“ਇਸ ਆਰਥਿਕ ਨੁਕਸਾਨ ਅਤੇ ਸੰਕਟ ਨੂੰ ਦੇਖਦੇ ਹੋਏ ਹੁਣ ਨਾਟੋ ਸਮੇਤ ਅਮਰੀਕਾ ਦੇ ਕਈ ...”
(27 ਮਈ 2026)
20 ਜਨਵਰੀ ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਕੁਝ ਹੀ ਦਿਨਾਂ ਬਾਅਦ 5 ਫਰਵਰੀ 2025 ਤੋਂ ਡੌਨਲਡ ਟਰੰਪ ਦੀਆਂ ਨੀਤੀਆਂ ਖਿਲਾਫ ਅਮਰੀਕਾ ਦੇ 50 ਰਾਜਾਂ ਵਿੱਚ ਵੱਡੇ ਪੱਧਰ ’ਤੇ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਇਹ ਵਿਰੋਧ ਮੁੱਖ ਤੌਰ ’ਤੇ ਪ੍ਰਵਾਸੀਆਂ ਦੇ ਦੇਸ਼-ਨਿਕਾਲੇ, ਟ੍ਰਾਂਸਜੈਂਡਰਾਂ ਦੇ ਅਧਿਕਾਰ ਵਾਪਸ ਲੈਣ ਅਤੇ ਉਹਨਾਂ ਦੇ ਮਹਿਲਾ ਖੇਡਾਂ ਵਿੱਚ ਹਿੱਸਾ ਲੈਣ ’ਤੇ ਪਾਬੰਦੀ ਲਾਉਣ ਵਰਗੇ ਵਿਵਾਦਤ ਪ੍ਰਸਤਾਵਾਂ ਕਾਰਨ ਭੜਕਿਆ। ਮੌਜੂਦਾ ਸਮੇਂ ਵਿੱਚ ਇਰਾਨ ਦੇ ਨਾਲ ਜੰਗ ਵਰਗੇ ਗੰਭੀਰ ਮੁੱਦੇ ਦੇ ਜੁੜ ਜਾਣ ਕਾਰਨ ਨਾ ਸਿਰਫ ਵਿਦੇਸ਼ਾਂ ਵਿੱਚ ਸਗੋਂ ਖੁਦ ਅਮਰੀਕਾ ਵਿੱਚ ਵੀ ਟਰੰਪ ਦੇ ਕਾਰਨਾਮਿਆਂ ਪ੍ਰਤੀ ਲੋਕਾਂ ਦਾ ਗੁੱਸਾ ਚਰਮ ਸੀਮਾ ’ਤੇ ਪਹੁੰਚ ਚੁੱਕਾ ਹੈ। ਇੱਥੋਂ ਤਕ ਕਿ ਉਹਨਾਂ ਦੀ ਆਪਣੀ ਰਿਪਬਲਿਕਨ ਪਾਰਟੀ ਦੇ ਅੰਦਰ ਵੀ ਹੁਣ ਉਹਨਾਂ ਦੇ ਫੈਸਲਿਆਂ ਦਾ ਤਿੱਖਾ ਵਿਰੋਧ ਦੇਖਣ ਨੂੰ ਮਿਲ ਰਹੀ ਹੈ, ਜਿਸਨੇ ਟਰੰਪ ਪ੍ਰਸ਼ਾਸਨ ਨੂੰ ਘਰੇਲੂ ਮੋਰਚੇ ’ਤੇ ਪੂਰੀ ਤਰ੍ਹਾਂ ਘੇਰ ਲਿਆ ਹੈ।
ਡੌਨਲਡ ਟਰੰਪ ਦੀਆਂ ਹਮਲਾਵਰ ਅਤੇ ਵਿਵਾਦਤ ਨੀਤੀਆਂ ਕਾਰਨ ਉਹਨਾਂ ਉੱਤੇ ਹੁਣ ਤਕ ਤਿੰਨ ਵਾਰ ਜਾਨਲੇਵਾ ਹਮਲੇ ਹੋ ਚੁੱਕੇ ਹਨ। ਹਾਲ ਹੀ ਵਿੱਚ 20 ਅਪਰੈਲ 2026 ਨੂੰ ਵਾਸ਼ਿੰਗਟਨ ਸਥਿਤ ਚਿਲਟਨ ਹੋਟਲ ਵਿੱਚ ਵਾਈਟ ਹਾਊਸ ਕਾਰਸਪੌਂਡੈਂਟਸ ਡਿਨਰ ਦੌਰਾਨ ਇੱਕ ਖੌਫਨਾਕ ਘਟਨਾ ਵਾਪਰੀ, ਜਿੱਥੇ ‘ਕੈਲ ਬਾਮਸ ਐਲਨ’ ਨਾਮ ਦੇ ਇੱਕ ਹਮਲਾਵਰ ਨੇ ਸਿੱਧਾ ਰਾਸ਼ਟਰਪਤੀ ਟਰੰਪ ’ਤੇ ਗੋਲੀਆਂ ਚਲਾਈਆਂ। ਇਸ ਭਿਆਨਕ ਹਮਲੇ ਵਿੱਚ ਟਰੰਪ ਵਾਲ-ਵਾਲ ਬਚ ਗਏ ਪਰ ਇਸ ਘਟਨਾ ਨੇ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਅਤੇ ਦੇਸ਼ ਦੇ ਅੰਦਰੂਨੀ ਹਾਲਾਤ ’ਤੇ ਬਹੁਤ ਵੱਡੇ ਸਵਾਲ ਖੜ੍ਹੇ ਕਰ ਦਿੱਤੇ।
ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਜੰਗ ਦੇ ਪ੍ਰਤੀਕਰਮ ਵਜੋਂ ਇਰਾਨ ਵੱਲੋਂ ਵਿਸ਼ਵ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਮਾਰਗ ‘ਸਟ੍ਰੇਟ ਆਫ ਹੌਰਮੁਜ਼’ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਨਾਕਾਬੰਦੀ ਕਾਰਨ ਵਿਸ਼ਵ ਭਰ ਵਿੱਚ ਕੱਚੇ ਤੇਲ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਮਹਿੰਗਾਈ ਤੇਜ਼ੀ ਨਾਲ ਵਧ ਰਹੀ ਹੈ। ਇਸ ਆਰਥਿਕ ਨੁਕਸਾਨ ਅਤੇ ਸੰਕਟ ਨੂੰ ਦੇਖਦੇ ਹੋਏ ਹੁਣ ਨਾਟੋ ਸਮੇਤ ਅਮਰੀਕਾ ਦੇ ਕਈ ਪਰੰਪਰਾਗਤ ਸਮਰਥਕ ਦੇਸ਼ਾਂ ਨੇ ਟਰੰਪ ਦੀਆਂ ਜੰਗੀ ਨੀਤੀਆਂ ਤੋਂ ਆਪਣੇ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਹਨ, ਕਿਉਂਕਿ ਕੋਈ ਵੀ ਦੇਸ਼ ਲੰਬੇ ਸਮੇਂ ਤਕ ਚੱਲਣ ਵਾਲੀ ਜੰਗ ਦੇ ਹੱਕ ਵਿੱਚ ਨਹੀਂ ਹੈ।
ਇਸ ਭਿਆਨਕ ਜੰਗ ਵਿੱਚ ਅਮਰੀਕਾ ਨੂੰ ਸਿਰਫ ਆਰਥਿਕ ਤੌਰ ’ਤੇ ਹੀ ਨਹੀਂ, ਸਗੋਂ ਸੈਨਿਕ ਪੱਧਰ ’ਤੇ ਵੀ ਭਾਰੀ ਨੁਕਸਾਨ ਉਠਾਉਣਾ ਪਿਆ ਹੈ ਅਤੇ ਰਿਪੋਰਟਾਂ ਮੁਤਾਬਿਕ ਜੰਗ ਦੇ ਮੈਦਾਨ ਵਿੱਚ ਹੁਣ ਤਕ ਅਮਰੀਕਾ ਦੇ ਕਈ ਬਹਾਦਰ ਫੌਜੀ ਮਾਰੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਇਰਾਨੀ ਫੌਜ ਨੇ ਹਵਾਈ ਅਤੇ ਸਮੁੰਦਰੀ ਮੋਰਚੇ ’ਤੇ ਅਮਰੀਕਾ ਨੂੰ ਕਰਾਰੀ ਟੱਕਰ ਦਿੰਦੇ ਹੋਏ ਉਸਦੇ 42 ਲੜਾਕੂ ਅਤੇ ਵਪਾਰਕ ਜਹਾਜ਼ਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਦੇਸ਼ ਦੇ ਅੰਦਰੂਨੀ ਸਰਵੇਖਣਾਂ ਅਨੁਸਾਰ ਲਗਭਗ 65 ਤੋਂ 66 ਫੀਸਦੀ ਜਨਤਾ ਟਰੰਪ ਦੀਆਂ ਨੀਤੀਆਂ ਅਤੇ ਲਗਾਤਾਰ ਵਧ ਰਹੀ ਮਹਿੰਗਾਈ ਤੋਂ ਨਰਾਜ਼ ਹੈ। ਇਸੇ ਗੁੱਸੇ ਨੂੰ ਦੇਖਦੇ ਹੋਏ 19 ਮਈ 2026 ਨੂੰ ਅਮਰੀਕੀ ਸੈਨੇਟ ਨੇ ਇੱਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਜੋ ਰਾਸ਼ਟਰਪਤੀ ਨੂੰ ਜੰਗ ਰੋਕਣ ਲਈ ਮਜਬੂਰ ਕਰਦਾ ਹੈ, ਜਿਸ ਵਿੱਚ ਰਿਪਬਲਿਕਨ ਪਾਰਟੀ ਦੇ ਕਈ ਸੰਸਦ ਮੈਂਬਰਾਂ ਨੇ ਵੀ ਟਰੰਪ ਦੇ ਖਿਲਾਫ ਵੋਟ ਪਾਈ।
ਇਸ ਸਿਆਸੀ ਦਬਾਅ ਤੋਂ ਬਾਅਦ ਹੁਣ ਖੁਦ ਟਰੰਪ ਨੇ ਵੀ ਬਿਆਨ ਦਿੱਤਾ ਹੈ ਕਿ ਉਹ ਇਰਾਨ ਨਾਲ ਚੱਲ ਰਹੇ ਇਸ ਟਕਰਾਅ ਨੂੰ ਬਹੁਤ ਜਲਦੀ ਖਤਮ ਕਰਨ ਦੀ ਉਮੀਦ ਕਰ ਰਹੇ ਹਨ। ਵਾਈਟ ਹਾਊਸ ਵਿੱਚ ਸਲਾਨਾ ਸੰਸਦੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ “ਇਰਾਨ ਸਮਝੌਤਾ ਕਰਨ ਲਈ ਬੇਹੱਦ ਉਤਸੁਕ ਹੈ। ਅਸੀਂ ਇਸ ਜੰਗ ਨੂੰ ਬਹੁਤ ਜਲਦੀ ਖਤਮ ਕਰ ਦੇਵਾਂਗੇ, ਪਰ ਇਰਾਨ ਨੂੰ ਕਿਸੇ ਵੀ ਕੀਮਤ ’ਤੇ ਪ੍ਰਮਾਣੂ ਹਥਿਆਰ ਹਾਸਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।” ਦੂਜੇ ਪਾਸੇ ਇਰਾਨ ਦੇ ਵਿਦੇਸ਼ ਮੰਤਰੀ ‘ਅੱਬਾਸ ਅਰਾਗਚੀ’ ਨੇ ਅਮਰੀਕਾ ਨੂੰ ਸਖਤ ਲਹਿਜੇ ਵਿੱਚ ਚਿਤਾਵਣੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਦੁਬਾਰਾ ਕੋਈ ਹਮਲਾਵਰ ਰੁਖ ਅਪਣਾਇਆ ਤਾਂ ਉਹਨਾਂ ਕੋਲ ਇਸ ਤੋਂ ਵੀ ਵੱਡੇ ਝਟਕੇ ਤਿਆਰ ਹਨ।
ਇਸ ਕੌਮਾਂਤਰੀ ਸੰਕਟ ਦੀ ਮਾਰ ਭਾਰਤ ’ਤੇ ਵੀ ਸਿੱਧੇ ਤੌਰ ’ਤੇ ਪਈ ਹੈ। ਇਰਾਨ ਦੇ ਹਾਲਾਤ ਕਾਰਨ ਭਾਰਤ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ ਅਤੇ ਮਹਿੰਗਾਈ ਵਧ ਗਈ ਹੈ। ਇਸ ਸਥਿਤੀ ਨੂੰ ਸੰਭਾਲਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਵਿੱਚ ਛੋਟੀ-ਮੋਟੀ ਕਟੌਤੀ ਕਰਨ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕੰਪਨੀਆਂ ਨੂੰ ‘ਵਰਕ ਫਰਾਮ ਹੋਮ’ ਨੂੰ ਉਤਸ਼ਾਹਿਤ ਕਰਨ, ਲੋਕਾਂ ਨੂੰ ਇੱਕ ਸਾਲ ਤਕ ਸੋਨੇ ਦੀ ਖਰੀਦ ਘੱਟ ਕਰਨ, ਖਾਣ ਵਾਲੇ ਤੇਲ ਦੀ ਵਰਤੋਂ ਸੀਮਿਤ ਕਰਨ, ਵਿਦੇਸ਼ੀ ਉਤਪਾਦਾਂ ਤੋਂ ਦੂਰੀ ਬਣਾਉਣ ਅਤੇ ਦੇਸ਼ ਦੇ ਅੰਦਰ ਹੀ ਸੈਰ-ਸਪਾਟਾ ਵਧਾਉਣ ਦੀ ਵਿਸ਼ੇਸ਼ ਅਪੀਲ ਕੀਤੀ ਹੈ ਤਾਂ ਜੋ ਦੇਸ਼ ਦੀ ਆਰਥਿਕਤਾ ਸਥਿਰ ਰਹਿ ਸਕੇ।
ਜੰਗ ਦੇ ਵਿਚਕਾਰ ਡੌਨਲਡ ਟਰੰਪ ਚੀਨ ਦੇ ਰਾਸ਼ਟਰਪਤੀ ‘ਸ਼ੀ ਜਿਨਪਿੰਗ’ ਨਾਲ ਗੱਲਬਾਤ ਕਰਨ ਲਈ ਬੀਜਿੰਗ ਪਹੁੰਚੇ ਸਨ, ਪਰ ਉੱਥੇ ਉਹਨਾਂ ਦਾ ਬਹੁਤ ਹੀ ਫਿੱਕਾ ਸਵਾਗਤ ਹੋਇਆ। ਇਸ ਯਾਤਰਾ ਦੌਰਾਨ ਨਾ ਤਾਂ ਕੋਈ ਵੱਡੀ ਵਪਾਰਕ ਡੀਲ ਹੋ ਸਕੀ ਅਤੇ ਨਾ ਹੀ ਟਰੰਪ ਚੀਨ ਉੱਤੇ ਇਹ ਦਬਾਅ ਪਾ ਸਕੇ ਕਿ ਉਹ ਇਰਾਨ ਦੀ ਮਦਦ ਕਰਨਾ ਬੰਦ ਕਰੇ, ਕਿਉਂਕਿ ਇਰਾਨ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਚੀਨ ਹੀ ਹੈ। ਚੀਨ ਨੇ ਅਮਰੀਕਾ ਨੂੰ ‘ਪਤਨ ਵੱਲ ਵਧ ਰਿਹਾ ਦੇਸ਼’ ਕਰਾਰ ਦੇ ਦਿੱਤਾ, ਜਿਸ ਕਾਰਨ ਅਮਰੀਕੀ ਵਫਦ ਨੇ ਖਿਝ ਵਿੱਚ ਆ ਕੇ ਚੀਨ ਵੱਲੋਂ ਮਿਲੇ ਸਾਰੇ ਤੋਹਫੇ ਕੂੜੇਦਾਨ ਵਿੱਚ ਸੁੱਟ ਦਿੱਤੇ। ਟਰੰਪ ਦੇ ਨਿਕਲਦੇ ਹੀ ਰੂਸ ਦੇ ਰਾਸ਼ਟਰਪਤੀ ‘ਵਲਾਦੀਮੀਰ ਪੁਤਿਨ’ ਬੀਜਿੰਗ ਪਹੁੰਚੇ, ਜਿੱਥੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ, ਜੋ ਅਮਰੀਕਾ ਲਈ ਇੱਕ ਵੱਡਾ ਕੂਟਨੀਤਕ ਸੰਕੇਤ ਸੀ।
ਮਿਡਲ ਈਸਟ ਵਿੱਚ 40 ਦਿਨਾਂ ਦੀ ਭਿਆਨਕ ਜੰਗ ਤੋਂ ਬਾਅਦ ਹੁਣ ਕੁਝ ਹੱਦ ਤਕ ਸ਼ਾਂਤੀ ਹੈ। ਅਮਰੀਕਾ ਨੇ ਪਾਕਿਸਤਾਨ ਦੇ ਰਸਤੇ ਇਰਾਨ ਨੂੰ ਇੱਕ ਨਵਾਂ ‘ਸ਼ਾਂਤੀ ਸਮਝੌਤਾ’ ਭੇਜਿਆ ਹੈ। ਇਸੇ ਸਿਲਸਿਲੇ ਵਿੱਚ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਅਤੇ ਫੌਜ ਮੁਖੀ ਜਨਰਲ ਆਸਿਮ ਮੁਨੀਰ ਇਰਾਨ ਦਾ ਦੌਰਾ ਕਰ ਰਹੇ ਹਨ। ਇਰਾਨ ਫੰਡਾਂ ਦੀ ਬਹਾਲੀ ਅਤੇ ਸਮੁੰਦਰੀ ਨਾਕਾਬੰਦੀ ਖਤਮ ਕਰਨ ਦੀ ਮੰਗ ਕਰ ਰਿਹਾ ਹੈ। ਪਾਕਿਸਤਾਨ ਇਸ ਡੀਲ ਲਈ ਬਹੁਤ ਜ਼ੋਰ ਲਾ ਰਿਹਾ ਹੈ ਕਿਉਂਕਿ ਉਹ ਖੁਦ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ ਅਤੇ ਇਰਾਨ ਨੇ ਵਾਅਦਾ ਕੀਤਾ ਹੈ ਕਿ ਜੇ ਡੀਲ ਸਫਲ ਰਹੀ ਤਾਂ ਉਹ ਪਾਕਿਸਤਾਨ ਦਾ ਕਰਜ਼ਾ ਲਾਹੁਣ ਵਿੱਚ ਮਦਦ ਕਰੇਗਾ।
ਇਸ ਸ਼ਾਂਤੀ ਪ੍ਰਕਿਰਿਆ ਦੇ ਸ਼ੁਰੂ ਹੋਣ ਕਾਰਨ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਚਕਾਰ ਫੋਨ ’ਤੇ ਤਿੱਖੀ ਗੱਲਬਾਤ ਹੋਈ ਹੈ। ਨੇਤਨਯਾਹੂ ਇਸ ਗੱਲ ਤੋਂ ਖਫਾ ਹਨ ਕਿ ਅਮਰੀਕਾ ਹਮਲੇ ਦੀ ਬਜਾਏ ਸ਼ਾਂਤੀ ਸਮਝੌਤੇ ਨੂੰ ਪਹਿਲ ਦੇ ਰਿਹਾ ਹੈ, ਜਦਕਿ ਇਜ਼ਰਾਈਲ ਇਰਾਨ ਨੂੰ ਪੂਰੀ ਤਰ੍ਹਾਂ ਤਬਾਹ ਕਰਨਾ ਚਾਹੁੰਦਾ ਹੈ। ਟਰੰਪ ਪ੍ਰਸ਼ਾਸਨ ਫਿਲਹਾਲ ਕਤਰ ਅਤੇ ਪਾਕਿਸਤਾਨ ਰਾਹੀਂ ਗੱਲਬਾਤ ਨੂੰ ਇੱਕ ਮੌਕਾ ਦੇਣਾ ਚਾਹੁੰਦਾ ਹੈ। ਜੇਕਰ ਇਹ ਕੂਟਨੀਤਕ ਕੋਸ਼ਿਸ਼ਾਂ ਸਫਲ ਰਹਿੰਦੀਆਂ ਹਨ ਤਾਂ ਇਹ ਮਹਿੰਗਾਈ ਅਤੇ ਆਰਥਿਕ ਮੰਦੀ ਨਾਲ ਜੂਝ ਰਹੀ ਪੂਰੀ ਦੁਨੀਆ ਦੇ ਹਿਤ ਵਿੱਚ ਹੋਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)















































































































