GurmitPalahi8ਆਉਣ ਵਾਲੀਆਂ ਚੋਣਾਂ ਪੰਜਾਬ ਦੇ ਭਵਿੱਖ ਅਤੇ ਇਸਦੀ ਹੋਂਦ ਲਈ ਬਹੁਤ ਅਹਿਮ ...
(22 ਸਤੰਬਰ 2026)


ਅੱਜ-ਕੱਲ੍ਹ ਨਸ਼ੇ ਦੇ ਮੁੱਦੇ ’ਤੇ ਪੂਰੇ ਪੰਜਾਬ ਵਿੱਚ ਤਰਥੱਲੀ ਮਚੀ ਹੋਈ ਹੈਸਿਆਸੀ ਗਲਿਆਰਿਆਂ ਤੋਂ ਲੈ ਕੇ ਆਮ ਚਰਚਾਵਾਂ ਤਕ ਕੁਝ ਇਸ ਕਿਸਮ ਦਾ ਮਾਹੌਲ ਉਸਾਰਿਆ ਜਾ ਰਿਹਾ ਹੈ ਜਿਵੇਂ ਪੂਰਾ ਪੰਜਾਬ ਹੀ ਨਸ਼ੇ ਵਿੱਚ ਡੁੱਬਿਆ ਹੋਇਆ ਹੋਵੇ ਅਤੇ ਇਸਦਾ ਕੋਈ ਹੋਰ ਵਜੂਦ ਬਾਕੀ ਨਾ ਰਿਹਾ ਹੋਵੇਜਿਸ ਢੰਗ ਨਾਲ ਕੇਂਦਰੀ ਹਕੂਮਤ ਵਿੱਚ ਬੈਠੀ ਭਾਰਤੀ ਜਨਤਾ ਪਾਰਟੀ (ਭਾਜਪਾ) ਨਸ਼ਿਆਂ ਦੇ ਵਿਰੋਧ ਵਿੱਚ ਸੜਕਾਂ ’ਤੇ ਉੱਤਰ ਰਹੀ ਹੈ, ਉਸ ਨੂੰ ਕੁਝ ਪਾਸਿਆਂ ਤੋਂ ਹਿਮਾਇਤ ਤਾਂ ਮਿਲ ਰਹੀ ਹੈ, ਪਰ ਬਹੁਤ ਸਾਰੀਆਂ ਥਾਂਵਾਂ ’ਤੇ ਉਸਦਾ ਤਿੱਖਾ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ ਹੈਅਜਿਹਾ ਪ੍ਰਭਾਵ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦੀ ਸਭ ਤੋਂ ਵੱਡੀ, ਅਤੇ ਸ਼ਾਇਦ ਇੱਕੋ-ਇੱਕ ਸਮੱਸਿਆ ਨਸ਼ਾ ਹੀ ਹੈਪਰ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਪੰਜਾਬ ਦੀਆਂ ਬਾਕੀ ਬੁਨਿਆਦੀ ਸਮੱਸਿਆਵਾਂ, ਕੇਂਦਰ ਵੱਲੋਂ ਕੀਤੇ ਜਾ ਰਹੇ ਧੱਕੇ ਅਤੇ ਸੂਬੇ ਦੇ ਇਤਿਹਾਸਕ ਮੁੱਦੇ ਹੁਣ ਕੋਈ ਮਾਅਨੇ ਨਹੀਂ ਰੱਖਦੇ? ਇਹ ਗੱਲ ਕਿਸੇ ਤੋਂ ਲੁਕੀ-ਛੁਪੀ ਨਹੀਂ ਹੈ ਕਿ ਪੰਜਾਬ ਵਿੱਚ ਸਿੰਥੈਟਿਕ ਨਸ਼ਿਆਂ ਦੀ ਆਮਦ ਦਾ ਇਲਜ਼ਾਮ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਰਾਜਕਾਲ ’ਤੇ ਲਗਦਾ ਰਿਹਾ ਹੈ, ਜਿਸ ਵੇਲੇ ਜਵਾਨੀ ਨੂੰ ਤਬਾਹ ਕਰਨ ਵਾਲੇ ਚਿੱਟੇਦਾ ਬੋਲਬਾਲਾ ਸ਼ੁਰੂ ਹੋਇਆ ਸੀਉਸ ਤੋਂ ਬਾਅਦ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੇਲੇ ਗੁਟਕਾ ਸਾਹਿਬ ਦੀ ਸੁੰਹ ਚੁੱਕ ਕੇ ਨਸ਼ੇ ਨੂੰ ਚਾਰ ਹਫਤਿਆਂ ਵਿੱਚ ਖਤਮ ਕਰਨ ਦੇ ਦਾਅਵੇ ਕੀਤੇ ਗਏ, ਪਰ ਨਤੀਜਾ ਜ਼ੀਰੋ ਰਿਹਾਹੁਣ ‘ਆਮ ਆਦਮੀ ਪਾਰਟੀ’ ਦੀ ਸਰਕਾਰ ਨੇ ਵੀ ਆਪਣੇ ਲਗਭਗ ਸਾਢੇ ਚਾਰ ਸਾਲ ‘ਨਸ਼ਾ ਮੁਕਤ ਪੰਜਾਬ’ ਦਾ ਨਾਅਰਾ ਦਿੰਦਿਆਂ ਇਸੇ ਮੁੱਦੇ ’ਤੇ ਲਾ ਦਿੱਤੇ ਹਨ

ਪਰ ਅੱਜ ਇਸ ਮੁੱਦੇ ’ਤੇ ਸਿਆਸਤ ਜਿਸ ਨਿਘਾਰ ਵੱਲ ਜਾ ਰਹੀ ਹੈ, ਉਹ ਬਹੁਤ ਚਿੰਤਾਜਨਕ ਹੈਪਿਛਲੇ ਦਿਨੀਂ ਰਵਨੀਤ ਬਿੱਟੂ ਦੇ ਮਾਮਲੇ ਵਿੱਚ ਜੋ ਘਟਨਾਕ੍ਰਮ ਵਾਪਰਿਆ, ਜਿੱਥੇ ਸੜਕਾਂ ’ਤੇ ਟਮਾਟਰ, ਆਂਡੇ ਅਤੇ ਸ਼ਰਾਬ ਲਿਆ ਕੇ ਪ੍ਰਦਰਸ਼ਨ ਕਰਨ ਅਤੇ ਮੁੱਖ ਮੰਤਰੀ ਦੇ ਕਾਫਲੇ ਦਾ ਘੇਰਾਓ ਕਰਨ ਵਰਗੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ, ਉਸ ਨਾਲ ਸਿਆਸੀ ਮਾਹੌਲ ਹੋਰ ਵੀ ਖਰਾਬ ਹੋ ਗਿਆ ਹੈ

ਦੂਜੇ ਪਾਸੇ ਕਥਿਤ ਤੌਰ ’ਤੇ ‘ਆਮ ਆਦਮੀ ਪਾਰਟੀ’ ਦੇ ਵਰਕਰਾਂ ਵੱਲੋਂ ਵੀ ਤਿੱਖਾ ਵਿਰੋਧ ਕੀਤਾ ਗਿਆਅਸਲ ਵਿੱਚ ਇਸ ਵਿਰੋਧ ਦਾ ਇੱਕ ਵੱਡਾ ਕਾਰਨ ਰਾਘਵ ਚੱਢਾ ਅਤੇ ਹੋਰ ਬਾਹਰੋਂ ਲਿਆ ਕੇ ਨਿਯੁਕਤ ਕੀਤੇ ਗਏ ਰਾਜ ਸਭਾ ਮੈਂਬਰਾਂ ਪ੍ਰਤੀ ਲੋਕਾਂ ਅਤੇ ਰਾਜਨੀਤਿਕ ਧਿਰਾਂ ਵਿੱਚ ਪਾਇਆ ਜਾ ਰਿਹਾ ਅੰਦਰੂਨੀ ਗੁੱਸਾ ਹੈ, ਜਿਸ ਨੂੰ ਪੰਜਾਬ ਦੇ ਹੱਕਾਂ ਨਾਲ ਗ਼ਦਾਰੀ ਵਜੋਂ ਦੇਖਿਆ ਜਾ ਰਿਹਾ ਹੈਪਰ ਅਫਸੋਸ ਦੀ ਗੱਲ ਇਹ ਹੈ ਕਿ ਇਸ ਸਾਰੇ ਮਾਮਲੇ ਨੂੰ ਪੰਜਾਬ ਵਿੱਚ ਇੱਕ ‘ਖਾਨਾਜੰਗੀ’ ਦਾ ਰੂਪ ਦਿੱਤਾ ਜਾ ਰਿਹਾ ਹੈਵੱਡੀ ਪੱਧਰ ’ਤੇ ਇੱਕ-ਦੂਜੇ ਖਿਲਾਫ ਨਾਅਰੇਬਾਜ਼ੀ, ਐੱਫਆਈ.ਆਰ. ਦਰਜ ਕਰਵਾਉਣ ਦੀ ਰਾਜਨੀਤੀ ਅਤੇ ਪੁਲਿਸ ਪ੍ਰਸ਼ਾਸਨ ਦੀ ਦੁਰਵਰਤੋਂ ਕਰਕੇ ਪੰਜਾਬ ਨੂੰ ਜੰਗ ਦਾ ਮੈਦਾਨ ਬਣਾਇਆ ਜਾ ਰਿਹਾ ਹੈਕੀ ਇਹ ਸਹੀ ਹੈ?

ਕੁਝ ਸਿਆਸੀ ਧਿਰਾਂ ਅਤੇ ਕੇਂਦਰੀ ਮੀਡੀਆ ਵੱਲੋਂ ਅਜਿਹਾ ਚਿੱਤਰਣ ਕੀਤਾ ਜਾਂਦਾ ਹੈ ਜਿਵੇਂ ਪੰਜਾਬ ਹੀ ਦੇਸ਼ ਦਾ ਇੱਕੋ-ਇੱਕ ਅਜਿਹਾ ਸੂਬਾ ਹੈ ਜੋ ਨਸ਼ੇ ਵਿੱਚ ਡੁੱਬਿਆ ਹੋਇਆ ਹੈਪਰ ਕੇਂਦਰੀ ਸਮਾਜਿਕ ਨਿਆਂ ਮੰਤਰਾਲੇ ਅਤੇ ਏਮਸ ਦੀ ਰਾਸ਼ਟਰੀ ਸਰਵੇਖਣ ਰਿਪੋਰਟ ਦੇ ਅੰਕੜੇ ਇੱਕ ਵੱਖਰੀ ਹੀ ਹਕੀਕਤ ਬਿਆਨ ਕਰਦੇ ਹਨਰਾਸ਼ਟਰੀ ਅੰਕੜਿਆਂ ਮੁਤਾਬਿਕ ਪੂਰੇ ਭਾਰਤ ਵਿੱਚ 16 ਕਰੋੜ ਤੋਂ ਵੱਧ ਲੋਕ ਸ਼ਰਾਬ, 3.1 ਕਰੋੜ ਲੋਕ ਭੰਗ/ਗਾਂਜਾ ਅਤੇ 2.26 ਕਰੋੜ ਤੋਂ ਵੱਧ ਲੋਕ ਓਪੀਔਇਡਜ਼ (ਜਿਵੇਂ ਹੈਰੋਇਨ, ਚਿੱਟਾ ਆਦਿ) ਦੀ ਵਰਤੋਂ ਕਰਦੇ ਹਨਓਪੀਔਇਡਜ਼ ਅਤੇ ਨਸ਼ੀਲੀਆਂ ਦਵਾਈਆਂ ਦੀ ਪ੍ਰਤੀਸ਼ਤਤਾ ਦੇ ਹਿਸਾਬ ਨਾਲ ਦੇਸ਼ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਰਾਜ ਮਿਜ਼ੋਰਮ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਸਿੱਕਮ ਅਤੇ ਮਣੀਪੁਰ ਵਰਗੇ ਉੱਤਰ-ਪੂਰਬੀ ਰਾਜ ਹਨਸ਼ਰਾਬ ਦੀ ਵਰਤੋਂ ਵਿੱਚ ਛੱਤੀਸਗੜ੍ਹ (35%) ਅਤੇ ਤ੍ਰਿਪੁਰਾ (34%) ਵਰਗੇ ਸੂਬੇ ਪੰਜਾਬ ਨਾਲੋਂ ਕਿਤੇ ਅੱਗੇ ਹਨ, ਜਦਕਿ ਗੁਆਂਢੀ ਰਾਜ ਹਰਿਆਣਾ ਵਿੱਚ ਵੀ ਨਸ਼ੇੜੀਆਂ ਦੀ ਦਰ ਪੰਜਾਬ ਦੇ ਬਰਾਬਰ ਹੀ ਹੈਫਿਰ ਇਕੱਲੇ ਪੰਜਾਬ ਨੂੰ ਹੀ ਨਿਸ਼ਾਨੇ ’ਤੇ ਕਿਉਂ ਰੱਖਿਆ ਜਾ ਰਿਹਾ ਹੈ?

ਜੇਕਰ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਸਰਕਾਰੀ ਅੰਕੜਿਆਂ ਮੁਤਾਬਿਕ ਭਾਰਤ ਵਿੱਚ ਹਰ ਸਾਲ ਨਸ਼ਿਆਂ ਦੀ ਓਵਰਡੋਜ਼ ਨਾਲ 2 ਹਜ਼ਾਰ ਤੋਂ 2500 ਦੇ ਕਰੀਬ ਮੌਤਾਂ ਦਰਜ ਕੀਤੀਆਂ ਜਾਂਦੀਆਂ ਹਨਇਨ੍ਹਾਂ ਵਿੱਚੋਂ ਪੰਜਾਬ ਵਿੱਚ ਸਰਕਾਰੀ ਰਿਕਾਰਡ ਅਨੁਸਾਰ ਸਲਾਨਾ 80 ਤੋਂ 100 ਦੇ ਕਰੀਬ ਮੌਤਾਂ ਦਰਜ ਹੁੰਦੀਆਂ ਹਨ, ਜਦਕਿ ਰਾਜਸਥਾਨ, ਕਰਨਾਟਕ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਰਗੇ ਵੱਡੇ ਸੂਬਿਆਂ ਵਿੱਚ ਵੀ ਇਹ ਅੰਕੜੇ ਪੰਜਾਬ ਦੇ ਆਸ-ਪਾਸ ਜਾਂ ਇਸ ਤੋਂ ਵੱਧ ਰਹਿੰਦੇ ਹਨ

ਪਰ ਇਹ ਅੰਕੜੇ ਅੱਧੇ-ਅਧੂਰੇ ਅਤੇ ਹਕੀਕਤ ਤੋਂ ਕੋਹਾਂ ਦੂਰ ਹਨਜਿਵੇਂ ਕਿਸਾਨੀ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਸਰਕਾਰਾਂ ਆਪਣੀ ਇੱਜ਼ਤ ਬਚਾਉਣ ਲਈ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਨੂੰ ਸਰਕਾਰੀ ਲਿਸਟਾਂ ਵਿੱਚ ਸ਼ਾਮਲ ਨਹੀਂ ਕਰਦੀਆਂ, ਉਹੀ ਖੇਡ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿੱਚ ਵੀ ਖੇਡੀ ਜਾਂਦੀ ਹੈ

ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲੇ ਬਹੁਤੇ ਨੌਜਵਾਨਾਂ ਦੀ ਮੌਤ ਨੂੰ ਪੁਲਿਸ ਅਤੇ ਪ੍ਰਸ਼ਾਸਨਿਕ ਰਿਕਾਰਡ ਵਿੱਚ ‘ਹਾਰਟ ਅਟੈਕ’, ‘ਬਿਮਾਰੀ’ ਜਾਂ ‘ਕੁਦਰਤੀ ਮੌਤ’ ਦਿਖਾ ਦਿੱਤਾ ਜਾਂਦਾ ਹੈ, ਤਾਂ ਜੋ ਸਰਕਾਰ ਦੀ ਨਾਕਾਮੀ ’ਤੇ ਪਰਦਾ ਪਾਇਆ ਜਾ ਸਕੇ ਅਤੇ ਪਰਿਵਾਰ ਵੀ ਸਮਾਜਿਕ ਬਦਨਾਮੀ ਦੇ ਡਰੋਂ ਪੋਸਟਮਾਰਟਮ ਕਰਵਾਉਣ ਤੋਂ ਕਤਰਾਉਂਦੇ ਹਨਇਸ ਲਈ ਅਸਲ ਵਿੱਚ ਨਸ਼ਿਆਂ ਦੀ ਬਲੀ ਚੜ੍ਹਨ ਵਾਲੇ ਨੌਜਵਾਨਾਂ ਦੀ ਗਿਣਤੀ ਸਰਕਾਰੀ ਕਾਗਜ਼ਾਂ ਨਾਲੋਂ ਕਿਤੇ ਵੱਧ ਹੈਇਹ ਚਿੱਟੇ ਦਿਨ ਵਾਂਗ ਸੱਚ ਹੈ

ਇਸਦੇ ਬਾਵਜੂਦ ਸਿਰਫ ਪੰਜਾਬ ਨੂੰ ਹੀ ‘ਨਸ਼ੇੜੀ’ ਅਤੇ ਨਸ਼ਿਆਂ ਦੇ ਕੇਂਦਰ ਵਜੋਂ ਪੇਸ਼ ਕਰਨਾ ਇਹ ਸਪਸ਼ਟ ਕਰਦਾ ਹੈ ਕਿ ਪੰਜਾਬ ਨੂੰ ਇੱਕ ਖਾਸ ਸਿਆਸੀ ਏਜੰਡੇ ਤਹਿਤ ਬਦਨਾਮ ਕੀਤਾ ਜਾ ਰਿਹਾ ਹੈਸਾਰਿਆਂ ਨੂੰ ਪਤਾ ਹੈ ਕਿ ਨਸ਼ਾ ਗੁਜਰਾਤ ਦੀਆਂ ਅਡਾਨੀ ਬੰਦਰਗਾਹਾਂ ਅਤੇ ਅੰਤਰਰਾਸ਼ਟਰੀ ਸਰਹੱਦਾਂ (ਜਿੱਥੇ ਬੀਐੱਸਐੱਫ ਤਾਇਨਾਤ ਹੈ) ਤੋਂ ਤਸਕਰੀ ਰਾਹੀਂ ਪੰਜਾਬ ਵਿੱਚ ਪਹੁੰਚਦਾ ਹੈ, ਪਰ ਬਦਨਾਮੀ ਦਾ ਸਾਰਾ ਦਾਗ਼ ਕੇਵਲ ਪੰਜਾਬੀ ਜਵਾਨੀ ਦੇ ਸਿਰ ਮੜ੍ਹ ਦਿੱਤਾ ਜਾਂਦਾ ਹੈ

ਦਰਅਸਲ ਇਹ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਭਾਜਪਾ ਕੇਂਦਰੀ ਤਾਕਤਾਂ, ਏਜੰਸੀਆਂ ਅਤੇ ਰਾਜਪਾਲਾਂ ਦੀ ਵਰਤੋਂ ਕਰਕੇ ਗੈਰ-ਭਾਜਪਾ ਸ਼ਾਸਿਤ ਰਾਜਾਂ ਵਿੱਚ ਅਜਿਹੀ ਹਲਚਲ ਅਤੇ ਦਖਲਅੰਦਾਜ਼ੀ ਪੈਦਾ ਕਰਦੀ ਹੈ ਤਾਂ ਜੋ ਕਿਸੇ ਨਾ ਕਿਸੇ ਹੀਲੇ ਆਪਣਾ ਰਾਜ ਸਥਾਪਿਤ ਕੀਤਾ ਜਾ ਸਕੇਪਿਛਲੇ ਦਿਨੀਂ ਇਹੋ ਕੁਝ ਪੱਛਮੀ ਬੰਗਾਲ ਵਿੱਚ ਵਾਪਰਿਆਹੁਣ ਭਾਜਪਾ ਨੇ ਪੂਰੇ ਜ਼ੋਰ-ਸ਼ੋਰ ਨਾਲ ਪੰਜਾਬ ਨੂੰ ਹਥਿਆਉਣ ਦਾ ਫੈਸਲਾ ਕਰ ਲਿਆ ਹੈਉਹ ਪੰਜਾਬ ਦੀ ਸਭ ਤੋਂ ਦੁਖਦੀ ਰਗ – ਨਸ਼ੇ ਉੱਤੇ ਨਿਸ਼ਾਨਾਂ ਸੇਧ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਨਾਲ ਲਾਉਣਾ ਚਾਹੁੰਦੇ ਹਨਪਰ ਉਹ ਇਹ ਭੁੱਲ ਗਏ ਹਨ ਕਿ ਪੰਜਾਬੀ ਇੰਨੇ ਭੋਲੇ ਨਹੀਂ ਹਨ; ਪੰਜਾਬ ਦੇ ਲੋਕ ਇਹ ਕਦੇ ਨਹੀਂ ਭੁੱਲ ਸਕਦੇ ਕਿ ਤਿੰਨ ਖੇਤੀ ਕਾਨੂੰਨਾਂ ਵੇਲੇ ਦਿੱਲੀ ਦੀਆਂ ਸਰਹੱਦਾਂ ’ਤੇ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਕਿਹੋ ਜਿਹਾ ਜ਼ਾਲਮਾਨਾ ਵਿਵਹਾਰ ਕੀਤਾ ਸੀ, ਜਿੱਥੇ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਸਨਭਾਜਪਾ ਇਸ ਗੱਲ ਨੂੰ ਵੀ ਅੱਖੋਂ-ਓਹਲੇ ਕਰ ਰਹੀ ਹੈ ਕਿ ਉਹ ਅੱਜ ਵੀ ਪੰਜਾਬ ਨੂੰ ਉਸਦੀ ਰਾਜਧਾਨੀ ਚੰਡੀਗੜ੍ਹ ਦੇਣ ਤੋਂ ਸਾਫ ਮੁੱਕਰ ਰਹੀ ਹੈਪੰਜਾਬ ਦੇ ਪਾਣੀਆਂ ਦੀ ਜਿਹੜੀ ਰਿਪੇਰੀਅਨ ਕਾਨੂੰਨ ਮੁਤਾਬਿਕ ਸਹੀ ਵੰਡ ਕੀਤੇ ਜਾਣ ਦੀ ਲੋੜ ਹੈ, ਉਸਦੀ ਗੱਲ ਕਰਨ ਦੀ ਬਜਾਏ ਕੇਂਦਰ ਹਮੇਸ਼ਾ ਪੰਜਾਬ ਦੇ ਪਾਣੀ ਖੋਹਣ ਦੇ ਹੱਕ ਵਿੱਚ ਭੁਗਤਦਾ ਹੈਇਸ ਤੋਂ ਇਲਾਵਾ ਪੰਜਾਬ ਦੇ ਹੋਰ ਲਟਕਦੇ ਮੁੱਦੇ ਹੋਣ ਜਾਂ ਸੂਬਿਆਂ ਨੂੰ ਖੁਦਮੁਖਤਿਆਰੀ ਅਤੇ ਵੱਧ ਅਧਿਕਾਰ ਦੇਣ ਦੇ ਮਸਲੇ ਹੋਣ; ਭਾਜਪਾ ਹਮੇਸ਼ਾ ਇਨ੍ਹਾਂ ਦਾ ਵਿਰੋਧ ਕਰਦੀ ਆਈ ਹੈਪੰਜਾਬੀ ਕੇਂਦਰ ਦੀ ਇਸ ਸੂਬਾ-ਵਿਰੋਧੀ ਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਦੇ

ਨਸ਼ਿਆਂ ਦੇ ਮੁੱਦੇ ਤੋਂ ਇਲਾਵਾ ਪੰਜਾਬ ਦੀ ਰਾਜਨੀਤੀ ਵਿੱਚ “ਆਇਆ ਰਾਮ, ਗਿਆ ਰਾਮ” ਦਾ ਰੁਝਾਨ ਵੱਡੀ ਪੱਧਰ ’ਤੇ ਹਾਵੀ ਹੋ ਚੁੱਕਾ ਹੈਪਹਿਲਾਂ ਇਹ ਰਾਜਨੀਤੀ ‘ਆਮ ਆਦਮੀ’ ਅਤੇ ਹੋਰਨਾਂ ਧਿਰਾਂ ਵੱਲੋਂ ਚਲਾਈ ਗਈ ਸੀ, ਪਰ ਹੁਣ ਭਾਜਪਾ ਵੀ ਇਸ ਖੇਡ ਵਿੱਚ ਪੂਰੀ ਤਰ੍ਹਾਂ ਕੁੱਦ ਪਈ ਹੈਦੂਜੀਆਂ ਪਾਰਟੀਆਂ ਦੇ ਭ੍ਰਿਸ਼ਟ ਜਾਂ ਅਸੰਤੁਸ਼ਟ ਆਗੂਆਂ ਨੂੰ ਤੋੜ ਕੇ ਆਪਣੇ ਨਾਲ ਰਲਾਉਣ ਅਤੇ ਵੋਟ ਬੈਂਕ ਹਥਿਆਉਣ ਦੀ ਇਸ ਨੰਗੀ-ਚਿੱਟੀ ਕੋਸ਼ਿਸ਼ ਨੇ ਅਸੂਲਾਂ, ਇਖਲਾਕ ਅਤੇ ਵਿਚਾਰਧਾਰਾ ਦੀ ਸਿਆਸਤ ਦਾ ਪੂਰੀ ਤਰ੍ਹਾਂ ਭੋਗ ਪਾ ਦਿੱਤਾ ਹੈ ਇਸਦਾ ਸਭ ਤੋਂ ਮਾੜਾ ਅਸਰ ਪੰਜਾਬ ਦੇ ਨੌਜਵਾਨਾਂ ਦੀ ਮਾਨਸਿਕਤਾ ’ਤੇ ਪੈ ਰਿਹਾ ਹੈਮਨੋਵਿਗਿਆਨਕ ਤੌਰ ’ਤੇ ਪੰਜਾਬ ਦਾ ਨੌਜਵਾਨ ਅੱਜ ਆਪਣੇ ਸਿਆਸਤਦਾਨਾਂ ਪ੍ਰਤੀ ਘੋਰ ਬੇਯਕੀਨੀ, ਨਿਰਾਸ਼ਾ ਅਤੇ ਬੇਗਾਨਗੀ ਨਾਲ ਭਰਿਆ ਹੋਇਆ ਹੈਉਹ ਦੇਖ ਰਿਹਾ ਹੈ ਕਿ ਜਿਨ੍ਹਾਂ ਨੇਤਾਵਾਂ ਨੂੰ ਉਹ ਕਿਸੇ ਵਿਚਾਰਧਾਰਾ ਜਾਂ ਬਦਲਾਅ ਦੀ ਆਸ ਨਾਲ ਚੁਣਦੇ ਹਨ, ਉਹ ਰਾਤੋ-ਰਾਤ ਸੱਤਾ, ਕੁਰਸੀ ਅਤੇ ਨਿੱਜੀ ਹਿਤਾਂ ਲਈ ਆਪਣੀ ਵਫ਼ਾਦਾਰੀ ਬਦਲ ਲੈਂਦੇ ਹਨ

ਪੰਜਾਬੀ ਹਮੇਸ਼ਾ ਹੀ ਉੱਚੇ-ਸੁੱਚੇ ਅਖਲਾਕ, ਸਿਧਾਂਤਾਂ ਦੀ ਗੱਲ ਕਰਨ ਵਾਲੇ, ਅਣਖੀ ਅਤੇ ਮਿਲਾਪੜੇ ਸੁਭਾਅ ਵਾਲੇ ਗਿਣੇ ਜਾਂਦੇ ਰਹੇ ਹਨਪਰ ਅੱਜ ਸਿਆਸਤਦਾਨਾਂ ਵੱਲੋਂ ਇੱਕ-ਦੂਜੇ ਦੀ ਕੀਤੀ ਜਾ ਰਹੀ ਘਟੀਆ ਪੱਧਰ ਦੀ ਕਿਰਦਾਰਕੁਸ਼ੀ, ਗਾਲੀ-ਗਲੋਚ ਅਤੇ ਜ਼ਹਿਰੀਲੀ ਬਿਆਨਬਾਜ਼ੀ ਨੇ ਪੰਜਾਬ ਦੇ ਸੁਖਾਵੇਂ ਸਮਾਜਿਕ ਮਾਹੌਲ ਨੂੰ ਜ਼ਹਿਰੀਲਾ ਬਣਾ ਦਿੱਤਾ ਹੈਅਸਲ ਵਿੱਚ ਅੱਜ ਪੰਜਾਬ ਦਾ ਮਾਹੌਲ ਖਰਾਬ ਕਰਨ ਜਾਂ ਗਰਮਾਉਣ ਲਈ ਸਿਰਫ ਸਿਆਸਤਦਾਨ ਅਤੇ ਉਨ੍ਹਾਂ ਦੇ ਕੁਝ ਪਿਛਲੱਗੂ ਹੀ ਯਤਨਸ਼ੀਲ ਹਨ, ਜੋ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਚਾਹੁੰਦੇ ਹਨ; ਆਮ ਪੰਜਾਬੀ ਅਜੇ ਵੀ ਗੰਭੀਰਤਾ ਨਾਲ ਚੁੱਪ ਕਰਕੇ ਇਹ ਸਭ ਕੁਝ ਦੇਖ ਰਿਹਾ ਹੈ ਉਨ੍ਹਾਂ ਦੇ ਮਨ ਵਿੱਚ ਨੇਤਾਵਾਂ ਪ੍ਰਤੀ ਭਾਰੀ ਰੋਸ, ਗੁੱਸਾ ਅਤੇ ਦੁੱਖ ਹੈ ਕਿ ਉਨ੍ਹਾਂ ਦੇ ਰੰਗਲੇ ਸੂਬੇ ਨਾਲ ਕਿਸ ਕਿਸਮ ਦਾ ਘਿਨਾਉਣਾ ਮਜ਼ਾਕ ਕੀਤਾ ਜਾ ਰਿਹਾ ਹੈਹਾਲਾਂਕਿ ਕਿਤੇ-ਕਿਤੇ ਇਹ ਜ਼ਰੂਰ ਦੇਖਣ ਨੂੰ ਮਿਲਦਾ ਹੈ ਕਿ ਜਦੋਂ 1000-1500 ਰੁਪਏ ਮਹੀਨਾ ਦੇਣ ਜਾਂ ਬਿਜਲੀ ਬਿੱਲ ਮੁਆਫ ਕਰਨ ਵਰਗੀਆਂ ਮੁਫਤਖ਼ੋਰੀ ਦੀਆਂ ਯੋਜਨਾਵਾਂ ਦੀ ਗੱਲ ਹੁੰਦੀ ਹੈ ਤਾਂ ਆਰਥਿਕ ਤੰਗੀ ਝੱਲ ਰਹੇ ਲੋਕ ਜਾਂ ਔਰਤਾਂ ਇਸ ’ਤੇ ਥੋੜ੍ਹਾ ਬਹੁਤ ਹੁੰਗਾਰਾ ਭਰਦੇ ਹਨ, ਪਰ ਇਹ ਕੋਈ ਸਥਾਈ ਹੱਲ ਨਹੀਂ ਹੈਬਹੁਤੀਆਂ ਹਾਲਤਾਂ ਵਿੱਚ ਆਮ ਪੰਜਾਬੀ ਅੰਦਰੋਂ ਬਹੁਤ ਪਰੇਸ਼ਾਨ ਹੈ ਕਿ ਸਿਆਸੀ ਧਿਰਾਂ ਅਸਲ ਮੁੱਦਿਆਂ ’ਤੇ ਗੱਲ ਕਰਨ ਦੀ ਬਜਾਏ ਪੰਜਾਬ ਨੂੰ ਭੀਖ ਅਤੇ ਬਦਨਾਮੀ ਦੇ ਚੌਰਾਹੇ ’ਤੇ ਖੜ੍ਹਾ ਕਰ ਰਹੀਆਂ ਹਨ

ਸਿਆਸੀ ਪਾਰਟੀਆਂ ਨਸ਼ੇ ਦੇ ਰੌਲੇ ਅਤੇ ਮੁਫਤ ਦੀਆਂ ਗਰੰਟੀਆਂ ਦੀ ਆੜ ਹੇਠ ਪੰਜਾਬ ਦੀਆਂ ਅਸਲ ਬੁਨਿਆਦੀ ਸਮੱਸਿਆਵਾਂ ’ਤੇ ਸਾਜ਼ਿਸ਼ੀ ਚੁੱਪ ਧਾਰੀ ਬੈਠੀਆਂ ਹਨਪੰਜਾਬ ਦੀ ਆਰਥਿਕਤਾ ਲਗਾਤਾਰ ਡਾਵਾਂਡੋਲ ਹੋ ਰਹੀ ਹੈ, ਰਾਜ ’ਤੇ 3.5 ਲੱਖ ਕਰੋੜ ਰੁਪਏ ਤੋਂ ਵੱਧ ਦਾ ਭਾਰੀ ਕਰਜ਼ਾ ਚੜ੍ਹਿਆ ਹੋਇਆ ਹੈ ਅਤੇ ਪੜ੍ਹੇ-ਲਿਖੇ ਨੌਜਵਾਨਾਂ ਲਈ ਸਨਮਾਨਜਨਕ ਰੁਜ਼ਗਾਰ ਦੀ ਘਾਟ ਹੈਇਸੇ ਨਿਰਾਸ਼ਾ ਦੇ ਚਲਦਿਆਂ ਪੰਜਾਬ ਦਾ ਅਰਬਾਂ ਰੁਪਇਆ ਅਤੇ ਲੱਖਾਂ ਨੌਜਵਾਨ ਹਰ ਸਾਲ ਆਇਲੈਟਸ ਕਰਕੇ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੇ ਹਨ, ਜਿਸ ਨਾਲ ਪੰਜਾਬ ਦਾ ‘ਬਰੇਨ ਡਰੇਨ’ ਅਤੇ ‘ਕੈਪੀਟਲ ਡਰੇਨ’ ਹੋ ਰਿਹਾ ਹੈਦੂਜੇ ਪਾਸੇ ਧਰਤੀ ਹੇਠਲਾ ਡਿਗਦਾ ਭੂ-ਜਲ ਪੱਧਰ, ਕਿਸਾਨੀ ਸਿਰ ਚੜ੍ਹਿਆ ਕਰਜ਼ਾ, ਫਸਲੀ ਚੱਕਰ ਦਾ ਸੰਕਟ ਅਤੇ ਪ੍ਰਦੂਸ਼ਿਤ ਹੁੰਦਾ ਪਾਣੀ-ਹਵਾ ਪੰਜਾਬ ਦੀ ਖੇਤੀਬਾੜੀ ਅਤੇ ਵਾਤਾਵਰਨ ਲਈ ਵਜੂਦੀ ਖਤਰਾ ਬਣ ਚੁੱਕੇ ਹਨਸਰਕਾਰੀ ਸਿੱਖਿਆ ਅਤੇ ਸਿਹਤ ਢਾਂਚੇ ਦੀ ਲਗਾਤਾਰ ਹੋ ਰਹੀ ਕਮਜ਼ੋਰੀ ਕਾਰਨ ਆਮ ਲੋਕ ਪ੍ਰਾਈਵੇਟ ਹਸਪਤਾਲਾਂ ਅਤੇ ਸਕੂਲਾਂ ਵਿੱਚ ਲੁੱਟੇ ਜਾ ਰਹੇ ਹਨਪਰ ਇਨ੍ਹਾਂ ਅਸਲ ਅਤੇ ਸੰਜੀਦਾ ਮੁੱਦਿਆਂ ’ਤੇ ਕਿਸੇ ਵੀ ਪਾਰਟੀ ਕੋਲ ਕੋਈ ਠੋਸ ਨੀਤੀ ਜਾਂ ਭਵਿੱਖੀ ਰੋਡਮੈਪ ਨਹੀਂ ਹੈ

ਆਉਣ ਵਾਲੀਆਂ ਚੋਣਾਂ ਪੰਜਾਬ ਦੇ ਭਵਿੱਖ ਅਤੇ ਇਸਦੀ ਹੋਂਦ ਲਈ ਬਹੁਤ ਅਹਿਮ ਹਨਪੰਜਾਬ ਦੇ ਲੋਕਾਂ, ਬੁੱਧੀਜੀਵੀਆਂ ਅਤੇ ਵੋਟਰਾਂ ਨੂੰ ਹੁਣ ਇਹ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ ਕਿ ਉਹ ਕਿਸ ਕਿਸਮ ਦੇ ਲੋਕਾਂ ਨੂੰ ਆਪਣੀ ਸਰਕਾਰ ਬਣਾਉਣ ਲਈ ਚੁਣਨਾ ਚਾਹੁੰਦੇ ਹਨ ਕੀ ਪੰਜਾਬੀ ਅਜਿਹੇ ਨੇਤਾਵਾਂ ਨੂੰ ਚੁਣਨਗੇ ਜੋ ਰੁਜ਼ਾਨਾ ਪਾਰਟੀਆਂ ਬਦਲਦੇ ਹਨ, ਇੱਕ-ਦੂਜੇ ’ਤੇ ਬਦਲੇਖੋਰੀ ਤਹਿਤ ਐੱਫਆਈ.ਆਰ. ਦਰਜ ਕਰਵਾਉਂਦੇ ਹਨ, ਅਤੇ ਪੰਜਾਬ ਨੂੰ ਵਿਸ਼ਵ ਪੱਧਰ ’ਤੇ “ਨਸ਼ੇੜੀ” ਕਹਿ ਕੇ ਬਦਨਾਮ ਕਰਦੇ ਹਨ? ਜਾਂ ਫਿਰ ਉਹ ਅਜਿਹੇ ਸੂਝਵਾਨ, ਅਣਖੀ ਅਤੇ ਇਮਾਨਦਾਰ ਨੇਤਾਵਾਂ ਦਾ ਸਾਥ ਦੇਣਗੇ ਜੋ ਪੰਜਾਬ ਦੀ ਆਰਥਿਕਤਾ ਨੂੰ ਪੈਰਾਂ ’ਤੇ ਖੜ੍ਹਾ ਕਰਨ, ਕਿਸਾਨੀ ਨੂੰ ਬਚਾਉਣ, ਚੰਗੀ ਸਿੱਖਿਆ-ਸਿਹਤ ਦੇਣ, ਰੁਜ਼ਗਾਰ ਦੇਣ, ਪਾਣੀਆਂ ਦੇ ਹੱਕਾਂ, ਚੰਡੀਗੜ੍ਹ ਦੀ ਵਾਪਸੀ, ਰਾਜਾਂ ਦੀ ਖ਼ੁਦਮੁਖਤਿਆਰੀ ਅਤੇ ਭਾਈਚਾਰਕ ਸਾਂਝ ਨੂੰ ਬਚਾਉਣ ਲਈ ਠੋਸ ਅਤੇ ਸਥਾਈ ਨੀਤੀਆਂ ਸਾਹਮਣੇ ਲਿਆਉਂਦੇ ਹਨ?

ਸਿਆਸੀ ਪਾਰਟੀਆਂ ਨੂੰ ਕਿਰਦਾਰਕੁਸ਼ੀ, ਇਲਜ਼ਾਮਬਾਜ਼ੀ ਅਤੇ ਬਦਨਾਮੀ ਦੀ ਰਾਜਨੀਤੀ ਛੱਡ ਕੇ ਲੋਕ-ਹਿਤਾਂ ਪ੍ਰਤੀ ਜਵਾਬਦੇਹੀ ਦੀ ਰਾਜਨੀਤੀ ਕਰਨੀ ਪਵੇਗੀਇਸ ਵਾਰ ਆਮ ਪੰਜਾਬੀ ਦੀ ਇਹ ਗੰਭੀਰ ‘ਖਾਮੋਸ਼ੀ’ ਚੋਣਾਂ ਵਿੱਚ ਇੱਕ ਵੱਡਾ ਧਮਾਕਾ ਕਰਕੇ ਆਪਣਾ ਇਤਿਹਾਸਕ ਫੈਸਲਾ ਸੁਣਾਏਗੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Gurmit S Palahi

Gurmit S Palahi

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author