“ਅਸਲ ਵਿੱਚ ਅੱਜ ਦੇ ਹਾਕਮ ਦੇਸ਼ ਦੀ ਵਿਗਿਆਨਕ ਸੋਚ ਨੂੰ ਪੁੱਠਾ ਗੇੜਾ ਦੇ ਕੇ ...”
(3 ਫਰਵਰੀ 2026)

ਦੇਸ਼ ਭਾਰਤ ਫਿਰਕੂ ਵਰਤਾਰਿਆਂ ਦੀ ਲਪੇਟ ਵਿੱਚ ਹੈ। ਅਜ਼ਾਦੀ ਦੀ ਪੌਣੀ ਸਦੀ ਅਤੇ ਸਵਾ ਤਿੰਨ ਵਰ੍ਹੇ ਬੀਤਣ ਬਾਅਦ ਵੀ ਆਰਥਿਕ-ਸਮਾਜਿਕ ਪ੍ਰਬੰਧ ਦੀ ਉਪਜ ਵਜੋਂ ਦੇਸ਼ ਵਿਗਿਆਨਕ ਸੋਚ ਨੂੰ ਪੁੱਠਾ ਗੇੜਾ ਦੇਣ ਦੀ ਸਰਦਲ ’ਤੇ ਹੈ। ਅੰਧ ਵਿਸ਼ਵਾਸੀ ਅਤੇ ਮਾਨਸਿਕ ਰੋਗ ਸੋਚ ਭਾਰਤੀ ਸਮਾਜ ਉੱਤੇ ਹਾਵੀ ਹੋਈ ਦਿਸਦੀ ਹੈ। ਆਮ ਲੋਕ ਧਰਮਾਂ-ਫਿਰਕਿਆਂ ਵਿੱਚ ਵੰਡੇ ਹੋਏ, ਗੁਰੂ-ਬਾਬਿਆਂ ਦੀ ਸ਼ਰਨ ਵਿੱਚ ਜਾ ਕੇ ਆਪਣਾ ਆਤਮ-ਵਿਸ਼ਵਾਸ ਤਾਂ ਗੁਆ ਹੀ ਰਹੇ ਹਨ, ਸਗੋਂ ਵੱਡੀ ਆਰਥਿਕ ਲੁੱਟ ਦਾ ਸ਼ਿਕਾਰ ਵੀ ਹੋ ਰਹੇ ਹਨ। ਦੇਸ਼ ਦੀ ਹਾਕਮ ਧਿਰ ਇਸ ਸਥਿਤੀ ਵਿੱਚ ਲੋਕਾਂ ਵਿੱਚ ਵਿਗਿਆਨਕ ਸੋਚ ਪੈਦਾ ਕਰਨ ਦੀ ਥਾਂ ਉਨ੍ਹਾਂ ਦੇ ਪੱਲੇ ਗ਼ਰੀਬੀ, ਅਨਪੜ੍ਹਤਾ ਅਤੇ ਬੇਰੁਜ਼ਗਾਰੀ ਪਾਈ ਰੱਖਣ ਦਾ ਸ਼ਰਮਨਾਕ ਰੋਲ ਅਦਾ ਕਰਦੀ ਦਿਸਦੀ ਹੈ। ਇੱਕ ਪਾਸੇ ਸਰਕਾਰ ਅਤੇ ਨੀਤੀ-ਘਾੜੇ ਭਾਰਤ ਨੂੰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਦੱਸਣ ਵਿੱਚ ਲੱਗੇ ਹੋਏ ਹਨ, ਦੂਜੇ ਪਾਸੇ ਪੜ੍ਹੇ-ਲਿਖੇ ਯੁਵਕਾਂ ਵਿੱਚ ਵਧਦੀ ਬੇਰੁਜ਼ਗਾਰੀ, ਅਸਥਿਰ ਰੋਜ਼ਗਾਰ ਅਤੇ ਘੱਟ ਆਮਦਨ ਗਹਿਰੀ ਚਿੰਤਾ ਪੈਦਾ ਕਰ ਰਹੀ ਹੈ।
ਵਿਗਿਆਨਕ ਸੋਚ ਮਨੁੱਖ ਦੇ ਵਿਕਾਸ ਦਾ ਧੁਰਾ ਹੈ, ਪਰ ਜਦੋਂ ਸਰਕਾਰ ਲੋਕਾਂ ਦੇ ਪੱਲੇ ਮੰਦਰਾਂ ਦੇ ਨਿਰਮਾਣ, ਗਊ-ਮੂਤਰ ਵਿੱਚੋਂ ਇਲਾਜ ਦੇ ਗੁਣ, ਪੁਰਾਤਨ ਸਮਿਆਂ ਵਿੱਚ ਉਡਣ-ਖਟੋਲੇ ਚੱਲਣ ਦੀਆਂ ਗੱਲਾਂ ਪਾ ਕੇ, ਗੁਰੂ-ਬਾਬਿਆਂ ਦੇ ਦਰਸ਼ਨਾਂ ਨੂੰ ਚਮਕਾ ਕੇ ਆਪਣਾ ਵੋਟ-ਬੈਂਕ ਹਥਿਆਉਂਦੀ ਹੈ ਤਾਂ ਵਿਗਿਆਨਕ ਸੋਚ ਨੂੰ ਪੁੱਠਾ ਗੇੜਾ ਲੱਗਣਾ ਹੀ ਹੈ। ਵਿਗਿਆਨਕ ਸੋਚ ਨੂੰ ਪੁੱਠਾ ਗੇੜਾ ਤਦ ਵੀ ਲਗਦਾ ਹੈ ਜਦੋਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟਦੀ ਹੈ ਅਤੇ ਸਰਕਾਰ ਸਕੂਲ ਬੰਦ ਕਰਦੀ ਹੈ। ਸਾਲ 2014 ਤੋਂ 2024 ਤਕ 89,441 ਸਰਕਾਰੀ ਸਕੂਲ ਵਿਦਿਆਰਥੀਆਂ ਦੀ ਘਾਟ ਕਾਰਨ ਬੰਦ ਕਰ ਦਿੱਤੇ ਗਏ। ਮੱਧ ਪ੍ਰਦੇਸ਼ ਵਿੱਚ 29,410 ਅਤੇ ਉੱਤਰ ਪ੍ਰਦੇਸ਼ ਵਿੱਚ 25,126 ਸਕੂਲ ਬੰਦ ਹੋਏ। ਉੱਥੇ ਹੀ ਪਿਛਲੇ ਸਾਲਾਂ ਵਿੱਚ ਫਿਰਕਾਪ੍ਰਸਤੀ ਨੇ ਜ਼ੋਰ ਫੜਿਆ ਹੈ। ਸੈਕੰਡਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 24.2 ਕਰੋੜ ਤਕ ਸਿਮਟ ਗਈ ਹੈ, ਜੋ ਕੁਝ ਵਰ੍ਹੇ ਪਹਿਲਾਂ 26 ਕਰੋੜ ਤੋਂ ਵੱਧ ਸੀ। ਦੇਸ਼ ਦੇ ਮੌਜੂਦਾ ਸਰਕਾਰੀ ਸਕੂਲਾਂ ਦੀ ਸਥਿਤੀ ਇਹ ਹੈ ਕਿ 7 ਲੱਖ ਸਕੂਲਾਂ ਵਿੱਚ ਇੰਟਰਨੈੱਟ ਸੁਵਿਧਾਵਾਂ ਨਹੀਂ ਹਨ। ਇੱਕ ਲੱਖ ਸਕੂਲਾਂ ਵਿੱਚ ਟਾਇਲਟ ਨਹੀਂ ਹਨ ਅਤੇ 3 ਲੱਖ ਸਕੂਲਾਂ ਵਿੱਚ ਬਿਜਲੀ ਸੁਵਿਧਾ ਨਹੀਂ ਹੈ।
ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਬੱਚਿਆਂ ਦੇ ਪੱਲੇ ਪੜ੍ਹਾਈ ਹੀ ਨਹੀਂ ਹੋਵੇਗੀ ਤਾਂ ਉਨ੍ਹਾਂ ਦੀ ਵਿਗਿਆਨਕ ਸੋਚ ਕਿਵੇਂ ਨਿੱਖਰੇਗੀ? ਜੇਕਰ ਹਾਕਮ ਡਾਰਵਿਨ ਦੇ ਸਿਧਾਂਤ ਉੱਤੇ ਸਵਾਲ ਉਠਾਉਣਗੇ ਤਾਂ ਵਿਗਿਆਨਕ ਸੋਚ ਨੂੰ ਖੋਰਾ ਲੱਗਣਾ ਹੀ ਹੈ। ਸਰਕਾਰਾਂ ਅਤੇ ਸਰਕਾਰਾਂ ਦੇ ਕਾਬਜ਼ ਸਿਆਸਤਦਾਨਾਂ ਦੇ ਕਾਰੇ ਅਤੇ ਕਾਰਨਾਮੇ ਸਾਰਥਕ ਮਨੁੱਖੀ ਸੋਚ ਨੂੰ ਸ਼ਰਮਸਾਰ ਕਰਦੇ ਹਨ। ਜਦੋਂ ਰਾਜਸਥਾਨ ਦਾ ਸਿੱਖਿਆ ਮੰਤਰੀ 29 ਨਵੰਬਰ ਤੋਂ 6 ਦਸੰਬਰ 2025 ਤਕ ਬਾਬਰੀ ਮਸਜਿਦ ਢਾਹੇ ਜਾਣ ਦੀਆਂ ਤਾਰੀਖਾਂ ਨੂੰ ‘ਸ਼ੌਰਿਆ ਦਿਵਸ’ (ਭਾਵ ਬਹਾਦਰੀ ਦਿਵਸ) ਵਜੋਂ ਮਨਾਉਣ ਦੀ ਗੱਲ ਕਰਦਾ ਹੈ; ਜਦੋਂ ‘ਵੰਦੇ ਮਾਤਰਮ’ ਗੀਤ ਵਿੱਚੋਂ ਦੇਵੀ-ਦੇਵਤਿਆਂ ਦੀ ਪੂਜਾ ਸੰਬੰਧੀ ਕੱਢੇ ਗਏ ਪੈਰਿਆਂ ਨੂੰ ਮੁੱਦਾ ਬਣਾ ਕੇ ਹਾਕਮ ਧਿਰ ਵੱਲੋਂ ਦੇਸ਼ ਦੀ ਸੰਸਦ ਦੀ ਕਾਰਵਾਈ ਦਾ ਇੱਕ ਦਿਨ ਬਰਬਾਦ ਕੀਤਾ ਜਾਂਦਾ ਹੈ; ਜਦੋਂ ਦੇਸ਼ ਵਿੱਚ ਧਾਰਮਿਕ ਕੱਟੜਤਾ ਅਤੇ ਫਿਰਕੂ ਜਨੂੰਨ ਭੜਕਾਉਣ ਵਾਲੀਆਂ ਕਾਰਵਾਈਆਂ ਪ੍ਰਤੀ ਹਾਕਮ ਧਿਰ ਚੁੱਪ ਵੱਟੀ ਰੱਖਦੀ ਹੈ; ਅਤੇ ਜਦੋਂ ਸੂਫੀ ਸ਼ਾਇਰ ਬੁੱਲੇ ਸ਼ਾਹ ਦੀ ਮਜ਼ਾਰ ਮਸੂਰੀ ਵਿਖੇ ਹਿੰਦੂਤਵਵਾਦੀ ਲੋਕਾਂ ਵੱਲੋਂ ਢਾਹ ਦਿੱਤੀ ਜਾਂਦੀ ਹੈ, ਤਾਂ ਇਹ ਸਾਰੇ ਵਰਤਾਰੇ ਵਿਗਿਆਨਕ ਸੋਚ ਦੇ ਵਿਰੁੱਧ ਜਾਂਦੇ ਹਨ।
ਦੇਸ਼ ਵਿੱਚ ਅਨਪੜ੍ਹਤਾ ਬਣਾਈ ਰੱਖਣ ਅਤੇ ਲੋਕਾਂ ਨੂੰ ਰੋਜ਼ੀ-ਰੋਟੀ ਤਕ ਸੀਮਿਤ ਰੱਖਣ ਪਿੱਛੇ ਹਾਕਮਾਂ ਦੀ ਸੋਚ ਵੀ ਇਹੀ ਦਿਸਦੀ ਹੈ ਕਿ ਲੋਕ ਉਨ੍ਹਾਂ ਦੇ ਪਿਛਲੱਗ ਬਣੇ ਰਹਿਣ। ਵੈਸੇ ਤਾਂ ਪੜ੍ਹੇ-ਲਿਖੇ ਲੋਕ ਵੀ ਅੰਧ ਵਿਸ਼ਵਾਸਾਂ ਵਿੱਚ ਫਸ ਜਾਂਦੇ ਹਨ, ਕਿਉਂਕਿ ਉਨ੍ਹਾਂ ਨੂੰ ਸਿੱਖਿਆ ਦੌਰਾਨ ਤਰਕ ਅਤੇ ਵਿਗਿਆਨਕ ਦ੍ਰਿਸ਼ਟੀ ਬਾਰੇ ਸਿਖਾਇਆ ਹੀ ਨਹੀਂ ਜਾਂਦਾ। ਨੈਤਿਕ ਸਿੱਖਿਆ ਦਾ ਸਹੀ ਪਾਠ ਪੜ੍ਹਾਉਣ ਦੀ ਥਾਂ ਧਰਮ ਦੇ ਨਾਮ ਹੇਠ ਰੂੜ੍ਹੀਵਾਦੀ ਵਿਚਾਰਾਂ ਅਤੇ ਧਾਰਮਿਕ ਭਾਵਨਾਵਾਂ ਵਧਾਉਣ ਦੀ ਸਿੱਖਿਆ ਦਿੱਤੀ ਜਾਂਦੀ ਹੈ।
ਅੱਜ ਜਦੋਂ ਸੰਸਾਰ ਏਕਤਾ ਵੱਲ ਵਧ ਰਿਹਾ ਹੈ, ਬਹੁਤੇ ਦੇਸ਼ਾਂ ਦੇ ਲੋਕ ਸੈਕੂਲਰਿਜ਼ਮ ਅਤੇ ਨਾਸਤਿਕ ਵਿਚਾਰਾਂ ਵੱਲ ਅੱਗੇ ਵਧ ਰਹੇ ਹਨ; ਉਨ੍ਹਾਂ ਵਿੱਚ ਦੇਵੀ-ਦੇਵਤਿਆਂ ਜਾਂ ਰੱਬ ਵਿੱਚ ਵਿਸ਼ਵਾਸ ਨਾ ਹੋਣ ਦਾ ਰੁਝਾਨ ਵਧ ਰਿਹਾ ਹੈ; ਇਹ ਉਨ੍ਹਾਂ ਦੇਸ਼ਾਂ ਦੀ ਪ੍ਰਫੁੱਲਿਤ ਹੋ ਰਹੀ ਸਮਾਜਿਕ, ਸੱਭਿਆਚਾਰਕ ਅਤੇ ਸਿਆਸੀ ਪਹੁੰਚ ਦਾ ਨਤੀਜਾ ਹੈ, ਜਿੱਥੇ ਸਿੱਖਿਆ ਦਾ ਮਿਆਰ ਉੱਚਾ ਹੈ, ਅਜ਼ਾਦ-ਖ਼ਿਆਲੀ ਕਦਰਾਂ-ਕੀਮਤਾਂ ਮਜ਼ਬੂਤ ਹਨ ਅਤੇ ਜਾਣਕਾਰੀ ਤਕ ਪਹੁੰਚ ਵਧੀ ਹੈ। ਪਰ ਜਿੱਥੇ ਡਾਰਵਿਨ ਦੇ ਸਿਧਾਂਤ ਨੂੰ ਪੁੱਠਾ ਗੇੜਾ ਦੇਣ ਦੇ ਯਤਨ ਹੁੰਦੇ ਹਨ, ਸਿਆਸਤ ਨੂੰ ਧਰਮ ਨਾਲ ਲਪੇਟ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ, ਉੱਥੇ ਨਾ ਜੀਵਨ-ਹਾਲਤਾਂ ਸੁਧਰਦੀਆਂ ਹਨ ਅਤੇ ਨਾ ਹੀ ਸਿੱਖਿਆ ਦਾ ਮਿਆਰ ਉੱਚਾ ਹੁੰਦਾ ਹੈ। ਸਮਾਜਿਕ ਸੁਰੱਖਿਆ ਊਣੀ ਰਹਿ ਜਾਂਦੀ ਹੈ।
ਵਿਗਿਆਨਕ ਸੋਚ ਦੇ ਫੈਲਾਅ ਤੋਂ ਬਿਨਾਂ ਧਰਮ ਅਤੇ ਦੈਵੀ ਸ਼ਕਤੀਆਂ ਬਾਰੇ ਫੈਲੀ ਧੁੰਦ ਕਦੇ ਸਾਫ ਨਹੀਂ ਹੋ ਸਕਦੀ। ਕਿਆਸ ਕਰੋ ਉਸ ਸਮੇਂ ਦਾ, ਜਦੋਂ ਮਨੁੱਖਾਂ ਵਿੱਚ ਧਰਮ ਅਤੇ ਦੈਵੀ ਸ਼ਕਤੀਆਂ ਦਾ ਅਰੰਭ ਵੀ ਨਹੀਂ ਸੀ। ਉਸ ਵੇਲੇ ਜੀਵਨ ਜਿਊਣ ਦਾ ਮਾਰਗ ਸਿੱਧਾ-ਸਾਦਾ ਸੀ, ਨੈਤਿਕ ਕਦਰਾਂ-ਕੀਮਤਾਂ ਮੌਜੂਦ ਸਨ। ਪਰ ਜਿਵੇਂ-ਜਿਵੇਂ ਧਰਮ ਦੀ ਜਕੜ ਵਧੀ, ਸਮਾਜ ਵਿੱਚ ਇੱਕ ਅਜੀਬ ਕਿਸਮ ਦਾ ਖਲਾਅ ਪੈਦਾ ਹੋਇਆ। ਅੱਜ ਭਾਰਤ ਵਿੱਚ ਧਰਮ ਦੀ ਜਕੜ ਬਹੁਤ ਤਿੱਖੀ ਅਤੇ ਲਗਾਤਾਰ ਵਧ ਰਹੀ ਹੈ। ਇੱਕ ਪ੍ਰਾਈਵੇਟ ਸਰਵੇ ਅਨੁਸਾਰ, ਦੇਸ਼ ਵਿੱਚ 13 ਫ਼ੀਸਦੀ ਲੋਕ ਗ਼ੈਰ-ਧਾਰਮਿਕ ਅਤੇ 3 ਫ਼ੀਸਦੀ ਪੱਕੇ ਨਾਸਤਿਕ ਹਨ, ਪਰ ਅਸਲ ਗਿਣਤੀ ਇਸ ਤੋਂ ਵੀ ਵੱਧ ਹੋ ਸਕਦੀ ਹੈ, ਕਿਉਂਕਿ ਧਰਮ ਦਰਜ ਕਰਵਾਉਣ ਲਈ ਧਾਰਮਿਕ ਦਬਾਅ ਕਾਫ਼ੀ ਹੈ। ਫਿਰ ਵੀ 80 ਫ਼ੀਸਦੀ ਲੋਕ ਵੱਖ-ਵੱਖ ਧਰਮਾਂ ਦੇ ਪੈਰੋਕਾਰ ਬਣੇ ਦਿਸਦੇ ਹਨ।
ਤਦ ਧਾਰਮਿਕ ਸ਼ਰਧਾ ਦੇ ਨਾਮ ’ਤੇ ਦੇਸ਼ ਦੇ ਵੱਡੇ-ਵੱਡੇ ਬਾਬੇ ਲੋਕਾਂ ਦੇ ਜਜ਼ਬਿਆਂ ਦਾ ਹਨਨ ਕਰ ਰਹੇ ਹਨ ਅਤੇ ਵਿਗਿਆਨਕ ਸੋਚ ਅਤੇ ਤਰਕ ਨੂੰ ਖੁੰਢਾ ਕਰਕੇ ਸਵਾਰਥੀ ਸਿਆਸਤਦਾਨਾਂ ਦੇ ਸੰਦ ਵਜੋਂ ਕੰਮ ਕਰਦੇ ਦਿਸਦੇ ਹਨ। ਦੇਸ਼ ਵਿੱਚ 10 ਵੱਡੇ ਪ੍ਰਭਾਵਸ਼ਾਲੀ ਬਾਬਿਆਂ ਦਾ ਜ਼ਿਕਰ ਆਮ ਮਿਲਦਾ ਹੈ, ਜਿਹੜੇ ਯੋਗ ਸਾਧਨਾਂ ਅਤੇ ਧਾਰਮਿਕ ਸ਼ਰਧਾ ਦੇ ਨਾਂ ’ਤੇ ਲੋਕਾਂ ਨੂੰ ਆਪਣੇ ਪਿੱਛੇ ਲਾ ਲੈਂਦੇ ਹਨ। ਸਦਗੁਰੂ ਜਗੀ ਵਾਸੂਦੇਵ, ਬਾਬਾ ਰਾਮਦੇਵ, ਸ਼੍ਰੀ ਸ਼੍ਰੀ ਰਵੀ ਸ਼ੰਕਰ, ਮਾਤਾ ਅੰਮਾ, ਮੁਰਾਰੀ ਬਾਪੂ, ਪ੍ਰੇਮਾਨੰਦ ਮਹਾਰਾਜ, ਸਵਾਮੀ ਚੰਦਰਾਨੰਦ ਸਰਸਵਤੀ, ਆਚਾਰਿਆ ਪ੍ਰਸ਼ਾਂਤ ਆਦਿ ਦੇ ਲੱਖਾਂ ਨਹੀਂ, ਕਰੋੜਾਂ ਪੈਰੋਕਾਰ ਹਨ। ਰਾਮ ਰਹੀਮ ਅਤੇ ਸਾਈਂ ਬਾਬਾ ਵਰਗੇ ਬਾਬੇ ਲੋਕਾਂ ਦੇ ਮਨਾਂ, ਧਨ ਅਤੇ ਕਾਰੋਬਾਰਾਂ ਨਾਲ ਖੇਡ ਕੇ ਵੋਟ-ਬੈਂਕ ਸਿਆਸਤਦਾਨਾਂ ਦੇ ਹੱਥ ਫੜਾ ਦਿੰਦੇ ਹਨ। ਇਨ੍ਹਾਂ ਬਾਬਿਆਂ ਅਤੇ ਸਵਾਰਥੀ ਸਿਆਸਤਦਾਨਾਂ ਦਾ ਆਮ ਲੋਕਾਂ ਦੇ ਰੁਜ਼ਗਾਰ, ਸਿੱਖਿਆ ਅਤੇ ਸਿਹਤ ਨਾਲ ਕੋਈ ਸਰੋਕਾਰ ਨਹੀਂ ਹੁੰਦਾ, ਇਹ ਤਾਂ ਲੋਕਾਂ ਦੀ ਸੋਚ ਨੂੰ ਖੁੰਢਾ ਕਰ ਕੇ, ਉਹਨਾਂ ਦੀ ਬਿਮਾਰ ਮਾਨਸਿਕਤਾ ਨੂੰ ਹਥਿਆ ਕੇ, ਉਹਨਾਂ ਦੀ ਸੁਜਗਤਾ, ਸਮਝ ਅਤੇ ਵਿਵੇਕ ਉੱਤੇ ਭਾਰੂ ਹੋ ਜਾਂਦੇ ਹਨ ਅਤੇ ਉਹਨਾਂ ਦੇ ਧਨ ਦੇ ਮਾਲਕ ਬਣ ਬੈਠਦੇ ਹਨ।
ਅੱਜ ਦੇਸ਼ ਦੇ ਸਾਹਮਣੇ ਵੱਡੀਆਂ ਸਮੱਸਿਆਵਾਂ ਹਨ। ਨੌਜਵਾਨਾਂ ਲਈ ਰੁਜ਼ਗਾਰ ਮੁਹਈਆ ਕਰਨਾ ਇਨ੍ਹਾਂ ਵਿੱਚੋਂ ਇੱਕ ਹੈ। ਵੱਡੀ ਅਬਾਦੀ ਨੌਜਵਾਨਾਂ ਦੀ ਹੈ। ਬੇਰੁਜ਼ਗਾਰ ਨੌਜਵਾਨਾਂ ਦੀ ਅਥਾਹ ਕੰਮ ਕਰਨ ਦੀ ਸ਼ਕਤੀ ਅਜਾਈਂ ਗੁਆਈ ਜਾ ਰਹੀ ਹੈ। ਦੇਸ਼ ਵਿੱਚ ਇੰਤਹਾ ਗ਼ਰੀਬੀ ਹੈ। ਅਨਪੜ੍ਹਤਾ ਦੀ ਵੀ ਕੋਈ ਘਾਟ ਨਹੀਂ ਹੈ। ਦੂਸ਼ਿਤ ਵਾਤਾਵਰਣ ਲੋਕਾਂ ਦੀ ਸਿਹਤ ਦਾ ਵੱਡਾ ਦੁਸ਼ਮਣ ਹੈ। ਗੰਦਾ ਪਾਣੀ ਕੈਂਸਰ ਵਰਗੇ ਰੋਗ ਫੈਲਾ ਰਿਹਾ ਹੈ। ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਅਤੇ ਇਲਾਜ ਲਈ ਜੋ ਕੁਝ ਦੇਸ਼ ਦੇ ਹਾਕਮਾਂ ਵੱਲੋਂ ਵੱਡਾ ਕਰਨ ਦੀ ਲੋੜ ਹੈ, ਉਸਦੀ ਥਾਂ ਉੱਤੇ “ਨਾਅਰੇ” ਪਰੋਸੇ ਜਾ ਰਹੇ ਹਨ। ਸਿਹਤ ਸਹੂਲਤਾਂ ਦੇ ਨਾਂ ਉੱਤੇ “ਆਯੁਸ਼ਮਾਨ ਕਾਰਡ” ਆਮ ਲੋਕਾਂ ਦਾ ਕੁਝ ਨਹੀਂ ਸਵਾਰ ਸਕੇ। ਪੰਜਾਬ ਵਿਚਲੀ 10 ਲੱਖ ਬੀਮਾ ਯੋਜਨਾ ਦੀਆਂ ਪਰਤਾਂ ਖੋਲ੍ਹਦਿਆਂ ਉਸ ਵਿੱਚ ਵੀ ਸਿਆਸੀ ਦੰਭ ਭਰਿਆ ਦਿਸਦਾ ਹੈ।
ਇਨ੍ਹਾਂ ਸਿਆਸੀ ਖ਼ੁਦਗਰਜ਼ੀਆਂ ਕਾਰਨ ਆਮ ਲੋਕ ਪਿਸਦੇ ਦਿਖਾਈ ਦਿੰਦੇ ਹਨ ਅਤੇ ਉਹਨਾਂ ਦਾ ਮੋੜਾ ਉਤਸ਼ਾਹੀ ਜੀਵਨ ਵੱਲੋਂ ਨਿਰਾਸ਼ੇ ਜੀਵਨ ਵੱਲ ਮੁੜਦਾ ਹੈ; ਜਿਹੜਾ ਧਰਮ ਦੀ ਹੋਂਦ ਨੂੰ ਸਵੀਕਾਰਦਿਆਂ ਸ਼ਰਧਾ ਦੀ ਭੇਟ ਚੜ੍ਹਦਾ, ਵਿਗਿਆਨਿਕ ਸੋਚ ਨੂੰ ਤਿਲਾਂਜਲੀ ਦੇ ਬੈਠਦਾ ਹੈ। ਉਹ ਚੇਤਨਾ ਅਤੇ ਆਤਮ ਵਿਸ਼ਵਾਸ, ਜਿਹੜਾ ਸਿੱਖਿਆ ਨੇ ਉਨ੍ਹਾਂ ਦੇ ਪੱਲੇ ਪਾਇਆ ਹੁੰਦਾ ਹੈ, ਉਹ ਖੁੰਢਾ ਹੁੰਦਾ ਜਾਂਦਾ ਹੈ। ਪਰਖ-ਪੜਚੋਲ “ਕਿਉਂ” ਅਤੇ “ਕਿਵੇਂ” ਜਿਹੇ ਸਵਾਲ ਜੀਵਨ ਅਮਲ ਵਿੱਚੋਂ ਮਨਫ਼ੀ ਹੁੰਦੇ ਜਾਂਦੇ ਹਨ ਅਤੇ ਜੀਵਨ ਵਿਚਲੀ ਪ੍ਰਬਲ ਜਗਿਆਸਾ ਹਨੇਰਿਆਂ ਵਿੱਚ ਗੁੰਮਦੀ ਜਾਂਦੀ ਹੈ।
ਉਹ ਵਿਅਕਤੀ, ਜਿਸਨੇ ਸੁਜੱਗ ਹੋ ਕੇ ਵਿਗਿਆਨਿਕ ਸੋਚ ਨਾਲ ਸੱਤਾ ਦੀਆਂ ਅੱਖਾਂ ਵਿੱਚ ਰੜਕਣਾ ਸੀ, ਉਹ ਚੁੱਪ ਦੇ ਹਨੇਰਿਆਂ ਵਿੱਚ ਗਰਕ ਜਾਂਦਾ ਹੈ। ਉਹ ਵਿਅਕਤੀ ਜਿਸਨੇ ਆਪਣੇ ਜੀਵਨ ਦਰਸ਼ਨ ਨਾਲ ਸਥਾਪਤੀ ਵਿਰੁੱਧ ਅਸਹਿਮਤੀ ਪ੍ਰਗਟ ਕਰਨੀ ਹੁੰਦੀ ਹੈ, ਫਾਸ਼ੀਵਾਦ ਦੇ ਦੌਰ ਵਿੱਚ ਉਸਦੀ ਅਸਹਿਮਤੀ ਅਪਰਾਧ ਗਿਣੀ ਜਾਣ ਲਗਦੀ ਹੈ। ਭਾਰਤ ਇਸਦੀ ਜਿਊਂਦੀ ਜਾਗਦੀ ਮਿਸਾਲ ਹੈ।
ਅੱਜ ਹਰ ਹੀਲਾ-ਵਸੀਲਾ ਵਰਤ ਕੇ ਹਾਕਮਾਂ ਵੱਲੋਂ ਆਮ ਆਦਮੀ ਦੀ ਸੋਚ, ਵਿਗਿਆਨਿਕ ਸੋਚ ਨੂੰ ਖੁੰਢਾ ਖਤਮ ਕਰਨ ਦੇ ਜਤਨ ਹੋ ਰਹੇ ਹਨ। ਸਿਆਸੀ ਲੋਕਾਂ ਨੂੰ ਜੀ-ਹਜ਼ੂਰੀਏ ਚਾਹੀਦੇ ਹਨ, ਜੋ ਭੇਡਾਂ ਵਾਂਗ ਸਿਰ ਸੁੱਟ ਕੇ ਮਗਰ-ਮਗਰ ਚੱਲਣ, ਹਾਕਮ ਦੀ ਹਾਂ ਵਿੱਚ ਹਾਂ ਮਿਲਾਉਣ। ਬਿਲਕੁਲ ਵੀ ਮੂੰਹੋਂ ਨਾ ਕੁਸਕਣ।
ਦੇਸ਼ ਦਾ ਵੱਡਾ ਸੂਬਾ ਯੂ.ਪੀ. ਉਦਾਹਰਨ ਹੈ ਭਗਵਾਂਕਰਨ ਧਾਰਮਿਕ ਰਾਜਨੀਤੀ ਦਾ, ਜਿੱਥੇ ਵਿਗਿਆਨਿਕ ਸੋਚ ਨੂੰ ਪੁੱਠਾ ਗੇੜਾ ਦਿੱਤਾ ਗਿਆ। ਧਰਮ ਦੀ ਸਿਆਸਤ ਉਭਾਰੀ ਗਈ। ਇੱਕ ਪਿਛਾਂਹ-ਖਿੱਚੂ ਸੋਚ ਉਸ ਵੇਲੇ ਦੇਸ਼ ਵਿੱਚ ਦੇਖਣ ਨੂੰ ਮਿਲੀ, ਜਦੋਂ ਦੇਸ਼ ਦੇ ਸਾਇੰਸ ਟੈਕਨੌਲੋਜੀ ਵਿਭਾਗ ਵਿੱਚ “ਗਾਂ ਦੇ ਮੂਤਰ” ਉੱਤੇ ਖੋਜ ਦਾ ਕੰਮ ਅਰੰਭਣ ਲਈ ਵੱਡੀਆਂ ਰਕਮਾਂ ਨਵੇਂ ਪ੍ਰਾਜੈਕਟ ਸ਼ੁਰੂ ਕਰਨ ਲਈ ਲਾ ਦਿੱਤੀਆਂ ਗਈਆਂ ਤੇ ਅਸਲ ਵਿਗਿਆਨਿਕ ਪ੍ਰੋਜੈਕਟਾਂ ਉੱਤੇ ਭਾਰੀ ਕਟੌਤੀ ਲਾ ਦਿੱਤੀ ਗਈ। ਦੇਸ਼ ਦੇ ਸੂਝਵਾਨ ਵਿਗਿਆਨਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ। ਉਂਝ ਇਹ ਡਰ ਤਾਂ ਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚ ਬੈਠੇ ਸਿਆਸਤਦਾਨਾਂ ਅਤੇ ਬੁੱਧੀਜੀਵੀਆਂ ਦੇ ਮਨਾਂ ਵਿੱਚ ਵੀ ਬਿਠਾ ਦਿੱਤਾ ਗਿਆ ਹੈ ਅਤੇ “ਅਸਹਿਮਤ ਸੋਚ ਵਾਲੇ” ਲੋਕਾਂ ਉੱਤੇ ਬੰਦਿਸ਼ਾਂ ਲਾ ਦਿੱਤੀਆਂ ਗਈਆਂ ਹਨ। ਸੱਤਾ ਤੋਂ ਹੱਕ ਮੰਗਣ ਵਾਲੇ ਲੋਕਾਂ ਉੱਤੇ ਦੇਸ਼ ਧ੍ਰੋਹ ਦੇ ਪਰਚੇ ਦਰਜ ਹੋ ਰਹੇ ਹਨ, ਉਹਨਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਉਹਨਾਂ ਦੀ ਅਵਾਜ਼ ਬੰਦ ਕੀਤੀ ਜਾ ਰਹੀ ਹੈ। ਇਹ ਉਹ ਲੋਕ ਹਨ, ਜਿਹੜੇ ਆਪਣੀ ਪਛਾਣ ਅਤੇ ਹੋਂਦ ਨੂੰ ਬਣਾਈ ਰੱਖਣ ਦੀ ਲੜਾਈ ਲੜ ਰਹੇ ਹਨ।
ਚੇਤਨਾ ਦਾ ਚਾਨਣ ਮਨੁੱਖ ਦਾ ਅਧਿਕਾਰ ਹੈ। ਤਰਕ, ਦਲੀਲ ਅਤੇ ਪਰਖ-ਪੜਚੋਲ ਉਸਦੇ ਆਤਮ-ਵਿਸ਼ਵਾਸ ਨੂੰ ਹੁਲਾਰਾ ਦਿੰਦੇ ਹਨ। ਪਰ ਜੇਕਰ ਉਹਨਾਂ ਪੱਲੇ ਚਮਤਕਾਰੀ ਬਾਬਿਆਂ ਦੀ ਅੰਧ ਵਿਸ਼ਵਾਸੀ ਸੋਚ ਪਾਈ ਜਾਏਗੀ ਤਾਂ ਮਨੁੱਖੀ ਵਿਕਾਸ ਅਧੂਰਾ ਰਹੇਗਾ। ਜੇਕਰ ਵਿਗਿਆਨ ਦੇ ਨਾਮ ਉੱਤੇ ਅੱਧ ਕੱਚੀ ਜਾਂ ਅਧੂਰੀ ਜਾਣਕਾਰੀ ਮੁਹਈਆ ਕੀਤੀ ਜਾਏਗੀ ਤਾਂ ਫੇਥ ਵਰਸਿਜ਼ ਫੈਕਟ (ਸ਼ਰਧਾ ਬਨਾਮ ਅਸਲੀਅਤ) ਵਿੱਚ ਫਰਕ ਨਹੀਂ ਕੀਤਾ ਜਾ ਸਕੇਗਾ। ਅੱਧ-ਅਧੂਰੀ ਅੱਧ-ਕੱਚੀ ਸਚਾਈ ਫੈਲਾਉਣ ਦਾ ਕੰਮ ਦੇਸ਼ ਦੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਕਰ ਰਹੇ ਹਨ। ਇਹ ਮੰਤਰੀ ਜਦੋਂ ਸਕੂਲ ਦੇ ਬੱਚਿਆਂ ਨੂੰ ਪੁੱਛਦੇ ਹਨ ਕਿ ਦੁਨੀਆ ਦਾ ਸਭ ਤੋਂ ਪਹਿਲਾ ਪੁਲਾੜ ਯਾਤਰੀ ਕੌਣ ਸੀ ਤਾਂ ਬੱਚਿਆਂ ਨੇ ਜਵਾਬ ਦਿੱਤਾ, “ਨੀਲ ਆਰਮ ਸਟਰਾਂਗ”। ਤਾਂ ਮੰਤਰੀ ਕਹਿੰਦਾ ਹੈ, “ਮੈਨੂੰ ਤਾਂ ਲਗਦਾ ਹੈ ਹਨੁਮਾਨ ਜੀ ਸਨ।” ਕੀ ਇਹ ਬੱਚਿਆਂ ਨੂੰ ਅੰਧ ਵਿਸ਼ਵਾਸਾਂ ਅਤੇ ਚਮਤਕਾਰਾਂ ਵਿੱਚ ਫਸਾਈ ਰੱਖਣ ਦਾ ਯਤਨ ਨਹੀਂ ਹੈ?
ਅਸਲ ਵਿੱਚ ਅੱਜ ਦੇ ਹਾਕਮ ਦੇਸ਼ ਦੀ ਵਿਗਿਆਨਕ ਸੋਚ ਨੂੰ ਪੁੱਠਾ ਗੇੜਾ ਦੇ ਕੇ ਆਪਣੇ ਸਵਾਰਥ ਸਿੱਧ ਕਰਨ ਦੇ ਯਤਨ ਵਿੱਚ ਹਨ। ਅੱਜ ਸੱਤਾ ਸੱਚ ਦਾ ਸਾਹਮਣਾ ਨਹੀਂ ਕਰ ਰਹੀ, ਲੋਕਾਂ ਨੂੰ ਭੰਬਲਭੂਸੇ ਵਿੱਚ ਪਾ ਕੇ ਰੱਖਣਾ ਚਾਹੁੰਦੀ ਹੈ ਤਾਂ ਕਿ ਦੇਸ਼ ਵਿੱਚ ਕਾਰਪੋਰੇਟ ਦੀ ਲੁੱਟ ਦਾ ਰਾਹ ਪੱਧਰਾ ਰਹੇ ਅਤੇ ਉਹਨਾਂ ਦੀ ਗੱਦੀ ਸੁਰੱਖਿਅਤ ਰਹੇ। ਅਮਰੀਕਾ ਦੇ ਪ੍ਰਸਿੱਧ ਲੋਕ ਪੱਖੀ ਚਿੰਤਕ ਨੋਮ ਚੌਮਸਕੀ ਦਾ ਕਥਨ ਦੇਸ਼ ਭਾਰਤ ਦੇ ਹਾਕਮਾਂ ਉੱਤੇ ਪੂਰਾ ਢੁਕਦਾ ਹੈ, “ਜੇ ਸੱਚ ਤੋਂ ਸੱਤਾ ਨੂੰ ਖਤਰਾ ਹੋਵੇ, ਤਾਂ ਉਸ ਨੂੰ ਸ਼ੋਰ ਹੇਠ ਦਬਾ ਦਿੱਤਾ ਜਾਵੇਗਾ।”
ਅੱਜ ਜਿੰਨਾ ਸ਼ੋਰ, ਰੌਲਾ-ਰੱਪਾ ਦੇਸ਼ ਵਿੱਚ ਹਾਕਮਾਂ ਵੱਲੋਂ ਬਹਿਸਾਂ, ਵੱਡੇ ਬਿਆਨਾਂ ਰਾਹੀਂ ਫੈਲਾਇਆ ਜਾ ਰਿਹਾ ਹੈ, ਇਹ ਜਨਤਾ ਨੂੰ ਬੌਂਦਲਾ ਦੇਣ ਵਾਂਗ ਹੈ। ਇਹ ਸ਼ੋਰ ਸੱਚ ਨੂੰ ਢਕਣ ਦੀ ਕੋਸ਼ਿਸ਼ ਹੈ, ਪਰ ਦੇਸ਼ ਦੇ ਸੂਝਵਾਨ ਲੋਕ ਇਸ ਸੱਤਾ ਨੂੰ ਵੰਗਾਰਨ ਦੀ ਸਮਰੱਥਾ ਰੱਖਦੇ ਹਨ। ਵਿਗਿਆਨਕ ਸੋਚ, ਤਰਕ ਅਤੇ ਅਜ਼ਾਦ ਚੇਤਨਾ ਤੋਂ ਬਿਨਾਂ ਨਾ ਸਮਾਜ ਅੱਗੇ ਵਧ ਸਕਦਾ ਹੈ ਅਤੇ ਨਾ ਹੀ ਲੋਕਤੰਤਰ ਜਿਊਂਦਾ ਰਹਿ ਸਕਦਾ ਹੈ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































