KrishanLalDr7“ਅਜੋਕੇ ਸਮਾਜ ਵਿੱਚ ਪਰਿਵਾਰਕ ਰਿਸ਼ਤਿਆਂ ਦੀ ਇਸ ਡਿਗ ਰਹੀ ਸਥਿਤੀ ਨੂੰ ...”
(30 ਅਕਤੂਬਰ 2025)


ਅਜੋਕੇ ਭੌਤਿਕਵਾਦੀ ਅਤੇ ਤੇਜ਼ੀ ਨਾਲ ਬਦਲਦੇ ਦੌਰ ਵਿੱਚ ਮਨੁੱਖੀ ਮਾਨਸਿਕਤਾ ਇੰਨੀ ਜ਼ਿਆਦਾ ਹੇਠਾਂ ਡਿਗ ਚੁੱਕੀ ਹੈ ਕਿ ਪਿਆਰ
, ਵਿਸ਼ਵਾਸ ਅਤੇ ਖੂਨ ਦੇ ਪਵਿੱਤਰ ਰਿਸ਼ਤੇ ਹੁਣ ਆਪਸੀ ਲਾਲਚ, ਬੇਕਾਬੂ ਗੁੱਸੇ, ਸਵਾਰਥ ਅਤੇ ਸ਼ੱਕ ਦੀ ਭੇਟ ਚੜ੍ਹ ਰਹੇ ਹਨ। ਪਿਛਲੇ ਕੁਝ ਮਹੀਨਿਆਂ ਦੌਰਾਨ ਦੇਸ਼ ਭਰ ਵਿੱਚੋਂ ਸਾਹਮਣੇ ਆਈਆਂ ਦਿਲ ਕੰਬਾਊ ਅਤੇ ਰੂਹ ਕੰਬਾਊ ਘਟਨਾਵਾਂ ਇਸ ਗੱਲ ਦੀ ਸਪਸ਼ਟ ਗਵਾਹੀ ਭਰਦੀਆਂ ਹਨ ਕਿ ਕਿਵੇਂ ਅਜੋਕਾ ਇਨਸਾਨ ਆਪਣੇ ਹੀ ਹੱਥਾਂ ਨਾਲ ਆਪਣੇ ਪਰਿਵਾਰਕ ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਿਹਾ। ਇਹ ਰੁਝਾਨ ਸਮਾਜ ਲਈ ਇੱਕ ਡੂੰਘੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਅਤੇ ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਦੇ ਤੇਜ਼ੀ ਨਾਲ ਹੋ ਰਹੇ ਪਤਨ ਨੂੰ ਉਜਾਗਰ ਕਰਦਾ ਹੈ।

ਪੰਜਾਬ ਵਿੱਚ ਵੀ ਘਰੇਲੂ ਕਲੇਸ਼ ਅਤੇ ਆਪਸੀ ਵਿਵਾਦਾਂ ਨੇ ਖੂਨ ਦੇ ਰਿਸ਼ਤਿਆਂ ਨੂੰ ਬੁਰੀ ਤਰ੍ਹਾਂ ਤਾਰ-ਤਾਰ ਕਰ ਦਿੱਤਾ ਹੈ। ਜਲਾਲਬਾਦ ਵਿੱਚ ਆਪਸੀ ਵਿਵਾਦ ਚਲਦਿਆਂ ਇੱਕ ਨੌਜਵਾਨ ਗੁਰਬਾਜ਼ ਸਿੰਘ ਵੱਲੋਂ ਆਪਣੇ ਹੀ ਪਿਤਾ ਮੁਖਤਿਆਰ ਸਿੰਘ ਦਾ ਕਤਲ ਕਰ ਦੇਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ। ਇਸੇ ਤਰ੍ਹਾਂ ਜਗਰਾਉਂ ਵਿੱਚ ਜਾਇਦਾਦ ਦੇ ਲਾਲਚ ਵਿੱਚ ਅੰਨ੍ਹੇ ਹੋਏ ਇੱਕ ਪੋਤੇ ਗੁਰਕੀਰਤ ਸਿੰਘ ਨੇ ਆਪਣੀ ਉਸ ਨਾਨੀ ਮਨਜੀਤ ਕੌਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸਨੇ ਬਚਪਨ ਵਿੱਚ ਮਾਤਾ-ਪਿਤਾ ਦੀ ਅਚਾਨਕ ਮੌਤ ਤੋਂ ਬਾਅਦ ਉਸਨੂੰ ਆਪਣੇ ਬੱਚਿਆਂ ਵਾਂਗ ਪਾਲਿਆ ਸੀ। ਪੈਸੇ ਦੀ ਹਵਸ ਅਤੇ ਜਾਇਦਾਦ ਦੇ ਮੋਹ ਨੇ ਰਿਸ਼ਤਿਆਂ ਦੀ ਹਰ ਪਵਿੱਤਰਤਾ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ।

ਮਾਨਸਿਕ ਤਣਾਅ ਅਤੇ ਆਪਸੀ ਖਿੱਚੋਤਾਣ ਇਸ ਹੱਦ ਤਕ ਵਧ ਚੁੱਕੀ ਹੈ ਕਿ ਹੁਣ ਮਾਂ-ਬਾਪ ਅਤੇ ਬੱਚਿਆਂ ਦੇ ਪਵਿੱਤਰ ਰਿਸ਼ਤੇ ਵੀ ਸੁਰੱਖਿਅਤ ਨਹੀਂ ਰਹੇ। ਗੁਜਰਾਤ ਦੇ ਦਾਹਗਾਮ ਵਿੱਚ ਪਰਿਵਾਰਕ ਕਲੇਸ਼ ਤੋਂ ਤੰਗ ਆ ਕੇ ਇੱਕ ਪਿਤਾ ਨੇ ਆਪਣੇ 3 ਮਹੀਨੇ ਦੇ ਦੁੱਧ ਚੁੰਘਦੇ ਮਾਸੂਮ ਬੱਚੇ ਨੂੰ ਖੂਹ ਵਿੱਚ ਸੁੱਟ ਦਿੱਤਾ। ਕਰਨਾਟਕ ਦੇ ਦੱਖਣੀ ਕਨੜ ਵਿੱਚ ਇੱਕ ਮਾਂ ਨੇ ਫੋਨ ’ਤੇ ਪਤੀ ਨਾਲ ਹੋਈ ਮਾਮੂਲੀ ਬਹਿਸ ਤੋਂ ਗੁੱਸੇ ਵਿੱਚ ਆ ਕੇ ਆਪਣੇ 1 ਅਤੇ 3 ਸਾਲ ਦੇ ਮਾਸੂਮ ਪੁੱਤਰਾਂ ਨੂੰ ਖੂਹ ਵਿੱਚ ਸੁੱਟ ਕੇ ਮਾਰ ਦਿੱਤਾ। ਇਹ ਘਟਨਾਵਾਂ ਦਰਸਾਉਂਦੀਆਂ ਹਨ ਕਿ ਗੁੱਸੇ ਅਤੇ ਮਾਨਸਿਕ ਤਣਾਅ ਵਿੱਚ ਇਨਸਾਨ ਆਪਣੀ ਸੋਚਣ-ਸਮਝਣ ਦੀ ਸ਼ਕਤੀ ਪੂਰੀ ਤਰ੍ਹਾਂ ਗੁਆ ਬੈਠਦਾ ਹੈ।

ਇਨ੍ਹਾਂ ਦੁਖਦਾਈ ਘਟਨਾਵਾਂ ਵਿੱਚ ਕਈ ਵਾਰ ਪੁਲਿਸ ਕਰਮਚਾਰੀ ਅਤੇ ਸੁਰੱਖਿਆ ਬਲਾਂ ਨਾਲ ਜੁੜੇ ਲੋਕ ਵੀ ਸ਼ਾਮਲ ਦੇਖਣ ਨੂੰ ਮਿਲੇ ਹਨ, ਜੋ ਸਮਾਜ ਵਿੱਚ ਕਾਨੂੰਨ ਅਤੇ ਸੁਰੱਖਿਆ ਦੇ ਮਿਆਰਾਂ ਉੱਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੇ ਹਨ। ਪਟਨਾ (ਬਿਹਾਰ) ਦੇ ਦਾਣਾਪੁਰ ਵਿੱਚ ਉਮਾਸ਼ੰਕਰ ਨਾਮ ਦੇ ਇੱਕ ਸਿਪਾਹੀ ਨੇ ਪਰਿਵਾਰਕ ਵਿਵਾਦ ਤੋਂ ਤੰਗ ਆ ਕੇ ਆਪਣੇ ਸਰਵਿਸ ਰਿਵਾਲਵਰ ਨਾਲ ਪਹਿਲਾਂ ਆਪਣੀ ਬੇਟੀ ਦੀ ਹੱਤਿਆ ਕੀਤੀ ਅਤੇ ਫਿਰ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਉੱਤਰ ਪ੍ਰਦੇਸ਼ ਦੇ ਦੇਹਰਾਦੂਨ ਵਿੱਚ ਪਾਰਸ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਕਾਜਲ ਨੂੰ ਗੋਲੀ ਮਾਰ ਦਿੱਤੀ, ਅਤੇ ਆਜ਼ਮਗੜ੍ਹ ਵਿੱਚ ਅਰਵਿੰਦਰ ਸਿੰਘ ਨੇ ਧਾਰਮਿਕ ਪ੍ਰੋਗਰਾਮ ਨੂੰ ਲੈ ਕੇ ਹੋਏ ਵਿਵਾਦ ਵਿੱਚ ਆਪਣੀ ਪਤਨੀ, ਪੁੱਤਰ ਅਤੇ ਉੱਥੇ ਮੌਜੂਦ ਪੁਜਾਰੀਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਦਿੱਲੀ ਦੇ ਚਿਰਾਗ ਇਲਾਕੇ ਵਿੱਚ ਸਬਜ਼ੀ ਬਣਾਉਣ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ ਵਿੱਚ ਕਮਲੇਸ਼ ਨਾਮ ਦੇ ਵਿਅਕਤੀ ਨੇ ਆਪਣੀ ਪਤਨੀ ਪੂਨਮ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੱਧ ਪ੍ਰਦੇਸ਼ ਦੇ ਦਮੋਹ ਵਿੱਚ ਦਵਾਰਿਕਾ ਪਟੇਲ ਨੇ ਪਰਿਵਾਰ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਕਲੇਸ਼ ਦੇ ਕਾਰਨ ਆਪਣੀ ਪਤਨੀ ਹੇਮਾਬਾਈ ਅਤੇ ਆਪਣੇ ਤਿੰਨ ਮਾਸੂਮ ਬੱਚਿਆਂ (ਪੁਤਰੀ ਉਰਮਿਲਾ ਅਤੇ ਦੋ ਪੁੱਤਰਾਂ ਉਮੇਸ਼ ਤੇ ਰਾਜਾ) ਨੂੰ ਕੁਹਾੜੀ ਨਾਲ ਵੱਢ ਕੇ ਰੱਖ ਦਿੱਤਾ। ਅਜਿਹੀਆਂ ਘਟਨਾਵਾਂ ਪਰਿਵਾਰਕ ਸਹਿਣ-ਸ਼ਕਤੀ, ਆਪਸੀ ਤਾਲਮੇਲ ਅਤੇ ਮਾਨਸਿਕ ਸੰਤੁਲਨ ਦੀ ਭਾਰੀ ਕਮੀ ਨੂੰ ਸਪਸ਼ਟ ਤੌਰ ’ਤੇ ਦਰਸਾਉਂਦੀਆਂ ਹਨ।

ਅਜੋਕੇ ਸਮੇਂ ਵਿੱਚ ਪਰਿਵਾਰਾਂ ਵਿੱਚ ਆਪਸੀ ਗੱਲਬਾਤ ਅਤੇ ਸੰਵਾਦ ਦਾ ਦਾਇਰਾ ਬਹੁਤ ਘਟ ਗਿਆ ਹੈ। ਪਹਿਲਾਂ ਦੇ ਸਮੇਂ ਵਿੱਚ ਸ਼ਾਮ ਨੂੰ ਪੂਰਾ ਪਰਿਵਾਰ ਬੈਠ ਕੇ ਆਪਣੇ ਦਿਨ ਭਰ ਦੀਆਂ ਗੱਲਾਂ ਸਾਂਝੀਆਂ ਕਰਦਾ ਸੀ, ਜਿਸ ਨਾਲ ਛੋਟੇ-ਮੋਟੇ ਮਤਭੇਦ ਆਪਣੇ-ਆਪ ਖਤਮ ਹੋ ਜਾਂਦੇ ਸਨ। ਪਰ ਅੱਜ ਦੇ ਡਿਜਿਟਲ ਯੁਗ ਵਿੱਚ ਹਰ ਕੋਈ ਆਪਣੇ ਮੋਬਾਇਲ ਅਤੇ ਵਰਚੁਅਲ ਦੁਨੀਆ ਵਿੱਚ ਰੁੱਝਿਆ ਹੋਇਆ ਹੈ, ਜਿਸ ਕਾਰਨ ਪਰਿਵਾਰਕ ਮੈਂਬਰਾਂ ਵਿਚ ਭਾਵਨਾਤਮਕ ਦੂਰੀਆਂ ਬਹੁਤ ਜ਼ਿਆਦਾ ਵਧ ਗਈਆਂ ਹਨ ਅਤੇ ਛੋਟੀਆਂ ਗੱਲਾਂ ਵੀ ਗੁੱਸੇ ਦਾ ਰੂਪ ਧਾਰਨ ਕਰ ਲੈਂਦੀਆਂ ਹਨ।

ਪਰਿਵਾਰਕ ਹਿੰਸਾ ਅਤੇ ਅਪਰਾਧਾਂ ਦੇ ਵਧਣ ਵਿੱਚ ਨਸ਼ੇ ਦੀ ਬਿਮਾਰੀ ਵੀ ਇੱਕ ਬਹੁਤ ਵੱਡਾ ਕਾਰਨ ਬਣਦੀ ਜਾ ਰਹੀ ਹੈ। ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ, ਜਿਸ ਕਾਰਨ ਉਨ੍ਹਾਂ ਦੀ ਸੋਚਣ-ਸਮਝਣ ਦੀ ਤਾਕਤ ਘਟਦੀ ਜਾਂਦੀ ਹੈ। ਨਸ਼ੇ ਦੀ ਹਾਲਤ ਵਿੱਚ ਇਨਸਾਨ ਆਪਣੀ ਮਾਂ, ਭੈਣ, ਪਤਨੀ ਜਾਂ ਬੱਚਿਆਂ ਵਿੱਚ ਫਰਕ ਨਹੀਂ ਸਮਝ ਪਾਉਂਦਾ ਅਤੇ ਹੋਸ਼ ਗੁਆ ਕੇ ਅਜਿਹੇ ਭਿਆਨਕ ਕਾਂਡ ਕਰ ਬੈਠਦਾ ਹੈ ਜਿਸਦਾ ਬਾਅਦ ਵਿੱਚ ਪਛਤਾਵਾ ਵੀ ਨਹੀਂ ਰਹਿੰਦਾ।

ਸਾਡੇ ਸਮਾਜ ਵਿੱਚ ਅੱਜ ਵੀ ਮਾਨਸਿਕ ਸਿਹਤ (ਮੈਂਟਲ ਹੈਲਥ) ਦੀ ਸਮੱਸਿਆ ਨੂੰ ਖੁੱਲ੍ਹ ਕੇ ਸਵੀਕਾਰ ਨਹੀਂ ਕੀਤਾ ਜਾਂਦਾ; ਡਿਪ੍ਰੈਸ਼ਨ ਜਾਂ ਤਣਾਅ ਵਰਗੀਆਂ ਬਿਮਾਰੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਜਦੋਂ ਕਿਸੇ ਵਿਅਕਤੀ ਦਾ ਮਾਨਸਿਕ ਤਣਾਅ ਹੱਦ ਤੋਂ ਵੱਧ ਵਧ ਜਾਂਦਾ ਹੈ ਅਤੇ ਉਸਨੂੰ ਕੋਈ ਸਹਾਰਾ ਨਹੀਂ ਮਿਲਦਾ ਤਾਂ ਉਹ ਅੰਦਰੋਂ ਟੁੱਟ ਜਾਂਦਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿੱਚ ਮਾਨਸਿਕ ਸਿਹਤ ਅਤੇ ਤਣਾਅ ਪ੍ਰਬੰਧਨ ਬਾਰੇ ਵਿਸ਼ੇਸ਼ ਕੈਂਪ ਲਾਏ ਜਾਣ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਸਹੀ ਮਾਰਗਦਰਸ਼ਨ ਮਿਲ ਸਕੇ।

ਪਰਿਵਾਰਕ ਕਲੇਸ਼ ਨੂੰ ਠੱਲ੍ਹ ਪਾਉਣ ਲਈ ਪੇਂਡੂ ਅਤੇ ਸ਼ਹਿਰੀ ਪੱਧਰ ’ਤੇ ਵਿਸ਼ੇਸ਼ ਕਾਉਂਸਲਿੰਗ ਕੇਂਦਰ ਸਥਾਪਤ ਕੀਤੇ ਜਾਣੇ ਚਾਹੀਦੇ ਹਨ, ਜਿੱਥੇ ਮਾਹਰਾਂ ਦੀ ਦੇਖ-ਰੇਖ ਹੇਠਾਂ ਝਗੜਿਆਂ ਦਾ ਸ਼ਾਂਤੀਪੂਰਵਕ ਹੱਲ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸਮਾਜ ਨੂੰ ਵੀ ਅਜਿਹੇ ਲੋਕਾਂ ਦਾ ਡਟ ਕੇ ਵਿਰੋਧ ਅਤੇ ਬਾਈਕਾਟ ਕਰਨਾ ਚਾਹੀਦਾ ਹੈ ਜਿਹੜੇ ਛੋਟੀ-ਛੋਟੀ ਗੱਲ ’ਤੇ ਘਰਾਂ ਵਿੱਚ ਹਿੰਸਾ ਨੂੰ ਬੜ੍ਹਾਵਾ ਦਿੰਦੇ ਹਨ। ਜਦੋਂ ਤਕ ਸਮਾਜ ਖੁਦ ਅਜਿਹੇ ਰਵਈਏ ਪ੍ਰਤੀ ਸਖਤ ਰੁਖ ਨਹੀਂ ਅਪਣਾਏਗਾ, ਤਦ ਤਕ ਅਜਿਹੀਆਂ ਘਟਨਾਵਾਂ ਨੂੰ ਰੋਕਣਾ ਮੁਸ਼ਕਿਲ ਹੋਵੇਗਾ।

ਅਜੋਕੇ ਸਮਾਜ ਵਿੱਚ ਪਰਿਵਾਰਕ ਰਿਸ਼ਤਿਆਂ ਦੀ ਇਸ ਡਿਗ ਰਹੀ ਸਥਿਤੀ ਨੂੰ ਸੁਧਾਰਨ ਲਈ ਕੇਵਲ ਸਮਾਜਿਕ ਯਤਨ ਹੀ ਕਾਫੀ ਨਹੀਂ ਹਨ, ਸਗੋਂ ਪ੍ਰਸ਼ਾਸਨ ਨੂੰ ਵੀ ਬਹੁਤ ਸਖਤ ਹੋਣਾ ਪਵੇਗਾ। ਸਰਕਾਰ ਅਤੇ ਕਾਨੂੰਨ ਨੂੰ ਅਜਿਹੇ ਘਿਨਾਉਣੇ ਅਪਰਾਧਾਂ ਵਿਰੁੱਧ ਬੇਹੱਦ ਸਖਤ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਅਜਿਹੇ ਦੋਸ਼ੀਆਂ ਨੂੰ ਅਦਾਲਤਾਂ ਵੱਲੋਂ ਮਿਸਾਲੀ ਸਜ਼ਾ ਮਿਲ ਸਕੇ। ਇਸ ਨਾਲ ਨਾ ਸਿਰਫ ਆਮ ਲੋਕਾਂ ਵਿੱਚ ਕਾਨੂੰਨ ਦਾ ਡਰ ਬਣੇਗਾ, ਸਗੋਂ ਸਾਡੇ ਸਮਾਜ ਵਿੱਚ ਇੱਕ ਸ਼ਾਂਤਮਈ, ਪਵਿੱਤਰ ਅਤੇ ਸੁਰੱਖਿਅਤ ਵਾਤਾਵਰਣ ਦੀ ਮੁੜ ਸਿਰਜਣਾ ਹੋ ਸਕੇਗੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਡਾ. ਕ੍ਰਿਸ਼ਨ ਲਾਲ

ਡਾ. ਕ੍ਰਿਸ਼ਨ ਲਾਲ

Retd. Lecturer (Political Science)
WhatsApp (91 - 62831 - 16797)
Email: (drkrishan365@gmail.com)

More articles from this author