KrishanLalDr 7ਆਰਥਿਕ ਨਜ਼ਰੀਏ ਤੋਂ ਜਾਅਲੀ ਕਰੰਸੀ ਸਿਰਫ ਇੱਕ ਅਪਰਾਧ ਨਹੀਂ ਬਲਕਿ ...
(7 ਸਤੰਬਰ 2026)



ਆਰ.ਬੀ.ਆਈ. ਦੇ ਅੰਕੜਿਆਂ ਤੋਂ ਲੈ ਕੇ ਬੈਂਕ ਤਿਜੌਰੀਆਂ ਦੀਆਂ ਸੰਨ੍ਹਾਂ ਤਕ ਦਾ ਸੱਚ।

ਕਿਸੇ ਵੀ ਖੁਸ਼ਹਾਲ ਅਤੇ ਪ੍ਰਭੂਸੱਤਾ ਸੰਪੰਨ ਮੁਲਕ ਦੀ ਰੀੜ੍ਹ ਦੀ ਹੱਡੀ ਉਸਦੀ ਮਜ਼ਬੂਤ ਵਿੱਤੀ ਪ੍ਰਣਾਲੀ ਹੁੰਦੀ ਹੈ, ਪਰ ਅੱਜ ਦੇ ਦੌਰ ਵਿੱਚ ਜਾਅਲੀ ਭਾਰਤੀ ਕਰੰਸੀ ਨੋਟਾਂ ਦਾ ਫੈਲ ਰਿਹਾ ਜਾਲ਼ ਇਸ ਬੁਨਿਆਦ ਨੂੰ ਅੰਦਰੋਂ ਖੋਖਲਾ ਕਰ ਰਿਹਾ ਹੈਭਾਰਤੀ ਰਿਜ਼ਰਵ ਬੈਂਕ ਦੇ ਤਾਜ਼ਾ ਸਲਾਨਾ ਅੰਕੜਿਆਂ ਮੁਤਾਬਿਕ ਸਾਲ 2025-26 ਦੌਰਾਨ ਬੈਂਕਿੰਗ ਪ੍ਰਣਾਲੀ ਵਿੱਚ ਜਾਅਲੀ ਨੋਟਾਂ ਦੀ ਬਰਾਮਦਗੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ 5.7 ਫੀਸਦੀ ਦਾ ਵਾਧਾ ਦਰਜ ਹੋਇਆ ਹੈਇਹ ਲਗਾਤਾਰ ਵਾਧਾ ਸਾਬਤ ਕਰਦਾ ਹੈ ਕਿ ਯੂ.ਪੀ.ਆਈ. ਅਤੇ ਡਿਜਿਟਲ ਲੈਣ-ਦੇਣ ਦੇ ਤੇਜ਼ੀ ਨਾਲ ਵਧ ਰਹੇ ਪ੍ਰਸਾਰ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਕੈਸ਼ ਦੀ ਵਰਤੋਂ ਅਤੇ ਜਾਅਲਸਾਜ਼ ਗਰੋਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਬੇਹੱਦ ਸਰਗਰਮ ਹਨ

ਜੇਕਰ ਪਿਛੋਕੜ ’ਤੇ ਝਾਤ ਮਾਰੀਏ ਤਾਂ ਨਵੰਬਰ 2016 ਵਿੱਚ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਦਾ ਇੱਕ ਮੁੱਖ ਉਦੇਸ਼ ਮਾਰਕੀਟ ਵਿੱਚੋਂ ਪੁਰਾਣੇ 500 ਅਤੇ 1000 ਦੇ ਨਕਲੀ ਨੋਟਾਂ ਦੇ ਪੂਰੇ ਨੈੱਟਵਰਕ ਨੂੰ ਤਬਾਹ ਕਰਨਾ ਸੀਉਸ ਵੇਲੇ ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ ਕੋਲਕਾਤਾ ਦੇ ਇੱਕ ਅਧਿਐਨ ਨੇ ਖੁਲਾਸਾ ਕੀਤਾ ਸੀ ਕਿ ਭਾਰਤੀ ਬਜ਼ਾਰ ਵਿੱਚ ਲਗਭਗ 400 ਕਰੋੜ ਦੀ ਜਾਅਲੀ ਕਰੰਸੀ ਘੁੰਮ ਰਹੀ ਸੀ ਅਤੇ ਹਰ ਸਾਲ 70 ਕਰੋੜ ਦੇ ਨਵੇਂ ਜਾਅਲੀ ਨੋਟ ਸਰਕੂਲੇਸ਼ਨ ਵਿੱਚ ਧੱਕੇ ਜਾ ਰਹੇ ਸਨਨੋਟਬੰਦੀ ਤੋਂ ਬਾਅਦ ਜਾਰੀ ਹੋਏ ਨਵੇਂ 2000 ਅਤੇ 500 ਦੇ ਨੋਟਾਂ ਵਿੱਚ ਉੱਚ ਸੁਰੱਖਿਆ ਫੀਚਰ ਹੋਣ ਦਾ ਦਾਅਵਾ ਕੀਤਾ ਗਿਆ ਸੀ, ਪਰ ਮਹਿਜ਼ ਕੁਝ ਮਹੀਨਿਆਂ ਅੰਦਰ ਹੀ ਸਰਹੱਦ ਪਾਰੋਂ ਇਨ੍ਹਾਂ ਦੀਆਂ ਵੀ ਹੂ-ਬ-ਹੂ ਕਾਪੀਆਂ ਬਜ਼ਾਰ ਵਿੱਚ ਆਉਣ ਲੱਗ ਪਈਆਂ ਸਨ

ਮੌਜੂਦਾ ਬਰਾਮਦਗੀਆਂ ਦੇ ਵਿਸ਼ਲੇਸ਼ਣ ਤੋਂ ਸਾਹਮਣੇ ਆਇਆ ਹੈ ਕਿ ਜ਼ਬਤ ਕੀਤੀ ਗਈ ਕੁੱਲ ਜਾਅਲੀ ਕਰੰਸੀ ਵਿੱਚੋਂ 61.8 ਫੀਸਦੀ ਵੱਡੀ ਹਿੱਸੇਦਾਰੀ ਇਕੱਲੇ 500 ਅਤੇ 200 ਦੇ ਨੋਟਾਂ ਦੀ ਹੈਮਈ 2023 ਵਿੱਚ ਆਰ.ਬੀ.ਆਈ. ਵੱਲੋਂ 2000 ਦੇ ਗੁਲਾਬੀ ਨੋਟਾਂ ਨੂੰ ਚਲਣ ਵਿੱਚੋਂ ਹੌਲੀ-ਹੌਲੀ ਬਾਹਰ ਕਰਨ ਤੋਂ ਬਾਅਦ ਜਾਅਲਸਾਜ਼ਾਂ ਨੇ ਆਪਣਾ ਪੂਰਾ ਧਿਆਨ 500 ਦੇ ਨੋਟਾਂ ਵੱਲ ਮੋੜ ਲਿਆਰੁਜ਼ਾਨਾ ਪ੍ਰਚੂਨ ਬਾਜ਼ਾਰਾਂ, ਅਨਾਜ ਮੰਡੀਆਂ, ਪੈਟਰੋਲ ਪੰਪਾਂ ਅਤੇ ਥੋਕ ਵਪਾਰ ਵਿੱਚ ਇਹ ਨੋਟ ਸਭ ਤੋਂ ਵੱਧ ਚਲਦੇ ਹਨਠੱਗ ਗਰੋਹ ਆਮ ਨਾਗਰਿਕਾਂ ਅਤੇ ਛੋਟੇ ਦੁਕਾਨਦਾਰਾਂ ਦੀ ਭੀੜ-ਭੜੱਕੇ ਦੌਰਾਨ ਹੁੰਦੀ ਅਣਗਹਿਲੀ ਦਾ ਲਾਹਾ ਲੈ ਕੇ ਇਨ੍ਹਾਂ ਨਕਲੀ ਨੋਟਾਂ ਨੂੰ ਬੜੀ ਚਲਾਕੀ ਨਾਲ ਸਰਕੂਲੇਸ਼ਨ ਵਿੱਚ ਖਪਾ ਦਿੰਦੇ ਹਨ

ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਾਹਮਣੇ ਆਏ ਹਾਲੀਆ ਮਾਮਲੇ ਦਰਸਾਉਂਦੇ ਹਨ ਕਿ ਇਹ ਸਿੰਡੀਕੇਟ ਕਿੰਨਾ ਫੈਲ ਚੁੱਕਾ ਹੈ12 ਜੁਲਾਈ ਨੂੰ ਰਾਜਸਥਾਨ ਦੇ ਅਜਮੇਰ ਵਿੱਚ ਪੁਲਿਸ ਨੇ ਇੱਕ ਘਰ ਅੰਦਰ ਹਾਈ-ਰੈਜ਼ੋਲਿਊਸ਼ਨ ਪ੍ਰਿੰਟਰਾਂ ਨਾਲ ਨਕਲੀ ਕਰੰਸੀ ਛਾਪ ਰਹੇ ਵਿਅਕਤੀ ਨੂੰ ਕਾਬੂ ਕਰਕੇ 13.60 ਲੱਖ ਦੀ ਜਾਅਲੀ ਕਰੰਸੀ ਬਰਾਮਦ ਕੀਤੀਇਸੇ ਤਰ੍ਹਾਂ 17 ਜੁਲਾਈ ਨੂੰ ਮੁੰਬਈ ਪੁਲਿਸ ਨੇ ਇੱਕ ਅੰਤਰਰਾਜੀ ਰੈਕੇਟ ਦੇ ਸਰਗਣੇ ਅਮਿਤ ਜੈਸਵਾਲ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਨਵੀਂ ਮੁੰਬਈ ਸਥਿਤ ਟਿਕਾਣੇ ਤੋਂ ਆਧੁਨਿਕ ਕੰਪਿਊਟਰ ਸਾਫਟਵੇਅਰ, ਵਾਟਰਮਾਰਕ ਪੇਪਰ, ਵਿਸ਼ੇਸ਼ ਇੰਕਜੈੱਟ ਪ੍ਰਿੰਟਰ ਅਤੇ ਲੈਮੀਨੇਸ਼ਨ ਮਸ਼ੀਨਾਂ ਜ਼ਬਤ ਹੋਈਆਂ, ਜਿੱਥੇ 100 ਅਤੇ 500 ਦੇ ਸੈਂਕੜੇ ਨਕਲੀ ਨੋਟ ਮੌਕੇ ’ਤੇ ਬਰਾਮਦ ਕੀਤੇ ਗਏ

ਸਰਹੱਦੀ ਨੈੱਟਵਰਕ ਦੀਆਂ ਤਾਰਾਂ ਵੀ ਲਗਾਤਾਰ ਬੇਨਕਾਬ ਹੋ ਰਹੀਆਂ ਹਨ21 ਅਗਸਤ 2026 ਨੂੰ ਜੈਪੁਰ ਪੁਲਿਸ ਨੇ 4.30 ਲੱਖ ਦੇ ਨਕਲੀ ਨੋਟਾਂ ਸਮੇਤ ਇੱਕ ਗਰੋਹ ਨੂੰ ਫੜਿਆ, ਜਿਸਦੀ ਸਪਲਾਈ ਲਾਈਨ ਬੰਗਲਾਦੇਸ਼ ਸਰਹੱਦ ਅਤੇ ਪੱਛਮੀ ਬੰਗਾਲ ਦੇ ਕੋਲਕਾਤਾ ਨੈੱਟਵਰਕ ਨਾਲ ਜੁੜੀ ਹੋਈ ਸੀਇਸ ਤੋਂ ਇਲਾਵਾ 31 ਅਗਸਤ ਨੂੰ ਕਰਨਾਟਕ ਦੇ ਰਾਮਨਗਰ ਵਿੱਚ ਪੁਲਿਸ ਨੇ ਇੱਕ ਨਵੇਂ ਬਣੇ ਮਕਾਨ ’ਤੇ ਛਾਪਾ ਮਾਰ ਕੇ 5 ਲੱਖ ਮੁੱਲ ਦੇ ਨਕਲੀ ਨੋਟ ਤਿਆਰ ਕਰਨ ਵਾਲੇ ਕੈਮੀਕਲ ਅਤੇ ਕੱਚਾ ਮਾਲ ਜ਼ਬਤ ਕਰਦਿਆਂ 7 ਦੋਸ਼ੀਆਂ ਨੂੰ ਦਬੋਚਿਆਉਸੇ ਦਿਨ ਪੰਜਾਬ ਦੇ ਅੰਮ੍ਰਿਤਸਰ ਸੈਕਟਰ ਵਿੱਚ ਬੀ.ਐੱਸ.ਐੱਫ ਨੇ ‘ਦਾਓਕੇ ਬਾਰਡਰ ਆਊਟਪੋਸਟ’ ਨੇੜਿਓਂ 1.98 ਲੱਖ ਦੀ ਜਾਅਲੀ ਕਰੰਸੀ ਬਰਾਮਦ ਕੀਤੀ, ਜੋ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟੀ ਗਈ ਸੀ

ਬੈਂਕਿੰਗ ਪ੍ਰਣਾਲੀ ਦੀ ਸੁਰੱਖਿਆ ਨੂੰ ਲੈ ਕੇ ਸਭ ਤੋਂ ਵੱਡਾ ਝਟਕਾ 31 ਅਗਸਤ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਲੱਗਾਉੱਥੇ ਪੰਜਾਬ ਨੈਸ਼ਨਲ ਬੈਂਕ ਦੀ ਘੰਟਾਘਰ ਸ਼ਾਖਾ ਦੀ ਕਰੰਸੀ ਚੈਸਟ (ਮੁੱਖ ਤਿਜੌਰੀ) ਵਿੱਚੋਂ ਲਗਭਗ 17 ਕਰੋੜ ਦੇ ਜਾਅਲੀ ਨੋਟ ਬਰਾਮਦ ਹੋਏਇਸ ਮਾਮਲੇ ਦੀ ਜਾਂਚ ਉਦੋਂ ਸ਼ੁਰੂ ਹੋਈ ਜਦੋਂ ਜੈਪੁਰ ਆਰ.ਬੀ.ਆਈ. ਨੂੰ ਭੇਜੀ ਗਈ ਨਕਦੀ ਦੀ ਛਾਂਟੀ ਦੌਰਾਨ ਭਾਰੀ ਗੜਬੜੀ ਮਿਲੀਸੀ.ਸੀ.ਟੀ.ਵੀ. ਦੀ ਜਾਂਚ ਤੋਂ ਸਾਹਮਣੇ ਆਇਆ ਕਿ ਤਿਜੌਰੀ ਵਿੱਚੋਂ ਅਸਲ ਨੋਟ ਕੱਢ ਕੇ ਉਨ੍ਹਾਂ ਦੀ ਥਾਂ ਨਕਲੀ ਨੋਟ ਰੱਖੇ ਗਏ ਸਨਇਸ ਸੰਗੀਨ ਮਾਮਲੇ ਵਿੱਚ ਪੁਲਿਸ ਨੇ 3 ਬੈਂਕ ਮੈਨੇਜਰਾਂ ਅਤੇ 1 ਆਊਟਸੋਰਸ ਮੁਲਾਜ਼ਮ ਖਿਲਾਫ ਐੱਫਆਈ.ਆਰ. ਦਰਜ ਕਰਕੇ ਐੱਸ.ਆਈ.ਟੀ. ਬਣਾਈ ਹੈ, ਜਿਸਦੀ ਜਾਂਚ ਹਰਿਆਣਾ ਅਤੇ ਉੱਤਰਾਖੰਡ ਤਕ ਫੈਲ ਗਈ ਹੈ

ਜਾਂਚ ਏਜੰਸੀਆਂ ਅਨੁਸਾਰ ਭਾਰਤ ਵਿੱਚ ਜਾਅਲੀ ਕਰੰਸੀ ਘੁਸਪੈਠ ਕਰਵਾਉਣ ਦਾ ਇਤਿਹਾਸ ਕਈ ਦਹਾਕੇ ਪੁਰਾਣਾ ਹੈ, ਜਿਸ ਵਿੱਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਅਤੇ ਡੀ-ਕੰਪਨੀ ਦੇ ਅੰਤਰਰਾਸ਼ਟਰੀ ਸਿੰਡੀਕੇਟ ਸ਼ਾਮਲ ਰਹੇ ਹਨਅਤੀਤ ਵਿੱਚ ਕਰਾਚੀ ਅਤੇ ਲਾਹੌਰ ਦੀਆਂ ਸਰਕਾਰੀ ਪ੍ਰੈੱਸਾਂ ਵਰਗੇ ਕਾਗਜ਼ ਅਤੇ ਸਿਆਹੀ ਦੀ ਵਰਤੋਂ ਕਰਕੇ ਨਿਪਾਲ, ਬੰਗਲਾਦੇਸ਼, ਥਾਈਲੈਂਡ ਅਤੇ ਸ਼੍ਰੀਲੰਕਾ ਦੇ ਹਵਾਈ ਅੱਡਿਆਂ ਰਾਹੀਂ ਭਾਰਤ ਵਿੱਚ ਖੇਪਾਂ ਭੇਜੀਆਂ ਜਾਂਦੀਆਂ ਸਨਪੱਛਮੀ ਬੰਗਾਲ ਦਾ ਮਾਲਦਾ ਜ਼ਿਲ੍ਹਾ ਲੰਬੇ ਸਮੇਂ ਤੋਂ ਭਾਰਤ ਅੰਦਰ ਨਕਲੀ ਨੋਟਾਂ ਦੀ ਸਪਲਾਈ ਦਾ ਮੁੱਖ ਲਾਂਘਾ ਰਿਹਾ ਹੈਹਾਲ ਹੀ ਵਿੱਚ ਦਿੱਲੀ ਪੁਲਿਸ ਨੇ ਅਕਸ਼ਰਧਾਮ ਨੇੜੇ ਕਾਰਵਾਈ ਕਰਦਿਆਂ 50 ਲੱਖ ਦੇ 500 ਵਾਲੇ ਜਾਅਲੀ ਨੋਟ ਫੜੇ, ਜਿਨ੍ਹਾਂ ਦਾ ਰਿਸ਼ਤਾ ਪੱਛਮੀ ਉੱਤਰ ਪ੍ਰਦੇਸ਼ ਦੀਆਂ ਗੁਪਤ ਪ੍ਰਿੰਟਿੰਗ ਪ੍ਰੈੱਸਾਂ ਨਾਲ ਜੁੜਿਆ ਸੀ ਅਤੇ ਇਹ ਖੇਪ ਰੇਲ, ਸੜਕ ਅਤੇ ਕੋਰੀਅਰ ਸੇਵਾਵਾਂ ਰਾਹੀਂ ਵੱਖ-ਵੱਖ ਰਾਜਾਂ ਵਿੱਚ ਭੇਜੀ ਜਾਣੀ ਸੀ

ਆਰਥਿਕ ਨਜ਼ਰੀਏ ਤੋਂ ਜਾਅਲੀ ਕਰੰਸੀ ਸਿਰਫ ਇੱਕ ਅਪਰਾਧ ਨਹੀਂ ਬਲਕਿ ਇੱਕ ਸਾਜ਼ਿਸ਼ੀ ਆਰਥਿਕ ਹਮਲਾ ਹੈਜਦੋਂ ਬਿਨਾਂ ਕਿਸੇ ਅਸਲ ਵਸਤੂ ਜਾਂ ਸੇਵਾ ਦੇ ਉਤਪਾਦਨ ਦੇ ਵੱਡੀ ਮਾਤਰਾ ਵਿੱਚ ਜਾਅਲੀ ਧਨ ਬਜ਼ਾਰ ਵਿੱਚ ਘੁੰਮਣ ਲਗਦਾ ਹੈ ਤਾਂ ਇਹ ਮੁਦਰਾ ਸਫੀਤੀ (ਮਹਿੰਗਾਈ) ਨੂੰ ਅਸਮਾਨੀ ਚਾੜ੍ਹਦਾ ਹੈ ਅਤੇ ਰੁਪਏ ਦੀ ਅਸਲ ਖਰੀਦ ਸ਼ਕਤੀ ਨੂੰ ਢਾਹ ਲਾਉਂਦਾ ਹੈਸਭ ਤੋਂ ਗੰਭੀਰ ਪਹਿਲੂ ਇਹ ਹੈ ਕਿ ਇਸ ਧੰਦੇ ਤੋਂ ਹੋਣ ਵਾਲੀ ਕਮਾਈ ਦੀ ਸਿੱਧੀ ਵਰਤੋਂ ਦੇਸ਼ ਵਿਰੋਧੀ ਅੱਤਵਾਦੀ ਜਥੇਬੰਦੀਆਂ, ਸਰਹੱਦ ਪਾਰੋਂ ਹਥਿਆਰਾਂ ਦੀ ਖਰੀਦ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕੀਤੀ ਜਾਂਦੀ ਹੈਇਸੇ ਲਈ ਕੌਮੀ ਜਾਂਚ ਏਜੰਸੀ ਦਾ ‘ਟੈਰਰ ਫੰਡਿੰਗ ਐਂਡ ਫੇਕ ਕਰੰਸੀ ਸੈੱਲ’ ਵੱਡੇ ਰੈਕੇਟਾਂ ’ਤੇ ਭਾਰਤੀ ਨਿਆਂ ਸੰਹਿਤਾ ਦੇ ਨਾਲ-ਨਾਲ ‘ਗੈਰਕਾਨੂੰਨੀ ਸਰਗਰਮੀਆਂ ਰੋਕਥਾਮ ਐਕਟ’ ਦੀਆਂ ਸਖਤ ਧਾਰਾਵਾਂ ਲਾ ਰਿਹਾ ਹੈ, ਜਿਸ ਵਿੱਚ ਉਮਰ ਕੈਦ ਤੋਂ ਲੈ ਕੇ ਮੌਤ ਦੀ ਸਜ਼ਾ ਤਕ ਦੀ ਵਿਵਸਥਾ ਹੈ

ਕਰੰਸੀ ਚੈਸਟਾਂ ਵਿੱਚ ਹੋਈਆਂ ਖਾਮੀਆਂ ਨੂੰ ਦੇਖਦੇ ਹੋਏ ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਲਈ ਆਪਣੀਆਂ ਹਦਾਇਤਾਂ ਹੋਰ ਸਖਤ ਕਰ ਦਿੱਤੀਆਂ ਹਨਆਰ.ਬੀ.ਆਈ. ਨੇ ਖਾਸ ਕਰਕੇ ਸਰਹੱਦੀ ਖੇਤਰਾਂ ਦੀਆਂ ਸਾਰੀਆਂ ਬੈਂਕ ਸ਼ਾਖਾਵਾਂ ਵਿੱਚ ਉੱਨਤ ‘ਨੋਟ ਅਥੈਂਟੀਕੇਸ਼ਨ ਅਤੇ ਸੌਰਟਿੰਗ ਮਸ਼ੀਨਾਂ’ ਲਾਉਣਾ ਲਾਜ਼ਮੀ ਕਰ ਦਿੱਤਾ ਹੈ ਅਤੇ ਕੈਸ਼ੀਅਰਾਂ ਲਈ ਵਿਸ਼ੇਸ਼ ਸਿਖਲਾਈ ਕੋਰਸ ਸ਼ੁਰੂ ਕੀਤੇ ਹਨ ਇਸਦੇ ਨਾਲ ਹੀ ਆਮ ਨਾਗਰਿਕਾਂ ਨੂੰ ਵੀ 500 ਦੇ ਨੋਟਾਂ ’ਤੇ ਮੌਜੂਦ ਸੁਰੱਖਿਆ ਫੀਚਰਾਂ- ਜਿਵੇਂ ਕਿ ਤਿਰਛਾ ਕਰਨ ’ਤੇ ਹਰੇ ਤੋਂ ਨੀਲੇ ਰੰਗ ਵਿੱਚ ਬਦਲਣ ਵਾਲੀ ਆਪਟੀਕਲੀ ਵੇਰੀਏਬਲ ਸਿਆਹੀ, ਸੁਰੱਖਿਆ ਧਾਗੇ ਅਤੇ ‘ਭਾਰਤ’ ਤੇ ‘ਆਰ.ਬੀ.ਆਈ.’ ਦੀ ਲਿਖਤ, ਦੇਵਨਾਗਰੀ ਅੰਕ ਅਤੇ ਮਹਾਤਮਾ ਗਾਂਧੀ ਦੇ ਵਾਟਰਮਾਰਕ ਬਾਰੇ ਪੂਰੀ ਤਰ੍ਹਾਂ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਸ਼ੱਕੀ ਨੋਟ ਨੂੰ ਤੁਰੰਤ ਰੋਕ ਕੇ ਦੇਸ਼ ਦੀ ਆਰਥਿਕਤਾ ਨੂੰ ਸੁਰੱਖਿਅਤ ਰੱਖਿਆ ਜਾ ਸਕੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਕ੍ਰਿਸ਼ਨ ਲਾਲ

ਡਾ. ਕ੍ਰਿਸ਼ਨ ਲਾਲ

Retd. Lecturer (Political Science)
WhatsApp (91 - 62831 - 16797)
Email: (drkrishan365@gmail.com)

More articles from this author