“ਕੁੜਿੱਕੀ ਵਿੱਚ ਫਸੀ ਜਾਨ ਦੇਖ ਅਤੇ ਇਹ ਸੁਣਦੇ ਸਾਰ ਹੀ ਮੈਂ ਬੋਲ ਪਿਆ, “ਨਹੀਂ… ਨਹੀਂ ਜੀ.. ਮੈਂ ...”
(3 ਅਗਸਤ 2025)
ਇੱਕ ਦਿਨ ਘੁੰਮਦਾ-ਘੁਮਾਉਂਦਾ ਹੋਇਆ ਇੱਕ ‘ਫੇਸਬੁੱਕੀ ਆਰਟੀਕਲ’ ਮੇਰੇ ਕੋਲ ਪਹੁੰਚ ਗਿਆ, ਜਿਸ ਨੂੰ ਦੇਖ ਬੜਾ ਅਚੰਭਾ ਜਿਹਾ ਹੋਇਆ। ਇੰਜ ਲੱਗਾ ਜਿਵੇਂ ਕੋਈ ਲੰਮਾ ਸਮਾਂ ਪਹਿਲਾਂ ਗੁਆਚੀ ਅਤੇ ਭੁੱਲੀ-ਵਿੱਸਰੀ ਦੁਰਲੱਭ ਜਿਹੀ ਸ਼ੈਅ ਅਚਾਨਕ ਤੁਹਾਡੇ ਕਦਮਾਂ ਵਿੱਚ ਆਉਣ ਡਿਗੇ। ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ The Beas (‘ਬਿਆਸ ਮੈਗਜ਼ੀਨ’) ਵਿੱਚ ਸੈਂਤੀ-ਅਠੱਤੀ ਕੁ ਸਾਲ ਪਹਿਲਾਂ ਉਸ ਸਮੇਂ ਕਾਲਜ ਦੇ ਪ੍ਰਿੰਸੀਪਲ, ਰਾਜਾ ਹਰਨਰਿੰਦਰ ਸਿੰਘ ਜੀ ਦੀ ਇੱਕ ਅਤਿ ਸੁੰਦਰ ਅਤੇ ਭਾਵਨਾਤਮਿਕ ਲਿਖਤ ਸ਼ਾਮਲ ਸੀ। ਦੋਸਤੋ, ਵਿਚਾਰ ਆਪਣਾ-ਆਪਣਾ, ਪਰ ਮੇਰੇ ਹਿਸਾਬ ਨਾਲ ਰਾਜਾ ਹਰਨਰਿੰਦਰ ਸਿੰਘ ਜੀ ਇੱਕ ਮਾਣਯੋਗ, ਬਹੁਪੱਖੀ ਅਤੇ ਬੁਲੰਦ ਸ਼ਖ਼ਸੀਅਤ ਦੇ ਮਾਲਕ ਸਨ। ਉਹ ਕਈ ਕਾਲਜਾਂ ਦੇ ਪ੍ਰਿੰਸੀਪਲ ਰਹਿਣ ਤੋਂ ਬਾਅਦ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵੀ ਰਹੇ। ਕੁਝ ਕੁ ਸਮਾਂ ਪਹਿਲਾਂ ਹੀ ਉਹ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਪ੍ਰਿੰਸੀਪਲ ਸਾਹਿਬ ਦੀ ਨਿੱਘੀ ਯਾਦ ਅਤੇ ਬਿਆਸ ਮੈਗਜ਼ੀਨ ਦੀ ਇਹ ਝਲਕ… ਉਂਗਲੀ ਪਕੜ ਕੇ ਮੈਨੂੰ ਮੇਰੇ ਪੁਰਾਣੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਧੁਰ ਅੰਦਰ ਤਕ ਲੈ ਗਈ।
ਲਾਇਲਪੁਰ ਖ਼ਾਲਸਾ ਕਾਲਜ ਨਾਲ ਸਬੰਧਤ ਅਧਿਆਪਕਾਂ, ਵਿਦਿਆਰਥੀਆਂ, ਸਾਹਿਤਕਾਰਾਂ ਅਤੇ ਸਾਹਿਤ ਪੜ੍ਹਨ ਵਾਲੇ ਪਿਆਰਿਆਂ ਨੂੰ ਜ਼ਰੂਰ ਕਾਲਜ ਦੇ ਇਸ ਦਿਲਚਸਪ ਅਤੇ ਮਿਆਰੀ ਮੈਗਜ਼ੀਨ ਦੀ ਜਾਣਕਾਰੀ ਹੋਵੇਗੀ। ਮੈਂ ਪ੍ਰੀ-ਮੈਡੀਕਲ ਵਿੱਚ ਸਾਇੰਸ ਬਲਾਕ ਦਾ ਵਿਦਿਆਰਥੀ ਸੀ ਅਤੇ ਉਦੋਂ ਪ੍ਰੋਫੈਸਰ ਨਰਿੰਜਣ ਸਿੰਘ ਢੇਸੀ ਕਾਲਜ ਦੇ ਪੰਜਾਬੀ ਡਿਪਾਰਟਮੈਂਟ ਦੇ ਮੁਖੀ ਹੁੰਦੇ ਸਨ। ਕਈ ਹੋਰ ਪ੍ਰੋਫੈਸਰ ਉਨ੍ਹਾਂ ਦੇ ਨਾਲ ਇੱਕ ਗਰੁੱਪ ਜਿਹਾ ਬਣਾ ਕੇ ਗੱਲਾਂ ਕਰਦੇ ਰਹਿੰਦੇ ਅਤੇ ਹਾਸਾ ਮਜ਼ਾਕ ਕਰਦੇ ਰਹਿੰਦੇ ਸਨ। ਫਿਰ ਇਹ ਪ੍ਰੋਫੈਸਰਾਂ ਦਾ ਝੁੰਡ ਕਾਲਜ ਵਿੱਚ ਇੱਧਰ-ਉੱਧਰ ਵਿਚਰਦਾ ਰਹਿੰਦਾ। ਸਾਇੰਸ ਬਲਾਕ ਕਾਲਜ ਦੇ ਮੇਨ ਗੇਟ ਤੋਂ ਲਾਇਬਰੇਰੀ ਵੱਲ ਅੰਦਰ ਨੂੰ ਜਾਂਦਿਆਂ ਰਸਤੇ ਦੇ ਖੱਬੇ ਹੱਥ ਹੈ। ਰਸਤੇ ਅਤੇ ਡਿਪਾਰਟਮੈਂਟ ਬਿਲਡਿੰਗ ਦੇ ਵਿਚਕਾਰ ਲਾਅਨ ਹੁੰਦਾ ਸੀ, ਜਿਸ ਵਿੱਚ ਅਕਸਰ ਵਿਦਿਆਰਥੀ ਅਤੇ ਅਧਿਆਪਕ ਵਿਹਲੇ ਪੀਰੀਅਡ ਵਿੱਚ ਬੈਠੇ ਧੁੱਪ ਸੇਕਦੇ ਰਹਿੰਦੇ ਸਨ।
ਇੱਕ ਦਿਨ ਢੇਸੀ ਸਾਹਿਬ ਦੇ ਪ੍ਰੋਫੈਸਰਾਂ ਦਾ ਝੁੰਡ ਕਾਲਜ ਤੋਂ ਬਾਹਰਲੇ ਗੇਟ ਵੱਲ ਜਾਂਦਿਆਂ, ਲਾਅਨ ਵਿੱਚ ਬੈਠੇ ਬਾਇਆਲੌਜੀ ਵਿਭਾਗ ਦੇ ਅਧਿਆਪਕਾਂ ਦੇ ਨਜ਼ਦੀਕ ਆ ਕੇ ਰੁਕ ਗਿਆ। ਪ੍ਰੋਫੈਸਰ ਢੇਸੀ ਲਾਅਨ ਦੀ ਵਾੜ ਦੇ ਉੱਪਰੋਂ ਦੀ ਸਿਰ ਕੱਢ ਕੇ ਆਪਣੇ ਅੰਦਾਜ਼ ਵਿੱਚ ਮੈਡਮ ਬੋਲੀਨਾ ਨੂੰ ਬੋਲੇ, “ਸਾ..ਸ੍ਰੀ.. ਅਕਾਲ…. ਮੈਡਮ ਜੀ!” ਫਿਰ ਗੱਲ ਨੂੰ ਹੋਰ ਅੱਗੇ ਤੋਰਦਿਆਂ ਕਹਿਣ ਲੱਗੇ, “… ਗੱਲ ਐਦਾਂ ਆ ਪਈ… ਆਪਣੇ ਕਾਲਜ ਦੇ ਬਿਆਸ ਮੈਗਜ਼ੀਨ ਦੇ ਅਗਲੇ ਅੰਕ ਲਈ ਤੁਹਾਡੀ ਮਦਦ ਚਾਹੀਦੀ ਆ, ਜੇ ਹੋ ਸਕੇ ਤਾਂ…!”
ਮੈਡਮ ਬੋਲੀਨਾ ਨੇ ਕੁਰਸੀ ਤੇ ਬੈਠਿਆਂ ਹੀ ਉਸ ਵੱਲ ਧੌਣ ਘੁਮਾ ਕੇ ਕਿਹਾ, “ਹੁਕਮ ਕਰੋ ਢੇਸੀ ਸਾਹਿਬ… ਕੀ ਕਰਨਾ ਆ?”
ਢੇਸੀ ਸਾਹਿਬ ਆਪਣੇ ਹੀ ਅੰਦਾਜ਼ ਵਿੱਚ ਫਿਰ ਬੋਲੇ, “ਬੱਸ ਕੁਛ ਜ਼ਿਆਦਾ ਤਾਂ ਨਹੀਂ, ... ਤੁਹਾਡੇ ‘ਸੈਂਸ (ਸਾਇੰਸ) ਵਾਲਿਆਂ ਦਾ ਕੋਈ ‘ਸੈਂਸ ਦਾ ਈ ਆਰਟੀਕਲ ਚਾਹੀਦਾ ਆ… ਸੈਂਸ ਦੇ ਸੈਕਸ਼ਨ (section ਹਿੱਸੇ) ਲਈ। ਓਦਾਂ ਸਾਹਿਤ ਲਈ ਤਾਂ… ਲਿਖਾਰੀ ਬੜੇ ਹੈਗੇ ਆ ਸਾਡੇ ਕੋਲ… ਸੈਂਸ ਵਿੱਚ ਕੁਛ ਲਿਖਿਆ ਹੋਣਾ ਚਾਹੀਦਾ ਆ…।”
ਮੈਡਮ ਬੋਲੀਨਾ ਨੇ ਥੋੜ੍ਹਾ ਜਿਹਾ ਸੋਚਿਆ ਤੇ ਫਿਰ ਬੋਲੀ, “ਦੇਖਦੇ ਆਂ ਜੀ… ਕਰਦੇ ਆਂ ਕੁਛ ਨਾ ਕੁਛ…।”
ਢੇਸੀ ਸਾਹਿਬ ਆਪਣਾ ਕੰਮ ਦੱਸ ਕੇ ਪ੍ਰੋਫੈਸਰਾਂ ਝੁੰਡ ਦੇ ਵਿਚਕਾਰ ਜਿਹੇ ਤੁਰਦੇ ਔਹ ਗਏ ਔਹ ਗਏ। ਅਸੀਂ ਕੋਲ ਹੀ ਥੱਲੇ ਘਾਹ ’ਤੇ ਗਰੁੱਪ ਜਿਹਾ ਬਣਾ ਕੇ ਬੈਠੇ ਸੀ। ਢੇਸੀ ਸਾਹਿਬ ਦੇ ਹੁਕਮ ਜਾਂ ਬੇਨਤੀ ਤੋਂ ਲਗਦਾ ਸੀ ਕਿ ਸਾਇੰਸ ਦਾ ਕੋਈ ਆਰਟੀਕਲ ਹੀ ਚਾਹੀਦਾ ਸੀ ਅੰਗਰੇਜ਼ੀ ਵਾਲੇ ਸਾਇੰਸ ਸੈਕਸ਼ਨ ਲਈ ਕਿਸੇ ਅਧਿਆਪਕ ਜਾਂ ਫਿਰ ਕਿਸੇ ਸਟੂਡੈਂਟ ਦਾ ਲਿਖਿਆ ਹੋਇਆ। ਦੇਖਦੇ ਹੀ ਦੇਖਦੇ ਮੈਡਮ ਦੇ ਨਾਲ ਕੁਰਸੀਆਂ ਤੇ ਬੈਠੇ ਪ੍ਰੋਫੈਸਰ ਵੀ ਵਾਰੀ ਵਾਰੀ ਉੱਠ ਆਪਣੀਆਂ ਕਲਾਸਾਂ ਵੱਲ ਨੂੰ ਨਿਕਲ ਤੁਰੇ ਤੇ ਅਸੀਂ ਵੀ ਕੰਟੀਨ ਵੱਲ ਨੂੰ ਚਾਹ ਨਾਲ ਬਰੈੱਡ ਪਕੌੜੇ ਅਤੇ ਸਮੋਸੇ ਖਾਣ ਤੁਰ ਪਏ। ਸਾਡੀ ਪੇਂਡੂਆਂ ਅਤੇ ਅੰਗਰੇਜ਼ੀ ਵਿੱਚ ਪੜ੍ਹਾਈ ਜਾਂਦੀ ਸਾਇੰਸ ਦੇ ਝੰਬਿਆਂ ਦੀ ਬਿਲਕੁਲ ਵੀ ਕੋਈ ਦਿਲਚਸਪੀ ਨਹੀਂ ਸੀ ਕਿ ਢੇਸੀ ਸਾਹਿਬ ਕੀ ਕਹਿ ਰਹੇ ਸਨ ਜਾਂ ਮੈਡਮ ਬੋਲੀਨਾ ਕੀ ਸੁਣ ਜਾਂ ਸੋਚ ਰਹੀ ਸੀ… ਜਾਂ ਫਿਰ ਬਿਆਸ ਮੈਗਜ਼ੀਨ ਕੀ ਸ਼ੈਅ ਸੀ।
‘ਅੰਨ੍ਹਿਆਂ ਦੀ ਭੀੜ ਵਿੱਚ ਕਾਣੇ ਰਾਜੇ’ ਦੀ ਤਰ੍ਹਾਂ, ਸਾਡੇ 5 ਕੁ ਜਣਿਆਂ ਦੇ ਗਰੁੱਪ ਦਾ ਨਾਂ ਕੁੜੀਆਂ ਨੇ ਇੰਟੈਲੋ (intello) ਗਰੁੱਪ ਪਾਇਆ ਹੋਇਆ ਸੀ। ਸਾਡੇ ਸੋਸ਼ਲ ਗਰੁੱਪ ਦਾ ਨਾਮ ਅੱਜ ਵੀ ਇੰਟੈਲੋ ਹੀ ਹੈ। ਇਮਤਿਹਾਨਾਂ ਦੇ ਦੌਰਾਨ ਕਲਾਸ ਦੇ ਉੱਪਰਲੇ ਸਥਾਨ ਅਸੀਂ ਅਸਾਨੀ ਨਾਲ ਹੀ ਬੋਚ ਲੈਂਦੇ ਸੀ, ਪਰ ਕਦੀ ਵੀ ਹੁਸ਼ਿਆਰ ਹੋਣ ਦਾ ਮਾਣ ਜਾਂ ਦਾਅਵਾ ਨਹੀਂ ਕੀਤਾ ਸੀ। ਪ੍ਰੋਫੈਸਰ ਢੇਸੀ ਦੇ ਕਹਿਣ ਤੋਂ ਦੂਸਰੇ ਕੁ ਹੀ ਦਿਨ ਬੋਲੀਨਾ ਮੈਡਮ ਨੇ ਇੱਕ ਲੈਬ ਅਸਿਸਟੈਂਟ ਹੱਥ ਸੱਦਾ ਭੇਜ ਸਾਡੇ ਗਰੁੱਪ ਨੂੰ ਆਪਣੇ ਦਫਤਰ ਬੁਲਾ ਲਿਆ। ਸਾਡਾ ਗਰੁੱਪ ਕਿਉਂਕਿ ਅਕਸਰ ‘ਮਾੜੀ-ਮੋਟੀ ਸ਼ਰਾਰਤ’ ਵੀ ਕਰ ਲੈਂਦਾ ਸੀ, ਅਸੀਂ ਸੋਚਿਆ ਸ਼ਾਇਦ ਅੱਜ ਸਾਡੀ ਪੇਸ਼ੀ ਫਿਰ ਇਸੇ ਕਰਕੇ ਹੀ ਹੋਈ ਹੈ। ਮੈਡਮ ਦੇ ਦਫਤਰ ਜਾਣ ਤੋਂ ਪਹਿਲਾਂ ਹੀ ਸਲਾਹ ਕਰ ਲਈ ਕਿ ਅੰਦਰ ਜਾ ਕੇ ਹੱਸਣਾ ਬਿਲਕੁਲ ਨਹੀਂ ਹੈ ਤਾਂ ਕ ਮੈਡਮ ਨੂੰ ‘ਹੋਰ ਗੁੱਸਾ’ ਨਾ ਆ ਜਾਵੇ। ‘ਮੇਅ ਵੁਈ ਕੰਮ ਇਨ’ ਕਹਿ, ਅੰਦਰ ਜਾ, ਨੀਵੀਂਪਾ ਕੇ ਅਸੀਂ ਸਾਰੇ ਇੱਕ ਲਾਈਨ ਵਿੱਚ ਖੜ੍ਹੇ ਹੋ ਗਏ। ਮੈਡਮ ਆਪਣੀ ਰੋਹਬਦਾਰ ਅਵਾਜ਼ ਵਿੱਚ ਬੋਲੀ, “ਤੁਸੀਂ ਉੱਥੇ ਕੋਲ ਹੀ ਬੈਠੇ ਸੀ ਕੱਲ੍ਹ ਪਰ ਫਿਰ ਵੀ ਦੱਸ ਦਿੰਨੀ ਆਂ, ਢੇਸੀ ਸਾਹਿਬ ਨੂੰ ਇੱਕ ਹਫ਼ਤੇ ਵਿੱਚ ਆਪਣੇ ‘ਬੇਆਸ’ ਰਸਾਲੇ ਲਈ ਕੁਛ ਲਿਖਿਆ ਹੋਇਆ ਚਾਹੀਦਾ ਆ। ਸੁਣਿਆ?”
ਚੰਗੇ ਭਲੇ ‘ਬਿਆਸ’ ਦੇ ‘ਬੇਆਸ’ ਬਣਦਿਆਂ ਹਾਸਾ ਤਾਂ ਆਇਆ ਪਰ ਅਸੀਂ ਸੁਣਿਆ ਅਣਸੁਣਿਆ ਜਿਹਾ ਕਰਕੇ ਨੀਵੀਂ ਪਾ ਕੇ ਖੜ੍ਹੇ ਰਹੇ। ਕਿਸੇ ਡਾਂਟ ਤੋਂ ਬਚ ਤਾਂ ਗਏ ਪਰ ਹਾਲਤ ਅਸਮਾਨ ਤੋਂ ਡਿਗ ਕੇ ਖਜੂਰ ’ਤੇ ਅਟਕਣ ਵਾਲੀ ਹੀ ਸੀ। ਮੈਨੂੰ ਲੱਗਾ ਇਹ ਕੰਮ ਸਾਡੇ ਗਰੁੱਪ ਦੇ ਵੱਸ ਦਾ ਤਾਂ ਬਿਲਕੁਲ ਹੀ ਨਹੀਂ ਸੀ। ਕੋਈ ਵੀ ਹੁੰਗਾਰਾ ਨਾ ਮਿਲਣ ਕਰਕੇ ਮੈਡਮ ਉਤੇਜਤ ਹੋ ਕੇ ਫਿਰ ਬੋਲੀ, “ਮੈਂ ਕੁਛ ਪੁੱਛਿਆ ਆ… ਜੇ ਸਮਝ ਨਹੀਂ ਲੱਗੀ ਤਾਂ ਫਿਰ ਦੱਸਾਂ?”
ਮੇਰੇ ਤੋਂ ਇਲਾਵਾ ਬਾਕੀ ਗਰੁੱਪ ਇਕੱਠਾ ਹੀ ਬੋਲਿਆ, “ਜੀ ਹੋ ਜਾਊਗਾ।”
ਮੈਡਮ ਦਾ ਅਗਲਾ ਸਵਾਲ ਸੀ, “ਕੌਣ ਲਿਖੂਗਾ ਫਿਰ?”
ਬਾਕੀ ਗਰੁੱਪ ਵਾਲੇ ਮੇਰੇ ਵੱਲ ਹੱਥ ਕਰ ਕੇ ਕਹਿੰਦੇ, “ਇਹੋ ਲਿਖੂਗਾ।”
ਕੁੜਿੱਕੀ ਵਿੱਚ ਫਸੀ ਜਾਨ ਦੇਖ ਅਤੇ ਇਹ ਸੁਣਦੇ ਸਾਰ ਹੀ ਮੈਂ ਬੋਲ ਪਿਆ, “ਨਹੀਂ… ਨਹੀਂ ਜੀ.. ਮੈਂ … ਨਹੀਂ। ਨਹੀਂ ਆਉਂਦਾ ਮੈਨੂੰ ਲਿਖਣਾ ਤੇ ਨਾ ਹੀ ਕਦੀ ਲਿਖਿਆ ਈ ਆ ਪੰਜਾਬੀ ‘ਸੈਹਤ-ਸੂਹਤ’। ਆਪਣੇ ਪ੍ਰੋਫੈਸਰ ਜਿਉਂ ਹਨ ਐਸ ਕੰਮ ਨੂੰ… ਉਹ ਬੜਾ ਵਧੀਆ ਲਿਖ ਸਕਣਗੇ। ਅਸੀਂ ਤਾਂ ਸਾਇੰਸ ਪੜ੍ਹਨ ਵਾਲੇ ਵਿਦਿਆਰਥੀ ਆਂ…, ਮੇਰੇ ਵਰਗੇ ਲੱਲੂ-ਪੰਜੂ ਨੂੰ ਕੀ ਪਤਾ ਸੈਹਤ-ਸੂਹਤ ਦਾ?”
ਉਸ ਸਮੇਂ ਮੈਨੂੰ ਅਤੇ ਸ਼ਾਇਦ ਮੈਡਮ ਬੋਲੀਨਾ ਨੂੰ ਵੀ ਪ੍ਰੋਫੈਸਰ ਪੂਰਨ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਮਹਿੰਦਰ ਰੰਧਾਵਾ, ਗੁਰਸ਼ਰਨ ਭਾਅ ਜੀ, ਅਜਮੇਰ ਰੋਡੇ, ਗੁਰੂਮੇਲ ਸਿੱਧੂ, ਗੁਰਬਖਸ਼ ਭੰਡਾਲ, ਜਸਵੰਤ ਜ਼ਫਰ ਜਾਂ ਫਿਰ ਕਈ ਹੋਰ ਸਾਇੰਟਿਸਟਾਂ ਵਾਰੇ ਕੁਛ ਪਤਾ ਨਹੀਂ ਸੀ, ਜੋ ਆਪਣੇ ਕਿੱਤੇ ਦੇ ਮਾਹਰ ਹੋਣ ਸਮੇਤ ਜਾਣੇ ਪਹਿਚਾਣੇ ਅਤੇ ਵਿਸ਼ਲੇਸ਼ਣੀ (Analytical) ਕਿਸਮ ਦੇ ਸਾਹਿਤਕਾਰਾਂ ਦੀ ਕਤਾਰ ਵਿੱਚ ਸਨ। ਮੈਡਮ ਨੇ ਸ਼ਾਇਦ ਆਪਣੇ ਪ੍ਰੋਫੈਸਰਾਂ ਨੂੰ ਟੋਹ ਕੇ ਹੀ ਸਾਡੇ ਉੱਪਰ ਆਸ ਰੱਖੀ ਸੀ। ਮੈਡਮ ਹੱਸਣ ਲੱਗ ਪਈ ਅਤੇ ਮੇਰੀ ਘਬਰਾਹਟ ਦੇਖ ਕੇ ਬੋਲੀ, “ਬੇਟਾ, ਤੈਨੂੰ ਪੰਜਾਬੀ ਵਿੱਚ ਸੈਹਤ ਲਿਖਣ ਨੂੰ ਕੌਣ ਕਹਿੰਦਾ ਆ? ਬੱਸ ਸਾਇੰਸ ਦਾ ਇੱਕ ਛੋਟਾ ਜਿਹਾ ਲੇਖ ਈ ਤਾਂ ਲਿਖਣਾ ਆ… ਹੁਣ ਇੰਨਾ ਕੁ ਤਾਂ ਆਪਾਂ ਕਰ ਈ ਸਕਦੇ ਆਂ…।”
ਮੈਨੂੰ ਨਾਂਹ ਨੁੱਕਰ ਕਰਦਾ ਅਤੇ ਮੈਦਾਨ ਛੱਡਦਾ ਦੇਖ ਮੇਰੇ ਨਾਲ ਗਏ ਦੋਸਤ ਖਚਰੀ ਹਾਸੀ ਹੱਸੇ ਤੇ ਬੋਲੇ, “ਰਲ-ਮਿਲ ਕੇ… ਜੀ …ਰਲ-ਮਿਲ ਕੇ ਹੋ ਜਾਊਗਾ, ਜੇ ਹੁਣ ਤੁਸੀਂ ਐਨਾ ਕਹਿੰਦੇ ਈ ਆ… ਤਾਂ।”
ਹਾਂ ਜਿਹੀ ਹੁੰਦੀ ਦੇਖ, ਮੈਡਮ ਬੋਲੀ, “ਇੱਕੋ ਹਫ਼ਤਾ ਈ ਆ! ਮਸਤੀ ਈ ਨਾ ਕਰੀ ਜਾਇਓ, ਚਲੋ ਜਾਓ ਹੁਣ…।”
‘ਬੂਹੇ ਆਈ ਜੰਞ ਤੇ ਵਿੰਨ੍ਹੋ ਕੁੜੀ ਦੇ ਕੰਨ’ ਦੇ ਹਾਲਾਤ ਵਾਂਗ ਇੱਕ ਹਫ਼ਤੇ ਦੀ ਮੋਹਲਤ ਦੇ ਕੇ ਮੈਡਮ ਨੇ ਦੁਬਾਰਾ ਸਬੂਤ ਸਮੇਤ ਪੇਸ਼ੀ ਦੀ ਤਾਕੀਦ ਕਰਦਿਆਂ ਸਾਨੂੰ ਦਫਤਰੋਂ ਬਾਹਰ ਨੂੰ ਹੱਕ ਦਿੱਤਾ।
ਅੰਨ੍ਹੀ ਕੁਕੜੀ ਖਸ-ਖਸ ਦਾ ਚੋਗਾ।
‘ਰਲ-ਮਿਲ ਕੇ ਇੱਕੀ’ ਕਰਨ ਵਾਲਿਆਂ ਉੱਪਰ ਗੁੱਸਾ ਤਾਂ ਆਉਣਾ ਹੀ ਸੀ, ਪਰ ਮੇਰੀ ਆਪਣੀ ਹਾਲਤ ‘ਇੱਕ ਕਮਲੀ ਤੇ ਦੂਜਾ ਪੈ ਗਈ ਸਿਵਿਆਂ ਦੇ ਰਾਹ’ ਵਾਲੀ ਬਣੀ ਹੋਈ ਸੀ। ਨਾ ਕਦੇ ਸਾਹਿਤ, ਕੋਈ ਮੈਗਜ਼ੀਨ ਪੜ੍ਹਿਆ, ਨਾ ਲਿਖਿਆ, ਨਾ ਲੇਖਕ, ਤੇ ਉੱਪਰੋਂ ਇੱਕ ਹਫ਼ਤੇ ਦੇ ਟਾਈਮ ਦੀ ਖਲਬਲੀ ਤੇ ਹਫੜਾ-ਦਫੜੀ। ਸੋਚਿਆ, ਫਸ ਹੀ ਗਏ ਤਾਂ ਫਟਕਣਾ ਕੀ? ਬੋਲੀਨਾ ਮੈਡਮ ਦੇ ਗੁੱਸੇ ਤੋਂ ਡਰਦਿਆਂ ਇਸ ਨਵੀਂ ਪਈ ਉਲਝਣ ਨੂੰ ਸੁਲਝਾਉਣ ਲਈ ਮੈਂ ਹੱਥ ਪੈਰ ਮਾਰਨੇ ਸ਼ੁਰੂ ਕੀਤੇ। ਰਲ-ਮਿਲ ਵਾਲੇ ਬਾਕੀ ਸਭ ਹੱਥ ਖੜ੍ਹੇ ਕਰਕੇ ਵਾਰੋ-ਵਾਰੀ ਖਿਸਕ ਗਏ। ਮੈਂ ਬੈਠਾ ਸੋਚੀਂ ਪੈ ਗਿਆ, ਇਸ ਤਰ੍ਹਾਂ ਦਾ ਕੰਮ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਆਇਆ ਸੀ। ਫਿਰ ਆਪਣੇ ਆਪ ਨਾਲ ਹੀ ਗੱਲਾਂ ਕਰਨ ਲੱਗਾ … ਪਰ ਜੇ ਇਸ ਤਰ੍ਹਾਂ ਦਾ ਸੁਪਨਾ ਵੀ ਆਉਂਦਾ ਤਾਂ ਵੀ ਮਾੜਾ ਹੀ ਗਿਣਨਾ ਸੀ…। ਸੋਚਾਂ ਸੋਚਦੇ-ਸੋਚਦੇ ਹੀ ਸੋਚਿਆ, ਯਾਰ ਇਹ ਸੁਪਨੇ ਕੀ ਹੁੰਦੇ ਆ? ਕਿਉਂ ਆਉਂਦੇ ਹਨ? ਸੁਪਨੇ ਹੁੰਦੇ ਵੀ ਕਈ ਤਰ੍ਹਾਂ ਦੇ ਹੀ ਹਨ - ਕਈ ਚੰਗੇ, ਕੋਈ ਮਾੜੇ। ਕੁਝ ਚੇਤੇ ਰਹਿੰਦੇ ਅਤੇ ਬਾਕੀ ਸਵੇਰ ਤਕ ਭੁੱਲ ਵੀ ਜਾਂਦੇ ਹਨ। ਪਰ ਕੀ ਸਾਨੂੰ ਸੁਪਨਿਆਂ ਦੇ ਮਗਰ ਦੌੜਨਾ ਚਾਹੀਦਾ ਆ? ਪਤਾ ਨਹੀਂ ਹੋਰ ਕਿੰਨੀਆਂ ਕੁ ਸੋਚਾਂ ਦਾ ਤਾਣਾ-ਬਾਣਾ ਜਿਹਾ ਬਣ ਗਿਆ। ਫਿਰ ਹੋਰ ਸੋਚਿਆ ਤੇ ਵਿਚਾਰਿਆ, ਕਿਉਂ ਨਾ ਸੁਪਨਿਆਂ ਵਾਰੇ ਹੀ ਕੁਝ ‘ਅੱਖਰ ਝਰੀਟ’ ਕੇ ਮੈਡਮ ਅਤੇ ਢੇਸੀ ਸਾਹਿਬ ਨੂੰ ਪਿੱਛਿਓਂ ਲਾਹੀਏ? ਇੱਕ ਦਿਨ ਮੈਂ ਰਾਹ ਜਾਂਦੇ ਪ੍ਰੋਫੈਸਰ ਢੇਸੀ ਨੂੰ ਜਾ ਘੇਰਿਆ। ਉਸ ਵੱਲੋਂ ਮੇਰੀ ਬੁਲਾਈ ਸਤਿ ਸ੍ਰੀ ਅਕਾਲ ਬੋਚਦਿਆਂ ਹੀ ਮੈਂ ਪੁੱਛ ਲਿਆ, “ਪ੍ਰੋਫੈਸਰ ਸਾਹਿਬ, ਮੈਡਮ ਬੋਲੀਨਾ ਨੇ ਤੁਹਾਡੇ ਮੈਗਜ਼ੀਨ ਲਈ ਲਿਖਣ ਲਈ ਮੇਰੀ ਡਿਊਟੀ ਲਾਈ ਆ।”
“ਹੱਛਾ?… ਬਹੁਤ ਵਧੀਆਂ ਫੇਰ ਤਾਂ।” ਢੇਸੀ ਸਾਹਿਬ ਬੋਲੇ।
“ਮੈਂ ਸੋਚਦਾ ਹਾਂ ਜੇ ਸੁਪਨਿਆਂ ਵਾਰੇ ਕੁਝ ਲਿਖ ਦੇਵਾਂ ਤਾਂ ਕਿੱਦਾਂ ਰਹੂਗਾ ਜੀ?”
ਢੇਸੀ ਸਾਹਿਬ ਆਪਣੇ ਹੀ ਅੰਦਾਜ਼ ਵਿੱਚ ਹੱਸ ਕੇ ਬੋਲੇ, “ਹਾ…ਹਾ… ਸੁਖਨੇ.. ਹਾ… ਹਾ…ਸੁਪਨੇ.. ਹਾ.. ਹਾ.. ਸੁਪਨੇ? ਓਦਾਂ ਵਿਸ਼ਾ ਤਾਂ ਮਾੜਾ ਨਹੀਂ, ਸੁਖਨੇ ਤਾਂ ਸਾਰਿਆਂ ਨੂੰ ਆਉਂਦੇ ਈ ਆ…। ਠੀਕ ਆ, ਪਰ ਲਿਖਿਆ ਅੰਗਰੇਜ਼ੀ ਤੇ ‘ਸੈਂਸ ਵਿੱਚ ਹੋਣਾ ਚਾਹੀਦਾ ਆ… ਪੜ੍ਹਨ ਵਾਲੇ ਨੂੰ ਸਾਇੰਸ ਦਾ ਪਤਾ ਲੱਗੇ ਕਿ ਸੁਪਨੇ ਕੀ ਹੁੰਦੇ ਆ… ਅਤੇ ਕਿਉਂ ਆਉਂਦੇ ਆ।”
ਸੁਪਨੇ ਕਿਉਂ ਆਉਂਦੇ ਹਨ? Why do we dream?
ਲਓ ਜੀ ਇਹ ਮੇਰੀ ਜ਼ਿੰਦਗੀ ਦੇ ਪਹਿਲੇ ਲੇਖ ਦਾ ਸਿਰਲੇਖ ਬਣ ਗਿਆ- ਸੁਪਨੇ ਕਿਉਂ ਆਉਂਦੇ ਹਨ - Why do we dream? ਸਿਰਲੇਖ ਤਾਂ ਬਣ ਗਿਆ ਪਰ ਲੇਖ ਕਿਉਂਕਿ ਸਾਇੰਸ ’ਤੇ ਅਧਾਰਤ ਹੋਣ ਦੀ ਸ਼ਰਤ ਸੀ, ਇਸ ਲਈ ਲਾਇਬਰੇਰੀ ਵੱਲ ਨੂੰ ਛੂਟ ਵੱਟ ਦਿੱਤੀ ਤਾਂ ਜੋ ਮੈਟੀਰੀਅਲ, ਖੋਜ ਪੱਤਰ, ਲੇਖ ਵਗੈਰਾ ਇਕੱਠੇ ਕਰਕੇ ਅਤੇ ਪੜ੍ਹ ਕੇ ਇੱਕ ਪੜ੍ਹਨਯੋਗ ਲੇਖ ਬਣ ਜਾਵੇ ਆਪਣੇ ਬਿਆਸ ਮੈਗਜ਼ੀਨ ਦੇ ਸਾਇੰਸ ਹਿੱਸੇ ਲਈ। ਸੁਪਨੇ ਆਉਣ ਦੇ ਕਾਰਨ ਦਾ ਸੰਖੇਪ ਵਿੱਚ ਕੁਝ ਇਸ ਤਰ੍ਹਾਂ ਵਰਣਨ ਕੀਤਾ ਸੀ … ਜੋ ਦਹਾਕਿਆਂ ਬਾਅਦ ਅੱਜ ਵੀ ਉਹ ਹੀ ਹੈ।
ਮਨੁੱਖ ਦੀ ਨੀਂਦ ਜਾਂ ਸੌਣ ਦੇ ਚੱਕਰ (Cycle) ਨੂੰ ਮੋਟੇ ਤੌਰ ’ਤੇ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ:
REM ਅਤੇ Non-REM cycle.
REM ਦਾ ਮਤਲਬ ਹੈ ਰੈਪਿਡ ਆਈ ਮੂਵਮੈਂਟ (Rapid Eye Movement)- ਅੱਖ ਦਾ ਤੇਜ਼ੀ ਨਾਲ ਇੱਧਰ ਉੱਧਰ ਨੂੰ ਘੁੰਮਣਾ ਜਾਂ ਪੂਰੀ ਫੁਰਤੀ ਨਾਲ ਹਿੱਲਣਾ-ਜੁਲਣਾ। Non-REM ਦਾ ਮਤਲਬ ਇਸ ਤੋਂ ਉਲਟ, ਮਤਲਬ ਅੱਖ ਦਾ ਨਾ ਹਿੱਲਣਾ ਜਾਂ ਘੱਟ ਹਰਕਤ ਕਰਨਾ। ਨੀਂਦ ਵਿੱਚ ਪਹਿਲਾਂ Non-REM cycle ਅਤੇ ਫਿਰ REM cycle ਹੁੰਦਾ ਹੈ। Non-REM ਨੂੰ ਅੱਗੇ ਤਿੰਨ ਹਿੱਸਿਆਂ ਵਿੱਚ ਵੰਡ ਸਕਦੇ ਹਾਂ:
1. ਅੱਖਾਂ ਦਾ ਬੰਦ ਕਰਨਾ ਜਾਂ ਹੋਣਾ (ਨੀਂਦ ਦੇ 5-10 ਮਿੰਟ। ਇਸ ਪਹਿਲੇ ਹਿੱਸੇ ਵਿੱਚ ਤੁਸੀਂ ਆਪ ਜਾਂ ਕੋਈ ਹੋਰ ਤੁਹਾਨੂੰ ਉਠਾਵੇ ਤਾਂ ਤੁਸੀਂ ਸਹਿਜੇ ਹੀ ਉੱਠ ਸਕਦੇ ਹੋ।
2. ਹਲਕੀ ਨੀਂਦ - 10-25 ਮਿੰਟ ਦੇ ਇਸ ਹਿੱਸੇ ਵਿੱਚ ਤੁਹਾਡੇ ਸਰੀਰ ਦਾ ਤਾਪਮਾਨ ਅਤੇ ਦਿਲ ਦੀ ਧੜਕਣ ਘਟ ਜਾਂਦੀ ਹੈ ਅਤੇ ਤੁਹਾਡਾ ਸਰੀਰ ਨੀਂਦ ਦੇ ਅਗਲੇ ਪੜਾਅ, ਜਾਣੀ ਕਿ ਗੂੜ੍ਹੀ ਨੀਂਦ ਦੀ ਤਿਆਰੀ ਕਰਦਾ ਹੈ।
3. ਗੂੜ੍ਹੀ ਨੀਂਦ - ਇਹ ਘੋੜੇ ਵੇਚ ਕੇ ਸੌਣ ਵਾਲਾ ਹਿੱਸਾ ਹੈ, ਜਿਸ ਵਿੱਚ ਤੁਹਾਡਾ ਜਾਗਣਾ ਅਤੇ ਤੁਹਾਨੂੰ ਜਗਾਉਣਾ ਕੁੰਭ ਕਰਨ ਦੇ ਸੌਣ-ਜਾਗਣ ਦੇ ਬਰਾਬਰ ਜਿਹਾ ਹੀ ਹੁੰਦਾ ਹੈ - ਮੁਸ਼ਕਿਲ। ਇਹ ਹਿੱਸਾ ਤੁਹਾਡੀ ਨੀਂਦ ਦਾ ਬਹੁਤ ਮਹੱਤਵ ਪੂਰਨ ਹਿੱਸਾ ਹੈ, ਜਿਸ ਦੌਰਾਨ ਦਿਨ ਦੇ ਕੰਮ-ਕਾਰ ਅਤੇ ਭੱਜ-ਦੌੜ ਵਿੱਚ ਹੰਭੇ ਹੋਏ ਤੁਹਾਡੇ ਸਰੀਰ ਦੇ ਤੰਤੂਆਂ/ਸੈੱਲਾਂ ਦਾ ਕੁਦਰਤੀ ਇਲਾਜ ਹੁੰਦਾ ਹੈ, ਨਵੇਂ ਸੈੱਲ ਬਣਦੇ ਹਨ, ਤੁਹਾਡੀਆਂ ਮਾਸ ਪੇਸ਼ੀਆਂ, ਹੱਡੀਆਂ ਅਤੇ ਅਤਿ ਮਹੱਤਵਪੂਰਨ Immune system ਦੀ ਊਰਜਾ, ਸ਼ਕਤੀ ਅਤੇ ਤਾਕਤ ਆਉਂਦੀ ਹੈ। ਹਾਲਾਂ ਕਿ ਬਹੁਤ ਜ਼ਰੂਰੀ ਹੈ ਗੂੜ੍ਹੀ ਨੀਂਦ ਦਾ ਆਉਣਾ, ਪਰ ਉਮਰ ਦੇ ਵਧਣ ਨਾਲ ਇਹ ਹਿੱਸਾ ਥੋੜ੍ਹਾ ਘਟ ਜਾਂਦਾ ਹੈ।
ਨੀਂਦ ਦੀ ਗੱਲ ਤਾਂ ਹੋ ਗਈ, ਪਰ ਸੁਪਨੇ ਕਿੱਧਰ ਗਏ?
ਸੁਪਨੇ ਨੀਂਦ ਦੇ REM ਹਿੱਸੇ ਦੌਰਾਨ ਆਉਂਦੇ ਹਨ। REM ਹਿੱਸਾ ਨੀਂਦ ਦੇ ਤਿੰਨ 3 Non-REM ਹਿੱਸਿਆਂ ਤੋਂ ਮਗਰੋਂ ਸ਼ੁਰੂ ਹੁੰਦਾ ਹੈ। ਸੌਣ ਤੋਂ ਕੋਈ ਡੇਢ ਕੁ ਘੰਟੇ ਦੀ ਨੀਂਦ ਮਗਰੋਂ ਇਹ ਹਿੱਸਾ ਸ਼ੁਰੂ ਹੁੰਦਾ ਹੈ। ਆਪਣੇ ਨਾਮ ਮੁਤਾਬਕ, ਇਸ ਹਿੱਸੇ ਵਿੱਚ ਤੁਹਾਡੀਆਂ ਅੱਖਾਂ, ਦਿਲ, ਸਾਹ ਅਤੇ ਦਿਮਾਗ ਬਹੁਤ ਫੁਰਤੀਲਾ ਹੋ ਜਾਂਦਾ ਹੈ। ਨੀਂਦ ਦੇ ਇਸ ਹਿੱਸੇ ਵਿੱਚ ਸੁਹਾਵਣੇ (ਰੰਗੀਨ) ਜਾਂ ਫਿਰ ਡਰਾਉਣੇ (Nightmares) ਸੁਪਨਿਆਂ ਦਾ ਮੀਂਹ ਵਰ੍ਹਦਾ ਹੈ, ਜਾਂ ਕਹਿ ਲਓ ਕਿ ਕਦੇ-ਕਦੇ ਬਰਸਾਤ ਵੀ ਲੱਗ ਜਾਂਦੀ ਹੈ। ਹਰ ਕੋਈ ਚਾਹੁੰਦਾ ਤਾਂ ਇਹ ਹੀ ਹੈ ਕਿ ਸੁਹਾਵਣੇ ਸੁਪਨੇ ਘੁਰਾੜਿਆਂ ਦੇ ਨਾਲ ਹੀ ਚੱਲਦੇ ਰਹਿਣ। ਕਈ ਵਾਰੀ ਡਰਾਉਣੇ ਸੁਪਨੇ ਮੁੱਕਣ ਵਿੱਚ ਈ ਨਹੀਂ ਆਉਂਦੇ। ਸੁਪਨਿਆਂ ਦੇ ਚੱਲਦੇ ਤੁਹਾਡੇ ਸਰੀਰ ਦੇ ਕੁਝ ਕੁ ਹਿੱਸੇ ਜਾਂ ਫਿਰ ਸਾਰਾ ਸਰੀਰ ਹੀ ਬੇ-ਤਾਕਤ ਜਿਹਾ ਵੀ ਹੋ ਜਾਂਦਾ ਹੈ ਜੋ ਕਿ ਪੂਰੇ ਜ਼ੋਰ ਨਾਲ ਹਿਲਾਉਣ ਦੇ ਬਾਵਜੂਦ ਵੀ ਨਹੀਂ ਹਿੱਲਦਾ। ਇੱਕ ਮੰਨਣਾ ਤਾਂ ਇਹ ਵੀ ਹੈ ਕਿ ਕਿਉਂਕਿ ਤੁਹਾਡੀਆਂ ਅੱਖਾਂ, ਦਿਮਾਗ ਅਤੇ ਸਰੀਰ ਪੂਰੀ ਹਰਕਤ ਵਿੱਚ ਹੁੰਦਾ ਹੈ, ਇਸ ਲਈ ਇਹ ਕੁਦਰਤੀ ਪ੍ਰਕਿਰਿਆ ਤੁਹਾਨੂੰ ਅੱਭੜਵਾਹੇ ਉੱਠਣ ਕਰਕੇ ਸੱਟ ਚੋਟ ਤੋਂ ਬਚਾਉਣ ਲਈ ਹੀ ਹੈ। ਨੀਂਦ ਦਾ ਇਹ ਹਿੱਸਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਦਿਮਾਗ਼ ਇੱਕ ਸੁਪਰ ਕੰਪਿਊਟਰ ਵਾਂਗ ਬਹੁਤ ਤੇਜ਼ ਕੰਮ ਕਰਦਾ ਹੈ। ਦਿਮਾਗ਼ ਦੇ ਹਿੱਸੇ ਪ੍ਰੋਟੀਨ ਅਤੇ ਇਨਜ਼ਾਈਮ ਵਗੈਰਾ ਬਣਾਉਣ ਲਈ ਉਤੇਜਕ ਹੁੰਦੇ ਹਨ। ਪ੍ਰੋਟੀਨ ਅਤੇ ਇਨਜ਼ਾਈਮ ਤੁਹਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦੇ ਹਨ। ਬੱਚਿਆਂ ਦੀ ਨੀਂਦ ਦਾ ਅੱਧਾ ਹਿੱਸਾ ਤਾਂ ਇਹ REM, ਜਾਣੀ ਕਿ ਸੁਪਨਿਆਂ ਦੇ ਸੰਸਾਰ ਦੀ ਯਾਤਰਾ ਹੀ ਹੁੰਦੀ ਹੈ, ਤਦ ਹੀ ਉਹ ਸੁਪਨਿਆਂ ਵਿੱਚ ਵੀ ਹੱਸਦੇ-ਖੇਡਦੇ ਤੇ ਕਦੇ ਕਦੇ ਰੋਣ ਵੀ ਲੱਗ ਪੈਂਦੇ ਹਨ।
ਆਉਂਦੀ ਹੋਈ ਰਾਤ
ਇੱਕ ਸੁਪਨਾ ਲੈ ਆਈ
ਜਾਂਦੀ ਹੋਈ ਰਾਤ
ਇੱਕ ਸੁਪਨਾ ਦੇ ਗਈ
ਪਰ...
ਸੁਪਨੇ ਤਾਂ ਸੁਪਨੇ ਈ ਹੁੰਦੇ
ਕੁਝ ਚੰਗੇ, ਕੁਝ ਮੰਦੇ ਵੀ ਹੁੰਦੇ
ਕੁਝ ਹਸਾਉਂਦੇ, ਕੁਝ ਰੁਆ ਵੀ ਜਾਂਦੇ
ਕੁਝ ਅਧੂਰੇ, ਕੁਝ ਪੂਰੇ ਵੀ ਹੋ ਜਾਂਦੇ
ਫਿਰ ਵੀ
ਪਤਾ ਨਹੀਂ ਕਿਉਂ
ਚੰਗਾ ਲਗਦਾ ਹੈ
ਸੁਪਨਿਆਂ ਦਾ ਆਉਣਾ
ਸੁਪਨਿਆਂ ਦਾ ਜਾਣਾ ਅਤੇ
ਸੁਪਨਿਆਂ ਦੇ ਮਗਰ ਮਗਰ ਦੌੜਨਾ…
ਪਰ ਸੁਪਨੇ ਕੀ ਸ਼ੈਅ ਹੈ? ਮੈਡੀਕਲ ਸਾਇੰਸ ਮੁਤਾਬਕ ਸੁਪਨੇ succession or series of thoughts (ਕ੍ਰਮਵਾਰ ਸੋਚਾਂ), emotions & feelings (ਭਾਵਨਾਵਾਂ), images (ਦ੍ਰਿਸ਼/ਚਿੱਤਰ/ਫੋਟੋ), ideas (ਵਿਚਾਰ), and sensations (ਸਨਸਨੀ ਭਾਵਨਾਵਾਂ) ਦਾ ਸੁਮੇਲ ਹੀ ਹੁੰਦੇ ਹਨ, ਜੋ ਨੀਂਦ ਦੇ REM ਚੱਕਰ ਵਿੱਚ ਪਰਗਟ ਹੁੰਦੇ ਹਨ। ਜਾਂ ਫਿਰ ਹੋਰ ਸਧਾਰਨ ਲਫਜ਼ਾਂ ਵਿੱਚ ਇਹ ਕਹਿ ਲਓ ਕਿ ਉਹ ਕਹਾਣੀਆਂ ਜਾਂ ਚਿੱਤਰ ਜਾਂ ਭਾਵਨਾਵਾਂ ਜੋ ਸਾਡਾ ਦਿਮਾਗ/ਮਨ ਨੀਂਦ ਦੇ ਇਸ ਹਿੱਸੇ ਦੌਰਾਨ ਘੜਦਾ, ਦੇਖਦਾ ਜਾਂ ਮਹਿਸੂਸ ਕਰਦਾ ਹੈ, ਉਹੀ ਸੁਪਨੇ ਹੁੰਦੇ ਹਨ। ਕੁਦਰਤ ਦੇ ਅਸੂਲ ਮੁਤਾਬਕ ਸੁਪਨੇ ਆਉਂਦੇ ਤਾਂ ਸਾਰਿਆਂ ਨੂੰ ਹੀ ਹਨ ਕੁਝ ਪੂਰੇ, ਕੁਝ ਅਧੂਰੇ ਤੇ ਕੁਝ ਬਿਲਕੁਲ ਹੀ ਯਾਦ ਨਹੀਂ ਰਹਿੰਦੇ। ਸੱਚ ਇਹ ਵੀ ਹੈ ਕਿ ਕੁਝ ਲੋਕ ਸੁਪਨੇ ਯਾਦ ਨਹੀਂ ਰੱਖ ਸਕਦੇ, ਜਦੋਂ ਕੇ ਦੂਸਰੇ ਸੁਪਨਿਆਂ ਨੂੰ ਯਾਦ ਵੀ ਰੱਖਦੇ ਹਨ ਅਤੇ ਸੁਪਨਿਆਂ ਦੇ ਮਗਰ ਵੀ ਦੌੜਦੇ ਰਹਿੰਦੇ ਹਨ, ਉਨ੍ਹਾਂ ਨੂੰ ਸਾਕਾਰ ਕਰਨ ਲਈ। ਉਹਨਾਂ ਨੂੰ ਚੰਗਾ ਲਗਦਾ ਹੈ, ਸੁਪਨੇ ਲੈਣੇ ਤੇ ਫਿਰ ਸੁਪਨਿਆਂ ਦੇ ਮਗਰ-ਮਗਰ ਦੌੜਦੇ ਰਹਿਣਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (