“ਸਰੀਰ ਵਿਚ ਕੋਲੈਸਟਰੌਲ ਦੀ ਮਾਤਰਾ ਵਧਣ ਕਾਰਨ ਖੂਨ ਵਾਲੀਆਂ ਨਾੜੀਆਂ ਸੁਚਾਰੂ ਰੂਪ ...”
(1 ਅਗਸਤ 2026)
ਭਾਰਤ ਅਤੇ ਹੋਰ ਬਹੁਤ ਸਾਰੇ ਮੁਲਕਾਂ ਵਿਚ ਸਾਡੀ ਨਿੱਤ ਪ੍ਰਤੀ ਦੀ ਖੁਰਾਕ ਅਤੇ ਭੋਜਨ ਵਿੱਚ ਮਿਠਾਸ ਦੀ ਲੋੜੀਂਦੀ ਮਾਤਰਾ ਪੂਰੀ ਹੋ ਜਾਂਦੀ ਹੈ। ਦੁੱਧ, ਦਹੀਂ, ਅੰਗੂਰ, ਸੰਤਰੇ, ਅੰਬ, ਅਨਾਰ, ਅਨਾਜ ਅਤੇ ਫਲ ਸਬਜ਼ੀਆਂ ਦੇ ਜ਼ੱਰੇ-ਜ਼ੱਰੇ ਵਿਚ ਮਿੱਠਾ ਲੋੜ ਅਨੁਸਾਰ ਸਮਾਇਆ ਹੋਇਆ ਹੈ। ਸਰੀਰਕ ਦ੍ਰਿਸ਼ਟੀਕੋਣ ਦੇ ਅਨੁਸਾਰ ਮਨੁੱਖ ਨੂੰ ਖੰਡ ਜਾਂ ਹੋਰ ਕਿਸੇ ਮਿੱਠੇ ਦੀ ਕੋਈ ਲੋੜ ਨਹੀਂ। ਖੰਡ ਸੁਆਦ ਵਿਚ ਮਿੱਠੀ ਹੁੰਦੀ ਹੈ। ਜਿਹੜੇ ਵਿਅਕਤੀ ਮਿੱਠਾ ਪਸੰਦ ਕਰਦੇ ਹਨ. ਉਹ ਹਰ ਰੋਜ਼ ਸ਼ਰਬਤ, ਮਿਠਾਈਆਂ, ਚਾਕਲੇਟ, ਗੋਲੀਆਂ, ਟੌਫੀਆਂ, ਬੋਤਲਾਂ ਵਾਲੇ ਜੂਸ ਅਤੇ ਕੋਕਾ ਕੋਲਾ ਆਦਿ ਰਾਹੀਂ ਖੰਡ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕਰਦੇ ਆ ਰਹੇ ਹਨ। ਪਰ ਮਨੁੱਖ ਮੂਰਖਤਾ ਅਤੇ ਅਗਿਆਨਤਾ ਦੇ ਕਾਰਨ ਹੀ ਘਾਤਕ ਰੋਗਾਂ ਦੇ ਬੀਜ ਬੀਜ ਰਿਹਾ ਹੈ। ਬਾਪੂ ਗਾਂਧੀ ਜੀ ਨੇ ਖੰਡ ਨੂੰ ਵਾਈਟ ਸਲੋ ਪੁਆਜ਼ਿਨ ਦੇ ਨਾਮ ਨਾਲ ਪੁਕਾਰਿਆ ਹੈ। 1923 ਵਿੱਚ ਮੈਡੀਸਨ ਵਿਚ ਨੋਬਲ ਪੁਰਸਕਾਰ ਜੇਤੂ ਪੇਨਸਿਲਵਾਨਿਆ ਯੂਨੀਵਰਸਿਟੀ ਦੇ ਵਿਗਿਆਨੀ ਡਾਕਟਰ ਆਟੂ ਮੇਅਰ ਹਾਫ ਦੇ ਅਨੁਸਾਰ ਖੰਡ ਨੂੰ ਅਧਿਕ ਮਾਤਰਾ ਵਿਚ ਪ੍ਰਯੋਗ ਕਰਨ ’ਤੇ ਕੈਂਸਰ ਦੀ ਸੰਭਾਵਨਾ ਵਧ ਜਾਂਦੀ ਹੈ। ਡਾਕਟਰ ਵਾਲਟਨ ਯੂ ਸਰੀਵ ਦੇ ਅਨੁਸਾਰ ਜ਼ਿਆਦਾ ਖੰਡ ਦੇ ਸੇਵਨ ਨਾਲ ਖੂਨ ਵਿਚ ਖਾਰ ਦੀ ਮਾਤਰਾ ਵਧ ਜਾਂਦੀ ਹੈ। ਡਾਕਟਰ ਵਿਲੀਅਮ ਲਯੂਨਾਰਡ ਨੇ ਚਿੱਟੀ ਦਾਣੇਦਾਰ ਖੰਡ ਦੀ ਤੁਲਨਾ ਸ਼ਰਾਬ ਨਾਲ ਕੀਤੀ ਹੈ। ਡਾਕਟਰ ਜੇ ਆਈ ਰੋਡੋਲ ਅਨੁਸਾਰ ਖੰਡ, ਚਾਕਲੇਟ, ਆਇਸ ਕਰੀਮ ਦੇ ਖਾਣ ਨਾਲ ਮਾਨਸਿਕ ਸਬੰਧੀ ਰੋਗ ਹੋਣ ਲਗਦੇ ਹਨ।
ਐਮਰੀਕਨ ਡਾਕਟਰ ਲਾਰੇਂਸ ਅਨੁਸਾਰ ਖੰਡ ਦਾ ਦੁਸ਼-ਪ੍ਰਭਾਵ ਦਿਮਾਗ ਉਪਰ ਪੈਂਦਾ ਹੈ। ਔਰਤਾਂ ਦੀ ਮਾਹਵਾਰੀ ਦੇ ਸਮੇਂ ਦਰਦ ਦਾ ਹੋਣਾ ਇਸ ਨਾਲ ਹੀ ਸੰਬਧ ਰੱਖਦਾ ਹੈ। ਟੋਰੰਟੋ ਦੇ ਡਾਕਟਰ ਹੋਪਰ ਅਤੇ ਨਿਊਯਾਰਕ ਦੇ ਡਾਕਟਰ ਕਾਕ ਦੇ ਅਨੁਸਾਰ ਪੱਛਮ ਦੇ ਬੱਚਿਆਂ ਵਿਚ ਦਿਮਾਗੀ ਰੋਗ ਦੇ ਪਿੱਛੇ ਭੋਜਨ ਵਿਚ ਖੰਡ ਦੀ ਅਧਿਕ ਮਾਤਰਾ ਦਾ ਹੋਣਾ ਹੀ ਹੈ। ਗੰਨੇ ਦਾ ਰਸ ਪਾਈਓਰੀਆ ਤੋਂ ਬਚਾਉਂਦਾ ਹੈ। ਇਹ ਖੂਨ ਸੋਧਕ ਹੈ ਅਤੇ ਦਿਲ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ। ਐਨੀਮੀਆ ਅਤੇ ਪੀਲੀਆ ਦੇ ਰੋਗ ਦੂਰ ਕਰਦਾ ਹੈ। ਦੁੱਧ ਵਿਚ ਗੰਨੇ ਦਾ ਰਸ ਮਿਲਾਉਣ ਨਾਲ ਮੂਤਰ ਦੇ ਰੋਗ ਦੂਰ ਹੋ ਜਾਂਦੇ ਹਨ।
ਪਰ ਜਿਸ ਪ੍ਰਕਾਰ ਆਟੇ ਵਿਚ ਚੋਕਰ ਅਤੇ ਸਬਜੀਆਂ ਅਤੇ ਫਲਾਂ ਦੇ ਛਿਲਕੇ ਉਤਾਰ ਦੇਣ ਨਾਲ ਲੋੜੀਂਦੇ ਜਰੂਰੀ ਤੱਤ ਅਤੇ ਵਿਟਾਮਿਨ ਨਸ਼ਟ ਹੋ ਜਾਂਦੇ ਹਨ, ਉਸੇ ਤਰ੍ਹਾਂ ਗੰਨੇ ਦੇ ਰਸ ਨੂੰ ਅਸੀਂ ਜਿੰਨਾ ਸਫੈਦ ਕਰਕੇ ਖੰਡ ਤਿਆਰ ਕਰਦੇ ਜਾਵਾਂਗੇ ਉੰਨੇ ਹੀ ਖਣਿਜ ਭਾਵ ਕੈਲਸ਼ੀਅਮ, ਫਾਸਫੋਰਸ, ਲੋਹਾ, ਕੁਦਰਤੀ ਲੂਣ ਅਤੇ ਵਿਟਾਮਿਨ ਬੀ ਆਦਿ ਨਸ਼ਟ ਹੁੰਦੇ ਜਾਂਦੇ ਹਨ। ਅਸਲੀਅਤ ਇਹ ਹੈ ਕਿ ਜਦੋਂ ਅਸੀਂ ਖੰਡ ਦੀ ਵਰਤੋਂ ਕਰਦੇ ਹਾਂ ਤਾਂ ਇਸ ਸਫੈਦ ਰਾਖ ਸਰੀਰ ਵਿਚਲੇ ਕੈਲਸ਼ੀਅਮ, ਫਾਸਫੋਰਸ, ਲੋਹਾ, ਕੁਦਰਤੀ ਲੂਣ ਅਤੇ ਗੁਲੂਕੋਸ ਤੱਤਾਂ ਨੂੰ ਆਪਣੇ ਵੱਲ ਖਿਚਦੀ ਹੈ। ਅਜਿਹਾ ਹੋਣ ਨਾਲ ਖੰਡ ਨੂੰ ਅਸੀਂ ਨਹੀਂ ਖਾਂਦੇ, ਸਗੋਂ ਇਹ ਸਾਡੇ ਸਰੀਰ ਨੂੰ ਖਾਣ ਲੱਗ ਜਾਂਦੀ ਹੈ। ਖੰਡ ਦੀ ਜ਼ਿਆਦਾ ਵਰਤੋਂ ਕਾਰਨ ਸਾਡੇ ਸਰੀਰ ਵਿਚ ਕੈਲਸ਼ੀਅਮ, ਫਾਸਫੋਰਸ, ਲੋਹਾ, ਵਿਟਾਮਿਨ ਬੀ ਅਤੇ ਹੋਰ ਕੁਦਰਤੀ ਲੂਣਾਂ ਦੀ ਕਮੀ ਹੋ ਜਾਂਦੀ ਹੈ। ਕੈਲਸ਼ੀਅਮ ਦੀ ਕਮੀ ਕਾਰਨ ਮਸੂੜੇ ਅਤੇ ਦੰਦ ਕਮਜ਼ੋਰ ਹੋ ਜਾਂਦੇ ਹਨ ਅਤੇ ਕੀੜਾ ਲੱਗ ਜਾਂਦਾ ਹੈ। ਦੰਦਾਂ ਦੀ ਐਨੇਮਲ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਦਿਲ ਦੇ ਸੁੰਗੜਨ ਅਤੇ ਫੈਲਣ ਦੀ ਸ਼ਕਤੀ ਘਟਣ ਕਾਰਨ ਖੂਨ ਦੀ ਸ਼ੁੱਧੀ ਪੂਰੀ ਤਰ੍ਹਾਂ ਨਹੀਂ ਹੁੰਦੀ। ਵਿਟਾਮਿਨ ਡੀ ਨੂੰ ਹਜ਼ਮ ਕਰਨ ਦੀ ਸ਼ਕਤੀ ਘਟ ਜਾਂਦੀ ਹੈ। ਫਾਸਫੋਰਸ ਦੀ ਕਮੀ ਨਾਲ ਸਰੀਰ ਦਾ ਵਾਧਾ ਰੁਕ ਜਾਂਦਾ ਹੈ। ਹੱਡੀਆਂ ਅਤੇ ਦੰਦ ਕਮਜ਼ੋਰ ਹੋ ਜਾਂਦੇ ਹਨ । ਪਾਚਨ ਸ਼ਕਤੀ ਘਟ ਜਾਂਦੀ ਹੈ। ਤੇਜ਼ਾਬ ਅਤੇ ਖਾਰਾ ਦੀ ਮਾਤਰਾ 'ਚ ਖੂਨ ਦੇ ਪੀ ਐੱਚ ਅਤੇ ਨਿਊਕਲੀਕ ਤੇਜ਼ਾਬਾਂ ਦਾ ਸੰਤੁਲਨ ਵਿਗੜ ਜਾਂਦਾ ਹੈ। ਬੱਚਿਆਂ 'ਚ ਰਿਕੇਟਸ ਦਾ ਰੋਗ ਹੋ ਸਕਦਾ ਹੈ। ਲੋਹੇ ਦੀ ਘਾਟ ਨਾਲ ਲਾਲ ਲਹੂ ਸੈੱਲਾਂ ਵਿਚ ਹੀਮੋਗਲੋਬੀਅਨ ਦੀ ਕਮੀ ਹੋ ਜਾਂਦੀ ਹੈ, ਜਿਸ ਦੀ ਕਮੀ ਨਾਲ ਐਨੀਮੀਆ ਹੋ ਸਕਦਾ ਹੈ। ਅਗਾਂਹ ਜਿਸ ਨਾਲ ਲਹੂ ਵਿਚ ਆਕਸੀਜਨ ਦਾ ਸੰਚਾਰ ਸਭ ਸੈੱਲਾਂ ਤੱਕ ਪੂਰਨ ਰੂਪ ਵਿਚ ਨਹੀਂ ਹੁੰਦਾ। ਥਕਾਨ, ਭੁੱਖ ਵਿੱਚ ਕਮੀ, ਚਿਹਰਾ ਪੀਲਾ, ਨਾਖੂਨ ਸਫੈਦ, ਹੱਥਾਂ ਪੈਰਾਂ ਵਿਚ ਸੋਜਸ, ਸਾਹ ਦਾ ਫੁੱਲਣਾ, ਦਸਤ ਅਤੇ ਦਿਲ ਦੀ ਧੜਕਣ ਵਧਣ ਦਾ ਰੋਗ ਲੱਗ ਜਾਂਦਾ ਹੈ। ਵਧੇਰੇ ਖੰਡ ਨਾਲ ਸਰੀਰ ਵਿੱਚ ਚਰਬੀ ਵਧਦੀ ਹੈ, ਖਾਸ ਕਰਕੇ ਪੇਟ ਆਲੇ ਦੁਆਲੇ। ਮੋਟਾਪਾ ਹੋਣ ਨਾਲ ਟਾਈਪ 2 ਡਾਇਬੀਟੀਜ਼, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਵੱਧ ਖੰਡ ਨਾਲ ਚਿੜਚਿੜਾਪਣ, ਡਿਪ੍ਰੈਸ਼ਨ ਅਤੇ ਯਾਦਦਾਸ਼ਤ ’ਤੇ ਵੀ ਅਸਰ ਪੈਂਦਾ ਹੈ। ਵਧੇਰੇ ਖੰਡ ਦੀ ਖਪਤ ਇਨਸੂਲਿਨ ਰਜ਼ਿਸਟੈਂਸ ਨਾਲ ਸੰਬੰਧਿਤ ਹੈ, ਜਿਸ ਨਾਲ ਬਲਡ ਸ਼ੂਗਰ ਲੰਬੇ ਸਮੇਂ ਲਈ ਵਧ ਰਹਿੰਦੀ ਹੈ।
ਡਾਇਗਨੌਸਟਿਕ ਸੇਵਾ ਪ੍ਰਦਾਤਾ ਥਾਈਰੋਕੇਅਰ ਦੀ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਜਾਂਚ ਕੀਤੀ ਗਈ ਆਬਾਦੀ ਦੇ 49.43 ਪ੍ਰਤੀਸ਼ਤ ਨੇ ਅਸਧਾਰਨ ਖੂਨ ਵਿੱਚ ਗਲੂਕੋਜ਼ ਦੇ ਪੱਧਰ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ 27.18 ਪ੍ਰਤੀਸ਼ਤ ਨੂੰ ਸ਼ੂਗਰ ਅਤੇ 22.25 ਪ੍ਰਤੀਸ਼ਤ ਨੂੰ ਪ੍ਰੀ-ਡਾਇਬੈਟਿਕ ਵਜੋਂ ਪਛਾਣਿਆ ਗਿਆ। ਇਹ ਅਧਿਐਨ, ਜਿਸ ਵਿੱਚ 2023 ਵਿੱਚ ਨਿਯਮਤ ਸਿਹਤ ਜਾਂਚਾਂ ਕਰਵਾ ਰਹੇ 1.96 ਮਿਲੀਅਨ ਬਾਲਗਾਂ ਦੇ ਗਲਾਈਕੇਟਿਡ ਹੀਮੋਗਲੋਬਿਨ ਟੈਸਟ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ, ਦ ਲੈਂਸੇਟ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਤੋਂ ਬਾਅਦ ਆਇਆ ਹੈ, ਜਿਸ ਵਿੱਚ ਸੰਕੇਤ ਦਿੱਤਾ ਗਿਆ ਹੈ ਕਿ 2022 ਵਿੱਚ ਵਿਸ਼ਵ ਪੱਧਰ ’ਤੇ ਸ਼ੂਗਰ ਨਾਲ ਰਹਿ ਰਹੇ ਇੱਕ ਚੌਥਾਈ ਬਾਲਗ ਭਾਰਤ ਵਿੱਚ ਸਨ। ਇਹ ਅੰਕੜੇ ਬਿਮਾਰੀ ਦੇ ਵਧਦੇ ਪ੍ਰਸਾਰ ਨੂੰ ਦਰਸਾਉਂਦੇ ਹਨ, ਕਿਉਂਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ - ਇੰਡੀਆ ਡਾਇਬਟੀਜ਼ ਦੇ ਇੱਕ ਹੋਰ ਅਧਿਐਨ ਨੇ ਭਾਰਤ ਵਿੱਚ ਸ਼ੂਗਰ ਅਤੇ ਪ੍ਰੀ-ਡਾਇਬਟੀਜ਼ ਦੇ ਪ੍ਰਸਾਰ ਦਾ ਅਨੁਮਾਨ ਲਾਇਆ ਹੈ, ਕ੍ਰਮਵਾਰ 11.4 ਪ੍ਰਤੀਸ਼ਤ ਅਤੇ 15.3 ਪ੍ਰਤੀਸ਼ਤ। ਅਧਿਐਨ ਦੇ ਅਨੁਸਾਰ 2023 ਵਿੱਚ ਔਰਤਾਂ ਵਿੱਚ 23.51 ਪ੍ਰਤੀਸ਼ਤ ਦੇ ਮੁਕਾਬਲੇ, ਮਰਦਾਂ ਵਿੱਚ ਸ਼ੂਗਰ ਦਾ ਪ੍ਰਸਾਰ 30.84 ਪ੍ਰਤੀਸ਼ਤ ਵੱਧ ਸੀ। ਦੁਨੀਆ ਭਰ ਵਿੱਚ ਹਰ ਸਾਲ ਖੰਡ ਵਾਲੇ ਪੀਣ ਵਾਲੇ ਪਦਾਰਥ ਟਾਈਪ 2 ਡਾਇਬਟੀਜ਼ ਦੇ 2.2 ਮਿਲੀਅਨ ਨਵੇਂ ਕੇਸਾਂ ਅਤੇ ਦਿਲ ਦੀ ਬਿਮਾਰੀ ਦੇ 1.2 ਮਿਲੀਅਨ ਨਵੇਂ ਕੇਸਾਂ ਵਿੱਚ ਯੋਗਦਾਨ ਪਾਉਂਦੇ ਹਨ।
ਬੱਚਿਆਂ ਵਿੱਚ 4-10 ਸਾਲ ਦੀ ਉਮਰ ਵਾਲਿਆਂ ਵਿੱਚ ਜੋੜੀ ਗਈ ਖੰਡ ਦੀ ਖਪਤ 3% ਤੋਂ 18% ਤੱਕ ਹੈ, ਜਦ ਕਿ ਸਿਫਾਰਸ਼ੀ ਸੀਮਾ 10% ਹੈ। ਵਿਸ਼ਵ ਸਹਿਤ ਸੰਗਠਨ ਦੀ ਸਿਫਾਰਸ਼ ਹੈ ਕਿ ਕੁੱਲ ਕੈਲੋਰੀਆਂ ਦਾ 10% ਤੋਂ ਘੱਟ ਵਾਧੂ ਖੰਡ ਹੋਵੇ; ਵਧੀਆ ਹੈ ਕਿ ਇਸਨੂੰ 5% ਤੋਂ ਵੀ ਘੱਟ ਰੱਖਿਆ ਜਾਵੇ। ਇਸਦਾ ਅਰਥ ਹੈ ਕਿ ਇਕ ਆਮ ਬਾਲਗ (2000 ਕੈਲੋਰੀ ਰੋਜ਼ਾਨਾ) ਲਈ ਖੰਡ 25 ਗ੍ਰਾਮ (ਲਗਭਗ 6 ਚਮਚੇ) ਤੱਕ ਹੀ ਹੋਣੀ ਚਾਹੀਦੀ ਹੈ। ਜਿਨ੍ਹਾਂ ਲੋਕਾਂ ਦੀਆਂ 17–21% ਕੈਲੋਰੀਆਂ ਖੰਡ ਤੋਂ ਆਉਂਦੀਆਂ ਸਨ, ਉਹਨਾਂ ਵਿੱਚ ਦਿਲ ਦੀ ਬਿਮਾਰੀ ਕਾਰਨ ਮੌਤ ਦਾ ਖਤਰਾ 38% ਵੱਧ ਸੀ।
ਸਰੀਰ ਵਿਚ ਕੋਲੈਸਟਰੌਲ ਦੀ ਮਾਤਰਾ ਵਧਣ ਕਾਰਨ ਖੂਨ ਵਾਲੀਆਂ ਨਾੜੀਆਂ ਸੁਚਾਰੂ ਰੂਪ ਵਿਚ ਕੰਮ ਨਹੀਂ ਕਰਦੀਆਂ ਜਿਸ ਕਾਰਨ ਦਿਲ ਦੇ ਰੋਗ ਲੱਗ ਜਾਂਦੇ ਹਨ। ਇਸ ਲਈ ਖੰਡ ਦੀ ਵਰਤੋਂ ਨਾ ਕਰਨ ਜਾਂ ਬੰਦ ਕਰਨ ਦੀ ਸਲਾਹ ਡਾਕਟਰਾਂ ਵੱਲੋਂ ਦਿੱਤੀ ਜਾਂਦੀ ਹੈ। ਮੈਕਸੀਕੋ ਵਰਗੇ ਦੇਸ਼ਾਂ ਨੇ ਪਹਿਲਾਂ ਹੀ ਖੰਡ ਵਾਲੇ ਪੀਣ ਵਾਲੇ ਪਦਾਰਥਾਂ ਉੱਤੇ ਟੈਕਸ ਲਾਗੂ ਕਰ ਦਿੱਤੇ ਹਨ, ਜੋ ਕਿ ਖਪਤ ਨੂੰ ਘਟਾਉਣ ਵਿੱਚ ਵਾਅਦਾ ਕਰਨ ਵਾਲੇ ਨਤੀਜੇ ਦਿਖਾ ਰਹੇ ਹਨ, ਖਾਸ ਕਰਕੇ ਘੱਟ ਆਮਦਨੀ ਵਾਲੇ ਸਮੂਹਾਂ ਵਿੱਚ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)
























































































































