“ਫਾਸਟ ਟ੍ਰੈਕ ਅਦਾਲਤਾਂ ਵਿੱਚ ਸੁਣਵਾਈ ਕਰ ਕੇ ਮੌਤ ਦੀ ਸਜ਼ਾ ਵਰਗੀ ਵੱਡੀ ਸਜ਼ਾ ...”
(7 ਅਗਸਤ 2026)
ਅੱਜ ਦੇ ਸਮੇਂ ਵਿੱਚ ਮਨੁੱਖੀ ਜੀਵਨ ਨੂੰ ਸਭ ਤੋਂ ਵੱਡਾ ਖਤਰਾ ਜੇ ਕਿਸੇ ਚੀਜ਼ ਤੋਂ ਹੈ ਤਾਂ ਉਹ ਹੈ ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟ। ਮਿਲਾਵਟ ਉਹ ਪ੍ਰਕਿਰਿਆ ਹੈ ਜਿਸ ਵਿੱਚ ਲਾਭ ਕਮਾਉਣ ਦੇ ਲਾਲਚ ਵਿੱਚ ਖਾਣਯੋਗ ਪਦਾਰਥਾਂ ਵਿੱਚ ਹਾਨੀਕਾਰਕ, ਘੱਟ ਗੁਣਵੱਤਾ ਵਾਲੀਆਂ ਜਾਂ ਨਕਲੀ ਚੀਜ਼ਾਂ ਮਿਲਾਈਆਂ ਜਾਂਦੀਆਂ ਹਨ। ਇਹ ਬੁਰਾਈ ਸਿਰਫ ਸਰੀਰਕ ਸਿਹਤ ਨੂੰ ਹੀ ਨਹੀਂ, ਸਗੋਂ ਸਮਾਜਿਕ, ਆਰਥਿਕ ਅਤੇ ਨੈਤਿਕ ਮੁੱਲਾਂ ਨੂੰ ਵੀ ਖੋਖਲਾ ਕਰ ਰਹੀ ਹੈ। ਪੁਰਾਤਨ ਸਮੇਂ ਵਿੱਚ ਖਾਣ-ਪੀਣ ਦੀਆਂ ਵਸਤਾਂ ਸ਼ੁੱਧ ਅਤੇ ਕੁਦਰਤੀ ਹੁੰਦੀਆਂ ਸਨ, ਪਰ ਆਧੁਨਿਕ ਯੁਗ ਵਿੱਚ ਉਦਯੋਗੀਕਰਨ, ਵਪਾਰਕ ਮੁਕਾਬਲੇ ਅਤੇ ਮੁਨਾਫੇ ਦੀ ਦੌੜ ਨੇ ਮਿਲਾਵਟ ਨੂੰ ਇੱਕ ਗੰਭੀਰ ਸਮੱਸਿਆ ਬਣਾ ਦਿੱਤਾ ਹੈ। ਉਦਾਹਰਨ ਵਜੋਂ: ਦੁੱਧ ਵਿੱਚ ਪਾਣੀ, ਡਿਟਰਜੈਂਟ ਅਤੇ ਯੂਰੀਆ ਮਿਲਾਉਣਾ, ਮਿਰਚਾਂ ਵਿੱਚ ਇੱਟਾਂ ਦੀ ਧੂੜ, ਹਲਦੀ ਅਤੇ ਦਾਲਾਂ ਵਿੱਚ ਨਕਲੀ ਰੰਗ, ਤੇਲ ਵਿੱਚ ਕੈਮੀਕਲ, ਘਿਓ ਅਤੇ ਮੱਖਣ ਵਿੱਚ ਬਨਾਸਪਤੀ ਤੇਲ, ਫਲਾਂ ਨੂੰ ਜ਼ਬਰਦਸਤੀ ਪਕਾਉਣ ਲਈ ਕੈਲਸ਼ੀਅਮ ਕਾਰਬਾਈਡ ਵਰਗੇ ਖਤਰਨਾਕ ਰਸਾਇਣ ਲਾਉਣਾ ਆਦਿ।
ਵਧਦੀ ਮੰਗ ਨੂੰ ਪੂਰਾ ਕਰਨ ਲਈ ਗੁਣਵੱਤਾ ਨਾਲ ਸਮਝੌਤਾ ਕੀਤਾ ਜਾਂਦਾ ਹੈ। ਜ਼ਿਆਦਾ ਮੁਨਾਫਾ ਕਮਾਉਣ ਲਈ ਕੁਝ ਵਪਾਰੀ ਲੋਕਾਂ ਦੀ ਜਾਨ ਨਾਲ ਖੇਡਦੇ ਹਨ। ਆਮ ਲੋਕਾਂ ਨੂੰ ਮਿਲਾਵਟ ਦੀ ਪਛਾਣ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ। ਥੋੜ੍ਹੀਆਂ ਸਜ਼ਾਵਾਂ ਅਤੇ ਲੰਬੀ ਕਾਨੂੰਨੀ ਪ੍ਰਕਿਰਿਆ ਕਾਰਨ ਦੋਸ਼ੀ ਬਚ ਜਾਂਦੇ ਹਨ। ਕਈ ਥਾਂਵਾਂ ’ਤੇ ਸਰਕਾਰੀ ਜਾਂਚ ਦੀ ਘਾਟ ਕਾਰਨ ਮਿਲਾਵਟ ਕਰਨ ਵਾਲਿਆਂ ਨੂੰ ਖੁੱਲ੍ਹੀ ਛੁੱਟੀ ਮਿਲ ਜਾਂਦੀ ਹੈ। 2023-24 ਵਿੱਚ ਲਗਭਗ 1.5 ਲੱਖ ਖਾਦ ਨਮੂਨੇ ਟੈੱਸਟ ਕੀਤੇ ਗਏ ਜਿਨ੍ਹਾਂ ਵਿੱਚ 33 ਹਜ਼ਾਰ ਤੋਂ ਵੱਧ ਨਮੂਨੇ ਪ੍ਰਮਾਣਿਕ ਮਿਆਰਾਂ ’ਤੇ ਖਰੇ ਨਹੀਂ ਉੱਤਰੇ। ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ ਦੀ ਨਵੀਂ ਜਾਂਚ ਨੋਇਡਾ ਅਤੇ ਗ੍ਰੇਟਰ ਨੋਇਡਾ ਵਿੱਚ 83% ਪਨੀਰ ਦੇ ਨਮੂਨੇ ਮਿਆਰੀ ਪੱਖੋਂ ਫੇਲ ਪਾਏ ਗਏ, ਜਿਸ ਵਿੱਚੋਂ ਲਗਭਗ 40% ਨੂੰ ਖਤਰਨਾਕ ਮੰਨਿਆ ਗਿਆ (ਜਿਵੇਂ ਪਾਮ ਤੇਲ, ਡਿਟਰਜੈਂਟ, ਯੂਰੀਆ ਅਤੇ ਕੈਮੀਕਲ ਨਾਲ ਮਿਲਾਵਟ)। ਇਸ ਪਨੀਰ ਨਾਲ ਪਾਚਨ ਤੰਤਰ, ਕਿਡਨੀ ਫੇਲ ਹੋਣ ਸੰਬੰਧੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਨਾਲ ਲਿਵਰ ਅਤੇ ਕਿਡਨੀ ਨੂੰ ਭਾਰੀ ਨੁਕਸਾਨ ਪਹੁੰਚਣ ਤੋਂ ਇਲਾਵਾ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ।
2024 ਵਿੱਚ ਰਾਜਸਥਾਨ ਵਿੱਚ ਜਾਂਚ ਕੀਤੇ ਗਏ ਲਗਭਗ 25% ਭੋਜਨ ਨਮੂਨਿਆਂ ਵਿੱਚ ਮਿਲਾਵਟ ਪਾਈ ਗਈ, ਜਿਸ ਕਾਰਨ 6.6 ਲੱਖ ਕਿਲੋਗ੍ਰਾਮ ਤੋਂ ਵੱਧ ਭੋਜਨ ਉਤਪਾਦਾਂ ਨੂੰ ਜ਼ਬਤ ਜਾਂ ਨਸ਼ਟ ਕੀਤਾ ਗਿਆ। ਦੇਸ਼ ਭਰ ਵਿੱਚ ਜਾਂਚੇ ਗਏ ਮਸਾਲਿਆਂ ਦੇ ਲਗਭਗ 12% ਨਮੂਨਿਆਂ ਵਿੱਚ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਿਹਾ। ਖੇਤੀਬਾੜੀ ਵਿੱਚ ਉੱਚ-ਤੀਬਰਤਾ ਵਾਲੇ ਕੀਟਨਾਸ਼ਕ ਰਸਾਇਣਾਂ ਦੀ ਵਰਤੋਂ ਨੂੰ ਅੰਤਿਮ ਫਸਲਾਂ ਦੇ ਉਤਪਾਦਾਂ ਵਿੱਚ ਭਾਰੀ ਕੀਟਨਾਸ਼ਕ ਰਹਿੰਦ-ਖੂੰਹਦ ਨਾਲ ਜੋੜਿਆ ਗਿਆ ਹੈ, ਜੋ ਬਾਅਦ ਵਿੱਚ ਭੋਜਨ ਨੂੰ ਦੂਸ਼ਿਤ ਕਰਦੇ ਹਨ, ਜਿਸ ਕਾਰਨ ਸਿੰਗਾਪੁਰ ਅਤੇ ਹਾਂਗ ਕਾਂਗ ਵਰਗੇ ਦੇਸ਼ਾਂ ਵਿੱਚੋਂ ਉਤਪਾਦ ਵਾਪਸ ਮੰਗਵਾਏ ਗਏ ਹਨ, ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਗੰਦਗੀ ਕਾਰਨ ਰੱਦ ਕੀਤੇ ਗਏ ਹਨ।
ਅਕਤੂਬਰ 2025 ਨੂੰ ‘ਕੱਛ’ (ਗੁਜਰਾਤ) ਪੁਲਿਸ ਨੇ ਛਾਪੇਮਾਰੀ ਦੌਰਾਨ ਇੱਕ ਪ੍ਰਸਿੱਧ ਕੰਪਨੀ ਦੇ ਨਾਂ ਵਾਲੀ ਨਕਲੀ ਟੁੱਥਪੇਸਟ ਬਣਾਉਣ ਵਾਲੀ ਫੈਕਟਰੀ ਦਾ ਭਾਂਡਾ ਭੰਨ ਕੇ 9 ਲੱਖ ਰੁਪਏ ਮੁੱਲ ਦੀ ਸਿਹਤ ਦੇ ਲਈ ਅਤਿਅੰਤ ਨੁਕਸਾਨਦੇਹ ਨਕਲੀ ਟੁੱਥਪੇਸਟ ਜ਼ਬਤ ਕੀਤੀ। ਉੱਤਰ ਪ੍ਰਦੇਸ਼ ਵਿੱਚ ਗੋਰਖਪੁਰ ਤੋਂ ਖੁਰਾਕ ਵਿਭਾਗ ਨੇ 30 ਟਨ ਮਿਲਾਵਟੀ ਭੁੰਨੇ ਹੋਏ ਛੋਲੇ ਜ਼ਬਤ ਕੀਤੇ। ਇਸ ਨੂੰ ਕੱਪੜਾ ਅਤੇ ਚਮੜਾ ਰੰਗਣ ਵਾਲੇ ਜ਼ਹਿਰੀਲੇ ਸਿਥੇਟਿਕ ਰੰਗ ਓਰੋਮਾਈਨ ਓ ਨਾਲ ਰੰਗ ਕੇ ਪੀਲਾ ਅਤੇ ਚਮਕਦਾਰ ਬਣਾਇਆ ਗਿਆ ਸੀ, ਜੋ ਆਪਣੇ ਅਤਿਆਧੁਨਿਕ ਕੈਂਸਰ ਵਾਲੇ ਗੁਣਾਂ ਕਾਰਨ ਸਿਹਤ ਲਈ ਗੰਭੀਰ ਖਤਰਾ ਪੈਦਾ ਕਰਦਾ ਹੈ।
ਦਸੰਬਰ ਦੇ ਪਹਿਲੇ ਹਫਤੇ ਵਿੱਚ ਹੈਦਰਾਬਾਦ ਵਿੱਚ ਨਕਲੀ ਘਿਓ ਫੜਿਆ ਗਿਆ। ਇਸ ਮਾਮਲੇ ਵਿੱਚ 68 ਸਾਲਾ ਅੰਨਾਮਾਲੀ ਸਾਈਨਾਥਨ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਨਾਰੀਅਲ ਤੇਲ, ਪਾਮ ਆਇਲ ਅਤੇ ਡਾਲਡਾ ਵਿੱਚ ਫੂਡ ਕਲਰ ਮਿਲਾ ਕੇ ਗਾਂ ਦਾ ਨਕਲੀ ਘਿਓ ਤਿਆਰ ਕਰਦਾ ਸੀ। ਪਿਛਲੇ ਸਾਲ ਤਿਰੂਪਤੀ ਮੰਦਰ ਦੇ ਪ੍ਰਸ਼ਾਦ ਵਿੱਚ ਚੜ੍ਹਨ ਵਾਲੇ ਲੱਡੂਆਂ ਵਿੱਚ ਚਰਥੀ ਦੀ ਮਿਲਾਵਟ ਦੀ ਖਬਰ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਦਸੰਬਰ 2025 ਨੂੰ ‘ਦਿੱਲੀ’ ਪੁਲਿਸ ਨੇ ਨਕਲੀ ਖੁਰਾਕੀ ਪਦਾਰਥ ਬਣਾਉਣ ਅਤੇ ਵੇਚਣ ਵਾਲੇ ਵੱਡੇ ਗਰੋਹ ’ਤੇ ਛਾਪਾ ਮਾਰ ਕੇ ਲਗਭਗ 14 ਹਜ਼ਾਰ ਲਿਟਰ ਨਕਲੀ ਕੋਲਡ ਡ੍ਰਿੰਕ, ‘ਐਕਸਪਾਇਰਡ’ ਚਾਕਲੇਟ ਅਤੇ ਬੇਬੀ ਫੂਡ ਆਦਿ ਜ਼ਬਤ ਕੀਤੇ। ਇਹ ਐਕਸਪਾਇਰਡ ਕੋਲਡ ਡ੍ਰਿੰਕ ’ਤੇ ਹਾਈਟੈੱਕ ਮਸ਼ੀਨਾਂ ਨਾਲ ਪੁਰਾਣੀ ਤਰੀਕ ਮਿਟਾ ਕੇ ਨਵੀਂ ਤਰੀਕ ਛਾਪੀ ਜਾ ਰਹੀ ਸੀ ਅਤੇ ਫਰਜ਼ੀ ਬਾਰਕੋਡ ਸਟਿੱਕਰ ਚਿਪਕਾ ਕੇ ਇਸ ਨੂੰ ਅਸਲੀ ਰੂਪ ਦਿੱਤਾ ਜਾ ਰਿਹਾ ਸੀ। ਅਜਿਹੀਆਂ ਖਰਾਬ ਚੀਜ਼ਾਂ ਨਾਲ ਐਲਰਜੀ, ਪੇਟ ਦੀਆਂ ਬਿਮਾਰੀਆਂ ਆਦਿ ਰੋਗ ਹੋ ਸਕਦੇ ਹਨ। ਇਸ ਸਿਲਸਿਲੇ ਵਿੱਚ ਪੁਲਿਸ ਨੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਮਿਲਾਵਟੀ ਖੁਰਾਕ ਪਦਾਰਥਾਂ ਨਾਲ ਕਿਸੇ ਦਾ ਜੀਵਨ ਖਤਰੇ ਵਿੱਚ ਪਾਉਣਾ ਕਿਸੇ ਦੀ ਹੱਤਿਆ ਕਰਨ ਤੋਂ ਘੱਟ ਗੰਭੀਰ ਅਪਰਾਧ ਨਹੀਂ ਹੈ। ਅਜਿਹੇ ਵਿੱਚ ਸਭ ਤੋਂ ਪਹਿਲਾਂ ਕਾਨੂੰਨਾਂ ਵਿੱਚ ਸੋਧ ਕਰ ਕੇ ਇਨ੍ਹਾਂ ਨੂੰ ਸਖਤ ਬਣਾਉਣਾ ਚਾਹੀਦਾ ਹੈ। ਮਿਲਾਵਟ ਕਰਨ ਵਾਲਿਆਂ ਵਿਰੁੱਧ ਫਾਸਟ ਟ੍ਰੈਕ ਅਦਾਲਤਾਂ ਵਿੱਚ ਸੁਣਵਾਈ ਕਰ ਕੇ ਮੌਤ ਦੀ ਸਜ਼ਾ ਵਰਗੀ ਵੱਡੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਵੱਡੇ ਪੱਧਰ ’ਤੇ ਮਿਲਾਵਟੀ ਧੰਦੇ ਦਾ ਪਰਦਾ ਫਾਸ਼ ਹੋ ਸਕੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































