾਬਾ ਜੀ’ ਹੀ ਦੱਸਦੇ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ, ਇਹ ’ਟਪੂਸੀ ਮਾਰ ਬਾਬੇ’ ਭਾਈ ਜੈਤਾ ਦੀ ਪ੍ਰਤੀਨਿੱਧਤਾ ਕਰ ਰਹੇ ਹਨ। ਜਿਸ ਨੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲਿਆਂਦਾ ਸੀ। ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, “ਰੰਗਰੇਟਾ, ਗੁਰੂ ਕਾ ਬੇਟਾ।” ਬਾਅਦ ਵਿੱਚ ਉਸ ਨੇ ਅੰਮ੍ਰਿਤ ਛਕਿਆ ਤੇ ਭਾਈ ਜੀਵਨ ਸਿੰਘ ਦੇ ਨਾਂ ਨਾਲ ਮਸ਼ਹੂਰ ਹੋਇਆ। ਹੁਣ ਜੱਟ ਦੂਜੀਆਂ ਜਾਤਾਂ ਵਾਲਿਆਂ ਨੂੰ ਲਾਗੇ ਨਹੀਂ ਲੱਗਣ ਦਿੰਦੇ। ਇਸੇ ਕਰਕੇ ਅਗਲਿਆਂ ਨੇ ਆਪਣੇ ਵੱਖਰੇ ਗੁਰਦੁਆਰੇ ਬਣਾ ਲਏ। ਬੱਸ! ਜੱਟ ਈ ਜੱਟ ਹੋਈ ਪਈ ਐ। ਬੰਦਾ ਤੇ ਨਾ ਹੀ ਬੰਦੇ ਦਾ ਪੁੱਤਰ ਇਨ੍ਹਾਂ ਨੇ ਕੋਈ ਰਹਿਣ ਦਿੱਤਾ। ਰਹਿੰਦੀ ਕਸਰ ਪੰਜਾਬੀ ਦੇ ਰੇਡੀਓ-ਟੈਲੀਵੀਯਨ ਅਤੇ ਫਿਲਮਕਾਰਾਂ ਨੇ ਕੱਢ ਦਿੱਤੀ ਹੈ। ਸਰਦਾਰ ਹੀ ਸਰਦਾਰ ਹੁੰਦੀ ਹੈ। ਇਸ ਕਰਕੇ ਹੀ ਸ਼ਾਇਦ ਨਿੱਤ ਦਿਹਾੜੇ ਗੁਰਧਾਮਾਂ ਉੱਪਰ ਅਤੇ ਸਿਆਸੀ ਪਾਰਟੀਆਂ ਵਿੱਚ ਜੁੱਤੀ ਖੜਕਦੀ ਹੈ। ਦੋਵੇਂ ਹੀ ਹਊਮੈਂ ਤੇ ਲਾਲਚ ਦੇ ਡੰਗ ਨਾਲ ਡੰਗੇ ਪਏ ਹਨ। ਹਊਮੈਂ ਤੇ ਲਾਲਚ ਤੋਂ ਬਿਨਾਂ ਲੜਾਈ ਦਾ ਕੋਈ ਕਾਰਨ ਸ਼ਾਇਦ ਹੀ ਹੋਵੇ। ਅਖਬਾਰਾਂ ਵਿੱਚ ਜਦ ਖਬਰਾਂ ਛਪਦੀਆਂ ਹਨ, ਗੁਰਦੁਆਰਿਆਂ ਵਿੱਚ ਹੁੰਦੀ ਲੜਾਈ ਦੀਆਂ ਤਾਂ ਸਧਾਰਣ ਆਦਮੀ ਨੂੰ ਸ਼ਰਮ ਆਉਂਦੀ ਹੈ। ਅਖ਼ਬਾਰਾਂ ਦੀ ਖ਼ਬਰ ਦੂਰ ਦੀ ਗੱਲ ਹੈ, ਹੁਣ ਤਾਂ ‘ਨੈੱਟ’ ਰਾਹੀਂ ਨਾਲ ਦੀ ਨਾਲ ਲਾਈਵ ਸ਼ੋਅ ਨਸ਼ਰ ਹੁੰਦਾ ਹੈ। ਸਧਾਰਨ ਆਦਮੀ ਕੀ ਜਵਾਬ ਦੇਵੇ ਆਪਣੇ ਗੋਰੇ, ਚੀਨੇ, ਤੇ ਕਾਲ਼ੇ ਸਹਿਕਾਮਿਆਂ ਨੂੰ; ਬੱਸ, ਟਰੇਨ ਵਿੱਚ ਸਫਰ ਕਰ ਰਹੀ ਸੁਆਰੀ ਨੂੰ - ਜਿਸ ਨੂੰ ਵਿਚਲੀ ਗੱਲ ਦਾ ਪਤਾ ਨਹੀਂ ਹੁੰਦਾ, ਧਾਰਮਿਕ ਥਾਂਵਾਂ ਉੱਪਰ ਕਿਉਂ ਲੜਾਈਆਂ ਹੁੰਦੀਆਂ ਹਨ? ਇਹ ਤਾਂ ਲੜਨ ਵਾਲੀਆਂ ਥਾਂਵਾਂ ਹੀ ਨਹੀਂ ਹਨ, ਫਿਰ ਇਹ ਲੜਾਈਆਂ ਕਿਉਂ?
ਗੰਢੇ ਬਾਅਦ ਗੰਢਾ ਛਿੱਲ ਹੋ ਰਿਹਾ ਸੀ। ਅਜੇ ਸਵਰਾਜ ਨੇ ਅਧਰਕ ਤੇ ਲਸਣ ਦੁਆਲੇ ਹੋਣਾ ਸੀ। ਨਾਸਾਂ ਵਿੱਚੋਂ ਗੰਢਿਆਂ ਦੀ ਕੁੜੱਤਣ ਨੇ ਪਾਣੀ ਵਗਣ ਲਾ ਦਿੱਤਾ। ਉਸ ਨੇ ਆਪਣੀਆਂ ‘ਤਲਵਾਰ ਮਾਰਕਾ’ ਮੁੱਛਾਂ ਪੂੰਝੀਆਂ।
ਹੁਣ, ਦੋ ਕੁ ਦਹਾਕਿਆਂ ਤੋਂ ਜਲੂਸ ਨੂੰ ‘ਨਗਰ ਕੀਰਤਨ’ ਕਹਿਣ ਲੱਗ ਪਏ ਹਨ ਪਰ ਇਸਦੀ ਅੰਤਰ ਵਿਚਾਰਧਾਰਾ ਉਹੀ ਹੈ, ਪਹਿਲਾਂ ਵਾਲੀ, ਜਦੋਂ ਰਾਜੇ-ਰਾਣਿਆਂ ਨੂੰ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਪੈਂਦਾ ਸੀ। ਇਸ ਨੂੰ ਧਾਰਮਿਕ ਰੰਗ ਦੇਣ ਲਈ ਹੁਣ ‘ਨਗਰ ਕੀਰਤਨ’ ਸ਼ਬਦ ਨੂੰ ਪ੍ਰਚਾਰਿਆ ਜਾ ਰਿਹਾ ਹੈ। ਅਰਥਚਾਰੇ ਦੇ ਸੰਕਟ ਨੂੰ ਛੁਪਾਉਣ ਵਿੱਚ ਧਰਮ ਆਪਣਾ ਹਿੱਸਾ ਪਾ ਰਿਹਾ ਹੈ। ਲੋਕਾਂ ਨਾਲ ਬਦਮਾਸ਼ੀ ਹੋ ਰਹੀ ਹੈ। ਜਿਸ ਗੁਰਦੁਆਰੇ ਦਾ ਜ਼ੋਰ ਹੈ ਸਿਟੀਹਾਲ ਵਿੱਚ, ਉਸ ਨੂੰ ‘ਜਲੂਸ’ ਕੱਢਣ ਦੀ ਆਗਿਆ ਮਿਲ ਜਾਂਦੀ ਹੈ, ਜਿਸ ਗੁਰਦੁਆਰੇ ਕੋਲ ਇਹ ਤਾਕਤ ਨਹੀਂ ਹੈ, ਉਸ ਕੋਲ ਜਲੂਸ ਕੱਢ ਸਕਣ ਦਾ ‘ਸ਼ਾਹੀ ਫੁਰਮਾਨ’ ਵੀ ਨਹੀਂ ਹੈ। ਬੀ ਸੀ ਦਾ ਹੀ ਸਰ੍ਹੀ ਸ਼ਹਿਰ ਹੈ। ਕਈ ਗੁਰਦੁਆਰੇ ਹਨ ਇੱਥੇ ਪਰ ਜਲੂਸ ਸਾਰੇ ਗੁਰਦੁਆਰਿਆਂ ਨੂੰ ਨਹੀਂ ਕੱਢਣ ਦਿੰਦੇ ਸਿਟੀ ਵਾਲੇ। ਲੋਕ ਕਹਿੰਦੇ ਹਨ, ਉਸ ਦਿਨ ਹਜ਼ਾਰਾਂ-ਲੱਖਾਂ ਦੀ ਆਮਦਨ ਹੁੰਦੀ ਹੈ ਗੁਰਦੁਆਰੇ ਨੂੰ। ਉਸ ਦਾ ਧਿਆਨ ਗੰਢੇ ਦੀ ਕੁੜੱਤਣ ਵੱਲ ਹੋ ਗਿਆ। ਉਸ ਦੇ ਮੂੰਹੋਂ ਸੁਭਾਵਿਕ ਹੀ ਗਾਲ੍ਹ ਨਿਕਲੀ, ‘ਹਜੇ ਤਾਂ ਛਿੱਲ ਹੀ ਲਾਹੀ ਐ. ... ਨਾਸੀਂ ਧੂੰਆਂ ਲਿਆਤਾ। ਜਦ ਕੱਟੇ ਤਾਂ ਪਤਾ ਨੀਂ ਕੀ ਬਣੂਗਾ।’
ਪ੍ਰਿੰਸੀਪਲ ਜ਼ਖਮੀ ਇੱਕ ਦਿਨ ਵਾਲ ਕਟਾਉਣ ਆਇਆ ਤਾਂ ਗੱਲਾਂ ਤੁਰ ਪਈਆਂ। ਉਦੋਂ ਪਤਾ ਲੱਗਾ ਕਿ ਉਹ ਜਾਤ ਦਾ ਝੀਰ ਐ। ਹੈ ਅਣਖੀ ਬੰਦਾ। ਕਹਿੰਦਾ, “ਯਾਰ ਸਵਰਗ ਵਿੱਚ ਆ ਗਏ ਹਾਂ। ਨਹੀਂ ਤਾਂ ਸਾਰੀ ਉਮਰ ਖੈਰਾਤ ਵਿੱਚ ਮਿਲੀ ਨੌਕਰੀ ਵਿੱਚ ਬੀਤ ਜਾਣੀ ਸੀ। ਗੱਲ, ਗੱਲ ’ਤੇ ਨਾਲ ਕੰਮ ਕਰਨ ਵਾਲੇ ਸੁਣਾਉਂਦੇ ਰਹਿੰਦੇ ਸਨ। ਸਾਡਾ ਜੰਮਣਾ, ਕਾਹਦਾ ਜੰਮਣਾ। ਜੰਮਣਾ ਗੋਰਿਆਂ ਦੇ ਮੁਲਖਾਂ ਵਿੱਚ ਜਾਂ ਫਿਰ ਇਨ੍ਹਾਂ ਨਿੱਕੀਆਂ ਮੋਟੀਆਂ ਜਾਤਾਂ ਦੇ ਘਰੀਂ। ਨੌਕਰੀ ਇਨ੍ਹਾਂ ਨੂੰ ਪਹਿਲਾਂ ਮਿਲਣੀ, ਤਰੱਕੀ ਇਨ੍ਹਾਂ ਨੂੰ ਪਹਿਲਾਂ ਮਿਲਣੀ। ਕਿਸੇ ਨੂੰ ਚੂੜ੍ਹਾ ਕਹਿ ਦਿਉ ਤਾਂ ਕੈਦ ਹੋ ਜਾਂਦੀ ਹੈ, ਸਾਨੂੰ ਜੋ ਮਰਜ਼ੀ ਉਹ ਕਹੀ ਜਾਣ। ਆਪਸ ਵਿੱਚ ਜਿਵੇਂ ਮਰਜ਼ੀ ਚੂੜ੍ਹਾ, ਚੂੜ੍ਹਾ ਕਰਦੇ ਫਿਰਨ। ਹੋਰ ਤਾਂ ਹੋਰ ਯਾਰ ਪੰਜਾਂ ਪਿਆਰਿਆਂ ਵਿੱਚ ਜਗਨ ਨਾਥ ਪੁਰੀ ਤੋਂ ਹਿੰਮਤ ਰਾਏ, ਅਮ੍ਰਿਤ ਛੱਕ ਕੇ ਜੋ ਹਿੰਮਤ ਸਿੰਘ ਬਣਿਆ, ਉਹ ਸਾਡੀ ਬਰਾਦਰੀ ਦਾ ਸੀ। ਸਾਡੇ ਪਿੰਡ ਵਿੱਚ ਮੇਰੇ ਬਾਪੂ ਜੀ ਨੂੰ ਕਦੇ ਜਲੂਸ ਵਿੱਚ ‘ਪੰਜ ਪਿਆਰਾ’ ਨਹੀਂ ਸੀ ਬਣਨ ਦਿੱਤਾ। ਨਾਲੇ ਪੂਰੇ ਸਿੰਘ ਸਨ, ਅੰਮ੍ਰਿਤਧਾਰੀ। ਬੱਸ! ਜ਼ੋਰ ਸੀ ਜੱਟਾਂ ਦਾ। ਸਭ ਜ਼ੋਰ ਦੀਆਂ ਗੱਲਾਂ। ਕੱਲ੍ਹ ਨੂੰ ਦੂਜੇ ਧਰਮਾਂ ਨੇ ਵੀ ਆਪਣਾ ਜ਼ੋਰ ਵਧਾਉਣ ਲਈ ਧਰਮ ਪ੍ਰਚਾਰ ਕਰਨਾ ਹੈ। ਉਨ੍ਹਾਂ ਨੂੰ ਵੀ ਬਰਾਬਰ ਦਾ ਹੱਕ ਹੈ। ਹੈ ਕਿ ਨਹੀਂ। ਉਨ੍ਹਾਂ ਨੂੰ ਵੀ ਜਲੂਸ ਕੱਢਣ ਦੀ ਲੋੜ ਪਊਗੀ। ਧਾਰਮਿਕ ਭਾਵਨਾਵਾਂ ਦੇ ਨਾਂ ਹੇਠ। ਗਣਪਤ ਬਾਬਾ ਮੋਰੀਆ ... ਕਈ ਧਾਰਮਿਕ ਰਸਮਾਂ ਇੱਥੇ ਦੇ ਪਾਣੀ ਨੂੰ ਵੀ ਪਰਦੂਸ਼ਤ ਕਰਨਗੀਆਂ। ਇੱਕ ਦਿਨ ‘ਸ਼ੁੱਭ ਰੱਥ ਯਾਤਰਾ’ ਵੀ ਧਾਰਮਿਕ ਮੰਗ ਬਣੇਗੀ। ਉਨ੍ਹਾਂ ਦੇ ਵੀ ਧਾਰਮਿਕ ਜਜ਼ਬਾਤ ਹਨ। ਫਿਰ ਮੁਸਲਮਾਨਾਂ ਦੀ ਵਾਰੀ ਆਵੇਗੀ। ਉਦੋਂ ਵੀ ਟਰੈਫਿਕ ਵਿੱਚ ਵਿਘਨ ਪਊਗਾ। ਜ਼ਮੀਨ ਉੱਪਰ ਪ੍ਰਦੂਸ਼ਨ ਵਧੇਗਾ। ਉਦੋਂ ਵੀ ਆਲੇ ਦੁਆਲੇ ਦੇ ਘਰਾਂ ਦੇ ਵਸਨੀਕਾਂ ਨੂੰ ਬੇਆਰਾਮੀ ਦਾ ਸਾਹਮਣਾ ਕਰਨਾ ਪਵੇਗਾ। ਉਦੋਂ ਵੀ ਵਾਧੂ ਪੁਲੀਸ ਫੋਰਸ ਦੀ ਲੋੜ ਪਵੇਗੀ। ਲੋਕ ਕੰਮਾਂ ਤੋਂ ਗੈਰਹਾਜ਼ਰ ਹੋਣਗੇ ...।”
ਸਵਰਾਜ ਦਾ ਧਿਆਨ ਮੁੜ ਗੰਢੇ ਵੱਲ ਹੋਇਆ ਤੇ ਤਿਲਕਦੇ ਜਾਂਦੇ ਗੰਢੇ ਨੂੰ ਉਸਨੇ ਮਜ਼ਬੂਤੀ ਨਾਲ ਫੜਿਆ। ਗੰਢੇ ਨੂੰ ਕੱਟਣਾ ਵੀ ਕਲਾ ਹੈ। ਬੇਧਿਆਨੀ ਨਾਲ ਕੱਟ-ਵੱਢ ਕਰਦੇ ਸਮੇਂ ਖੂਨ ਵੀ ਨਿਕਲ ਸਕਦਾ। ਉਸ ਨੇ ਅੱਖਾਂ ਦਾ ਪਾਣੀ ਪੂੰਝਿਆ। ਜੇ ਕੌੜੇ ਹਨ ਤਾਂ ਕੀ ਹੋਇਆ।
“ਜਲੂਸ ਤਾਂ ਮੰਨਿਆ ਪਰ ਆਹ ‘ਨਗਰ ਕੀਰਤਨ’ ਦੀ ਕੀ ਤੁਕ ਹੋਈ ...?” ਦੁਕਾਨ ਵਿੱਚ ਬੈਠਿਆਂ ਵਿੱਚੋਂ ਕਿਸੇ ਨੇ ਸ਼ਰਾਰਤ ਨਾਲ ਸਵਾਲ ਕੀਤਾ ਸੀ।
ਹੋਰ ਵੀ ਕਈ ਜੱਟਾਂ-ਸਰਦਾਰਾਂ ਦੇ ਮੁੰਡੇ ਮੇਰੀ ਦੁਕਾਨ ਉੱਪਰ ਉਸ ਦਿਨ ਦਾੜ੍ਹੀ ਨੂੰ ਨ੍ਹੇਰਨਾ ਫਰਵਾਉਣ ਤੇ ਖਤ ਕਢਾਉਣ ਲਈ ਬੈਠੇ ਹੋਏ ਸਨ। ਉਨ੍ਹਾਂ ਮੁੰਡਿਆਂ ਵਿੱਚੋਂ ਕੋਈ ਨਾ ਬੋਲਿਆ। ਸਵਰਾਜ ਦੇ ਮਨ ਵਿੱਚ ਸੀ ਕਿ ਹੁਣ ਗਰਮਾ-ਗਰਮ ਬਹਿਸ ਹੋਵੇਗੀ।
ਪ੍ਰਿੰਸੀਪਲ ਜ਼ਖਮੀ ਨੇ ਆਪਣੀ ਗੱਲ ਜਾਰੀ ਰੱਖੀ, “... ਕੀਰਤਨ, ਸੰਸਕ੍ਰਿਤ ਦਾ ਸ਼ਬਦ ਹੈ ਤੇ ਇਸਦਾ ਮਹੱਤਵ ਬਹੁਤ ਸਾਰੇ ਧਰਮਾਂ ਤੇ ਸੰਪਰਦਾਵਾਂ ਵਿੱਚ ਹੈ। ਸਾਡੇ ਧਰਮ ਵਿੱਚ ਜਦ ਬੰਦੇ ਦੀ ਆਤਮਾ ਰੱਬ ਨਾਲ ਇਕਸੁਰ ਹੋਣਾ ਲੋਚਦੀ ਹੈ ਤਾਂ ਕੀਰਤਨ ਉਸ ਦਾ ਸਭ ਤੋਂ ਉੱਤਮ ਜ਼ਰੀਆ ਹੈ। ਕੀਰਤਨ ਨਾਲ ਇਕਸੁਰਤਾ ਸੌਖੀ ਪਰਾਪਤ ਹੁੰਦੀ ਹੈ। ਲਿਵ ਲਗਦੀ ਹੈ ਤਾਂ ਮਨ ਸ਼ਾਂਤ ਹੁੰਦਾ ਹੈ। ਨਗਰ ਕੀਰਤਨ ਵਿੱਚ ਜੋ ਕੁਝ ਹੁੰਦਾ, ਉਸ ਨਾਲ ਤਾਂ ਤੁਸੀਂ ਆਪ ਸਿਆਣੇ ਹੋ, ਕੀ ਕੁਝ ਹੁੰਦਾ ਹੈ। ਸਪਸ਼ਟ ਨੂੰ ਪ੍ਰਮਾਣ ਕੀ! ਮੇਲਾ ਬਣਾ’ਤਾ ਧਰਮ ਨੂੰ ਧਾਰਮਿਕ ਪ੍ਰਚਾਰ ਦੇ ਨਾਂ ਹੇਠ। ਮੇਰੇ ਵਿਚਾਰ ਅਨੁਸਾਰ ਪ੍ਰਚਾਰ ਤਾਂ ‘ਮੰਡੀ ਦੀ ਸ਼ੈਅ’ ਦਾ ਹੀ ਹੋ ਸਕਦਾ, ਜਿਸ ਨੂੰ ਵੇਚਣਾ ਤੇ ਮੁਨਾਫਾ ਕਮਾਉਣਾ ਹੁੰਦਾ ਹੈ। ਗੁਰਦੁਆਰੇ ਵੀ ਬਹੁਤ ਸਾਰੇ ਨਿੱਜੀ ਅਦਾਰਿਆਂ ਨਾਲ ਸਬੰਧਤ ਨੇ ਤੇ ਹਿੱਸੇਦਾਰਾਂ ਦੀਆਂ ਜਾਇਦਾਦਾਂ ਬਣੇ ਹੋਏ ਨੇ।”
“ਮਰੋ ਉਏ ਤਿਆਡੀ। ... ਲੈ! ਉਹੀ ਗੱਲ ਹੋਣ ਲੱਗੀ ਸੀ ਉਂਗਲ ਨਾਲ।” ਲਸਣ ਕੱਟਦਾ ਸਵਰਾਜ ਸੋਚਾਂ ਵਿੱਚੋਂ ਨਿਕਲਕੇ ਬੁੜ੍ਹਕਿਆ।
ਬਾਹਰ ਕੋਈ ਆਇਆ, ਉਸ ਨੂੰ ਲੱਗਾ। ਸ਼ਾਇਦ ਕੋਈ ਜਲੂਸ ਦੇਖਣ ਆਇਆਂ ਵਿੱਚੋਂ ਹੀ ਹੋਵੇ। ਦਰਵਾਜ਼ਾ ਘਰ ਦੇ ਕਿਸੇ ਜੀਅ ਨੇ ਖੋਲ੍ਹ ਦਿੱਤਾ ਸੀ। ਸਿਆਸਤਦਾਨ ਆ ਜਾਂਦੇ ਹਨ। ਉਸ ਨੇ ਆਪਣੇ ਮਨ ਨਾਲ ਗੱਲ ਕੀਤੀ। ਉਨ੍ਹਾਂ ਨੂੰ ਆਪਣਾ ਪ੍ਰਚਾਰ ਕਰਨ ਲਈ, ਬਣੀ ਬਣਾਈ ਸਟੇਜ ਮਿਲ ਜਾਂਦੀ ਹੈ। ਲੋਕ, ਵੱਖਰੇ ਧਰਮ ਦੇ ਲੀਡਰਾਂ ਦੀ ਆਪਣੇ ਧਰਮ ਨਾਲ ਧਾਰਮਿਕ ਸਾਂਝ ਦੇਖਕੇ ਨਿਹਾਲ ਹੋ ਜਾਂਦੇ ਹਨ। ‘ਵੱਖ-ਸਥਾਨ’ ਦੇ ਨਾਅਰੇ ਅਲੱਗ ਲੱਗਦੇ ਹਨ ‘ਨਗਰ ਕੀਰਤਨ’ ਦੇ ਨਾਂ ਹੇਠ। ਕੀ ਇਹ ਹੀ ਕੀਰਤਨ ਹੈ? ਜਿਸ ਨੂੰ ਕਰਕੇ, ਸੁਣਕੇ ਦੁਨੀਆਵੀ ਜੀਵ ਦੀ ਆਤਮਾ, ਪ੍ਰਮਾਤਮਾ ਨਾਲ ਇੱਕ ਸੁਰ ਹੋਣਾ ਲੋਚਦੀ ਹੈ; ਸਕੂਨ ਭਾਲਦੀ ਨੇ, ਭਟਕਦੀ ਨੇ ਸ਼ਾਂਤ ਹੋਣਾ ਹੈ। ਇਸਦਾ ਕੀ ਸੁਮੇਲ ਹੋਇਆ ਕੀਰਤਨ ਦੀ ਪ੍ਰੀਭਾਸ਼ਾ ਨਾਲ?
ਸੋਚਾਂ ਵਿੱਚ ਪਿਆ ਆਦਮੀ ਸਮੇਂ ਤੇ ਕੰਮ ਤੋਂ ਅਵੇਸਲਾ ਜ਼ਰੂਰ ਹੋ ਜਾਂਦਾ ਪਰ ਬੇਧਿਆਨ ਨਹੀਂ ਹੁੰਦਾ। ਸਵਰਾਜ ਨੂੰ ਪਤਾ ਹੀ ਨਾ ਲੱਗਾ ਕਦੋਂ ਉਸ ਨੇ ਗੰਢੇ, ਅਧਰਕ ਤੇ ਲਸਣ ਕੱਟਕੇ ਬੱਕਰੇ ਦੇ ਮੀਟ ਨੂੰ ਤੁੜਕਾ ਲਾਉਣਾ ਸ਼ੁਰੂ ਕਰ ਦਿੱਤਾ ਸੀ।
ਇੱਕ ਵਾਰ ਕੋਈ ਮੁਸਲਮਾਨ ਵਿਸਾਖੀ ਦੇ ਨੇੜੇ ਸਵਰਾਜ ਤੋਂ ਹਜਾਮਤ ਕਰਾਉਣ ਆਇਆ ਗਿਲਾ ਕਰ ਗਿਆ, “ਵਿਸਾਖੀ ਦਾ ਤਿਉਹਾਰ, ਸਾਰੇ ਪੰਜਾਬੀਆਂ ਦਾ ਸਾਂਝਾ ਸੀ। ਸਿੱਖਾਂ ਨੇ ਇਸ ਨੂੰ ਧਾਰਮਿਕ ਰੰਗਤ ਦੇ ਕੇ ’ਹਾਈਜੈੱਕ’ ਕਰ ਲਿਆ, ਨਈ?”
ਉਹ ਉੱਠਿਆ ਤੇ ਸੋਚਿਆ, “ਅੱਜ ਦੀ ਭਾਸ਼ਾ ਵਿੱਚ ‘ਨਗਰ ਕੀਰਤਨ’ ਦੇਖਣ ਆਇਆਂ ਨੇ, ਸੁਣਨ ਵਾਲੀ ਚੀਜ਼ ਹੁਣ ਪੂੰਜੀ ਪੂਜਕਾਂ ਨੇ ਦੇਖਣ ਵਾਲੀ ਬਣਾ ਦਿੱਤੀ ਹੈ। ਹੈ ਨਾ ਸਰਮਾਏ ਦਾ ਕਮਾਲ?”
ਲੋਕ ਜਲੂਸ ਵੱਲ ਆ ਜਾ ਰਹੇ ਸਨ। ਉਨ੍ਹਾਂ ਨੇ ਆਪਣੇ ਝੋਲਿਆਂ ਵਿੱਚ ਸਿੱਖ ਧਰਮ ਦੇ ਸੇਵਕਾਂ ਤੇ ਹੋਰ ਕਾਰੋਬਾਰੀ ਅਦਾਰਿਆਂ ਤੋਂ ਮਿਲੀਆਂ ਖਾਣ-ਪੀਣ ਤੇ ਵਰਤਣ ਵਾਲੀਆਂ ਚੀਜ਼ਾਂ ਪਾਈਆਂ ਹੋਈਆਂ ਸਨ। ਹੁਣ ਉਹ ਖੁਸ਼ ਹੋਣਗੇ ਕਿ ਮੁਫਤ ਵਿੱਚ ਕਿੰਨਾ ਕੁਛ ਮਿਲ ਗਿਆ! ਛੋਲੇ-ਪੂਰੀਆਂ, ਸਮੋਸੇ ਤੇ ਹੋਰ ਨਿਕ-ਸੁਕ ਛਕਕੇ ‘ਸੰਗਤ’ ਖੁਸ਼ ਹੋਈ ਹੋਵੇਗੀ। ਲੋਕ ਮੁਫਤ ਵਿੱਚ ਖਾ-ਪੀ ਕੇ ਖੁਸ਼ ਰਹਿੰਦੇ ਹਨ। ਅੱਜ ਬਹੁਤ ਭੀੜ ਸੀ। ਖਲਕਤ ਹੁੱਬ ਹੁੱਬਕੇ ਗੱਲਾਂ ਕਰੇਗੀ। ਜਦ ਭੀੜ ਖੁਸ਼ ਹੁੰਦੀ ਹੈ ਤਾਂ ਮੇਲਾ, ਮੇਲੀਆਂ ਦਾ ਬਣਦਾ ਹੈ। ਗੁਰਦੁਆਰੇ ਦੇ ਮਾਲਕ ਤੇ ਚਾਲਕ ਵੀ ਖੁਸ਼ ਹੋਣਗੇ। ਕਈ ਹਜ਼ਾਰ ਡਾਲਰ ਚੜ੍ਹਾਵੇ ਦੇ ਬਣਨ ਨਾਲ। ਗੁਰਦੁਆਰੇ ਨਿੱਜੀ ਜਾਇਦਾਦ ਬਣ ਰਹੇ ਹਨ। ਵੋਟਾਂ ਵਿੱਚ ਹਾਰਿਆ ਹੋਇਆ ਧੜਾ ਬਹੁਤੀ ਵਾਰ ਨਵਾਂ ਗੁਰਦੁਆਰਾ ਬਣਾ ਲੈਂਦਾ ਹੈ। ਧਰਮ ਅੱਜ ਦੀ ਤਾਰੀਖ ਵਿੱਚ ਵਪਾਰ ਹੈ। ਪਹਿਲਾਂ ਡੇਰੇ ਧਾਰਮਿਕ ਪ੍ਰਚਾਰ ਕਰਦੇ ਸਨ। ਕੁਝ ਲੋਕਾਂ ਨੇ ਸੋਚਿਆ ਧਰਮ ਡੇਰਿਆਂ ਵਿੱਚ ਕੈਦ ਹੈ। ਉਸ ਦਾ ਲਾਹਾ ਮਹੰਤ ਲੈ ਰਹੇ ਹਨ। ਡੇਰਿਆਂ ਤੋਂ ਧਰਮ ਆਜ਼ਾਦ ਕਰਾਇਆ ਗਿਆ। ਹੁਣ ਵਿਕਸਤ ਦੇਸ਼ਾਂ ਵਿੱਚ ਗੁਰਦੁਆਰੇ ਡੇਰਿਆਂ ਦਾ ਰੂਪ ਧਾਰਨ ਕਰ ਰਹੇ ਹਨ।
ਬੱਕਰੇ ਦਾ ਮੀਟ ਤਿਆਰ ਸੀ। ਸਵਰਾਜ ਨੂੰ ਉਸ ਦੇ ਬੱਚਿਆਂ ਨੇ ਆ ਕੇ ਅੰਗਰੇਜ਼ੀ ਵਿੱਚ ਕਿਹਾ, “ਡੈਡੀ, ਮੀਟ ਸਮਿੱਲ ਬਹੁਤ ਵਧੀਆ ਕਰ ਰਿਹਾ। ਸਾਡੀ ਭੁੱਖ ਚਮਕਾ ਤੀ ਇਹਦੀ ਮਹਿਕ ਨੇ।”
ਸਵਰਾਜ ਦੇ ਬਣਾਏ ਮੀਟ ਨੂੰ ਸਭ ਰਿਸ਼ਤੇਦਾਰ ਤੇ ਦੋਸਤ-ਮਿੱਤਰ ਖੁਸ਼ ਹੋ ਕੇ ਖਾਂਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਸਵਰਾਜ ਵਰਗਾ ਸੁਆਦ ਮੀਟ ਕੋਈ ਹੋਰ ਨਹੀਂ ਬਣਾ ਸਕਦਾ। ਬੱਚੇ ਮੀਟ ਖਾਣ ਬੈਠ ਗਏ।
ਮੇਜ਼ ਉੱਪਰ ਨਸ਼ੇ ਦੀ ਬੋਤਲ, ਗਲਾਸ, ਨੁਕਲ ਤੇ ਪਾਣੀ ਦਾ ਜੱਗ, ਜਿਗਰੀ ਮਿੱਤਰਾਂ ਦੀ ਉਡੀਕ ਕਰ ਰਹੇ ਸਨ। ਆਪਣੀ ਉਡੀਕ ਦੀ ਸ਼ਿੱਦਤ ਨੂੰ ਘੱਟ ਕਰਨ ਦੇ ਇਰਾਦੇ ਨਾਲ ਸਵਰਾਜ ਨੇ ਘਰ ਦੀ ਕੱਢੀ ਦਾ ਡਰਿੰਕ ਪਾਇਆ ਤੇ ਸੜਕ ਉੱਪਰ ਜਾ ਰਹੇ ਜਲੂਸ ਨੂੰ ਦੇਖਿਆ। ਫਿਰ ਆਪਣੇ ਘਰ ਦੇ ਖੱਬੇ ਪਾਸੇ ਵਾਲੀ ਸੜਕ ਨੂੰ ਦੇਖਿਆ, ਜਿੱਧਰ ਦੀ ਉਸ ਦੇ ਦੋਸਤਾਂ ਨੇ ਆਉਣਾ ਸੀ।
ਸਵਰਾਜ ਦਾ ਘਰ ਕੋਨੇ ਉੱਪਰ ਸੀ। ਘਰ ਦੇ ਮੋਹਰੇ ਅਤੇ ਪਾਸੇ ਨਾਲ ਜਾਂਦੀ ਸੜਕ ਦੇ ਉੱਪਰ ਕਾਰਾਂ ਦੀ ਲਾਈਨ ਦੇ ਬਰੋਬਰ ਸਾਈਕਲ ਚਲਾਉਣ ਵਾਲਿਆਂ ਲਈ ਵੱਖਰੀ ਲਾਈਨ, ਚਿੱਟੀ ਲਕੀਰ ਖਿੱਚਕੇ ਬਣਾਈ ਹੋਈ ਸੀ। ਫਿਰ ਛੋਟੀ ਜਿਹੀ ਸੀਮਿੰਟ ਦੀ ਬੰਨੀ ’ਤੇ ਉਸ ਦੇ ਨਾਲ ਹਰੇ ਘਾਹ ਦੀ ਚਾਦਰ ਵਿਛਾਈ ਹੋਈ ਹੈ। ਵਿੱਚ ਵਿੱਚ ਫੁੱਲਾਂ ਦੀਆਂ ਕਿਆਰੀਆਂ। ਕਈ ਤਰ੍ਹਾਂ ਦੇ ਬੂਟੇ ਲਾਏ ਹੋਏ ਹਨ, ਜਿਨ੍ਹਾਂ ਨੇ ਇੱਕ ਦਿਨ ਰੁੱਖ ਬਣਨਾ ਹੈ। ਘਾਹ ਦੀ ਹਰੀ ਚਾਦਰ ਦੇ ਨਾਲ ਪੈਦਲ ਚੱਲਣ ਵਾਲਿਆਂ ਵਾਸਤੇ ਪੱਕਾ ’ਸਾਈਡ ਵਾਕ’ ਬਣਾਇਆ ਹੋਇਆ ਹੈ। ਉਸ ਤੋਂ ਅੱਗੇ ਕਿਸੇ ਹੋਰ ਘਰ ਦੀ ਯਾੜ ਸ਼ੁਰੂ ਹੋ ਜਾਂਦੀ ਹੈ।
“ਵਾਹ! ਕਿੰਨਾ ਪਿਆਰਾ ਰਸਤਾ ਹੈ। ਫੁੱਲਾਂ ਤੇ ਬੂਟਿਆਂ ਨਾਲ ਸਜਾਇਆ ਸੁਆਰਿਆ ਹੋਇਆ। ਪਹਿਲਾਂ ਨਹੀਂ ਕਦੇ ਇੰਨਾ ਸੋਹਣਾ ਲੱਗਾ। ਕਮਾਲ ਹੋ ਗਈ, ਬਈ!” ਸਵਰਾਜ ਖੁਸ਼ ਹੋ ਗਿਆ, ਆਪਣੇ ਆਲ਼ੇ ਦੁਆਲ਼ੇ ਨੂੰ ਸਾਫ਼ ਸੁਥਰਾ ਦੇਖਕੇ।
“ਇਹ ਪਹਿਲਾਂ ਕਿਉਂ ਨਹੀਂ ਇੰਨਾ ਸੋਹਣਾ ਲੱਗਾ? ... ਇੱਧਰੋਂ ਦੀ ਆਉਣਗੇ ...” ਸਵਰਾਜ ਨੇ ਸੋਚਿਆ। ਉਸ ਨੇ ਅਨੰਦ ਲੈਣ ਲਈ ਗਲਾਸ ਵਿੱਚ ਪਾਈ ਘਰ ਦੀ ਕੱਢੀ ਨੂੰ ਸੁੰਘਿਆ। ਗਲਾਸ ਵਿੱਚੋਂ ਆ ਰਹੀਆਂ ਲਪਟਾਂ ਨੇ ਉਸ ਦੀਆਂ ਨਾਸਾਂ ਵਿੱਚ ਜਲੂਣ ਕੀਤੀ।
“ਜਿਸ ਰਾਹ ਉੱਪਰ ਦੀ ਮੇਰੇ ਮਿੱਤਰਾਂ ਨੇ ਆਉਣਾ ...।” ਸਵਰਾਜ ਨੇ ਗਲਾਸ ਉੱਪਰ ਨੂੰ ਕਰਕੇ ਟੋਸਟ ਕੀਤਾ, “ਉਸ ਸੋਹਣੇ ਰਾਹ ਨੂੰ ਵਿਸਾਖੀ ਦੀਆਂ ਵਧਾਈਆਂ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3501)
(ਸਰੋਕਾਰ ਨਾਲ ਸੰਪਰਕ ਲਈ: