“ਗਰਮੀਆਂ ਵਾਲੀ ਕਣਕ ਅਪਰੈਲ-ਮਈ ਵਿੱਚ ਬੀਜ ਦਿੱਤੀ ਜਾਂਦੀ ਹੈ ਤੇ ਸਿਆਲੂ ਕਣਕ ਬਰਫ ਪੈਣ ਤੋਂ ਦੋ ਕੁ ਮਹੀਨੇ ਪਹਿਲਾਂ ...”
(27 ਫਰਵਰੀ 2024)
ਇਸ ਸਮੇਂ ਪਾਠਕ: 450.
ਕੈਨੇਡਾ ਦੀ ਗੱਲ ਕਰਦਿਆਂ ਟੋਰਾਂਟੋ, ਵੈਨਕੂਵਰ ਵਰਗੇ ਮਹਾਂਨਗਰਾਂ ਦੀਆਂ ਉੱਚੀਆਂ-ਉੱਚੀਆਂ ਇਮਾਰਤਾਂ ਨਜ਼ਰ ਆਉਂਦੀਆਂ ਨੇ ਜਾਂ ਫਿਰ ਬਰਫ਼ ਦੀ ਚਿੱਟੀ ਚਿੱਟੀ ਚਾਦਰ, ਪਰ ਇਹਨਾਂ ਵੱਡੇ ਮਹਾਂਨਗਰਾਂ ਦਰਮਿਆਨ ਕੈਨੇਡਾ ਦੀ ਵਿਸ਼ਾਲ ਧਰਤੀ ਪਈ ਹੈ ਅਤੇ ਇਸਦੇ ਕੁਝ ਹਿੱਸਿਆਂ ’ਤੇ ਖੇਤੀ ਵੀ ਹੁੰਦੀ ਹੈ। ਕੱਚੇ ਰਾਹਾਂ, ਵੱਡੇ-ਵੱਡੇ ਖੇਤਾਂ ਵਾਲਾ ਕੈਨੇਡਾ ਘੱਟ ਹੀ ਉਜਾਗਰ ਹੋਇਆ ਹੈ।
ਚਲੋ ਖੇਤੀਬਾੜੀ ਦੀ ਇਹ ਕਹਾਣੀ ਇਤਿਹਾਸ ਦੇ ਪੰਨਿਆਂ ਵਿੱਚੋਂ ਸ਼ੁਰੂ ਕਰਦੇ ਹਾਂ। ਕਨੇਡਾ ਦੀ ਖੇਤੀਬਾੜੀ ਦਾ ਇਤਿਹਾਸ 200 ਕੁ ਸਾਲ ਪੁਰਾਣਾ ਹੈ। ਇਸ ਤੋਂ ਪਹਿਲਾਂ ਇੱਥੋਂ ਦੇ ਮੂਲ ਨਿਵਾਸੀ ਬਹੁਤ ਛੋਟੇ ਪੱਧਰ ’ਤੇ ਕੁਝ ਫਸਲਾਂ ਉਗਾਉਂਦੇ ਸਨ। ਪਰ ਬਾਅਦ ਵਿੱਚ ਯੂਰਪੀਅਨ ਲੋਕਾਂ ਦੇ ਆਉਣ ਨਾਲ ਬੇਅਬਾਦ ਧਰਤੀ ਖੇਤੀਯੋਗ ਬਣਾਈ ਜਾਣ ਲੱਗੀ। ਕਨੇਡਾ ਬਣਨ ਤੋਂ ਬਾਅਦ 1872 ਵਿੱਚ ਇੱਕ ਕਾਨੂੰਨ ਬਣਾਇਆ ਗਿਆ, ਜਿਸ ਤਹਿਤ ਬਾਹਰੋਂ ਲੋਕ ਆ ਕੇ ਜ਼ਮੀਨ ਅਬਾਦ ਕਰ ਸਕਦੇ ਸਨ।
ਬੱਸ ਫਿਰ ਕੀ ਸੀ, ਯੂਰਪ ਦੇ ਕਈ ਦੇਸਾਂ (ਸਕਾਟਲੈਂਡ, ਯੂਕਰੇਨ, ਆਈਸਲੈਂਡ, ਰੂਸ, ਪੋਲੈਂਡ, ਜਰਮਨੀ, ਫਰਾਂਸ ਖਾਸ ਤੌਰ ’ਤੇ) ਦੇ ਵਾਹੀਵਾਨਾਂ ਨੇ ਮੂੰਹ ਕਨੇਡਾ ਵੱਲ ਕਰ ਲਿਆ। ਸਮੁੰਦਰੀ ਜਹਾਜ਼ਾਂ ਅਤੇ ਫਿਰ ਰੇਲ ਗੱਡੀਆਂ ਰਾਹੀਂ ਇਹ ਲੋਕ ਦੱਖਣੀ ਓਂਟਾਰੀਓ ਅਤੇ ਪ੍ਰੇਰੀਜ਼ ਦੇ ਮੈਦਾਨਾਂ (ਮੈਨੀਟੋਬਾ, ਸਸਕੈਚਵਨ ਅਤੇ ਅਲਬਰਟਾ ਸੂਬੇ) ਵਿੱਚ ਪਹੁੰਚ ਗਏ। ਰੇਲਵੇ ਸਟੇਸ਼ਨਾਂ ਦੇ ਬਾਹਰ ਤੰਬੂਆਂ ਵਿੱਚ ਆਉਣ ਵਾਲਿਆਂ ਦੀ ਇੰਮੀਗ੍ਰੇਸ਼ਨ ਹੁੰਦੀ ਤੇ ਫਿਰ ਉਹਨਾਂ ਨੂੰ ਜ਼ਮੀਨ ਅਲਾਟ ਹੋ ਜਾਂਦੀ। ਇਹ ਗੱਲ 1896 ਤੋਂ 1914 ਦਰਮਿਆਨ ਦੀ ਹੈ। ਯੂਰਪ ਵਿੱਚ ਕੰਪਨੀਆਂ ਨੇ ਇਸ਼ਤਿਹਾਰ ਦਿੱਤੇ ਕਿ ਕਨੇਡਾ ਵਿੱਚ ਬੇਅੰਤ ਬੇਅਬਾਦ ਧਰਤੀ ਪਈ ਹੈ ਤੇ ਕੋਈ ਵੀ ਦਸ ਡਾਲਰ ਵਿੱਚ 160 ਏਕੜ ਪੈਲੀ ਲੈ ਕੇ ਉਸ ਨੂੰ ਅਬਾਦ ਕਰ ਸਕਦਾ ਹੈ। ਇਹਨਾਂ ਇਸ਼ਤਿਹਾਰਾਂ ਦਾ ਇਹ ਅਸਰ ਹੋਇਆ ਕਿ ਸਿਰਫ 18 ਸਾਲਾਂ ਦੌਰਾਨ ਕਨੇਡਾ ਵਿੱਚ 20 ਲੱਖ ਤੋਂ ਵੱਧ ਗੋਰੇ ਆਪਣੀ ਕਿਸਮਤ ਅਜ਼ਮਾਉਣ ਆ ਗਏ। ਇਹ ਇਸ਼ਤਿਹਾਰ ਸਿਰਫ਼ ਯੂਰਪ ਵਿੱਚ ਹੀ ਵੰਡੇ ਗਏ ਸਨ। ਨਸਲਵਾਦ ਤਹਿਤ ਗ਼ੈਰ-ਗੋਰੇ ਲੋਕਾਂ ਨੂੰ ਉਸ ਸਮੇਂ ਕਨੇਡਾ ਵਿੱਚ ਵੜਨ ਤੋਂ ਰੋਕਿਆ ਜਾਂਦਾ ਸੀ। ਸੰਨ 1914 ਵਿੱਚ ਕਾਮਾਗਾਟਾਮਾਰੂ ਜਹਾਜ਼ ਨੂੰ ਮੋੜਨਾ ਇਸੇ ਨੀਤੀ ਦਾ ਹਿੱਸਾ ਸੀ।
ਖੈਰ! ਇਹਨਾਂ ਯੂਰਪੀਅਨ ਮੁਲਕਾਂ ਵਿੱਚੋਂ ਜ਼ਿਮੀਦਾਰਾਂ ਨੂੰ ਕਨੇਡਾ ਵਿੱਚ ਵਸਾਉਣ ਪਿੱਛੇ ਇੱਕ ਤਰਕ ਵੀ ਸੀ। ਇਹ ਠੰਢੇ ਮੁਲਕ ਸਨ ਅਤੇ ਇੱਥੇ ਵੀ ਕਨੇਡਾ ਵਾਂਗ ਸਿਆਲ ਰੁੱਤੇ ਬਰਫ਼ ਪੈਂਦੀ ਸੀ। 1900ਵੇਂ ਦੇ ਸ਼ੁਰੂਆਤ ਵਿੱਚ ਕਨੇਡਾ ਦੀ ਬੇਅਬਾਦ ਧਰਤੀ ਨੂੰ ਵਾਹੀਯੋਗ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਚਾਰ-ਪੰਜ ਮਹੀਨੇ ਮੌਸਮ ਚੰਗਾ ਤੇ ਬਾਕੀ ਸਾਰਾ ਸਾਲ ਠੰਢ ਵਾਲਾ ਮੌਸਮ। ਦਰਖ਼ਤਾਂ, ਬੂਟੀਆਂ, ਸਰਕੰਡਿਆਂ ਦੇ ਬੀਆਬਾਨ ਨੂੰ ਖੇਤੀਯੋਗ ਬਣਾਉਣਾ ਮੁਸ਼ਕਿਲ ਕੰਮ ਸੀ। ਜਿਵੇਂ ਆਪਣੇ ਬਲਦਾਂ, ਊਠਾਂ ਨਾਲ ਖੇਤੀ ਹੁੰਦੀ ਸੀ, ਇਹ ਨਵੇਂ-ਨਵੇਂ ਕਨੇਡੀਅਨ ਵਾਹੀਵਾਨ ਘੋੜਿਆਂ ਪਿੱਛੇ ਹੱਲ ਪਾ ਕੇ ਆਪਣੀ ਕਿਸਮਤ ਲਿਖਣ ਦੀ ਕੋਸ਼ਿਸ਼ ਕਰ ਰਹੇ ਸਨ। ਬਿਜਲੀ ਅਤੇ ਖੇਤੀ ਮਸ਼ੀਨਰੀ ਤੋਂ ਬਿਨਾਂ ਇਹ ਵੱਡਾ ਕੰਮ ਸੀ। 160 ਏਕੜ ਦੇ ਮੁਰੱਬੇ ਵਿੱਚ ਇੱਕ ਨੁੱਕਰ ਵਿੱਚ ਛੋਟਾ ਮੋਟਾ ਘਰ ਬਣਾਉਣ ਤੋਂ ਬਾਅਦ ਇਹ ਲੋਕ ਜ਼ਮੀਨ ਸਾਫ ਕਰਨ ਦੇ ਕੰਮ ਵਿੱਚ ਵਿਅਸਤ ਹੋ ਜਾਂਦੇ।
ਖੈਰ! ਇਸ ਸਮੇਂ ਕਨੇਡਾ ਸਰਕਾਰ ਨੇ ਇੱਕ ਵਧੀਆ ਕੰਮ ਕੀਤਾ। ਇਹਨਾਂ ਨਵੇਂ ਆ ਰਹੇ ਲੋਕਾਂ ਨੂੰ ਵਸਾਉਣ ਵਾਸਤੇ ਪ੍ਰੇਰੀਜ਼ ਦੇ ਮੈਦਾਨਾਂ ਦੀ ਖੇਤੀਯੋਗ ਜ਼ਮੀਨ ਨੂੰ ਮੀਲ ਲੰਮੇ ਤੇ ਮੀਲ ਚੌੜੇ ਵਰਗਾਕਾਰ ਮੁਰੱਬਿਆਂ ਵਿੱਚ ਵੰਡ ਦਿੱਤਾ। ਇੱਕ ਮੀਲ ਦੇ ਮੁਰੱਬੇ ਵਿੱਚ 640 ਏਕੜ ਜ਼ਮੀਨ ਹੁੰਦੀ ਹੈ। ਇਹਨਾਂ ਮੁਰੱਬਿਆਂ ਦੇ ਚਾਰੇ ਬੰਨੇ ਜੰਗਲ-ਬੀਆਬਾਨ ਸਾਫ਼ ਕਰਕੇ ਕੱਚੀਆਂ ਪਹੀਆਂ ਬਣਾ ਦਿੱਤੀਆਂ ਗਈਆਂ। ਇਹਨਾਂ ਰਸਤਿਆਂ ਨਾਲ ਨਵੇਂ ਵਾਹੀਵਾਨ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਤਕ ਪਹੁੰਚ ਗਏ। ਐਨੀ ਵੱਡੀ ਧਰਤੀ ਨੂੰ ਮੀਲ ਮੀਲ ਦੇ ਵਰਗਾਕਾਰ ਟੁਕੜਿਆਂ ਵਿੱਚ ਕੱਟਣਾ ਤੇ ਆਸੇ ਪਾਸੇ ਰਾਹ ਉਸਾਰਨੇ ਕੋਈ ਸੁਖਾਲਾ ਕੰਮ ਨਹੀਂ ਸੀ ਅਤੇ ਇਸ ਕੰਮ ਨੂੰ ਸੰਪੂਰਨ ਹੋਣ ਵਿੱਚ ਲਗਭਗ 50 ਸਾਲ ਲੱਗੇ। ਲਗਭਗ 14 ਪੰਜਾਬਾਂ ਜਿੰਨੀ ਜ਼ਮੀਨ ਦੀ ਮੁਰੱਬਾਬੰਦੀ ਹੋਈ।
ਸੰਨ 1920 ਦੇ ਆਸ-ਪਾਸ ਖੇਤਾਂ ਵਿੱਚ ਘੋੜਿਆਂ ਦੀ ਜਗ੍ਹਾ ਲੋਹੇ ਦੇ ਟਾਇਰਾਂ ਵਾਲੇ ਟਰੈਕਟਰ ਆ ਗਏ। ਬੱਸ ਫਿਰ ਕੀ ਸੀ, ਖੇਤੀਬਾੜੀ ਵਿੱਚ ਕ੍ਰਾਂਤੀ ਆ ਗਈ ਤੇ ਬੇਅਬਾਦ ਜ਼ਮੀਨ ਨੂੰ ਖੇਤੀਯੋਗ ਵਿੱਚ ਬਦਲਣ ਲਈ ਮੁਸ਼ੱਕਤ ਘਟ ਗਈ।
ਅੱਜ ਕਨੇਡਾ ਦੇ ਵਾਹੀਵਾਨਾਂ ਦੀ ਚੌਥੀ-ਪੰਜਵੀਂ ਪੀੜ੍ਹੀ ਵੱਡੇ-ਵੱਡੇ ਟਰੈਕਟਰਾਂ ’ਤੇ ਸਵਾਰ ਖੇਤੀ ਕਰ ਰਹੀ ਹੈ। ਕਨੇਡਾ ਦੀ ਸਾਰੀ ਧਰਤੀ ਵਿੱਚੋਂ ਸਿਰਫ਼ 6.2 ਪ੍ਰਤੀਸ਼ਤ ਇਲਾਕਾ ਹੀ ਵਾਹੀਯੋਗ ਹੈ ਅਤੇ ਉੱਤਰ ਦਾ ਵਧੇਰੇ ਇਲਾਕਾ ਜੰਗਲਾਂ ਅਤੇ ਠੰਢ ਵਾਲੇ ਖੇਤਰਾਂ ਦਾ ਹੈ, ਜਿੱਥੇ ਖੇਤੀ ਨਹੀਂ ਕੀਤੀ ਜਾ ਸਕਦੀ। ਸਾਰੇ ਦੇਸ਼ ਵਿੱਚ ਲਗਭਗ 1 ਲੱਖ 90 ਹਜ਼ਾਰ ਫਾਰਮ ਹਨ ਅਤੇ ਇਹਨਾਂ ਵਿੱਚੋਂ ਬਹੁਤੇ ਫਾਰਮ ਪ੍ਰੇਰੀਜ਼ ਦੇ ਮੈਦਾਨਾਂ, ਕਿਊਬਕ ਅਤੇ ਓਂਟਾਰੀਓ ਸੂਬਿਆਂ ਵਿੱਚ ਹਨ।
ਕਨੇਡਾ ਦੀ ਖੇਤੀ 10-20 ਏਕੜਾਂ ਵਾਲੇ ਫਾਰਮਾਂ ਦੀ ਖੇਤੀ ਨਹੀਂ ਹੈ, ਸਗੋਂ ਵੱਡੇ ਵੱਡੇ ਫਾਰਮਾਂ ਵਾਲੀ ਖੇਤੀ ਹੈ। ਦੇਸ਼ ਵਿੱਚ ਔਸਤਨ ਫਾਰਮ 800 ਏਕੜਾਂ ਦਾ ਹੈ। ਥੋੜ੍ਹੇ ਏਕੜਾਂ ਵਾਲੀ ਖੇਤੀ ਵਾਰਾ ਹੀ ਨਹੀਂ ਖਾਂਦੀ। ਵਿਸ਼ਾਲ ਫਾਰਮ ’ਤੇ ਖੇਤੀ ਸੰਦ ਵੀ ਉਸੇ ਹਿਸਾਬ ਨਾਲ ਵੱਡੇ ਵੱਡੇ ਹਨ।
ਮੋਟੇ ਰੂਪ ਵਿੱਚ ਕਨੇਡਾ ਦੀ ਖੇਤੀ ਤਿੰਨ ਤਰ੍ਹਾਂ ਦੀ ਹੈ। ਬਾਗਬਾਨੀ, ਪਸ਼ੂ ਰੱਖਣ ਵਾਸਤੇ ਹਰੇ ਚਾਰੇ ਦੀ ਬੀਜਾਂਦ ਅਤੇ ਦਾਣਿਆਂ ਵਾਸਤੇ ਬੀਜੀਆਂ ਜਾਣ ਵਾਲੀਆਂ ਫਸਲਾਂ। ਬਾਗਬਾਨੀ ਜ਼ਿਆਦਾਤਰ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਫਰੇਜ਼ਰ ਅਤੇ ਓਕਾਨੈਗਨ ਵੈਲੀਆਂ ਜਾਂ ਓਂਟਾਰੀਓ ਦੇ ਨਿਆਗਰਾ ਫਾਲਜ਼ ਇਲਾਕੇ ਵਿੱਚ ਹੁੰਦੀ ਹੈ। ਅੰਗੂਰਾਂ, ਸੇਬਾਂ, ਆੜੂਆਂ, ਖੁਰਮਾਨੀਆਂ ਤੇ ਬੈਰੀਆਂ ਦੇ ਬਾਗ। ਅੰਗੂਰਾਂ ਤੋਂ ਜ਼ਿਆਦਾਤਰ ਵਾਈਨ (ਇੱਕ ਤਰ੍ਹਾਂ ਦੀ ਸ਼ਰਾਬ) ਬਣਾਈ ਜਾਂਦੀ ਹੈ। ਇਹ ਬਾਗ ਛੋਟੇ ਹੁੰਦੇ ਨੇ, 10-20 ਕਿੱਲਿਆਂ ਦੇ ਫਾਰਮ। ਬ੍ਰਿਟਿਸ਼ ਕੋਲੰਬੀਆ ਵਿੱਚ ਬੈਰੀ ਉਗਾਉਣ ਦੇ ਕਿੱਤੇ ਵਿੱਚ ਕਈ ਪੰਜਾਬੀ ਕਿਸਾਨ ਵੀ ਹਨ। ਬੈਰੀਆਂ ਹੱਥੀਂ ਤੋੜਨੀਆਂ ਪੈਂਦੀਆਂ ਨੇ, ਇਸ ਕਰਕੇ ਸਰੀ, ਐਬਟਸਫੋਰਡ ਦੇ ਇਲਾਕਿਆਂ ਵਿੱਚ ਪੰਜਾਬੀ ਬਜ਼ੁਰਗ ਬੈਰੀਆਂ ਤੋੜ ਕੇ ਡਾਲਰ ਕਮਾ ਲੈਂਦੇ ਨੇ। ਕਲੋਨਾ ਅਤੇ ਇਸਦੇ ਦੱਖਣ ਵਿੱਚ ਵੀ ਕਈ ਬਾਗ ਪੰਜਾਬੀਆਂ ਦੇ ਹਨ।
ਕਨੇਡਾ ਵਿੱਚ ਕੁਝ ਖਿੱਤਿਆਂ ਵਿੱਚ ਜ਼ਮੀਨ ਉਪਜਾਊ ਨਾ ਹੋਣ ਕਰਕੇ ਕਈ ਵਾਰੀ ਇੱਥੇ ਦਾਣੇਦਾਰ ਫਸਲਾਂ ਬੀਜਣੀਆਂ ਲਾਹੇਵੰਦ ਨਹੀਂ ਹੁੰਦੀਆਂ। ਇਹਨਾਂ ਉੱਚੀਆਂ ਨੀਵੀਂਆਂ ਪੈਲੀਆਂ ਦੇ ਆਸੇ ਪਾਸੇ ਵਾੜ ਕਰਕੇ ਇੱਥੇ ਮੀਟ ਵਾਸਤੇ ਗਾਵਾਂ ਪਾਲੀਆਂ ਜਾਂਦੀਆਂ ਹਨ। ਫਾਰਮਾਂ ਦੁਆਲੇ ਵਾੜ ਕਰਕੇ ਪਸ਼ੂ ਖੁੱਲ੍ਹੇ ਹੀ ਛੱਡੇ ਜਾਂਦੇ ਨੇ। ਪਸ਼ੂ ਨੂੰ ਸੰਗਲ ਪਾਉਣ ਦਾ ਰਿਵਾਜ਼ ਉੱਕਾ ਹੀ ਨਹੀਂ। ਪਸ਼ੂਆਂ ਦੇ ਖਾਣ ਵਾਸਤੇ ਹਰੇ ਚਾਰੇ ਦੇ ਬੀਜ ਦਾ ਛੱਟਾ ਦੇ ਦਿੱਤਾ ਜਾਂਦਾ ਹੈ ਤੇ ਫਿਰ ਮੀਂਹ ਆਸਰੇ ਹਾਰਾ ਚਾਰਾ ਹੁੰਦਾ ਰਹਿੰਦਾ ਹੈ। ਕਿਤੇ ਕਿਤੇ ਫੁਹਾਰਿਆਂ ਰਾਹੀਂ ਪਾਣੀ ਦੇਣ ਦਾ ਪ੍ਰਬੰਧ ਵੀ ਹੁੰਦਾ ਹੈ। ਪਸ਼ੂਆਂ ਦੇ ਚਾਰੇ ਲਈ ਲੂਸਣ ਦੀ ਬੀਜਾਂਦ ਵੀ ਬਹੁਤ ਹੁੰਦੀ ਹੈ। ਪਸ਼ੂਆਂ ਵਾਲੇ ਕਿਸਾਨ ਸਾਰਾ ਸਾਲ ਹੀ ਰੁੱਝੇ ਰਹਿੰਦੇ ਨੇ। ਫਰਵਰੀ ਮਾਰਚ ਵਿੱਚ ਗਾਵਾਂ ਸੂੰਦੀਆਂ ਨੇ ਤੇ ਇਹਨਾਂ ਠੰਢ ਦੇ ਦਿਨਾਂ ਵਿੱਚ ਹਰ ਰੋਜ਼ ਗਾਵਾਂ ਤੇ ਨਵਜਨਮੇ ਵਛੜਿਆਂ ਨੂੰ ਸਾਂਭਣਾ ਸੁਖਾਲਾ ਕੰਮ ਨਹੀਂ ਹੈ।
ਯਾਦ ਰਹੇ ਜ਼ਿਆਦਾਤਰ ਫਾਰਮਾਂ ’ਤੇ ਗਾਵਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੁੰਦੀ ਹੈ। ਇਹਨਾਂ ਗਾਵਾਂ ਨੂੰ ਚਰਾਂਦਾਂ ਵਿੱਚ ਕਾਬੂ ਰੱਖਣ ਲਈ ਕਿਸਾਨ ਘੋੜਿਆਂ ਦੀ ਵਰਤੋਂ ਵੀ ਕਰਦੇ ਹਨ। ‘ਕਾਉ ਬੁਆਏ’ ਵਾਲਾ ਕਲਚਰ ਇਹਨਾਂ ਵੱਡੀਆਂ ਵੱਡੀਆਂ ਟੋਪੀਆਂ ਅਤੇ ਗੋਡਿਆਂ ਤਕ ਬੂਟਾਂ ਵਾਲੇ ਕਿਸਾਨਾਂ ਤੋਂ ਹੀ ਪਿਆ ਹੈ। ਕਾਉ ਬੁਆਏ ਵਜੋਂ ਸਾਨੂੰ ਘੋੜੇ ’ਤੇ ਚੜ੍ਹਿਆ, ਹੱਥ ਵਿੱਚ ਰੱਸਾ ਫੜੀ ਬੈਠਾ ਕਿਸਾਨ ਚੇਤੇ ਵਿੱਚ ਆਉਂਦਾ ਹੈ, ਕਿਉਂਕਿ ਇਸ ਤਰ੍ਹਾਂ ਇਹ ਦੂਰ ਗਈਆਂ ਗਾਵਾਂ ਨੂੰ ਵਾਪਸ ਮੋੜ ਕੇ ਲਿਆਉਂਦੇ ਨੇ।
ਖੇਤੀਬਾੜੀ ਦਾ ਤੀਜਾ ਮੁੱਖ ਪੱਖ ਦਾਣੇਦਾਰ ਫਸਲਾਂ ਬੀਜਣਾ ਹੈ। ਪੰਜਾਬ ਵਾਂਗ ਸਾਲ ਵਿੱਚ ਦੋ ਫਸਲਾਂ ਨਹੀਂ, ਸਗੋਂ ਸਿਰਫ ਇੱਕ ਫਸਲ ਹੀ ਹੁੰਦੀ ਹੈ। ਬਿਜਾਈ ਅਪਰੈਲ-ਮਈ ਵਿੱਚ ਤੇ ਵਢਾਈ ਅਗਸਤ ਤੋਂ ਅਕਤੂਬਰ ਦੌਰਾਨ। ਕਨੇਡਾ ਦੀਆਂ ਪ੍ਰਮੁੱਖ ਫਸਲਾਂ ਕਣਕ, ਕਨੋਲਾ, ਮੱਕੀ, ਜੌਂ, ਜਵੀ ਹਨ। ਠੰਢੇ ਮੁਲਕ ਵਿੱਚ ਠੰਢ ਵਾਲੀਆਂ ਫਸਲਾਂ ਜ਼ਿਆਦਾ ਕਾਮਯਾਬ ਹਨ। ਜੌਂ, ਜਵੀ ਦਾਣਿਆਂ ਲਈ ਉਗਾਈ ਜਾਂਦੀ ਹੈ। ਕਣਕ ਗਰਮੀਆਂ ਦੀ ਰੁੱਤ ਦੀ ਵੀ ਹੈ ਤੇ ਸਿਆਲੂ ਵੀ।
ਗਰਮੀਆਂ ਵਾਲੀ ਕਣਕ ਅਪਰੈਲ-ਮਈ ਵਿੱਚ ਬੀਜ ਦਿੱਤੀ ਜਾਂਦੀ ਹੈ ਤੇ ਸਿਆਲੂ ਕਣਕ ਬਰਫ ਪੈਣ ਤੋਂ ਦੋ ਕੁ ਮਹੀਨੇ ਪਹਿਲਾਂ ਅੱਧ ਸਤੰਬਰ ਵਿੱਚ। ਬਰਫ ਤੋਂ ਪਹਿਲਾਂ ਕਣਕ ਗਿੱਠ ਗਿੱਠ ਹੋ ਜਾਂਦੀ ਹੈ ਤੇ ਫਿਰ ਇਹ ਬਰਫ ਹੇਠਾਂ ਚਾਰ ਮਹੀਨੇ ਦੱਬੀ ਰਹਿੰਦੀ ਹੈ। ਅਸਲ ਵਿੱਚ ਬਰਫ ਸਿਆਲੂ ਕਣਕ ਨੂੰ ਠੰਢ ਤੋਂ ਬਚਾਉਣ ਲਈ ਰਜਾਈ ਦਾ ਕੰਮ ਕਰਦੀ ਹੈ।
ਸਸਕੈਚਵਨ ਸੂਬੇ ਦੀਆਂ ਰੇਤਲੀਆਂ ਜ਼ਮੀਨਾਂ ਵਿੱਚ ਪਕਾਵੇਂ ਮਟਰ, ਮਸਰ ਵੀ ਵਧੀਆ ਹੁੰਦੇ ਨੇ। ਅਸਲ ਵਿੱਚ ਭਾਰਤ ਦਾਲਾਂ ਕਨੇਡਾ ਤੋਂ ਵੀ ਮੰਗਵਾਉਂਦਾ ਹੈ। ਮੈਨੀਟੋਬਾ ਵਿੱਚ ਅਲਸੀ, ਸੂਰਜਮੁਖੀ ਵੀ ਥੋੜ੍ਹੀ ਬਹੁਤੀ ਹੁੰਦੀ ਹੈ। ਕਨੇਡਾ ਵਿੱਚ ਨਰਮਾ, ਝੋਨਾ ਕਿਤੇ ਨਹੀਂ ਹੁੰਦਾ ਕਿਉਂਕਿ ਇੱਥੇ ਭਾਰਤ ਵਾਂਗ ਬਹੁਤਾ ਗਰਮ ਮੌਸਮ ਨਹੀਂ ਹੈ। ਜਿਹੜੀ ਕਣਕ ਪੰਜਾਬ ਵਿੱਚ ਪੰਜ ਮਹੀਨਿਆਂ ਵਿੱਚ ਹੁੰਦੀ ਹੈ, ਉਹ ਕਨੇਡਾ ਵਿੱਚ ਸਿਰਫ ਤਿੰਨ ਮਹੀਨਿਆਂ ਵਿੱਚ ਹੀ ਪੱਕ ਜਾਂਦੀ ਹੈ। ਕਾਰਨ, ਇੱਕ ਤਾਂ ਬਹੁਤੀਆਂ ਫਸਲਾਂ ਬਰਾਨੀ ਨੇ, ਦੂਜਾ ਗਰਮੀਆਂ ਵਿੱਚ ਦਿਨ 14 ਤੋਂ 16 ਘੰਟਿਆਂ ਦੇ ਹੁੰਦੇ ਨੇ ਤੇ ਫਸਲਾਂ ਦਿਨਾਂ ਵਿੱਚ ਹੀ ਜਵਾਨ ਹੋ ਜਾਂਦੀਆਂ ਨੇ।
ਜ਼ਿਆਦਾਤਰ ਫਾਰਮਾਂ ਵਿੱਚ ਕੋਈ ਵੱਟ, ਕੋਈ ਖਾਲਾ ਨਹੀਂ ਹੈ ਕਿਉਂ ਜੋ ਪਾਣੀ ਕਿਸਾਨ ਲਾਉਂਦੇ ਹੀ ਨਹੀਂ। ਬਹੁਤੀ ਖੇਤੀ ਮੀਂਹ ਸਹਾਰੇ ਹੀ ਹੈ ਪਰ ਕਿਤੇ ਕਿਤੇ ਜ਼ਮੀਨੀ ਪਾਣੀ ਦੀ ਵਰਤੋਂ ਫੁਹਾਰਿਆਂ ਨਾਲ ਕੀਤੀ ਜਾਂਦੀ ਹੈ। ਮੁਫਤ ਕੁਝ ਵੀ ਨਹੀਂ। ਵਰਤੋਂ ਕੀਤੇ ਪਾਣੀ ਦਾ ਮੁੱਲ ਤਾਰਨਾ ਪੈਂਦਾ ਹੈ। ਬਰਾਨੀ ਖੇਤੀ ਹੋਣ ਕਰਕੇ ਔਸਤਨ ਝਾੜ ਪੰਜਾਬ ਨਾਲੋਂ ਥੋੜ੍ਹਾ ਘੱਟ ਹੁੰਦਾ ਹੈ। ਕਣਕ 40-42 ਮਣੀ ਝੜ ਜਾਂਦੀ ਹੈ।
ਫਾਰਮ ਬਹੁਤ ਵੱਡੇ ਵੱਡੇ ਨੇ। ਉਦਾਹਰਣ ਦੇ ਤੌਰ ’ਤੇ ਮੈਨੀਟੋਬਾ ਵਿੱਚ ਔਸਤਨ ਫਾਰਮ ਹਜ਼ਾਰ ਕੁ ਕਿੱਲਿਆਂ ਦਾ ਹੈ। 100-200 ਕਿੱਲਿਆਂ ’ਤੇ ਕਣਕ, ਕਨੋਲਾ ਦੀ ਖੇਤੀ ਵਾਰਾ ਨਹੀਂ ਖਾਂਦੀ। ਜ਼ਮੀਨ ਖਰੀਦਣੀ ਸਸਤੀ ਹੈ (ਪ੍ਰੇਰੀਜ਼ ਦੇ ਮੈਦਾਨਾਂ ਵਿੱਚ), ਪਰ ਮਸ਼ੀਨਰੀ ਬਹੁਤ ਮਹਿੰਗੀ ਹੈ। ਉਦਾਹਰਣ ਦੇ ਤੌਰ ’ਤੇ ਇਸ ਸਮੇਂ ਪ੍ਰੇਰੀਜ਼ ਵਿੱਚ ਇੱਕ ਕਿੱਲਾ ਜ਼ਮੀਨ 4-5 ਹਜ਼ਾਰ ਡਾਲਰ ਨੂੰ ਖਰੀਦੀ ਜਾ ਸਕਦੀ ਹੈ, ਪਰ ਇੱਕ ਆਮ ਟਰੈਕਟਰ (100 ਕੁ ਹੌਰਸ ਪਾਵਰ) ਇੱਕ ਲੱਖ ਡਾਲਰ ਦੇ ਕਰੀਬ ਹੈ। ਇਹੀ ਕਾਰਨ ਹੈ ਕਿ ਪ੍ਰੇਰੀਜ਼ ਵਿੱਚ ਬਹੁਤ ਥੋੜ੍ਹੇ ਪੰਜਾਬੀ ਖੇਤੀ ਦੇ ਧੰਦੇ ਵਿੱਚ ਹਨ। ਦੂਜੇ ਪਾਸੇ ਬੀ. ਸੀ. ਅਤੇ ਓਂਟਾਰੀਓ ਦੀ ਬਾਗਬਾਨੀ ਵਾਲੀ ਜ਼ਮੀਨ ਬਹੁਤ ਮਹਿੰਗੀ ਹੈ।
ਗਰਮੀਆਂ ਦੌਰਾਨ ਪ੍ਰੇਰੀਜ਼ ਦੇ ਮੈਦਾਨਾਂ ਦੀ ਖੇਤੀ ਦੇਖਣਯੋਗ ਹੁੰਦੀ ਹੈ, ਹਜ਼ਾਰਾਂ ਕਿੱਲਿਆਂ ’ਤੇ ਪੀਲੀ ਪੀਲੀ ਕਨੋਲਾ ਤੇ ਕਿਤੇ ਸੁਨਹਿਰੀ ਕਣਕ ਦੀ ਝਲਕ। ਕਨੇਡਾ ਦੀ ਪੈਦਾਵਾਰ ਜ਼ਿਆਦਾ ਹੈ ਤੇ ਖਪਤ ਘੱਟ, ਸੋ ਜ਼ਿਆਦਾਤਰ ਫਸਲਾਂ ਦੂਜੇ ਦੇਸ਼ਾਂ ਨੂੰ ਵੇਚੀਆਂ ਜਾਂਦੀਆਂ ਨੇ। ਖੇਤੀਬਾੜੀ ਕਨੇਡਾ ਲਈ ਬੜੀ ਅਹਿਮ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4759)
(ਸਰੋਕਾਰ ਨਾਲ ਸੰਪਰਕ ਲਈ: (