KrishanLalDr 7ਇਨ੍ਹਾਂ ਘਟਨਾਵਾਂ ਤੋਂ ਸਬਕ ਲੈਂਦਿਆਂ ਸਾਨੂੰ ਇੱਕ ਸਮਾਜ ਵਜੋਂ ਆਪਣੇ ਅੰਦਰ ਝਾਤੀ ਮਾਰਨ ...
(11 ਅਗਸਤ 2026)


ਕਿਸੇ ਵੀ ਦੇਸ਼ ਦੀ ਅਸਲੀ ਮਹਾਨਤਾ ਉਸਦੀ ਮਜ਼ਬੂਤ ਆਰਥਿਕਤਾ
, ਉੱਚੀਆਂ ਇਮਾਰਤਾਂ ਜਾਂ ਤੇਜ਼-ਰਫਤਾਰ ਬੁਨਿਆਦੀ ਢਾਂਚੇ ਨਾਲ ਨਹੀਂ ਮਾਪੀ ਜਾ ਸਕਦੀ, ਰਾਸ਼ਟਰ ਦੀ ਅਸਲ ਪਛਾਣ ਉਸਦੇ ਸਮਾਜਿਕ ਤਾਣੇਬਾਣੇ, ਨੈਤਿਕ ਮੁੱਲਾਂ ਅਤੇ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਆਪਣੇ ਸਭ ਤੋਂ ਕਮਜ਼ੋਰ, ਲਾਚਾਰ ਅਤੇ ਬਜ਼ੁਰਗ ਨਾਗਰਿਕਾਂ ਨਾਲ ਕਿਹੋ ਜਿਹਾ ਵਿਵਹਾਰ ਕਰਦਾ ਹੈਜਦੋਂ ਤਕ ਨਾਗਰਿਕਾਂ ਦੇ ਮਨਾਂ ਵਿੱਚ ਆਪਣੇ ਬਜ਼ੁਰਗਾਂ ਅਤੇ ਮਾਸੂਮਾਂ ਪ੍ਰਤੀ ਹਮਦਰਦੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਹੀਂ ਹੁੰਦੀ, ਉਦੋਂ ਤਕ ਵਿਕਾਸ ਦੇ ਸਾਰੇ ਆਰਥਿਕ ਅੰਕੜੇ ਖੋਖਲੇ ਅਤੇ ਅਰਥਹੀਣ ਹੁੰਦੇ ਹਨ

ਸਦੀਆਂ ਤੋਂ ਭਾਰਤੀ ਸਮਾਜ ਦੀ ਸਭ ਤੋਂ ਵੱਡੀ ਤਾਕਤ ਉਸਦਾ ਪਰਿਵਾਰਕ ਢਾਂਚਾ ਰਹੀ ਹੈਸਾਡੇ ਸੰਸਕਾਰਾਂ ਵਿੱਚ ਮਾਤਾ-ਪਿਤਾ ਸਿਰਫ ਇੱਕ ਜ਼ਿੰਮੇਵਾਰੀ ਨਹੀਂ, ਸਗੋਂ ਸ਼ਰਧਾ ਅਤੇ ਪੂਜਾ ਦਾ ਦਰਜਾ ਰੱਖਦੇ ਹਨਬਜ਼ੁਰਗਾਂ ਦਾ ਆਸ਼ੀਰਵਾਦ ਜ਼ਿੰਦਗੀ ਦੀ ਸਭ ਤੋਂ ਵੱਡੀ ਅਧਿਆਤਮਿਕ ਪੂੰਜੀ ਮੰਨਿਆ ਜਾਂਦਾ ਰਿਹਾ ਹੈਦੁਨੀਆ ਭਰ ਵਿੱਚ ਭਾਰਤ ਦੀ ਪਛਾਣ ਇਸ ਗੱਲੋਂ ਸੀ ਕਿ ਇੱਥੇ ਵੱਡੇ-ਵੱਡੇ ਅਹੁਦਿਆਂ ’ਤੇ ਬੈਠੇ ਲੋਕ ਵੀ ਮਾਤਾ-ਪਿਤਾ ਦੀ ਸੇਵਾ ਨੂੰ ਪਰਮ ਧਰਮ ਮੰਨਦੇ ਸਨ ਅਤੇ ਇੱਕੋ ਛੱਤ ਹੇਠ ਪੀੜ੍ਹੀਆਂ ਦਾ ਪਿਆਰ ਨਾਲ ਰਹਿਣਾ ਸਾਡੀ ਸੰਸਕ੍ਰਿਤੀ ਦੀ ਵਿਸ਼ੇਸ਼ਤਾ ਸੀ

ਅੱਜ ਸੋਸ਼ਲ ਮੀਡੀਆ, ਅੰਨ੍ਹੇਵਾਹ ਪਦਾਰਥਵਾਦ ਅਤੇ ਭੱਜ-ਦੌੜ ਦੇ ਇਸ ਦੌਰ ਵਿੱਚ ਸਾਡੇ ਸਾਹਮਣੇ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਖੜ੍ਹਾ ਹੋ ਗਿਆ ਹੈਕੀ ਸਾਡਾ ਸਮਾਜ ਅੱਜ ਵੀ ਵੈਸਾ ਹੀ ਹੈ ਜਿਵੇਂ ਅਸੀਂ ਦਾਅਵਾ ਕਰਦੇ ਹਾਂ? ਕੀ ਰਿਸ਼ਤਿਆਂ ਦਾ ਉਹ ਮਾਣ ਅਤੇ ਪਵਿੱਤਰਤਾ ਬਚੀ ਹੋਈ ਹੈ, ਜਾਂ ਫਿਰ ਅਸੀਂ ‘ਬਾਗਬਾਨ’ ਵਰਗੀਆਂ ਫਿਲਮਾਂ ਦੇਖ ਕੇ ਦੋ ਅੱਥਰੂ ਵਹਾਉਣ ਤਕ ਸੀਮਿਤ ਹੋ ਗਏ ਹਾਂ? ਅੱਜ ਅਸੀਂ ਦਿਖਾਵੇ ਦੇ ਆਦਰ-ਸਤਿਕਾਰ ਵਿੱਚ ਤਾਂ ਅੱਗੇ ਹਾਂ, ਪਰ ਅਸਲ ਜ਼ਿੰਦਗੀ ਵਿੱਚ ਸਾਡੀਆਂ ਭਾਵਨਾਵਾਂ ਦਿਨ-ਬ-ਦਿਨ ਮਰਦੀਆਂ ਜਾ ਰਹੀਆਂ ਹਨ

ਸਮਾਜ ਦੇ ਇਸੇ ਨਿਘਾਰ ਨੂੰ ਬਿਆਨ ਕਰਦੀ ਪਹਿਲੀ ਦਰਦਨਾਕ ਘਟਨਾ ਹਰਿਆਣਾ ਦੇ ਸੋਨੀਪਤ ਤੋਂ ਸਾਹਮਣੇ ਆਈਇੱਕ ਬਜ਼ੁਰਗ ਪਿਤਾ (ਸ਼ਿਵ ਚਰਨ ਗੁਪਤਾ) ਜਿਸਨੇ ਉਮਰ ਭਰ ਮਿਹਨਤ ਕਰਕੇ ਆਪਣੀਆਂ ਧੀਆਂ ਨੂੰ ਪੜ੍ਹਾਇਆ-ਲਿਖਾਇਆ ਅਤੇ ਅਧਿਆਪਕ ਬਣਾਇਆ, ਉਨ੍ਹਾਂ ਨੂੰ ਆਪਣੇ ਆਖਰੀ ਦਿਨਾਂ ਵਿੱਚ ਬਿਰਧ ਆਸ਼ਰਮ ਵਿੱਚ ਇਕੱਲਤਾ ਨਾਲ ਜੂਝਣਾ ਪਿਆਅੰਤਿਮ ਯਾਤਰਾ ਦੇ ਸਮੇਂ ਤਿੰਨਾਂ ਧੀਆਂ ਵਿੱਚੋਂ ਕੋਈ ਵੀ ਮੋਢਾ ਦੇਣ ਲਈ ਮੌਜੂਦ ਨਹੀਂ ਸੀਧੀਆਂ ਨੇ ਸਮੇਂ ਦੀ ਘਾਟ ਦਾ ਬਹਾਨਾ ਬਣਾ ਕੇ ਅੰਤਿਮ ਸੰਸਕਾਰ ਨੂੰ ਵੀਡੀਓ ਕਾਲ ਰਾਹੀਂ ਦੇਖਣ ਦਾ ਰਾਹ ਚੁਣਿਆ

ਇਸ ਘਟਨਾ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਸੀ ਕਿ ਵੀਡੀਓ ਕਾਲ ਦੌਰਾਨ ਹੀ ਇੱਕ ਧੀ ਨੇ ਪਿਤਾ ਦੀ ਚਿਖਾ ਨੂੰ ਅੱਗ (ਮੁੱਖਅਗਨੀ) ਲਾਉਣ ਤੋਂ ਪਹਿਲਾਂ ਪੁੱਛ ਲਿਆ, “ਇਸ ਵਿੱਚ ਹੋਰ ਕਿੰਨਾ ਸਮਾਂ ਲੱਗੇਗਾ?” ਤਾਂ ਜੋ ਉਹ ਨਹਾ ਕੇ ਆਪਣੇ ਬਾਕੀ ਕੰਮ ਨਿਪਟਾ ਸਕੇਬਿਰਧ ਆਸ਼ਰਮ ਦੇ ਪ੍ਰਬੰਧਕਾਂ ਅਨੁਸਾਰ ਇਹ ਸੁਣ ਕੇ ਉਨ੍ਹਾਂ ਦੀ ਰੂਹ ਕੰਬ ਗਈਜੋ ਧੀ ਪਿਤਾ ਦੇ ਸੰਸਕਾਰ ਵਿੱਚ ਸ਼ਾਮਲ ਨਹੀਂ ਹੋ ਸਕੀ, ਉਸ ਕੋਲ ਵੀਡੀਓ ਕਾਲ ’ਤੇ ਵੀ ਆਖਰੀ ਅਲਵਿਦਾ ਕਹਿਣ ਦਾ ਸਮਾਂ ਨਹੀਂ ਸੀਇਹ ਸਵਾਲ ਸਮੇਂ ਦਾ ਨਹੀਂ, ਸਗੋਂ ਉਸ ਮਾਨਸਿਕਤਾ ਦਾ ਸੀ ਜਿੱਥੇ ਬਾਪ ਦਾ ਸੰਸਕਾਰ ਵੀ ਇੱਕ ਬੋਝ ਲੱਗ ਰਹਾ ਸੀ

ਦੂਜੀ ਘਟਨਾ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਹੈ, ਜਿੱਥੇ ਇੱਕ ਮਾਂ ’ਤੇ ਦੋਸ਼ ਲੱਗਾ ਕਿ ਉਸਨੇ ਆਪਣੇ ਨਵਜੰਮੇ ਮਾਸੂਮ ਬੱਚੇ ਨੂੰ ਸਿਰਫ 3 ਲੱਖ ਰੁਪਏ ਵਿੱਚ ਵੇਚ ਦਿੱਤਾ ਤਾਂ ਜੋ ਉਹ ਆਪਣੇ ਲਈ ਇੱਕ ਨਵਾਂ ਮਕਾਨ ਬਣਾ ਸਕੇਜਿਸ ਮਾਂ ਦੀ ਗੋਦ ਨੂੰ ਦੁਨੀਆ ਵਿੱਚ ਸਭ ਤੋਂ ਬੇਗਰਜ਼ ਅਤੇ ਪਵਿੱਤਰ ਮੰਨਿਆ ਗਿਆ ਹੈ, ਜਦੋਂ ਉੱਥੇ ਹੀ ਇੱਟਾਂ-ਪੱਥਰਾਂ ਦੇ ਮਕਾਨ ਲਈ ਮਾਸੂਮ ਦੀ ਬੋਲੀ ਲੱਗ ਜਾਵੇ ਤਾਂ ਸਮਾਜਿਕ ਅਤੇ ਨੈਤਿਕ ਪਤਨ ਦੀ ਇੰਤਹਾ ਦਾ ਅੰਦਾਜ਼ਾ ਅਸਾਨੀ ਨਾਲ ਲਾਇਆ ਜਾ ਸਕਦਾ ਹੈ

ਪੁਲਿਸ ਐੱਫ,ਆਈ.ਆਰ. ਅਨੁਸਾਰ ਇਹ ਅਪਰਾਧ ਸਿਰਫ ਮਾਂ ਤਕ ਸੀਮਿਤ ਨਹੀਂ ਸੀ, ਸਗੋਂ ਹਸਪਤਾਲ ਦੇ ਕਰਮਚਾਰੀਆਂ ਨੇ ਵੀ ਨਕਲੀ ਦਸਤਾਵੇਜ਼ ਤਿਆਰ ਕਰਕੇ ਅਤੇ ਰਿਸ਼ਵਤ ਲੈ ਕੇ ਇਸ ਮਾਸੂਮ ਦੀ ਜ਼ਿੰਦਗੀ ਦਾ ਸੌਦਾ ਕਰਵਾਇਆਜਿਸ ਜਗ੍ਹਾ ’ਤੇ ਨਵੀਂ ਜ਼ਿੰਦਗੀ ਦਾ ਸਵਾਗਤ ਹੋਣਾ ਚਾਹੀਦਾ ਸੀ, ਉੱਥੇ ਪੈਸੇ ਦੇ ਲਾਲਚ ਲਈ ਮਾਸੂਮ ਬੱਚੇ ਦੀ ਬੋਲੀ ਲਾਈ ਗਈਇਹ ਘਟਨਾ ਦਰਸਾਉਂਦੀ ਹੈ ਕਿ ਸਾਡੀਆਂ ਸਮਾਜਿਕ ਸੰਸਥਾਵਾਂ ਅਤੇ ਮਨੁੱਖੀ ਜ਼ਮੀਰ ਕਿਸ ਹੱਦ ਤਕ ਭ੍ਰਿਸ਼ਟ ਹੋ ਚੁੱਕੇ ਹਨ

ਇਹ ਦੋਵੇਂ ਘਟਨਾਵਾਂ ਸਪਸ਼ਟ ਕਰਦੀਆਂ ਹਨ ਕਿ ਸਾਡੀਆਂ ਪ੍ਰਾਥਮਿਕਤਾਵਾਂ ਬਹੁਤ ਹੇਠਲੇ ਪੱਧਰ ’ਤੇ ਪਹੁੰਚ ਚੁੱਕੀਆਂ ਹਨਵੀਡੀਓ ਕਾਲ ’ਤੇ ਅੰਤਿਮ ਸੰਸਕਾਰ ਦੇਖਣਾ ਕਾਨੂੰਨ ਦੀ ਨਜ਼ਰ ਵਿੱਚ ਅਪਰਾਧ ਨਹੀਂ ਹੋ ਸਕਦਾ, ਪਰ ਨੈਤਿਕਤਾ ਦੀ ਨਜ਼ਰ ਵਿੱਚ ਇਹ ਇੱਕ ਵੱਡਾ ਪਾਪ ਹੈਅਸੀਂ ਕਾਨੂੰਨੀ ਤੌਰ ’ਤੇ ਸਹੀ ਹੋ ਸਕਦੇ ਹਾਂ, ਪਰ ਨੈਤਿਕ ਤੌਰ ’ਤੇ ਅਸੀਂ ਪੂਰੀ ਤਰ੍ਹਾਂ ਹਾਰ ਚੁੱਕੇ ਹਾਂ, ਜਿੱਥੇ ਰਿਸ਼ਤਿਆਂ ਦੀ ਥਾਂ ਸਿਰਫ ਸੁਵਿਧਾ ਅਤੇ ਵਿਹਾਰਕਤਾ ਨੇ ਲੈ ਲਈ ਹੈ

ਇਸ ਬਦਲਾਅ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਅੱਜ ਦੀ ਅੰਨ੍ਹੀ ਪਦਾਰਥਵਾਦੀ ਸੋਚ ਅਤੇ ਸੰਯੁਕਤ ਪਰਿਵਾਰਾਂ ਦਾ ਟੁੱਟਣਾ ਹੈਅੱਜ ਦੇ ਮਨੁੱਖ ਲਈ ਪੈਸਾ, ਸੁਖ-ਸੁਵਿਧਾਵਾਂ ਅਤੇ ਨਿੱਜੀ ਤਰੱਕੀ ਪਰਿਵਾਰਕ ਮੁੱਲਾਂ ਨਾਲੋਂ ਵੱਧ ਅਹਿਮ ਹੋ ਗਏ ਹਨਵੱਡੀਆਂ ਗੱਡੀਆਂ ਅਤੇ ਘਰਾਂ ਦੀ ਦੌੜ ਵਿੱਚ ਅਸੀਂ ਮਨੁੱਖਤਾ ਗੁਆ ਰਹੇ ਹਾਂ ਇਸਦੇ ਨਾਲ ਹੀ ‘ਮੈਂ’ ਅਤੇ ‘ਮੇਰੇ ਬੱਚੇ’ ਤਕ ਸੀਮਿਤ ਨਵੀਂ ਪੀੜ੍ਹੀ ਵਿੱਚ ਧੀਰਜ, ਤਿਆਗ ਅਤੇ ਵੱਡਿਆਂ ਦੀ ਸੇਵਾ ਦੀ ਭਾਵਨਾ ਖਤਮ ਹੋ ਰਹੀ ਹੈ

ਤਕਨਾਲੋਜੀ ਨੇ ਜਿੱਥੇ ਭੌਤਿਕ ਦੂਰੀਆਂ ਘਟਾਈਆਂ ਹਨ, ਉੱਥੇ ਦਿਲਾਂ ਵਿਚਕਾਰ ਗਹਿਰੀਆਂ ਖੱਡਾਂ ਪੈਦਾ ਕਰ ਦਿੱਤੀਆਂ ਹਨਵੀਡੀਓ ਕਾਲਾਂ ਅਤੇ ਸੋਸ਼ਲ ਮੀਡੀਆ ਨੇ ਭਾਵਨਾਵਾਂ ਨੂੰ ਸਿਰਫ ਦਿਖਾਵਾ ਬਣਾ ਦਿੱਤਾ ਹੈਅਸੀਂ ਸਕ੍ਰੀਨ ’ਤੇ ਦੁੱਖ ਪ੍ਰਗਟ ਕਰ ਸਕਦੇ ਹਾਂ, ਪਰ ਸਾਹਮਣੇ ਬੈਠ ਕੇ ਕਿਸੇ ਦਾ ਹੱਥ ਫੜਨ ਅਤੇ ਦਰਦ ਵੰਡਾਉਣ ਦੀ ਸੰਵੇਦਨਾ ਗੁਆ ਚੁੱਕੇ ਹਾਂਤਕਨਾਲੋਜੀ ਨੇ ਦੂਰ ਦੇ ਲੋਕਾਂ ਨਾਲ ਤਾਂ ਜੋੜ ਦਿੱਤਾ, ਪਰ ਆਪਣੇ ਹੀ ਘਰ ਦੇ ਬਜ਼ੁਰਗਾਂ ਨਾਲੋਂ ਸੰਪਰਕ ਤੋੜ ਦਿੱਤਾ ਹੈ

ਇਨ੍ਹਾਂ ਘਟਨਾਵਾਂ ਤੋਂ ਸਬਕ ਲੈਂਦਿਆਂ ਸਾਨੂੰ ਇੱਕ ਸਮਾਜ ਵਜੋਂ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈਜੇਕਰ ਅਸੀਂ ਸਮੇਂ ਸਿਰ ਆਪਣੇ ਪਰਿਵਾਰਕ ਮੁੱਲਾਂ, ਰਿਸ਼ਤਿਆਂ ਦੀ ਅਹਿਮੀਅਤ ਅਤੇ ਬਜ਼ੁਰਗਾਂ ਦੇ ਸਤਿਕਾਰ ਨੂੰ ਮੁੜ ਸੁਰਜੀਤ ਨਾ ਕੀਤਾ ਤਾਂ ਆਰਥਿਕ ਤਰੱਕੀ ਦੇ ਬਾਵਜੂਦ ਅਸੀਂ ਅੰਦਰੋਂ ਖੋਖਲੇ ਹੋ ਜਾਵਾਂਗੇਸਾਨੂੰ ਇਹ ਸਮਝਣਾ ਹੋਵੇਗਾ ਕਿ ਬਜ਼ੁਰਗ ਸਾਡੇ ’ਤੇ ਬੋਝ ਨਹੀਂ, ਸਗੋਂ ਸਾਡੀ ਪਛਾਣ, ਵਿਰਾਸਤ ਅਤੇ ਸੰਸਕਾਰਾਂ ਦੀ ਨੀਂਹ ਹਨ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (sarokar2015@gmail.com)

About the Author

ਡਾ. ਕ੍ਰਿਸ਼ਨ ਲਾਲ

ਡਾ. ਕ੍ਰਿਸ਼ਨ ਲਾਲ

Retd. Lecturer (Political Science)
WhatsApp (91 - 62831 - 16797)
Email: (drkrishan365@gmail.com)

More articles from this author