GurmitPalahi8“ਕੀ ਇਹ ਨਾਅਰੇ ਦੇਸ਼ ਹਿਤ ਵਿੱਚ ਹਨ? ਕੀ ਇਹ ਨਾਅਰੇ ਲੋਕ ਹਿਤ ਵਿੱਚ ਹਨ? ਕੀ ...”
(24 ਨਵੰਬਰ 2026)

 

ਹੁਣ ਉੱਤਰ ਪ੍ਰਦੇਸ਼ ਵਿੱਚ ਨਾਅਰਾ ਬਦਲ ਗਿਆ ਹੈ, ਕਿਉਂਕਿ ਚੋਣਾਂ ਆ ਗਈਆਂ ਹਨ। ਸੱਤਰ ਸਾਲ ਵੰਚਤਾਂ ਦਾ ਰਾਮਬਾਣ ਸੀ, “ਸੌਗੰਧ ਰਾਮ ਕੀ ਖਾਤੇ ਹੈਂ, ਮੰਦਰ ਵਹੀਂ ਬਨਾਏਂਗੇ।” ਪਰ ਸੱਤਾ ਵਿੱਚ ਕੁਝ ਵੀ ਸਥਾਈ ਨਹੀਂ ਹੁੰਦਾ, ਤਾਂ ਫਿਰ ਤੁਸੀਂ ਹੀ ਦੱਸੋ ਰਾਮਬਾਣ ਬੇ-ਮਿਆਦਾ ਕਿਵੇਂ ਰਹਿੰਦਾ! ਲਓ ਥੋੜ੍ਹਾ ਮੁਹਾਵਰਾ ਹੀ ਬਦਲਿਆ ਹੈ, ਇਹ ਨਾਅਰਾ ਰਾਧਾ ਬਾਣ ਦੀ ਤਰ੍ਹਾਂ ਕੰਮ ਕਰੇਗਾ, ਕਿਉਂਕਿ ਹੁਣ ਨਾਅਰਾ ਲੱਗ ਰਿਹਾ ਹੈ, “ਰਾਧੇ-ਰਾਧੇ ਕਮਲ ਖਿਲਾ ਦਿਓ।”

ਸਮਝਿਆ ਜਾ ਰਿਹਾ ਹੈ ਕਿ ਜੋ ਰਾਮ ਨੂੰ ਲਿਆਏ ਸੀ, ਉਹ ਕ੍ਰਿਸ਼ਨ ਨੂੰ ਵੀ ਲਿਆਉਣਗੇ! ਜਦੋਂ ਸਿਆਸੀ ਮੈਦਾਨ ਵਿੱਚ ਪੁਰਾਣੇ ਨਾਅਰਿਆਂ ਦੀ ਧਾਰ ਕੁਝ ਮੱਠੀ ਪੈਂਦੀ ਦਿਸਦੀ ਹੈ ਤਾਂ ਨਵੇਂ ਧਾਰਮਿਕ ਅਤੇ ਭਾਵਨਾਤਮਕ ਪ੍ਰਤੀਕਾਂ ਦਾ ਸਹਾਰਾ ਲੈਣਾ ਸਿਆਸਤ ਦੀ ਪੁਰਾਣੀ ਚਾਲ ਬਣ ਚੁੱਕਿਆ ਹੈ। ਪਰ ਕੀ ਹਰ ਵਾਰ ਆਸਥਾ ਦਾ ਸਹਾਰਾ ਲੈ ਕੇ ਅਸਲੀ ਮੁੱਦਿਆਂ ਤੋਂ ਨਜ਼ਰ ਚੁਰਾਈ ਜਾ ਸਕਦੀ ਹੈ?

ਦੋ ਲੋਕ ਸਭਾ ਮੈਂਬਰਾਂ ਵਾਲੀ ਭਾਰਤੀ ਜਨਤਾ ਪਾਰਟੀ ਦਾ ਸਫਰ, ਜਿਨ੍ਹਾਂ ਲਈ ਕਦੇ ‘ਹਮ ਦੋ, ਹਮਾਰੇ ਦੋ’ ਦਾ ਇੱਕ ਸਿਆਸੀ ਮਜ਼ਾਕ ਬਣਿਆ ਸੀ, ਉਹ ਭਾਰਤੀ ਜਨਤਾ ਪਾਰਟੀ ਸੱਤਾ ਪ੍ਰਾਪਤੀ ਲਈ ਗੰਭੀਰ ਸੀ। 1984 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਸਿਰਫ 2 ਸੀਟਾਂ ’ਤੇ ਸਿਮਟ ਗਈ ਸੀ, ਪਰ ਉੱਥੋਂ ਉੱਠ ਕੇ ਸਿਆਸਤ ਦੇ ਸਿਖਰ ਤਕ ਪਹੁੰਚਣ ਦਾ ਸਫਰ ਲੰਮਾ ਅਤੇ ਯੋਜਨਾਬੱਧ ਰਿਹਾ। ਅਟਲ ਬਿਹਾਰੀ ਵਾਜਪਾਈ ਦੇ ਸਮੇਂ ਤੋਂ “ਮੰਦਰ ਉੱਥੇ ਹੀ ਬਣਾਵਾਂਗੇ” ਯਾਨੀ ਅਯੁੱਧਿਆ ਵਿੱਚ ਮਸਜਿਦ ਵਾਲੀ ਥਾਂ ਉੱਤੇ ਨਾਅਰਾ ਤੇਜ਼ ਹੋਇਆ, ਜੋ 2014 ਤਕ ਲਗਾਤਾਰ ਗੂੰਜਿਆ, ਪੂਰੀ ਚਰਮ ਸੀਮਾ ’ਤੇ ਪਹੁੰਚਿਆ।

ਆਖਰ 2024 ਵਿੱਚ ਮੰਦਰ ਬਣ ਗਿਆ। ਨਰਿੰਦਰ ਮੋਦੀ ਦੀ ਭਾਜਪਾ ਨੇ ਡੰਕੇ ਦੀ ਚੋਟ ’ਤੇ ਇਸਦੇ ਨਿਰਮਾਣ ਦਾ ਹੋਕਾ ਅਤੇ ਸਿਹਰਾ ਲਿਆ ਕਿ ਇਹ ਉਨ੍ਹਾਂ ਨੇ ਬਣਾਇਆ ਹੈ। ਹਿੰਦੂਆਂ ਨੂੰ ਇਤਿਹਾਸਕ ਪੂੰਜੀ ਸੌਂਪੀ ਗਈ ਹੈ, ਇਸ ਆਸ ਨਾਲ ਕਿ ਉਹ ਰਾਮ ਮੰਦਰ ’ਤੇ ਆਸਥਾ ਨੂੰ ਅਟੱਲ ਰੱਖਣਗੇ। ਪਰ ਇਹ ਆਸਥਾ ਮਿਆਦੀ ਨਾ ਰਹੀ! ਮਿਆਦੀ ਤਾਰੀਖ ਯਾਨੀ ਯੂ.ਪੀ. ਚੋਣਾਂ ਤੋਂ ਪਹਿਲਾਂ ਹੀ ਮੰਦਰ ਵਿੱਚ ਚੜ੍ਹਾਵਾ ਚੋਰੀ ਦੀਆਂ ਖਬਰਾਂ ਸਾਹਮਣੇ ਆ ਗਈਆਂ। ਦਿੱਲੀ ਦਰਬਾਰ ਨੇ ਚੋਰੀ ਦੇ ਮੁੱਦੇ ’ਤੇ ਰਾਮ ਦਰਬਾਰ ਤੋਂ ਦੂਰੀ ਬਣਾ ਲਈ। ਪੂਰੀ ਸ਼ਰਧਾ ਬਖੇਰ ਰਹੇ ਰਾਮ ਭਗਤਾਂ ਵਿੱਚ ਇਮਾਨਦਾਰ ਅਤੇ ਪਹਿਰੇਦਾਰ ਸਰਕਾਰ ਪ੍ਰਤੀ ਵੱਡੇ ਸ਼ੰਕਾ ਉੱਠਣ ਲੱਗੇ। ਇਹ ਗੱਲ ਸਰਕਾਰਾਂ ਅਤੇ ਚੌਧਰੀ ਕਦੇ ਪਸੰਦ ਨਹੀਂ ਕਰਦੇ, ਖਾਸ ਤੌਰ ’ਤੇ ਉਸ ਹਾਲਤ ਵਿੱਚ ਜਦੋਂ ਜ਼ਬਰਦਸਤ ਸਿਆਸੀ ਧਰੁਵੀਕਰਨ ਹੋ ਰਿਹਾ ਹੋਵੇ। ਜਦੋਂ ਪਹਿਰੇਦਾਰੀ ਉੱਤੇ ਸਵਾਲ ਉੱਠੇ ਹਨ ਤਾਂ ਲੋਕਾਂ ਦਾ ਧਿਆਨ ਖਿੱਚਣ ਲਈ ਸ਼ਿਆਮ ਦੀ ਗੱਲ ਹੋਣ ਲੱਗੀ ਹੈ, “ਰਾਧੇ-ਰਾਧੇ ਕਾਮ ਬਣਾ ਦਿਓ, ਅਬ ਕੀ ਬਾਰੀ ਬਾਂਕੇ ਬਿਹਾਰੀ।” ਜਿਹੜੀ ਪਾਰਟੀ ਆਪਣੇ ਆਪ ਨੂੰ ਸਭ ਤੋਂ ਵੱਧ ਅਨੁਸ਼ਾਸਿਤ ਅਤੇ ਨੈਤਿਕ ਪਹਿਰੇਦਾਰ ਦੱਸਦੀ ਸੀ, ਉਸਦੇ ਰਾਜ ਵਿੱਚ ਪਵਿੱਤਰ ਅਸਥਾਨਾਂ ਦੀ ਸੁਰੱਖਿਆ ਅਤੇ ਪ੍ਰਬੰਧਨ ਉੱਤੇ ਉੱਠਦੇ ਸਵਾਲ ਆਮ ਲੋਕਾਂ ਦੇ ਮਨਾਂ ਵਿੱਚ ਕਿਹੋ ਜਿਹੀ ਦੁਬਿਧਾ ਪੈਦਾ ਕਰਦੇ ਹਨ?

ਆਉ ਜ਼ਰਾ ਯੂ.ਪੀ. ਦਾ ਸਿਆਸੀ ਦ੍ਰਿਸ਼ ਪਰਖੀਏ। ਲਗਭਗ 15.5 ਕਰੋੜ ਤੋਂ ਵੱਧ ਵੋਟਰਾਂ ਅਤੇ 75 ਜ਼ਿਲ੍ਹਿਆਂ ਵਾਲਾ ਉੱਤਰ ਪ੍ਰਦੇਸ਼ ਦੇਸ਼ ਦੀ ਸਿਆਸਤ ਦੀ ਧੁਰੀ ਮੰਨਿਆ ਜਾਂਦਾ ਹੈ, ਜਿੱਥੇ ਵਿਧਾਨ ਸਭਾ ਦੀਆਂ 403, ਲੋਕ ਸਭਾ ਦੀਆਂ 80 ਅਤੇ ਰਾਜ ਸਭਾ ਦੀਆਂ 31 ਸੀਟਾਂ ਹਨ। ਮੋਦੀ ਸਾਹਿਬ ਅਤੇ ਭਾਜਪਾ ਲਈ ਯੂ.ਪੀ. ਜਿੱਤਣਾ ਸਿਰਫ ਇੱਕ ਸੂਬੇ ਦੀ ਜਿੱਤ ਨਹੀਂ, ਬਲਕਿ ਪੂਰੇ ਦੇਸ਼ ਦੀ ਸਿਆਸੀ ਤਾਕਤ ਅਤੇ ਭਵਿੱਖ ਦੇ ਵੱਡੇ ਫੈਸਲਿਆਂ ਦੀ ਚਾਬੀ ਮੰਨਿਆ ਜਾਂਦਾ ਹੈ।

ਕਿਉਂਕਿ ਪਿਛਲੇ ਲੋਕ ਸਭਾ ਚੋਣ ਨਤੀਜਿਆਂ ਵਿੱਚ ਭਾਜਪਾ ਆਪਣੇ ਬਲਬੂਤੇ ਬਹੁਮਤ ਦੇ ਅੰਕੜੇ ਤੋਂ ਪਿੱਛੇ ਰਹਿ ਗਈ ਸੀ ਅਤੇ ਗੱਠਜੋੜ ਦੀ ਸਰਕਾਰ ਬਣਾਉਣੀ ਪਈ ਸੀ, ਇਸ ਲਈ ਕੇਂਦਰ ਦੀ ਸੱਤਾ ਅਤੇ ਵੱਡੇ ਏਜੰਡਿਆਂ ਲਈ ਯੂ.ਪੀ. ਦੀ ਮਜ਼ਬੂਤ ਜਿੱਤ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ। ਆਉਣ ਵਾਲੇ ਸਮੇਂ ਵਿੱਚ ਲੋਕ ਸਭਾ ਸੀਟਾਂ ਵਧਾਉਣ ਅਤੇ ਹੱਦਬੰਦੀ ਵਰਗੇ ਮਸਲੇ, ਔਰਤਾਂ ਦੇ ਰਾਖਵੇਂਕਰਨ (ਰਿਜ਼ਰਵੇਸ਼ਨ) ਬਿੱਲ ਨੂੰ ਅਮਲੀ ਰੂਪ ਦੇਣ ਵਰਗੇ ਵੱਡੇ ਕਾਨੂੰਨੀ ਅਤੇ ਸੰਵਿਧਾਨਕ ਕਦਮ ਸਰਕਾਰ ਦੇ ਏਜੰਡੇ ’ਤੇ ਹਨ। ਪਰ ਜਦੋਂ ਸਰਕਾਰ ਗੱਠਜੋੜ ਦੇ ਸਹਾਰੇ ਚਲਦੀ ਹੈ ਤਾਂ ਕਈ ਵਾਰ ਅਜਿਹਾ ਮਹਿਸੂਸ ਹੁੰਦਾ ਹੈ ਕਿ ਬਿਹਾਰ ਜਾਂ ਦੱਖਣ ਦੇ ਸਹਿਯੋਗੀ ਦਲਾਂ ਦੀਆਂ ਆਪਣੀਆਂ ਸ਼ਰਤਾਂ, ਖੇਤਰੀ ਹਿਤਾਂ ਅਤੇ ਸਹਿਮਤੀ-ਅਸਹਿਮਤੀ ਕਾਰਨ ਕੇਂਦਰ ਕਈ ਥਾਂਵਾਂ ’ਤੇ ਬੇਵੱਸ ਜਾਂ ਸੰਕੋਚ ਵਿੱਚ ਦਿਖਾਈ ਦਿੰਦਾ ਹੈ। ਸ਼ਾਇਦ ਇਸੇ ਲਈ ਧਰਮ ਅਧਾਰਿਤ ਰਾਜਨੀਤੀ ਅਤੇ ਵੱਡੇ ਭਾਵਨਾਤਮਕ ਮੁੱਦਿਆਂ ਰਾਹੀਂ ਆਪਣੀ ਵੋਟ ਬੈਂਕ ਅਤੇ ਸਿਆਸੀ ਪਕੜ ਨੂੰ ਮੁੜ ਪੱਕਾ ਕਰਨ ’ਤੇ ਜ਼ੋਰ ਦਿੱਤਾ ਜਾਂਦਾ ਹੈ, ਤਾਂ ਜੋ ਸਿਆਸੀ ਸਮੀਕਰਨਾਂ ਦਾ ਦਬਾਅ ਘੱਟ ਕੀਤਾ ਜਾ ਸਕੇ।

ਚੋਣਾਂ ਵਿੱਚ ਗੱਠਜੋੜ ਤੈਅ ਹੋ ਚੁੱਕੇ ਹਨ। ਪਹਿਲਾ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦਾ ਗੱਠਜੋੜ ਹੈ, ਦੂਜਾ ਗੱਠਜੋੜ ਭਾਜਪਾ ਅਤੇ ਐੱਨ.ਡੀ.ਏ. ਦਾ ਹੈ, ਤੀਸਰਾ ਗੱਠਜੋੜ ਸਭ ਤੋਂ ਵੱਧ ਚਰਚਿਤ ਚੰਦਰਸ਼ੇਖਰ ਆਜ਼ਾਦ ਦੀ ਆਜ਼ਾਦ ਸਮਾਜ ਪਾਰਟੀ ਅਤੇ ਅਸਦੁਦੀਨ ਓਵੈਸੀ ਦੀ ਏ.ਆਈ.ਐੱਮ.ਆਈ.ਐੱਮ. ਦਾ ਹੈ। ਕਿਧਰੇ-ਕਿਧਰੇ ਬਸਪਾ ਵੀ ਦਿਖਾਈ ਦਿੰਦੀ ਹੈ।

ਸੀਟਾਂ ਦਾ ਹਾਲੇ ਆਪਸੀ ਬਟਵਾਰਾ ਨਹੀਂ ਹੋਇਆ, ਇਹ ਦਸੰਬਰ ਦੇ ਅੰਤ ਤਕ ਤੈਅ ਹੋਣਗੀਆਂ ਕਿਉਂਕਿ ਹਾਲੇ ਤਕ ਤਾਂ ਸਾਰੇ ਗੱਠਜੋੜ ਸੀਟਾਂ ਦੇ ਗਣਤ ਉਲਝੇ ਹੋਏ ਹਨ। ਚੋਣਾਂ ਵਿੱਚ ਭਾਜਪਾ ਕਾਨੂੰਨ ਵਿਵਸਥਾ, ਵਿਕਾਸ ਅਤੇ ਯੋਜਨਾਵਾਂ ਨੂੰ ਮੁੱਦਾ ਬਣਾਵੇਗੀ। ਇੰਡੀਆ ਗੱਠਜੋੜ ਮਹਿੰਗਾਈ, ਬੇਰੁਜ਼ਗਾਰੀ, ਚੰਦਾ ਚੋਰੀ ਨੂੰ ਮੁੱਦਾ ਬਣਾਵੇਗਾ ਅਤੇ 12 ਸਾਲ ਦਾ ਹਿਸਾਬ ਵੀ ਮੰਗੇਗਾ! ਇੱਕ ਪਾਸੇ ਕਾਨੂੰਨ ਵਿਵਸਥਾ ਅਤੇ ਵੱਡੇ ਪ੍ਰੋਜੈਕਟਾਂ ਦੇ ਦਾਅਵੇ ਹਨ, ਦੂਜੇ ਪਾਸੇ ਰਸੋਈ ਦੇ ਬਜਟ, ਨੌਜਵਾਨਾਂ ਦੇ ਹੱਥਾਂ ਵਿੱਚ ਰੁਜ਼ਗਾਰ ਅਤੇ ਪਾਰਦਰਸ਼ਤਾ ਦੇ ਸਵਾਲ ਹਨ – ਦੇਖਣਾ ਹੈ ਕਿ ਆਮ ਵੋਟਰ ਇਨ੍ਹਾਂ ਦੋਵਾਂ ਧਰੁਵਾਂ ਵਿੱਚੋਂ ਕਿਸ ਨੂੰ ਆਪਣੇ ਰੋਜ਼ਮਰ੍ਹਾ ਦੇ ਜੀਵਨ ਨਾਲ ਸਭ ਤੋਂ ਨੇੜੇ ਪਾਉਂਦਾ ਹੈ?

ਸੂਬੇ ਵਿੱਚ ਕੁੱਲ ਮਿਲਾ ਕੇ 403 ਸੀਟਾਂ ਹਨ। 2022 ਚੋਣਾਂ ਵਿੱਚ ਕਾਂਗਰਸ 399 ਸੀਟਾਂ ’ਤੇ ਚੋਣ ਲੜੀ ਅਤੇ ਸਿਰਫ ਦੋ ਜਿੱਤ ਸਕੀ, ਬਾਕੀ 397 ਸੀਟਾਂ ’ਤੇ ਜ਼ਮਾਨਤਾਂ ਜ਼ਬਤ ਹੋਈਆਂ। ਸਮਾਜਵਾਦੀ ਪਾਰਟੀ 347 ਸੀਟਾਂ ’ਤੇ ਲੜੀ ਅਤੇ 101 ਸੀਟਾਂ ’ਤੇ ਜਿੱਤੀ। ਸਾਲ 2024 ਵਿੱਚ ਲੋਕ ਸਭਾ ਸੀਟਾਂ ਉਸਨੇ 62 ਲੜੀਆਂ ਤੇ 37 ’ਤੇ ਜਿੱਤ ਪ੍ਰਾਪਤ ਕੀਤੀ ਤੇ 182 ਵਿਧਾਨ ਸਭਾ ਸੀਟਾਂ ’ਤੇ ਅੱਗੇ ਰਹੇ, ਜਦਕਿ ਕਾਂਗਰਸ ਨੇ 2024 ਵਿੱਚ 6 ਲੋਕ ਸਭਾ ਸੀਟਾਂ ਜਿੱਤੀਆਂ ਅਤੇ 39 ਵਿਧਾਨ ਸਭਾ ਸੀਟਾਂ ਵਿੱਚ ਅੱਗੇ ਰਹੀ। ਭਾਜਪਾ ਨੇ 2022 ਵਿੱਚ 255 ਸੀਟਾਂ ਜਿੱਤੀਆਂ ਅਤੇ ਉਸਦੇ ਹਿਮਾਇਤੀਆਂ ਨੇ 25 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ। 2022 ਤੋਂ 2024 ਦੇ ਵਿਚਕਾਰ ਸਿਰਫ ਦੋ ਸਾਲਾਂ ਵਿੱਚ ਵੋਟਾਂ ਦੇ ਰੁਝਾਨ ਵਿੱਚ ਆਇਆ ਇਹ ਵੱਡਾ ਉਤਰਾਅ-ਚੜ੍ਹਾ ਸਾਬਤ ਕਰਦਾ ਹੈ ਕਿ ਯੂ.ਪੀ. ਦਾ ਵੋਟਰ ਪੂਰੀ ਤਰ੍ਹਾਂ ਸਥਿਰ ਨਹੀਂ ਹੈ, ਬਲਕਿ ਜ਼ਮੀਨੀ ਹਕੀਕਤਾਂ ਅਤੇ ਸਥਾਨਕ ਸਮੀਕਰਨਾਂ ਮੁਤਾਬਿਕ ਆਪਣਾ ਫੈਸਲਾ ਬਦਲਣ ਦੀ ਸਮਰੱਥਾ ਰੱਖਦਾ ਹੈ।

ਯੂ.ਪੀ. ਵਿੱਚ ਵੋਟਾਂ ਦਾ ਹਿਸਾਬ-ਕਿਤਾਬ ਅਵੱਲਾ ਹੈ। ਭਾਜਪਾ ਦੀ ਗਣਿਤ ਚੁਣੌਤੀ ਗ਼ੈਰ-ਯਾਦਵ ਓ.ਬੀ.ਸੀ. ਅਤੇ ਗ਼ੈਰ-ਯਾਦਵ ਦਲਿਤ ਵੋਟ ਬਣਾਉਣ ਦੀ ਹੈ। ਸਪਾ ਦਾ ਇਮਤਿਹਾਨ ਕੁਰਮੀ, ਮੌਰੀਆ, ਨਿਸ਼ਾਦ, ਰਾਜਭਰ ਅਤੇ ਪਾਸੀ ਸਮੁਦਾਏ ਹੈ। ਕੁਰਮੀ-ਪਟੇਲ ਵੋਟਾਂ ਉੱਤੇ ਦੋਨਾਂ ਦਲਾਂ ਦੀ ਨਜ਼ਰ ਹੈ। ਯੂ.ਪੀ. ਇੱਕ ਇਹੋ ਜਿਹਾ ਸੂਬਾ ਹੈ ਜਿੱਥੇ ਜਾਤੀ, ਧਰਮ, ਸਿਆਸਤ ਸਦਾ ਹੀ ਗਰਮਾਏ ਰਹਿੰਦੀ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਐੱਨ.ਡੀ.ਏ. (ਭਾਜਪਾ) ਸਵਰਨ, ਕੁਰਮੀ ਕਬੀਲਿਆਂ ਦੀ ਵੱਧ ਵੋਟ ਲੈ ਕੇ ਗਈ, ਜਦਕਿ ਇੰਡੀਆ ਗੱਠਜੋੜ ਯਾਦਵ, ਗ਼ੈਰ-ਜਾਟਵ ਅਤੇ ਮੁਸਲਿਮ ਵੋਟ ਵੱਧ ਲੈ ਕੇ ਗਿਆ। ਮੁਸਲਮਾਨਾਂ ਦੀਆਂ 92 ਫ਼ੀਸਦ ਵੋਟਾਂ ਇੰਡੀਆ ਗੱਠਜੋੜ ਦੇ ਹਿੱਸੇ ਆਈਆਂ, ਜਦਕਿ ਬਸਪਾ ਨੇ 44 ਫ਼ੀਸਦ ਜਾਟਵ, 15 ਫ਼ੀਸਦ ਗ਼ੈਰ-ਜਾਟਵ ਵੋਟ ਪ੍ਰਾਪਤ ਕੀਤਾ। ਮਾਇਆਵਤੀ ਦੀ ਅਸਥਿਰਤਾ ਵੋਟਾਂ ਦਾ ਗਣਤ ਖਰਾਬ ਕਰਦੀ ਹੈ।

ਇਹ ਇੱਕ ਕੰਧ ’ਤੇ ਲਿਖਿਆ ਸੱਚ ਹੈ ਕਿ ਯੂ.ਪੀ. ਵਿੱਚ ਜਾਤ, ਧਰਮ ਦੇ ਨਾਂ ’ਤੇ ਵੋਟਾਂ ਦੀ ਭੂਮਿਕਾ ਵੱਡੀ ਕਰ ਦਿੱਤੀ ਗਈ ਹੈ। ਬ੍ਰਾਹਮਣ, ਠਾਕੁਰ ਵੋਟਾਂ ’ਤੇ ਭਾਜਪਾ ਦੀ ਪਕੜ ਭਾਜਪਾ ਲਈ ਰਾਮਬਾਣ ਹੈ। ਮੁਸਲਮ ਵੋਟਰ ਸਪਾ-ਕਾਂਗਰਸ ਨੂੰ ਮਿਲਦੇ ਹਨ। ਉਂਝ ਵੀ ਦੇਸ਼ ਵਿੱਚ ਹਿੰਦੀ, ਹਿੰਦੂ, ਹਿੰਦੁਸਤਾਨ ਦੇ ਨਾਅਰੇ ਨੇ ਸੱਤਾ ਧਿਰ ਦੀ ਧਰਮ ਅਧਾਰਤ ਸਿਆਸਤ ਨੂੰ ਸਪਸ਼ਟ ਰੂਪ ਵਿੱਚ ਲੋਕਾਂ ਸਾਹਮਣੇ ਲਿਆ ਦਿੱਤਾ ਹੈ। ਘੱਟ ਗਿਣਤੀਆਂ ਇਸ ਧਰਮ ਅਧਾਰਤ ਰਾਜਨੀਤੀ ਦਾ ਸ਼ਿਕਾਰ ਹੋ ਚੁੱਕੀਆਂ ਹਨ। ਜਦੋਂ ਚੋਣਾਂ ਵਿੱਚ ਵਿਕਾਸ ਅਤੇ ਸਿੱਖਿਆ, ਸਿਹਤ ਦੇ ਮੁੱਦਿਆਂ ਦੀ ਥਾਂ ਜਾਤੀ ਅਤੇ ਧਰਮ ਦੇ ਸਮੀਕਰਨ ਭਾਰੂ ਹੋ ਜਾਂਦੇ ਹਨ ਤਾਂ ਕੀ ਲੋਕਤੰਤਰ ਵਿੱਚ ਜਨਤਾ ਦੀ ਅਸਲ ਤਾਕਤ ਕਮਜ਼ੋਰ ਨਹੀਂ ਪੈਂਦੀ?

ਸੂਬੇ ਦਾ ਗ਼ਰੀਬ ਵਰਗ ਇਸ ਢੰਗ ਨਾਲ ਧਰਮ ’ਤੇ ਉਲਝਾ ਦਿੱਤਾ ਗਿਆ ਹੈ ਕਿ ਉਸ ਨੂੰ ਆਪਣੀ ਅਸਲੀ ਆਰਥਿਕ ਸਥਿਤੀ ਦਾ ਗਿਆਨ ਹੀ ਭੁੱਲ ਗਿਆ ਹੈ। ਉਹ ਦੋ ਟੁੱਕ ਰੋਟੀ ’ਤੇ ਅਧਾਰਤ ਕਰ ਦਿੱਤਾ ਗਿਆ ਹੈ। ਦੇਸ਼ ਵਿੱਚ ਗ਼ਰੀਬਾਂ ਦੀ ਅਵਸਥਾ ਖਰਾਬ ਹੋ ਚੁੱਕੀ ਹੈ, ਹਾਲਾਂਕਿ ਪ੍ਰਧਾਨ ਮੰਤਰੀ ਮੋਦੀ 12 ਸਾਲਾਂ ਵਿੱਚ 50 ਕਰੋੜ ਲੋਕਾਂ ਨੂੰ ਗ਼ਰੀਬੀ ਵਿੱਚੋਂ ਬਾਹਰ ਕੱਢਿਆ ਗਿਆ ਦਰਸਾ ਰਹੇ ਹਨ। ਸਵਾਲ ਉੱਠਦਾ ਹੈ ਕਿ 80 ਕਰੋੜ ਲੋਕਾਂ ਨੂੰ ਕਣਕ, ਚਾਵਲ ਮੁਫਤ ਮੁਹਈਆ ਕਿਉਂ ਕੀਤੇ ਜਾਂਦੇ ਹਨ? ਕੀ ਗ਼ਰੀਬਾਂ ਦੇ ਮੱਥੇ ਉੱਤੇ ਇਹ ਕਲੰਕ ਦੇ ਟੀਕੇ ਸਮਾਨ ਨਹੀਂ ਹੈ?

ਜਦੋਂ ਇੱਕ ਪਾਸੇ ਗ਼ਰੀਬੀ ਘਟਣ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਅਤੇ ਦੂਜੇ ਪਾਸੇ 80 ਕਰੋੜ ਦੀ ਅਬਾਦੀ ਮੁਫਤ ਅਨਾਜ ਉੱਤੇ ਨਿਰਭਰ ਦੱਸੀ ਜਾਂਦੀ ਹੈ ਤਾਂ ਆਰਥਿਕ ਖੁਸ਼ਹਾਲੀ ਦੇ ਦਾਅਵਿਆਂ ਉੱਤੇ ਗੰਭੀਰ ਸਵਾਲ ਖੜ੍ਹੇ ਹੋਣਾ ਸੁਭਾਵਿਕ ਹੈ! ਕੀ ਕਿਸੇ ਸਮਾਜ ਦੀ ਤਰੱਕੀ ਇਸ ਗੱਲ ਨਾਲ ਮਾਪੀ ਜਾਣੀ ਚਾਹੀਦੀ ਹੈ ਕਿ ਕਿੰਨੇ ਲੋਕਾਂ ਨੂੰ ਮੁਫਤ ਰਾਸ਼ਨ ਮਿਲ ਰਿਹਾ ਹੈ, ਜਾਂ ਇਸ ਗੱਲ ਨਾਲ ਕਿ ਕਿੰਨੇ ਲੋਕਾਂ ਕੋਲ ਪੱਕਾ ਰੁਜ਼ਗਾਰ, ਚੰਗੀ ਸਿਹਤ ਅਤੇ ਮਿਆਰੀ ਸਿੱਖਿਆ ਹੈ?

ਅਸਲ ਵਿੱਚ ਕੁਝ ਲੋਕ ਧਰਮ ਅਧਾਰਤ ਸਿਆਸਤ ਕਰਨ ਨਾਲ ਪੂਰੇ ਦੇਸ਼ ਨੂੰ ਹਨੇਰੇ ਵਿੱਚ ਸੁੱਟਣ ਦੀ ਕੋਸ਼ਿਸ਼ ਕਰ ਰਹੇ ਹਨ। ਦੇਸ਼ ਵਿੱਚ ਵਾਪਰ ਰਹੀਆਂ ਫਿਰਕੂ ਘਟਨਾਵਾਂ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਦੀਆਂ ਹਨ। ਗ਼ਰੀਬੀ ਦੇ ਦਰਦ, ਅਵਿਸ਼ਵਾਸ ਵਾਲੀ ਸਥਿਤੀ ਨਾਲ ਜੂਝ ਰਹੇ ਆਮ ਲੋਕ ਕੱਟੜਵਾਦੀ ਸੋਚ ਵਾਲੇ ਲੋਕਾਂ ਦੇ ਸ਼ਿਕਾਰ ਹੋਏ ਲੋਕ ਉਮਰੋਂ ਪਹਿਲਾਂ ਬੁੱਢੇ ਹੋ ਰਹੇ ਹਨ। ਉਹ ਨਰਕੀ ਜੀਵਨ ਜਿਊਣ ਲਈ ਮਜਬੂਰ ਕਰ ਦਿੱਤੇ ਗਏ ਹਨ। ਦੇਸ਼ ਦੀ ਸੱਤਾ ਸੰਭਾਲਣ ਵਾਲੀ ਪਾਰਟੀ ਸੰਕੀਰਨ ਸੋਚ ਨਾਲ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਮਿੱਧ ਕੇ ਧਰਮ ਦੇ ਨਾਂ ਉੱਤੇ ਪੂਰੇ ਦੇਸ਼ ਵਿੱਚ, ਖਾਸ ਕਰਕੇ ਯੂ.ਪੀ. ਵਿੱਚ ਅਸਾਧਾਰਨ ਹਾਲਤ ਪੈਦਾ ਕਰਦਿਆਂ ਬੁਲਡੋਜ਼ਰ ਦੀ ਰਾਜਨੀਤੀ ਨਾਲ ਵਿਰੋਧੀਆਂ ਨੂੰ ਕੁਚਲਣ ਦੇ ਰਾਹ ’ਤੇ ਹੈ ਅਤੇ ਧਰਮ ਦੀ ਆੜ ਵਿੱਚ ਉਹ ਇਸ ਢੰਗ ਨਾਲ ਨਿਸ਼ਾਨਾ ਸੇਧਤ ਹੈ ਕਿ ਹਰ ਹਾਲਤ ਵਿੱਚ ਉਸਦੀ ਜਿੱਤ ਹੋਵੇ।

ਕਾਨੂੰਨ ਅਤੇ ਨਿਆਂ ਦੀ ਪ੍ਰਕਿਰਿਆ ਤੋਂ ਬਾਹਰ ਨਿਕਲ ਕੇ ਦਿਖਾਈ ਜਾਣ ਵਾਲੀ ਸਖਤੀ ਕਈ ਵਾਰ ਤੁਰੰਤ ਭਾਵਨਾਤਮਕ ਸੰਤੁਸ਼ਟੀ ਤਾਂ ਦੇ ਸਕਦੀ ਹੈ ਪਰ ਲੰਮੇ ਸਮੇਂ ਵਿੱਚ ਇਹ ਸੰਵਿਧਾਨ ਅਤੇ ਕਾਨੂੰਨ ਦੇ ਰਾਜ ਲਈ ਕਿੰਨੀ ਖਤਰਨਾਕ ਸਾਬਤ ਹੋ ਸਕਦੀ ਹੈ। ਅਸਲ ਵਿੱਚ ਜਜ਼ਬਾਤੀ ਹਿੰਦੁਸਤਾਨੀਆਂ ਦਾ ਮਨ ਇੰਨੀ ਜਲਦੀ ਧਰਮ-ਮਜ਼ਹਬ ਦੇ ਨਾਮ ’ਤੇ ਬੇਹਾਲ ਹੋ ਜਾਂਦਾ ਹੈ ਕਿ ਉਨ੍ਹਾਂ ਨੂੰ ਆਪਣੇ ਹੱਕਾਂ-ਅਧਿਕਾਰਾਂ ਦੀ ਸੁੱਧ-ਬੁੱਧ ਹੀ ਨਹੀਂ ਰਹਿੰਦੀ। ਉੱਤਰ ਪ੍ਰਦੇਸ਼ ਵਿੱਚ ਵੋਟਰਾਂ ਨੂੰ ਭਗਤ ਭਰਮਿਤ ਕਰਨ ਲਈ ਅਯੁੱਧਿਆ ਤੋਂ ਬਾਅਦ ਮਥੁਰਾ ਵਿੱਚ ਸ੍ਰੀ ਕ੍ਰਿਸ਼ਨ ਦੇ ਲਈ ਇੱਕ ਸ਼ਾਨਦਾਰ ਮੰਦਰ ਦੀ ਉਸਾਰੀ ਦੀ ਚਰਚਾ ਜ਼ੋਰਾਂ ’ਤੇ ਹੈ।

ਇਹ ਨਾਅਰਾ “ਰਾਧੇ-ਰਾਧੇ ਕਮਲ ਖਿਲਾ ਦਿਓ” ਕਾਮਯਾਬ ਵੀ ਹੋ ਸਕਦਾ ਹੈ, ਲੇਕਿਨ ਜਿਹੜਾ ਦੇਸ਼ ਵਿੱਚ ਗ਼ਲਤ ਚੀਜ਼ਾਂ ਨੂੰ ਪਹਿਲ ਦੇ ਕੇ ਨੁਕਸਾਨ ਹੋ ਰਿਹਾ ਹੈ, ਕੀ ਉਸਦਾ ਖਮਿਆਜ਼ਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਹੀਂ ਭੁਗਤਣਗੀਆਂ? ਨੇਤਾ ਨਾਅਰੇ ਲਾਉਂਦੇ ਹਨ ਅਤੇ ਉਨ੍ਹਾਂ ਦੇ ਭਗਤ, ਪੈਰੋਕਾਰ ਉਨ੍ਹਾਂ ਨਾਅਰਿਆਂ ਨੂੰ ਪ੍ਰਫੁੱਲਤ ਕਰਦੇ ਹਨ, ਪਰ ਆਮ ਲੋਕ ਉਨ੍ਹਾਂ ਤੋਂ ਜਵਾਬਦੇਹੀ ਨਹੀਂ ਮੰਗਦੇ, ਉਨ੍ਹਾਂ ਦੇ ਵਹਿਣ ਵਿੱਚ ਵਹਿ ਤੁਰਦੇ ਹਨ।

ਕੀ ਇਹ ਨਾਅਰੇ ਦੇਸ਼ ਹਿਤ ਵਿੱਚ ਹਨ? ਕੀ ਇਹ ਨਾਅਰੇ ਲੋਕ ਹਿਤ ਵਿੱਚ ਹਨ? ਕੀ ਇਹ ਨਾਅਰੇ ਕਿਸੇ ਧਰਮ ਦੇ ਹਿਤ ਵਿੱਚ ਹਨ? ਤੇ ਕੀ ਇਹ ਨਾਅਰੇ ਖਾਸ ਕਰਕੇ ਉਸ ਜਨਤਾ ਦੇ ਹਿਤ ਵਿੱਚ ਹਨ ਜਿਹੜੀ ਪਿਛਲੇ ਦੋ ਸਾਲਾਂ ਤੋਂ ਸਭ ਤੋਂ ਉੱਚੀ ਮਹਿੰਗਾਈ ਦਰ ਹੰਢਾ ਰਹੀ ਹੈ, ਜਿਸਦੀ ਕਮਾਈ ਕਈ ਸਾਲਾਂ ਤੋਂ ਲਗਭਗ ਠਹਿਰੀ ਹੋਈ ਹੈ?

ਜਦੋਂ ਆਮ ਆਦਮੀ ਆਪਣੀ ਮਿਹਨਤ ਦੀ ਕਮਾਈ ਨਾਲ ਘਰ ਦਾ ਗੁਜ਼ਾਰਾ ਚਲਾਉਣ ਲਈ ਜੂਝ ਰਿਹਾ ਹੋਵੇ, ਤਾਂ ਕੀ ਨਾਅਰਿਆਂ ਦੀ ਚਮਕ ਉਸਦੇ ਚਿਹਰੇ ਦੀ ਉਦਾਸੀ ਮਿਟਾ ਸਕਦੀ ਹੈ?

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

Gurmit S Palahi

Gurmit S Palahi

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author