“ਜਦੋਂ ਪੈਸਾ ਅਤੇ ਤਾਕਤ ਇਕੱਠੇ ਹੁੰਦੇ ਹਨਤਾਂ ਉਹ ਕਾਨੂੰਨ ਦੀਆਂ ਅੱਖਾਂ ਵਿੱਚ ਘੱਟਾ ਪਾਉਣ ...”
(26 ਫਰਵਰੀ 2026)
ਜੈਫਰੀ ਐਪਸਟੀਨ ਦਾ ਮਾਮਲਾ 21ਵੀਂ ਸਦੀ ਦੇ ਸਭ ਤੋਂ ਵੱਡੇ ਅਪਰਾਧਿਕ ਅਤੇ ਸਿਆਸੀ ਸਕੈਂਡਲਾਂ ਵਿੱਚੋਂ ਇੱਕ ਹੈ। ਇਹ ਸਿਰਫ ਇੱਕ ਇਨਸਾਨ ਦੇ ਗੁਨਾਹਾਂ ਦੀ ਕਹਾਣੀ ਨਹੀਂ ਹੈ, ਸਗੋਂ ਇਹ ਦੁਨੀਆ ਦੇ ਸਭ ਤੋਂ ਤਾਕਤਵਰ ਲੋਕਾਂ, ਅਰਬਪਤੀਆਂ ਅਤੇ ਰਾਜਨੇਤਾਵਾਂ ਦੇ ਇੱਕ ਅਜਿਹੇ ਨੈੱਟਵਰਕ ਦਾ ਖੁਲਾਸਾ ਕਰਦਾ ਹੈ ਜਿਹੜੇ ਕਾਨੂੰਨ ਤੋਂ ਉੱਪਰ ਹੋਣ ਦਾ ਭਰਮ ਪਾਲੀ ਬੈਠੇ ਸਨ। ਇਹ ਕੇਸ ਸਿਰਫ ਇਹ ਦੱਸਦਾ ਹੈ ਕਿ ਜਦੋਂ ਦੌਲਤ ਅਤੇ ਤਾਕਤ ਕਾਨੂੰਨ ਦੇ ਸਾਹਮਣੇ ਆਉਂਦੀਆਂ ਹਨ ਤਾਂ ਨਿਆਂ ਪ੍ਰਣਾਲੀ ਕਿਵੇਂ ਦਬਾਅ ਵਿੱਚ ਆ ਜਾਂਦੀ ਹੈ। ਅਮਰੀਕਾ ਤੋਂ ਯੂਰਪ ਤਕ ਫੈਲੀਆਂ ਐਪਸਟੀਨ ਫਾਈਲਾਂ ਨੇ ਸਿਆਸਤਦਾਨਾਂ, ਰਾਜਦੂਤਾਂ, ਅਰਬਪਤੀਆਂ ਅਤੇ ਸ਼ਾਹੀ ਪਰਿਵਾਰਾਂ ਲਈ ਜਾਂਚ ਦਾ ਪਸੀਨਾ ਲਿਆ ਦਿੱਤਾ ਹੈ। ਅਮਰੀਕੀ ਨਿਆਂ ਵਿਭਾਗ ਵੱਲੋਂ ਲਗਭਗ 30 ਲੱਖ ਪੰਨਿਆਂ ਦੇ ਦਸਤਾਵੇਜ਼ ਜਾਰੀ ਕਰਨ ਤੋਂ ਬਾਅਦ ਹੁਣ ਤਕ 10 ਦੇਸ਼ਾਂ ਦੇ 15 ਤੋਂ ਵੱਧ ਉੱਚ ਅਧਿਕਾਰੀਆਂ ਨੂੰ ਆਪਣੇ ਅਹੁਦੇ ਗੁਆਉਣੇ ਪਏ ਹਨ, ਜਦੋਂ ਕਿ ਸੱਤਾ ਦੇ ਸਿਖਰ ’ਤੇ ਬੈਠੇ 80 ਤੋਂ ਵੱਧ ਵੱਡੇ ਨਾਂਵਾਂ ਵਿਰੁੱਧ ਅਧਿਕਾਰਤ ਜਾਂਚ ਚੱਲ ਰਹੀ ਹੈ। ਬ੍ਰਿਟੇਨ ਵਿੱਚ ਐਪਸਟੀਨ ਬਾਰੇ ਖੁਲਾਸੇ ਨੇ ਇੱਕ ਰਾਜਨੀਤਿਕ ਸੰਕਟ ਪੈਦਾ ਕਰ ਦਿੱਤਾ ਹੈ, ਜਿਸ ਵਿੱਚ ਬ੍ਰਿਟਿਸ਼ ਅਤੇ ਨਾਰਵੇਈ ਸ਼ਾਹੀ ਪਰਿਵਾਰ ਜਾਂਚ ਅਧੀਨ ਹਨ।
ਜੈਫਰੀ ਐਪਸਟੀਨ ਇੱਕ ਅਮਰੀਕੀ ਫਾਈਨਾਂਸਰ ਸੀ ਜਿਸਨੇ ਨਿਊਯਾਰਕ ਦੇ ਵਾਲ ਸਟਰੀਟ ’ਤੇ ਆਪਣਾ ਸਿੱਕਾ ਜਮਾਇਆ। ਉਸ ਕੋਲ ਅਥਾਹ ਪੈਸਾ ਸੀ। ਮੌਤ ਵੇਲੇ ਉਸਦੀ ਸੰਪਤੀ 580 ਮਿਲੀਅਨ ਡਾਲਰ ਸੀ। ਐਪਸਟੀਨ ਕੋਈ ਬਹੁਤ ਵੱਡਾ ਬਿਜ਼ਨੈੱਸਮੈਨ ਨਹੀਂ ਸੀ, ਫਿਰ ਵੀ ਉਸ ਕੋਲ ਅਰਬਾਂ ਰੁਪਏ ਸਨ। ਵਿਕਟੋਰੀਆ ਸੀਕਰੇਟ ਦੇ ਮਾਲਕ ਲੈਸ ਵੈਕਸਨਰ ਐਪਸਟੀਨ ਦੇ ਸਭ ਤੋਂ ਵੱਡੇ ਕਲਾਇੰਟ ਸਨ ਅਤੇ ਉਹਨਾਂ ਨੇ ਹੀ ਐਪਸਟੀਨ ਨੂੰ ਅਮੀਰ ਬਣਾਇਆ ਸੀ। ਐਪਸਟੀਨ ਦੇ ਸ਼ੌਕ ਬਹੁਤ ਅਜੀਬ ਅਤੇ ਡਰਾਉਣੇ ਸਨ। ਉਹ ਚਾਹੁੰਦਾ ਸੀ ਕਿ ਡੀ.ਐੱਨ.ਏ ਰਾਹੀਂ ਇੱਕ ਨਵੀਂ ਇਨਸਾਨੀ ਨਸਲ ਪੈਦਾ ਕੀਤੀ ਜਾਵੇ। ਉਸਨੇ ਨਿਊ ਮੈਕਸੀਕੋ ਵਿੱਚ ਇੱਕ ਫਾਰਮ ਬਣਾਇਆ ਸੀ ਜਿੱਥੇ ਉਹ ਕਈ ਔਰਤਾਂ ਨੂੰ ਰੱਖ ਕੇ “ਸੁਪਰ-ਬੱਚੇ” ਪੈਦਾ ਕਰਨ ਦੀ ਯੋਜਨਾ ਬਣਾ ਰਿਹਾ ਸੀ। ਉਸਨੇ ਸਟੀਫਨ ਹਾਕਿੰਗ ਵਰਗੇ ਵੱਡੇ ਵਿਗਿਆਨੀਆਂ ਨੂੰ ਆਪਣੇ ਟਾਪੂ ’ਤੇ ਬੁਲਾਇਆ ਸੀ। ਉਹ ਚਾਹੁੰਦਾ ਸੀ ਕਿ ਵਿਗਿਆਨ ਰਾਹੀਂ ਉਹ ‘ਅਮਰ’ ਹੋ ਜਾਵੇ। ਪਰ ਉਸਦੀ ਸਭ ਤੋਂ ਵੱਡੀ ਤਾਕਤ ਉਸਦੇ ‘ਸੰਪਰਕ’ ਸਨ। ਉਸਨੇ ਵਿਗਿਆਨੀਆਂ, ਫਿਲਮੀ ਸਿਤਾਰਿਆਂ ਅਤੇ ਦੁਨੀਆ ਭਰ ਦੇ ਰਾਸ਼ਟਰਪਤੀਆਂ ਨਾਲ ਗੂੜ੍ਹੀ ਦੋਸਤੀ ਪਾਲੀ ਹੋਈ ਸੀ।
ਐਪਸਟੀਨ ਕੋਲ ਵਰਜਿਨ ਆਈਲੈਂਡਜ਼ ਵਿੱਚ ਇੱਕ ਨਿੱਜੀ ਟਾਪੂ ਸੀ, ਜਿਸ ਨੂੰ “ਪਾਪ ਦਾ ਟਾਪੂ” ਕਿਹਾ ਜਾਣ ਲੱਗਿਆ। ਉਹ ਨਾਬਾਲਗ ਕੁੜੀਆਂ ਨੂੰ ਮਾਡਲਿੰਗ ਜਾਂ ਨੌਕਰੀ ਦਾ ਝਾਂਸਾ ਦੇ ਕੇ ਫਸਾਉਂਦਾ ਸੀ। ਹੁਣ ਤਕ 100 ਤੋਂ ਵੱਧ ਔਰਤਾਂ ਨੇ ਸਾਹਮਣੇ ਆ ਕੇ ਦੱਸਿਆ ਹੈ ਕਿ ਐਪਸਟੀਨ ਅਤੇ ਉਸਦੀ ਸਾਥੀ ਘਿਸਲੇਨ ਮੈਕਸਵੈੱਲ ਨੇ ਕਿਵੇਂ ਉਹਨਾਂ ਦੀ ਜ਼ਿੰਦਗੀ ਬਰਬਾਦ ਕੀਤੀ। ਉਹ ਆਪਣੇ ਤਾਕਤਵਰ ਦੋਸਤਾਂ ਨੂੰ ਇੱਥੇ ਬੁਲਾਉਂਦਾ ਸੀ ਅਤੇ ਉਨ੍ਹਾਂ ਨੂੰ ਇਨ੍ਹਾਂ ਕੁੜੀਆਂ ਰਾਹੀਂ ‘ਸਹੂਲਤਾਂ’ ਪ੍ਰਦਾਨ ਕਰਦਾ ਸੀ। ਐੱਫ.ਬੀ.ਆਈ ਦੇ ਅੰਦਰੂਨੀ ਮੈਮੋਜ਼ ਵਿੱਚ ਲਿਖਿਆ ਹੈ ਕਿ ਐਪਸਟੀਨ ਦੇ ਨਿਊਯਾਰਕ ਮਹਿਲ ਅਤੇ ਟਾਪੂ ’ਤੇ ਲੁਕਵੇਂ ਕੈਮਰੇ ਅਤੇ ਰਿਕਾਰਡਿੰਗ ਡਿਵਾਈਸਾਂ ਮਿਲੀਆਂ ਸਨ। ਇਹ ਇਸ ਗੱਲ ਦਾ ਸਬੂਤ ਹੈ ਕਿ ਉਹ ਤਾਕਤਵਰ ਲੋਕਾਂ ਦੀਆਂ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਦਾ ਸੀ।
ਹਾਲ ਹੀ ਵਿੱਚ ਜਾਰੀ ਹੋਈਆਂ ਫਾਈਲਾਂ ਵਿੱਚੋਂ ਕੁਝ ਅਹਿਮ ਤੱਥ ਸਾਹਮਣੇ ਆਏ ਹਨ। ਹੁਣ ਤਕ ਦਸਤਾਵੇਜ਼ਾਂ ਵਿੱਚ 15 ਦੇਸ਼ਾਂ ਦੇ ਅਮੀਰ ਵਿਅਕਤੀਆਂ, ਸਿਆਸਤਦਾਨਾਂ ਅਤੇ ਅੰਤਰਰਾਸ਼ਟਰੀ ਸ਼ਖਸੀਅਤਾਂ ਦੇ ਨਾਮ ਸ਼ਾਮਲ ਹਨ। ਫਾਈਲਾਂ ਵਿੱਚ 700 ਤੋਂ 1 ਹਜ਼ਾਰ ਪ੍ਰਭਾਵਸ਼ਾਲੀ ਲੋਕਾਂ ਦੇ ਈਮੇਲ, ਫਲਾਈਟ ਲੌਗ ਅਤੇ ਸੰਪਰਕ ਰਿਕਾਰਡ ਹਨ, ਜਿਨ੍ਹਾਂ ਵਿੱਚ 100 ਸਿਆਸਤਦਾਨ ਅਤੇ ਸੀਨੀਅਰ ਡਿਪਲੋਮੈਟ, 200 ਅਰਬਪਤੀ ਅਤੇ ਕਾਰਪੋਰੇਟ ਦਿੱਗਜ਼ ਸ਼ਾਮਲ ਹਨ ਅਤੇ ਇੱਕ ਹਜ਼ਾਰ ਤੋਂ ਵੱਧ ਨਾਬਾਲਗ ਕੁੜੀਆਂ ਅਤੇ ਨੌਜਵਾਨ ਔਰਤਾਂ ਦੇ ਜਿਣਸੀ ਸ਼ੋਸ਼ਣ ਬਾਰੇ ਖੁਲਾਸੇ ਹਨ। ਜਹਾਜ਼ ਜ਼ਿਆਦਾਤਰ ਨਿਊਯਾਰਕ ਤੋਂ ਐਪਸਟੀਨ ਦੇ ਨਿੱਜੀ ਟਾਪੂ (ਲਿਟਲ ਸੇਂਟ ਜੇਮਜ਼) ਵੱਲ ਉਡਾਣ ਭਰਦਾ ਸੀ। ਫਾਈਲਾਂ ਵਿੱਚ ਦਰਜ ਹੈ ਕਿ ਕਈ ਵਾਰ ਜਹਾਜ਼ ਵਿੱਚ ਨਾਬਾਲਗ ਕੁੜੀਆਂ ਵੀ ਮੌਜੂਦ ਹੁੰਦੀਆਂ ਸਨ, ਜਿਨ੍ਹਾਂ ਨੂੰ ‘ਮਸਾਜਿਸਟ’ ਵਜੋਂ ਦਰਜ ਕੀਤਾ ਜਾਂਦਾ ਸੀ। ਫਾਈਲਾਂ ਮੁਤਾਬਿਕ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਨੇ 2002 ਅਤੇ 2003 ਦੇ ਵਿਚਕਾਰ ਘੱਟੋ-ਘੱਟ 26 ਵਾਰ ਇਸ ਜਹਾਜ਼ ਵਿੱਚ ਸਫਰ ਕੀਤਾ। ਦਸਤਾਵੇਜ਼ ਦਿਖਾਉਂਦੇ ਹਨ ਕਿ ਉਹ ਪੈਰਿਸ, ਬੈਂਕਾਕ ਅਤੇ ਅਫਰੀਕਾ ਦੇ ਦੌਰਿਆਂ ’ਤੇ ਐਪਸਟੀਨ ਦੇ ਨਾਲ ਸੀ। ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਐਪਸਟੀਨ ਦੇ ਫਲੌਰਿਡਾ ਕਲੱਬ ਵਿੱਚ ਦੋਸਤ ਰਹੇ। ਫਲਾਈਟ ਲੌਗਜ਼ ਵਿੱਚ 7 ਵਾਰ ਜ਼ਿਕਰ ਹੈ। ਟਰੰਪ ਨੇ ਕਿਹਾ ਕਿ 2004 ਵਿੱਚ ਉਹਨਾਂ ਦੀ ਦੋਸਤੀ ਟੁੱਟ ਗਈ ਸੀ। ਸਾਬਕਾ ਇਜ਼ਰਾਈਲੀ ਪੀਐੱਮ ਏਹੂਦ ਬਾਰਕ ਦਾ ਐਪਸਟੀਨ ਦੇ ਨਿਊਯਾਰਕ ਮਹਿਲ ਵਿੱਚ ਕਈ ਵਾਰ ਜਾਣ ਦਾ ਰਿਕਾਰਡ ਮਿਲਿਆ ਹੈ। ਜਹਾਜ਼ ਦੇ ਮੈਨੀਫੈਸਟ ਵਿੱਚ ਹਾਲੀਵੁੱਡ ਅਦਾਕਾਰ ਕੇਵਿਨ ਸਪੇਸੀ, ਮਾਡਲ ਨਾਓਮੀ ਕੈਂਪਬੈਲ, ਕ੍ਰਿਸ ਟੱਕਰ, ਵੁਡੀ ਐਲਨ ਅਤੇ ਮਸ਼ਹੂਰ ਵਿਗਿਆਨੀ ਸਟੀਫਨ ਹਾਕਿੰਗ, ਲਾਰੈਂਸ ਕਰੌਸ, ਮਾਰਵਿਨ ਮਿੰਸਕੀ ਦੇ ਨਾਮ ਵੀ ਮਿਲੇ ਹਨ। 1996 ਦੀ ਸ਼ਿਕਾਇਤ ਦਾ ਡਾਟਾ ਦੱਸਦਾ ਹੈ ਕਿ ਐੱਫ.ਬੀ.ਆਈ ਨੂੰ ਮਾਰੀਆ ਫਾਰਮਰ ਨਾਮ ਦੀ ਔਰਤ ਨੇ 1996 ਵਿੱਚ ਹੀ ਐਪਸਟੀਨ ਦੇ ਗਲਤ ਕੰਮਾਂ ਬਾਰੇ ਜਾਣਕਾਰੀ ਦੇ ਦਿੱਤੀ ਸੀ। ਪਰ ਏਜੰਸੀ ਨੇ ਅਗਲੇ 10 ਸਾਲਾਂ ਤਕ ਕੋਈ ਠੋਸ ਕਾਰਵਾਈ ਨਹੀਂ ਕੀਤੀ। 2026 ਦੀਆਂ ਨਵੀਂਆਂ ਫਾਈਲਾਂ ਅਨੁਸਾਰ ਐੱਫ.ਬੀ.ਆਈ ਨੂੰ 2006 ਵਿੱਚ ਹੀ ਐਪਸਟੀਨ ਦੇ ਨੈੱਟਵਰਕ ਬਾਰੇ ਪੂਰੀ ਜਾਣਕਾਰੀ ਸੀ, ਪਰ ਸਿਆਸੀ ਦਬਾਅ ਕਾਰਨ ਕਾਰਵਾਈ ਢਿੱਲੀ ਰਹੀ।
ਵਰਜੀਨੀਆ ਜਿਊਫਰੇ ਨੇ ਇਲਜ਼ਾਮ ਲਾਇਆ ਕਿ ਜਦੋਂ ਉਹ ਨਾਬਾਲਗ ਸੀ ਬ੍ਰਿਟਿਸ਼ ਰਾਇਲ ਫੈਮਿਲੀ ਦੇ ਪ੍ਰਿੰਸ ਐਂਡਰਿਊ ਨੇ ਉਸਦਾ ਸ਼ੋਸ਼ਣ ਕੀਤਾ। ਇਸ ਰਿਪੋਰਟ ਦੇ ਅਧਾਰ ’ਤੇ ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਪ੍ਰਿੰਸ ਐਂਡਰਿਊ ਮੈਂਬਰ ਨੂੰ ਆਪਣੇ ਸਾਰੇ ਫੌਜੀ ਸਨਮਾਨ ਅਤੇ ਸ਼ਾਹੀ ਅਹੁਦੇ ਤਿਆਗਣੇ ਪਏ। 19 ਫਰਵਰੀ 2026 ਨੂੰ ਜੈਫਰੀ ਐਪਸਟੀਨ ਮਾਮਲੇ ਵਿੱਚ ਵੱਡਾ ਐਕਸ਼ਨ ਲਿਆ ਜਿਸ ਵਿੱਚ ਬ੍ਰਿਟੇਨ ਦੇ ਕਿੰਗ ਚਾਰਲਸ ਦੇ ਭਰਾ ਐਂਡਰਿਊ ਨੂੰ ਗ੍ਰਿਫਤਾਰ ਕਰ ਲਿਆ। ਬਿੱਲ ਗੇਟਸ ਅਤੇ ਐਲਨ ਮਸਕ ’ਤੇ ਹਾਲਾਂਕਿ ਕੋਈ ਸਿੱਧਾ ਅਪਰਾਧਿਕ ਦੋਸ਼ ਨਹੀਂ ਹੈ, ਪਰ ਐਪਸਟੀਨ ਨਾਲ ਇਨ੍ਹਾਂ ਦੀਆਂ ਮੁਲਾਕਾਤਾਂ ਨੇ ਇਨ੍ਹਾਂ ਦੇ ਅਕਸ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਐਪਸਟੀਨ ਦੀ ਮੁੱਖ ਸਾਥੀ, ਘਿਸਲੇਨ ਮੈਕਸਵੈੱਲ ਇਸ ਵੇਲੇ 20 ਸਾਲ ਦੀ ਸਜ਼ਾ ਕੱਟ ਰਹੀ ਹੈ। ਉਸ ਉੱਤੇ ਕੁੜੀਆਂ ਨੂੰ ‘ਸਪਲਾਈ’ ਕਰਨ ਦਾ ਦੋਸ਼ ਸਾਬਤ ਹੋਇਆ। ਮਾਡਲਿੰਗ ਏਜੰਟ ਜੀਨ-ਲੂਕ ਬਰੂਨਲ ਨੇ ਕਈ ਕੁੜੀਆਂ ਨੂੰ ਮਾਡਲਿੰਗ ਦਾ ਝਾਂਸਾ ਦੇ ਕੇ ਐਪਸਟੀਨ ਕੋਲ ਭੇਜਿਆ। ਇਸਨੇ ਜੇਲ੍ਹ ਵਿੱਚ ਖੁਦਕੁਸ਼ੀ ਕਰ ਲਈ ਸੀ।
10 ਅਗਸਤ 2019 ਨੂੰ ਨਿਊਯਾਰਕ ਦੀ ਹਾਈ-ਸਿਕਿਉਰਿਟੀ ਜੇਲ੍ਹ ਵਿੱਚ ਐਪਸਟੀਨ ਦੀ ਮੌਤ ਹੋ ਗਈ। ਸਰਕਾਰ ਨੇ ਇਸ ਨੂੰ ਖੁਦਕੁਸ਼ੀ ਕਿਹਾ। ਪਰ ਜੇਲ੍ਹ ਦੇ ਕੈਮਰੇ ਉਸ ਰਾਤ ਖਰਾਬ ਸਨ ਅਤੇ ਗਾਰਡ ਸੌਂ ਰਹੇ ਸਨ। ਕਈ ਮਾਹਰਾਂ ਦਾ ਮੰਨਣਾ ਹੈ ਕਿ ਉਸ ਨੂੰ ਮਾਰਿਆ ਗਿਆ ਸੀ ਤਾਂ ਜੋ ਉਹ ਵੱਡੇ ਲੋਕਾਂ ਦੇ ਨਾਮ ਨਾ ਲੈ ਸਕੇ।
ਜੈਫਰੀ ਐਪਸਟੀਨ ਕੇਸ ਮਨੁੱਖੀ ਇਤਿਹਾਸ ਦੇ ਸਭ ਤੋਂ ਸ਼ਰਮਨਾਕ ਅਧਿਆਵਾਂ ਵਿੱਚੋਂ ਇੱਕ ਹੈ। ਭਾਵੇਂ ਐਪਸਟੀਨ ਮਰ ਚੁੱਕਾ ਹੈ ਪਰ ਉਸ ਨਾਲ ਜੁੜਿਆ ‘ਸਿਸਟਮ’ ਅਜੇ ਵੀ ਕਈ ਸਵਾਲ ਖੜ੍ਹੇ ਕਰਦਾ ਹੈ। ਇਹ ਰਿਪੋਰਟ ਸਾਬਤ ਕਰਦੀ ਹੈ ਕਿ ਜਦੋਂ ਪੈਸਾ ਅਤੇ ਤਾਕਤ ਇਕੱਠੇ ਹੁੰਦੇ ਹਨ ਤਾਂ ਉਹ ਕਾਨੂੰਨ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਇਨਸਾਫ ਅਜੇ ਵੀ ਅਧੂਰਾ ਹੈ ਕਿਉਂਕਿ ਕਈ ‘ਕਲਾਇੰਟਸ’ ਅਜੇ ਵੀ ਆਜ਼ਾਦ ਹਨ। ਹੁਣ ਤਕ ਦੀ ਜਾਣਕਾਰੀ ਅਨੁਸਾਰ ਇਹ ਸਭ ਸਿਰਫ ਸੋਸ਼ਲ ਮੀਡੀਆ ਦੀਆਂ ਅਫਵਾਹਾਂ ਅਤੇ ਰਾਜਨੀਤਿਕ ਬਹਿਸ ਦਾ ਹਿੱਸਾ ਹਨ। ਪਰ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਕਿਸੇ ਦਾ ਨਾਂ ਕਿਸੇ ਦਸਤਾਵੇਜ਼ ਵਿੱਚ ਆ ਜਾਣਾ ਆਪਣੇ ਆਪ ਵਿੱਚ ਦੋਸ਼ ਸਾਬਤ ਨਹੀਂ ਕਰਦਾ। ਕਾਨੂੰਨ ਅਨੁਸਾਰ ਦੋਸ਼ ਸਿਰਫ ਅਦਾਲਤ ਵਿੱਚ ਪੱਕੇ ਸਬੂਤਾਂ ਨਾਲ ਹੀ ਸਾਬਤ ਹੁੰਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (