TarlochanSDupalpur6ਜਦ ਅਸੀਂ ਖੱਡ ਦੇ ਦੂਜੇ ਕਿਨਾਰੇ ਗਏਉੱਥੇ ਲੱਗੇ ਨਾਕੇ ਵਾਲਿਆਂ ਨੇ ਵੀ ਸਾਨੂੰ ਖੜ੍ਹਾ ਲਿਆ। ਸਾਨੂੰ ਦੂਜੇ ਨਾਕੇ ’ਤੇ ...
(20 ਜੁਲਾਈ 2022)
ਮਹਿਮਾਨ: 910.


ਹਜ਼ੂਮੇ-ਗਮ ਮੇਰੀ ਫ਼ਿਤਰਤ ਬਦਲ ਸਕਤੇ ਨਹੀਂ,
ਮੈਂ ਕਿਆ ਕਰੂੰ ਮੇਰੀ ਆਦਤ ਹੈ ਮੁਸਕ੍ਰਾਨੇ ਕੀ

ਇੰਝ ਜਾਪਦਾ ਹੈ ਕਿ ਕਿਸੇ ਕਵੀ ਨੇ ਇਹ ਸਤਰਾਂ ਪੰਜਾਬ ਦੇ ਜਾਇਆਂ ਦੇ ਸੁਭਾਅ ਦਾ ਕਾਵਿ-ਚਿਤ੍ਰਨ ਕਰਨ ਲਈ ਲਿਖੀਆਂ ਹੋਣਗੀਆਂਉੱਘੇ ਅਫ਼ਸਾਨਾ-ਨਿਗਾਰ ਰਜਿੰਦਰ ਸਿੰਘ ਬੇਦੀ ਨੇ ਇੱਕ ਰੇਡਿਓ-ਇੰਟਰਵਿਊ ਵਿੱਚ ਆਖਿਆ ਸੀ ਕਿ ਜੇ ਕਿਤੇ ਪੰਜ ਸੱਤ ਬੰਦੇ ਖੜ੍ਹੇ ਉੱਚੀ-ਉੱਚੀ ਹੱਸ ਰਹੇ ਹੋਣ ਤਾਂ ਪੱਕੀ ਗੱਲ ਹੈ ਕਿ ਉਨ੍ਹਾਂ ਵਿੱਚ ਦੋ-ਤਿੰਨ ਜਣੇ ਪੰਜਾਬੀ ਹੋਣਗੇਇਹ ਮਾਣ ਪੰਜਾਬ ਦੀ ਧਰਤੀ ਨੂੰ ਹੀ ਜਾਂਦਾ ਹੈ ਕਿ ਇਸ ਨੇ ਹੱਸ-ਹੱਸ ਕੇ ਫਾਂਸੀਆਂ ਦੇ ਰੱਸੇ ਚੁੰਮਣ ਵਾਲੇ ਪੈਦਾ ਕੀਤੇਜਿਵੇਂ ਇੱਕ ਟਾਹਣੀ ’ਤੇ ਸੈਂਕੜੇ ਕੰਡੇ ਹੋਣ ਦੇ ਬਾਵਜੂਦ, ਉੱਪਰ ਲਾਲ ਸੂਹਾ ਗੁਲਾਬ ਦਾ ਫੁੱਲ ਮਹਿਕਾ ਵੰਡ ਰਿਹਾ ਹੁੰਦਾ ਹੈ, ਇਉਂ ਹੀ ਮੁਹਿੰਮਾਂ ਵਿੱਚ ਜੂਝਦਿਆਂ ਹੋਇਆ ਵੀ ਪੰਜਾਬੀਆਂ ਨੇ ਹੱਸਣਾ ਨਹੀਂ ਭੁਲਾਇਆਇਹ ਦਸਵੇਂ ਗੁਰੂ ਦਾ ਪ੍ਰਤਾਪ ਹੀ ਹੈ ਜੋ ਖ਼ੁਦ ਬਾਈਧਾਰ ਦੇ ਪਹਾੜੀਆਂ ਦੁਆਰਾ ਘਿਰੇ ਹੋਏ ਅਨੰਦਪੁਰ ਸਾਹਿਬ ਵਿੱਚ, ਮੋਟੇ ਢਿੱਡ ਵਾਲੇ ਦੁਨੀ ਚੰਦ ਮਸੰਦ ਨੂੰ ਹਾਥੀ ਦਾ ਮੁਕਾਬਲਾ ਕਰਨ ਲਈ ਆਖਣ ਦਾ ‘ਮਖ਼ੌਲ’ ਕਰ ਸਕਦੇ ਹਨਅਠਾਰਵੀਂ ਸਦੀ ਵਿੱਚ ਘੜੇ ਗਏ ਸਿੰਘਾਂ ਦੇ ‘ਜੰਗੀ ਬੋਲੇ’ ਵੀ ਇਸੇ ਨੁਕਤੇ ਦੇ ਸੂਚਕ ਹਨ

ਗੱਲ ਕਰਨ ਜਾ ਰਿਹਾ ਹਾਂ ਪੰਜਾਬ ਵਿੱਚ ਚੱਲੇ ਖਾੜਕੂ ਸੰਘਰਸ਼ ਦੇ ਸਮਿਆਂ ਦੀਹਨੇਰ-ਗਰਦੀ ਦੇ ਇਸ ਸਮੇਂ ਦੌਰਾਨ ਪੰਜਾਬ ਦਾ ਇੰਨਾ ਖੂਨ ਵਗਿਆ ਕਿ ਇਸ ਨੂੰ ਕਾਲੇ ਦੌਰ ਵਜੋਂ ਯਾਦ ਕੀਤਾ ਜਾਂਦਾ ਹੈਜੂਨ ਚੁਰਾਸੀ ਦੇ ਘੱਲੂਘਾਰੇ ਬਾਅਦ ਸਿੱਖ ਸੰਘਰਸ਼ ਵਿੱਚ ਇਕਦਮ ਉਭਾਰ ਆ ਗਿਆਜਦ ਕਦੇ ਖਾੜਕੂ ਕਿਸੇ ਉੱਚ ਅਫਸਰ ਜਾਂ ਕਿਸੇ ਵੱਡੇ ਸਿਆਸੀ ਵਿਰੋਧੀ ਨੂੰ ਮਾਰ ਮੁਕਾਉਂਦੇ ਤਾਂ ਪਿੰਡਾਂ ਦੀਆਂ ਸੱਥਾਂ-ਪੰਚਾਇਤਾਂ ਵਿੱਚ ਖਾੜਕੂਆਂ ਦੀ ਬਹਾਦਰੀ ਦੇ ਕਾਰਨਾਮੇ, ਖੂਬ ਮਸਾਲੇ ਲਾ ਲਾ ਸੁਣੇ-ਸੁਣਾਏ ਜਾਂਦੇ ਸਨਗਰਮ ਖਿਆਲੀ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੀ ਗਈ ਸਮਾਜ-ਸੁਧਾਰ ਲਹਿਰ ਦੇ ਕਾਰਨ, ਆਮ ਲੋਕਾਂ ਦੇ ਮਨਾਂ ਵਿੱਚ ਖਾੜਕੂਆਂ ਪ੍ਰਤੀ ਮੋਹ ਅਤੇ ਸਹਿਮ ਦੇ ਰਲਵੇਂ ਮਿਲਵੇਂ ਮਨੋ-ਭਾਵ ਪਾਏ ਜਾਂਦੇ ਸਨ ਇਨ੍ਹਾਂ ਸਮਿਆਂ ਵਿੱਚ ਸ਼ਾਇਦ ਹੀ ਕੋਈ ਪੰਜਾਬ ਵਾਸੀ ਅਜਿਹਾ ਬਚਿਆ ਹੋਵੇਗਾ, ਜਿਸਦਾ ਸੁਰੱਖਿਆ ਬਲਾਂ ਜਾਂ ਖਾੜਕੂਆਂ ਨਾਲ ਕਦੇ ਨਾ ਕਦੇ ਸਿੱਧਾ ਅਸਿੱਧਾ ਸਾਹਮਣਾ ਨਾ ਹੋਇਆ ਹੋਵੇਗਾਇਸ ਲਈ ਉਦੋਂ ਕਈ ਸੱਚੀਆਂ ਤੇ ਕਈ ਸੁਣੀਆਂ-ਸੁਣਾਈਆਂ ਗੱਲਾਂ ਦੇ ਆਧਾਰਤ, ਬੜੇ ਹੀ ਦਿਲਚਸਪ ਅਤੇ ਕੰਨ-ਰਸ ਭਰਪੂਰ ਕਿੱਸੇ ਪ੍ਰਚਲਿਤ ਹੋਏ ਸਨ

ਖਾੜਕੂਆਂ ਕੋਲੋਂ ਡਰਦੀ, ਪਰ ਨਾਕਿਆਂ ਉੱਪਰ ਆਮ ਪਬਲਿਕ ਨਾਲ ‘ਸਖ਼ਤੀ ਨਾਲ’ ਪੇਸ਼ ਆਉਣ ਵਾਲੀ ਪੁਲੀਸ ਦੀ ‘ਸੂਰਮਗਤੀ’ ਦਰਸਾਉਂਦੀ, ਇੱਕ ਚੁਟਕਲਾ-ਨੁਮਾ ਕਹਾਣੀ ਬੜੀ ਪ੍ਰਸਿੱਧ ਹੋਈ ਸੀ ਉਨ੍ਹਾਂ ਦਿਨਾਂ ਵਿੱਚਅਖੇ, ਕਿਸੇ ਨਾਕੇ ’ਤੇ ਪੁਲੀਸ ਮੁਲਾਜ਼ਮਾਂ ਨੇ ਮੋਟਰ ਸਾਈਕਲ ’ਤੇ ਚੜ੍ਹੇ ਜਾਂਦੇ ਤਿੰਨ ਮੁੰਡਿਆਂ ਨੂੰ ਰੋਕ ਲਿਆਮੋਟਰ ਸਾਈਕਲ ਚਲਾਉਣ ਵਾਲੇ ਮੁੰਡੇ ਨੇ ਪੁਲੀਸ ਅਫਸਰ ਨੂੰ ਕਿਹਾ ਕਿ ਸਾਡੇ ਵਿਚਕਾਰ ਬੈਠਾ ਮੁੰਡਾ ਬਿਮਾਰ ਹੈਅਸੀਂ ਇਸ ਨੂੰ ਹਸਪਤਾਲ ਲੈ ਕੇ ਜਾ ਰਹੇ ਹਾਂਗਭਲੇ ਮੁੰਡੇ ਦੀ ਤਲਾਸ਼ੀ ਲੈਣ ਲਈ ਪੁਲੀਸ ਵਾਲਾ ਉਸ ਦੇ ਨੇੜੇ ਨੂੰ ਹੋਇਆਉਸ ਮੁੰਡੇ ਨੇ ਆਪਣੇ ਉੱਪਰ ਲਈ ਹੋਈ ਲੋਈ ਦਾ ਇੱਕ ਪਾਸੇ ਵਾਲਾ ਪੱਲਾ ਜ਼ਰਾ ਕੁ ਉਤਾਂਹ ਨੂੰ ਚੁੱਕਿਆ ਉਸਦੀ ਵੱਖੀ ਨਾਲ ਲਟਕਦੀ ਏ. ਕੇ. ਸੰਤਾਲੀ ਅਤੇ ਕਾਰਤੂਸਾਂ ਦਾ ਪਟਾ ਦੇਖ ਕੇ ਪੁਲੀਸ ਅਫਸਰ ਇਕਦਮ ਠਠੰਬਰ ਕੇ ਪਿੱਛੇ ਨੂੰ ਹਟਦਿਆਂ ਬੋਲਿਆ, ਲੈ ਜਾ ਲੈ ਜਾ ਭਰਾਵਾ, ਇਹਨੂੰ ਤਾਂ ਸੱਚੀਂ ‘ਬਹੁਤ ਬੁਖ਼ਾਰ’ ਚੜ੍ਹਿਆ ਹੋਇਆ ਹੈ!”

‘ਰਾਮ ਨਾਮ ਸਤਿ’

ਬਲਾਚੌਰ ਲਾਗੇ ਦੇ ਪਿੰਡ ਕੌਲਗੜ੍ਹ ਦਾ ਵਾਸੀ ਫ਼ੌਜੀ ਨਾਮ ਦਾ ਇੱਕ ਖਾੜਕੂ ਦੁਆਬੇ ਵਿੱਚ ਬੜਾ ਮਸ਼ਹੂਰ ਹੋਇਆਉਹ ਕਿਤੇ ਘੁੰਮਦਾ-ਘੁਮਾਉਂਦਾ ਆਪਣੇ ਕਿਸੇ ਹੋਰ ਸਾਥੀ ਨਾਲ ਸਾਡੇ ਲਾਗੇ ਦੇ ਪਿੰਡ ਆਲੋਵਾਲ ਦੇ ਖੇਤਾਂ ਵਿੱਚ ਇੱਕ ਮੋਟਰ ’ਤੇ ਬੈਠਾ ਸੀਦਰਿਆ ਸਤਲੁਜ ਦੇ ਨਾਲ-ਨਾਲ ਇਸ ਇਲਾਕੇ ਵਿੱਚ ਭਾਰੇ-ਭਾਰੇ ਕਮਾਦ ਦੇ ਖੇਤਾਂ ਵਿੱਚ ਸਥਿਤ ਇਹ ਬੰਬੀ ਉਨ੍ਹਾਂ ਆਪਣੇ ਲਈ ਸੁਰੱਖਿਅਤ ਜਾਣ ਕੇ ਕੁਝ ਆਰਾਮ ਕਰਨਾ ਚਾਹਿਆਕੁਛ ਖਾਣ-ਪੀਣ ਦਾ ਇੰਤਜ਼ਾਮ ਕਰਨ ਵਾਸਤੇ ਹਾਲੇ ਉਹ ਕੋਈ ਸਕੀਮ ਹੀ ਬਣਾ ਰਹੇ ਸਨ ਕਿ ਪਿੰਡ ਆਲੋਵਾਲ ਦੀਆਂ ਕੁਝ ਜ਼ਨਾਨੀਆਂ ਘਾਹ ਖੋਤਣ ਲਈ ਉਸ ਮੋਟਰ ਵਲ ਆ ਨਿੱਕਲੀਆਂਫ਼ੌਜੀ ’ਤੇ ਉਹਦੇ ਨਾਲ ਦਾ, ਹਾਲੇ ਇੱਧਰ-ਉੱਧਰ ਹੋਣ ਹੀ ਲੱਗੇ ਸਨ ਕਿ ਇੱਕ ਨੌਜਵਾਨ ਕੁੜੀ ਇੱਕ ਦਮ ਅੱਗੇ ਵਧ ਕੇ ਫ਼ੌਜੀ ਨੂੰ ਕਹਿੰਦੀ, “ਵੀਰਾ, ਰਾਮ-ਸਤਿ!’ (ਸਾਡੇ ਇਲਾਕੇ ਦੀਆਂ ਕਈ ਸਾਰੀਆਂ ਪੇਂਡੂ ਸ਼੍ਰੇਣੀਆਂ ਵਿੱਚ ਹਾਲੇ ਵੀ ਕਿਤੇ-ਕਿਤੇ ‘ਸਤਿ ਸ਼੍ਰੀ ਅਕਾਲ’ ਦੀ ਥਾਂ ‘ਰਾਮ ਸਤਿ’ ਕਹਿਣ ਦਾ ਰਿਵਾਜ਼ ਹੈ) ਕੁੜੀ ਦੇ ਮੂੰਹੋਂ ‘ਵੀਰਾ ਰਾਮ ਸਤਿ’ ਸੁਣ ਕੇ ਫ਼ੌਜੀ ਆਲਾ-ਦੁਆਲਾ ਝਾਕਣ ਲੱਗ ਪਿਆਇਹ ਵਿਚਾਰੇ ਤਾਂ ਭੇਸ ਬਦਲਾ ਕੇ ਮਾਰੇ-ਮਾਰੇ ਫਿਰਦੇ ਸਨ ਕਿ ਕਿਤੇ ਅਸੀਂ ਪਛਾਣੇ ਨਾ ਜਾਈਏ ਪਰ ਇਹ ਬੀਬੀ ਬੜੀ ਹੀ ਅਪਣੱਤ ਨਾਲ ਉਸ ਨੂੰ ‘ਵੀਰਾ’ ਕਹਿ ਕੇ ਬੁਲਾ ਰਹੀ ਸੀਅਸਲ ਵਿੱਚ ਇਹ ਕੁੜੀ ਫ਼ੌਜੀ ਦੇ ਪਿੰਡ ਕੌਲਗੜ੍ਹ ਦੀ ਹੀ ਸੀ, ਜੋ ਆਲੋਵਾਲ ਦੇ ਕੋਲ ਵਿਆਹੀ ਹੋਈ ਸੀਉਸ ਨੇ ਫ਼ੌਜੀ ਨੂੰ ਪਛਾਣ ਲਿਆ ਸੀਪਰ ਉਸ ਭੋਲੀ-ਭਾਲੀ ਕੁੜੀ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਉਸਦਾ ਇਹ ‘ਵੀਰਾ’ ਸਿਰ ’ਤੇ ਕੱਫਣ ਬੰਨ੍ਹੀ ਫਿਰਦਾ ਹੈਫ਼ੌਜੀ ਨੂੰ ਹੋਰ ਤਾਂ ਕੁਝ ਨਾ ਸੁੱਝਿਆ, ਉਹ ਦੋਵੇਂ ਹੱਥ ਜੋੜ ਕੇ ਕੁੜੀ ਨੂੰ ਕਹਿਣ ਲੱਗ, ਕੁੜੇ ਭੈਣੇ, ‘ਰਾਮ ਸਤਿ’ ਤਾਂ ਹੋਇਆ ਸੋ ਹੋਇਆ, ਪਰ ਰੱਬ ਦਾ ਵਾਸਤਾ ਐ, ਪਿੰਡ ਜਾ ਕੇ ਕਿਸੇ ਕੋਲ ਵੀ ਗੱਲ ਨਾ ਕਰੀਂ ਕਿ ਇੱਥੇ ਫ਼ੌਜੀ ਫਿਰਦਾ ਹੈ! ਨਹੀਂ ਤਾਂ ਮੇਰੀ ‘ਰਾਮ ਨਾਮ ਸਤਿ’ ਇਨ੍ਹਾਂ ਕਮਾਦੀਆਂ ਵਿੱਚ ਹੀ ਹੋ ਜਾਣੀ ਹੈ!”

***

“ਸੱਚੇ ਪਾਤਸ਼ਾਹ ਦੇ ਫੂਕ ਭਰਦੇ ...”

ਮਾਰੋ-ਮਾਰੀ ਦੇ ਇਨ੍ਹਾਂ ਦਿਨਾਂ ਵਿੱਚ ਇੱਕ ਵਾਰ ਮੈਂ ਆਪਣੇ ਪਿੰਡੋਂ ਨਿਕਲ ਕੇ ਨਹਿਰ ਦੀ ਪਟੜੀ ’ਤੇ ਸਾਈਕਲ ਚਲਾਉਂਦਾ ਹੋਇਆ ਨਾਲ ਦੇ ਪਿੰਡ ਮੁਜੱਫਰਪੁਰ ਵੱਲ ਜਾ ਰਿਹਾ ਸਾਂਮੈਂ ਆਪਣੇ ਧਿਆਨ ਸਾਈਕਲ ਚਲਾਉਂਦਾ ਜਾ ਰਿਹਾ ਸਾਂ ਕਿ ਅਚਾਨਕ ਬੰਨ੍ਹ ’ਤੇ ਉੱਗੇ ਝਾੜ-ਝੀਂਡਿਆਂ ਵਿੱਚੋਂ ਗਰਜਵੀਂ ਆਵਾਜ਼ ਆਈ, “ਖਲੋ ਜਾ ਬਈ ਖਾਲਸਿਆ!” ਜਦੋਂ ਮੈਂ ਧੌਣ ਘੁਮਾ ਕੇ ਉੱਧਰ ਦੇਖਿਆ ਤਾਂ ਹਰੀ ਪੱਗ ਵਾਲਾ ਇੱਕ ਅਣਦਾੜੀਆ ਜਿਹਾ ਮੁੰਡਾ ਬੜੀ ਫੁਰਤੀ ਨਾਲ ਛੜੱਪਾ ਮਾਰ ਕੇ ਆਲੇ-ਦੁਆਲੇ ਝਾਕਦਾ ਹੋਇਆ ਮੇਰੇ ਵੱਲ ਆਇਆਆਉਂਦਾ ਹੀ ਮੇਰੇ ਸਾਈਕਲ ਦੇ ਹੈਂਡਲ ’ਤੇ ਹੱਥ ਰੱਖ ਕੇ ਰੋਹਬ ਨਾਲ ਕਹਿੰਦਾ, “ਸਾਈਕਲ ਮੈਨੂੰ ਫੜਾ” ਮੈਂ ਹੱਥੀਂ-ਬੰਨ੍ਹੀ ਸਾਈਕਲ ਉਹਦੇ ਹਵਾਲੇ ਕਰ ਦਿੱਤਾਆਪਣੀ ਇੱਕ ਲੱਤ ਸਾਈਕਲ ’ਤੇ ਰੱਖ ਕੇ ਅਤੇ ਦੂਜਾ ਪੈਰ ਪੈਡਲ ’ਤੇ ਰੱਖ ਕੇ, ਉਹ ਬੋਲਿਆ, “ਇਕ ਕੰਮ ਕਰੇਂਗਾ?” ਮੈਂ ਸਹਿਮੇ ਹੋਏ ਨੇ ‘ਹਾਂ’ ਵਿੱਚ ਸਿਰ ਹਿਲਾਇਆਗੱਲ ਉਹ ਮੇਰੇ ਨਾਲ ਕਰ ਰਿਹਾ ਸੀ, ਪਰ ਮਸ਼ਾਲਾਂ ਵਾਂਗ ਬਲਦੀਆਂ ਉਸਦੀਆਂ ਅੱਖਾਂ ਸੱਜੇ-ਖੱਬੇ ਵੱਲ ਤਾੜ ਰਹੀਆਂ ਸਨਉਸ ਨੇ ਮੇਰੇ ਜ਼ਿੰਮੇ ‘ਕੰਮ’ ਇਹ ਲਾਇਆ, “ਮੁਜ਼ੱਫ਼ਰਪੁਰ ਜਾ ਕੇ ਹਸਪਤਾਲ ਦੇ ਸਾਹਮਣੇ ਵਾਲੀ ਹੱਟੀ ਦੇ ਮੋਹਰੇ ਡਹੇ ਹੋਏ ਬੈਂਚ ’ਤੇ ਇੱਕ ਮੋਨਾ ਮੁੰਡਾ ਮੂੰਗਫਲੀ ਚੱਬਦਾ ਹੋਵੇਗਾਉਸ ਨੂੰ ਦੱਸ ਦੇਈਂ ਕਿ ਜਿੱਥੇ ਤੈਨੂੰ ਹਰੀ ਪੱਗ ਵਾਲੇ ਨੇ ਚਾਰ ਵਜੇ ਮਿਲਣਾ ਸੀ, ਉੱਥੇ ‘ਹੜ੍ਹ’ ਆ ਗਿਆ ਹੈ! ਹੁਣ ਤੂੰ ਦਸ ਵਜੇ ਵਾਲੀ ਜਗ੍ਹਾ ਜਾ ਕੇ ਲਾਲ ਪੱਗ ਵਾਲੇ ਨੂੰ ਗਿਰੀਆਂ ਦੇ ਦੇਈਂ!”

ਅਲਜਬਰੇ ਦੇ ਫ਼ਾਰਮੂਲਿਆਂ ਵਰਗਾ ਟੇਢਾ ਸੁਨੇਹਾ ਲੈ ਕੇ ਮੈਂ ਤੁਰਨ ਲੱਗਾ ਤਾਂ ਉਸਨੇ ਆਲਾ-ਦੁਆਲਾ ਦੇਖ ਕੇ ਸਾਈਕਲ ਮੈਨੂੰ ਫੜਾ ਦਿੱਤਾ ਤੇ ਆਪ ਨਹਿਰ ਦੇ ਦੂਜੇ ਪਾਸੇ ਨੂੰ ਤੁਰ ਗਿਆਮੈਥੋਂ ਸਾਈਕਲ ਲੈ ਕੇ ਉਸ ’ਤੇ ਆਪ ਚੜ੍ਹ ਬਹਿਣ ਦੇ ਉਸਦੇ ਦੇ ਕੋਈ ਕਾਰਨ ਹੋਣਗੇਜਾਂ ਫਿਰ ਉਸ ਨੇ ਕਿਸੇ ਸੰਭਾਵੀ ਖ਼ਤਰੇ ਤੋਂ ਬਚਣ ਲਈ, ਰਾਹੀ-ਮੁਸਾਫਿਰ ਬਣਨ ਦਾ ‘ਡਰਾਮਾ’ ਕੀਤਾ ਹੋਵੇਗਾਜੋ ਵੀ ਸੀ, ਮੈਂ ਸਾਈਕਲ ’ਤੇ ਲੱਤ ਦਿੱਤੀ ਵਾਹਿਗੁਰੂ-ਵਾਹਿਗੁਰੂ ਕਰਦੇ ਜਾਂਦੇ ਨੇ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ

ਇਸੇ ਤਰ੍ਹਾਂ ਇੱਕ ਵਾਰ ਬਲਾਚੌਰ ਇਲਾਕੇ ਦੇ ਪਿੰਡ ਬਛੌੜੀ ਵਿਖੇ ਹੋਏ ਇੱਕ ਧਾਰਮਿਕ ਸਮਾਗਮ ਦੀ ਸਟੇਜ ਸਕੱਤਰੀ ਕਰਨ ਉਪਰੰਤ ਆਪਣੇ ਜਾਣੂਆਂ ਦੀ ਗੱਡੀ ਵਿੱਚ ਬਹਿ ਕੇ ਵਾਪਸ ਆ ਰਿਹਾ ਸੀਮਜਾਰੀ ਕਸਬੇ ਕੋਲ ਪਹੁੰਚ ਕੇ ਡਰਾਈਵਰ ਕਹਿੰਦਾ ਕਿ ਮੋਹਰਲੇ ਟਾਇਰਾਂ ਵਿੱਚ ਹਵਾ ਘੱਟ ਲਗਦੀ ਹੈ, ਕਿਸੇ ਦੁਕਾਨ ਤੋਂ ਚੈੱਕ ਕਰਵਾ ਕੇ ਹਵਾ ਭਰਾ ਲਈਏਪੈਂਚਰਾਂ ਵਾਲੀ ਦੁਕਾਨ ਮੋਹਰੇ ਉਸਨੇ ਗੱਡੀ ਖੜ੍ਹੀ ਕਰ ਲਈਸ਼ਿਸ਼ਟਾਚਾਰ ਨਾਤੇ ਮੈਂ ਡਰਾਈਵਰ ਨਾਲ ਦੀ ਸੀਟ ਤੋਂ ਉੱਤਰ ਕੇ ਦੁਕਾਨ ਵੱਲ ਨੂੰ ਹੋਇਆਇਕੱਲਾ ਕੱਛਾ ਪਾਈ ਸਿਰੋਂ ਨੰਗੇ, ਪੈਰਾਂ ਭਾਰ ਦੁਕਾਨ ਵਿੱਚ ਬੈਠੇ ਇੱਕ ਬੰਦੇ ਨੂੰ ਮੈਂ ਕਿਹਾ, “ਭਾਈ ਸਾਹਿਬ ਮੋਹਰਲੇ ਟਾਇਰਾਂ ਵਿੱਚ ਹਵਾ ਭਰ ਦਿਉ” ਨਵੀਂ-ਨਵੀਂ ਚੱਲੀ ਟਾਟਾ-ਸਫਾਰੀ ਕੌਫੀ-ਕਲਰ ਗੱਡੀ ਵਿੱਚੋਂ ਜਦ ਮੈਂ ਦੁੱਧ-ਚਿੱਟਾ ਅੰਮ੍ਰਿਤਸਰੀ ਕੁੜਤਾ-ਪਜਾਮਾ ਪਹਿਨੀ, ਸਿਰ ’ਤੇ ਬੰਨ੍ਹੀ ਟੌਹੜਾ-ਕਲਰ ਨੀਲੀ ਪੱਗ ਅਤੇ ਕਾਲੀਆਂ ਐਨਕਾਂ ਲਾਈ ਪੈਂਚਰਾਂ ਦੀ ਦੁਕਾਨ ਵਿੱਚ ਵੜਿਆਂ ਤਾਂ ਉਹ ਨੰਗੇ ਸਿਰ ਵਾਲਾ ਭਾਈ ਕੰਬਦੀਆਂ ਲੱਤਾਂ ਨਾਲ ਖੜ੍ਹਾ ਹੋ ਕੇ, ਸੜਕ ਦੇ ਦੂਜੀ ਪਾਸੇ ਦੀਆਂ ਦੁਕਾਨਾਂ ਵਲ ਮੂੰਹ ਕਰਕੇ ਉੱਚੀ-ਉੱਚੀ ਆਵਾਜ਼ਾਂ ਮਾਰਨ ਲੱਗ ਪਿਆ, ਓਏ ਲੈਂਬਰਾ … … ਸਾਲਿਆ ਚਾਹ ਫੇਰ ਡੱਫ ਲਈ, ਪਹਿਲਾਂ ਆਹ ਸੱਚੇ ਪਾਤਸ਼ਾਹ ਦੇ ਫੂਕ ਭਰ ਦੇ ਆ ਕੇ!”

ਜਦੋਂ ਤਕ ਸਾਹਮਣਿਓ ਚਾਹ-ਦੁੱਧ ਦੀ ਦੁਕਾਨ ਵਿੱਚੋਂ ਇੱਕ ਮੁੰਡੂ ਜਿਹਾ ਉੱਠ ਕੇ ਸਾਡੇ ਵਲ ਨੂੰ ਤੁਰਿਆ ਨਹੀਂ, ਉਹ ਨੰਗੀਆਂ ਲੱਤਾਂ ਵਾਲਾ ਭਾਈ ‘ਸੱਚੇ ਪਾਤਸ਼ਾਹ ਦੇ ਫੂਕ ਭਰਦੇ’ ਵਾਲੀ ਰਟ ਲਾਈ ਗਿਆਅਸੀਂ ਤਾਂ ਉਸ ਸਿੱਧ-ਪੱਧਰੇ ਬੰਦੇ ਮੂੰਹੋਂ, ਸੱਚੇ ਪਾਤਸ਼ਾਹ ਦੇ ‘ਫੂਕ ਭਰਨ’ ਵਾਲੀ ਗੱਲ ਸੁਣ-ਸੁਣ ਕੇ, ਹੱਸ-ਹੱਸ ਦੂਹਰੇ ਹੋਈ ਜਾ ਰਹੇ ਸਾਂ ਪਰ ਉਹ ਮੁੰਡਾ ਸ਼ਰਮਿੰਦਾ ਜਿਹਾ ਹੋ ਕੇ ਉਹਨੂੰ ਚੁੱਪ ਕਰਾਉਂਦਿਆਂ ਕਹੀ ਜਾਵੇ, “ਤੈਂ ਹੁਣ ਬਕਵਾਸ ਬੰਦ ਕਰਨੀ ਐਂ ਕਿ ਨਹੀਂ?”

ਹਵਾ ਭਰਵਾ ਕੇ ਜਦ ਤਕ ਅਸੀਂ ਉੱਥੋਂ ਗੱਡੀ ਤੋਰ ਨਹੀਂ ਲਈ, ਉਹ ਦੋਵੇਂ ਇੱਕ ਦੂਜੇ ਨੂੰ ‘ਸਤਿਕਾਰ ਭਰੇ’ ਸ਼ਬਦਾਂ ਨਾਲ ਨਿਵਾਜੀ ਗਏ

***

ਸਾਡੇ ਹੀ ਇਲਾਕੇ ਦੇ ਇੱਕ ਪਿੰਡ ਵਿੱਚੋਂ ਦੁੱਧ ਇਕੱਠਾ ਕਰਕੇ ਸ਼ਹਿਰ ਲਿਜਾ ਕੇ ਵੇਚਣ ਵਾਲਾ ਇੱਕ ਦੋਧੀ ਮੁੰਡਾ ਪੁਲੀਸ ਨੇ ਨਾਕੇ ਤੋਂ ਗ੍ਰਿਫ਼ਤਾਰ ਕਰ ਲਿਆਹਾਲਾਂਕਿ ਆਪਣੇ ਹੀ ਕੰਮ ਧੰਦੇ ਨਾਲ ਮਤਲਬ ਰੱਖਣ ਵਾਲੇ ਇਸ ਸਾਊ ਮੁੰਡੇ ਦਾ ਖਾੜਕੂ ਸਰਗਰਮੀਆਂ ਨਾਲ ਦੂਰ ਦਾ ਵੀ ਵਾਹ-ਵਾਸਤਾ ਨਹੀਂ ਸੀ, ਲੇਕਿਨ ਫਿਰ ਵੀ ਪੁਲੀਸ ਵਾਲੇ ਉਸ ਨੂੰ ਕੁੱਟਦੇ-ਮਰਦੇ ਰਹੇਕਈ ਦਿਨ ਪੁਲੀਸ ਦੀ ਹਿਰਾਸਤ ਵਿੱਚ ਰਹਿਣ ਤੋਂ ਬਾਅਦ ਜਦ ਉਹ ਛੁੱਟ ਕੇ ਘਰੇ ਆਇਆ ਤਾਂ ਅਸੀਂ ਵੀ ਉਸਦੀ ਖ਼ਬਰ ਸਾਰ ਲੈਣ ਗਏਇਕੱਠੇ ਹੋਏ ਰਿਸ਼ਤੇਦਾਰ, ਦੋਸਤ ਮਿੱਤਰ ਜਦ ਉਸ ਦੋਧੀ ਨੂੰ ਪੁੱਛਣ ਕਿ ਤੈਨੂੰ ਕਿਸ ਗੱਲ ਲਈ ਪੁਲੀਸ ਮਾਰਦੀ ਕੁੱਟਦੀ ਸੀ? ਤਾਂ ਉਹ ਥਾਂ-ਥਾਂ ’ਤੇ ਪੱਛਿਆ ਹੋਇਆ ਮੰਜੇ ’ਤੇ ਲੇਟਿਆ ਹੋਇਆ ਵੀ ਥੋੜ੍ਹਾ ਹੱਸਦਿਆਂ ਆਪਣੇ ਨਿੱਕੇ ਜਿਹੇ ਭਤੀਜੇ ਵਲ ਇਸ਼ਾਰਾ ਕਰਕੇ ਆਖੇ, “ਮੈਨੂੰ ਤਾਂ ਸਹੁਰੇ ਇਸ ਸੰਦੀਪ ਨੇ ਹੀ ਖਾੜਕੂ ਬਣਾ ਦਿੱਤਾ!”

***

‘ਗੁਪਤ ਕੋਡ’

ਕੱਚੀ-ਪਹਿਲੀ ਵਿੱਚ ਪੜ੍ਹਦੇ ‘ਸੰਦੀਪ’ ਨੇ ਕਿਵੇਂ ਆਪਣਾ ਚਾਚਾ ਪੁਲੀਸ ਤੋਂ ਕੁਟਵਾਇਆ? ਆਮ ਵਾਂਗ ਪਿੰਡੋਂ ਦੁੱਧ ਇਕੱਠਾ ਕਰਕੇ ਇਹ ਦੋਧੀ ਰਾਹੋਂ ਨੂੰ ਜਾ ਰਿਹਾ ਸੀਰਸਤੇ ਵਿੱਚ ਇੱਕ ਥਾਂ ਸੀ.ਆਰ.ਪੀ. ਤੇ ਬੀ.ਐੱਸ.ਐੱਫ ਵਾਲਿਆਂ ਨੇ ਸਾਂਝਾ ਨਾਕਾ ਲਾਇਆ ਹੋਇਆ ਸੀ ਉਨ੍ਹਾਂ ਰੋਕ ਕੇ ਇਸਦੀ ਤਲਾਸ਼ੀ ਲਈਦੁੱਧ ਵੇਚਣ-ਖਰੀਦਣ ਦਾ ਹਿਸਾਬ-ਕਿਤਾਬ ਰੱਖਣ ਲਈ ਇਸ ਨੇ ਇੱਕ ਪੌਕਿਟ-ਡਾਇਰੀ ਆਪਣੀ ਜੇਬ ਵਿੱਚ ਰੱਖੀ ਹੋਈ ਸੀਦੋ-ਚਾਰ ਸਫ਼ਿਆਂ ਉੱਪਰ ਤਾਂ ਇਸ ਨੇ ਪੰਜਾਬੀ ਵਿੱਚ ਦੁੱਧ ਵੇਚਣ ਦਾ ਵੇਰਵਾ ਲਿਖਿਆ ਹੋਇਆ ਸੀ, ਡਾਇਰੀ ਦੇ ਵਿਚਾਲੇ ਜਿਹੇ ਇਹਦੇ ਨਿੱਕੇ ਭਤੀਜੇ ਨੇ ਕਿਤੇ ਪੈਨ ਨਾਲ ਐਵੇਂ ਕਾਂ-ਕੋਕੜੇ ਮਾਰੇ ਹੋਏ ਸਨਬੱਚੇ ਵੱਲੋਂ ਵਾਹੀਆਂ ਹੋਈਆਂ ਵਿੰਗੀਆਂ-ਟੇਢੀਆਂ ਲਕੀਰਾਂ ਨੂੰ ਦੇਖ ਕੇ ਨਾਕੇ ਵਾਲੇ ਕਹਿਣ ਲੱਗ ਪਏ ਕਿ ਇਹ ਕੋਈ ‘ਗੁਪਤ ਕੋਡ’ ਹੈਦੋਧੀ ਨੇ ਬਥੇਰੇ ਹੱਥ ਜੋੜੇ ਕਿ ਇਹ ਮੇਰੇ ਭਤੀਜੇ ਨੇ ਐਵੇਂ ਲੀਕਾਂ ਵਾਹੀਆਂ ਹੋਈਆਂ ਨੇ, ਕੋਡ-ਕਾਡ ਕੁਝ ਨਹੀਂ ਇਹਪਰ ਉਸ ਵਿਚਾਰੇ ਦੀ ਕਿਸੇ ਨੇ ਇੱਕ ਨਾ ਸੁਣੀਬੱਚੇ ਵੱਲੋਂ ਵਾਹੇ ਕਾਂ-ਕੋਕੜਿਆਂ ਨੇ ਦੋਧੀ ਦੀਆਂ ਹੱਡੀਆਂ ਕੁਟਵਾ ਦਿੱਤੀਆਂ

***

‘ਨੌਟੰਕੀ ਗਰੁੱਪ’

ਹੁਸ਼ਿਆਰਪੁਰ ਜ਼ਿਲ੍ਹੇ ਦੇ ਹਰਿਆਣਾ-ਭੂੰਗਾ ਕਸਬੇ ਦੇ ਕੋਲ ਇੱਕ ਪਿੰਡ ਵਿੱਚ ਹੋ ਰਹੇ ਧਾਰਮਿਕ ਸਮਾਗਮ ਦੀ ਸਟੇਜ ਸਕੱਤਰੀ ਕਰਨ ਵਾਸਤੇ ਮੈਂ ਜਾ ਰਿਹਾ ਸਾਂਹੁਸ਼ਿਆਰਪੁਰੋਂ ਜਿਸ ਬੱਸ ਵਿੱਚ ਮੈਂ ਬੈਠਾ, ਉਸੇ ਬੱਸ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਇੱਕ ਹਜ਼ੂਰੀ ਰਾਗੀ ਜਥਾ ਵੀ ਬੈਠਾ ਸੀ ਉਨ੍ਹਾਂ ਨੇ ਵੀ ਉਸੇ ਸਮਾਗਮ ਵਿੱਚ ਪਹੁੰਚਣਾ ਸੀਮੇਨ ਰੋਡ ’ਤੇ ਸਥਿਤ ਇੱਕ ਬੱਸ ਅੱਡੇ ਤੋਂ ਉੱਤਰ ਕੇ ਸਾਨੂੰ ਡੇਢ-ਦੋ ਮੀਲ ਪੈਦਲ ਤੁਰ ਕੇ ਸਮਾਗਮ ਵਾਲੀ ਥਾਂ ਪਹੁੰਚਣਾ ਪੈਣਾ ਸੀਸੋ ਅਸੀਂ ਬੱਸ ਵਿੱਚੋਂ ਉੱਤਰ ਕੇ ਪੈਦਲ ਚੱਲ ਪਏਰਸਤੇ ਵਿੱਚ ਇੱਕ ਬੜੀ ਲੰਬੀ-ਚੌੜੀ ਖੱਡ ਆ ਗਈਖੱਡ ਦੇ ਦੋਹਾਂ ਸਿਰਿਆਂ ’ਤੇ ਸੀ. ਆਰ. ਪੀ. ਦੇ ਸਿਪਾਹੀ ਨਾਕਾ ਲਾਈ ਖੜ੍ਹੇ ਅਸੀਂ ਦੂਰੋਂ ਹੀ ਦੇਖ ਲਏਰਾਗੀਆਂ ਦੇ ਤਾਂ ਤਿੰਨਾਂ ਜਣਿਆਂ ਨੇ ਆਪਣੇ-ਆਪਣੇ ਵਾਜੇ-ਤਬਲੇ ਚੁੱਕੇ ਹੋਏ ਸਨ ਪਰ ਮੈਂ ਚੌਥਾ ‘ਨਿਹੱਥਾ’ ਹੀ ਸਾਂਕਿਸੇ ਸੰਭਾਵੀ ਪੁੱਛ-ਗਿੱਛ ਦੀ ਖਾਨਾ-ਪੂਰਤੀ ਵਜੋਂ ਰਾਗੀਆਂ ਦਾ ਇੱਕ ਹੈਂਡ-ਬੈਗ ਮੈਂ ਆਪਣੇ ਹੱਥ ਵਿੱਚ ਫੜ ਲਿਆਇਹ ਨਾਕਾ-ਪਾਰਟੀ ਸ਼ਾਇਦ ਮਦਰਾਸੀਆਂ ਦੀ ਸੀ ਜੋ ਹਿੰਦੀ ਵੀ ਟੁੱਟੀ-ਫੁੱਟੀ ਜਿਹੀ ਬੋਲਦੇ ਸਨਸਾਡੇ ਹੱਥਾਂ ਵਿੱਚ ਸਾਜ਼ ਵਗ਼ੈਰਾ ਦੇਖ ਕੇ ਪਤਾ ਨਹੀਂ ਉਨ੍ਹਾਂ ਦੇ ਕੀ ਮਨ ਮਿਹਰ ਪਈ, ਮਾੜੀ-ਮੋਟੀ ਫਰੋਲਾ-ਫਰਾਲੀ ਜਿਹੀ ਕਰਕੇ ਅਤੇ ਇੱਕ ਦੋ ਗੱਲਾਂ ਪੁੱਛ ਕੇ ਉਨ੍ਹਾਂ ਸਾਨੂੰ ਜਾਣ ਦਾ ਇਸ਼ਾਰਾ ਕਰ ਦਿੱਤਾ

ਜਦ ਅਸੀਂ ਖੱਡ ਦੇ ਦੂਜੇ ਕਿਨਾਰੇ ਗਏ, ਉੱਥੇ ਲੱਗੇ ਨਾਕੇ ਵਾਲਿਆਂ ਨੇ ਵੀ ਸਾਨੂੰ ਖੜ੍ਹਾ ਲਿਆਸਾਨੂੰ ਦੂਜੇ ਨਾਕੇ ’ਤੇ ਖੜ੍ਹੇ ਦੇਖ ਕੇ ਪਹਿਲੇ ਨਾਕੇ ਵਾਲਾ ਇੱਕ ਸਿਪਾਹੀ ਉੱਚੀ ਆਵਾਜ਼ ਵਿੱਚ ਆਪਣੇ ਸਾਥੀਆਂ ਨੂੰ ਹੱਥ ਦੀ ਸੈਨਤ ਮਾਰ ਕੇ ਕਹਿੰਦਾ, “ਅਰੇ ਗੰਗਾਰਾਜਨ, ਇਨ ਕੋ ਜਾਨੇ ਦੋ, ਯਿਹ ਤੋਂ ਨਾਚਨੇ-ਗਾਨੇ ਵਾਲਾ ਕੋਈ ਨੌਟੰਕੀ ਗਰੁੱਪ ਹੈ” ਆਪਣੇ ਸਭ ਤੋਂ ਵੱਧ ਮੁਕੱਦਸ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀਆਂ ਪ੍ਰਤੀ ਐਡੇ ਭੈੜੇ ਲਫ਼ਜ਼ ਸੁਣ ਕੇ ਛਿੱਥਾ ਜਿਹਾ ਪੈਂਦਿਆਂ ਮੈਂ ਰਾਗੀਆਂ ਵੱਲ ਦੇਖਿਆ

ਜਦ ਸਾਡੀਆਂ ਚੌਹਾਂ ਦੀਆਂ ਨਜ਼ਰਾਂ ਟਕਰਾਈਆਂ ਤਾਂ ਸਾਡੇ ਬੁੱਲਾਂ ’ਤੇ ਉਹੋ ਜਿਹਾ ‘ਹਾਸਾ’ ਆ ਗਿਆ, ਜਿਵੇਂ ਖੁੱਲ੍ਹੇ ਮੂੰਹ ਵਾਲੀਆਂ ਲਾਸ਼ਾਂ ਦੇ ਚਿਹਰੇ ‘ਹੱਸ ਰਹੇ’ ਜਾਪਦੇ ਹੁੰਦੇ ਹਨਹਾਲਾਤ ਨੇ ਸਿੱਖਾਂ ਨੂੰ ਕਿਹੜੀ ਖੱਡ ਵਿੱਚ ਲਿਆ ਸੁੱਟਿਆ ਸੀ! ਅਸੀਂ ਚਾਰੇ ਜਣੇ ਕੰਨਾਂ ਵਿੱਚ ਕੌੜਾ ਤੇਲ ਪਾ ਕੇ ਉੱਥੋਂ ਤੁਰ ਪਏਜਦ ਅਸੀਂ ਸਮਾਗਮ ਦੇ ਨੇੜੇ ਪਹੁੰਚ ਗਏ ਤਾਂ ਲਾਊਡ-ਸਪੀਕਰਾਂ ਦੀ ਆਵਾਜ਼ ਸਾਡੇ ਕੰਨੀ ਪੈਣ ਲੱਗੀਮਰਹੂਮ ਢਾਡੀ ਦਿਲਬਰ ਜੀ ਇਹ ਪੰਕਤੀਆਂ ਦਰਦ-ਭਰੀ ਆਵਾਜ਼ ਵਿੱਚ ਬੋਲ ਰਹੇ ਸਨ:

ਗ਼ੁਲਾਮਾਂ ਦੀ ਕਿਧਰੇ ਵੀ, ਥਾਂ ਕੋਈ ਨਹੀਂ ਹੁੰਦੀ
ਗ਼ੁਲਾਮੀ ਦੇ ਬੂਟੇ ਦੀ
, ਛਾਂ ਕੋਈ ਨਹੀਂ ਹੁੰਦੀ

ਇਹ ਸਤਰਾਂ ਸੁਣ ਕੇ ਅਸੀਂ ਚਾਰੇ ਜਣੇ ਫਿਰ ਇੱਕ ਦੂਜੇ ਵਲ ਦੇਖ ਕੇ ‘ਮੁਸਕਰਾ ਪਏ’।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3698)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

More articles from this author