“(2) ਜਦੋਂ ਰਾਹ ਸੱਚ ਦਾ ਹੋਵੇ ਤਾਂ ਨਿੰਦਾ ਦਾ ਕੀ ਡਰ? --- ਡਾ. ਕ੍ਰਿਸ਼ਨ ਲਾਲ”
(25 ਅਗਸਤ 2026)
ਅਜੋਕੇ ਦੌਰ ਵਿੱਚ ਬੇਲਗਾਮ ਵਧ ਰਹੀ ਮਹਿੰਗਾਈ ਨੇ ਆਮ ਨਾਗਰਿਕ, ਮੱਧਵਰਗੀ ਅਤੇ ਗਰੀਬ ਵਰਗ ਦੀ ਆਰਥਿਕ ਕਮਰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤੀ ਹੈ। ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੇ ਭਾਅ ਵਿੱਚ ਹਰ ਨਵੇਂ ਦਿਨ ਅਜਿਹਾ ਉਛਾਲ ਆਉਂਦਾ ਹੈ ਜੋ ਪਰਿਵਾਰ ਦੇ ਪੂਰੇ ਮਹੀਨੇ ਦੇ ਬਜਟ ਨੂੰ ਤਹਿਸ-ਨਹਿਸ ਕਰ ਦਿੰਦਾ ਹੈ। ਆਮਦਨ ਦੇ ਸੀਮਿਤ ਸਾਧਨਾਂ ਅਤੇ ਲਗਾਤਾਰ ਵਧਦੇ ਖਰਚਿਆਂ ਕਾਰਨ ਮਹੀਨੇ ਦੇ ਪਹਿਲੇ ਦਸ ਦਿਨਾਂ ਵਿੱਚ ਹੀ ਕਮਾਈ ਮੁੱਕ ਜਾਂਦੀ ਹੈ, ਜਿਸ ਤੋਂ ਬਾਅਦ ਬਾਕੀ ਰਹਿੰਦੇ ਵੀਹ ਦਿਨ ਘਰ ਦਾ ਗੁਜ਼ਾਰਾ ਚਲਾਉਣਾ ਇੱਕ ਦਰਦਨਾਕ ਜੱਦੋਜਹਿਦ ਬਣ ਜਾਂਦਾ ਹੈ।
ਰਸੋਈ ਦੇ ਬਜਟ ਵਿੱਚ ਪਿਛਲੇ ਚਾਰ-ਪੰਜ ਸਾਲਾਂ ਦੌਰਾਨ ਸਭ ਤੋਂ ਵੱਡਾ ਉਛਾਲ ਆਇਆ ਹੈ, ਜਿਸ ਕਾਰਨ ਖਾਣ-ਪੀਣ ਦੀਆਂ ਵਸਤਾਂ 25% ਤੋਂ 70% ਤਕ ਮਹਿੰਗੀਆਂ ਹੋ ਚੁੱਕੀਆਂ ਹਨ। ਕਣਕ ਦਾ ਆਟਾ ਜੋ ਪਹਿਲਾਂ 240 ਤੋਂ 270 ਰੁਪਏ ਪ੍ਰਤੀ 10 ਕਿੱਲੋ ਮਿਲਦਾ ਸੀ, ਹੁਣ 360 ਤੋਂ 420 ਰੁਪਏ ਤਕ ਪਹੁੰਚ ਗਿਆ ਹੈ। ਮੱਕੀ ਦਾ ਆਟਾ 36 ਤੋਂ ਵਧ ਕੇ 40 ਰੁਪਏ ਅਤੇ ਚੌਲਾਂ ਦਾ ਆਟਾ 38 ਤੋਂ ਵਧ ਕੇ 42 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ। ਖਾਣ ਵਾਲੇ ਤੇਲ ਦੀਆਂ ਕੀਮਤਾਂ 95-110 ਤੋਂ ਵਧ ਕੇ 140-165 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ, ਜਦਕਿ ਚੌਲ 60-70 ਤੋਂ ਵਧ ਕੇ 90-120 ਰੁਪਏ ਅਤੇ ਚੌਲ ਕਣਕੀ 25 ਤੋਂ ਵਧ ਕੇ 29 ਰੁਪਏ ਪ੍ਰਤੀ ਕਿੱਲੋ ਵਿਕ ਰਹੇ ਹਨ। ਖੰਡ ਲਗਭਗ 40% ਵਾਧੇ ਨਾਲ 48 ਤੋਂ 67 ਰੁਪਏ, ਗੁੜ 50 ਤੋਂ 65 ਰੁਪਏ, ਚਾਹ ਪੱਤੀ 460-520 ਰੁਪਏ ਅਤੇ ਜੀਰਾ 180-220 ਤੋਂ ਛਾਲ ਮਾਰ ਕੇ 300-380 ਰੁਪਏ ਪ੍ਰਤੀ ਕਿੱਲੋ ਤਕ ਪਹੁੰਚ ਚੁੱਕਾ ਹੈ। ਪ੍ਰੋਟੀਨ ਦਾ ਸਭ ਤੋਂ ਵੱਡਾ ਅਤੇ ਸਸਤਾ ਸਰੋਤ ਮੰਨੀਆਂ ਜਾਂਦੀਆਂ ਦਾਲਾਂ ਆਮ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਹੋਣ ਕਾਰਨ ਥਾਲੀ ਵਿੱਚੋਂ ਪੌਸ਼ਟਿਕਤਾ ਅਲੋਪ ਹੋ ਰਹੀ ਹੈ।
ਸਬਜ਼ੀਆਂ ਦਾ ਹਾਲ ਵੀ ਬੇਹੱਦ ਖਰਾਬ ਹੈ। ਆਲੂ, ਪਿਆਜ਼, ਟਮਾਟਰ, ਲਸਣ ਅਤੇ ਅਦਰਕ ਵਰਗੀਆਂ ਮੁਢਲੀਆਂ ਵਸਤਾਂ ਦੇ ਰੇਟ ਅਸਮਾਨ ਛੂਹ ਰਹੇ ਹਨ ਅਤੇ ਲੋਕ ਕਿੱਲੋਆਂ ਦੀ ਥਾਂ ਪਾਈਆਂ ਦੇ ਹਿਸਾਬ ਨਾਲ ਗਿਣ-ਮਿਣ ਕੇ ਖਰੀਦਦਾਰੀ ਕਰਨ ਲਈ ਮਜਬੂਰ ਹਨ। ਦੂਜੇ ਪਾਸੇ ਰਸੋਈ ਗੈਸ (ਐੱਲ.ਪੀ.ਜੀ.) ਦੇ ਸਿਲੰਡਰਾਂ ਦੀਆਂ ਕੀਮਤਾਂ ਵਧਣ ਕਾਰਨ ਉੱਜਵਲਾ ਯੋਜਨਾ ਦੇ ਸਿਲੰਡਰ ਘਰਾਂ ਵਿੱਚ ਸਿਰਫ ਸ਼ੋਅਪੀਸ ਬਣ ਕੇ ਰਹਿ ਗਏ ਹਨ। ਗਰੀਬ ਪਰਿਵਾਰਾਂ ਦੀਆਂ ਔਰਤਾਂ ਮਜਬੂਰ ਹੋ ਕੇ ਮੁੜ ਮਿੱਟੀ ਦੇ ਚੁੱਲ੍ਹਿਆਂ, ਲੱਕੜ ਅਤੇ ਪਾਥੀਆਂ ਵੱਲ ਪਰਤ ਰਹੀਆਂ ਹਨ, ਜਿਸ ਨਾਲ ਘਰੇਲੂ ਪ੍ਰਦੂਸ਼ਣ ਵਧ ਰਿਹਾ ਹੈ ਅਤੇ ਉਹ ਸਾਹ ਅਤੇ ਅੱਖਾਂ ਦੀਆਂ ਗੰਭੀਰ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੀਆਂ ਹਨ।
ਆਪਣੀ ਛੱਤ ਬਣਾਉਣ ਦਾ ਸੁਪਨਾ ਵੀ ਮਹਿੰਗਾਈ ਦੀ ਭੇਟ ਚੜ੍ਹ ਗਿਆ ਹੈ, ਕਿਉਂਕਿ ਮਕਾਨ ਉਸਾਰੀ ਸਮਗਰੀ ਦੀ ਲਾਗਤ ਵਿੱਚ 40% ਤੋਂ 60% ਤਕ ਦਾ ਵਾਧਾ ਹੋਇਆ ਹੈ। ਸੀਮਿੰਟ ਦੀ ਬੋਰੀ ਜੋ ਪਹਿਲਾਂ 260 ਤੋਂ 290 ਵਿੱਚ ਆਉਂਦੀ ਸੀ, ਹੁਣ 370 ਤੋਂ 430 ਰੁਪਏ ਵਿੱਚ ਮਿਲਦੀ ਹੈ। ਸਰੀਏ (ਲੋਹੇ) ਦੇ ਭਾਅ 40-45 ਤੋਂ ਵਧ ਕੇ 60-70 ਰੁਪਏ ਪ੍ਰਤੀ ਕਿੱਲੋ, ਰੇਤਾ-ਬਜਰੀ 22-28 ਤੋਂ ਵਧ ਕੇ 38-50 ਰੁਪਏ ਪ੍ਰਤੀ ਫੁੱਟ ਅਤੇ ਇੱਕ ਹਜ਼ਾਰ ਇੱਟਾਂ ਦੀ ਕੀਮਤ 4,500-5,200 ਤੋਂ ਵਧ ਕੇ 6,500 ਤੋਂ ਹਜ਼ਾਰ ਰੁਪਏ ਤਕ ਪਹੁੰਚ ਗਈ ਹੈ, ਜਿਸ ਕਾਰਨ ਆਮ ਆਦਮੀ ਲਈ ਘਰ ਦੀ ਉਸਾਰੀ ਕਰਨਾ ਅਸੰਭਵ ਹੋ ਗਿਆ ਹੈ।
ਕਿਸਾਨਾਂ ਲਈ ਫਸਲ ਪਾਲਣ ਦਾ ਖਰਚਾ ਵੀ ਅਸਹਿਣਯੋਗ ਹੱਦ ਤਕ ਵਧ ਗਿਆ ਹੈ। ਡੀਏਪੀ ਖਾਦ ਦੀ ਸਬਸਿਡੀ ਵਾਲੀ ਬੋਰੀ 1,000-1,100 ਤੋਂ ਵਧ ਕੇ ਲਗਭਗ 1,350 ਰੁਪਏ ਹੋ ਚੁੱਕੀ ਹੈ ਅਤੇ ਕੀਟਨਾਸ਼ਕ-ਨਦੀਨਨਾਸ਼ਕ ਦਵਾਈਆਂ ਦਾ ਪ੍ਰਤੀ ਏਕੜ ਖਰਚਾ 600-800 ਤੋਂ ਵਧ ਕੇ 1,000-1,400 ਰੁਪਏ ਤਕ ਪਹੁੰਚ ਗਿਆ ਹੈ। ਡੀਜ਼ਲ ਮਹਿੰਗਾ ਹੋਣ ਕਾਰਨ ਟਰੈਕਟਰ ਰਾਹੀਂ ਖੇਤ ਦੀ ਵਹਾਈ-ਬਿਜਾਈ 350-400 ਤੋਂ ਵਧ ਕੇ 500-600 ਰੁਪਏ ਪ੍ਰਤੀ ਘੰਟਾ ਅਤੇ ਮਜ਼ਦੂਰਾਂ ਦੀ ਦਿਹਾੜੀ 300-350 ਤੋਂ ਵਧ ਕੇ 450-550 ਰੁਪਏ ਪ੍ਰਤੀ ਦਿਨ ਹੋ ਗਈ ਹੈ। ਇਸ ਤੋਂ ਇਲਾਵਾ ਪਸ਼ੂਆਂ ਦਾ ਚਾਰਾ 10.34% ਅਤੇ ਪੋਲਟਰੀ ਫੀਡ 8.70% ਤਕ ਮਹਿੰਗੀ ਹੋ ਚੁੱਕੀ ਹੈ, ਜਿਸਨੇ ਖੇਤੀ ਅਤੇ ਪਸ਼ੂ ਪਾਲਣ ਨੂੰ ਘਾਟੇ ਦਾ ਸੌਦਾ ਬਣਾ ਦਿੱਤਾ ਹੈ।
ਟਰਾਂਸਪੋਰਟ ਅਤੇ ਸੰਚਾਰ ਦੇ ਵਧਦੇ ਖਰਚਿਆਂ ਨੇ ਆਮ ਲੋਕਾਂ ਦਾ ਲੱਕ ਹੋਰ ਤੋੜ ਦਿੱਤਾ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਮਾਲ-ਢੁਆਈ ਮਹਿੰਗੀ ਕਰਕੇ ਹਰ ਨਿੱਕੀ-ਮੋਟੀ ਵਸਤੂ ਦੇ ਭਾਅ ਵਧਾ ਦਿੱਤੇ ਹਨ। ਰੋਜ਼ਾਨਾ ਵਰਤੋਂ ਵਾਲਾ 100-110cc ਦਾ ਮੋਟਰਸਾਈਕਲ ਜੋ ਪਹਿਲਾਂ 50 ਹਜ਼ਾਰ ਤੋਂ 58 ਹਜ਼ਾਰ ਰੁਪਏ ਵਿੱਚ ਮਿਲਦਾ ਸੀ, ਹੁਣ 72 ਹਜ਼ਾਰ ਤੋਂ 85 ਹਜ਼ਾਰ ਰੁਪਏ ਦਾ ਹੋ ਗਿਆ ਹੈ। ਲੋਕਲ ਬੱਸਾਂ ਅਤੇ ਆਟੋ ਦਾ ਕਿਰਾਇਆ 10-15 ਤੋਂ ਵਧ ਕੇ 20-30 ਰੁਪਏ ਹੋ ਚੁੱਕਾ ਹੈ ਅਤੇ ਮੋਬਾਇਲ ਦਾ 84 ਦਿਨਾਂ ਵਾਲਾ ਰੀਚਾਰਜ ਪਲਾਨ 399-555 ਤੋਂ ਵਧ ਕੇ 799-999 ਰੁਪਏ ਤਕ ਪਹੁੰਚ ਗਿਆ ਹੈ, ਜੋ ਕਿ ਲਗਭਗ ਦੁੱਗਣਾ ਵਾਧਾ ਹੈ।
ਸਿੱਖਿਆ ਅਤੇ ਸਿਹਤ ਸੇਵਾਵਾਂ ’ਤੇ ਹੋਣ ਵਾਲਾ ਖਰਚਾ ਵੀ 50% ਤੋਂ 80% ਤਕ ਵਧ ਚੁੱਕਾ ਹੈ। ਪ੍ਰਾਈਵੇਟ ਸਕੂਲਾਂ ਦੀ ਮਹੀਨਾਵਾਰ ਫੀਸ 1,500-2, 00 ਤੋਂ ਵਧ ਕੇ 2, 00-4, 00 ਰੁਪਏ ਤੋਂ ਪਾਰ ਹੋ ਗਈ ਹੈ। ਸਲਾਨਾ ਕਿਤਾਬਾਂ-ਕਾਪੀਆਂ ਦਾ ਸੈੱਟ 2,3 ਹਜ਼ਾਰ ਦੀ ਥਾਂ 3,500-5,500 ਰੁਪਏ ਵਿੱਚ ਆਉਂਦਾ ਹੈ। ਸਰਕਾਰੀ ਹਸਪਤਾਲਾਂ ਵਿੱਚ ਸਹੂਲਤਾਂ ਦੀ ਘਾਟ ਕਾਰਨ ਲੋਕ ਨਿੱਜੀ ਹਸਪਤਾਲਾਂ ਵੱਲ ਜਾਣ ਲਈ ਮਜਬੂਰ ਹਨ, ਜਿੱਥੇ ਡਾਕਟਰਾਂ ਦੀ ਓਪੀਡੀ ਫੀਸ 200-300 ਤੋਂ ਵਧ ਕੇ 400-600 ਰੁਪਏ ਹੋ ਗਈ ਹੈ ਅਤੇ ਸ਼ੂਗਰ ਜਾਂ ਬੀਪੀ ਵਰਗੀਆਂ ਬਿਮਾਰੀਆਂ ਦੀਆਂ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਦਵਾਈਆਂ ਦਾ ਮਹੀਨਾਵਾਰ ਖਰਚਾ 8 ਸੌ, ਹਜ਼ਾਰ ਤੋਂ ਵਧ ਕੇ 1,300-1,700 ਰੁਪਏ ਹੋ ਗਿਆ ਹੈ, ਜੋ ਪਰਿਵਾਰਾਂ ਦੀ ਜਮ੍ਹਾਂ-ਪੂੰਜੀ ਨੂੰ ਖਤਮ ਕਰ ਰਿਹਾ ਹੈ।
ਇਸ ਸਾਰੇ ਸੰਕਟ ਵਿਚਕਾਰ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਵਸਤਾਂ ਦੇ ਰੇਟ ਵਧਣ ਦੇ ਬਾਵਜੂਦ ਆਮ ਆਦਮੀ ਦੀ ਆਮਦਨ ਬਿਲਕੁਲ ਸਥਿਰ ਖੜ੍ਹੀ ਹੈ। ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਮਜ਼ਦੂਰਾਂ ਦੀ ਦਿਹਾੜੀ ਵਿੱਚ ਮਹਿੰਗਾਈ ਦੇ ਮੁਕਾਬਲੇ ਕੋਈ ਵਾਧਾ ਨਹੀਂ ਹੋਇਆ, ਜਿਸ ਨਾਲ ਜਨਤਾ ਦੀ ਖਰੀਦ ਸ਼ਕਤੀ ਘਟ ਗਈ ਹੈ। ਇਸਦਾ ਸਿੱਧਾ ਅਸਰ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ’ਤੇ ਪਿਆ ਹੈ ਜਿਨ੍ਹਾਂ ਦੀ ਵਿਕਰੀ ਘਟਣ ਕਾਰਨ ਦੁਕਾਨਾਂ ਦੇ ਕਿਰਾਏ ਅਤੇ ਕਮਰਸ਼ੀਅਲ ਬਿਜਲੀ ਦੇ ਬਿੱਲ ਕੱਢਣੇ ਵੀ ਔਖੇ ਹੋ ਗਏ ਹਨ। ਲਗਾਤਾਰ ਵਧਦੇ ਖਰਚਿਆਂ ਕਾਰਨ ਲੋਕ ਕਰੈਡਿਟ ਕਾਰਡਾਂ ਅਤੇ ਨਿੱਜੀ ਸ਼ਾਹੂਕਾਰਾਂ ਤੋਂ ਮੋਟੇ ਬਿਆਜ ’ਤੇ ਕਰਜ਼ਾ ਚੁੱਕਣ ਲਈ ਮਜਬੂਰ ਹਨ, ਜਿਸਨੇ ਪਰਿਵਾਰਾਂ ਵਿੱਚ ਮਾਨਸਿਕ ਤਣਾਅ ਅਤੇ ਘਰੇਲੂ ਕਲੇਸ਼ ਨੂੰ ਵਧਾ ਦਿੱਤਾ ਹੈ।
ਕੁਦਰਤੀ ਕਾਰਨਾਂ ਤੋਂ ਇਲਾਵਾ ਵੱਡੇ ਪੂੰਜੀਪਤੀਆਂ ਵੱਲੋਂ ਕੀਤੀ ਜਾਂਦੀ ਨਾਜਾਇਜ਼ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਵੀ ਇਸ ਮਹਿੰਗਾਈ ਨੂੰ ਹੋਰ ਭੜਕਾ ਰਹੀ ਹੈ, ਜਿਸ ਉੱਤੇ ਸਰਕਾਰੀ ਪ੍ਰਸ਼ਾਸਨ ਦੀ ਢਿੱਲ ਕਾਰਨ ਕੋਈ ਕੰਟਰੋਲ ਨਹੀਂ ਹੋ ਰਿਹਾ। ਇਸ ਗੰਭੀਰ ਸੰਕਟ ਵਿੱਚੋਂ ਨਿਕਲਣ ਲਈ ਸਰਕਾਰ ਨੂੰ ਤੁਰੰਤ ਖਾਣ-ਪੀਣ ਅਤੇ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਉੱਤੋਂ ਜੀ.ਐੱਸ.ਟੀ. ਦੀਆਂ ਦਰਾਂ ਘਟਾਉਣੀਆਂ ਚਾਹੀਦੀਆਂ ਹਨ ਅਤੇ ਜਮ੍ਹਾਂਖੋਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਜਨਤਕ ਵੰਡ ਪ੍ਰਣਾਲੀ (ਡਿਪੂਆਂ) ਰਾਹੀਂ ਸਸਤੇ ਭਾਅ ’ਤੇ ਮਿਆਰੀ ਰਾਸ਼ਨ, ਦਾਲਾਂ ਅਤੇ ਤੇਲ ਮੁਹਈਆ ਕਰਵਾਉਣਾ ਅਤੇ ਰੁਜ਼ਗਾਰ ਦੇ ਪੱਕੇ ਮੌਕੇ ਪੈਦਾ ਕਰਨਾ ਲਾਜ਼ਮੀ ਹੈ, ਤਾਂ ਜੋ ਆਮ ਨਾਗਰਿਕ ਇਸ ਆਰਥਿਕ ਦਮਘੋਟੂ ਮਾਹੌਲ ਵਿੱਚੋਂ ਨਿਕਲਕੇ ਇੱਕ ਸਨਮਾਨਜਨਕ ਜੀਵਨ ਜੀਅ ਸਕਣ।
* * * *
ਜਦੋਂ ਰਾਹ ਸੱਚ ਦਾ ਹੋਵੇ ਤਾਂ ਨਿੰਦਾ ਦਾ ਕੀ ਡਰ? --- ਡਾ. ਕ੍ਰਿਸ਼ਨ ਲਾਲ
ਮਨੁੱਖ ਇੱਕ ਸਮਾਜਿਕ ਜੀਵ ਹੈ ਅਤੇ ਸਮਾਜ ਵਿੱਚ ਵਿਚਰਦਿਆਂ ਉਸਦਾ ਹਰ ਤਰ੍ਹਾਂ ਦੇ ਸੁਭਾਅ, ਵਿਚਾਰਧਾਰਾ ਅਤੇ ਮਾਨਸਿਕਤਾ ਵਾਲੇ ਲੋਕਾਂ ਨਾਲ ਵਾਹ ਪੈਂਦਾ ਹੈ। ਜਦੋਂ ਵੀ ਕੋਈ ਇਨਸਾਨ ਸਮਾਜ ਦੀ ਭਲਾਈ, ਨਵੀਂ ਸੋਚ ਜਾਂ ਨੇਕ ਮਾਰਗ ’ਤੇ ਤੁਰਨ ਦਾ ਫੈਸਲਾ ਕਰਦਾ ਹੈ ਤਾਂ ਉਸਦਾ ਸਾਹਮਣਾ ਦੋ ਤਰ੍ਹਾਂ ਦੇ ਪ੍ਰਤੀਕਰਮਾਂ ਨਾਲ ਹੁੰਦਾ ਹੈ; ਇੱਕ ਪ੍ਰਸ਼ੰਸਾ ਅਤੇ ਦੂਜੀ ਨਿੰਦਾ। ਜਿੱਥੇ ਪ੍ਰਸ਼ੰਸਾ ਮਨ ਨੂੰ ਹੱਲਾਸ਼ੇਰੀ ਦਿੰਦੀ ਹੈ, ਉੱਥੇ ਹੀ ਨਿੰਦਾ ਅਕਸਰ ਮਨੁੱਖ ਦੇ ਹੌਸਲੇ ਅਤੇ ਸਹਿਣਸ਼ੀਲਤਾ ਦੀ ਪ੍ਰੀਖਿਆ ਲੈਂਦੀ ਹੈ। ਅਸਲ ਸਫਲਤਾ ਅਤੇ ਮਹਾਨਤਾ ਇਸ ਗੱਲ ਵਿੱਚ ਨਹੀਂ ਕਿ ਕੋਈ ਸਾਡੀ ਆਲੋਚਨਾ ਹੀ ਨਾ ਕਰੇ, ਸਗੋਂ ਇਸ ਗੱਲ ਵਿੱਚ ਹੈ ਕਿ ਅਸੀਂ ਨਿੰਦਾ ਤੋਂ ਡੋਲੇ ਬਿਨਾਂ ਆਪਣੇ ਨੇਕ ਟੀਚਿਆਂ ਵੱਲ ਨਿਰੰਤਰ ਵਧਦੇ ਰਹੀਏ।
ਭਾਰਤੀ ਅਧਿਆਤਮਿਕ ਪਰੰਪਰਾ ਵਿੱਚ ਸੰਤ ਕਬੀਰ ਜੀ ਨੇ ਨਿੰਦਾ ਨੂੰ ਇੱਕ ਬਹੁਤ ਹੀ ਸਕਾਰਾਤਮਕ ਅਤੇ ਉਸਾਰੂ ਨਜ਼ਰੀਏ ਨਾਲ ਦੇਖਿਆ ਹੈ: ‘ਨਿੰਦਕ ਨੀਅਰੇ ਰਾਖੀਐ, ਆਂਗਨ ਕੁਟੀ ਛਵਾਇ। ਬਿਨ ਪਾਨੀ ਸਾਬੁਨ ਬਿਨਾਂ, ਨਿਰਮਲ ਕਰੇ ਸੁਭਾਇ।’ ਕਬੀਰ ਜੀ ਸਮਝਾਉਂਦੇ ਹਨ ਕਿ ਆਲੋਚਕ ਨੂੰ ਆਪਣੇ ਨੇੜੇ ਰੱਖਣਾ ਚਾਹੀਦਾ ਹੈ। ਜਿਵੇਂ ਸਾਬਣ ਅਤੇ ਪਾਣੀ ਕੱਪੜਿਆਂ ਦੀ ਮੈਲ ਧੋਂਦੇ ਹਨ, ਠੀਕ ਉਸੇ ਤਰ੍ਹਾਂ ਨਿੰਦਕ ਬਿਨਾਂ ਕਿਸੇ ਖਰਚੇ ਦੇ ਸਾਡੀਆਂ ਕਮੀਆਂ ਦੱਸ ਕੇ ਸਾਡੇ ਕਿਰਦਾਰ ਅਤੇ ਸੁਭਾਅ ਨੂੰ ਸਾਫ-ਸੁਥਰਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਨਿੰਦਕ ਅਸਲ ਵਿੱਚ ਸਾਡੇ ਸਭ ਤੋਂ ਵੱਡੇ ਮੁਫਤ ਦੇ ਨਿਰੀਖਕ ਹੁੰਦੇ ਹਨ। ਅਕਸਰ ਸਾਡੇ ਮਿੱਤਰ ਜਾਂ ਖੁਸ਼ਾਮਦੀ ਲੋਕ ਰਿਸ਼ਤੇ ਖਰਾਬ ਹੋਣ ਦੇ ਡਰੋਂ ਸਾਡੀਆਂ ਵੱਡੀਆਂ ਗਲਤੀਆਂ ਨੂੰ ਵੀ ਅਣਦੇਖਿਆ ਕਰ ਦਿੰਦੇ ਹਨ। ਪਰ ਨਿੰਦਕ ਸਾਡੀ ਹਰ ਛੋਟੀ ਤੋਂ ਛੋਟੀ ਕਮੀ ’ਤੇ ਤਿੱਖੀ ਨਜ਼ਰ ਰੱਖਦਾ ਹੈ। ਜੇਕਰ ਅਸੀਂ ਗੁੱਸਾ ਕਰਨ ਦੀ ਬਜਾਏ ਨਿੰਦਕ ਦੀਆਂ ਗੱਲਾਂ ਵਿੱਚੋਂ ਆਤਮ-ਪੜਚੋਲ ਕਰੀਏ ਤਾਂ ਅਸੀਂ ਆਪਣੀਆਂ ਕਮੀਆਂ ਨੂੰ ਸਮੇਂ ਸਿਰ ਸੁਧਾਰ ਕੇ ਆਪਣੇ ਆਪ ਨੂੰ ਬਿਹਤਰ ਇਨਸਾਨ ਬਣਾ ਸਕਦੇ ਹਾਂ।
ਕੁਦਰਤ ਦਾ ਇਹ ਅਟੱਲ ਨਿਯਮ ਹੈ ਕਿ ਲੋਕ ਪੱਥਰ ਹਮੇਸ਼ਾ ਉਸੇ ਦ੍ਰਖਤ ਨੂੰ ਮਾਰਦੇ ਹਨ ਜਿਸਦੀਆਂ ਟਾਹਣੀਆਂ ਮਿੱਠੇ ਫਲਾਂ ਨਾਲ ਲੱਦੀਆਂ ਹੁੰਦੀਆਂ ਹਨ। ਸੁੱਕੇ ਰੁੱਖ ਵੱਲ ਕੋਈ ਪੱਥਰ ਨਹੀਂ ਸੁੱਟਦਾ। ਠੀਕ ਇਸੇ ਤਰ੍ਹਾਂ ਜੇਕਰ ਸਮਾਜ ਵਿੱਚ ਤੁਹਾਡੀ ਆਲੋਚਨਾ ਹੋ ਰਹੀ ਹੈ ਤਾਂ ਸਮਝ ਲਵੋ ਕਿ ਤੁਸੀਂ ਕੁਝ ਸਾਰਥਕ ਅਤੇ ਨਵਾਂ ਕਰ ਰਹੇ ਹੋ। ਤੁਹਾਡੀ ਨਿੰਦਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਤੁਹਾਡੇ ਕੰਮਾਂ ਅਤੇ ਹੋਂਦ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ।
ਦੁਨੀਆ ਦੇ ਕਿਸੇ ਵੀ ਮਹਾਨ ਰਹਿਬਰ, ਪੈਗੰਬਰ ਜਾਂ ਸਮਾਜ ਸੁਧਾਰਕ ਦਾ ਰਾਹ ਕਦੇ ਅਸਾਨ ਨਹੀਂ ਰਿਹਾ। ਗੁਰੂ ਸਾਹਿਬਾਨਾਂ, ਸੰਤਾਂ ਅਤੇ ਦੇਸ਼ ਭਗਤਾਂ ਨੇ ਜਦੋਂ ਵੀ ਸਮਾਜਿਕ ਕੁਰੀਤੀਆਂ, ਜਾਤ-ਪਾਤ ਜਾਂ ਜ਼ੁਲਮ ਦੇ ਖਿਲਾਫ ਅਵਾਜ਼ ਚੁੱਕੀ ਤਾਂ ਉਸ ਸਮੇਂ ਦੇ ਕੱਟੜਪੰਥੀ ਅਤੇ ਸਵਾਰਥੀ ਅਨਸਰਾਂ ਨੇ ਉਨ੍ਹਾਂ ਦੀ ਘੋਰ ਨਿੰਦਾ ਕੀਤੀ ਅਤੇ ਰੁਕਾਵਟਾਂ ਖੜ੍ਹੀਆਂ ਕੀਤੀਆਂ। ਪਰ ਉਹ ਮਹਾਂਪੁਰਖ ਕਿਸੇ ਵਿਰੋਧ ਦੀ ਪਰਵਾਹ ਕੀਤੇ ਬਿਨਾਂ ਸੱਚ ਦੇ ਮਾਰਗ ’ਤੇ ਡਟੇ ਰਹੇ ਅਤੇ ਅੰਤ ਵਿੱਚ ਸੱਚ ਤੇ ਨੇਕੀ ਦੀ ਹੀ ਜਿੱਤ ਹੋਈ।
ਬਹੁਤ ਸਾਰੇ ਲੋਕ ਕਮਜ਼ੋਰ ਮਨੋਬਲ ਕਾਰਨ ਲੋਕਾਂ ਦੇ ਤਾਅਨੇ ਸੁਣ ਕੇ ਦਿਲ ਛੱਡ ਬੈਠਦੇ ਹਨ ਅਤੇ ਆਪਣੇ ਵੱਡੇ ਸੁਪਨਿਆਂ ਨੂੰ ਵਿਚਕਾਰ ਹੀ ਅਧੂਰਾ ਛੱਡ ਦਿੰਦੇ ਹਨ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਲੋਕਾਂ ਦੀਆਂ ਗੱਲਾਂ ਉਨ੍ਹਾਂ ਦੀ ਆਪਣੀ ਸੋਚ ਦਾ ਸ਼ੀਸ਼ਾ ਹੁੰਦੀਆਂ ਹਨ, ਤੁਹਾਡੀ ਸਮਰੱਥਾ ਦਾ ਨਹੀਂ। ਜੇਕਰ ਅਸੀਂ ਨਿੰਦਾ ਨੂੰ ਮਨ ’ਤੇ ਹਾਵੀ ਹੋਣ ਦੇਵਾਂਗੇ ਤਾਂ ਆਪਣੀ ਇਕਾਗਰਤਾ ਗੁਆ ਲਵਾਂਗੇ; ਇਸ ਲਈ ਸਵੈਵਿਸ਼ਵਾਸ ਨੂੰ ਹਮੇਸ਼ਾ ਮਜ਼ਬੂਤ ਰੱਖੋ।
ਅਜੋਕੇ ਸਮੇਂ ਵਿੱਚ ਨਿੰਦਾ ਦਾ ਇੱਕ ਵੱਡਾ ਪਹਿਲੂ ਇਹ ਹੈ ਕਿ ਲੋਕ ‘ਦੁਨੀਆ ਕੀ ਕਹੇਗੀ?’ ਦੇ ਡਰੋਂ ਆਪਣੀ ਚਾਦਰ ਤੋਂ ਵੱਧ ਪੈਰ ਪਸਾਰਦੇ ਹਨ। ਵਿਆਹਾਂ ਅਤੇ ਸਮਾਜਿਕ ਸਮਾਗਮਾਂ ਵਿੱਚ ਸਿਰਫ ਲੋਕਾਂ ਦੀਆਂ ਨਜ਼ਰਾਂ ਵਿੱਚ ਚੰਗੇ ਬਣਨ ਲਈ ਕਰਜ਼ੇ ਚੁੱਕ ਕੇ ਵੱਡੇ ਦਿਖਾਵੇ ਕੀਤੇ ਜਾਂਦੇ ਹਨ। ਲੋਕਾਂ ਦੀ ਫਿਤਰਤ ਹੈ ਕਿ ਉਹ ਕਦੇ ਕਿਸੇ ਹਾਲ ਵਿੱਚ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੁੰਦੇ। ਇਸ ਲਈ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਸਾਦਾ ਅਤੇ ਸੁਚੱਜਾ ਜੀਵਨ ਜਿਊਣਾ ਹੀ ਅਸਲ ਸਮਝਦਾਰੀ ਹੈ।
ਹਰ ਨਿੰਦਾ ਪਿੱਛੇ ਸਚਾਈ ਨਹੀਂ ਹੁੰਦੀ; ਬਹੁਤੀ ਵਾਰ ਇਸਦਾ ਕਾਰਨ ਸਿਰਫ ਸਾੜਾ ਜਾਂ ਈਰਖਾ ਹੁੰਦਾ ਹੈ। ਜਦੋਂ ਕੋਈ ਵਿਅਕਤੀ ਤੁਹਾਡੀ ਤਰੱਕੀ ਨੂੰ ਬਰਦਾਸ਼ਤ ਨਹੀਂ ਕਰ ਪਾਉਂਦਾ ਤਾਂ ਉਹ ਤੁਹਾਡੇ ਚੰਗੇ ਕੰਮਾਂ ਵਿੱਚ ਵੀ ਖਾਮੀਆਂ ਲੱਭਣ ਲੱਗ ਪੈਂਦਾ ਹੈ। ਇੱਕ ਸਿਆਣੇ ਇਨਸਾਨ ਨੂੰ ਉਸਾਰੂ ਸੁਧਾਰ ਅਤੇ ਬੇਬੁਨਿਆਦ ਨਿੰਦਾ ਵਿਚਲਾ ਫਰਕ ਸਮਝਣਾ ਚਾਹੀਦਾ ਹੈ। ਜੇਕਰ ਕੋਈ ਸ਼ੁਭਚਿੰਤਕ ਸਹੀ ਕਮੀ ਦੱਸੇ ਤਾਂ ਉਸ ਨੂੰ ਸਵੀਕਾਰ ਕਰੋ, ਪਰ ਜੇਕਰ ਕੋਈ ਸਿਰਫ ਨੀਵਾਂ ਦਿਖਾਉਣ ਲਈ ਬੋਲੇ ਤਾਂ ਉਸ ਨੂੰ ਮੁਕੰਮਲ ਤੌਰ ’ਤੇ ਨਜ਼ਰਅੰਦਾਜ਼ ਕਰੋ ਦਿਓ। ਸਚਾਈ ਅਤੇ ਨੇਕੀ ਦੇ ਰਾਹ ਵਿੱਚ ਇੱਕ ਅਲੌਕਿਕ ਤਾਕਤ ਹੁੰਦੀ ਹੈ। ਜਦੋਂ ਤੁਹਾਡੀ ਨੀਅਤ ਸਾਫ ਹੁੰਦੀ ਹੈ ਤਾਂ ਆਤਮਾ ਨੂੰ ਇੱਕ ਡੂੰਘਾ ਸਕੂਨ ਮਿਲਦਾ ਹੈ। ਜਦੋਂ ਵੀ ਤੁਹਾਡੀ ਆਲੋਚਨਾ ਹੋਵੇ ਤਾਂ ਆਲੋਚਕਾਂ ਨਾਲ ਬਹਿਸ ਵਿੱਚ ਉਲਝ ਕੇ ਜਾਂ ਸਫਾਈਆਂ ਦੇ ਕੇ ਆਪਣਾ ਸਮਾਂ ਬਰਬਾਦ ਨਾ ਕਰੋ। ਸਭ ਤੋਂ ਵਧੀਆ ਹੱਲ ਇਹ ਹੈ ਕਿ ਆਪਣੀ ਪੂਰੀ ਊਰਜਾ ਆਪਣੇ ਟੀਚੇ ਅਤੇ ਮਿਹਨਤ ’ਤੇ ਲਾਓ; ਜਦੋਂ ਤੁਹਾਡੀ ਸਫਲਤਾ ਬੋਲੇਗੀ ਤਾਂ ਨਿੰਦਕਾਂ ਦੇ ਮੂੰਹ ਆਪਣੇ ਆਪ ਬੰਦ ਹੋ ਜਾਣਗੇ।
ਨਿੰਦਾ ਮਨੁੱਖੀ ਜੀਵਨ ਦਾ ਇੱਕ ਅਟੱਲ ਪਹਿਲੂ ਹੈ, ਜਿਸ ਤੋਂ ਬਚਣਾ ਕਿਸੇ ਲਈ ਵੀ ਸੰਭਵ ਨਹੀਂ। ਲੋਕਾਂ ਦੇ ਤਾਅਨਿਆਂ ਤੋਂ ਡਰ ਕੇ ਆਪਣੇ ਨੇਕ ਮਾਰਗ ਨੂੰ ਛੱਡਣਾ ਕਮਜ਼ੋਰੀ ਦੀ ਨਿਸ਼ਾਨੀ ਹੈ। ਜਦੋਂ ਤਕ ਤੁਹਾਡੀ ਜ਼ਮੀਰ ਸਾਫ ਹੈ ਅਤੇ ਤੁਸੀਂ ਨੇਕ ਨੀਅਤ ਨਾਲ ਸਮਾਜ ਲਈ ਕੰਮ ਕਰ ਰਹੇ ਹੋ, ਤਦ ਤਕ ਦੁਨੀਆ ਦੀ ਕੋਈ ਵੀ ਨਕਾਰਾਤਮਕਤਾ ਤੁਹਾਡੇ ਆਤਮ-ਵਿਸ਼ਵਾਸ ਨੂੰ ਡੇਗ ਨਹੀਂ ਸਕਦੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































