GurmitPalahi7ਸੰਭਾਵਨਾ ਇਸ ਗੱਲ ਦੀ ਵੀ ਹੋ ਸਕਦੀ ਹੈ ਕਿ ਕਾਂਗਰਸ ਦੇ ਨਾਰਾਜ਼ ਧੜੇ ਦੇ ਕੁਝ ਨੇਤਾ ਮਜਬੂਰਨ ...
(12 ਜੂਨ 2021)

 

ਇਹ ਗੱਲ ਤਾਂ ਸ਼ੀਸ਼ੇ ਵਾਂਗ ਸਾਫ਼ ਹੈ ਕਿ ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ਨੇ ਪੰਜਾਬ ਵਿੱਚ ਕਾਂਗਰਸ ਦੀ ਸਥਿਤੀ ਡਾਵਾਂਡੋਲ ਕੀਤੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਤਾਕਤ ਨੂੰ ਖੋਰਾ ਲੱਗਾ ਹੈਪਰ ਇਹ ਗੱਲ ਵੀ ਸਾਫ਼ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਬਰਾਬਰ ਦਾ ਕੋਈ ਵੀ ਪੰਜਾਬ ਦਾ ਕਾਂਗਰਸੀ ਨੇਤਾ ਆਪਣਾ ਕੱਦ-ਬੁੱਤ ਉੱਚਾ ਨਹੀਂ ਕਰ ਸਕਿਆ ਅਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਚੈਲਿੰਜ ਕਰ ਸਕਿਆ ਹੈ

ਕਾਂਗਰਸ ਹਾਈ ਕਮਾਂਡ ਨੇ ਪੰਜਾਬ ਵਿੱਚ ਅਮਰਿੰਦਰ ਸਿੰਘ ਵਿਰੋਧੀ ਕੈਂਪ ਦੇ ਨੇਤਾਵਾਂ ਦੀ ਗੱਲ ਸੁਣੀ ਹੈ, ਇਹ ਨੇਤਾ ਕੈਪਟਨ ਦੀ ਕਾਰਗੁਜ਼ਾਰੀ ਉੱਤੇ ਸਵਾਲ ਉਠਾਉਂਦੇ ਕਹਿੰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਸਿਆਸੀ ਲੋਕਾਂ ਹੱਥ ਨਹੀਂ, ਸਗੋਂ ਅਫਸਰਸ਼ਾਹੀ ਹੱਥ ਹੈ ਅਤੇ ਕਾਂਗਰਸੀਆਂ ਦੀ ਇਸ ਰਾਜ ਵਿੱਚ ਸੁਣਵਾਈ ਨਹੀਂਵਿਰੋਧ ਕਰਨ ਵਾਲਿਆਂ ਵਿੱਚੋਂ ਇੱਕ ਚਿਹਰਾ ਨਵਜੋਤ ਸਿੰਘ ਸਿੱਧੂ ਦਾ ਹੈ, ਜਿਹੜਾ ਇਹ ਦਾਅਵਾ ਕਰਦਾ ਹੈ ਕਿ ਮੈਂਨੂੰ ਅਹੁਦੇ ਦੀ ਕੋਈ ਲਾਲਸਾ ਨਹੀਂ ਹੈ, ਮੇਰੀ ਲੜਾਈ ਤਾਂ ਪੰਜਾਬ ਦੇ ਮੁੱਦਿਆਂ ਦੀ ਹੈ

ਕੁਝ ਸਿਆਸੀ ਮਾਹਿਰਾਂ ਦਾ ਵਿਚਾਰ ਹੈ ਕਿ ਕਾਂਗਰਸ ਵਿੱਚ ਅਸਲ ਲੜਾਈ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਹੈ, ਜਿਹਨਾਂ ਦੀ ਕਾਂਗਰਸ ਹਾਈ ਕਮਾਂਡ ਤਕ ਆਪੋ-ਆਪਣੀ ਵੱਡੀ ਪਹੁੰਚ ਹੈਨਵਜੋਤ ਸਿੰਘ ਸਿੱਧੂ ਜਦੋਂ ਤੋਂ ਕਾਂਗਰਸ ਵਿੱਚ ਆਏ ਹਨ, ਉਦੋਂ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਪੈਰ ਨਹੀਂ ਲੱਗਣ ਦਿੱਤੇਕੈਪਟਨ ਵਜ਼ਾਰਤ ਵਿੱਚ ਉਹ ਵਜ਼ੀਰ ਬਣੇ, ਪਰ ਬਹੁਤਾ ਸਮਾਂ ਵਜ਼ੀਰੀ ਨਾ ਨਿਭਾਅ ਸਕੇਰੁੱਸ ਕੇ ਘਰ ਬੈਠ ਗਏਕਾਂਗਰਸ ਹਾਈ ਕਮਾਂਡ ਦੇ ਦਖ਼ਲ ਨਾਲ ਉਹ ਚੋਣ ਪ੍ਰਚਾਰ ਵਿੱਚ ਰੁੱਝਦੇ ਰਹੇ, ਪਰ ਕੈਪਟਨ ਅਤੇ ਸਿੱਧੂ ਬਾਵਜੂਦ ਹਾਈ ਕਮਾਂਡ ਦੇ ਦਖ਼ਲ ਦੇ ਕਦੇ ਵੀ ਇੱਕ-ਦੂਜੇ ਦੇ ਨਾ ਹੋ ਸਕੇਜਦੋਂ ਵੀ ਸਿੱਧੂ ਦਾ ਦਾਅ ਲੱਗਦਾ ਰਿਹਾ, ਉਹ ਕੈਪਟਨ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਲਈ ਮੌਕਾ ਲੱਭਦਾ ਰਿਹਾ

ਪਰ ਮੌਜੂਦਾ ਲੜਾਈ ਸਿੱਧੂ ਅਤੇ ਅਮਰਿੰਦਰ ਸਿੰਘ ਦਰਮਿਆਨ ਨਹੀਂ ਹੈ, ਸਗੋਂ ਕਈ ਕਾਰਨਾਂ ਕਾਰਨ ਅਮਰਿੰਦਰ ਸਿੰਘ ਤੋਂ ਗੁੱਸੇ ਹੋਏ ਕਾਂਗਰਸੀ ਨੇਤਾਵਾਂ ਦੀ ਹੈ, ਜਿਹਨਾਂ ਵਿੱਚ ਸ਼ਮਸ਼ੇਰ ਸਿੰਘ ਦੂਲੋ, ਪ੍ਰਤਾਪ ਸਿੰਘ ਬਾਜਵਾ ਐੱਮ.ਪੀ., ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ, ਸੁਖਜਿੰਦਰ ਸਿੰਘ ਕੈਬਨਿਟ ਮੰਤਰੀ ਅਤੇ ਕੁਝ ਕੁ ਹੋਰ ਸ਼ਾਮਲ ਹਨਇਹ ਸਾਰੇ ਕੈਪਟਨ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕਦੇ ਹਨ, ਪਰ ਉਸ ਨੂੰ ਬਦਲਣ ਦੀ ਗੱਲ ਨਹੀਂ ਕਰਦੇਇਸਦਾ ਅਰਥ ਕੀ ਇਹ ਲਿਆ ਜਾਵੇ ਕਿ ਉਹ ਆਪਣੇ ਗਿਲੇ-ਸ਼ਿਕਵੇ ਦੂਰ ਕਰਕੇ, ਜਾਂ ਕੈਬਨਿਟ ਵਿੱਚ ਚੰਗਾ ਮਹਿਕਮਾ ਲੈ ਕੇ, ਜਾਂ ਕੈਪਟਨ ਤਕ ਆਪਣੀ ਪਹੁੰਚ ਬਣਾ ਕੇ ਸੰਤੁਸ਼ਟ ਹੋ ਜਾਣਗੇ?

ਪਰਗਟ ਸਿੰਘ ਵਿਧਾਇਕ ਨੂੰ ਕੈਪਟਨ ਦੇ ਓ.ਐੱਸ.ਡੀ. ਦੀ ਧਮਕੀ, ਕਿਸੇ ਸਮੇਂ ਕੈਪਟਨ ਦੇ ਖਾਸਮ-ਖਾਸ ਰਹੇ ਸੁਖਜਿੰਦਰ ਸਿੰਘ ਖਿਲਾਫ਼ ਵਿਜੀਲੈਂਸ ਛਾਪਿਆਂ ਦਾ ਡਰਾਵਾ, ਚਰਨਜੀਤ ਸਿੰਘ ਚੰਨੀ ਦੇ ਪੁਰਾਣੇ ਕੇਸ ਖੋਲ੍ਹ ਕੇ ਉਸ ਨੂੰ ਦਬਾਅ ਵਿੱਚ ਰੱਖ, ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਕੁਝ ਵੀ ਨਾ ਬੋਲਣ ਦੀ ਨਸੀਹਤ ਕਾਰਨ ਵਿਰੋਧੀ ਕਾਂਗਰਸੀ ਭੜਕੇਕੁਝ ਇਕੱਠੇ ਹੋਏਕੁਝ ਮੰਤਰੀਆਂ ਨੇ ਮੀਟਿੰਗਾਂ ਕੀਤੀਆਂਦਲਿਤ ਮੰਤਰੀਆਂ ਅਤੇ ਵਿਧਾਇਕਾਂ ਨੇ ਮੀਟਿੰਗਾਂ ਕੀਤੀਆਂ ਅਤੇ ਫਿਰ ਹਾਈ ਕਮਾਂਡ ਤਕ ਪਹੁੰਚ ਕੇ ਕਾਂਗਰਸ ਵਿੱਚ ਹਫੜਾ-ਦਫੜੀ ਪੈਦਾ ਕੀਤੀ ਹਾਈ ਕਮਾਂਡ ਨੂੰ ਇਸ ਸਭ ਕੁਝ ਦਾ ਨੋਟਿਸ ਲੈਣਾ ਪਿਆਤਿੰਨ ਮੈਂਬਰੀ ਕਮੇਟੀ ਬਣੀ, ਜਿਸਦੇ ਸਾਹਮਣੇ ਵਿਰੋਧੀ ਅਤੇ ਕੈਪਟਨ ਪੱਖੀ ਵਿਧਾਇਕ, ਐੱਮ.ਪੀ ਪੇਸ਼ ਹੋਏ, ਆਪੋ-ਆਪਣੀ ਗੱਲ ਰੱਖੀਪਰ ਕੈਪਟਨ ਵਿਰੋਧੀ ਨੇਤਾਵਾਂ, ਵਿਧਾਇਕਾਂ ਦੀ ਗਿਣਤੀ ਡੇਢ ਦਰਜਨ ਤੋਂ ਵੱਧ ਦੀ ਨਹੀਂ ਹੋ ਸਕੀ

ਇਸ ਸਭ ਕੁਝ ਦੇ ਵਿਚਕਾਰ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਤਾਕਤ ਹੋਰ ਮਜ਼ਬੂਤ ਕੀਤੀ ਜਦੋਂ ਪੁਰਾਣੇ ਕਾਂਗਰਸੀ ਨੇਤਾ ਤੇ ਆਮ ਆਦਮੀ ਪਾਰਟੀ ਵਿਧਾਇਕ (ਕਿਸੇ ਸਮੇਂ ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਮੁੱਖੀ) ਸੁਖਪਾਲ ਸਿੰਘ ਖਹਿਰਾ ਅਤੇ ਦੋ ਹੋਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਆਪਣੇ ਖੇਮੇ ਵਿੱਚ ਲੈ ਆਏ‘ਅਮਨ ਕਮੇਟੀ’ ਸਾਹਮਣੇ ਜਾਣ ਤੋਂ ਪਹਿਲਾਂ ਉਹਨਾਂ ਆਪਣੀ ਸਥਿਤੀ ਮਜ਼ਬੂਤ ਕੀਤੀਪਰ ਬਾਵਜੂਦ ਇਸ ਸਭ ਕੁਝ ਦੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਵਿੱਚ ਇਸ ਸਮੇਂ ਉਹ ਸਿਆਸੀ ਤਾਕਤ ਨਹੀਂ ਰਹੀ, ਜੋ 2017 ਦੀਆਂ ਚੋਣਾਂ ਤੋਂ ਪਹਿਲਾਂ ਸੀ

ਕੈਪਟਨ ਅਮਰਿੰਦਰ ਸਿੰਘ ਵਿਰੁੱਧ ਮਾਫੀਆ ਰਾਜ, ਦਲਿਤਾਂ ਨੂੰ ਨਜ਼ਰਅੰਦਾਜ਼ ਕਰਨਾ, ਬੇਅਦਬੀ-ਗੋਲੀਕਾਂਡ, ਰਿਸ਼ਵਤਖ਼ੋਰੀ ਵਰਗੇ ਮੁੱਦਿਆਂ ਸਬੰਧੀ ਦੋਸ਼ ਲੱਗਦੇ ਹਨਇਹ ਵੀ ਦੋਸ਼ ਲੱਗਦਾ ਹੈ ਕਿ ਉਹ ਪਬਲਿਕ ਵਿੱਚ ਘੱਟ ਜਾਂਦੇ ਹਨਆਮ ਆਦਮੀ ਪਾਰਟੀ, ਖੱਬੀਆਂ ਧਿਰਾਂ, ਸ਼੍ਰੋਮਣੀ ਅਕਾਲੀ ਦਲ (ਬ), ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇਸ ਸਬੰਧੀ ਵੱਡੇ ਸਵਾਲ ਵੀ ਖੜ੍ਹੇ ਕਰਦੇ ਹਨਪਰ ਇਹ ਪਾਰਟੀਆਂ ਨਾ ਕਦੇ ਸੰਯੁਕਤ ਰੂਪ ਵਿੱਚ ਅਤੇ ਨਾ ਹੀ ਵੱਖੋ-ਵੱਖਰੇ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਚੈਲੰਜ ਪੇਸ਼ ਕਰ ਸਕੀਆਂ ਹਨ

ਕੈਪਟਨ ਅਮਰਿੰਦਰ ਸਿੰਘ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਆਰੰਭੀ ਹੋਈ ਹੈਉਹ ਵਿਧਵਾਵਾਂ ਦੀ ਪੈਨਸ਼ਨਾਂ ਵਧਾ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਉਹ ਮੁਲਾਜ਼ਮਾਂ ਨੂੰ ਸੰਤੁਸ਼ਟ ਕਰਨ ਲਈ ਛੇਵੇਂ ਵਿੱਤ ਕਮਿਸ਼ਨ ਦੀ ਰਿਪੋਰਟ ਵੀ ਲਾਗੂ ਕਰ ਦੇਣਗੇ, ਕਿਉਂਕਿ ਵੋਟਾਂ ਸਿਰ ਉੱਤੇ ਹਨ ਉਹਨਾਂ ਦਾ ਯਤਨ ਹਰ ਵਰਗ ਦੇ ਲੋਕਾਂ ਨੂੰ ਸੰਤੁਸ਼ਟ ਕਰਨ ਲਈ ਕਦਮ ਉਠਾਉਣਾ ਹੋਏਗਾਪੰਜਾਬ ਦੇ ਬਜਟ ਵਿੱਚ ਵੀ ਉਸ ਵਲੋਂ ਵਿਕਾਸ ਅਤੇ ਲੋਕ-ਭਲਾਈ ਸਕੀਮਾਂ ਲਈ ਫੰਡ ਰੱਖੇ ਹੋਏ ਹਨ, ਭਾਵੇਂ ਕਿ ਖ਼ਜ਼ਾਨਾ ਖਾਲੀ ਹੋਣ ਦੀ ਲਗਾਤਾਰ ਪੰਜਾਬ ਦੇ ਵਿੱਤ ਮੰਤਰੀ ਗੱਲ ਕਰਦੇ ਹਨ ਅਤੇ ਕੇਂਦਰ ਸਰਕਾਰ ਵਲੋਂ ਜੀ.ਐੱਸ.ਟੀ. ਦਾ ਹਿੱਸਾ ਅਤੇ ਪੇਂਡੂ ਵਿਕਾਸ ਫੰਡ ਪੰਜਾਬ ਨੂੰ ਦੇਣ ਲਈ ਆਨਾਕਾਨੀ ਕੀਤੀ ਜਾ ਰਹੀ ਹੈਪਰ ਇਸ ਸਭ ਕੁਝ ਦੇ ਬਾਵਜੂਦ ਕੈਪਟਨ ਸਰਕਾਰ ਕੋਵਿਡ-19 ਦੀ ਦੂਜੀ ਲਹਿਰ ਉੱਤੇ ਕਾਬੂ ਪਾਉਣ ਅਤੇ ਹੋਰ ਸਮੱਸਿਆਵਾਂ, ਮੁੱਦਿਆਂ ਦੇ ਹੱਲ ਲਈ ਤੇਜ਼ੀ ਫੜਦੀ ਦਿਸਦੀ ਹੈ

ਕਾਂਗਰਸ ਵਿੱਚ ਰਾਜ ਪੱਧਰ ’ਤੇ ਘਮਸਾਨ ਦੀ ਗੱਲ ਨਵੀਂ ਨਹੀਂ ਹੈਵੱਖੋ-ਵੱਖਰੇ ਸੂਬਿਆਂ ਵਿੱਚ ਕਾਂਗਰਸ ਵਿੱਚ ਲੜਾਈ ਚੱਲਦੀ ਹੀ ਰਹਿੰਦੀ ਹੈਰਾਜਸਥਾਨ ਸਮੇਤ ਮੱਧ ਪ੍ਰਦੇਸ਼ ਤੋਂ ਲੈ ਕੇ ਹਰਿਆਣਾ, ਅਸਾਮ ਤਕ ਨੇਤਾ-ਲੋਕ ਇੱਕ-ਦੂਜੇ ਵਿਰੁੱਧ ਭੜਾਸ ਕੱਢਦੇ ਰਹੇ ਹਨ ਜਾਂ ਕੱਢ ਰਹੇ ਹਨਮੱਧ ਪ੍ਰਦੇਸ਼ ਵਿੱਚ ਰਾਹੁਲ ਗਾਂਧੀ ਦੇ ਕਰੀਬੀ ਜੋਤੀਰਾਦਿੱਤਿਆ ਸਿੰਧੀਆ ਨੂੰ ਇਸ ਕਾਟੋ-ਕਲੇਸ਼ ਵਿੱਚ ਪਾਰਟੀ ਛੱਡਣੀ ਪਈਰਾਜਸਥਾਨ ਵਿੱਚ ਵੀ ਰੌਲਾ-ਗੌਲਾ ਸੁਣਨ ਨੂੰ ਮਿਲਦਾ ਹੀ ਰਹਿੰਦਾ ਹੈਪੰਜਾਬ ਵਿੱਚ ਵੀ ਇਸੇ ਕਿਸਮ ਦਾ ਰੌਲਾ-ਗੌਲਾ ਹੈਕਿਉਂਕਿ ਪੰਜਾਬ ਵਿੱਚ ਅਮਰਿੰਦਰ ਸਿੰਘ ਦੇ ਕੱਦ ਬੁੱਤ ਵਾਲਾ ਹੋਰ ਕੋਈ ਨੇਤਾ ਨਹੀਂ ਹੈ, ਇਸ ਕਰਕੇ ਕਾਂਗਰਸ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਅਖਿਲ ਭਾਰਤੀ ਕਾਂਗਰਸ ਕਮੇਟੀ ਵਿੱਚ ਜਗ੍ਹਾ ਤਾਂ ਦੇ ਸਕਦੀ ਹੈ ਪਰ ਪੰਜਾਬ ਵਿੱਚ ਕਾਂਗਰਸ ਪ੍ਰਧਾਨਗੀ ਜਾਂ ਉਪ ਮੁੱਖ ਮੰਤਰੀ ਦੀ ਕੁਰਸੀ ਉਸ ਨੂੰ ਦਿੱਤੇ ਜਾਣ ਦੀ ਸੰਭਾਵਨਾ ਨਹੀਂ ਬਣ ਰਹੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਕੋਈ ਵੀ ਅਹੁਦਾ ਨਾ ਦਿੱਤੇ ਜਾਣ ਬਾਰੇ ਸਪਸ਼ਟ ਕਰ ਦਿੱਤਾ ਹੈ ਹਾਈ ਕਮਾਂਡ ਨਾਰਾਜ਼ ਕੈਂਪ ਦੇ ਦਬਾਅ ਹੇਠ ਕੈਪਟਨ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੀ ਕਿਉਂਕਿ ਉਸ ਕੋਲ ਪੰਜਾਬ ਕਾਂਗਰਸ ਨੂੰ ਸੰਭਾਲਣ ਵਾਲਾ ਹੋਰ ਕੋਈ ਨੇਤਾ ਇਸ ਸਮੇਂ ਦਿਖਾਈ ਨਹੀਂ ਦੇ ਰਿਹਾ

ਪੰਜਾਬ ਵਿਧਾਨ ਸਭਾ ਵਿੱਚ ਚੋਣਾਂ ਨੂੰ 8 ਮਹੀਨੇ ਰਹਿ ਗਏ ਹਨਮੌਜੂਦਾ ਕਾਂਗਰਸੀ ਕਾਟੋ-ਕਲੇਸ਼ ਤੋਂ ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਕੈਪਟਨ ਕਾਂਗਰਸ ਦਾ ਮਜ਼ਬੂਤ ਨੇਤਾ ਹੈ ਅਤੇ ਉਸੇ ਦੀ ਰਹਿਨੁਮਾਈ ਹੇਠ ਕਾਂਗਰਸ ਅਗਲੀਆਂ ਚੋਣਾਂ ਲੜੇਗੀਸੂਬੇ ਵਿੱਚ ਅਕਾਲੀ-ਭਾਜਪਾ ਗੱਠਜੋੜ ਟੁੱਟਣ ਉਪਰੰਤ ਕਾਂਗਰਸ ਦੀ ਜਿੱਤ ਦੀ ਮਜ਼ਬੂਤ ਦਾਅਵੇਦਾਰੀ ਸੀਕੈਪਟਨ ਅਰਮਿੰਦਰ ਸਿੰਘ ਦੀ ਵਜ਼ਾਰਤ ਅਤੇ ਸੁਨੀਲ ਜਾਖੜ ਦੀ ਅਗਵਾਈ ਵਿੱਚ ਕੰਮ ਕਰਨ ਵਾਲੀ ਕਾਂਗਰਸ ਚੁੱਪ-ਚੁਪੀਤੇ ਬਿਨਾਂ ਕਿਸੇ ਵਿਸ਼ੇਸ਼ ਚੈਲਿੰਜ ਦੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿੱਚ ਜੁਟੀ ਨਜ਼ਰ ਆ ਰਹੀ ਸੀਪਰ ਕਾਂਗਰਸੀ ਕਾਟੋ-ਕਲੇਸ਼ ਨੇ ਸਮੀਕਰਨ ਵਿਗਾੜ ਦਿੱਤੇ ਹਨ ਅਤੇ ਪੰਜਾਬ ਦੀ ਸਿਆਸੀ ਆਬੋ-ਹਵਾ ਵਿੱਚ ਭੁਚਾਲ ਜਿਹਾ ਲੈ ਆਂਦਾ ਹੈਭਾਵੇਂ ਕਿ ਮਲਿਕ ਅਰਜਨ ਖੜਗੇ, ਜੇ ਪੀ ਅਗਰਵਾਲ ਅਤੇ ਹਰੀਸ਼ ਰਾਵਤ ਅਧਾਰਤ ਤਿੰਨ ਮੈਂਬਰੀ ਕਮੇਟੀ ਬਣਾ ਕੇ ਕਾਂਗਰਸ ਹਾਈਕਮਾਂਡ ਪੰਜਾਬ ਦੇ ਕਾਂਗਰਸੀ ਪਾਣੀਆਂ ਨੂੰ ਸ਼ਾਂਤ ਕਰਨ ਦੇ ਰਾਹ ਹੈ, ਪਰ ਵੇਖਣ ਵਿੱਚ ਆ ਰਿਹਾ ਹੈ ਕਿ ਕਮਜ਼ੋਰ ਹੋ ਰਹੀ ਕਾਂਗਰਸ ਹਾਈਕਮਾਂਡ (ਜਿਹੜੀ ਹਾਲੇ ਤਕ ਆਪਣਾ ਪੱਕਾ ਪ੍ਰਧਾਨ ਹੀ ਨਹੀਂ ਚੁਣ ਸਕੀ) ਪੰਜਾਬ ਵਾਂਗ ਰਾਜਸਥਾਨ, ਮੱਧ ਪ੍ਰਦੇਸ਼, ਹਰਿਆਣਾ ਆਦਿ ਪ੍ਰਦੇਸ਼ਾਂ ਵਿੱਚ ਕਾਂਗਰਸੀਆਂ ਦੀ ਆਪਣੀ ਲੜਾਈ ਨੂੰ ਸ਼ਾਂਤ ਨਹੀਂ ਕਰ ਸਕੀਉਂਜ ਵੀ ਦੇਸ਼ ਭਰ ਵਿੱਚ ਕਾਂਗਰਸ ਦਾ ਜੋ ਹਾਲ ਹੋ ਰਿਹਾ ਹੈ, ਉਸ ਅਨੁਸਾਰ ਰਾਸ਼ਟਰੀ ਪੱਧਰ ਦੀ ਪਾਰਟੀ ਕਾਂਗਰਸ ਆਪਣਾ ਅਧਾਰ ਵੱਖੋ-ਵੱਖਰੇ ਰਾਜਾਂ ਵਿੱਚ ਗੁਆ ਰਹੀ ਹੈਮੌਜੂਦਾ ਸਮੇਂ ਵਿੱਚ ਪੱਛਮੀ ਬੰਗਾਲ ਵਿੱਚ ਉਹ ਲਗਭਗ ਸਮੇਟੀ ਹੀ ਗਈ ਹੈਉਸ ਦੇ ਅਧਾਰ ਨੂੰ ਯੂ.ਪੀ., ਅਸਾਮ ਅਤੇ ਕੇਰਲਾ ਵਿੱਚ ਵੱਡਾ ਖੋਰਾ ਲੱਗਿਆ ਹੈਕਾਂਗਰਸ ਤਾਂ ਕੁਝ ਛੋਟੇ ਰਾਜਾਂ ਵਿੱਚ ਹੀ ਦਿਖਾਈ ਦੇ ਰਹੀ ਹੈ ਅਤੇ ਇਸ ਹਾਲਤ ਵਿੱਚ ਉਹ ਪੰਜਾਬ ਕਾਂਗਰਸ ਨੂੰ ਹੱਥੋਂ ਨਹੀਂ ਗੁਆਉਣਾ ਚਾਹੁੰਦੀਹੋ ਸਕਦਾ ਹੈ ਕਿ ਜਿਵੇਂ ਰਾਜਸਥਾਨ ਵਿੱਚ ਹਾਈ ਕਮਾਂਡ ਨੇ ਸ਼ਾਂਤੀ ਕਮੇਟੀ ਬਣਾਈ, ਉਸ ਨੂੰ ਹੁਣ ਤਕ ਲਟਕਦਿਆਂ ਰੱਖਿਆ ਅਤੇ ਕਾਬਜ਼ ਧਿਰ ਨੂੰ ਰਾਜ ਕਰਨ ਦਾ ਮੌਕਾ ਦਿੱਤੀ ਰੱਖਿਆ ਹੋਇਆ ਹੈ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ‘ਸ਼ਾਂਤੀ ਕਮੇਟੀ’ ਇਸੇ ਕਿਸਮ ਦਾ ਵਰਤਾਰਾ ਕਰੇ ਅਤੇ ਹਰੇਕ ਨੂੰ ਖ਼ੁਸ਼ ਰੱਖਣ ਦੀ ਐਕਟਿੰਗ ਪ੍ਰਧਾਨ ਸੋਨੀਆ ਗਾਂਧੀ ਦੀ ਪਾਲਿਸੀ ਤਹਿਤ ਹੁਣ ਵਾਲੀ ਸਥਿਤੀ ਨੂੰ ਲਟਕਾਅ ਵਿੱਚ ਰੱਖੇ ਲਟਕਾਅ ਵਾਲੀ ਇਹੋ ਜਿਹੀ ਸਥਿਤੀ ਬਿਨਾਂ ਸ਼ੱਕ ਕਾਂਗਰਸ ਨੂੰ ਪੰਜਾਬ ਵਿੱਚ ਕਮਜ਼ੋਰ ਕਰੇਗੀਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹ ਕੇ ਕੰਮ ਕੀਤੇ ਜਾਣ ਦੀ ਇਜਾਜ਼ਤ ਵਿੱਚ ਅੜਿੱਕਾ ਪਾਏਗੀ

ਫਿਰ ਵੀ ਇਸ ਵੇਲੇ ਦੇ ਪੰਜਾਬ ਕਾਂਗਰਸ ਦੇ ਘਮਸਾਨ ਨੂੰ ਹੱਲ ਕਰਨ ਲਈ ਕਈ ਫਾਰਮੂਲੇ ਕੱਢਣ ਦੀ ਕਵਾਇਦ ਜਾਰੀ ਹੈ, ਜਿਸ ਵਿੱਚ ਨਵਜੋਤ ਸਿੰਘ ਨੂੰ ਉਪ ਮੁੱਖ ਮੰਤਰੀ ਬਣਾਉਣਾ ਅਤੇ ਕਿਸੇ ਹੋਰ ਦਲਿਤ ਐੱਮ ਐੱਲ ਏ ਜਾਂ ਮੁੱਖ ਮੰਤਰੀ ਨੂੰ ਦੂਜਾ ਉਪ ਮੁੱਖ ਮੰਤਰੀ ਬਣਾਉਣਾ। ਸੁਨੀਲ ਜਾਖੜ ਪ੍ਰਧਾਨ ਦੇ ਨਾਲ ਦੋ ਵਰਕਿੰਗ ਪ੍ਰਧਾਨ ਜਿਹਨਾਂ ਵਿੱਚ ਇੱਕ ਹਿੰਦੂ ਚਿਹਰਾ ਅਤੇ ਇੱਕ ਦਲਿਤ ਚਿਹਰਾ ਸ਼ਾਮਲ ਕਰਨਾ ਹੋ ਸਕਦਾ ਹੈਮੰਤਰੀਆਂ ਨੂੰ ਚੰਗੇ ਮਹਿਕਮੇ ਦੇਣਾ ਵੀ ਇਸ ਵਿੱਚ ਸ਼ਾਮਲ ਹੈਪਰ ਜਿਵੇਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਵੇਂ ਆਪਣੇ ਵਿਰੋਧੀਆਂ ਦੇ ਚੰਗੇ-ਮਾੜੇ ਕੰਮਾਂ ਦੀ ਲਿਸਟ ਤੇ ਰਿਪੋਰਟਾਂ, ਅਤੇ ਆਪਣੀ ਸਰਕਾਰ ਦੇ ਕੀਤੇ ਕੰਮਾਂ ਦੀ ਕਾਰਗੁਜ਼ਾਰੀ ਕਮੇਟੀ ਸਾਹਮਣੇ ਪੇਸ਼ ਕਰਕੇ ਆਏ ਹਨ, ਉਸ ਤੋਂ ਜਾਪਦਾ ਹੈ ਕਿ ਵਿਰੋਧੀ ਨੇਤਾਵਾਂ ਦੀ ਕੋਈ ਗੱਲ ਮੰਨੀ ਨਹੀਂ ਜਾਏਗੀ, ਸਿਰਫ਼ ਉਹਨਾਂ ਨੂੰ ਨੁਕਰੇ ਲਾ ਕੇ ਰੱਖਣ ਦਾ ਵਰਤਾਰਾ ਜਾਰੀ ਰਹੇਗਾ

ਉਂਜ ਕਾਂਗਰਸ ਹਾਈ ਕਮਾਂਡ ਵਲੋਂ ਜਿਸ ਢੰਗ ਨਾਲ ਸੂਬਾ ਕਾਂਗਰਸ ਦੇ ਪੁਨਰਗਠਨ ਨੂੰ ਲਟਕਾਇਆ ਗਿਆ ਹੈ ਅਤੇ ਪਾਰਟੀ ਅੰਦਰ ਆਪਸੀ ਟਰਕਾਅ ਅਤੇ ਵਿਰੋਧ ਨੂੰ ਤਿੱਖੇ ਹੋਣ ਦਿੱਤਾ ਗਿਆ, ਉਸ ਕਾਰਨ ਦੋਵਾਂ ਧੜਿਆਂ ਵਿੱਚ ਪਾਰਟੀ ਹਾਈ ਕਮਾਂਡ ਦੀ ਕਾਰਗੁਜ਼ਾਰੀ ਸਬੰਧੀ ਨਾ-ਖੁਸ਼ੀ ਹੈਸੰਭਾਵਨਾ ਇਸ ਗੱਲ ਦੀ ਵੀ ਹੋ ਸਕਦੀ ਹੈ ਕਿ ਕਾਂਗਰਸ ਦੇ ਨਾਰਾਜ਼ ਧੜੇ ਦੇ ਕੁਝ ਨੇਤਾ ਮਜਬੂਰਨ ਪਾਰਟੀ ਛੱਡ ਦੇਣਇਹ ਵੀ ਸੰਭਵ ਹੈ ਕਿ ਭਾਜਪਾ ਕਾਂਗਰਸ ਨੂੰ ਦੋਫਾੜ ਕਰਨ ਵਿੱਚ ਵੱਡੀ ਭੂਮਿਕਾ ਨਿਭਾਏ ਅਤੇ ਪੱਛਮੀ ਬੰਗਾਲ ਵਾਂਗ ਵੱਖੋ-ਵੱਖਰੀਆਂ ਪਾਰਟੀਆਂ ਦੇ ਨੇਤਾਵਾਂ ਸਮੇਤ ਕਾਂਗਰਸ, ਆਪਣੇ ਖੇਮੇ ਵਿੱਚ ਕਰ ਲਵੇ ਅਤੇ ਵਿਧਾਨ ਸਭਾ ਚੋਣਾਂ ਲੜੇਹਾਲ ਦੀ ਘੜੀ ਤਾਂ ਕਿਸਾਨ ਅੰਦੋਲਨ ਕਾਰਨ ਭਾਜਪਾ ਪ੍ਰਤੀ ਪੰਜਾਬੀਆਂ ਵਿੱਚ ਵੱਡਾ ਗੁੱਸਾ ਹੈਪਰ ਜੇਕਰ ਭਾਜਪਾ ਕਿਸਾਨਾਂ ਨਾਲ ਸਮਝੌਤਾ ਕਰਦੀ ਹੈ ਤਾਂ ਉਸਦੀ ਇਹ ਯੋਜਨਾ ਸਿਰੇ ਚੜ੍ਹ ਸਕਦੀ ਹੈ

ਪੰਜਾਬ ਕਾਂਗਰਸ ਦਾ ਮੌਜੂਦਾ ਸੰਕਟ ਪੰਜਾਬ ਦੇ ਸਿਆਸੀ ਖਲਾਅ ਵਿੱਚ ਹੋਰ ਵਾਧਾ ਕਰ ਰਿਹਾ ਹੈਇਹ ਕਿਸੇ ਵੀ ਤਰ੍ਹਾਂ ਪੰਜਾਬ ਦੇ ਹਿਤ ਵਿੱਚ ਨਹੀਂ ਜਾਪਦਾਬਿਨਾਂ ਸ਼ੱਕ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਕਾਂਗਰਸ ਦੇ ਸਾਹਮਣੇ ਪੇਸ਼ ਆ ਰਹੀਆਂ ਹਨ, ਉਸਦੀ ਸਥਿਤੀ ਪੰਜਾਬ ਵਿੱਚ ਖਰਾਬ ਕਰ ਰਹੀਆਂ ਹਨਪਰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਸ ਭੈੜੀ ਹੋ ਰਹੀ ਕਾਂਗਰਸ ਦੀ ਸਥਿਤੀ ਵਿੱਚ ਪੰਜਾਬ ਦੀ ਕੋਈ ਵੀ ਹੋਰ ਰਾਜਨੀਤਕ ਧਿਰ ਲਾਹਾ ਲੈਣ ਲਈ ਯਤਨਸ਼ੀਲ ਹੋਈ ਨਹੀਂ ਦਿਖ ਰਹੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2839)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author