“ਹੁਣ ਉਹ ... ਫਰੋਲਣ ਲੱਗਦੀ ਹੈ ... ਮੇਰੇ ਮਨ ਦੀਆਂ ਤੈਹਾਂ ... ਤੈਹਾਂ ’ਚੋਂ ਲੱਭ ਲੈਂਦੀ ਹੈ ...”
(18 ਮਾਰਚ 2022)
ਮਹਿਮਾਨ: 48.
1. ਕੁਕਨੂਸ
ਕੁਕਨੂਸ ਦੀ ਰਾਖ ਦਾ ਟਿੱਕਾ
ਕਿਸ ਮੇਰੇ ਮੱਥੇ ਸਜਾਇਆ?
ਹਰ ਮੀਂਹ ਤੋਂ ਬਾਅਦ
ਸਿਰ ’ਤੇ ਖੰਭ ਫੜਫੜਾਉਂਦੇ
ਕੁਝ ਅੱਗ ਰੰਗਾ ਭਖ਼ਦਾ
ਅਸਮਾਨ ਛੋਹੰਦਾ
ਤਾਰਾ ਟੁੱਟਦਾ
ਜੰਗਾਲੀਆਂ ਤਾਰਾਂ ’ਚੋਂ
ਸੁਰ ਗੂੰਜਦਾ
ਪੰਛੀ ਤੜਫਦਾ
ਅੱਗ ਵਰ੍ਹਦੀ
ਮੱਥੇ ਤੇ ਫਿਰ
ਤਿਲਕ ਸਜਦਾ!
***
2. ਤਲਾਸ਼
ਮੰਜ਼ਿਲ ਨਹੀਂ
ਪੈਰਾਂ ’ਚ
ਉਬਲਦਾ ਸਫ਼ਰ ਚੁਣਿਆ
ਖਾਰੇ ਪਾਣੀਆਂ' ’ਚੋਂ ਨਿਕਲਨਾ
ਕਾਲੇ ਜੰਗਲਾਂ ’ਚੋਂ ਗੁਜ਼ਰਨਾ
ਪਿਆਸ
ਪਾਣੀਆਂ ਦੀ ਨਹੀਂ
ਉਹਨਾਂ ਵਿਚਲੇ
ਰੰਗ ਦੀ ਭਾਲ ਹੈ
ਉਡੀਕ
ਡਾਲ ਦੀ ਨਹੀਂ
ਖੁੱਲੇ ਅਸਮਾਨਾਂ ਦਾ
ਇੰਤਜ਼ਾਰ ਹੈ
ਸੁੱਚੇ ਮੋਤੀ ਦੀ
ਚਮਕ ਨਹੀਂ
ਸਿੱਪੀ 'ਚ ਬੰਦ
ਬੂੰਦ ਦੀ ਤਲਾਸ਼ ਹੈ
ਤੜਫ
ਬੋਲਾਂ ਦੀ ਨਹੀਂ
ਅੱਖਾਂ ਵਿਚਲੇ
ਨੂਰ ਦੀ ਸਿੱਕ ਹੈ!
***
3. ਸਾਥਣ
ਕਵਿਤਾ
ਸਾਥਣ ਹੁੰਦੀ ਹੈ
ਵੇਲੇ ਕੁਵੇਲੇ
ਆਉਣ ਦਾ ਦਮ ਰੱਖਦੀ
ਤਪਦੀਆਂ ਝਾਂਜਰਾਂ ਪਾ
ਕੋਲ ਆਣ ਬੈਠਦੀ
ਗੱਲ ਸੁਣਦੀ
ਵਾਲ ਪਲੋਸਦੀ
ਹੌਲਾ ਫੁੱਲ ਕਰ
ਤਲੀਆਂ ’ਤੇ
ਦੀਪ ਜਗਾਉਂਦੀ
ਲੁਕੇ ਸੰਸਾਰ ਵਿਖਾਉਂਦੀ
ਪਰਤਾਂ ਫਰੋਲਦੀ
ਤਹਿ-ਦਰ-ਤਹਿ
ਅੰਦਰ ਉਤਰਦੀ
ਸੂਰਜ ਦੀਆਂ
ਕਿਰਨਾਂ ਵਿਚਲੇ
ਸੱਤੇ ਰੰਗ ਫੜਦੀ
ਕੰਧਾਂ ਪਾਰਦਰਸ਼ੀ ਕਰ
ਅਨੰਤ ਸਾਗਰ ਵਿਖਾਉਂਦੀ
ਕਵਿਤਾ
ਸਾਥਣ ਹੁੰਦੀ ਹੈ!
***
4. ਚੰਗਾ ਨਹੀਂ ਲੱਗਦਾ
ਬਹੁਤ ਜਲਦੀ
ਸਿਆਣੀਆਂ ਹੋ ਜਾਂਦੀਆਂ ਧੀਆਂ
ਮੇਰੀ ਧੀ ਵੀ
ਵੱਡੀ ਹੋ ਗਈ
ਹੁਣ ਉਹ
ਪੜ੍ਹ ਲੈਂਦੀ ਹੈ ਅੱਖਾਂ
ਸੁਣ ਲੈਂਦੀ ਹੈ
ਚੁੱਪ ਵਿਚਲਾ ਸ਼ੋਰ
ਜਾਣ ਲੈਂਦੀ ਹੈ
ਸ਼ੋਰ ਵਿਚਲੀ ਚੁੱਪ
ਬਿਮਾਰ ਹੋਣ ’ਤੇ
ਹਮੇਸ਼ਾਂ ਵਾਂਗ
ਪੈਰਾਸੀਟਾਮੋਲ ਨਹੀਂ ਦਿੰਦੀ
ਹੁਣ ਉਹ
ਫਰੋਲਣ ਲੱਗਦੀ ਹੈ
ਮੇਰੇ ਮਨ ਦੀਆਂ ਤੈਹਾਂ
ਤੈਹਾਂ ’ਚੋਂ ਲੱਭ ਲੈਂਦੀ ਹੈ
ਕੁਝ ਬੋ-ਮਾਰਦੀਆਂ
ਮਰੀਆਂ ਮੱਛੀਆਂ
ਆਪਣੀਆਂ
ਬੋਝਲ ਅੱਖਾਂ ਨਾਲ
ਮੇਰੇ ਸਿਰ ’ਤੇ ਰੱਖੀ
ਪੰਡ ਤੋਲਦੀ
ਉਹ
ਵੱਡੀ ਹੋ ਗਈ ਹੈ
ਸਿਆਣੀ ਹੋ ਗਈ ਹੈ
ਧੀਆਂ ਦਾ
ਇੰਝ ਵੱਡੇ ਹੋਣਾ
ਸਿਆਣੇ ਹੋਣਾ
ਮੈਨੂੰ
ਚੰਗਾ ਨਹੀਂ ਲੱਗਦਾ!
***
5. ਅਰਜੋਈ
ਜੰਗ ਦਾ
ਕੋਈ ਚਿਹਰਾ-ਮੋਹਰਾ ਨਹੀਂ ਹੁੰਦਾ
ਜੰਗ ਤਾਂ ਜੰਗ ਹੈ
ਸਰਹੱਦ ਦੇ ਆਰ
ਜਾਂ
ਉਸਦੇ ਪਾਰ
ਚਗਲੇ ਵਿਚਾਰ
ਘੁਣ ਲੱਗੀ
ਲੱਕੜ ਵਾਂਗ
ਖੋਖਲੇ ਵਜੂਦ
ਜਿਸ ’ਤੇ ਬੈਠੇ ਗਿਰਝ
ਇੱਕੋ ਰਾਗ ਅਲਾਪਦੇ
ਆਦਮ-ਬੋ ਦੀਆਂ
’ਵਾਜਾਂ ਤੋਂ ਤ੍ਰਭਕ
ਚਿੜੀਆਂ
ਮੇਰੇ ਸਿਰ ’ਚ
ਆਲ੍ਹਣੇ ਪਾਉਂਦੀਆਂ
ਹਉਕਿਆਂ ਦਾ
ਅਸਮਾਨ ਬੁਣਦੀਆਂ
ਤਣੀਆਂ ਨਸਾਂ ’ਚ
ਮੈਂ ਤਿਣਕੇ ਟਿਕਾਉਂਦੀ
ਬਾਲਕਨੀ ’ਚ ਖਲੋ
ਮੌਸਮ ਦੀ ਬੇਰੁਖ਼ੀ
ਖਤਮ ਹੋਣ ਲਈ
ਅਰਦਾਸ ਕਰਦੀ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3438)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)