“ਉੱਚ ਰਕਤ ਦਬਾਅ ਵਾਲੇ ਮਰੀਜ਼ਾਂ ਨੂੰ ਜ਼ਿਆਦਾ ਸਰੀਰਕ ਵਿਹਾਰ ਅਤੇ ਪੌਸ਼ਟਿਕ ਖੁਰਾਕ ...”
(22 ਜੁਲਾਈ 2026)
ਰਕਤ ਦਬਾਅ (ਬਲੱਡ ਪ੍ਰੈੱਸ਼ਰ) ਦੀ ਬਿਮਾਰੀ ਇੱਕ ਖਤਰਨਾਕ ਅਤੇ ਆਮ ਬਿਮਾਰੀ ਹੈ ਜਿਸਦਾ ਸੰਬੰਧ ਸਰੀਰ ਵਿੱਚ ਰਕਤ ਦੇ ਦਬਾਅ ਨਾਲ ਹੁੰਦਾ ਹੈ। ਜੇਕਰ ਇਹ ਮਿਆਰ ਤੋਂ ਵੱਧ ਜਾਂ ਘੱਟ ਹੋਵੇ ਤਾਂ ਇਹ ਸਿਹਤ ਲਈ ਮੁਸੀਬਤ ਬਣ ਸਕਦਾ ਹੈ। ਵੱਧ ਰਕਤ ਦਬਾਅ ਉਦੋਂ ਹੁੰਦਾ ਹੈ ਜਦੋਂ ਧਮਨੀਆਂ ਦੀਆਂ ਕੰਧਾਂ ਦੇ ਵਿਰੁੱਧ ਖੂਨ ਦਾ ਜ਼ੋਰ ਲਗਾਤਾਰ ਬਹੁਤ ਜ਼ਿਆਦਾ ਹੁੰਦਾ ਹੈ। ਗੈਰ-ਸਿਹਤਮੰਦ ਖੁਰਾਕ, ਸਰੀਰਕ ਗਤੀਵਿਧੀ ਦੀ ਘਾਟ, ਮੁਟਾਪਾ, ਬਹੁਤ ਜ਼ਿਆਦਾ ਸ਼ਰਾਬ ਪੀਣੀ, ਸਿਗਰਟਨੋਸ਼ੀ, ਤਣਾਅ ਅਤੇ ਪਰਿਵਾਰਕ ਇਤਿਹਾਸ ਕਾਰਨ ਵੀ ਰਕਤ ਦਬਾਅ ਹੋ ਜਾਂਦਾ ਹੈ। ਜੇਕਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਦਿਲ ਦੇ ਦੌਰੇ ਅਤੇ ਸਟ੍ਰੋਕ (ਦਿਮਾਗ ਦੀ ਨਾੜੀ ਬਲਾਕ ਹੋਣਾ ਜਾਂ ਫਟਣਾ), ਗੁਰਦੇ ਦੇ ਨੁਕਸਾਨ ਦੇ ਜੋਖਮ ਸਮੇਤ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਅਧਿਐਨ ਵਿੱਚ ਪਾਇਆ ਗਿਆ ਕਿ ਭਾਰਤ ਵਿੱਚ ਰਕਤ ਦਬਾਅ ਦਾ ਕੁੱਲ ਪ੍ਰਚਲਨ 22.6% ਹੈ, ਜਿਸ ਵਿੱਚ ਮਰਦਾਂ (24.1%) ਵਿੱਚ ਔਰਤਾਂ (21.2%) ਨਾਲੋਂ ਵੱਧ ਪ੍ਰਚਲਨ ਹੈ। ਉਮਰ ਦੇ ਨਾਲ ਇਹ ਪ੍ਰਚਲਨ ਵਧ ਕੇ 60 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਵਿੱਚ 48.4% ਤਕ ਪਹੁੰਚ ਗਿਆ ਹੈ। ਸਿੱਕਮ ਵਿੱਚ ਸਭ ਤੋਂ ਵੱਧ ਪ੍ਰਚਲਨ (37.9%) ਅਤੇ ਰਾਜਸਥਾਨ ਵਿੱਚ ਸਭ ਤੋਂ ਘੱਟ (16.5%) ਹੈ। ਦਸੰਬਰ 2025 ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਇਸ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਲਗਭਗ 15% ਵਧੀ ਹੈ।
ਰਕਤ ਦਬਾਅ ਉਸ ਦਬਾਅ ਨੂੰ ਕਿਹਾ ਜਾਂਦਾ ਹੈ ਜੋ ਸਾਡੀ ਧਮਨੀਆਂ ਵਿੱਚ ਰਕਤ ਪ੍ਰਵਾਹ ਕਰਨ ਲਈ ਲਗਦਾ ਹੈ। ਜਦੋਂ ਦਬਾਅ ਮਿਆਰ ਤੋਂ ਵੱਧ ਜਾਂ ਘੱਟ ਹੋ ਜਾਂਦਾ ਹੈ, ਤਾਂ ਸਰੀਰ ਉੱਤੇ ਇਸਦਾ ਸਿੱਧਾ ਪ੍ਰਭਾਵ ਪੈਂਦਾ ਹੈ। ਦੋ ਪ੍ਰਕਾਰ ਦੇ ਰਕਤ ਦਬਾਅ ਹੁੰਦੇ ਹਨ: ਹਾਈਪੋਟੈਂਸ਼ਨ (ਘੱਟ ਰਕਤ ਦਬਾਅ): ਜੇ ਰਕਤ ਦਬਾਅ ਮਿਆਰ ਤੋਂ ਘੱਟ ਹੁੰਦਾ ਹੈ, ਤਾਂ ਇਸਨੂੰ ਹਾਈਪੋਟੈਂਸ਼ਨ ਕਿਹਾ ਜਾਂਦਾ ਹੈ। ਜਦੋਂ ਧਮਨੀਆਂ ਦੀਆਂ ਕੰਧਾਂ ’ਤੇ ਖੂਨ ਦੀ ਤਾਕਤ ਬਹੁਤ ਘੱਟ ਹੁੰਦੀ ਹੈ, ਜਿਸਦੇ ਨਤੀਜੇ ਵਜੋਂ ਚੱਕਰ ਆਉਣੇ, ਬੇਹੋਸ਼ੀ ਅਤੇ ਬਹੁਤ ਜ਼ਿਆਦਾ ਮਾਮਲਿਆਂ ਵਿੱਚ ਝਟਕਾ ਲਗਦਾ ਹੈ ਅਤੇ ਮੌਤ ਦਾ ਕਾਰਨ ਬਣ ਸਕਦਾ ਹੈ। ਡੀਹਾਈਡਰੇਸ਼ਨ, ਗੰਭੀਰ ਇਨਫੈਕਸ਼ਨ, ਖੂਨ ਦੀ ਕਮੀ, ਦਿਲ ਦੀਆਂ ਸਮੱਸਿਆਵਾਂ, ਅਤੇ ਕੁਝ ਦਵਾਈਆਂ ਕਾਰਨ ਵੀ ਘੱਟ ਰਕਤ ਦਬਾਅ ਹੋ ਜਾਂਦਾ ਹੈ। ਹਾਈਪਰਟੈਂਸ਼ਨ (ਉੱਚ ਰਕਤ ਦਬਾਅ): ਜਦੋਂ ਰਕਤ ਦਬਾਅ ਅਤਿ ਉੱਚਾ ਹੁੰਦਾ ਹੈ ਤਾਂ ਇਹ ਮਸ਼ਹੂਰ “ਹਾਈ ਬਲੱਡ ਪ੍ਰੈੱਸ਼ਰ” ਬਿਮਾਰੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸ ਨਾਲ ਦਿਲ ਅਤੇ ਦਿਮਾਗ ਦੇ ਪ੍ਰਧਾਨ ਅੰਗਾਂ ’ਤੇ ਬੁਰਾ ਅਸਰ ਪੈਂਦਾ ਹੈ। ਇਸ ਨਾਲ ਛਾਤੀ ਵਿੱਚ ਦਰਦ, ਸਾਹ ਚੜ੍ਹਨਾ, ਅਤੇ ਅਨਿਯਮਿਤ ਦਿਲ ਦੀ ਧੜਕਣ ਵਧ ਜਾਂਦੀ ਹੈ।
ਇੱਕ ਪੂਰਨ ਪੌਸ਼ਟਿਕ ਖੁਰਾਕ ਰਕਤ ਦਬਾਅ ਨੂੰ ਕਾਬੂ ਕਰ ਸਕਦੀ ਹੈ। ਜਿਸ ਖੁਰਾਕ ਵਿੱਚ ਵੱਧ ਖਾਰਾ, ਫੈਟ ਅਤੇ ਸ਼ੂਗਰ ਹੁੰਦਾ ਹੈ, ਉਹ ਰਕਤ ਦਬਾਅ ਨੂੰ ਵਧਾ ਸਕਦੇ ਹਨ। ਆਰਾਮ ਦੀ ਘਾਟ ਜਾਂ ਬੇਹਿਸਾਬਾ ਰਾਤਾਂ ਨੂੰ ਜਾਗਣਾ, ਇਹ ਸਾਰੇ ਰਕਤ ਦਬਾਅ ਵਿੱਚ ਵਾਧਾ ਕਰ ਸਕਦੇ ਹਨ। ਆਤਮ ਵਿਸ਼ਵਾਸ ਦੀ ਘਾਟ ਅਤੇ ਲੰਬੇ ਸਮੇਂ ਤਕ ਤਣਾਅ ਦਾ ਸਾਹਮਣਾ ਕਰਨਾ ਰਕਤ ਦਬਾਅ ਨੂੰ ਪ੍ਰਭਾਵਿਤ ਕਰਦਾ ਹੈ। ਕਈ ਵਾਰੀ, ਜੇਕਰ ਕਿਸੇ ਦੇ ਪਰਿਵਾਰ ਵਿੱਚ ਰਕਤ ਦਬਾਅ ਦੀ ਬਿਮਾਰੀ ਰਹੀ ਹੈ ਤਾਂ ਇਸਦਾ ਖਤਰਾ ਹੋਰ ਵਧ ਜਾਂਦਾ ਹੈ।
ਇੱਕ ਰਿਪੋਰਟ ਦੇ ਅਨੁਸਾਰ ਉੱਚ ਰਕਤ ਦਬਾਅ ਨਾਲ ਦਿਲ ਦੀ ਬਿਮਾਰੀ ਦੇ ਖਤਰੇ ਵਿੱਚ ਵਾਧਾ ਹੁੰਦਾ ਹੈ। ਇਸ ਵਿਸ਼ੇ ’ਤੇ ਕੀਤੇ ਗਏ ਅਧਿਐਨ ਦਰਸਾਉਂਦੇ ਹਨ ਕਿ ਉੱਚ ਰਕਤ ਦਬਾਅ ਵਾਲੇ ਮਰੀਜ਼ਾਂ ਵਿੱਚ ਦਿਲ ਦੇ ਦੌਰੇ ਅਤੇ ਹਾਰਟ ਫੇਲ੍ਹ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਰਕਤ ਦਬਾਅ ਦੇ ਲੱਛਣ ਹਨ, ਜਿਵੇਂ ਸਿਰ ਵਿੱਚ ਦਰਦ ਅਤੇ ਚੱਕਰ ਆਉਣਾ, ਥਕਾਵਟ ਮਹਿਸੂਸ ਕਰਨਾ, ਧੱਕੇ ਨਾਲ ਸੁਣਨਾ ਜਾਂ ਨਜ਼ਰ ਦਾ ਧੁੰਦਲਾ ਹੋਣਾ, ਛੋਟੇ ਮਾਮਲਿਆਂ ਵਿੱਚ ਦਿਲ ਦੀ ਧੜਕਣ ਦਾ ਤੇਜ਼ ਹੋਣਾ। ਪੀ.ਜੀ.ਆਈ. ਨਿਓਰੌਲੋਜੀ ਵਿਭਾਗ ਦੀ ਡਾ. ਸੁਚਾਰਿਤਾ ਰਾਏ ਦਾ ਕਹਿਣਾ ਹੈ ਕਿ ਸਰਦੀ ਵਿੱਚ ਵਧੇ ਸਟ੍ਰੋਕ ਦੇ ਮਾਮਲਿਆਂ ਦਾ ਸਭ ਤੋਂ ਵੱਡਾ ਕਾਰਨ ਉੱਚ ਰਕਤ ਦਬਾਅ ਹੈ। ਉੱਚ ਰਕਤ ਦਬਾਅ ਸਰੀਰ ਦੇ ਹਰ ਅੰਗ ਨੂੰ ਪ੍ਰਭਾਵਿਤ ਕਰਦਾ ਹੈ। ਦਿਮਾਗ ਵਿੱਚ ਸਟ੍ਰੋਕ ਅਤੇ ਅਧਰੰਗ ਸਮੇਤ ਅੱਖਾਂ ਵਿੱਚ ਮੋਤੀਆਬਿੰਦ ਅਤੇ ਰੈਟਿਨਾ ਦੀ ਸਮੱਸਿਆ, ਹਾਰਟ ਅਟੈਕ ਅਤੇ ਹਾਰਟ ਫੇਲਿਅਰ, ਗੁਰਦੇ ਫੇਲ੍ਹ ਹੋਣਾ, ਅਤੇ ਇੱਥੋਂ ਤਕ ਕਿ ਲੱਤਾਂ ਵਿੱਚ ਖੂਨ ਦਾ ਪ੍ਰਵਾਹ ਘੱਟ ਹੋਣ ਵਰਗੀਆਂ ਬਿਮਾਰੀਆਂ ਇਸ ਨਾਲ ਜੁੜੀਆਂ ਹੋਈਆਂ ਹਨ। ਇਹੋ ਕਾਰਨ ਹੈ ਕਿ ਇਸ ਨੂੰ ਹੌਲੀ-ਹੌਲੀ ਮਾਰਨ ਵਾਲਾ ‘ਸਾਈਲੈਂਟ ਕਿਲਰ’ ਕਿਹਾ ਜਾਂਦਾ ਹੈ।
ਉੱਚ ਰਕਤ ਦਬਾਅ ਵਾਲੇ ਮਰੀਜ਼ਾਂ ਨੂੰ ਜ਼ਿਆਦਾ ਸਰੀਰਕ ਵਿਹਾਰ ਅਤੇ ਪੌਸ਼ਟਿਕ ਖੁਰਾਕ ਦੇ ਉਪਯੋਗ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨਸ਼ੈਲੀ ਅਤੇ ਖੁਰਾਕ ਰਕਤ ਦਬਾਅ ਨੂੰ ਕਾਬੂ ਰੱਖਣ ਵਿੱਚ ਮਦਦ ਕਰ ਸਕਦੀ ਹੈ। ਖਾਸ ਤੌਰ ’ਤੇ ਮਰੀਜ਼ਾਂ ਨੂੰ ਖਾਣੇ ਵਿੱਚ ਘੱਟ ਨਮਕ ਅਤੇ ਸ਼ੂਗਰ ਦੀ ਮਾਤਰਾ ਰੱਖਣ, ਜ਼ਿਆਦਾ ਫਲ਼ ਅਤੇ ਸਬਜ਼ੀਆਂ ਖਾਣ ਅਤੇ ਹਰ ਰੋਜ਼ ਕਸਰਤ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਵੱਧ ਲੂਣ ਵਾਲੇ ਭੋਜਨ, ਬਹੁਤ ਜ਼ਿਆਦਾ ਕੈਫੀਨ, ਚਰਬੀ ਵਾਲੇ ਭੋਜਨ, ਅਤੇ ਪ੍ਰੋਸੈੱਸਡ ਭੋਜਨ ਤੋਂ ਪਰਹੇਜ਼ ਕਰਨ ਚਾਹੀਦਾ ਹੈ। ਪੋਟਾਸ਼ੀਅਮ ਨਾਲ ਭਰਪੂਰ ਭੋਜਨ ਜਿਵੇਂ ਕਿ ਕੇਲੇ, ਪੱਤੇਦਾਰ ਸਾਗ, ਬੀਨਜ਼ ਅਤੇ ਘੱਟ ਚਰਬੀ ਵਾਲੇ ਡੇਅਰੀ ਉਤਪਾਦ ਰਕਤ ਦਬਾਅ ਨੂੰ ਨਿਯੰਤ੍ਰਿਤ ਕਰਨ ਵਿੱਚ ਮਦਦ ਕਰਦੇ ਹਨ। ਧਿਆਨ, ਡੂੰਘੇ ਸਾਹ ਲੈਣ ਦੀਆਂ ਕਸਰਤਾਂ, ਯੋਗਾ ਅਤੇ ਹਰ ਰੋਜ਼ ਕਸਰਤ ਵਰਗੀਆਂ ਆਰਾਮਦਾਇਕ ਤਕਨੀਕਾਂ, ACE ਇਨਿਹਿਬਟਰ, ਡਾਇਯੂਰੇਟਿਕਸ ਅਤੇ ਬੇਟਾ-ਬਲੌਕਰ ਵਰਗੀਆਂ ਦਵਾਈਆਂ ਰਕਤ ਦਬਾਅ ਨੂੰ ਕਾਬੂ ਕਰਨ ਵਿੱਚ ਸਹਾਇਤਾ ਕਰਦੀਆਂ ਹਨ, ਖੂਨ ਸੰਚਾਰ ਨੂੰ ਬਿਹਤਰ ਬਣਾਉਂਦੀਆਂ ਹਨ, ਰਕਤ ਦਬਾਅ ਨੂੰ ਘਟਾਉਣ ਅਤੇ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰਦੀਆਂ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)
























































































































