“ਲੋਕ-ਸ਼ਕਤੀ ਇੱਕ ਅਜਿਹੀ ਤਾਕਤ ਹੈ ਜਿਸ ਅੱਗੇ ਵੱਡੇ-ਵੱਡੇ ਤਾਨਾਸ਼ਾਹ ...”
(17 ਮਾਰਚ 2026)

ਦੂਜੇ ਸੰਸਾਰ ਮਹਾਂਯੁੱਧ ਸਮੇਂ ਅਮਰੀਕਾ ਦੇ ਮਸ਼ਹੂਰ ਸੈਨਿਕ ਜਨਰਲ ਡਵਾਈਟ ਡੀ. ਆਇਜ਼ਨਹਾਵਰ, ਜੋ ਬਾਅਦ ਵਿੱਚ ਅਮਰੀਕਾ ਦੇ 34ਵੇਂ ਰਾਸ਼ਟਰਪਤੀ ਵੀ ਬਣੇ, ਨੇ ਕਿਹਾ ਸੀ ਕਿ ਯੁੱਧ ਅੱਤਿਆਚਾਰੀ, ਬੇਅਰਥ ਅਤੇ ਬੇਵਕੂਫ਼ੀ ਭਰਿਆ ਹੁੰਦਾ ਹੈ। ਅਮਰੀਕਾ ਅਤੇ ਇਜ਼ਰਾਇਲ ਵੱਲੋਂ ਇਰਾਨ ਦੇ ਵਿਰੁੱਧ 28 ਫਰਵਰੀ 2026 ਨੂੰ ਬਿਨਾਂ ਸੋਚੇ ਸਮਝੇ ਯੁੱਧ ਸ਼ੁਰੂ ਕੀਤਾ ਗਿਆ ਹੈ। ਇਸ ਯੁੱਧ ਦੇ ਨਤੀਜੇ ਦੁਨੀਆਂ ਨੂੰ ਲੰਮੇ ਸਮੇਂ ਤਕ ਭੁਗਤਣੇ ਪੈਣਗੇ।
ਦੋ ਹਫਤਿਆਂ ਦੇ ਇਸ ਭਿਆਨਕ ਯੁੱਧ ਵਿੱਚ ਇਰਾਨ ਤਬਾਹ ਹੋਇਆ ਲਗਦਾ ਹੈ, ਪਰ ਕੀ ਇਰਾਨ ਯੁੱਧ ਹਾਰ ਗਿਆ ਹੈ? ਯੁੱਧ ਦੇ ਪਹਿਲੇ ਦਿਨ ਹੀ ਇਰਾਨ ਦਾ ਪ੍ਰਮੁੱਖ ਆਯਤੁੱਲਾ ਅਲੀ ਖਾਮਨੇਈ ਸਮੇਤ ਉਸਦੇ ਕਈ ਉੱਚ ਕੋਟੀ ਦੇ ਸਾਥੀ ਸਮੇਤ ਮਾਰਿਆ ਗਿਆ। ਪਰ ਵੱਡੀ ਤੇਜ਼ੀ ਨਾਲ ਇਰਾਨ ਨੇ ਆਪਣਾ ਨਵਾਂ ਨੇਤਾ ਚੁਣ ਲਿਆ। ਹੁਣ ਤਕ ਤਕਰੀਬਨ 1300 ਤੋਂ 3000 ਦਰਮਿਆਨ ਇਰਾਨੀ ਮਾਰੇ ਗਏ ਹਨ ਅਤੇ ਦਸ ਹਜ਼ਾਰ ਤੋਂ ਵੱਧ ਜ਼ਖਮੀ ਹੋਏ ਹਨ।
ਇੱਕ ਅਮਰੀਕੀ ਟੋਮਾਹਾਕ ਮਿਸਾਈਲ ਇਰਾਨੀ ਸਕੂਲ ਉੱਤੇ ਡਿਗੀ, ਜਿਸ ਵਿੱਚ 168 ਬੱਚੇ ਅਤੇ 14 ਅਧਿਆਪਕ ਮਾਰੇ ਗਏ। ਆਖਰ ਉਹਨਾਂ ਦਾ ਕੀ ਕਸੂਰ ਸੀ?
ਇਜ਼ਰਾਇਲ ਨੇ ਅਮਰੀਕਾ ਨੂੰ ਉਕਸਾਇਆ ਕਿ ਇਰਾਨ ਨੇ ਵੱਡੀ ਮਾਤਰਾ ਵਿੱਚ ਯੂਰੇਨੀਅਮ ਇਕੱਠਾ ਕਰ ਲਿਆ ਹੈ ਅਤੇ ਉਸਨੇ ਪਰਮਾਣੂ ਹਥਿਆਰਾਂ ਦੇ ਨਿਰਮਾਣ ਨੂੰ ਲਗਭਗ ਪੂਰਾ ਕਰ ਲਿਆ ਹੈ। ਇਸ ਸਬੰਧ ਵਿੱਚ ਕਤਰ ਦੇਸ਼ ਨੇ ਗੱਲਬਾਤ ਲਈ ਭੂਮਿਕਾ ਨਿਭਾਉਣ ਦਾ ਯਤਨ ਕੀਤਾ। ਓਮਾਨ ਦੇ ਵਿਦੇਸ਼ ਮੰਤਰੀ ਨੇ ਵਾਸ਼ਿੰਗਟਨ ਪਹੁੰਚ ਕੇ ਇਰਾਨ ਦਾ ਇਹ ਵਾਇਦਾ ਅਮਰੀਕਾ ਦੇ ਰਾਸ਼ਟਰਪਤੀ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਇਰਾਨ ਯੂਰੇਨੀਅਮ ਦਾ ਕੋਈ ਭੰਡਾਰਨ ਨਾ ਰੱਖਣ ਲਈ ਸਹਿਮਤ ਹੋ ਗਿਆ ਹੈ ਅਤੇ ਉਸਨੇ ਕਦੇ ਵੀ ਪਰਮਾਣੂ ਹਥਿਆਰ ਨਾ ਰੱਖਣ ਦੀ ਕਸਮ ਖਾਧੀ ਹੈ। ਪਰ ਇਸ ਵਾਇਦੇ ਨੂੰ ਦਰਕਿਨਾਰ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਚਾਨਕ ਗੱਲਬਾਤ ਖਤਮ ਕਰ ਦਿੱਤੀ ਅਤੇ ਇਰਾਨ ਉੱਤੇ ਹਮਲੇ ਦਾ ਹੁਕਮ ਚਾੜ੍ਹ ਦਿੱਤਾ। ਕੀ ਇਹ ਜਾਇਜ਼ ਹੈ?
ਅਮਰੀਕਾ, ਇਜ਼ਰਾਇਲ ਅਤੇ ਇਰਾਨ ਦੇ ਦਰਮਿਆਨ ਚੱਲ ਰਹੇ ਇਸ ਯੁੱਧ ਦੇ ਪਿੱਛੇ ਸਿਰਫ ਪਰਮਾਣੂ ਹਥਿਆਰ ਰੱਖਣ ਦੀ ਗੱਲ ਹੀ ਨਹੀਂ ਹੈ, ਸਗੋਂ ਨਸਲੀ ਅਤੇ ਧਾਰਮਿਕ ਭਾਵਨਾਵਾਂ ਵੀ ਕੰਮ ਕਰ ਰਹੀਆਂ ਹਨ। ਇਜ਼ਰਾਇਲ ਇੱਕ ਸਾਮਰਾਜਵਾਦੀ ਦੇਸ਼ ਦੇ ਰੂਪ ਵਿੱਚ ਦੁਨੀਆ ਸਾਹਮਣੇ ਆਇਆ ਹੈ। ਇਸ ਵੇਲੇ ਅਮਰੀਕਾ ਉਹਨਾਂ ਸਾਰੇ ਸਿਧਾਂਤਾਂ ਨੂੰ ਛਿੱਕੇ ਟੰਗ ਕੇ, ਜਿਨ੍ਹਾਂ ਉੱਤੇ ਉਸਦੀ ਨੀਂਹ ਰੱਖੀ ਗਈ ਸੀ, ਇਜ਼ਰਾਇਲ ਨਾਲ ਰਲ ਕੇ ਵਿਸਥਾਰਵਾਦੀ ਨੀਤੀਆਂ ਨੂੰ ਲਾਗੂ ਕਰਨ ਦੇ ਰਾਹ ਪੈ ਗਿਆ ਹੈ। ਦੁਨੀਆ ਭਰ ਵਿੱਚ ਹਥਿਆਰਾਂ ਦਾ ਵੱਡਾ ਵਪਾਰੀ ਅਤੇ ਹੈਂਕੜਬਾਜ਼ ਥਾਣੇਦਾਰ ਵਜੋਂ ਵੀ ਉਸਦੀ ਵੱਡੀ ਭੂਮਿਕਾ ਹੈ। ਪਰ ਸਵਾਲ ਇਹ ਹੈ ਕਿ ਅਮਰੀਕਾ ਨੇ ਵੀਅਤਨਾਮ ਨਾਲ ਯੁੱਧ ਲੜ ਕੇ ਕੀ ਪ੍ਰਾਪਤ ਕੀਤਾ ਸੀ? ਉੱਥੇ ਲੰਮਾ ਯੁੱਧ ਚੱਲਿਆ ਅਤੇ ਅਖ਼ੀਰ ਅਮਰੀਕਾ ਨੂੰ ਵੀਅਤਨਾਮ ਦੇ ਲੋਕਾਂ ਦੇ ਦ੍ਰਿੜ੍ਹ ਵਿਸ਼ਵਾਸ ਕਾਰਨ ਉੱਥੋਂ ਵਾਪਸ ਮੁੜਨਾ ਪਿਆ। ਰੂਸ ਨੇ ਚਾਰ ਸਾਲ ਪਹਿਲਾਂ ਯੁਕਰੇਨ ਉੱਤੇ ਹਮਲਾ ਕੀਤਾ, ਪਰ ਉਹ ਹੁਣ ਤਕ ਯੁੱਧ ਜਿੱਤ ਨਹੀਂ ਸਕਿਆ। ਇਸ ਦੌਰਾਨ ਰੂਸ ਉੱਤੇ ਕਰਜ਼ੇ ਦਾ ਬੋਝ ਵਧਿਆ, ਤੇਲ ਤੋਂ ਹੋਣ ਵਾਲੀ ਕਮਾਈ ਘਟ ਗਈ ਹੈ ਅਤੇ ਰੂਸੀ ਸੈਨਿਕਾਂ ਨੂੰ ਹੁਣ ਕਿਰਾਏ ਦੇ ਵਿਦੇਸ਼ੀ ਸੈਨਿਕਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਇਰਾਨ ਨਾਲ ਅਮਰੀਕੀ ਯੁੱਧ ਵੀ ਉਦੋਂ ਤਕ ਚੱਲੇਗਾ ਜਿੰਨੇ ਚਿਰ ਤਕ ਅਮਰੀਕੀ ਮਸ਼ੀਨਾਂ ਕੰਮ ਕਰ ਰਹੀਆਂ ਹਨ। ਜਦੋਂ ਤਕ ਮਸ਼ੀਨਾਂ ਦੀ ਪੂਰਤੀ ਹੁੰਦੀ ਰਹੇਗੀ, ਅਮਰੀਕਾ ਆਪਣੀ ਜੰਗ ਜਾਰੀ ਰੱਖ ਸਕਦਾ ਹੈ। ਪਰ ਇਸ ਨਾਲ ਉਹ ਕਿਹੜੇ ਨਿਸ਼ਾਨੇ ਦੀ ਪੂਰਤੀ ਕਰ ਸਕੇਗਾ? ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਦੇਸ਼ ਯੁੱਧ ਸ਼ੁਰੂ ਕਰਦਾ ਹੈ, ਤਾਂ ਉਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਸਨੇ ਯੁੱਧ ਕਦੋਂ ਰੋਕਣਾ ਹੈ। ਇੱਕ ਗੱਲ ਜੋ ਸੋਲ੍ਹਾਂ ਆਨੇ ਸੱਚ ਹੈ, ਯੁੱਧ ਵਿੱਚ ਮਨੁੱਖਤਾ ਨੂੰ ਵੱਡੀ ਕੀਮਤ ਤਾਰਨੀ ਪੈਂਦੀ ਹੈ। ਇਸ ਕੀਮਤ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ।
ਅਸਲ ਵਿੱਚ ਇਹ ਯੁੱਧ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਹੈਂਕੜਬਾਜ਼ ਸੋਚ ਦਾ ਨਤੀਜਾ ਹੈ। ਜੇਕਰ ਸੋਚਿਆ ਜਾਵੇ ਤਾਂ ਅਮਰੀਕਾ ਦੇ ਕੋਲ ਇਹ ਤੈਅ ਕਰਨ ਦਾ ਅਧਿਕਾਰ ਕਿਸਨੇ ਦਿੱਤਾ ਕਿ ਕਿਸ ਦੇਸ਼ ਕੋਲ ਪਰਮਾਣੂ ਹਥਿਆਰ ਹੋਣੇ ਚਾਹੀਦੇ ਹਨ ਅਤੇ ਕਿਸ ਕੋਲ ਨਹੀਂ? ਸਵਾਲ ਇਹ ਵੀ ਉੱਠਦਾ ਹੈ ਕਿ ਕੀ ਅਮਰੀਕਾ ਭਾਰਤ, ਪਾਕਿਸਤਾਨ ਜਾਂ ਉੱਤਰੀ ਕੋਰੀਆ ਦੀ ਪਰਮਾਣੂ ਸਮਰੱਥਾ ਵਿੱਚ ਵੀ ਦਖਲ ਦੇ ਕੇ ਉਹਨਾਂ ਨੂੰ ਤਬਾਹ ਕਰਨ ਦਾ ਫੈਸਲਾ ਕਰੇਗਾ? ਜੇਕਰ ਅਜਿਹਾ ਹੋਇਆ ਤਾਂ ਇਸਦਾ ਸਿੱਟਾ ਕੀ ਨਿਕਲੇਗਾ?
ਜਿਸ ਖਤਰਨਾਕ ਸਥਿਤੀ ਵਿੱਚ ਅੱਜ ਦੁਨੀਆ ਇਸ ਜੰਗ ਕਾਰਨ ਫਸ ਚੁੱਕੀ ਹੈ, ਉਸ ਸਥਿਤੀ ਵਿੱਚੋਂ ਬਾਹਰ ਨਿਕਲਣਾ ਮੁਸ਼ਕਿਲ ਜਾਪਦਾ ਹੈ। ਟਰੰਪ ਦੀ ਮਨਮਾਨੀ ਕਾਰਨ ਪੈਦਾ ਹੋਏ ਇਸ ਟਕਰਾਅ ਦੇ ਸਿੱਟੇ ਵਜੋਂ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ। ਅਮਰੀਕਾ ਵਿੱਚ ਮਹਿੰਗਾਈ ਵਧ ਗਈ ਹੈ। ਭਾਰਤ ਵਿੱਚ ਗੈਸ ਸਿਲੰਡਰਾਂ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ ਅਤੇ ਉਹਨਾਂ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ। ਇੱਥੋਂ ਤਕ ਕਿ ਸ਼ੇਅਰ ਬਜ਼ਾਰ ਵੀ ਡਿਗਦਾ ਨਜ਼ਰ ਆ ਰਿਹਾ ਹੈ। ਇੱਕ ਅੰਦਾਜ਼ੇ ਮੁਤਾਬਿਕ ਇਸ ਯੁੱਧ ਉੱਤੇ ਹਰ ਦਿਨ ਅਰਬਾਂ ਡਾਲਰ ਖਰਚ ਹੋ ਰਹੇ ਹਨ। ਵਾਤਾਵਰਣ ਜਿਸ ਢੰਗ ਨਾਲ ਦੂਸ਼ਿਤ ਹੋ ਰਿਹਾ ਹੈ, ਉਸਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਹੈ। ਹਵਾਈ ਸਫਰ ਮਹਿੰਗਾ ਹੋ ਚੁੱਕਾ ਹੈ ਅਤੇ ਪੂਰੀ ਦੁਨੀਆ ਦਹਿਸ਼ਤ ਦੇ ਮਾਹੌਲ ਵਿੱਚ ਜਿਊ ਰਹੀ ਹੈ ਅਤੇ ਜੰਗ ਦੇ ਖਿਡਾਰੀ ਆਪਣੇ ਹਥਿਆਰ ਵੇਚ ਕੇ ਨਫ਼ਾ ਕਮਾ ਰਹੇ ਹਨ। ਪਰ ਇਹ ਕਦੋਂ ਤਕ ਸੰਭਵ ਹੈ?
ਵੈਨਜ਼ੁਏਲਾ ਵਿੱਚ ਉੱਥੋਂ ਦੇ ਰਾਸ਼ਟਰਪਤੀ ਨੂੰ ਹਟਾਉਣ ਤੋਂ ਬਾਅਦ ਉਸਦੇ ਪੈਰ ਧਰਤੀ ਤੋਂ ਉੱਪਰ ਉੱਠੇ ਨਜ਼ਰ ਆਉਂਦੇ ਹਨ। ਟਰੰਪ ਨੇ ਸੋਚਿਆ ਤਾਂ ਇਹ ਸੀ ਕਿ ਇਰਾਨ ਦੇ ਖਾਮੀਨੀ ਨੂੰ ਮਾਰਨ ਤੋਂ ਬਾਅਦ ਇਰਾਨ ਗੋਡਿਆਂ ਭਾਰ ਹੋ ਜਾਏਗਾ, ਲਿਫ ਜਾਏਗਾ, ਢਹਿ ਜਾਏਗਾ ਪਰ ਇਰਾਨ ਨੇ ਜਿਸ ਢੰਗ ਨਾਲ ਅਮਰੀਕਾ-ਇਜ਼ਰਾਇਲ ਸੈਨਾ ਦਾ ਮੁਕਾਬਲਾ ਕੀਤਾ ਹੈ, ਉਸ ਤੋਂ ਇੰਝ ਲਗਦਾ ਹੈ ਕਿ ਟਰੰਪ ਇਸ ਨਵੇਂ ਯੁੱਧ ਦੀ ਦਲਦਲ ਵਿੱਚ ਫਸ ਗਏ ਹਨ, ਜਿੱਥੋਂ ਲੰਮਾ ਸਮਾਂ ਸ਼ਾਇਦ ਉਹ ਨਿਕਲ ਹੀ ਨਾ ਸਕਣ।
ਪੰਦਰਾਂ ਦਿਨਾਂ ਦੇ ਯੁੱਧ ਤੋਂ ਬਾਅਦ ਟਰੰਪ ਦੇ ਆਪਣੇ ਨਿਸ਼ਾਨੇ ਵਿੱਚ ਬਦਲਾਅ ਆ ਗਿਆ ਹੈ। ਉਸਦਾ ਧਿਆਨ ਇਰਾਨ ਦੇ ਪਰਮਾਣੂ ਹਥਿਆਰਾਂ ਦੇ ਖ਼ਾਤਮੇ ਤੋਂ ਹਟ ਕੇ ਇਰਾਨ ਦੀ ਸੈਨਿਕ ਸਮਰੱਥਾ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਵੱਲ, ਇਰਾਨ ਵਿੱਚ ਸੱਤਾ ਦੀ ਤਬਦੀਲੀ ਅਤੇ ਆਖ਼ਰਕਾਰ ਇਰਾਨ ਨੂੰ ਬਿਨਾਂ ਕਿਸੇ ਸ਼ਰਤ ਦੇ ਆਤਮ ਸਮਰਪਣ ਕਰਨ ਵੱਲ ਕੇਂਦਰਿਤ ਹੋ ਗਿਆ ਹੈ। ਉਸਨੇ ਇਰਾਨ ਦੀ ਜਨਤਾ ਨੂੰ ਕਿਹਾ ਹੈ ਕਿ ਤੁਸੀਂ ਆਪਣੀ ਸਰਕਾਰ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈ ਲਵੋ। ਇਹ ਤੁਹਾਡੀ ਸਾਰਿਆਂ ਦੀ ਸਰਕਾਰ ਹੋਵੇਗੀ। ਪਰ ਟਰੰਪ ਦੀਆਂ ਇਨ੍ਹਾਂ ਆਸਾਂ ਨੂੰ ਬੂਰ ਨਹੀਂ ਪਿਆ। ਉਸਦਾ ਇਹ ਬਿਆਨ ਬੇਅਸਰ ਰਿਹਾ।
ਬਿਨਾਂ ਸ਼ੱਕ ਇਰਾਨ ਵਿੱਚ ਕੱਟੜਪੰਥੀ ਇਸਲਾਮੀ ਨਿਜ਼ਾਮ ਰਾਜ ਕਰਦਾ ਹੈ। ਉੱਥੋਂ ਦੇ ਸਾਧੂ-ਸੰਤ ਧਰਮ ਅਤੇ ਮਜ਼ਹਬ ਦੇ ਦਾਇਰੇ ਵਿੱਚੋਂ ਨਿਕਲ ਕੇ ਸਿਆਸਤ ਅਤੇ ਸ਼ਾਸਨ ਵਿੱਚ ਦਖਲ ਦਿੰਦੇ ਹਨ, ਜਿਸਦਾ ਨਤੀਜਾ ਆਮ ਜਨਤਾ, ਖ਼ਾਸ ਕਰਕੇ ਇਰਾਨੀ ਔਰਤਾਂ ਨੂੰ ਭੁਗਤਣਾ ਪੈਂਦਾ ਹੈ। ਇਰਾਨ ਦੇ ਸ਼ਾਸਕਾਂ ਨੇ ਹਮਾਸ ਅਤੇ ਹਿਜ਼ਬੁੱਲਾ ਜਿਹੀਆਂ ਆਤੰਕੀ ਸੈਨਾਵਾਂ ਅਮਰੀਕਾ-ਇਜ਼ਰਾਇਲ ਵਰਗੇ ਮੁਲਕਾਂ ਵਿਰੁੱਧ ਲੜਨ ਲਈ ਤਿਆਰ ਕੀਤੀਆਂ ਹਨ। ਇਨ੍ਹਾਂ ਸੈਨਾਵਾਂ ਨੇ ਲਿਬਨਾਨ ਅਤੇ ਸੀਰੀਆ ਜਿਹੇ ਪ੍ਰਗਤੀਸ਼ੀਲ ਦੇਸ਼ਾਂ ਨੂੰ ਬਰਬਾਦ ਕੀਤਾ ਹੈ। ਪਿਛਲੇ ਮਹੀਨੇ ਜਦੋਂ ਇਰਾਨ ਦੇ ਆਮ ਲੋਕਾਂ ਨੇ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤੇ ਤਾਂ ਖਾਮੀਨੀ ਸਰਕਾਰ ਨੇ ਨਿਹੱਥੇ ਲੋਕਾਂ ’ਤੇ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ। ਕਿਹਾ ਜਾਂਦਾ ਹੈ ਕਿ ਇਸ ਅੰਦੋਲਨ ਦੌਰਾਨ 20 ਤੋਂ 30 ਹਜ਼ਾਰ ਲੋਕ ਮਾਰ ਦਿੱਤੇ ਗਏ।
ਪਰ ਇਸ ਸਭ ਕੁਝ ਦੇ ਦਰਮਿਆਨ ਅਮਰੀਕਾ-ਇਜ਼ਰਾਇਲ ਦਾ ਇਰਾਨ ਅਤੇ ਖਾੜੀ ਮੁਲਕਾਂ ਨੂੰ ਯੁੱਧ ਵਿੱਚ ਧੱਕਣਾ ਯੂਐੱਨਓ ਦੇ ਚਾਰਟਰ ਦੇ ਆਰਟੀਕਲ 2 (4), ਜੋ ਕਿ ਕਿਸੇ ਵੀ ਮੁਲਕ ਦੀ ਇਲਾਕਾਈ ਅਖੰਡਤਾ ਅਤੇ ਸਿਆਸੀ ਅਜ਼ਾਦੀ ਦੀ ਸੰਭਾਵਨਾ ਨੂੰ ਨਕਾਰਦਾ ਹੈ, ਦੀ ਸਿੱਧੀ ਉਲੰਘਣਾ ਹੈ।
ਇਜ਼ਰਾਇਲ 1948 ਵਿੱਚ ਬਰਤਾਨੀਆ ਅਤੇ ਅਮਰੀਕਾ ਸਮੇਤ ਹੋਰ ਸਮਰਾਜੀ ਸ਼ਕਤੀਆਂ ਵੱਲੋਂ ਫਲਸਤੀਨ ਦੀ ਧਰਤੀ ’ਤੇ ਕਬਜ਼ਾ ਕਰਕੇ ਹੋਂਦ ਵਿੱਚ ਲਿਆਂਦਾ ਗਿਆ ਸੀ। ਉਦੋਂ ਤੋਂ ਹੁਣ ਤਕ ਇਜ਼ਰਾਇਲ ਅਮਰੀਕਾ ਲਈ ਇੱਕ ਗੈਂਗਸਟਰ ਦੀ ਤਰ੍ਹਾਂ ਕੰਮ ਕਰ ਰਿਹਾ ਹੈ ਅਤੇ ਅਰਬ ਦੇਸ਼ਾਂ ਦੇ ਭੰਡਾਰਾਂ ਉੱਤੇ ਕਬਜ਼ਾ ਕਰਨ ਲਈ ਅਮਰੀਕੀ ਅੱਡੇ ਦੇ ਤੌਰ ’ਤੇ ਕੰਮ ਕਰ ਰਿਹਾ ਹੈ। ਇਜ਼ਰਾਇਲ ਦੁਨੀਆ ਵਿੱਚ ਵੱਡੇ ਹਥਿਆਰ ਸੌਦਾਗਰ ਦੇ ਤੌਰ ’ਤੇ ਉੱਭਰਿਆ ਹੈ। ਅਮਰੀਕਾ ਵੱਲੋਂ ਵਪਾਰ ਲਈ ਧੌਂਸ ਨੀਤੀ, ਵਿਸਥਾਰਵਾਦੀ ਸੋਚ ਅਤੇ ਥਾਣੇਦਾਰਾਂ ਵਾਲੀ ਪ੍ਰਵਿਰਤੀ ਅੱਜ ਸੰਸਾਰਕ ਅਮਨ ਲਈ ਵੱਡਾ ਖਤਰਾ ਬਣੀ ਹੋਈ ਹੈ ਅਤੇ ਵਸਦੇ-ਰਸਦੇ ਸੰਸਾਰ ਨੂੰ ਯੁੱਧ ਵੱਲ ਧੱਕ ਰਹੀ ਹੈ। ਯੁੱਧ ਕਦੇ ਵੀ ਇਨਸਾਨੀ ਭਲਾਈ ਵਾਲਾ ਨਹੀਂ ਹੋ ਸਕਦਾ, ਭਾਵੇਂ ਕਿ ਇਹ ਮਜਬੂਰੀ ਵਜੋਂ ਹੀ ਕਿਉਂ ਨਾ ਲੜਿਆ ਗਿਆ ਹੋਵੇ। ਯੁੱਧ ਮਨੁੱਖ ਦਾ ਦੁਸ਼ਮਣ ਹੈ।
ਭਾਵੇਂ ਕਿਹਾ ਜਾਂਦਾ ਹੈ ਕਿ ਜਿਸ ਕੋਲ ਤਾਕਤ ਹੈ ਉਸਦਾ ਰਾਜ ਚਲਦਾ ਹੈ, ਪਰ ਲੋਕ-ਸ਼ਕਤੀ ਇੱਕ ਅਜਿਹੀ ਤਾਕਤ ਹੈ ਜਿਸ ਅੱਗੇ ਵੱਡੇ-ਵੱਡੇ ਤਾਨਾਸ਼ਾਹ ਵੀ ਝੁਕਣ ਲਈ ਮਜਬੂਰ ਹੋ ਜਾਂਦੇ ਹਨ। ਯੁੱਧ ਕਿਸੇ ਮਸਲੇ ਦਾ ਸਥਾਈ ਹੱਲ ਨਹੀਂ ਹੈ। ਹਜ਼ਾਰਾਂ-ਲੱਖਾਂ ਲੋਕ ਯੁੱਧ ਦੀ ਭੇਟ ਚੜ੍ਹ ਜਾਂਦੇ ਹਨ। ਹਿੰਸਾ ਕਾਰਨ ਲੋਕ ਮਾਨਸਿਕ ਬਿਮਾਰੀਆਂ ਅਤੇ ਭੁੱਖਮਰੀ ਦਾ ਸ਼ਿਕਾਰ ਹੋ ਜਾਂਦੇ ਹਨ। ਲੱਖਾਂ ਲੋਕ ਘਰੋਂ ਬੇਘਰ ਹੋ ਜਾਂਦੇ ਹਨ। ਉਹਨਾਂ ਦੇ ਬੱਚੇ ਸਿੱਖਿਆ ਅਤੇ ਸਿਹਤ ਸਹੂਲਤਾਂ ਤੋਂ ਵਿਰਵੇ ਰਹਿ ਜਾਂਦੇ ਹਨ। ਇਹ ਯੁੱਧ ਹੀ ਹਨ ਜੋ ਕਿਸੇ ਖਿੱਤੇ ਦੇ ਵਿਨਾਸ਼ ਦਾ ਕਾਰਨ ਹੋ ਨਿੱਬੜਦੇ ਹਨ। ਆਧੁਨਿਕ ਯੁੱਧ ਹੁਣ ਕੇਵਲ ਸੀਮਾਵਾਂ ਤਕ ਸੀਮਿਤ ਨਹੀਂ ਰਹੇ, ਸਗੋਂ ਸ਼ਹਿਰਾਂ ਦੇ ਵਿੱਚੋ-ਵਿੱਚ ਲੜੇ ਜਾ ਰਹੇ ਹਨ।
ਰੂਸ-ਯੁਕਰੇਨ ਅਤੇ ਅਮਰੀਕਾ-ਇਜ਼ਰਾਇਲ-ਇਰਾਨ ਯੁੱਧ ਇਸਦੀ ਵੱਡੀ ਉਦਾਹਰਨ ਹਨ। ਦੁਨੀਆ ਦੇ ਦੇਸ਼ ਆਪਣੀ ਸੁਰੱਖਿਆ ਦੇ ਡਰ ਤੋਂ ਸਿਹਤ ਅਤੇ ਸਿੱਖਿਆ ਸਹੂਲਤਾਂ ’ਤੇ ਖਰਚਾ ਘਟਾ ਕੇ ਜੰਗੀ ਸਮਾਨ ਖਰੀਦਣ ਉੱਤੇ ਵੱਧ ਖਰਚ ਕਰਨ ਲੱਗੇ ਹਨ।
2024 ਵਿੱਚ ਵਿਸ਼ਵ ਦੀਆਂ ਸੈਨਾਵਾਂ ’ਤੇ 2.7 ਟ੍ਰਿਲੀਅਨ ਡਾਲਰ ਖਰਚੇ ਦਾ ਅਨੁਮਾਨ ਹੈ। ਯੁੱਧ ਅਸਲ ਵਿੱਚ ਵਿਕਾਸ ਦਾ ਉਲਟਾ ਪਹੀਆ ਸਾਬਤ ਹੋਇਆ ਹੈ, ਜੋ ਵਿਨਾਸ਼ ਦਾ ਕਾਰਨ ਬਣਦਾ ਹੈ। ਯੁੱਧ ਮਾਨਵੀ ਕਦਰਾਂ-ਕੀਮਤਾਂ ਅਤੇ ਸੰਵੇਦਨਾਵਾਂ ਦੇ ਖ਼ਾਤਮੇ ਦਾ ਕਾਰਨ ਹੈ। ਯੁੱਧ ਹੀ ਹੈ ਜੋ ਮਾਨਸਿਕ ਵਿਕਾਸ ਉੱਤੇ ਸਥਾਈ ਤੌਰ ’ਤੇ ਨਕਾਰਾਤਮਕ ਪ੍ਰਭਾਵ ਪਾਉਂਦਾ ਹੈ। ਯੁੱਧ ਵਿੱਚ ਬੱਚੇ ਅਤੇ ਔਰਤਾਂ ਭੁੱਖਮਰੀ ਅਤੇ ਹਿੰਸਾ ਦਾ ਸਭ ਤੋਂ ਵੱਧ ਸ਼ਿਕਾਰ ਹੁੰਦੇ ਹਨ। ਨਵੀਂਆਂ ਤਕਨੀਕਾਂ, ਖ਼ਾਸ ਕਰਕੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਡਰੋਨ ਯੁੱਧ ਮਨੁੱਖਤਾ ਲਈ ਵੱਡੇ ਘਾਤਕ ਸਾਬਤ ਹੋ ਰਹੇ ਹਨ।
ਮਨੁੱਖ ਦੀ ਹੋਂਦ ਬਚਾਈ ਰੱਖਣ ਲਈ ਵਿਨਾਸ਼ਕਾਰੀ ਯੁੱਧ ਵਿਰੁੱਧ ਅਮਨ ਸਮੇਂ ਦੀ ਲੋੜ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































