“ਜਿਉਂ-ਜਿਉਂ ਸਮਾਂ ਬੀਤਦਾ ਜਾਏਗਾ, ਇਸ ਕਿਸਮ ਦੇ ਸਵਾਲ ਹੋਰ ਉੱਠਣਗੇ ...”
(5 ਮਾਰਚ 2019)
ਕਿਸੇ ਕਵੀ ਦੀਆਂ ਸਤਰਾਂ ਯਾਦ ਆਉਂਦੀਆਂ ਹਨ, “ਜਦ ਇੱਕ ਡਰ ਦੂਜੇ ਡਰ ਦੇ ਵਿਰੁੱਧ ਹੁੰਦਾ ਹੈ, ਯੁੱਧ ਹੁੰਦਾ ਹੈ।” ਯੁੱਧ ਤਾਂ ਆਪਣੇ ਆਪ ਵਿੱਚ ਇੱਕ ਸਮੱਸਿਆ ਹੈ, ਇਹ ਕਿਸੇ ਮਸਲੇ ਦਾ ਹੱਲ ਨਹੀਂ ਹੋ ਸਕਦੀ। ਆਖ਼ਰ ਮਸਲੇ ਬੈਠਕੇ, ਆਪਸੀ ਵਾਰਤਾ ਨਾਲ ਹੀ ਹੱਲ ਹੋ ਸਕਦੇ ਹਨ।
ਯੁੱਧ ਦੀ ਗੱਲ ਮੀਡੀਆ ਵਿੱਚ ਇੰਜ ਹੁੰਦੀ ਰਹੀ ਹੈ ਜਿਵੇਂ ਇਹ ਕੋਈ ਖੇਡ ਹੋਵੇ। ਟੀ.ਵੀ.ਚੈਨਲਾਂ ਦੇ ਐਂਕਰ ਉੱਛਲ-ਉੱਛਲ ਕੇ ਬੋਲਦੇ ਦਿਸੇ। ਕਾਸ਼, ਉਹ ਜਾਣਦੇ ਹੁੰਦੇ ਕਿ ਲੜਾਈ ਕਿਹੋ ਜਿਹੀ ਹੁੰਦੀ ਹੈ, ਕਿਵੇਂ ਬੰਬ ਸਿਰਫ ਧਮਾਕਾ ਨਹੀਂ ਕਰਦੇ, ਵੱਡੇ ਇਲਾਕੇ ਨੂੰ ਆਪਣੇ ਘੇਰੇ ਵਿੱਚ ਲੈਂਦੇ ਹਨ। ਧੂੰਆਂ ਬਹੁਤ ਉੱਪਰ ਤੱਕ ਚਲਾ ਜਾਂਦਾ ਹੈ ਅਤੇ ਹੇਠਾਂ ਜ਼ਮੀਨ ’ਤੇ ਕੁਝ ਸਾਬਤ-ਸਬੂਤ ਨਹੀਂ ਬਚਦਾ। ਨਾ ਜਿਸਮ, ਨਾ ਘਰ ਅਤੇ ਨਾ ਦਰਖ਼ਤਾਂ ’ਤੇ ਚਹਿਕਦੇ ਪੰਛੀ।
ਪੁਲਵਾਮਾ (ਭਾਰਤ) ਵਿੱਚ ਅਤਿਵਾਦੀ ਘਟਨਾ ਵਾਪਰੀ। ਭਾਰਤੀ ਸੀ.ਆਰ.ਪੀ.ਐੱਫ.ਦੇ ਜਵਾਨ ਮਾਰੇ ਗਏ। ਬਾਲਾਕੋਟ (ਪਾਕਿਸਤਾਨ) ਵਿੱਚ ਭਾਰਤੀ ਹਵਾਈ ਫੌਜ ਨੇ ਅਤਿਵਾਦੀ ਟਿਕਾਣੇ ਖ਼ਤਮ ਕਰਨ ਦੀ ਗੱਲ ਕੀਤੀ। ਉਪਰੰਤ ਪਾਕਿਸਤਾਨ ਹਵਾਈ ਫੌਜ ਨੇ ਭਾਰਤੀ ਖੇਤਰ ਵਿੱਚ ਉਲੰਘਣਾ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪਾਕਸਿਤਾਨ ਦਾ ਇੱਕ ਐੱਫ-16 ਜਹਾਜ਼ ਅਤੇ ਭਾਰਤ ਦਾ ਇੱਕ ਐੱਮ.ਆਈ.ਜੀ-21 ਤਬਾਹ ਹੋਇਆ ਹੈ। ਇੱਕ ਭਾਰਤੀ ਪਾਇਲਟ “ਅਭਿਨੰਦਨ” ਯੁੱਧ ਬੰਦੀ ਬਣਿਆ, ਜੋ 24 ਘੰਟੇ ਬਾਅਦ ਪਾਕਿਸਤਾਨ ਨੇ ਰਿਹਾਅ ਕਰ ਦਿੱਤਾ।
ਭਾਰਤ ਪਾਕਿਸਤਾਨ ਸਰਹੱਦਾਂ ਉੱਤੇ ਠੂਹ-ਠਾਹ ਵੀ ਹੋ ਰਹੀ ਹੈ। ਅਤਿਵਾਦੀ ਕਾਰਵਾਈਆਂ ਨੂੰ ਠੱਲ੍ਹ ਨਹੀਂ ਪਈ। ਲਗਾਤਾਰ ਹੋ ਰਹੀਆਂ ਹਨ। ਇਹ ਦੋਹਾਂ ਦੇਸ਼ਾਂ ਵਿਚਕਾਰ ਅਣ-ਐਲਾਨੀ ਜੰਗ ਹੈ। ਇਸ ਅਣ-ਐਲਾਨੀ ਜੰਗ ਵਿੱਚ ਦੇਸ਼ ਦੀ ਹਾਕਮ ਧਿਰ ਅਤੇ ਵਿਰੋਧੀ ਧਿਰ ਨੇ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਹਵਾਈ ਹਮਲੇ ਦਾ ਸਿਹਰਾ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਿਰ ਲਿਆ। ਨਰੇਂਦਰ ਮੋਦੀ ਨੇ 26 ਫਰਵਰੀ ਨੂੰ ਪਾਕਸਿਤਾਨ ਦੇ ਬਾਲਾਕੋਟ ਵਿੱਚ ਹਵਾਈ ਹਮਲੇ ਦੇ ਬਾਅਦ ਕਿਸੇ ਵੱਡੀ ਚੋਣਾਵੀਂ ਰੈਲੀ ਵਿੱਚ ਆਪਣੀ 56 ਇੰਚ ਛਾਤੀ ਦਿਖਾਉਂਦਿਆਂ ਕਿਹਾ ਸੀ ਕਿ ਉਹ ਦੇਸ਼ ਨੂੰ ਝੁਕਣ ਨਹੀਂ ਦੇਣਗੇ। ਪਰ ਅਗਲੇ ਦਿਨ ਜਿਉਂ ਹੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਸਿਤਾਨ ਵਲੋਂ ਕੈਦੀ ਬਣਾਉਣ ਦੀ ਖ਼ਬਰ ਆਈ, ਮੋਦੀ ਸਰਕਾਰ ਦਾ ਸਾਹ ਫੁੱਲਿਆ ਹੋਇਆ ਸੀ। ਮੋਦੀ ਸਰਕਾਰ ਨੂੰ ਉਦੋਂ ਰਾਹਤ ਮਿਲੀ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਦਖ਼ਲ ਬਾਅਦ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਵਾਪਸ ਦੇਸ਼ ਪਰਤ ਆਇਆ ਭਾਵੇਂ ਕਿ ਭਾਰਤ ਸਰਕਾਰ ਨੇ 1949 ਦੀ ਤੀਜੀ ਜਨੇਵਾ ਸੰਧੀ ਦਾ ਹਵਾਲਾ ਦੇ ਕੇ ਪਾਕਸਿਤਾਨ ਨੂੰ ਗੁਹਾਰ ਲਾਈ ਸੀ ਕਿ ਸਾਡਾ ਪਾਇਲਟ ਬਿਨਾਂ ਕੋਈ ਨੁਕਸਾਨ ਪਹੁੰਚਾਇਆ ਵਾਪਸ ਭੇਜਿਆ ਜਾਵੇ।
ਇਸ ਸਾਰੀ ਘਟਨਾ ਨਾਲ ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਹੋਰ ਵੀ ਵਿਗੜੇ ਹਨ। ਭਾਵੇਂ ਕਿ ਅੰਤਰਰਾਸ਼ਟਰੀ ਦਬਾਅ ਦੇ ਚੱਲਦਿਆਂ ਹਾਲ ਦੀ ਘੜੀ ਜੰਗ ਦੇ ਬਦਲ ਥੋੜ੍ਹਾ ਛਟ ਗਏ ਹਨ, ਪਰ ਦੋਹਾਂ ਦੇਸ਼ਾਂ ਵਿੱਚ ਤਣਾਅ ਹਾਲੇ ਵੀ ਬਰਕਰਾਰ ਹੈ।
ਦੋਹਾਂ ਮੁਲਕਾਂ ਵਿੱਚ 1948, 1965, 1971 ਅਤੇ 1999 ਵਿੱਚ ਕਾਰਗਿਲ ਦੇ ਯੁੱਧ ਲੜੇ ਗਏ। ਹਜ਼ਾਰਾਂ ਜਵਾਨ ਦੋਹਾਂ ਮੁਲਕਾਂ ਦੇ ਮਰੇ, ਹਜ਼ਾਰਾਂ ਲੋਕ ਜਖ਼ਮੀ ਹੋਏ। ਜਾਇਦਾਦਾਂ ਤਬਾਹ ਹੋਈਆਂ। ਇਹਨਾਂ ਲੜੇ ਗਏ ਯੁੱਧਾਂ ਜਾਂ ਅਣ-ਐਲਾਨੇ ਯੁੱਧਾਂ ਦਾ ਫਾਇਦਾ ਮੌਕੇ ਦੀਆਂ ਹਾਕਮ ਧਿਰਾਂ ਨੇ ਉਠਾਇਆ। 20 ਵਰ੍ਹੇ ਪਹਿਲਾਂ ਜਦੋਂ ਕਾਰਗਿਲ ਦਾ ਯੁੱਧ ਹੋਇਆ ਤਾਂ ਦੇਸ਼ ਭਰ ਵਿੱਚ ਅਟਲ ਬਿਹਾਰੀ ਬਾਜਪਾਈ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਯੁੱਧ ਵੇਲੇ ਮਾਹੌਲ ਇਸ ਤਰ੍ਹਾਂ ਦਾ ਬਣਿਆ ਕਿ ਅਗਲੀ ਚੋਣ ਵਿੱਚ ਭਾਜਪਾ ਤਾਕਤ ਵਿੱਚ ਆ ਗਈ ਅਤੇ ਦੇਸ਼ ਉੱਤੇ ਪੰਜ ਸਾਲ ਰਾਜ ਕੀਤਾ। ਉਸ ਸਮੇਂ ਰਾਸ਼ਟਰਵਾਦ ਦਾ ਮਾਹੌਲ ਬਣਾ ਦਿੱਤਾ ਗਿਆ ਜਿਵੇਂ ਕਿ ਹੁਣ ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਵੇਲੇ ਬਣਾ ਦਿੱਤਾ ਗਿਆ ਹੈ। ਰਾਸ਼ਟਰਵਾਦ ਦੇ ਅੱਗੇ ਨਾ ਜਾਤ ਠਹਿਰਦੀ ਹੈ ਅਤੇ ਨਾ ਹੋਰ ਮੁੱਦੇ। ਸਵਾਲ ਇਹ ਉੱਠਦਾ ਹੈ ਕਿ ਕੀ ਕਾਰਗਿਲ ਦੇ ਵੀਹ ਸਾਲ ਬਾਅਦ ਇਤਿਹਾਸ ਤਾਂ ਨਹੀਂ ਦੁਹਰਾਇਆ ਜਾ ਰਿਹਾ?
ਉਂਜ ਇਕੱਲੀ ਭਾਜਪਾ ਨੇ ਹੀ ਨਹੀਂ, ਸਮੇਂ-ਸਮੇਂ ’ਤੇ ਕਾਂਗਰਸ ਨੇ ਵੀ ਯੁੱਧ ਦਾ ਡਰ ਪੈਦਾ ਕਰਕੇ ਜਾਂ ਯੁੱਧ ਜਿਹੇ ਹਾਲਾਤ ਪੈਦਾ ਕਰਕੇ ਜਾਂ ਯੁੱਧ ਲੜਕੇ ਚੋਣਾਂ ਜਿੱਤੀਆਂ। ਇੰਦਰਾ ਗਾਂਧੀ ਨੇ 1971 ਦੇ ਯੁੱਧ ਦਾ ਲਾਹਾ ਲੈਣ ਲਈ ਲੋਕ ਸਭਾ ਦੀਆਂ ਚੋਣਾਂ ਸਮੇਂ ਤੋਂ ਪਹਿਲਾਂ ਕਰਵਾ ਦਿੱਤੀਆਂ ਸਨ। ਇਸ ਯੁੱਧ ਵਿੱਚ ਪਾਕਿਸਤਾਨ ਦੇ 93000 ਫੌਜੀ ਕੈਦੀ ਬਣਾਏ ਗਏ ਸਨ। ਕਾਂਗਰਸ ਅਤੇ ਵਿਰੋਧੀ ਧਿਰਾਂ ਦਾ ਇਲਜ਼ਾਮ ਹੈ ਕਿ ਮੋਦੀ ਵਲੋਂ ਪਾਕਿਸਤਾਨ ਦੇ ਵਿਰੁੱਧ ਕੀਤੀ ਕਾਰਵਾਈ ਚੋਣਾਂ ਵਿੱਚ ਫਾਇਦਾ ਲੈਣ ਲਈ ਕੀਤੀ ਗਈ ਹੈ। ਇਸ ਤੱਥ ਨੂੰ ਝੁਠਲਾਇਆ ਵੀ ਨਹੀਂ ਜਾ ਸਕਦਾ।
ਭਾਰਤ ਨੂੰ ਇਸ ਵੇਲੇ ਯੁੱਧ ਵਿੱਚ ਉਲਝਣ ਦੀ ਲੋੜ ਨਹੀਂ ਹੈ। ਪਾਕਸਿਤਾਨ ਵਲੋਂ ਕਿਸੇ ਭਾਰਤੀ ਖੇਤਰ ਵਿੱਚ ਕਬਜ਼ੇ ਦੀ ਕੋਸ਼ਿਸ਼ ਵੀ ਨਹੀਂ ਕੀਤੀ ਜਾ ਰਹੀ। ਦੋਹਾਂ ਦੇਸ਼ਾਂ ਵਿੱਚ ਭੜਕਾਹਟ ਦੀਆਂ ਇਹ ਕਾਰਵਾਈਆਂ ਅਸਲ ਵਿੱਚ ਪੁਲਵਾਮਾ ਵਿੱਚ ਆਤੰਕਵਾਦੀ ਹਮਲੇ ਕਾਰਨ ਹਨ। ਆਤੰਕਵਾਦ ਇੱਕ ਇਹੋ ਜਿਹਾ ਮੁੱਦਾ ਹੈ ਜਿਸਦਾ ਕਿਸੇ ਵੀ ਦੇਸ਼ ਨੂੰ ਵੱਡਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਕਿਸੇ ਵੀ ਰਾਸ਼ਟਰ ਨੂੰ ਬਾਹਰੀ ਸੁਰੱਖਿਆ ਅਤੇ ਦੇਸ਼ ਅੰਦਰਲੀ ਸੁਰੱਖਿਆ ਦਾ ਫਰਕ ਕਰਨਾ ਹੁੰਦਾ ਹੈ। ਦੇਸ਼ ਵਿੱਚ ਅੰਦਰਲੀ ਸੁਰੱਖਿਆ ਨੂੰ ਆਤੰਕਵਾਦ, ਆਤੰਕਵਾਦੀਆਂ ਦੀ ਘੁਸਪੈਠ, ਸੰਪਰਦਾਇਕ ਜਾਂ ਮਜ਼ਹਬੀ ਤਣਾਉ, ਦੇਸ਼ ਤੋਂ ਅਲੱਗ ਹੋਣਾ, ਰਿਜ਼ਰਵੇਸ਼ਨ ਅੰਦੋਲਨ, ਕਿਸਾਨ ਅੰਦੋਲਨ ਅੰਤਰਰਾਸ਼ਟਰੀ ਜਲ ਜਾਂ ਸੀਮਾ ਵਿਵਾਦ ਅਤੇ ਭਾਸ਼ਾਈ ਵਿਵਾਦ ਪ੍ਰਭਾਵਿਤ ਕਰਦੇ ਹਨ। 1965 ਵਿੱਚ ਤਾਮਿਲਨਾਡੂ ਵਿੱਚ ਜ਼ਬਰੀ ਹਿੰਦੀ ਲਾਗੂ ਕਰਨ ਕਾਰਨ ਭਾਸ਼ਾਈ ਅੰਦੋਲਨ ਹੋਇਆ, ਪਰ ਹੁਣ ਦੇਸ਼ ਵਿੱਚ ਕੋਈ ਭਾਸ਼ਾਈ ਅੰਦੋਲਨ ਨਹੀਂ ਹੈ।
ਜੰਮੂ-ਕਸ਼ਮੀਰ ਵਿਚਲਾ ਆਤੰਕਵਾਦ ਇਸ ਵੇਲੇ ਗੰਭੀਰ ਮੁੱਦਾ ਹੈ। ਸੀਮਾ ਪਾਰ ਤੋਂ ਆਤੰਕਵਾਦੀ ਜੰਮੂ ਕਸ਼ਮੀਰ ਪੁੱਜਦੇ ਹਨ। ਸਾਲ 2017 ਵਿੱਚ ਘੁਸਪੈਠ ਦੀਆਂ 136 ਘਟਨਾਵਾਂ ਵਾਪਰੀਆਂ ਅਤੇ ਸਾਲ 2018 ਦੇ ਅਕਤੂਬਰ ਤੱਕ 128 ਘਟਨਾਵਾਂ ਹੋ ਚੁੱਕੀਆਂ ਹਨ। ਕਸ਼ਮੀਰ ਵਿੱਚ ਘੁਸਪੈਠ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਮੋਦੀ ਸਰਕਾਰ ਦੇ ਬਹੁਲਤਾਵਾਦੀ ਰਾਸ਼ਟਰਵਾਦੀ ਨਜ਼ਰੀਏ ਅਤੇ ਸੈਨਿਕ ਬਲਾਂ ਦੀ ਸਖ਼ਤ ਵਰਤੋਂ ਕਾਰਨ ਜੰਮੂ-ਕਸ਼ਮੀਰ ਦੇ ਨੌਜਵਾਨ ਉਗਰਵਾਦੀ ਗੁੱਟਾਂ ਵਿੱਚ ਸ਼ਾਮਲ ਹੋ ਰਹੇ ਹਨ। 2017 ਵਿੱਚ 126 ਅਤੇ ਅਕਤੂਬਰ 2018 ਤੱਕ 164 ਯੁਵਕ ਇਹਨਾਂ ਗੁੱਟਾਂ ਵਿੱਚ ਸ਼ਾਮਲ ਹੋਏ।
ਇਸ ਸਮੇਂ ਭਾਜਪਾ ਸਰਕਾਰ ਨੇ ਆਪਣਾ ਧਿਆਨ ਆਤੰਕਵਾਦ ਤੋਂ ਹਟਾ ਕੇ ਪਾਕਿਸਤਾਨ ਉੱਤੇ ਕੇਂਦਰਿਤ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਕੋਈ ਸਵਾਲ ਨਾ ਕਰਨ ਸਗੋਂ ਸਰਕਾਰ ਦਾ ਸਮਰਥਨ ਕਰਨ। ਹਾਲਾਂਕਿ ਕੁਝ ਲੋਕ ਅਤੇ ਸਿਆਸੀ ਨੇਤਾ ਬਾਲਾਕੋਟ (ਪਾਕਿਸਤਾਨ) ’ਤੇ ਭਾਰਤੀ ਹਵਾਈ ਫੌਜ ਵਲੋਂ ਪਾਕਸਿਤਾਨ ਟਿਕਾਣੇ ਨਸ਼ਟ ਕਰਨ ਸਬੰਧੀ ਸਵਾਲ ਪੁੱਛ ਰਹੇ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤਾਂ ਇਸ ਹਮਲੇ ਵਿੱਚ ਮਾਰੇ ਗਏ ਅਤਿਵਾਦੀਆਂ ਸਬੰਧੀ ਸਰਕਾਰ ਤੋਂ ਸਬੂਤਾਂ ਦੀ ਮੰਗ ਕੀਤੀ ਹੈ। ਜਿਉਂ-ਜਿਉਂ ਸਮਾਂ ਬੀਤਦਾ ਜਾਏਗਾ, ਇਸ ਕਿਸਮ ਦੇ ਸਵਾਲ ਹੋਰ ਉੱਠਣਗੇ। ਜੰਗ ਕਿਸੇ ਦੇ ਪੱਲੇ ਕੁਝ ਨਹੀਂ ਪਾਉਂਦੀ।ਭਾਰਤ-ਪਾਕਿ ਵਲੋਂ ਪਰਮਾਣੂ ਹਥਿਆਰ ਚਲਾਏ ਜਾਣ ਦੀ ਧੌਂਸ ਵੀ ਇੱਕ ਦੂਜੇ ਨੂੰ ਦਿੱਤੀ ਜਾ ਰਹੀ। ਅਸਲ ਵਿੱਚ ਮੌਜੂਦਾ ਅਣ-ਐਲਾਨੀ ਜੰਗ ਸਿਆਸਤਦਾਨਾਂ ਵਲੋਂ ਬਣਾਈ ਮ੍ਰਿਰਗ ਤ੍ਰਿਸ਼ਨਾ ਜਿਹੀ ਜਾਪਦੀ ਹੈ। ਆਉ ਚਾਣਕਯ ਦੇ ਸ਼ਬਦਾਂ ਨੂੰ ਯਾਦ ਕਰੀਏ, “ਜਿਸ ਜੰਗ ਵਿੱਚ ਬਾਦਸ਼ਾਹ ਦੀ ਜਾਨ ਨੂੰ ਖਤਰਾ ਨਾ ਹੋਵੇ, ਉਸਨੂੰ ਜੰਗ ਨਹੀਂ, ਸਿਆਸਤ ਕਹਿੰਦੇ ਹਨ।” ਭਾਰਤ-ਪਾਕਿ ਦੀ ਅਣ-ਐਲਾਨੀ ਇਹ ਜੰਗ “2019 ਦੀਆਂ ਚੋਣਾਂ“ ਜਿੱਤਣ ਦਾ ਇੱਕ ਅਡੰਬਰ ਹੈ। ਉਂਜ ਜੰਗ ਅਤੇ ਖਾਸ ਤੌਰ ’ਤੇ ਪ੍ਰਮਾਣੂ ਜੰਗ ਨਾਲ ਕਿਵੇਂ ਤਬਾਹੀ ਹੁੰਦੀ ਹੈ, ਆਓ, ‘ਦਾ ਡੇ ਆਫਟਰ’ ਫਿਲਮ ਦਾ ਆਖ਼ਰੀ ਸੀਨ ਯਾਦ ਕਰੀਏ। ਪ੍ਰਮਾਣੂ ਹਮਲੇ ਵਿੱਚ ਪੂਰੀ ਦੁਨੀਆ ਨਸ਼ਟ ਹੋ ਚੁੱਕੀ ਹੈ ਅਤੇ ਇੱਕ ਆਦਮੀ ਮਿੱਟੀ ਹੱਥ ਵਿੱਚ ਉਠਾਉਂਦਾ ਹੈ। ਮਿੱਟੀ ਹੱਥ ਵਿੱਚ ਲਏ ਜਾਣ ਦਾ ਕਲੋਜ਼-ਅੱਪ ਹੈ ਅਤੇ ਮਰਦਾ ਹੋਇਆ ਆਦਮੀ ਦੁਨੀਆ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਪੁੱਛ ਰਿਹਾ ਹੈ, “ਸਭ ਕੁਝ ਮਿੱਟੀ ਹੋਣ ਦੇ ਬਾਅਦ ਕਿਸਦੇ ਹਿੱਸੇ ਕੀ ਆਇਆ?”
*****
(ਨੋਟ: ਹਰ ਲੇਖਕ ਆਪਣੀ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1499)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)
ਇੱਕ ਵਿਚਾਰ:
ਜਿਹੜੇ ਸਿਆਸਤਦਾਨ ਗੱਲਬਾਤ ਦੀ ਥਾਂ,
ਜੰਗ ਲਾਉਣ ਦੀਆਂ ਗੱਲਾਂ ਕਰਦੇ ਹਨ,
ਉਹ, ਲੋਕਾਂ ਦੇ ਜੀਵਨ ਦੇ ਰੰਗ ਵਿੱਚ,
ਭੰਗ ਪਾਉਣ ਦੀਆਂ ਗੱਲਾਂ ਕਰਦੇ ਹਨ।
**