“ਜੈਵਿਕ ਖੇਤੀ ਮਾਹਰਾਂ ਦੁਆਰਾ ਸੁਝਾਇਆ ਗਿਆ ਖੇਤੀ ਕਰਨ ਦਾ ਢੰਗ ਹੈ ਜਿਹੜਾ ...”
(10 ਜੁਲਾਈ 2025)
“ਭਗਵਾਨ” ਦੀ ਰੱਖਿਆ ਲਈ ਖੇਤੀ ਸਤਿਸੰਗ ਸਮੇਂ ਦੀ ਲੋੜ - ਅਵਤਾਰ ਸਿੰਘ (ਖੇਤੀ ਮਾਹਰ)
ਅਜੋਕੇ ਯੁਗ ਵਿੱਚ ਮਨੁੱਖੀ ਜੀਵਨ ਦੇ ਅਰਥ ਹੀ ਬਦਲਦੇ ਜਾ ਰਹੇ ਹਨ। ਸਧਾਰਨ ਮਨੁੱਖੀ ਜੀਵਨ ਜਟਿਲਤਾ ਭਰਪੂਰ ਹੁੰਦਾ ਜਾ ਰਿਹਾ ਹੈ। ਬਣਾਉਟੀ ਵਸਤਾਂ, ਤੇਜ਼ੀ ਨਾਲ ਵਧਦੀ ਤਕਨਾਲੋਜੀ, ਆਰਟੀਫੀਸ਼ਲ ਇੰਟੈਲੀਜੈਂਸ ਨੇ ਮਨੁੱਖੀ ਸੋਚ ਨੂੰ ਚਾਰੇ ਪਾਸਿਓਂ ਘੇਰਾ ਪਾਇਆ ਹੋਇਆ ਹੈ। ਮਨੁੱਖੀ ਜੀਵਨ ਚੰਗੇ ਸੁਖਾਵੇਂ ਜੀਵਨ ਤੋਂ ਗੰਭੀਰ ਬਿਮਾਰੀਆਂ, ਭੈੜੀ ਸੋਚ ਕਾਰਨ ਨਰਕ ਜਿਹਾ ਹੋਇਆ ਜਾਪਦਾ ਹੈ ਕਿਉਂਕਿ ‘ਸ਼ੁੱਧ’ ਸ਼ਬਦ ਉਸਦੇ ਜੀਵਨ ਵਿੱਚੋਂ ਗ਼ਾਇਬ ਹੋ ਰਿਹਾ ਹੈ।
ਸ਼ੁੱਧ ਹਵਾ, ਸ਼ੁੱਧ ਪਾਣੀ, ਸ਼ੁੱਧ ਭੋਜਨ ਜੋ ਮਨੁੱਖੀ ਜੀਵਨ ਦਾ ਅਧਾਰ ਹਨ, ਦੀ ਥਾਂ ਜ਼ਹਿਰਾਂ ਨੇ ਲੈ ਲਈ ਹੈ। ਪਾਣੀ ਗੰਧਲਾ, ਹਵਾ ਦੂਸ਼ਿਤ, ਭੋਜਨ ਮਿਲਾਵਟੀ ਮਿਲਣ ਕਾਰਨ ਮਨੁੱਖੀ ਸਰੀਰ ਜ਼ਰਜ਼ਰਾ ਹੋ ਰਿਹਾ ਹੈ ਅਤੇ “ਜੈਸਾ ਅੰਨ ਤੈਸਾ ਮਨ” ਲੋਕ ਤੱਥ ਅਨੁਸਾਰ ਦੂਸ਼ਿਤ ਅਤੇ ਮਿਲਾਵਟੀ ਖੁਰਾਕ ਖਾਣ ਨਾਲ ਮਨੁੱਖ ਦੀ ਸੋਚ ਵੀ ਗੰਧਲੀ ਅਤੇ ਭੈੜੀ ਹੁੰਦੀ ਜਾ ਰਹੀ ਹੈ। ਖੇਤੀ, ਜੋ ਖੁਰਾਕ ਦਾ ਅਧਾਰ ਹੈ, ਘਾਟੇ ਵਾਲੀ ਹੋ ਗਈ ਹੈ। ਰੁਜ਼ਗਾਰ ਮਿਲ ਨਹੀਂ ਰਿਹਾ। ਭੋਜਨ ਮਿਲਾਵਟੀ ਅਤੇ ਜ਼ਹਿਰਾਂ ਨਾਲ ਭਰਿਆ ਪਿਆ ਹੈ।
ਇਸ ਸਭ ਨੂੰ ਵਾਚਦਿਆਂ ਨਿੱਗਰ ਸੋਚ ਰੱਖਣ ਵਾਲੇ ਕੁਝ ਸ਼ਖਸ ਖ਼ਾਸ ਤੌਰ ’ਤੇ ਉਪਜਾਊ ਧਰਤੀ ਪੰਜਾਬ ਦੇ ਬਾਸ਼ਿੰਦਿਆਂ ਨੂੰ ਇੱਕ ਨਵੀਂ ਸੇਧ ਦੇਣ ਲਈ ਇੱਕ ਸਿਧਾਂਤਕ ਸੋਚ ਲੈ ਕੇ ਸਿਰਫ਼ ਗੱਲੀਂਬਾਤੀਂ ਨਹੀਂ, ਸਗੋਂ ਅਮਲੀ ਤੌਰ ’ਤੇ ਕੁਝ ਨਵਾਂ-ਨਿਆਰਾ ਕਰਨ ਲਈ ਯਤਨਸ਼ੀਲ ਹਨ। ਉਹਨਾਂ ਵਿੱਚੋਂ ਫਗਵਾੜਾ ਸ਼ਹਿਰ ਦੇ ਲਾਗਲੇ ਖੇਤਰ ਵਿੱਚ ਜੈਵਿਕ ਖੇਤੀ ਨੂੰ ਨਵੇਂ ਢੰਗਾਂ ਨਾਲ ਉਤਸ਼ਾਹ ਕਰਨ ਅਤੇ ਹੁਲਾਰਾ ਦੇਣ ਲਈ “ਸੰਪੂਰਨ ਖੇਤੀ, ਪੂਰਨ ਰੁਜ਼ਗਾਰ, ਪੌਸ਼ਟਿਕ ਆਹਾਰ, ਜ਼ਹਿਰ ਯੁਕਤ ਤੋਂ ਜ਼ਹਿਰ ਮੁਕਤ ਇੱਕ ਸਫਰ” ਦੀ ਪਵਿੱਤਰ ਅਤੇ ਲੋਕ ਹਿਤਕਾਰੀ ਸੋਚ ਲੈ ਕੇ ਕੰਮ ਕਰਨ ਵਾਲੇ ਖੇਤੀ ਮਾਹਰ ਅਵਤਾਰ ਸਿੰਘ ਜੋ “ਭਗਵਾਨ” ਦੇ ਅਰਥ ਭਾਵ ਭ+ਗ+ਵ+ਆ+ਨ
ਭ - ਭੂਮੀ ਭਾਵ ਮਿੱਟੀ,
ਗ - ਗਗਨ ਭਾਵ ਆਕਾਸ਼,
ਵ - ਵਾਯੂ ਭਾਵ ਹਵਾ,
ਆ – ਆਗ ਭਾਵ ਅਗਨੀ,
ਨ - ਨੀਰ ਭਾਵ ਪਾਣੀ, ਕਰਦੇ ਹਨ, ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਮੁਲਾਕਾਤ ਦੀ ਪਹਿਲੀ ਲੜੀ ਵਿੱਚ ਰਸਾਇਣਿਕ ਖੇਤੀ ਅਤੇ ਜੈਵਿਕ ਖੇਤੀ ਸੰਬੰਧੀ ਚਰਚਾ ਪਾਠਕਾਂ ਦੇ ਰੂਬਰੂ ਹੈ - ਗੁਰਮੀਤ ਸਿੰਘ ਪਲਾਹੀ
ਸਵਾਲ: ਪੰਜਾਬ ਵਿੱਚ ਖੇਤੀ ਨੂੰ ਅੱਜ ਕੱਲ੍ਹ ਘਾਟੇ ਦਾ ਸੌਦਾ ਮੰਨਿਆ ਜਾਂਦਾ ਹੈ, ਕੀ ਵਾਕਿਆ ਹੀ ਖੇਤੀ ਘਾਟੇ ਦਾ ਸੌਦਾ ਹੈ? ਜੇ ਹੈ ਤਾਂ ਇਸ ਪਿੱਛੇ ਕਿਹੜੇ ਕਿਹੜੇ ਕਾਰਨ ਹਨ?
ਜਵਾਬ: ਅੱਜ ਤੋਂ ਲਗਭਗ ਕੋਈ 60-65 ਸਾਲ ਪਹਿਲਾਂ ਦਾ ਸਮਾਂ ਸੀ ਜਦੋਂ ਖੇਤੀ ਦੇ ਕੰਮ ਨੂੰ ਸਭ ਤੋਂ ਵਧੀਆ ਅਤੇ ਉੱਤਮ ਮੰਨਿਆ ਜਾਂਦਾ ਸੀ। ਦੂਜੇ ਨੰਬਰ ’ਤੇ ਵਪਾਰ ਨੂੰ ਮੰਨਿਆ ਜਾਂਦਾ ਸੀ ਅਤੇ ਸਰਕਾਰੀ ਨੌਕਰੀ ਨੂੰ ਸਭ ਤੋਂ ਹੇਠਾਂ ਭਾਵ ਤੀਜਾ ਸਥਾਨ ਦਿੱਤਾ ਜਾਂਦਾ ਸੀ। ਇਸੇ ਕਰਕੇ ਇਹ ਅਖਾਣ ਆਮ ਵਰਤਿਆ ਜਾਂਦਾ ਸੀ ਕਿ, “ਉੱਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ ਭੀਖ ਗਵਾਰ।” ਭਾਵ ਖੇਤੀ ਕਿਸੇ ਸਮੇਂ ਉੱਤਮ ਅਤੇ ਲਾਹੇਵੰਦ ਧੰਦਾ ਸੀ। ਸੋ ਜੇਕਰ ਹੁਣ ਅਸੀਂ ਇਹ ਮੰਨ ਰਹੇ ਹਾਂ ਕਿ ਖੇਤੀ ਘਾਟੇ ਦਾ ਸੌਦਾ ਹੈ ਤਾਂ ਇਹ ਧਾਰਨਾ ਗ਼ਲਤ ਹੈ, ਜ਼ਰੂਰ ਕਿਤੇ ਨਾ ਕਿਤੇ ਅਸੀਂ ਗਲਤ ਹਾਂ ਅਤੇ ਸਾਨੂੰ ਉਹ ਗ਼ਲਤੀ ਲੱਭਣ ਦੀ ਜ਼ਰੂਰਤ ਹੈ। ਜਿਸ ਵਕਤ ਅਸੀਂ ਉਸ ਗ਼ਲਤੀ ਨੂੰ ਲੱਭ ਲਿਆ, ਉਸ ਵਕਤ ਸਾਡੀ ਖੇਤੀ ਬਹੁਤ ਲਾਹੇਵੰਦ ਧੰਦਾ ਤਾਂ ਸਾਬਤ ਹੋਵੇਗੀ ਹੀ, ਸਾਡੇ ਕੁਦਰਤੀ ਸਾਧਨਾਂ ਦਾ ਵੀ ਬਹੁਤ ਬਚਾ ਹੋਵੇਗਾ।
ਸਵਾਲ: ਅੱਜ ਕੱਲ੍ਹ ਖੇਤੀ ਅਧਾਰਤ ਖਾਧ ਉਤਪਾਦਾਂ ਨੂੰ ਸਿਹਤ ਲਈ ਹਾਨੀਕਾਰਕ ਕਹਿ ਕੇ ਪ੍ਰਚਾਰਿਆ ਜਾ ਰਿਹਾ, ਇਸ ਗੱਲ ਵਿੱਚ ਕਿੰਨੀ ਕ ਸਚਾਈ ਹੈ?
ਜਵਾਬ: ਜੀ, ਇਹ ਗੱਲ ਬਿਲਕੁਲ ਸੱਚ ਅਤੇ ਸਹੀ ਹੈ। ਇਹ ਸਹੀ ਹੈ ਕਿ ਇਸ ਵੇਲੇ ਸਾਨੂੰ ਖੁਰਾਕੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਸ਼ਕ ਸਾਡੇ ਕੋਲ ਖੁਰਾਕੀ ਪਦਾਰਥਾਂ ਦੇ ਅੰਬਾਰ ਲੱਗੇ ਪਏ ਹਨ, ਗੋਦਾਮ ਭਰੇ ਪਏ ਹਨ, ਪਰ ਤ੍ਰਾਸਦੀ ਇਹ ਹੈ ਕਿ ਇਹ ਸਾਰਾ ਅਨਾਜ ਖਾਣਯੋਗ ਹੀ ਨਹੀਂ ਹੈ, ਕਿਉਂਕਿ ਸਾਰੇ ਦਾ ਸਾਰਾ ਖਾਣਾ ਜ਼ਹਿਰ ਯੁਕਤ ਹੈ। ਅਸੀਂ ਬਹੁਤ ਸਾਰੇ ਰਸਾਇਣਾਂ ਦੀ ਵਰਤੋਂ ਕਰ ਕੇ, ਗ਼ੈਰ ਕੁਦਰਤੀ ਢੰਗ ਵਰਤ ਕੇ ਖੁਰਾਕੀ ਵਸਤਾਂ ਪੈਦਾ ਕਰਦੇ ਹਾਂ। ਇਸ ਕਰਕੇ ਇਹ ਗੱਲ ਬਿਲਕੁਲ ਸੱਚ ਹੈ ਕਿ ਜਿੰਨਾ ਵੀ ਖਾਣਾ ਸਾਨੂੰ ਮਿਲ ਰਿਹਾ, ਉਹ ਸਾਰੇ ਦਾ ਸਾਰਾ ਖਾਣਯੋਗ ਨਹੀਂ ਹੈ। ਸਿਹਤ ਲਈ ਹਾਨੀਕਾਰਕ ਹੁੰਦਾ ਹੈ।
ਸਵਾਲ: ਹਰੀ ਕ੍ਰਾਂਤੀ ਨੇ ਪੰਜਾਬ ਦੀ ਧਰਤੀ ਨੂੰ ਅਣ ਉਪਜਾਊ ਅਤੇ ਕੱਲਰ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਇਸ ਬਾਰੇ ਤੁਹਾਡੇ ਕੀ ਵਿਚਾਰ ਹਨ?
ਜਵਾਬ: ਬਿਲਕੁਲ ਜੀ, ਅਸੀਂ ਇਹ ਕਹਿ ਸਕਦੇ ਹਾਂ ਕਿ ਹਰੀ ਕ੍ਰਾਂਤੀ ਨੇ ਜੀਵਨ ਨੂੰ ਖੋਰਾ ਲਾਇਆ ਹੈ। ਹਰੀ ਕ੍ਰਾਂਤੀ, ਗ੍ਰੀਨ ਰੈਵੋਲਿਊਸ਼ਨ ਅਸਲ ਵਿੱਚ “ਗਰੀਡ ਰੈਵੋਲਿਊਸ਼ਨ” ਕਹਿਣਾ ਚਾਹੀਦਾ ਹੈ। ਇਸਦਾ ਮੁੱਖ ਉਦੇਸ਼ ਪ੍ਰਤੀ ਏਕੜ ਵੱਧ ਤੋਂ ਵੱਧ ਝਾੜ ਲੈਣ ਦਾ ਲਾਲਚ ਸੀ। ਅਸੀਂ ਵੱਧ ਤੋਂ ਵੱਧ ਉਪਜ ਲੈਣ ਦੇ ਰਾਹ ਤੁਰ ਪਏ। ਇਸ ਲਈ ਖੇਤੀਬਾੜੀ ਯੂਨੀਵਰਸਿਟੀਆਂ, ਖੇਤੀ ਅਦਾਰਿਆਂ ਅਤੇ ਖੇਤੀ ਦੇ ਤਕਨੀਕੀ ਮਾਹਰਾਂ ਵੱਲੋਂ ਰਸਾਇਣਿਕ ਖਾਦਾਂ, ਨਦੀਨ ਨਾਸ਼ਕਾਂ, ਕੀਟਨਾਸ਼ਕਾਂ ਜਾਂ ਹੋਰ ਦਵਾਈਆਂ ਵਗੈਰਾ ਦੀ ਵਰਤੋਂ ਕਰਨ ਦੇ ਘਾਤਕ ਤਰੀਕੇ ਸੁਝਾਏ ਗਏ ਅਤੇ ਅਸੀਂ “ਈਕੋ ਸਿਸਟਮ” ਨੂੰ ਖਰਾਬ ਕਰ ਲਿਆ। ਧਰਤੀ ਹੇਠਲੇ ਪਾਣੀ ਦਾ ਪੱਧਰ ਕਾਫ਼ੀ ਹੇਠਾਂ ਚਲਾ ਗਿਆ ਅਤੇ ਪਾਣੀ ਪ੍ਰਦੂਸ਼ਿਤ ਹੋ ਗਿਆ। ਸਾਡੀ ਹਵਾ ਵੀ ਗੰਧਲੀ ਹੋ ਗਈ। ਇਸ ਕਾਰਨ ਸਾਡੀਆਂ ਉਪਜਾਂ ਵੀ ਦੂਸ਼ਿਤ ਹੋ ਕੇ ਜ਼ਹਿਰੀਲੀਆਂ ਹੋ ਗਈਆਂ ਕਿਉਂਕਿ ਫ਼ਸਲ ਪੈਦਾ ਕਰਨ ਲਈ ਵਰਤੀਆਂ ਗਈਆਂ ਰਸਾਇਣਿਕ ਖਾਦਾਂ, ਰਸਾਇਣਿਕ ਦਵਾਈਆਂ, ਕੀਟਨਾਸ਼ਕ, ਨਦੀਨ ਨਾਸ਼ਕ ਰਸਾਇਣ ਸਾਡੀਆਂ ਉਪਜਾਂ ਵਿੱਚ ਵੀ ਆ ਜਾਂਦੇ ਹਨ। ਜ਼ਹਿਰ ਯੁਕਤ ਖਾਧ ਪਦਾਰਥਾਂ ਦੀ ਸਮੱਸਿਆ ਇਕੱਲੀ ਮਨੁੱਖ ਜਾਤੀ ਲਈ ਹੀ ਨਹੀਂ ਸਗੋਂ ਜੀਵਨ ਦੀ ਹੋਂਦ ਲਈ ਇੱਕ ਕਿਸਮ ਦਾ ਗੰਭੀਰ ਖਤਰਾ ਬਣ ਕੇ ਸਾਹਮਣੇ ਆਈ ਹੈ। ਗ਼ੈਰ ਕੁਦਰਤੀ ਖੇਤੀ ਢੰਗਾਂ ਨੂੰ ਲਾਂਭੇ ਕਰਕੇ ਕੁਦਰਤੀ ਖੇਤੀ ਕਰ ਕੇ ਹੀ ਅਸੀਂ ਕੁਦਰਤੀ ਸਿਸਟਮ ਨੂੰ ਬਚਾ ਸਕਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਬਚਾ ਪਾਵਾਂਗੇ, ਸਾਡੇ ਕੁਦਰਤੀ ਸਾਧਨ ਵੀ ਬਚਣਗੇ ਸਾਡੀ ਖੁਰਾਕ ਵੀ ਜ਼ਹਿਰ ਮੁਕਤ ਹੋਵੇਗੀ। ਸਾਡੀ ਸਿਹਤ ਵੀ ਠੀਕ ਰਹੇਗੀ।
ਸਵਾਲ: ਕੀ ਹਰੀ ਕ੍ਰਾਂਤੀ ਨੇ ਪੰਜਾਬ ਦੇ ਅਰਥਚਾਰੇ ਨੂੰ ਹੁਲਾਰਾ ਦਿੱਤਾ?
ਜਵਾਬ: ਹਰੀ ਕ੍ਰਾਂਤੀ ਨੇ ਅਰੰਭਕ ਦੌਰ ਵਿੱਚ ਜ਼ਰੂਰ ਪੰਜਾਬ ਦੇ ਅਰਥਚਾਰੇ ਨੂੰ ਕੁਝ ਹੁਲਾਰਾ ਦਿੱਤਾ ਪ੍ਰੰਤੂ ਜਦੋਂ ਅਸੀਂ ਹਰੀ ਕ੍ਰਾਂਤੀ ਦੇ ਮਾੜੇ ਸਿੱਟਿਆਂ, ਦੁਰਪ੍ਰਭਾਵਾਂ ਦੀ ਗੱਲ ਕਰਦੇ ਹਾਂ ਤਾਂ ਉਹ ਮੁਕਾਬਲਤਨ ਬਹੁਤ ਹੀ ਜ਼ਿਆਦਾ ਹਨ। ਕਿਸਾਨ ਕਰਜ਼ੇ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਗਿਆ ਹੈ। ਅਸੀਂ ਰੋਜ਼ ਅਖ਼ਬਾਰਾਂ ਦੀਆਂ ਸੁਰਖੀਆਂ ਦੇਖਦੇ ਹਾਂ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਇਹ ਵੀ ਇੱਕ ਸੱਚ ਹੈ ਕਿ ਹਰੀ ਕ੍ਰਾਂਤੀ ਲਈ ਜਿਸ ਕਿਸਾਨ ਨੇ ਜਿੰਨੇ ਜ਼ਿਆਦਾ ਆਧੁਨਿਕ ਸਾਧਨਾਂ-ਢੰਗਾਂ ਦੀ ਵਰਤੋਂ ਕੀਤੀ ਹੈ, ਉਹ ਉੰਨਾ ਜ਼ਿਆਦਾ ਕਰਜ਼ਦਾਰ ਹੋਇਆ ਹੈ। ਕਾਰਪੋਰੇਟ ਸਿਸਟਮ ਵੱਲੋਂ ਸਾਡੇ ਉੱਤੇ ਥੋਪੇ ਗਏ ਖੇਤੀ ਵਿਕਾਸ ਦੇ ਇਸ ਮਾਡਲ ਨੇ ਧਰਤੀ, ਕੁਦਰਤ ਅਤੇ ਜੀਵਨ ਨੂੰ ਖੋਰਾ ਹੀ ਲਾਇਆ। ਜੀਵਨ, ਜੀਵਨ ਪੱਧਰ ਅਤੇ ਕੁਦਰਤ ਉੱਤੇ ਕੋਈ ਵਧੀਆ ਪ੍ਰਭਾਵ ਨਹੀਂ ਪਾਇਆ।
ਸਵਾਲ: ਸ.ਅਵਤਾਰ ਸਿੰਘ ਜੀ, ਮੈਨੂੰ ਯਾਦ ਹੈ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਉਦੋਂ ਕਿਸਾਨਾਂ ਕੋਲ ਭਾਵੇਂ ਥੋੜ੍ਹੇ ਜਿਹੇ ਪੈਸੇ ਹੋਇਆ ਕਰਦੇ ਸੀ ਪਰ ਉਹ ਬੜੇ ਖ਼ੁਸ਼ਹਾਲ ਅਤੇ ਖ਼ੁਸ਼-ਖ਼ੁਸ਼ ਰਹਿੰਦੇ ਸਨ। ਪਰ ਹੁਣ ਇੱਕ ਗੱਲ ਬਹੁਤ ਹੀ ਚਰਚਾ ਵਿੱਚ ਰਹਿੰਦੀ ਹੈ ਕਿ ਕਿਸਾਨ ਕਰਜ਼ਾਈ ਹੋ ਰਿਹਾ, ਬਹੁਤ ਸਾਰੇ ਕਿਸਾਨ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਗਏ ਹਨ। ਕੀ ਅਸਲ ਵਿੱਚ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਦਾ ਕਿਸਾਨ ਖ਼ੁਸ਼ਹਾਲ ਹੋਇਆ ਜਾਂ ਇਹ ਇੱਕ ਭਰਮ ਜਾਲ ਹੀ ਹੈ?
ਜਵਾਬ: ਜੀ ਇਸ ਨੂੰ ਅਸਲ ਵਿੱਚ ਇੱਕ ਭਰਮ ਜਾਲ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਹਰੀ ਕ੍ਰਾਂਤੀ ਦੌਰਾਨ ਖੇਤੀ ਦੇ ਖਰਚੇ ਬਹੁਤ ਜ਼ਿਆਦਾ ਵਧ ਗਏ। ਕਿਸਾਨ ਕਈ ਤਰ੍ਹਾਂ ਦੇ ਖਰਚਿਆਂ ਦੀਆਂ ਜ਼ੰਜੀਰਾਂ ਨਾਲ ਜਕੜਿਆ ਹੋਇਆ ਹੈ। ਕਿਸਾਨ ਖੇਤੀ ਲਈ ਉੱਤਮ ਬੀਜਾਂ, ਡੀਜ਼ਲ, ਰਸਾਇਣਾਂ, ਪੋਸ਼ਟਿਕ ਤੱਤਾਂ, ਰਸਾਇਣਿਕ ਖਾਦਾਂ, ਕੀੜੇਮਾਰ ਦਵਾਈਆਂ, ਨਦੀਨ ਨਾਸ਼ਕਾਂ ਤੋਂ ਇਲਾਵਾ ਲਈ ਕਈ ਤਰ੍ਹਾਂ ਦੀ ਮਹਿੰਗੀ ਮਸ਼ੀਨਰੀ ਜਿਵੇਂ ਟ੍ਰੈਕਟਰ, ਥਰੈਸ਼ਰ, ਕੰਬਾਈਨ ਆਦਿ ਦੀ ਵਰਤੋਂ ਕਰਦਾ ਹੈ। ਕਹਿਣ ਦਾ ਭਾਵ ਹੈ ਕਿ ਕਿਸਾਨ ਇਨ੍ਹਾਂ ਖਰਚਿਆਂ ਕਾਰਨ ਕਰਜ਼ੇ ਦੇ ਵਿੱਚ ਜਕੜਿਆ ਜਾ ਰਿਹਾ ਅਤੇ ਇਸ ਕਰਜ਼ੇ ਦੇ ਵਿੱਚ ਸਾਲ ਦਰ ਸਾਲ ਵਾਧਾ ਹੁੰਦਾ ਜਾ ਰਿਹਾ ਹੈ। ਇਸ ਤਰ੍ਹਾਂ ਕਿਸਾਨ ਮਜ਼ਬੂਤ ਨਹੀਂ ਸਗੋਂ ਆਰਥਿਕ ਅਤੇ ਮਾਨਸਿਕ ਪੱਖੋਂ ਕਮਜ਼ੋਰ ਹੁੰਦਾ ਜਾ ਰਿਹਾ। ਕਿਸਾਨ ਦੇ ਦੁਆਲੇ ਲਪੇਟ ਹੋਈਆਂ ਖਰਚੇ ਅਤੇ ਕਰਜ਼ੇ ਦੀਆਂ ਜ਼ੰਜੀਰਾਂ ਨੂੰ ਕਾਰਪੋਰੇਟ ਸਿਸਟਮ ਵੱਲੋਂ ਸੁਝਾਏ ਖੇਤੀ ਢੰਗਾਂ ਨਾਲ ਕਦੇ ਵੀ ਤੋੜਿਆ ਨਹੀਂ ਜਾ ਸਕਦਾ ਹੈ।
ਸਵਾਲ: ਅੱਜ ਕੱਲ੍ਹ 99% ਕਿਸਾਨ ਘਾਟੇ ਦੀ ਖੇਤੀ ਕਰ ਰਹੇ ਹਨ, ਲਟੈਣਾਂ ਨੂੰ ਜੱਫੇ ਪਾ ਰਹੇ ਹਨ। ਕਿਸਾਨਾਂ ਵਿੱਚ ਆਤਮ ਹੱਤਿਆ ਦਾ ਰੁਝਾਨ ਬਹੁਤ ਵਧ ਗਿਆ ਹੈ। ਉਹਨਾਂ ਦਾ ਸਮਾਜਿਕ ਰੁਤਬਾ ਘਟਿਆ ਹੈ। ਉਹ ਆਰਥਿਕ ਮੰਦਹਾਲੀ ਦਾ ਸ਼ਿਕਾਰ ਹਨ, ਮਾਨਸਿਕ ਤਣਾਓ ਹੰਢਾ ਰਹੇ ਹਨ। ਤੁਹਾਡੇ ਅਨੁਸਾਰ ਕਿਸਾਨਾਂ ਨੂੰ ਇਸ ਤ੍ਰਾਸਦੀ ਵਿੱਚੋਂ ਕਿਵੇਂ ਬਾਹਰ ਕੱਢਿਆ ਜਾ ਸਕਦਾ ਹੈ?
ਜਵਾਬ: ਕਿਸਾਨਾਂ ਨੂੰ ਇਸ ਤ੍ਰਾਸਦੀ ਵਿੱਚੋਂ ਬਾਹਰ ਕੱਢਣ ਦਾ ਇੱਕੋ-ਢੰਗ ਹੈ, ‘ਭਗਵਾਨ’ ਦੀ ਰੱਖਿਆ ਲਈ ਖੇਤੀ ਸਤਿਸੰਗ ਸੁਣਿਆ ਜਾਵੇ।
ਭਗਵਾਨ ਭਾਵ ਭ+ਗ+ਵ+ਆ+ਨ, ਭੱਭਾ - ਭੂਮੀ ਭਾਵ ਮਿੱਟੀ, ਗੱਗਾ-ਗਗਨ ਭਾਵ ਆਕਾਸ਼, ਵਾਵਾ - ਵਾਯੂ ਭਾਵ ਹਵਾ, ਆ - ਆਗ ਭਾਵ ਅਗਨੀ, ਨੰਨਾ - ਨੀਰ ਭਾਵ ਪਾਣੀ ਦੀ ਰੱਖਿਆ ਲਈ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਖੇਤੀ ਮਾਡਲ ਨੂੰ ਅਮਲ ਵਿੱਚ ਲਿਆਂਦਾ ਜਾਵੇ। ਖੇਤੀ ਕਰਨ ਲਈ ਪੰਜ ਜੀਵਨਦਾਈ ਤੱਤਾਂ ਮਿੱਟੀ, ਹਵਾ, ਆਕਾਸ਼, ਅਗਨੀ ਅਤੇ ਪਾਣੀ ਦੀ ਸਹੀ ਢੰਗ ਨਾਲ ਵਰਤੋਂ ਦੀ ਜਾਂਚ ਸਿੱਖਣਾ ਹੀ ਖੇਤੀ ਸਤਿਸੰਗ ਦਾ ਉਦੇਸ਼ ਹੈ। ਅਸੀਂ ਇਸ ਨੂੰ ਕੁਦਰਤੀ ਖੇਤੀ ਜਾਂ ਜੈਵਿਕ ਖੇਤੀ ਦਾ ਨਾਂ ਦਿੰਦੇ ਹਾਂ। ਜੈਵਿਕ ਖੇਤੀ ਹੀ ਕਿਸਾਨਾਂ ਨੂੰ ਇਸ ਮਾਨਸਿਕ ਤ੍ਰਾਸਦੀ ਅਤੇ ਆਰਥਿਕ ਮੰਦਹਾਲੀ ਵਿੱਚੋਂ ਬਾਹਰ ਕੱਢਣ ਦਾ ਇੱਕੋ-ਇੱਕ ਹੱਲ ਹੈ।
ਸਵਾਲ: ਜੈਵਿਕ ਖੇਤੀ ਕੀ ਹੁੰਦੀ ਹੈ?
ਜਵਾਬ: ਜੈਵਿਕ ਖੇਤੀ ਮਾਹਰਾਂ ਦੁਆਰਾ ਸੁਝਾਇਆ ਗਿਆ ਖੇਤੀ ਕਰਨ ਦਾ ਢੰਗ ਹੈ ਜਿਹੜਾ ਕਿਸਾਨ ਦੀ ਆਰਥਿਕਤਾ ਮਜ਼ਬੂਤ ਕਰਨ, ਸਮਾਜ ਨੂੰ ਸਿਹਤਯਾਬ ਕਰਨ, ਸਾਡੇ ਕੁਦਰਤੀ ਸਾਧਨਾਂ ਨੂੰ ਬਚਾਉਣ ਲਈ ਬਹੁਤ ਲਾਹੇਵੰਦ ਹੈ। ਜੈਵਿਕ ਖੇਤੀ, ਕੁਦਰਤੀ ਸਿਸਟਮ ਅਨੁਸਾਰ ਖਾਦ ਤਿਆਰ ਕਰ ਕੇ ਜੀਵਨ ਦੇਣ ਵਾਲੀ, ਜ਼ਹਿਰ ਮੁਕਤ ਖੇਤੀ ਉਤਪਾਦਨ ਕਰਨ ਦੀ ਵਿਧੀ ਹੈ। ਬਿਨਾਂ ਕਿਸੇ ਬਣਾਉਟੀ ਰਸਾਇਣ ਦੀ ਵਰਤੋਂ ਕੀਤਿਆਂ ਪੰਜ ਤੱਤਾਂ ਹਵਾ, ਪਾਣੀ, ਮਿੱਟੀ, ਅਗਨੀ, ਅਕਾਸ਼ ਦੀ ਸਹੀ ਢੰਗ ਨਾਲ ਵਰਤੋਂ ਕਰ ਕੇ ਪੈਦਾ ਕੀਤੀ ਜਾਣ ਵਾਲੀ ਉਪਜ ਨੂੰ ਜੈਵਿਕ ਖੇਤੀ ਕਹਿ ਸਕਦੇ ਹਾਂ।
ਸਵਾਲ: ਕੀ ਜੈਵਿਕ ਖੇਤੀ ਨੂੰ ਗੁਰੂ ਨਾਨਕ ਦੇਵ ਜੀ ਦੁਆਰਾ ਅਪਣਾਏ ਗਏ ਖੇਤੀ ਮਾਡਲ ਦਾ ਹੀ ਆਧੁਨਿਕ ਨਾਂ ਕਿਹਾ ਜਾ ਸਕਦਾ ਹੈ?
ਜਵਾਬ: ਜੀ ਬਿਲਕੁਲ, ਮੈਂ ਇਸ ਗੱਲ ਨਾਲ ਸਹਿਮਤ ਹਾਂ। ਸਾਡੀ ਸੰਸਥਾ ਵੱਲੋਂ ਦਿੱਤਾ ਗਿਆ ਨਾਅਰਾ “ਗੁਰਬਾਣੀ ਸੇਧਤ ਖੇਤੀ ਦੀ ਗੱਲ, ਕਰ ਦੇਵੇਗੀ ਸਾਰੇ ਮਸਲੇ ਹੱਲ” ਇਸ ਗੱਲ ਦੀ ਪੁਸ਼ਟੀ ਕਰਦਾ ਹੈ। ਗੁਰਬਾਣੀ ਜੀਵਨ ਦੇ ਹਰ ਪੱਖ ਦਾ, ਸਹੀ ਢੰਗ ਨਾਲ ਜਵਾਬ ਦੇਣ ਦੇ ਸਮਰੱਥ ਹੈ ਅਤੇ ਤੁਸੀਂ ਵੀ ਉਸ ਵਿੱਚੋਂ ਗੱਲ ਲੈ ਕੇ ਇੱਕ ਗੱਲ ਤੋਰੀ ਹੈ। ਖੇਤੀ ਦਾ ਗੁਰੂ ਨਾਨਕ ਮਾਡਲ ਅੱਜ ਦੇ ਸਮੇਂ ਦਾ ਵੱਡਾ ਸੱਚ ਹੈ। ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਸ਼ਤ-ਸ਼ਤ ਨਮਨ ਹੈ। ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਸਿਧਾਂਤਾਂ ਉੱਪਰ ਚੱਲ ਕੇ ਅਸੀਂ ਆਪਣਾ ਜੀਵਨ ਸਫ਼ਲ ਕਰ ਸਕਦੇ ਹਾਂ। ਵਧੀਆ ਸਿਹਤਯਾਬ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ। ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ ਆਖਰੀ ਸਾਢੇ ਸਤਾਰਾਂ ਸਾਲ ਇਸ ਖੇਤੀ ਦੇ ਕਿੱਤੇ ਵਿੱਚ ਗੁਜ਼ਾਰੇ। ਉਹਨਾਂ ਇਹ ਗੱਲ ਸਮਝਾਈ ਕਿ ਖੇਤੀ ਤੋਂ ਬਿਨਾਂ ਸਾਡਾ ਜੀਵਨ ਚੱਲ ਨਹੀਂ ਸਕਦਾ ਅਤੇ ਸਾਨੂੰ ਖੇਤੀ ਦੇ ਕਿੱਤੇ ਵਿੱਚ ਜ਼ਰੂਰ ਕਾਰਜਸ਼ੀਲ ਹੋਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਬਿਨਾਂ ਸਾਡਾ ਸਮਾਜ ਚੱਲ ਨਹੀਂ ਸਕਦਾ। ਜ਼ਰੂਰਤ ਹੈ ਕਿ ਅਸੀਂ ਗੁਰਬਾਣੀ ਤੋਂ ਸੇਧ ਲੈ ਕੇ ਕਾਸ਼ਤਕਾਰੀ ਨੂੰ ਗੁਰਬਾਣੀ ਦੇ ਸਿਧਾਂਤਾਂ ਅਨੁਸਾਰ ਢਾਲੀਏ।
ਸਵਾਲ: ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਕਿਰਤ ਕਰਨ, ਖੇਤੀ ਕਰਨ ਦੀ ਗੱਲ ਕੀਤੀ, ਉਹਨਾਂ ਖ਼ੁਦ ਹੱਥੀਂ ਕੁਦਰਤੀ ਖੇਤੀ ਜਿਸਨੂੰ ਆਪ ਜੈਵਿਕ ਖੇਤੀ ਕਹਿ ਰਹੇ ਹੋ, ਅਪਣਾਈ, ਪਰ ਹੁਣ ਕਿਸਾਨ ਹੱਥੀਂ ਖੇਤੀ ਕਰਨ ਦੀ ਥਾਂ ’ਤੇ ਜ਼ਮੀਨ ਠੇਕੇ ਤੇ ਦੇਣ ਨੂੰ ਤਰਜੀਹ ਦੇ ਰਿਹਾ ਹੈ? ਆਪ ਅਨੁਸਾਰ ਖੇਤੀ ਲਾਹੇਵੰਦ ਧੰਦਾ ਨਾ ਰਹਿਣ ਪਿੱਛੇ ਕੀ ਇਹ ਕਾਰਨ ਜ਼ਿੰਮੇਵਾਰ ਹੋ ਸਕਦਾ ਹੈ?
ਜਵਾਬ: ਗੁਰੂ ਨਾਨਕ ਸਾਹਿਬ ਵੱਲੋਂ “ਨਾਮ ਜਪੋ, ਕਿਰਤ ਕਰੋ, ਵੰਡ ਛਕੋ” ਦਾ ਬਹੁਤ ਹੀ ਕਲਿਆਣਕਾਰੀ ਸਿੱਖੀ ਸਿਧਾਂਤ ਦਿੱਤਾ ਗਿਆ ਹੈ। ਹਰ ਇੱਕ ਨੂੰ ਕਿਰਤ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਠੇਕੇ ’ਤੇ ਜ਼ਮੀਨ ਦੇ ਦੇਣਾ, ਆਪ ਕਾਸ਼ਤਕਾਰੀ ਨਾ ਕਰਨਾ, ਠੇਕਾ ਲੈ ਲੈਣਾ ਇਹ ਵੀ “ਗਰੀਡ ਰੈਵੋਲਿਊਸ਼ਨ” ਦੀ ਹੀ ਦੇਣ ਹੈ, ਜਿਹੜੀ ਵੱਧ ਤੋਂ ਵੱਧ ਉਤਪਾਦਨ ਲੈਣ ਲਈ ਨੈਤਿਕ ਅਤੇ ਅਨੈਤਿਕ ਹਰ ਤਰ੍ਹਾਂ ਦੇ ਤਰੀਕੇ ਵਰਤਣ ਨੂੰ ਉਤਸ਼ਾਹਿਤ ਕਰਦੀ ਹੈ। ਨਤੀਜੇ ਵਜੋਂ ਸਾਡਾ ਸਾਰਾ ‘ਈਕੋ ਸਿਸਟਮ’ ਖਰਾਬ ਹੋ ਰਿਹਾ ਹੈ ਅਤੇ ਵਾਤਾਵਰਣ ਪ੍ਰਦੂਸ਼ਿਤ ਹੋ ਗਿਆ ਹੈ। ਇਸ ਪ੍ਰਦੂਸ਼ਿਤ ਵਾਤਾਵਰਣ ਵਿੱਚੋਂ ਜਿਹੜੀ ਉਪਜ ਪੈਦਾ ਹੋ ਰਹੀ ਹੈ, ਉਹ ਜ਼ਹਿਰ ਯੁਕਤ ਪੈਦਾ ਹੋ ਰਹੀ ਹੈ। ਜਦੋਂ ਅਸੀਂ ਕੁਦਰਤ ਦੇ ਅਸੂਲਾਂ ਤੋਂ ਹਟ ਕੇ ਜੀਵਨ ਚਲਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹਦੇ ਵਿੱਚ ਸਾਨੂੰ ਬਹੁਤ ਵੱਡੀਆਂ ਜਿਹੜੀਆਂ ਸਮੱਸਿਆਵਾਂ ਦਰਪੇਸ਼ ਆਉਣਗੀਆਂ ਅਤੇ ਆ ਵੀ ਰਹੀਆਂ ਹਨ।
ਸਵਾਲ: ਰਸਾਇਣਿਕ ਖੇਤੀ ਅਤੇ ਜੈਵਿਕ ਖੇਤੀ ਦੀ ਸੰਖੇਪ ਵਿੱਚ ਆਪ ਤੁਲਨਾ ਕਿਵੇਂ ਕਰਦੇ ਹੋ?
ਜਵਾਬ: ਦਰਅਸਲ ਹੁਣ ਵੱਡੇ ਕਾਰਪੋਰੇਟ ਘਰਾਣੇ, ਵਪਾਰੀ ਵਰਗ ਇਹ ਚਾਹੁੰਦਾ ਹੈ ਕਿ ਉਹ ਰਸਾਇਣਿਕ ਖੇਤੀ ਉਪਜਾਂ ਦਾ ਬਦਲ ਜੈਵਿਕ ਖੇਤੀ ਉਤਪਾਦਾਂ ਵਜੋਂ ਪੇਸ਼ ਕਰੇ। ਪ੍ਰੰਤੂ ਕਿਸਾਨਾਂ ਨੂੰ ਇਸ ਤੋਂ ਵੀ ਅੱਗੇ ਦੀ ਸੋਚ ਅਪਣਾਉਣ ਦੀ ਜ਼ਰੂਰਤ ਹੈ, ਉਹ ਸੋਚ ਹੈ ਖੇਤੀ ਦਾ ਕੁਦਰਤੀਕਰਨ। ਕੁਦਰਤ ਨੇ ਜਿਸ ਢੰਗ ਨਾਲ ਜੀਵਨ ਨੂੰ ਬਣਾਇਆ ਅਤੇ ਚਲਾਇਆ ਹੈ, ਉਹਨਾਂ ਅਸੂਲਾਂ ਨੂੰ ਸਮਝ ਕੇ ਭਾਵ ਜੀਵਨਦਾਈ ਪੰਜ ਤੱਤਾਂ ਦਾ ਸਹੀ ਨਿਆਂਪੂਰਨ ਪ੍ਰਬੰਧਨ ਕਰ ਕੇ, ਕੁਦਰਤ ਦੇ ਵਿਕਸਿਤ ਕੀਤੇ ਸਿਸਟਮ ਨੂੰ ਸਮਝ ਕੇ, ਇਨ੍ਹਾਂ ਨੂੰ ਸਾਂਭਣ ਲਈ ਕਾਰਗ਼ਰ ਪ੍ਰਬੰਧ ਕਰਨ ਦੀ ਜ਼ਰੂਰਤ ਹੈ। ਇਸ ਤਰ੍ਹਾਂ ਕਰਨ ਨਾਲ ਕਿਸਾਨਾਂ ਦਾ ਖੇਤੀ ਉੱਪਰ ਹੋਣ ਵਾਲਾ ਖਰਚਾ ਘਟੇਗਾ, ਖੇਤੀ ਲਾਹੇਵੰਦ ਧੰਦਾ ਬਣ ਜਾਵੇਗੀ, ਸਾਡਾ ਭੋਜਨ ਵੀ ਜ਼ਹਿਰ ਮੁਕਤ ਹੋਵੇਗਾ, ਸਾਡਾ ਸਮਾਜ ਖ਼ੁਸ਼ਹਾਲ ਅਤੇ ਤੰਦਰੁਸਤ ਹੋਵੇਗਾ। ਖੇਤੀ ਵਿੱਚ ਰਸਾਇਣਾਂ ਦੀ ਵਰਤੋਂ ਬੰਦ ਕਰ ਦੇਣ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਰਸਾਇਣਿਕ ਖੇਤੀ ਵਿੱਚੋਂ ਰਸਾਇਣ ਕੱਢਣ ਨਾਲ ਵੀ ਖੇਤੀ ਨੂੰ ਕੋਈ ਫ਼ਰਕ ਨਹੀਂ ਪੈਂਦਾ, ਉਹ ਖੇਤੀ ਹੀ ਰਹਿੰਦੀ ਹੈ। ਜੰਗਲ ਇਸਦੀ ਸਪਸ਼ਟ ਉਦਾਹਰਨ ਹਨ। ਪਰ ਕੁਦਰਤੀ ਖੇਤੀ ਵਿੱਚੋਂ ਕੁਦਰਤ ਕੱਢ ਦੇਣ ਨਾਲ ਬਾਕੀ ਕੁਝ ਵੀ ਨਹੀਂ ਬਚਦਾ। ਰਸਾਇਣਿਕ ਖੇਤੀ ਵਿੱਚੋਂ ਵੀ ਕੁਦਰਤ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ। ਖੇਤੀ ਆਪਣੇ ਆਪ ਵਿੱਚ ਹੀ ਕੁਦਰਤੀ ਹੈ ਇਸ ਨੂੰ ਕੁਦਰਤੀ ਖੇਤੀ ਕਹਿਣਾ ਵੀ ਗ਼ੈਰ ਜ਼ਰੂਰੀ ਹੀ ਹੈ। ਖੇਤੀ ਦਾ ਕੁਦਰਤੀਕਰਨ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਇਸ ਲੋੜ ਨੂੰ ਸਮਝਕੇ ਹੀ ਅਸੀਂ ਖੇਤੀ ਕਿੱਤੇ ਨੂੰ ਪਵਿੱਤਰ, ਉੱਤਮ ਅਤੇ ਲਾਹੇਵੰਦ ਬਣਾ ਸਕਦੇ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)