“ਸਾਨੂੰ ਕਿਸੇ ਦੀ ਵੀ ਲਾਚਾਰੀ ਅਤੇ ਬੇਵਸੀ ਨੂੰ ਆਪਣੀ ਦਾਨਵੀਰਤਾ ਨੂੰ ਦਰਸਾਉਣ ਦਾ ਜ਼ਰੀਆ ...”
(7 ਅਪਰੈਲ 2020)
ਦੋ ਕੁ ਦਿਨ ਪਹਿਲਾਂ ਮੇਰੇ ਇੱਕ ਗਵਾਂਢੀ ਨੇ ਸਾਡੇ ਮੁਹੱਲੇ ਦੇ ਨਜਦੀਕ ਰਹਿੰਦੇ ਝੁੱਗੀ-ਝੌਂਪੜੀ ਵਾਲਿਆਂ ਨੂੰ ਖਾਣਾ ਤਿਆਰ ਕਰ ਕੇ ਖੁਆਉਣ ਦੀ ਗੱਲ ਆਖੀ। ਦੇਸ਼ ਵਿੱਚ ਕਰੋਨਾ ਸੰਕਟ ਦੇ ਚੱਲਦਿਆਂ ਮਜ਼ਦੂਰ ਅਤੇ ਦਿਹਾੜੀਦਾਰ ਵਰਗ ਨੂੰ ਪੇਸ਼ ਆ ਰਹੀ ਖਾਣ ਪੀਣ ਦੀ ਕਿੱਲਤ ਬਾਰੇ ਸੋਚਦਿਆਂ ਮੇਰੀ ਪਤਨੀ ਨੇ ਬਿਨਾਂ ਕਿਸੇ ਝਿਜਕ ਦੇ ਹਾਂ ਕਰ ਦਿੱਤੀ। ਅਸੀਂ ਆਪਣੀ ਸਮਰਥਾ ਅਨੁਸਾਰ ਦਾਲ-ਰੋਟੀ, ਰਾਸ਼ਨ ਆਦਿ ਪੈਕ ਕਰਕੇ ਉਹਨਾਂ ਨੂੰ ਦੇ ਦਿੱਤਾ। ਮੇਰੇ ਗਵਾਂਢੀ ਨੇ ਸਾਨੂੰ ਵੀ ਨਾਲ ਆਉਣ ਲਈ ਕਿਹਾ ਪਰ ਸੋਸ਼ਲ ਡਿਸਟੈਂਸ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਜਾਣਾ ਉਚਿਤ ਨਹੀਂ ਸਮਝਿਆ। ਸ਼ਾਮ ਨੂੰ ਉਹਨਾਂ ਦੁਆਰਾ ਮੇਰੇ ਵਾਟਸਐਪ ਨੰਬਰ ’ਤੇ ਝੁੱਗੀ-ਝੌਂਪੜੀ ਵਾਲਿਆਂ ਨੂੰ ਭੋਜਨ ਅਤੇ ਰਾਸ਼ਨ ਵੰਡਣ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਜਿਹਨਾਂ ਵਿੱਚ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਮੌਜੂਦ ਸਨ। ਜ਼ਾਹਿਰ ਹੈ ਇਹ ਫੋਟੋਆਂ ਉਸਨੇ ਆਪਣੇ ਬਾਕੀ ਦੋਸਤਾਂ-ਮਿੱਤਰਾਂ ਨੂੰ ਵੀ ਭੇਜੀਆਂ ਹੋਣਗੀਆਂ। ਨਾਲ ਹੀ ਉਸ ਨੇ ਇਹ ਆਪਣਾ ਸਟੇਟਸ ਵੀ ਲਗਾਇਆ ਹੋਇਆ ਸੀ। ਸਾਨੂੰ ਬੜੀ ਖੁਸ਼ੀ ਹੋਈ ਕਿ ਇਸ ਸੰਕਟ ਦੀ ਘੜੀ ਵਿੱਚ ਅਸੀਂ ਕਿਸੇ ਲੋੜਵੰਦ ਦੀ ਕੋਈ ਮਦਦ ਕਰ ਸਕੇ। ਪਰ ਮੇਰੇ ਗਵਾਂਢੀ ਦੁਆਰਾ ਇਸ ਦਿਆਨਤਦਾਰੀ ਨੂੰ ਇੱਕ ਈਵੈਂਟ ਬਣਾ ਕੇ ਪੇਸ਼ ਕਰਨਾ ਸਾਨੂੰ ਉਚਿਤ ਨਹੀਂ ਲੱਗਿਆ। ਕਿਸੇ ਵੀ ਜ਼ਰੂਰਤਮੰਦ ਦੀ ਸਹਾਇਤਾ ਕਰਨਾ ਇਨਸਾਨ ਦਾ ਪਹਿਲਾ ਕਰਤੱਵ ਹੈ ਪ੍ਰੰਤੂ ਕਿਸੇ ਗਰੀਬ ਅਤੇ ਮਜਬੂਰ ਦੀ ਲਾਚਾਰੀ ਦੀ ਇਸ ਪ੍ਰਕਾਰ ਪ੍ਰਦਰਸ਼ਨੀ ਲਗਾਉਣਾ ਸੱਭਿਅਕ ਸਮਾਜ ਦਾ ਗੁਣ ਨਹੀਂ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵਰਤਾਰਾ ਅਜੋਕੇ ਸਮਾਜ ਵਿੱਚ ਲਗਾਤਾਰ ਭਾਰੂ ਹੋ ਰਿਹਾ ਹੈ। ਕਰੋਨਾ ਮਹਾਂਮਾਰੀ ਕਾਰਣ ਦੇਸ਼ ਵਿੱਚ ਕਰਫਿਊ ਦੇ ਹਾਲਾਤ ਬਣੇ ਹੋਏ ਹਨ। ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਏ ਹਨ ਜਿਸਦਾ ਸਭ ਤੋਂ ਵੱਧ ਨੁਕਸਾਨ ਗਰੀਬ ਅਤੇ ਕਮਜ਼ੋਰ ਵਰਗ ਨੂੰ ਹੋ ਰਿਹਾ ਹੈ। ਚੰਗੀ ਗੱਲ ਇਹ ਹੈ ਕਿ ਇਸ ਨਾਜ਼ੁਕ ਘੜੀ ਦੌਰਾਨ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣ ਅੱਗੇ ਆ ਕੇ ਲੋੜਵੰਦਾਂ ਦੀ ਹਰ ਸੰਭਵ ਸਹਾਇਤਾ ਕਰ ਰਹੇ ਹਨ। ਸਿਆਣਿਆਂ ਨੇ ਕਿਹਾ ਹੈ ਕਿ ਸੇਵਾ ਅਤੇ ਦਾਨ-ਪੁੰਨ ਆਦਿ ਨਿਰਸਵਾਰਥ ਭਾਵਨਾ ਨਾਲ ਕਰਨਾ ਚਾਹੀਦਾ ਹੈ। ਪਰ ਦੁੱਖ ਦੀ ਗੱਲ ਹੈ ਕਿ ਜ਼ਿਆਦਾਤਰ ਸੰਸਥਾਵਾਂ ਅਤੇ ਵਿਅਕਤੀ ਇਹਨਾਂ ਲੋਕ ਭਲਾਈ ਦੇ ਕੰਮਾਂ ਦਾ ਬੇਲੋੜਾ ਪ੍ਰਦਰਸ਼ਨ ਕਰਨ ਦੀ ਮਾਨਸਿਕਤਾ ਦਾ ਸ਼ਿਕਾਰ ਹਨ। ਸੋਸ਼ਲ ਮੀਡੀਆ ਉੱਪਰ ਰੋਜ਼ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਸ ਪ੍ਰਕਾਰ ਦੇ ਦਾਨ ਪੁੰਨ ਆਦਿ ਵਾਲੇ ਕਾਰਜਾਂ ਦੀਆਂ ਅਣਗਿਣਤ ਤਸਵੀਰਾਂ ਅਤੇ ਵੀਡਿਓਜ਼ ਦੇਖਣ ਨੂੰ ਮਿਲਦੀਆਂ ਹਨ। ਸ਼ਹਿਰਾਂ, ਪਿੰਡਾਂ, ਗਲੀਆਂ, ਮੁਹੱਲਿਆਂ ਵਿੱਚ ਅਨੇਕਾਂ ਦਾਨੀ ਪੁਰਸ਼ ਹਰ ਰੋਜ਼ ਘਰੋਂ ਸਮਾਜ ਭਲਾਈ ਦਾ ਕਾਰਜ ਕਰਨ ਲਈ ਨਿੱਕਲਦੇ ਹਨ ਅਤੇ ਸ਼ਾਮ ਤੱਕ ਕਿੰਨੀਆਂ ਹੀ ਯਾਦਗਾਰੀ ਫੋਟੋਆਂ ਖਿੱਚ ਕੇ ਜਾਂ ਖਿਚਵਾ ਕੇ ਆਪਣੇ ਇਸ ਮਹਾਨ ਕਾਰਜ ਨੂੰ ਫੇਸਬੁੱਕ, ਵਟਸਐਪ ਆਦਿ ਤੇ ਸ਼ੇਅਰ ਕਰਕੇ ਮਾਣ ਮਹਿਸੂਸ ਕਰਦੇ ਹਨ। ਕਿਸੇ ਗਰੀਬੜੇ ਨੂੰ ਦੋ ਕੇਲੇ ਵੰਡਣ ਵੇਲੇ ਫੋਟੋ ਖਿਚਵਾਉਣ ਵਾਲੇ ਚਾਰ-ਪੰਜ ਜਣੇ ਆਪਣੇ ਆਪ ਨੂੰ ਕਿਸੇ ਦਾਨਵੀਰ ਕਰਣ ਨਾਲੋਂ ਘੱਟ ਨਹੀਂ ਸਮਝਦੇ ਹਨ।
ਸੋਸ਼ਲ ਮੀਡੀਆ ਉੱਤੇ ਆਪਣੇ ਆਪ ਨੂੰ ਵਿਸ਼ੇਸ਼ ਸਿੱਧ ਕਰਨ ਦੀ ਇਹ ਮਾਨਸਿਕਤਾ ਸਾਡੇ ਉੱਪਰ ਇਸ ਕਦਰ ਹਾਵੀ ਹੈ ਕਿ ਅਸੀਂ ਆਪਣੇ ਹਰ ਛੋਟੇ ਵੱਡੇ ਸਮਾਜਿਕ ਕਾਰਜ ਨੂੰ ਖਾਸ ਬਣਾ ਕੇ ਪੇਸ਼ ਕਰਦੇ ਹਾਂ। ਇਸ ਪ੍ਰਕਾਰ ਦੀਆਂ ਅਨੇਕਾਂ ਗਤੀਵਿਧੀਆਂ ਸਾਨੂੰ ਸਾਡੇ ਸਮਾਜਿਕ ਜੀਵਨ ਵਿੱਚ ਅਕਸਰ ਹੀ ਦੇਖਣ ਨੂੰ ਮਿਲਦੀਆਂ ਹਨ। ਖੂਨਦਾਨ ਕਰਨਾ, ਛਬੀਲਾਂ ਲਾਉਣਾ, ਸੜਕਾਂ ’ਤੇ ਲੰਗਰ ਲਾਉਣਾ ਆਦਿ ਗਤੀਵਿਧੀਆਂ ਨਿਰਸੰਦੇਹ ਮਾਨਵਤਾ ਦੀ ਸੇਵਾ ਦਾ ਸਾਧਨ ਹਨ ਪ੍ਰੰਤੂ ਜੇਕਰ ਅਜਿਹਾ ਕਾਰਜ ਕੇਵਲ ਨਾਮ ਚਮਕਾਉਣ ਲਈ ਹੀ ਕੀਤਾ ਜਾਵੇ ਤਾਂ ਇਹ ਬਿਮਾਰ ਮਾਨਸਿਕਤਾ ਦੀ ਨਿਸ਼ਾਨੀ ਹੀ ਸਮਝੀ ਜਾਂਦੀ ਹੈ।
ਅਧਿਆਪਨ ਜਿਹੇ ਪੁਨੀਤ ਕਿੱਤੇ ਵਿੱਚ ਵੀ ਆਪਣੇ ਨਾਮ ਦੀ ਮਹਿਮਾ ਦਾ ਗੁਣਗਾਨ ਕਰਨ ਜਾਂ ਕਰਵਾਉਣ ਦੀ ਮਾਨਸਿਕਤਾ ਜ਼ੋਰ ਫੜ ਰਹੀ ਹੈ। ਅੱਜਕੱਲ ਜ਼ਿਆਦਾਤਰ ਅਧਿਆਪਕ ਸਕੂਲਾਂ ਅਤੇ ਵਿਦਿਆਰਥੀਆਂ ਲਈ ਕੀਤੇ ਹਰ ਛੋਟੇ-ਵੱਡੇ ਕੰਮ ਦੀ ਖੁੱਲ੍ਹ ਕੇ ਨੁਮਾਇਸ਼ ਕਰ ਰਹੇ ਹਨ। ਇਸ ਵਿੱਚ ਕਾਫੀ ਯੋਗਦਾਨ ਵਿਭਾਗ ਦੁਆਰਾ ਵੀ ਪਾਇਆ ਜਾ ਰਿਹਾ ਹੈ ਜੋ ਨਿੱਤ ਪ੍ਰਤੀ ਦਿਨ ਅਜਿਹੀਆਂ ਗੈਰਜ਼ਰੂਰੀ ਗਤੀਵਿਧੀਆਂ ਲਈ ਅਧਿਆਪਕਾਂ ਨੂੰ ਪ੍ਰੇਰਿਤ ਕਰਦਾ ਰਹਿੰਦਾ ਹੈ। ਪਰ ਨਿਰਾਸ਼ਾ ਵਾਲੀ ਗੱਲ ਇਹ ਹੈ ਕਿ ਬਹੁਤੇ ਅਧਿਆਪਕ ਬਿਨਾਂ ਕਿਸੇ ਲੋੜ ਤੋਂ ਵੀ ਅਜਿਹੀਆਂ ਕਾਰਵਾਈਆਂ ਕਰਦੇ ਰਹਿੰਦੇ ਹਨ। ਉਹ ਭਾਵੇਂ ਬੱਚਿਆਂ ਨੂੰ ਪੈਨਸਿਲ-ਕਾਪੀਆਂ ਆਦਿ ਜਾਂ ਕੋਈ ਖਾਣ-ਪੀਣ ਦਾ ਸਮਾਨ ਵੰਡਣ, ਉਸ ਦੀਆਂ ਫੋਟੋਆਂ ਖਿੱਚ ਕੇ ਆਪਣੇ ਸਾਰੇ ਗਰੁੱਪਾਂ ਵਿੱਚ ਜ਼ਰੂਰ ਸ਼ੇਅਰ ਕਰ ਕੇ ਆਪਣੇ ਵਿਲੱਖਣ ਹੋਣ ਦਾ ਪ੍ਰਦਰਸ਼ਨ ਕਰਦੇ ਹਨ। ਆਪਣੀ ਸਫਲਤਾ ਅਤੇ ਖੁਸ਼ੀ ਨੂੰ ਸਾਂਝਾ ਕਰਨਾ ਚੰਗੀ ਗੱਲ ਹੈ। ਪਰ ਇਸ ਕੰਮ ਲਈ ਗਰੀਬ ਅਤੇ ਮਾਸੂਮ ਬੱਚਿਆਂ ਨੂੰ ਮੋਹਰਾ ਬਣਾਇਆ ਜਾਣਾ ਸਰਾਸਰ ਗਲਤ ਹੈ।
ਅਜਿਹਾ ਨਹੀਂ ਹੈ ਕਿ ਇਹ ਪ੍ਰਵਿਰਤੀ ਕੇਵਲ ਆਮ ਜਨਤਾ ਦੀ ਸੋਚ ’ਤੇ ਕਾਬਜ ਹੈ। ਦੇਸ਼ ਦੇ ਵੱਡੇ ਵੱਡੇ ਨੇਤਾ, ਕਾਰੋਬਾਰੀ, ਫਿਲਮੀ ਹਸਤੀਆਂ, ਗਾਇਕ, ਖਿਡਾਰੀ ਆਦਿ ਵੀ ਇਸ ਕੰਮ ਵਿੱਚ ਪਿੱਛੇ ਨਹੀਂ ਹਨ। ਕਰੋਨਾ ਪ੍ਰਭਾਵਿਤ ਮੌਜੂਦਾ ਹਾਲਾਤ ਸਮੇਂ ਖੁਦ ਸਰਕਾਰਾਂ ਅਤੇ ਉਹਨਾਂ ਦੇ ਨੁਮਾਇੰਦੇ ਵੀ ਆਪਣੀਆਂ ਫੋਟੋਆਂ ਲਗਾ ਕੇ ਰਾਸ਼ਨ ਆਦਿ ਦੀਆਂ ਕਿਟਾਂ ਕਮਜ਼ੋਰ ਵਰਗਾਂ ਨੂੰ ਵੰਡਣ ਦਾ ਮਹਾਨ ਉਪਰਾਲਾ ਕਰ ਰਹੇ ਹਨ ਅਤੇ ਆਪਣਾ ਨਾਮ ਚਮਕਾਉਣ ਲਈ ਇਸ ਮੌਕੇ ਦਾ ਖੂਬ ਲਾਹਾ ਖੱਟ ਰਹੇ ਹਨ।
ਇਹ ਮਾਨਸਿਕਤਾ ਸਿਰਫ ਵਰਤਮਾਨ ਯੁਗ ਦਾ ਹੀ ਵਰਤਾਰਾ ਨਹੀਂ ਹੈ। ਜਦੋਂ ਮੋਬਾਇਲ ਅਜੋਕੇ ਸਮੇਂ ਵਾਂਗ ਸਾਡੇ ਸਰੀਰ ਦਾ ਅੰਗ ਨਹੀਂ ਹੁੰਦਾ ਸੀ, ਉਦੋਂ ਇਸ ਤਰ੍ਹਾਂ ਦੀ ਪ੍ਰਵਿਰਤੀ ਦਾ ਪ੍ਰਗਟਾਵਾ ਕਰਨ ਦੇ ਢੰਗ ਵੱਖਰੇ ਸਨ, ਜੋ ਅੱਜਕੱਲ੍ਹ ਵੀ ਦੇਖੇ ਜਾ ਸਕਦੇ ਹਨ। ਗੁਰਦਵਾਰਿਆਂ, ਮੰਦਰਾਂ, ਡੇਰਿਆਂ ਵਿੱਚ ਪੱਖੇ, ਭਾਂਡੇ ਆਦਿ ਦਾਨ ਕਰਨ ਸਮੇਂ ਉਹਨਾਂ ਉੱਤੇ ਆਪਣਾ ਨਾਮ ਲਿਖਵਾ ਕੇ ਦਾਨੀ ਹੋਣ ਦਾ ਸਬੂਤ ਦਿੱਤਾ ਜਾਂਦਾ ਸੀ। ਕਮਰੇ ਬਣਵਾਉਣ ਸਮੇਂ ਅਤੇ ਫਰਸ਼ ਆਦਿ ਲਗਵਾਉਣ ਸਮੇਂ ਆਪਣੇ ਨਾਮ ਵਾਲਾ ਪੱਥਰ ਲਗਵਾ ਦਿੱਤਾ ਜਾਂਦਾ ਸੀ ਅਤੇ ਆਪਣੀ ਹਾਉਮੈ ਦੀ ਭੁੱਖ ਨੂੰ ਸ਼ਾਂਤ ਕੀਤਾ ਜਾਂਦਾ ਸੀ। ਗੁਰਪਰਵ, ਸੰਗਰਾਂਦ ਅਤੇ ਧਾਰਮਿਕ ਸਮਾਗਮਾਂ ਵੇਲੇ ਦਾਨ ਦੇ ਕੇ ਭਾਈ ਜੀ ਪਾਸੋਂ ਸਪੀਕਰ ਵਿੱਚ ਆਪਣਾ ਨਾਮ ਬੁਲਾਉਣਾ, ਮੇਲਿਆਂ ਅਤੇ ਖੇਡ-ਮੁਕਾਬਲਿਆਂ ਵਿੱਚ ਪਰਚੀਆਂ ਕਟਵਾ ਕੇ ਆਪਣੇ ਨਾਂ ਦਾ ਢੰਡੋਰਾ ਪਿਟਵਾ ਕੇ ਵੀ ਇਸ ਲਾਲਸਾ ਦੀ ਪੂਰਤੀ ਕੀਤੀ ਜਾਂਦੀ ਰਹੀ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਆਪਣੇ ਨਾਮ ਦੀ ਮਹਿਮਾ ਕਰਵਾਏ ਬਿਨਾਂ ਕੀ ਸਾਡਾ ਦਾਨ ਜਾਂ ਸੇਵਾ ਸਫਲ ਨਹੀਂ ਮੰਨੀ ਜਾਂਦੀ? ਸਾਡੇ ਦੁਆਰਾ ਦਿੱਤੀਆਂ ਭੇਟਾਂ ਉੱਤੇ ਨਾਂ ਲਿਖਵਾ ਕੇ ਅਸੀਂ ਕਿਸ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਸੰਸਾਰ ਵਿੱਚ ਸਾਡੇ ਵਰਗਾ ਕੋਈ ਹੋਰ ਸੇਵਾਦਾਰ ਜਾਂ ਦਾਨੀ ਨਹੀਂ ਹੈ? ਪ੍ਰਮਾਤਮਾ ਜਾਂ ਕੁਦਰਤ ਨੇ ਬੇਅੰਤ ਵਸਤਾਂ ਸਾਨੂੰ ਬਖਸ਼ੀਆਂ ਹਨ ਜਿਨ੍ਹਾਂ ਤੋਂ ਬਿਨਾਂ ਮਨੁੱਖੀ ਜ਼ਿੰਦਗੀ ਸੰਭਵ ਹੀ ਨਹੀਂ ਹੋ ਸਕਦੀ। ਪਰ ਉਸ ਨੇ ਕਿਸੇ ਵੀ ਅਜਿਹੀ ਵਸਤੂ ਉੱਪਰ ਆਪਣੇ ਨਾਮ ਦੀ ਮੁਹਰ ਨਹੀਂ ਲਗਾਈ ਹੈ। ਕੀ ਅਜਿਹਾ ਨਾ ਕਰ ਕੇ ਉਸ ਦੀ ਹੋਂਦ ਜਾਂ ਮਹੱਤਤਾ ਘਟ ਗਈ ਹੈ?
ਸਾਡੇ ਗੁਰੂਆਂ, ਪੈਗੰਬਰਾਂ, ਸੰਤਾਂ, ਮਹਾਂਪੁਰਸ਼ਾਂ ਨੇ ਸਾਨੂੰ ਹਰ ਔਖੀ-ਸੌਖੀ ਘੜੀ ਵੇਲੇ ਸਮੁੱਚੀ ਮਨੁੱਖਤਾ ਦੀ ਸੇਵਾ ਅਤੇ ਸਹਾਇਤਾ ਕਰਨ ਦਾ ਉਪਦੇਸ਼ ਦਿੱਤਾ ਹੈ। ਉਹਨਾਂ ਨੇ ਆਪ ਵੀ ਆਪਣੇ ਹੱਥੀਂ ਲੋਕਾਈ ਦੀ ਨਿਰਸਵਾਰਥ ਸੇਵਾ ਕਰ ਕੇ ਸਾਡੇ ਲਈ ਅਨੇਕਾਂ ਮਿਸਾਲਾਂ ਪੇਸ਼ ਕੀਤੀਆਂ ਹਨ। ਗੁਰੂ ਨਾਨਕ ਪਾਤਿਸ਼ਾਹ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਆਪਣੀ ਵਡਿਆਈ ਦਾ ਗੁਣਗਾਨ ਨਹੀਂ ਕਰਵਾਇਆ ਸੀ। ਭਾਈ ਕਨਹੀਆ ਜੀ ਦੀ ਯੁੱਧ ਦੇ ਮੈਦਾਨ ਵਿੱਚ ਬਿਨਾਂ ਕਿਸੇ ਭੇਦ-ਭਾਵ ਤੋਂ ਜ਼ਖਮੀਆਂ ਦੀ ਸੇਵਾ ਕਰਨਾ ਕਿੰਨਾ ਮਹਾਨ ਕਾਰਜ ਸੀ। ਭਗਤ ਪੂਰਨ ਸਿੰਘ ਜੀ ਦੀ ਅਣਥੱਕ ਸੇਵਾ ਭਾਵਨਾ ਨੂੰ ਕੌਣ ਭੁਲਾ ਸਕਦਾ ਹੈ? ਇਹਨਾਂ ਮਹਾਨ ਹਸਤੀਆਂ ਨੇ ਇਹ ਸੇਵਾ ਕਿਸੇ ਪ੍ਰਸ਼ੰਸਾ ਪ੍ਰਾਪਤੀ ਦੇ ਉਦੇਸ਼ ਨਾਲ ਨਹੀਂ, ਸਗੋਂ ਆਪਣਾ ਧਰਮ ਸਮਝ ਕੇ ਕੀਤੀ ਸੀ। ਅਸੀਂ ਸਧਾਰਣ ਮਨੁੱਖ ਤਾਂ ਉਹਨਾਂ ਦੀ ਚਰਨ ਧੂਲ ਦੇ ਬਰਾਬਰ ਵੀ ਨਹੀਂ ਹਾਂ। ਪਰ ਫੇਰ ਵੀ ਪਤਾ ਨਹੀਂ ਕਿਉਂ ਅਸੀਂ ਸੇਵਾ ਕਾਰਜ ਅਤੇ ਦਾਨ-ਪੁੰਨ ਨੂੰ ਵਡਿਆਈ ਦਾ ਜਾਮਾ ਪਹਿਨਾ ਕੇ ਇਸਦੀ ਮਹਾਨਤਾ ਨੂੰ ਘਟਾ ਰਹੇ ਹਾਂ? ਸਾਨੂੰ ਕਿਸੇ ਦੀ ਵੀ ਲਾਚਾਰੀ ਅਤੇ ਬੇਵਸੀ ਨੂੰ ਆਪਣੀ ਦਾਨਵੀਰਤਾ ਨੂੰ ਦਰਸਾਉਣ ਦਾ ਜ਼ਰੀਆ ਨਹੀਂ ਬਣਾਉਣਾ ਚਾਹੀਦਾ ਸਗੋਂ ਜ਼ਰੂਰਤ ਸਮੇਂ ਨਿਰਸਵਾਰਥੀ ਭਾਵਨਾ ਨਾਲ ਦੂਸਰਿਆਂ ਲਈ ਸਹਾਰਾ ਬਣਨਾ ਚਾਹੀਦਾ ਹੈ। ਭਲਾਈ ਦੇ ਕਾਰਜ ਬਿਨਾਂ ਕਿਸੇ ਵਡਿਆਈ ਦੀ ਲਾਲਸਾ ਤੋਂ ਕੀਤੇ ਜਾਣੇ ਚਾਹੀਦੇ ਹਨ। ਵਿਦਵਾਨਾਂ ਦਾ ਮੱਤ ਹੈ ਕਿ ਨੇਕੀ ਕਰ ਕੇ ਭੁੱਲ ਜਾਣਾ ਸਭ ਤੋਂ ਵੱਡੀ ਸੇਵਾ ਹੈ। ਜੇਕਰ ਸਾਡਾ ਸੱਜਾ ਹੱਥ ਦਾਨ ਕਰੇ ਤਾਂ ਸਾਡੇ ਖੱਬੇ ਹੱਥ ਨੂੰ ਵੀ ਖਬਰ ਨਹੀਂ ਹੋਣੀ ਚਾਹੀਦੀ। ਸਵਾਰਥ ਰਹਿਤ ਭਾਵਨਾ ਨਾਲ ਕੀਤੇ ਕੰਮ ਨੂੰ ਸੰਸਾਰ ਭਾਵੇਂ ਦੇਖੇ ਜਾਂ ਨਾ ਵੇਖੇ, ਕੁਦਰਤ ਜ਼ਰੂਰ ਵੇਖਦੀ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2044)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)