“ਅੱਜ ਹੀ ਖਟਕੜ ਕਲਾਂ ਵਿਖੇ ਇਕੱਤਰ ਹੋਏ ਸੈਂਕੜੇ ਲੋਕ ਤੇ ਕਿਸਾਨ ਨਵਜੋਤ ਸਿੰਘ ਸਿੱਧੂ ਤੋਂ ...”
(25 ਜੁਲਾਈ 2021)
ਜਦੋਂ ਤਕ ਕੈਪਟਨ ਅਮਰਿੰਦਰ ਸਿੰਘ ਕੋਲ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਹੈ ਅਤੇ ਉਸ ਨੂੰ ਵੱਡੀ ਗਿਣਤੀ ਵਿੱਚ ਪੰਜਾਬ ਦੇ ਵਿਧਾਇਕਾਂ ਦੀ ਹਮਾਇਤ ਪ੍ਰਾਪਤ ਹੈ, ਉਦੋਂ ਤਕ ਕਾਂਗਰਸ ਹਾਈ ਕਮਾਨ ਅਮਰਿੰਦਰ ਸਿੰਘ ਦਾ ਕੁਝ ਨਹੀਂ ਵਿਗਾੜ ਸਕਦੀ। ਇੱਕੋ ਪਰਿਵਾਰ ਵਲੋਂ ਸਾਂਭੀ ਕਾਂਗਰਸ, ਕਿਸੇ ਵੀ ਹੋਰ ਨੇਤਾ ਜਾਂ ਖੇਤਰੀ ਨੇਤਾ ਨੂੰ ਆਪਣੇ ਤੋਂ ਵੱਡਾ ਨਹੀਂ ਹੋਣ ਦਿੰਦੀ ਤਾਂ ਕਿ ਗਾਂਧੀ ਪਰਿਵਾਰ ਦਾ ਦਬਦਬਾ, ਜਿੰਨਾ ਕੁ ਵੀ ਬਚਿਆ ਹੈ, ਬਣਿਆ ਰਹੇ। ਉਂਜ ਗਾਂਧੀ ਪਰਿਵਾਰ ਦੇ ਤਿੰਨੋਂ ਜੀਅ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਆਪਣੇ ਕੁਝ ਵਫ਼ਾਦਾਰਾਂ ਨਾਲ ਕਾਂਗਰਸ ਦਾ ‘ਕਾਰੋਬਾਰ’ ਚਲਾ ਰਹੇ ਹਨ, ਜਿਹੜਾ ਕੁਝ ਵਰ੍ਹਿਆਂ ਵਿੱਚ ਪੂਰੇ ਰਾਸ਼ਟਰ ਤੋਂ ਸਿਮਟ ਕੇ ਕੁਝ ਰਾਜਾਂ ਤਕ ਸੀਮਤ ਰਹਿ ਗਿਆ ਹੈ ਅਤੇ ਜਿਸ ਨੂੰ ਪਿਛਲੇ ਲੰਮੇ ਸਮੇਂ ਤੋਂ ਚੋਣਾਂ ਵਿੱਚ ਵੱਡੀਆਂ ਤੋਂ ਵੱਡੀਆਂ ਹਾਰਾਂ ਦਾ ਮੂੰਹ ਵੇਖਣਾ ਪਿਆ ਹੈ। ਪੱਛਮੀ ਬੰਗਾਲ ਵਿੱਚ ਕਾਂਗਰਸ ਦਾ ਨਾਮ-ਥੇਹ ਨਹੀਂ ਰਿਹਾ। ਯੂ.ਪੀ. ਚੋਣਾਂ ਸਿਰ ਉੱਤੇ ਹਨ, ਕਾਂਗਰਸ ਦਾ ਉੱਥੇ ਵੱਡਾ ਕਾਡਰ ਨਹੀਂ ਅਤੇ ਪੰਜਾਬ ਵਰਗੇ ਸੂਬੇ ਵਿੱਚ ਕਾਂਗਰਸ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਦੇ ਰਾਹ ਤੁਰੀ ਹੋਈ ਹੈ।
ਬਿਨਾਂ ਸ਼ੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਚਾਰ ਸਾਲ ਦੇ ਅਰਸੇ ਵਿੱਚ ਪੰਜਾਬ ਦਾ ਕੁਝ ਵੀ ਨਹੀਂ ਸੁਆਰਿਆ। ਜਿਹੜੇ ਵਾਇਦੇ ਉਸ ਵਲੋਂ ਕੀਤੇ ਗਏ ਸਨ, ਕਹਿਣ ਨੂੰ ਤਾਂ ਭਾਵੇਂ ਸਾਰੇ ਪੂਰੇ ਕਰਨ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਕਰਦੇ ਹਨ, ਪਰ ਹਕੀਕੀ ਤੌਰ ’ਤੇ ਇਹ ਸਚਾਈ ਨਹੀਂ ਹੈ। ਨਸ਼ਿਆਂ ਦਾ ਕਾਰੋਬਾਰ ਖ਼ਤਮ ਕਰਨ ਸਬੰਧੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਉੱਤੇ ਕੈਪਟਨ ਤੋਂ ਪੰਜਾਬੀਆਂ ਨੂੰ ਵੱਡੀਆਂ ਆਸਾਂ ਸਨ। ਰੇਤ ਮਾਫੀਏ ਦਾ ਲੱਕ ਤੋੜਨ ਦੀ ਵੀ ਪੰਜਾਬੀਆਂ ਨੂੰ ਕੈਪਟਨ ਤੋਂ ਤਵੱਕੋ ਸੀ ਅਤੇ ਇਹ ਵੀ ਕਿ ਉਹ ਆਪਣੇ ਜ਼ਿਮੀਦਾਰ ਹੁੰਦੇ ਹੋਏ, ਕਿਸਾਨ ਸਮੱਸਿਆਵਾਂ ਸਮਝਕੇ ਉਹਨਾਂ ਦੇ ਕਰਜ਼ੇ ਮੁਆਫ਼ ਕਰ ਦੇਣਗੇ। ਫੌਜੀ ਹੋਣ ਦੇ ਨਾਤੇ ਲੋਕ ਇਹ ਵੀ ਚਾਹੁੰਦੇ ਸਨ ਕਿ ਉਸ ਦੇ ਰਾਜ ਵਿੱਚ ਭ੍ਰਿਸ਼ਟਾਚਾਰ ਨਾ ਹੋਵੇ, ਪਰ ਕੈਪਟਨ ਦੇ ਗੱਦੀ ਸਾਂਭਣ ਦੇ ਦੋ ਸਾਲਾਂ ਬਾਅਦ ਹੀ ਦਿਸਣ ਲੱਗ ਪਿਆ ਸੀ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਦਾ ਸ਼ਾਸਨ ਉਵੇਂ ਹੀ ਕੰਮ ਕਰ ਰਿਹਾ ਹੈ, ਕੁਝ ਵੀ ਨਹੀਂ ਬਦਲਿਆ।
ਹਾਂ, ਇੰਨਾ ਕੁ ਜ਼ਰੂਰ ਹੋਇਆ ਹੈ ਕਿ ਪੰਜਾਬ ਹਿਤੈਸ਼ੀ ਫ਼ੈਸਲੇ ਲੈਣ ਦਾ ਸਮਾਂ ਜਦੋਂ ਆਇਆ ਕੈਪਟਨ ਅਮਰਿੰਦਰ ਸਿੰਘ ਨੇ ਦ੍ਰਿੜ੍ਹਤਾ ਨਾਲ ਪੰਜਾਬ ਦੇ ਪਾਣੀਆਂ ਸਬੰਧੀ ਆਵਾਜ਼ ਬੁਲੰਦ ਕੀਤੀ। ਕਿਸਾਨਾਂ ਸਬੰਧੀ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਦਾ ਮਤਾ ਅਸੰਬਲੀ ਵਿੱਚ ਪਾਸ ਕੀਤਾ ਅਤੇ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹੋਏ।
ਪਰ ਪੰਜਾਬੀਆਂ ਦੇ ਮਸਲੇ ਤਾਂ ਬਹੁਤ ਵੱਡੇ ਸਨ। ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਲਈ ਤਾਂ ਕੈਪਟਨ ਨੂੰ ਪੰਜਾਬੀਆਂ ਨੇ ਪੰਜਾਬ ਸੰਭਾਲਿਆ ਸੀ। ਪਰ ਕੈਪਟਨ ਮਹੱਲਾਂ ਵਿੱਚ ਵੜ ਗਏ। ਰਾਜ-ਸ਼ਾਸਨ ਲੋਕ ਨੁਮਾਇੰਦਿਆਂ ਦੀ ਮਰਜ਼ੀ ਨਾਲ ਨਹੀਂ, ਸਗੋਂ ਅਫਸਰਸ਼ਾਹੀ ਹੱਥ ਫੜਾ ਦਿੱਤਾ। ਸਲਾਹਕਾਰਾਂ ਨੇ ਆਪਣੇ ਢੰਗ ਨਾਲ ਪਿਛਲੇ ਚਾਰ ਸਾਲ ਪੰਜਾਬ ਚਲਾਇਆ। ਪਰ ਕਿਉਂਕਿ ਪੰਜਾਬ ਵਿੱਚ ਵਿਰੋਧੀ ਧਿਰ ਤਾਕਤਵਰ ਨਹੀਂ ਸੀ, ਵੰਡੀ ਹੋਈ ਸੀ, ਪੰਜਾਬ ਦੇ ਹਾਕਮਾਂ ਚੰਮ ਦੀਆਂ ਚਲਾਈਆਂ। ਕੁਝ ਵੱਡੇ ਸਿਆਸਦਾਨ ਮਾਫੀਆ ਨਾਲ ਰਲ ਗਏ, ਆਪਣੇ ਸਵਾਰਥਾਂ ਕਾਰਨ ਉਹਨਾਂ ਚੁੱਪ ਵੱਟ ਲਈ। ਪੰਜਾਬ ਲੁੱਟਿਆ ਜਾਂਦਾ ਰਿਹਾ। ਪੰਜਾਬ ਦੇ ਮਸਲਿਆਂ ਸਬੰਧੀ ਵੱਟੀ ਚੁੱਪ ਨੇ ਲੋਕਾਂ ਵਿੱਚ ਅਸੰਤੋਸ਼ ਪੈਦਾ ਕੀਤਾ। ਅੱਜ ਜਦੋਂ ਪੰਜਾਬ ਚੋਣਾਂ ਦੀਆਂ ਬਰੂਹਾਂ ’ਤੇ ਹੈ, ਪੰਜਾਬ ਦੇ ਹਰ ਵਰਗ ਦੇ ਲੋਕਾਂ ਵਿੱਚ ਹਾਹਾਕਾਰ ਹੈ। ਬਿਜਲੀ, ਪੈਟਰੋਲ ਨੇ ਲੋਕਾਂ ਨੂੰ ਰੁਆ ਦਿੱਤਾ ਹੈ। ਬੇਰੁਜ਼ਗਾਰ ਸੜਕਾਂ ’ਤੇ ਬੈਠੇ ਹਨ। ਕਾਂਗਰਸ ਅੰਦਰ ਆਏ ਕਾਟੋ-ਕਲੇਸ਼ ਕਾਰਨ ਲੋਕਾਂ ਦੀ ਸੁਣਨ ਵਾਲਾ ਹਾਕਮ ਹੀ ਕੋਈ ਨਹੀਂ। ਅਫਸਰ ਦਫ਼ਤਰੀਂ ਬੈਠੇ ਹਨ, ਮੁਲਾਜ਼ਮ ਹੜਤਾਲਾਂ ’ਤੇ ਹਨ। ਪਿਛਲੇ ਇੱਕ ਮਹੀਨੇ ਤੋਂ ਸੂਬਾ ਸਰਕਾਰ ਦਾ ਕੰਮਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਪੰਜਾਬ ਸਿਵਲ ਸਕੱਤਰੇਤ ਵਿੱਚ ਸੁੰਨਸਾਨ ਛਾਈ ਹੋਈ ਹੈ।
ਕਾਟੋ-ਕਲੇਸ਼ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਕਾਫੀ ਵਧਿਆ ਹੈ। ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਨੂੰ ਜੋ ਗਾਂਧੀ ਪਰਿਵਾਰ ਦਾ ਚਹੇਤਾ ਹੈ, ਸੂਬਾ ਕਾਂਗਰਸ ਪ੍ਰਧਾਨ ਮੰਨਣ ਲਈ ਤਿਆਰ ਨਹੀਂ, ਜਦਕਿ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਤੋਂ ਮੁੱਖ ਮੰਤਰੀ ਦੀ ਕੁਰਸੀ ਖੋਹਣ ਦੇ ਯਤਨ ਵਿੱਚ ਹੈ। ਕਾਂਗਰਸ ਹਾਈ ਕਮਾਨ ਨੇ ਕੈਪਟਨ ਨੂੰ ਸਾਧੀ ਰੱਖਣ ਲਈ ਸਾਫ਼ ਕਰ ਦਿੱਤਾ ਹੋਇਆ ਹੈ ਕਿ ਅਗਲੀਆਂ 2022 ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ ਤੇ ਨਵਜੋਤ ਸਿੰਘ ਸਿੱਧੂ ਕਾਂਗਰਸ ਪ੍ਰਧਾਨ ਹੋਣਗੇ। ਪਰ ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਸਿੱਧੂ ਦੇ ਨਾਲ ਚਾਰ ਕਾਰਜਕਾਰੀ ਪ੍ਰਧਾਨ ਬਣਾ ਦਿੱਤੇ ਗਏ ਹਨ। ਸਵਾਲ ਪੈਦਾ ਹੁੰਦਾ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਉੱਤੇ ਕਾਂਗਰਸ ਹਾਈ ਕਮਾਨ ਯਕੀਨ ਨਹੀਂ ਕਰਦੀ ਜੋ ਉਸਦੇ ਪੈਰਾਂ ਵਿੱਚ ਬੇੜੀਆਂ ਪਹਿਲਾਂ ਹੀ ਪਾ ਦਿੱਤੀਆਂ ਗਈਆਂ ਹਨ?
ਇਸ ਫ਼ੈਸਲੇ ਨਾਲ ਪੰਜਾਬ ਕਾਂਗਰਸ ਬੁਰੀ ਤਰ੍ਹਾਂ ਦੋ-ਫਾੜ ਹੋਈ ਦਿਖਦੀ ਹੈ। ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਵਜੋਂ ਜੀਅ ਆਇਆਂ ਆਖਣ ਲਈ ਦੌੜ ਲੱਗੀ ਹੋਈ ਹੈ, ਉਹਨਾਂ ਨੂੰ ਥਾਂ-ਥਾਂ ਵਿਧਾਇਕੀ ਟਿਕਟਾਂ ਪ੍ਰਾਪਤ ਕਰਨ ਦੇ ਚਾਹਵਾਨਾਂ ਵਲੋਂ ਹਾਰਾਂ ਨਾਲ ਲੱਦਿਆ ਜਾ ਰਿਹਾ ਹੈ। ਕਈ ਥਾਵੀਂ ਸਾਬਕਾ ਵਿਧਾਇਕ ਇਸ ਚਾਹਤ ਵਿੱਚ ਕਿ ਅਗਲੀ ਟਿਕਟ ਉਹਨਾਂ ਨੂੰ ਮਿਲੇਗੀ, ਆਪਣੀ ਤਾਕਤ ਵਿਖਾ ਰਹੇ ਹਨ, ਇੱਕ-ਦੂਜੇ ਵਿਰੁੱਧ ਨਾਹਰੇਬਾਜ਼ੀ ਕਰ ਰਹੇ ਹਨ। ਇਸ ਕਿਸਮ ਦੀ ਘਟਨਾ ਸ਼ਹੀਦ ਭਗਤ ਸਿੰਘ ਦੇ ਜਨਮ ਅਸਥਾਨ ਖਟਕੜ ਕਲਾਂ ਵਿਖੇ ਵੇਖਣ ਨੂੰ ਮਿਲੀ ਜਿੱਥੇ ਨਵਜੋਤ ਸਿੰਘ ਸਿੱਧੂ ਦੇ ਸਵਾਗਤ ਤੋਂ ਪਹਿਲਾਂ ਹੀ ਦੋ ਗਰੁੱਪ ਆਪਸ ਵਿੱਚ ਖਹਿਬੜ ਪਏ। ਅਸਲ ਵਿੱਚ ਤਾਂ ਟਿਕਟਾਂ ਦੇ ਚਾਹਵਾਨ ਦੋਹਾਂ ਖੇਮਿਆਂ ਵਿੱਚ ਹਾਜ਼ਰੀ ਲੁਆ ਰਹੇ ਹਨ। ਨਵਜੋਤ ਸਿੰਘ ਸਿੱਧੂ ਜਿੱਥੇ ਵਿਧਾਇਕਾਂ, ਮੰਤਰੀਆਂ ਕੋਲ ਜਾ ਕੇ ਆਪਣੇ ਹਾਜ਼ਰੀ ਲੁਆ ਰਹੇ ਹਨ, ਸਮਰਥਨ ਇਕੱਠਾ ਕਰ ਰਹੇ ਹਨ, ਉੱਥੇ ਕੈਪਟਨ ਅਮਰਿੰਦਰ ਸਿੰਘ, ਜਿਹਨਾਂ ਨੇ ਹੁਣ ਤਕ ਵੀ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਨਹੀਂ ਕਬੂਲਿਆ, ਇਹ ਸੁਨੇਹਾ ਦੇ ਰਹੇ ਹਨ ਕਿ ਪੰਜਾਬ ਵਿੱਚ ਕਾਂਗਰਸ ਦਾ ਅਸਲ ਨੇਤਾ ‘ਕੈਪਟਨ ਅਮਰਿੰਦਰ ਸਿੰਘ’ ਹੈ।
ਕਾਂਗਰਸ ਦੇ ਇਸ ਕਾਟੋ-ਕਲੇਸ਼ ਅਤੇ ਕਾਂਗਰਸ ਹਾਈ ਕਮਾਨ ਵਲੋਂ ਗਲਤ ਢੰਗ ਨਾਲ ਮਸਲੇ ਨਾਲ ਨਿਪਟਣ ਨੇ ਪੰਜਾਬ ਕਾਂਗਰਸ ਦਾ ਵੱਡਾ ਨੁਕਸਾਨ ਕੀਤਾ ਹੈ। ਕਾਂਗਰਸ ਦੋ ਧੜਿਆਂ ਵਿੱਚ ਵੰਡੀ ਗਈ ਹੈ, ਇਸਦਾ ਲਾਭ ਵਿਰੋਧੀ ਪਾਰਟੀਆਂ ਨੂੰ ਹੋਏਗਾ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਪੰਜਾਬ ਵਿੱਚ ਅਗਲੀਆਂ ਚੋਣਾਂ ਵਿੱਚ ਇਸ ਸਥਿਤੀ ਵਿੱਚ ਕੋਈ ਵੀ ਸਿਆਸੀ ਪਾਰਟੀ ਬਹੁਮਤ ਪ੍ਰਾਪਤ ਨਹੀਂ ਕਰ ਸਕੇਗੀ। ਭਾਜਪਾ ਦਾ ਭਵਿੱਖ ਤਾਂ ਕਿਸਾਨੀ ਕਾਨੂੰਨਾਂ ਕਾਰਨ ਪਹਿਲਾਂ ਹੀ ਦਾਅ ’ਤੇ ਲੱਗਿਆ ਹੋਇਆ ਹੈ। ਬਾਦਲ ਅਕਾਲੀ-ਬਸਪਾ ਗੱਠਜੋੜ ਨੂੰ ਲੋਕਾਂ, ਖ਼ਾਸ ਕਰਕੇ ਪਿੰਡਾਂ ਦੇ ਕਿਸਾਨਾਂ ਤੇ ਪੇਂਡੂਆਂ ਪ੍ਰਵਾਨ ਨਹੀਂ ਕੀਤਾ ਅਤੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲੇ ’ਤੇ ਰੇਤ ਖਨਣ, ਨਸ਼ਿਆਂ ਦੇ ਰਾਜ ਨੂੰ ਭੁੱਲ ਨਹੀਂ ਸਕੇ। ਸ਼੍ਰੋਮਣੀ ਅਕਾਲੀ ਦਲ ਦੀ ਕਿਸਾਨੀ ਕਾਨੂੰਨਾਂ ਵਿੱਚ ਅਪਣਾਈ ਦੋਹਰੀ ਪਹੁੰਚ ਵੀ ਉਹਨਾਂ ਦੇ ਪਿੰਡਾਂ ਵਿੱਚ ਪੈਰ ਨਹੀਂ ਲੱਗਣ ਦੇ ਰਹੀ। ਆਮ ਆਦਮੀ ਪਾਰਟੀ ਦਾ ਕਾਡਰ ਪੰਜਾਬ ਦੇ ਧੁਰ ਅੰਦਰ ਸਥਾਪਤ ਨਹੀਂ ਹੋ ਸਕਿਆ ਅਤੇ ਆਮ ਆਦਮੀ ਪਾਰਟੀ ਦੇ ਦਿੱਲੀ ਨੇਤਾਵਾਂ ਦੀ ਪੰਜਾਬ ਮਸਲਿਆਂ ਪ੍ਰਤੀ ਦੂਹਰੀ ਪਹੁੰਚ ਵੀ “ਆਪ” ਦੀਆਂ ਲੋਕਾਂ ਵਿੱਚ ਜੜ੍ਹਾਂ ਨਹੀਂ ਲੱਗਣ ਦੇ ਰਹੀ। ਖੱਬੀਆਂ ਧਿਰਾਂ ਆਪਣੀ ਸਾਰਥਿਕ ਭੂਮਿਕਾ ਨਿਭਾਉਣ ਵਿੱਚ ਪਿੱਛੇ ਰਹੀਆਂ ਹਨ ਅਤੇ ਲੋਕ ਅਧਾਰ ਨਹੀਂ ਬਣਾ ਰਹੀਆਂ।
ਕਾਂਗਰਸ ਹਾਈ ਕਮਾਨ ਵਲੋਂ ਕਾਂਗਰਸ ਦੀ ਇਸ ਪਾਲਿਸੀ ਤਹਿਤ ਕਿ ਨਵਿਆਂ ਨੂੰ ਸਾਹਮਣੇ ਲਿਆਉਣ ਅਤੇ ਲੋਕਾਂ ਨੂੰ ਨਵੇਂ ਨਵੇਂ ਨਾਅਰੇ ਦੇ ਕੇ ਭੁਚਲਾ ਲਵੋ ਅਤੇ ਕੋਈ ਨੇਤਾ ਆਪਣੇ ਬਰਾਬਰ ਨਾ ਹੋਣ ਦਿਓ, ਨਵਜੋਤ ਸਿੰਘ ਸਿੱਧੂ ਸਾਹਮਣੇ ਲਿਆਂਦਾ ਹੈ। ਪਰ ਉਸਦਾ ਪੈਂਡਾ ਬਿਖੜਾ ਹੈ। ਕੀ ਸਿੱਧੂ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕੇਗਾ? ਕੀ ਉਹਨਾਂ ਨੂੰ ਵੀ ਨਾਲ ਲਏਗਾ, ਜਿਹਨਾਂ ਨੂੰ ਉਹ ਛੱਜ ਵਿੱਚ ਪਾ ਕੇ ਛੱਟਿਆ ਕਰਦਾ ਸੀ? ਬਿਨਾਂ ਸ਼ੱਕ ਉਹ ਚੰਗਾ ਬੁਲਾਰਾ ਹੈ, ਪਰ ਉਸਦਾ ਸਿਆਸੀ ਤਜਰਬਾ ਕੀ ਐਡਾ ਹੈ ਕਿ ਉਹ ‘ਚੰਗੇ-ਮਾੜੇ’ ਵਰਕਰਾਂ, ਨੇਤਾਵਾਂ, ਉੱਪਰਲੇ-ਹੇਠਲੇ ਹਰ ਕਾਂਗਰਸੀ ਨਾਲ ਸਾਂਝ ਪਾਉਣ ਵਿੱਚ ਕਾਮਯਾਬ ਹੋਏਗਾ? ਇਸ ਤੋਂ ਵੀ ਵੱਡੀ ਗੱਲ ਇਹ ਕਿ ਕੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਤਿਰਛੇ ਬਾਣ ਝੱਲ ਸਕੇਗਾ, ਜਿਹੜੇ ਨੇੜ-ਭਵਿੱਖ ਵਿੱਚ ਉਹ ਆਪਣੀ ਹੋਂਦ ਨੂੰ ਬਚਾਉਣ ਲਈ ਛੱਡਣਗੇ? ਚਣੌਤੀਆਂ ਨਵਜੋਤ ਸਿੰਘ ਸਿੱਧੂ ਅੱਗੇ ਵੱਡੀਆਂ ਹਨ ਅਤੇ ਸਭ ਤੋਂ ਵੱਡੀ ਚਣੌਤੀ ਅਮਰਿੰਦਰ ਸਿੰਘ ਦਾ ਵਿਸ਼ਵਾਸ ਜਿੱਤਣ ਦੀ ਹੈ। ਕਾਂਗਰਸ ਪ੍ਰਧਾਨ ਬਣਨ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਮੁੱਦੇ ਚੁੱਕੇ ਹਨ ਅਤੇ ਪੰਜਾਬ ਦੇ ਲੋਕਾਂ ਦੇ ਚਹੇਤੇ ਬਣੇ ਹਨ, ਕੀ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਛੱਤੀ ਦਾ ਅੰਕੜਾ ਹੋਣ ਕਾਰਨ ਇਹਨਾਂ ਮੁੱਦਿਆਂ ਨੂੰ ਕੈਪਟਨ ਸਰਕਾਰ ਤੋਂ ਹੱਲ ਕਰਵਾ ਸਕਣਗੇ? ਜੇਕਰ ਬੇਅਦਬੀ ਵਾਲਾ ਮੁੱਦਾ, ਨਸ਼ਿਆਂ ਅਤੇ ਰੇਤ ਮਾਫੀਆ ਵਾਲਾ ਮੁੱਦਾ ਆਉਣ ਵਾਲੇ ਸਮੇਂ ਵਿੱਚ ਜਿਉਂ ਦਾ ਤਿਉਂ ਬਣਿਆ ਰਿਹਾ ਤਾਂ ਸਿੱਧੂ ਦਾ ਰਾਹ ਕਿਹੜਾ ਹੋਏਗਾ? ਅੱਜ ਹੀ ਖਟਕੜ ਕਲਾਂ ਵਿਖੇ ਇਕੱਤਰ ਹੋਏ ਸੈਂਕੜੇ ਲੋਕ ਤੇ ਕਿਸਾਨ ਨਵਜੋਤ ਸਿੰਘ ਸਿੱਧੂ ਤੋਂ 2017 ਵਿੱਚ ਕੀਤੇ ਵਾਅਦਿਆਂ ਦੀ ਪੂਰਤੀ ਲਈ ਸਵਾਲ ਕਰਨ ਲੱਗੇ। ਜਵਾਬ ਨਾ ਮਿਲਣ ਕਾਰਨ ਹੰਗਾਮਾ ਹੋ ਗਿਆ ਅਤੇ ਲੋਕਾਂ ਨੇ ਖਟਕੜ ਕਲਾਂ ਵਿਖੇ ਸੜਕ ਜਾਮ ਕਰ ਦਿੱਤੀ।
ਬਿਨਾਂ ਸ਼ੱਕ ਪੰਜਾਬ ਦੀ ਕਾਂਗਰਸ ਵਿੱਚ ਕਾਟੋ-ਕਲੇਸ਼ ਨਵਾਂ ਨਹੀਂ ਹੈ। ਸਥਾਪਿਤ ਲੀਡਰਸ਼ਿੱਪ ਵਿਰੁੱਧ ਘੁਸਰ-ਮੁਸਰ ਹੋਣਾ ਆਮ ਗੱਲ ਹੈ ਪਰ ਜਿਸ ਢੰਗ ਨਾਲ ਚੋਣਾਂ ਤੋਂ ਪਹਿਲਾਂ ਜੋ ਖਿਲਾਰਾ ਪਾਇਆ ਗਿਆ ਹੈ, ਉਸ ਨਾਲ ਕਾਂਗਰਸ ਨੂੰ ਸਿੱਧਾ ਨੁਕਸਾਨ ਹੋਇਆ ਹੈ। ਭਾਵੇਂ ਕਿ ਕਾਂਗਰਸ ਹਾਈ ਕਮਾਨ ਨੇ ਅਨੁਸੂਚਿਤ ਜਾਤੀ, ਪਛੜੀਆਂ ਸ਼੍ਰੇਣੀਆਂ ਅਤੇ ਹਿੰਦੂਆਂ ਦਾ ਸੰਤੁਲਨ ਬਣਾ ਕੇ ਮਾਝਾ, ਮਾਲਵਾ, ਦੁਆਬਾ ਦੇ ਪ੍ਰਤੀਨਿਧੀਆਂ ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ, ਪਵਨ ਕੁਮਾਰ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਨੂੰ ਪ੍ਰਤੀਨਿਧਤਾ ਦਿੱਤੀ ਹੈ, ਅਤੇ ਇਹ ਚਾਰੋਂ ਰਾਹੁਲ ਗਾਂਧੀ ਟੀਮ ਦੇ ਮੈਂਬਰ ਹਨ। ਪਰ ਇਸ ਨਾਲ ਟਕਸਾਲੀ ਕਾਂਗਰਸੀਆਂ ਵਿੱਚ ਇਹ ਪ੍ਰਭਾਵ ਗਿਆ ਹੈ ਕਿ ਕਾਂਗਰਸ ਪਾਰਟੀ ਦੇ ਅਹੁਦੇ ਲੈਣ ਲਈ ਟਕਸਾਲੀ ਕਾਂਗਰਸੀ ਹੋਣਾ ਜ਼ਰੂਰੀ ਨਹੀਂ। ਇਸ ਨਾਲ ਦੇਰ ਸਵੇਰ ਕਾਂਗਰਸ ਵਿੱਚੋਂ ਇਹਨਾਂ ਲੋਕਾਂ ਦੇ ਦੂਰ ਜਾਣ ’ਤੇ ਹੋਰ ਪਾਰਟੀਆਂ ਵਿੱਚ ਸ਼ਾਮਲ ਹੋਣ ਦਾ ਕਾਰਨ ਬਣੇਗਾ। ਸਿੱਧੂ ਦੇ ਪ੍ਰਧਾਨ ਬਣਨ ਨਾਲ ਪੁਰਾਣੇ ਕਾਂਗਰਸੀਆਂ ਪਰਿਵਾਰਾਂ ਵਿੱਚ ਬਗਾਵਤ ਦੀ ਅੱਗ ਧੁੱਖਣ ਲੱਗ ਪਈ ਹੈ।
ਮੌਜੂਦਾ ਹਾਲਤਾਂ ਵਿੱਚ ਕਾਂਗਰਸ ਦੀ ਹਾਲਤ ਹਾਸੋਹੀਣੀ ਬਣ ਚੁੱਕੀ ਹੈ। ਕਾਂਗਰਸ ਹਾਈ ਕਮਾਨ, ਜਿਸਨੇ ਸਿਆਸੀ ਧੁਰੰਤਰਾਂ ਨੂੰ ਲੜਾ ਕੇ ਆਪਣਾ ਉੱਲੂ ਸਿੱਧਾ ਕਰਨ ਦਾ ਯਤਨ ਕੀਤਾ ਹੈ, ਸ਼ਾਇਦ ਉਸ ਨੂੰ ਇਸ ਗੱਲ ਦਾ ਇਹਸਾਸ ਥੋੜ੍ਹੇ ਸਮੇਂ ਬਾਅਦ ਹੋ ਜਾਏ ਤੇ ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈ ਜਾਣ। ਗੁੱਟਬਾਜ਼ੀ ਕਾਰਨ ਕਾਂਗਰਸ ਮੱਧ ਪ੍ਰਦੇਸ਼ ਵਿੱਚ ਆਪਣੀ ਗੱਦੀ ਗੁਆ ਚੁੱਕੀ ਹੈ। ਰਾਜਸਥਾਨ ਵਿੱਚ ਗੁੱਟਬੰਦੀ ਦੀ ਸਮੱਸਿਆ ਨੂੰ ਸੁਲਝਾ ਨਹੀਂ ਸਕੀ। ਛੱਤੀਸਗੜ੍ਹ ਵਿੱਚ ਵੀ ਹਾਲਤ ਇਹੋ ਹੈ।
ਇਹ ਵੱਡਾ ਸੱਚ ਹੈ ਕਿ ਕਾਂਗਰਸ ਦੇ ਇਸ ਕਾਟੋ-ਕਲੇਸ਼ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਨ ਨਹੀਂ ਕਰਨਾ ਅਤੇ ਅਗਲੇ ਛੇ ਜਾਂ ਅੱਠ ਮਹੀਨੇ ਉਸਨੇ ਹਾਈ ਕਮਾਨ ਦੀ ਪ੍ਰਵਾਹ ਨਾ ਕਰਕੇ ਪੰਜਾਬ ਵਜ਼ਾਰਤ ਚਲਾਉਣੀ ਹੈ, ਕਿਉਂਕਿ ਕਾਂਗਰਸ ਹਾਈ ਕਮਾਨ ਕਦੇ ਇਹ ਗਵਾਰਾ ਨਹੀਂ ਕਰੇਗੀ ਕਿ ਸਿੱਧੂ ਨਾਲ ਖੜ੍ਹੇ ਦੋ ਦਰਜਨ ਵਿਧਾਇਕਾਂ ਦੀ ਹਿਮਾਇਤ ਕੈਪਟਨ ਵਜ਼ਾਰਤ ਤੋਂ ਵਾਪਸ ਲੈ ਕੇ ਪੰਜਾਬ ਵਿੱਚ ਕਾਂਗਰਸ ਹਕੂਮਤ ਦਾ ਖ਼ਾਤਮਾ ਕਰ ਲਏ। ਕੈਪਟਨ ਅਮਰਿੰਦਰ ਸਿੰਘ ਇੱਕ ਸੂਝਵਾਨ, ਤਜ਼ਰਬੇਦਾਰ ਸਿਆਸਦਾਨ ਦੇ ਤੌਰ ’ਤੇ ਵਿਰੋਧੀ ਗਰੁੱਪ ਨੂੰ ਨੁਕਰੇ ਲਾਉਣ ਲਈ ਹਰ ਢੰਗ ਵਰਤੇਗਾ। ਇਹ ਵੱਖਰੀ ਗੱਲ ਹੈ ਕਿ ਇਸ ਸਭ ਕੁਝ ਦੇ ਨਾਲ ਉਹ ਅੱਗੋਂ ਸਰਕਾਰ ਬਣਾ ਸਕੇ ਜਾਂ ਨਾ। ਉਹ ਵਿਧਾਇਕਾਂ ਨੂੰ ਲਾਲਚ ਦੇ ਕੇ, ਸਹੂਲਤਾਂ ਦੇ ਕੇ (ਜਿਵੇਂ ਕਿ ਅੱਜ ਹੀ 21 ਚਹੇਤੇ ਵਿਧਾਇਕਾਂ ਨੂੰ ਨਵੀਆਂ ਕਾਰਾਂ ਅਲਾਟ ਕੀਤੀਆਂ ਗਈਆਂ ਹਨ।) ਉਹ ਆਪਣੇ ਨਾਲ ਕਰੇਗਾ ਅਤੇ ਵੱਡੀ ਗਿਣਤੀ ਵਿੱਚ ਆਪਣੇ ਸਮਰਥਕਾਂ ਨੂੰ ਟਿਕਟਾਂ ਦੁਆ ਕੇ ਜਿਤਾਉਣ ਲਈ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰੇਗਾ ਅਤੇ ਆਪਣੇ ਵਿਰੋਧੀ ਧੜੇ ਦੇ ਲੋਕਾਂ ਨੂੰ ਹਰਾਉਣ ਵਿੱਚ ਭੂਮਿਕਾ ਨਿਭਾਉਣ ਤੋਂ ਗੁਰੇਜ਼ ਵੀ ਨਹੀਂ ਕਰੇਗਾ।
ਇਹ ਅਫ਼ਵਾਹਾਂ ਵੀ ਹਨ ਕਿ ਕੈਪਟਨ ਆਪਣੀ ਵੱਖਰੀ ਪਾਰਟੀ ਬਣਾ ਲੈਣਗੇ। ਕਿਸਾਨਾਂ ਤੋਂ ਮਦਦ ਲੈ ਕੇ ਚੋਣ ਲੜਣਗੇ ਜਾਂ ਕਿਸਾਨਾਂ ਦੇ ਮਸਲੇ ਕੇਂਦਰ ਤੋਂ ਹੱਲ ਕਰਵਾ ਕੇ ਉਹ ਭਾਜਪਾ ਵਲੋਂ ਸਿੱਖ ਚਿਹਰਾ ਬਣਕੇ ਮੁੱਖ ਮੰਤਰੀ ਬਣ ਜਾਣਗੇ। ਇਹ ਕਿਆਸ ਅਰਾਈਆਂ ਸਮੇਂ ਤੋਂ ਪਹਿਲਾਂ ਦੀਆਂ ਹਨ। ਇਸ ਵੇਲੇ ਤਾਂ ਕਾਂਗਰਸ ਪਾਰਟੀ ਨੂੰ ਜਿਹੜਾ ਨੁਕਸਾਨ ਅਨਾੜੀ ਕਾਂਗਰਸ ਹਾਈ ਕਮਾਨ ਕਾਰਨ ਝੱਲਣਾ ਪਿਆ ਹੈ, ਉਸ ਨੂੰ ਠੀਕ ਕਰਨਾ, ਲੀਹੇ ਲਿਆਉਣਾ ਸ਼ਾਇਦ ਅਮਰਿੰਦਰ ਸਿੰਘ ਦਾ ਅਜੰਡਾ ਹੋਏਗਾ।
ਕਾਂਗਰਸ ਦੀ ਇਸ ਅੰਦਰੂਨੀ ਲੜਾਈ ਨੇ ਪੰਜਾਬੀਆਂ ਨੂੰ ਪ੍ਰੇਸ਼ਾਨ ਕੀਤਾ ਹੈ। ਪੰਜਾਬੀਆਂ ਦੀ ਇਹ ਪ੍ਰੇਸ਼ਾਨੀ ਉਂਜ ਲੰਮੇ ਸਮੇਂ ਤੋਂ ਇਸ ਕਰਕੇ ਵੀ ਹੈ ਕਿ ਪੰਜਾਬੀ, ਸਿਆਸੀ ਲੋਕਾਂ ਤੋਂ ਮੂੰਹ ਵੱਟ ਰਹੇ ਹਨ, ਕਿਉਂਕਿ ਸਿਆਸੀ ਲੋਕ ਸਵਾਰਥੀ ਹੋ ਗਏ ਹਨ ਤੇ ਉਹਨਾਂ ਦੀ ਬਾਂਹ ਨਹੀਂ ਫੜ ਰਹੇ। ਉਹਨਾਂ ਦੀ ਪੀੜ ਨਹੀਂ ਸਮਝਦੇ। ਉਹਨਾਂ ਨੂੰ ਰਿਆਇਤਾਂ ਦੇ ਕੇ ਜਾਂ ਧਰਮ, ਜਾਤ ਦੇ ਨਾਮ ’ਤੇ ਵੰਡ, ਤਕਸੀਮ ਦੀ ਸਿਆਸਤ ਕਰਕੇ ਗੁਮਰਾਹ ਕਰ ਰਹੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2917)
(ਸਰੋਕਾਰ ਨਾਲ ਸੰਪਰਕ ਲਈ: