“ਮੌਜੂਦਾ ਸਮੇਂ ਵਿੱਚ ਭਾਰਤ ਆਪਣੀ ਤੇਜ਼ੀ ਨਾਲ ਵਧ ਰਹੀ ਆਬਾਦੀ ਨੂੰ ਵਿਕਾਸ ਦੀ ਪੌੜੀ ਨਹੀਂ ਬਣਾ ਸਕਿਆ ...”
(5 ਮਈ 2023)
ਇਸ ਸਮੇਂ ਪਾਠਕ: 136.
ਆਬਾਦੀ ਪੱਖੋਂ ਭਾਰਤ ਪਹਿਲੇ ਨੰਬਰ ’ਤੇ
ਦੁਨੀਆਂ ਦੀ ਕੁੱਲ ਆਬਾਦੀ ਵਿੱਚ ਭਾਰਤ ਦੀ ਆਬਾਦੀ ਦਾ ਹਿੱਸਾ 17.76%
ਦੁਨੀਆ ਦੇ ਕੁੱਲ ਭੂਮੀ ਖੇਤਰ ਵਿੱਚ ਭਾਰਤ ਦਾ ਹਿੱਸਾ ਕੇਵਲ 2.4%
ਸਾਡਾ ਦੇਸ਼ ਭਾਰਤ ਆਬਾਦੀ ਪੱਖੋਂ ਵਿਸ਼ਵ ਦੇ ਦੂਸਰੇ ਦੇਸ਼ਾਂ ਨੂੰ ਪਛਾੜਦਾ ਹੋਇਆ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਸੰਯੁਕਤ ਰਾਸ਼ਟਰ ਸੰਘ ਦੀ ‘ਦਾ ਸਟੇਟ ਆਫ ਵਰਲਡ ਪਾਪੂਲੇਸ਼ਨ ਰਿਪੋਰਟ- 2023’ ਦੇ ਅੰਕੜਿਆਂ ਅਨੁਸਾਰ ਹੁਣ ਭਾਰਤ ਦੀ ਅਨੁਮਾਨਿਤ ਆਬਾਦੀ 142.86 ਕਰੋੜ ਹੋ ਗਈ ਹੈ ਅਤੇ ਚੀਨ 142.57 ਕਰੋੜ ਦੀ ਅਨੁਮਾਨਿਤ ਆਬਾਦੀ ਨਾਲ ਪਹਿਲੇ ਨੰਬਰ ਤੋਂ ਹੇਠਾਂ ਖਿਸਕ ਕੇ ਦੂਜੀ ਥਾਂ ’ਤੇ ਆ ਗਿਆ ਹੈ। ਦੁਨੀਆ ਦੀ ਕੁੱਲ ਆਬਾਦੀ ਵਿੱਚ ਭਾਰਤ ਦੀ ਆਬਾਦੀ ਦਾ ਹਿੱਸਾ 17.76 ਫੀਸਦੀ ਅਤੇ ਦੁਨੀਆ ਦੇ ਕੁੱਲ ਭੂਮੀ ਖੇਤਰ ਵਿੱਚ ਭਾਰਤ ਦਾ ਹਿੱਸਾ ਕੇਵਲ 2.4 ਫੀਸਦੀ ਹੈ। ਇਨ੍ਹਾਂ ਅੰਕੜਿਆਂ ਮੁਤਾਬਿਕ ਵਿਸ਼ਵ ਦਾ ਲਗਭਗ ਹਰ ਛੇਵਾਂ ਮਨੁੱਖ ਭਾਰਤੀ ਹੈ। ਇਸ ਤਰ੍ਹਾਂ ਵਿਸ਼ਵ ਦੀ ਕੁੱਲ ਆਬਾਦੀ ਦਾ ਛੇਵਾਂ ਹਿੱਸਾ ਦੁਨੀਆਂ ਦੇ ਸਿਰਫ਼ ਢਾਈ ਫ਼ੀਸਦੀ ਤੋਂ ਵੀ ਘੱਟ ਭੂਮੀ ਖੇਤਰ ਉੱਤੇ ਗੁਜ਼ਰ-ਬਸਰ ਕਰ ਰਿਹਾ ਹੈ।
ਨਿਰੰਤਰ ਵਧ ਰਹੀ ਆਬਾਦੀ ਦਾ ਵਿਸ਼ਾ ਭਾਰਤ ਦੇਸ਼ ਲਈ ਚਿੰਤਾਜਨਕ ਬਣਦਾ ਜਾ ਰਿਹਾ ਹੈ। ਵਧਦੀ ਆਬਾਦੀ ਖੁਸ਼ਹਾਲ ਅਤੇ ਸਿਹਤਮੰਦ ਜੀਵਨ ਲਈ ਨਿੱਤ ਨਵੀਂਆਂ ਚੁਣੌਤੀਆਂ ਪੈਦਾ ਕਰ ਰਹੀ ਹੈ ਅਤੇ ਭਵਿੱਖ ਵਿੱਚ ਹੋਰ ਵੀ ਗੰਭੀਰ ਚੁਣੌਤੀਆਂ ਅਤੇ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਨਿਰੰਤਰ ਵਧ ਰਹੀ ਆਬਾਦੀ ਦਾ ਕੁਦਰਤੀ ਸਰੋਤਾਂ ਅਤੇ ਵਾਤਾਵਰਣ ਉੱਤੇ ਨੁਕਸਾਨਦਾਇਕ ਪ੍ਰਭਾਵ ਪੈ ਰਿਹਾ ਹੈ। ਵਧਦੀ ਆਬਾਦੀ ਕਾਰਨ ਦੁਨੀਆ ਭਰ ਦੇ ਊਰਜਾ ਸਰੋਤਾਂ ਜਿਵੇਂ- ਪੈਟਰੋਲੀਅਮ ਉਤਪਾਦ, ਕੁਦਰਤੀ ਗੈਸ, ਕੋਲਾ ਆਦਿ ਦੀ ਖਪਤ ਵਧ ਰਹੀ ਹੈ, ਜੋ ਕਿ ਭਵਿੱਖ ਲਈ ਵੱਡੇ ਖ਼ਤਰੇ ਦਾ ਸੰਕੇਤ ਹੈ। ਭਾਰਤ ਦੀ ਆਬਾਦੀ ਜਿਸ ਅਨੁਪਾਤ ਨਾਲ ਵਧ ਰਹੀ ਹੈ, ਉਸ ਅਨੁਪਾਤ ਵਿੱਚ ਭੋਜਨ, ਪਾਣੀ, ਸਿਹਤ, ਦਵਾਈਆਂ ਆਦਿ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਕਰਨਾ ਆਸਾਨ ਨਹੀਂ ਹੈ। ਵਧਦੀ ਆਬਾਦੀ ਕਾਰਨ ਦੇਸ਼ ਦੀ ਆਰਥਿਕਤਾ ਨੂੰ ਵੀ ਕੁਝ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਾਰਤ ਨੂੰ ਵਧਦੀ ਆਬਾਦੀ ਲਈ ਆਵਾਜਾਈ, ਸਿਹਤ ਸੰਭਾਲ, ਸਿੱਖਿਆ ਅਤੇ ਰਿਹਾਇਸ਼ ਵਰਗੀਆਂ ਲੋੜਾਂ ਪੂਰੀਆਂ ਕਰਨ ਲਈ ਬੁਨਿਆਦੀ ਢਾਂਚੇ ਵਿੱਚ ਵੱਡੇ ਪੱਧਰ ’ਤੇ ਪਰਿਵਰਤਨ ਕਰਨਾ ਪਵੇਗਾ।
ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਸਭ ਤੋਂ ਵੱਧ ਆਬਾਦੀ ਨੌਜਵਾਨਾਂ ਦੀ ਹੈ। ਵਧਦੀ ਆਬਾਦੀ ਨਾਲ ਜੁੜੀਆਂ ਵੱਡੀਆਂ ਚੁਣੌਤੀਆਂ ਵਿੱਚੋਂ ਸਭ ਤੋਂ ਵੱਡੀ ਚੁਣੌਤੀ ਨੌਜਵਾਨਾਂ ਲਈ ਨਵੇਂ ਰੁਜ਼ਗਾਰ ਦੀ ਸਿਰਜਣਾ ਕਰਕੇ ਇਨ੍ਹਾਂ ਨੂੰ ਸਾਰਥਕ ਰੁਜ਼ਗਾਰ ਮੁਹਈਆ ਕਰਵਾਉਣਾ ਹੈ। ਜੇਕਰ ਅਜਿਹਾ ਨਾ ਹੋਇਆ ਤਾਂ ਦੇਸ਼ ਵਿੱਚ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਵਧੇਗੀ, ਜਿਸਦਾ ਆਰਥਿਕ ਵਿਕਾਸ ਅਤੇ ਸਮਾਜਿਕ ਸਥਿਰਤਾ ਉੱਤੇ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ। ਜੇਕਰ ਆਬਾਦੀ ਇਸੇ ਰਫ਼ਤਾਰ ਨਾਲ ਵਧਦੀ ਰਹੀ ਤਾਂ ਭਵਿੱਖ ਵਿੱਚ ਭੁੱਖਮਰੀ ਦੀ ਸਮੱਸਿਆ ਬਣ ਸਕਦੀ ਹੈ, ਜਿਸ ਨਾਲ ਨਜਿੱਠਣਾ ਆਸਾਨ ਨਹੀਂ ਹੋਵੇਗਾ। ਬੇਰੁਜ਼ਗਾਰੀ ਅਤੇ ਗਰੀਬੀ ਅਜਿਹੀਆਂ ਸਮੱਸਿਆਵਾਂ ਹਨ, ਜਿਨ੍ਹਾਂ ਕਾਰਨ ਭ੍ਰਿਸ਼ਟਾਚਾਰ, ਚੋਰੀ, ਅਨੈਤਿਕਤਾ, ਅਰਾਜਕਤਾ ਅਤੇ ਅੱਤਵਾਦ ਵਰਗੇ ਅਪਰਾਧਾਂ ਵਿੱਚ ਵਾਧਾ ਹੁੰਦਾ ਹੈ। ਇਨ੍ਹਾਂ ਸਮੱਸਿਆਵਾਂ ਦੇ ਸਮਾਧਾਨ ਲਈ ਵਧ ਰਹੀ ਆਬਾਦੀ ਨੂੰ ਕਾਬੂ ਕੀਤੇ ਜਾਣਾ ਬਹੁਤ ਲਾਜ਼ਮੀ ਹੈ।
ਨਿਰੰਤਰ ਵਧ ਆਬਾਦੀ ਦੇ ਨਕਾਰਾਤਮਕ ਪ੍ਰਭਾਵਾਂ ਦੇ ਨਾਲ-ਨਾਲ ਕੁਝ ਸਕਾਰਾਤਮਕ ਪ੍ਰਭਾਵਾਂ ਨੂੰ ਵੀ ਦੇਖਿਆ ਜਾ ਸਕਦਾ ਹੈ। ਵਧਦੀ ਆਬਾਦੀ ਦੇ ਨਾਲ-ਨਾਲ ਵਸਤੂਆਂ ਅਤੇ ਸੇਵਾਵਾਂ ਦੀ ਮੰਗ ਵਧਦੀ ਹੈ। ਕੁੱਲ ਮੰਗ ਵਿੱਚ ਵਾਧਾ ਆਰਥਿਕ ਵਿਕਾਸ ਦੀ ਗਤੀ ਨੂੰ ਵਧਾ ਸਕਦਾ ਹੈ, ਕਿਉਂਕਿ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਕਾਂ ਨੂੰ ਵਧਦੀ ਆਬਾਦੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਪਹਿਲਾਂ ਨਾਲੋਂ ਜ਼ਿਆਦਾ ਉਤਪਾਦਨ ਕਰਨਾ ਪਵੇਗਾ। ਭੋਜਨ ਅਤੇ ਕੱਪੜਿਆਂ ਤੋਂ ਲੈ ਕੇ ਰਿਹਾਇਸ਼ ਅਤੇ ਸਿਹਤ ਸੰਭਾਲ ਤਕ ਦੀ ਹਰ ਚੀਜ਼ ਦੀ ਮੰਗ ਵਧਣ ਨਾਲ ਕਾਰੋਬਾਰ ਦੇ ਵਾਧੇ ਅਤੇ ਵਿਸਥਾਰ ਦੇ ਨਵੇਂ ਮੌਕੇ ਪੈਦਾ ਹੋ ਸਕਦੇ ਹਨ। ਪਿਛਲੇ ਕੁਝ ਦਹਾਕਿਆਂ ਵਿੱਚ ਸਾਡੇ ਦੇਸ਼ ਦੀ ਸਿੱਖਿਆ ਅਤੇ ਸਿਹਤ ਦੇ ਪੱਧਰ ਵਿੱਚ ਕੁਝ ਸੁਧਾਰ ਹੋ ਰਿਹਾ ਹੈ, ਜਿਸ ਸਦਕਾ ਆਬਾਦੀ ਵਾਧੇ ਦੀ ਦਰ ਵਿੱਚ ਮਾਮੂਲੀ ਜਿਹੀ ਗਿਰਾਵਟ ਆਈ ਹੈ, ਪਰ ਇਹ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਹੈ। ਇੱਕ ਪਾਸੇ ਜਿੱਥੇ ਆਬਾਦੀ ਵਿੱਚ ਵਾਧਾ ਦੇਸ਼ ਦੇ ਵਿਕਾਸ ਵਿੱਚ ਸਹਾਈ ਸਿੱਧ ਹੁੰਦਾ ਹੈ, ਉੱਥੇ ਦੂਜੇ ਪਾਸੇ ਇਹ ਸ਼ੋਸ਼ਣ ਦਾ ਇੱਕ ਵੱਡਾ ਕਾਰਨ ਵੀ ਬਣਦਾ ਹੈ।
ਮੌਜੂਦਾ ਸਮੇਂ ਵਿੱਚ ਭਾਰਤ ਆਪਣੀ ਤੇਜ਼ੀ ਨਾਲ ਵਧ ਰਹੀ ਆਬਾਦੀ ਨੂੰ ਵਿਕਾਸ ਦੀ ਪੌੜੀ ਨਹੀਂ ਬਣਾ ਸਕਿਆ, ਇਸ ਲਈ ਭਾਰਤ ਵਿੱਚ ਆਬਾਦੀ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਆਬਾਦੀ ਵਿਸਫੋਟ ਦੀ ਸਥਿਤੀ ਵਿਕਾਸ ਦੇ ਰਾਹ ਵਿੱਚ ਰੁਕਾਵਟ ਬਣਦੀ ਜਾ ਰਹੀ ਹੈ। ਜ਼ਿਆਦਾ ਆਬਾਦੀ ਕਾਰਨ ਸੰਘਰਸ਼ ਦੀ ਸਥਿਤੀ ਬਣਦੀ ਹੈ, ਜਿਸ ਨਾਲ ਮਨੁੱਖੀ ਨੈਤਿਕ ਅਤੇ ਸਮਾਜਿਕ ਗੁਣਾਂ ਦਾ ਪਤਨ ਹੁੰਦਾ ਹੈ। ਆਬਾਦੀ ਵਿਸਫੋਟ ਨੂੰ ਕਾਬੂ ਕਰਨ ਲਈ ਸਰਕਾਰ ਨੂੰ ਕੁਝ ਸਖ਼ਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕ ਕੇ ਠੋਸ ਆਬਾਦੀ ਕੰਟਰੋਲ ਨੀਤੀ ਨੂੰ ਲਾਗੂ ਕਰਨ ਲਈ ਦ੍ਰਿੜ੍ਹ ਹੋਣਾ ਪਵੇਗਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਬਾਦੀ ਵਿਸਫੋਟ ਦੇ ਭਿਆਨਕ ਸਿੱਟਿਆਂ ਨੂੰ ਭੁਗਤਣ ਤੋਂ ਬਚ ਸਕਣ। ਆਮ ਲੋਕਾਂ ਵਿੱਚ ਇਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਪ੍ਰੋਗਰਾਮ ਅਤੇ ਮੁਹਿੰਮਾਂ ਚਲਾਉਣੀਆਂ ਚਾਹੀਦੀਆਂ ਹਨ।
ਸਮਾਜ ਵਿੱਚੋਂ ਪੁਰਾਤਨ ਅੰਧਵਿਸ਼ਵਾਸ, ਰੂੜੀਵਾਦ, ਬਾਲ ਵਿਆਹ, ਅਨਪੜ੍ਹਤਾ, ਗਰੀਬੀ, ਲਿੰਗ ਅਸਮਾਨਤਾ ਵਰਗੀਆਂ ਕੁਰੀਤੀਆਂ ਨੂੰ ਰੋਕਣ ਨਾਲ ਹੀ ਭਾਰਤ ਦੀ ਵਧਦੀ ਆਬਾਦੀ ਦਰ ਨੂੰ ਕਾਬੂ ਕਰਨਾ ਸੰਭਵ ਹੈ। ਆਬਾਦੀ ਵਾਧੇ ਨੂੰ ਘਟਾਉਣ ਦੇ ਨਾਲ-ਨਾਲ ਆਬਾਦੀ ਕੰਟਰੋਲ ਪ੍ਰੋਗਰਾਮਾਂ ਵਿੱਚ ਇਸ ਗੱਲ ਦਾ ਵੀ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ ਕਿ ਮਰਦਾਂ ਅਤੇ ਔਰਤਾਂ ਦਾ ਲਿੰਗ ਅਨੁਪਾਤ ਕਿਸੇ ਵੀ ਸੂਰਤ ਵਿੱਚ ਵਿਗੜਣਾ ਨਹੀਂ ਚਾਹੀਦਾ, ਕਿਉਂਕਿ ਜੇਕਰ ਇਹ ਅਨੁਪਾਤ ਨਿਰੰਤਰ ਵਿਗੜਦਾ ਰਿਹਾ ਤਾਂ ਇਸਦੇ ਭਵਿੱਖ ਵਿੱਚ ਨਤੀਜੇ ਕਿੰਨੇ ਖਤਰਨਾਕ ਹੋਣਗੇ, ਅਸੀਂ ਕਲਪਨਾ ਵੀ ਨਹੀਂ ਕਰ ਸਕਦੇ।
ਵਧ ਰਹੀ ਆਬਾਦੀ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਵਾਤਾਵਰਣ ਮਾਹਿਰਾਂ ਦੀ ਚਿਤਾਵਣੀ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੇਕਰ ਆਬਾਦੀ ਵਾਧੇ ਦੀ ਰਫ਼ਤਾਰ ਨੂੰ ਘਟਾਉਣ ਵਿੱਚ ਸਫ਼ਲਤਾ ਨਾ ਮਿਲੀ ਤਾਂ ਆਉਣ ਵਾਲੇ ਸਮੇਂ ਵਿੱਚ ਅਜਿਹਾ ਦਿਨ ਵੀ ਦੇਖਣ ਨੂੰ ਮਿਲ ਸਕਦਾ ਹੈ ਕਿ ਮਨੁੱਖ ਨੂੰ ਰਹਿਣ ਲਈ ਧਰਤੀ ’ਤੇ ਥਾਂ ਵੀ ਨਾ ਮਿਲੇ। ਆਬਾਦੀ ਦੀ ਸਮੱਸਿਆ ਨੂੰ ਸਿਹਤ ਅਤੇ ਸਿੱਖਿਆ ਨਾਲ ਸਬੰਧਤ ਸਹੂਲਤਾਂ ਦੇ ਪਸਾਰ ਅਤੇ ਗੁਣਵੱਤਾ ਵਿੱਚ ਤੇਜ਼ੀ ਲਿਆ ਕੇ ਹੱਲ ਕੀਤਾ ਜਾ ਸਕਦਾ ਹੈ। ਸੋ ਸਮੁੱਚੇ ਤੌਰ ’ਤੇ ਸਾਨੂੰ ਤੇਜ਼ੀ ਨਾਲ ਵਧ ਰਹੀ ਆਬਾਦੀ ਪ੍ਰਤੀ ਗੰਭੀਰਤਾ ਨਾਲ ਵਿਚਾਰ ਕਰਨਾ ਹੋਵੇਗਾ। ਸਾਨੂੰ ਵਿਅਕਤੀਗਤ ਪੱਧਰ ’ਤੇ ਹਰ ਸੰਭਵ ਉਪਾਅ ਕਰਕੇ ਦੇਸ਼ ਦੇ ਚੰਗੇ ਨਾਗਰਿਕ ਦੀ ਤਰ੍ਹਾਂ ਇੱਕ ਸੀਮਤ ਪਰਿਵਾਰ ਰੱਖਣਾ ਹੋਵੇਗਾ, ਜਿਸ ਨਾਲ ਅਸੀਂ ਸਿਰਫ਼ ਆਪਣਾ ਹੀ ਨਹੀਂ ਸਗੋਂ ਦੇਸ਼ ਦਾ ਵੀ ਭਲਾ ਕਰ ਸਕਾਂਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3952)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)