“ਪੱਤਰਕਾਰਾਂ ਦੀ ਹੱਤਿਆ ਦੇ ਮਾਮਲੇ ਅਸਲ ਅਰਥਾਂ ਵਿੱਚ ਮਨੁੱਖ ਦੇ ਮੁਢਲੇ ਅਧਿਕਾਰਾਂ ...”
(7 ਜਨਵਰੀ 2026)
ਇੱਕੋ ਸਾਲ 2025 ਵਿੱਚ 128 ਪੱਤਰਕਾਰਾਂ ਦਾ ਮਾਰਿਆ ਜਾਣਾ ਸਿਰਫ ਇੱਕ ਵਿਸ਼ਵ ਪੱਧਰੀ ਅੰਕੜਾ ਨਹੀਂ ਹੈ, ਸਗੋਂ ਦਿਲ ਕੰਬਾਊਂ ਇੱਕ ਇਹੋ ਜਿਹਾ ਵਰਤਾਰਾ ਹੈ ਜੋ ਮਨੁੱਖੀ ਅਧਿਕਾਰਾਂ ਸੰਬੰਧੀ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਇਹ ਪੱਤਰਕਾਰ ਸਿਰਫ ਇਸ ਕਰਕੇ ਦੁਨੀਆਂ ਤੋਂ ਰੁਖਸਤ ਕਰ ਦਿੱਤੇ ਗਏ ਕਿ ਉਹ ਆਪਣੀ ਡਿਊਟੀ ਨਿਭਾਅ ਰਹੇ ਸਨ, ਸੱਚੀਆਂ ਘਟਨਾਵਾਂ ਨੂੰ ਜੱਗ ਜ਼ਾਹਰ ਕਰ ਰਹੇ ਸਨ। ਕੀ ਇਹ ਇਨਸਾਫ ਦਾ ਗਲਾ ਘੁੱਟਣ ਦੇ ਸਮਾਨ ਨਹੀਂ? ਕੀ ਇਹ ਪ੍ਰੈੱਸ ਦੀ ਅਜ਼ਾਦੀ ਲਈ ਵੱਡਾ ਖਤਰਾ ਨਹੀਂ?
ਨਿੱਤ-ਦਿਹਾੜੇ ਇਨਸਾਫ ਮੰਗਦੇ ਲੋਕਾਂ ਉੱਤੇ ਸਮੇਂ ਦੇ ਹਾਕਮ ਅੱਤਿਆਚਾਰ ਕਰਦੇ ਹਨ। ਲਾਠੀਆਂ ਅਤੇ ਗੋਲੀਆਂ ਦਾ ਮੀਂਹ ਵਰ੍ਹਾਉਂਦੇ ਹਨ। ਉਹਨਾਂ ਨੂੰ ਜੇਲ੍ਹਾਂ ਵਿੱਚ ਤੁੰਨਦੇ ਹਨ, ਬੁਲਡੋਜ਼ਰ ਨੀਤੀ ਨਾਲ ਲੋਕਾਂ ਦੇ ਘਰ ਢਾਹੁੰਦੇ ਹਨ, ਨਫਰਤ ਦੀ ਅੱਗ ਫੈਲਾਉਂਦੇ ਅਤੇ ਧਰਮ ਦੇ ਨਾਂ ’ਤੇ ਦੰਗੇ-ਫਸਾਦ ਕਰਵਾਉਂਦੇ ਹਨ ਅਤੇ ਆਪਣੇ ਹਿਤਾਂ ਲਈ ਲੋਕਾਂ ਨੂੰ ਜੰਗਾਂ ਵਿੱਚ ਧੱਕਦੇ ਹਨ। ਇਹੋ-ਜਿਹੀਆਂ ਘਟਨਾਵਾਂ ਨੂੰ ਪੱਤਰਕਾਰ ਭਾਈਚਾਰਾ ਤੱਥਾਂ ਸਮੇਤ ਲੋਕਾਂ ਸਾਹਮਣੇ ਲਿਆਉਂਦਾ ਹੈ। ਪਰ ਜਦੋਂ ਇਨ੍ਹਾਂ ਘਟਨਾਵਾਂ ਪਿੱਛੇ ਲੁਕਿਆ ਸੱਚ ਜਨਤਾ ਸਾਹਮਣੇ ਲਿਆਂਦਾ ਜਾਂਦਾ ਹੈ ਤਾਂ ਹਾਕਮਾਂ ਨੂੰ ਆਪਣੀ ਗੱਦੀ ਡੋਲਦੀ ਨਜ਼ਰ ਆਉਂਦੀ ਹੈ।
31 ਦਸੰਬਰ 2025 ਨੂੰ ਇੰਟਰਨੈਸ਼ਨਲ ਫੈਡਰੇਸ਼ਨ ਆਫ ਜਰਨਲਿਸਟਸ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਲੂੰ ਕੰਡੇ ਖੜ੍ਹੇ ਕਰਨ ਵਾਲੀ ਹੈ। ਪਿਛਲੇ ਸਾਲ ਮਿਡਲ ਈਸਟ ਅਤੇ ਅਰਬ ਜਗਤ ਵਿੱਚ 74, ਏਸ਼ੀਆ-ਪੈਸਿਫਿਕ ਵਿੱਚ 15, ਯੂਰਪ ਵਿੱਚ 10, ਅਫਰੀਕਾ ਵਿੱਚ 18 ਅਤੇ ਅਮਰੀਕਾ ਰੀਜਨ ਵਿੱਚ 11 ਪੱਤਰਕਾਰ ਬੇਰਹਿਮੀ ਨਾਲ ਕਤਲ ਕਰ ਦਿੱਤੇ ਗਏ।
ਇਸ ਸੰਸਥਾ ਨੇ 1990 ਤੋਂ ਹੁਣ ਤਕ ਦੀ ਵਰ੍ਹੇਵਾਰ ਰਿਪੋਰਟ ਵਿੱਚ ਦੱਸਿਆ ਹੈ ਕਿ ਵਿਸ਼ਵ ਭਰ ਵਿੱਚ 3173 ਪੱਤਰਕਾਰ, ਔਸਤਨ 91 ਪੱਤਰਕਾਰ ਹਰ ਵਰ੍ਹੇ, ਪਰ ਪਿਛਲੇ ਦਸ ਸਾਲਾਂ ਵਿੱਚ ਹੀ 876 ਪੱਤਰਕਾਰਾਂ ਨੂੰ ਮਾਰ ਦਿੱਤਾ ਗਿਆ। ਫੈਡਰੇਸ਼ਨ ਨੇ 533 ਉਹਨਾਂ ਪੱਤਰਕਾਰਾਂ ਦੀ ਵਿਸ਼ਵ ਪੱਧਰੀ ਰਿਪੋਰਟ ਵੀ ਜਾਰੀ ਕੀਤੀ ਹੈ, ਜਿਹੜੇ ਅੱਜ ਵੀ ਵਿਸ਼ਵ ਭਰ ਦੀਆਂ ਜੇਲ੍ਹਾਂ ਵਿੱਚ ਕੈਦ ਹਨ। ਚੀਨ ਅਤੇ ਮਿਡਲ ਈਸਟ - ਅਰਬ ਜਗਤ ਵਿੱਚ ਇਨ੍ਹਾਂ ਪੱਤਰਕਾਰਾਂ ਦੀ ਗਿਣਤੀ ਸਭ ਤੋਂ ਵੱਧ ਹੈ।
ਜਿਹੜੇ ਪੱਤਰਕਾਰ, ਮੀਡੀਆ ਕਰਮੀ 2025 ਵਿੱਚ ਮਾਰ ਦਿੱਤੇ ਗਏ ਜਾਂ ਦੁਰਘਟਨਾਵਾਂ ਦੀ ਬਲੀ ਚੜ੍ਹਾ ਦਿੱਤੇ ਗਏ, ਉਹਨਾਂ ਪੱਤਰਕਾਰਾਂ ਵਿੱਚ 10 ਔਰਤ ਪੱਤਰਕਾਰ ਵੀ ਸ਼ਾਮਲ ਹਨ। 128 ਪੱਤਰਕਾਰਾਂ ਵਿੱਚੋਂ 9 ਦੀ ਮੌਤ ਨੂੰ ਸੜਕੀ ਦੁਰਘਟਨਾ ਕਰਾਰ ਦਿੱਤਾ ਗਿਆ। ਫਲਸਤੀਨ ਉਹ ਦੇਸ਼ ਬਣ ਕੇ ਉੱਭਰਿਆ ਹੈ, ਜਿੱਥੇ ਕੁੱਲ ਮਾਰੇ ਗਏ ਪੱਤਰਕਾਰਾਂ ਵਿੱਚੋਂ 44 ਫ਼ੀਸਦੀ ਦੀ ਹੱਤਿਆ ਹੋਈ।
ਵਿਸ਼ਵ ਭਰ ਦੇ ਲੋਕ-ਹਿਤੈਸ਼ੀ ਪੱਤਰਕਾਰਾਂ ਸਾਹਮਣੇ ਵੱਡੀਆਂ ਚੁਣੌਤੀਆਂ ਰਹਿੰਦੀਆਂ ਹਨ। ਉਹ ਭੈੜੀਆਂ ਮੌਸਮੀ ਹਾਲਤਾਂ, ਜੰਗ ਦੇ ਮੈਦਾਨਾਂ ਅਤੇ ਦੰਗਿਆਂ ਵਿਚਕਾਰ ਕੰਮ ਕਰਦੇ ਨਜ਼ਰ ਆਉਂਦੇ ਹਨ। ਇਹ ਪੱਤਰਕਾਰ ਆਮ ਲੋਕਾਂ ਦੇ ਦੁੱਖਾਂ-ਦਰਦਾਂ, ਮਨੁੱਖੀ ਅਧਿਕਾਰਾਂ, ਮਜ਼ਦੂਰਾਂ ਦੇ ਹੱਕਾਂ ਅਤੇ ਤਰਕਸ਼ੀਲ ਸਮਾਜ ਦੀ ਉਸਾਰੀ ਲਈ ਦਿਨ-ਰਾਤ ਕੰਮ ਕਰਦੇ ਹਨ ਅਤੇ ਕਈ ਵਾਰ ਆਪਣੀ ਜਾਨ ਤਕ ਵਾਰ ਦਿੰਦੇ ਹਨ। ਇਹ ਜਿਨ੍ਹਾਂ ਸਥਿਤੀਆਂ ਵਿੱਚ ਉਹ ਕੰਮ ਕਰਦੇ ਹਨ, ਉਹ ਬੇਹੱਦ ਜੋਖਮ ਭਰੀਆਂ ਹੁੰਦੀਆਂ ਹਨ। ਕੁਰਬਾਨੀ ਦਾ ਜਜ਼ਬਾ ਤਾਂ ਉਹਨਾਂ ਦੇ ਮਨਾਂ ਵਿੱਚ ਹੁੰਦਾ ਹੀ ਹੈ, ਉਹ ਲੋਕਾਂ ਲਈ ਰਾਹ ਦਿਖਾਵੇ ਵੀ ਬਣਦੇ ਹਨ। ਪਰ ਇਹ ਸਾਰੀਆਂ ਗੱਲਾਂ ਉਹਨਾਂ ਹਾਕਮਾਂ ਨੂੰ ਪਸੰਦ ਨਹੀਂ, ਉਹਨਾਂ ਨੂੰ ਨਹੀਂ ਭਾਉਂਦੀਆਂ ਜਿਹੜੇ ਸਮਾਜ ਵਿੱਚ ਅੰਨ੍ਹੇਰਾ ਪੈਦਾ ਕਰਕੇ ਲੋਕਾਂ ਨੂੰ ਭਰਮਜਾਲ ਅਤੇ ਅਨਪੜ੍ਹਤਾ ਵਿੱਚ ਰੱਖ ਕੇ ਆਪਣੀਆਂ ਸ਼ਾਤਰ ਚਾਲਾਂ ਨਾਲ ਰਾਜ ਕਰਨ ਦੇ ਅਧਿਕਾਰੀ ਬਣੇ ਰਹਿਣਾ ਚਾਹੁੰਦੇ ਹਨ। ਉਹਨਾਂ ਨੂੰ ਅਸਲੋਂ ਸਮਾਜ ਵਿੱਚ ਚਾਨਣ ਪਸੰਦ ਨਹੀਂ ਹੁੰਦਾ, ਇਸੇ ਲਈ ਉਹ ਪਰੇਸ਼ਾਨ ਹਨ, ਉਹਨਾਂ ਦੇ ਢਕੇ ਪਰਦੇ ਉੱਧੜ ਰਹੇ ਹਨ। ਉਹਨਾਂ ਵੱਲੋਂ ਸੱਚ ਉਜਾਗਰ ਕਰਨ ਵਾਲੀਆਂ ਰਿਪੋਰਟਾਂ ਦਬਾਉਣ ਲਈ ਜਤਨ ਹੋ ਰਹੇ ਹਨ।
ਫਰੀ ਸਪੀਚ ਕੁਲੈਕਟਿਵ ਦੀ ਛਾਪੀ ਇੱਕ ਰਿਪੋਰਟ ਪ੍ਰੈੱਸ ਦੀ ਅਜ਼ਾਦੀ ਦੇ ਭਰਮ ਖੋਲ੍ਹਦੀ ਹੈ। ਸਾਲ 2025 ਵਿੱਚ ਭਾਰਤ ਵਿੱਚ ਬੋਲਣ ਦੀ ਅਜ਼ਾਦੀ ਦੀ ਉਲੰਘਣਾ ਤਹਿਤ 14,875 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚੋਂ 11,785 ਮਾਮਲੇ ਪੱਤਰਕਾਰਾਂ, ਸੋਸ਼ਲ ਮੀਡੀਆ ਇਨਫਲੂਐਂਸਰਾਂ ਅਤੇ ਇੰਟਰਨੈੱਟ ਉਪਭੋਗਤਾਵਾਂ ਨਾਲ ਸੰਬੰਧਿਤ ਹਨ। ਇਹ ਮਾਮਲੇ ਸਿਰਫ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਹੀ ਨਹੀਂ, ਸਗੋਂ ਗ਼ੈਰ-ਭਾਜਪਾ ਸਰਕਾਰਾਂ ਵੱਲੋਂ ਵੀ ਦਰਜ ਕੀਤੇ ਗਏ।
ਪੰਜਾਬ ਵਿੱਚ ਵੀ ਗ਼ੈਰ-ਪ੍ਰਮਾਣਿਤ ਸਮੱਗਰੀ ਅਤੇ ਗ਼ਲਤ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਹੇਠ ਪੱਤਰਕਾਰਾਂ ਖ਼ਿਲਾਫ ਐੱਫ.ਆਈ.ਆਰਾਂ. ਦਰਜ ਹੋਈਆਂ। ਪੰਜਾਬ ਵਿੱਚ 10 ਵਿਅਕਤੀਆਂ, ਜਿਨ੍ਹਾਂ ਵਿੱਚ 9 ਪੱਤਰਕਾਰ ਹਨ, ਵਿਰੁੱਧ ਗ਼ੈਰ-ਪ੍ਰਮਾਣਿਤ ਸਮੱਗਰੀ ਅਤੇ ਗ਼ਲਤ ਸੂਚਨਾ ਸਾਂਝੀ ਕਰਨ ਦੇ ਦੋਸ਼ ਹੇਠ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਨ੍ਹਾਂ ਪੱਤਰਕਾਰਾਂ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਪਹਿਲੀ ਤੋਂ 10 ਦਸੰਬਰ ਤਕ ਮੁੱਖ ਮੰਤਰੀ ਭਗਵੰਤ ਮਾਨ ਜਪਾਨ ਦੌਰੇ ’ਤੇ ਸਨ, ਪਰ ਉਹਨਾਂ ਦੀ ਗ਼ੈਰ ਹਾਜ਼ਰੀ ਵਿੱਚ ਵੀ ਹੈਲੀਕਾਪਟਰ ਦੀ ਇੱਥੇ ਵਰਤੋਂ ਹੁੰਦੀ ਰਹੀ।
ਅਸਲ ਵਿੱਚ ਇਹ ਸਰਕਾਰੀ ਕਾਰਵਾਈ ਅਜ਼ਾਦ ਕਲਮ ਦੀ ਹੱਤਿਆ ਦੇ ਬਰਾਬਰ ਹੈ ਭਾਵੇਂ ਕਿ ਵੱਖੋ-ਵੱਖਰੇ ਦੇਸ਼ਾਂ ਦੇ ਸੰਵਿਧਾਨ, ਨਿਯਮ, ਪ੍ਰੈੱਸ ਨੂੰ ਬੋਲਣ, ਲਿਖਣ ਅਤੇ ਆਪਣੇ ਵਿਚਾਰ ਦੇਣ ਦੀ ਅਜ਼ਾਦੀ ਦਿੰਦੇ ਹਨ। ਉਹਨਾਂ ਦੀਆਂ ਲਿਖਤਾਂ, ਛਪਾਈ, ਆਡੀਓ, ਵੀਡੀਓ ਮਾਧਿਅਮਾਂ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਵਿਚਾਰਾਂ ਨੂੰ ਪ੍ਰਗਟਾਉਣ ਦਾ ਹੱਕ ਦਿੰਦੇ ਹਨ, ਪਰ ਜਦੋਂ ਇਸ ਅਧਿਕਾਰ ਉੱਤੇ ਗੈਰਵਾਜਬ ਪਾਬੰਦੀਆਂ ਜੜ ਦਿੱਤੀਆਂ ਜਾਂਦੀਆਂ ਹਨ ਅਤੇ ਜਦੋਂ ਪੱਤਰਕਾਰ ਇਹ ਪਾਬੰਦੀਆਂ ਤੋੜਦਾ ਹੈ, ਉਹ ਹਾਕਮਾਂ ਅਤੇ ਮਾਫੀਏ ਦੇ ਗੁੱਸੇ ਦਾ ਸ਼ਿਕਾਰ ਹੋ ਜਾਂਦੇ ਹਨ।
ਪੰਜਾਬ ਵਿੱਚ ਅੱਤਵਾਦ ਦੇ ਦਿਨਾਂ ਵਿੱਚ ਇਨ੍ਹਾਂ ਪੱਤਰਕਾਰਾਂ ਨੂੰ ਦੋਹਾਂ ਪਾਸਿਆਂ ਤੋਂ ਖਤਰਾ ਰਿਹਾ ਅਤੇ ਹੁਣ ਵੀ ਨਕਸਲੀ ਖਿੱਤਿਆਂ ਵਿੱਚ ਹੋ ਰਹੇ ਸੰਘਰਸ਼ ਵਿੱਚ ਇਹ ਖਤਰਾ ਦਿਸਦਾ ਹੈ।
ਇਸ ਕਿਸਮ ਦਾ ਖਤਰਾ ਉਦੋਂ ਹੋਰ ਵੀ ਵਧ ਜਾਂਦਾ ਹੈ, ਜਦੋਂ ਸ਼ਰੇਆਮ ਪੱਤਰਕਾਰਾਂ ਨੂੰ ਧਮਕੀਆਂ ਅਤੇ ਉਹ ਵੀ ਅਜੀਬ ਕਿਸਮ ਦੀਆਂ ਧਮਕੀਆਂ ਮਿਲਦੀਆਂ ਹਨ। ਤੇਲਗੂ ਦੇਸ਼ਮ ਦੇ ਵਿਧਾਇਕ ਗੁਮਾਨੂਰ ਜੈ ਰਾਮ ਵੱਲੋਂ ਦਿੱਤੀ ਪੱਤਰਕਾਰਾਂ ਲਈ ਧਮਕੀ ਅਸਧਾਰਨ ਹੈ। ਪੜ੍ਹੋ “ਜੇਕਰ ਪੱਤਰਕਾਰ ਉਹਨਾਂ ਬਾਰੇ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕਰਨਗੇ ਤਾਂ ਉਹ ਉਹਨਾਂ ਨੂੰ ਰੇਲ ਦੀਆਂ ਪਟੜੀਆਂ ’ਤੇ ਸਵਾਉਣਗੇ।”
ਇਹੋ ਜਿਹੇ ਹਾਲਾਤ ਵਿੱਚ ਪੱਤਰਕਾਰਾਂ ਲਈ ਰਿਪੋਰਟਿੰਗ ਦਾ ਖਤਰਾ ਵੱਡਾ ਹੈ। ਇਹ ਖਤਰਾ ਸਿਰਫ ਜਿਸਮਾਨੀ ਹੀ ਨਹੀਂ ਹੈ, ਮਾਨਸਿਕ ਵੀ ਹੈ। ਡਿਜਿਟਲ ਵੀ ਹੈ, ਕਾਨੂੰਨੀ ਵੀ ਹੈ ਅਤੇ ਧਮਕੀਆਂ ਭਰਪੂਰ ਵੀ ਹੈ। ਯੂਨੈਸਕੋ ਦੀ ਇੱਕ ਰਿਪੋਰਟ ਅਨੁਸਾਰ 2018 ਤੋਂ ਹੁਣ ਤਕ ਲਤੀਨੀ ਅਮਰੀਕਾ ਅਤੇ ਕੈਰੇਬੀਅਨ ਦੇ ਦੇਸ਼ਾਂ ਦੇ 900 ਪੱਤਰਕਾਰਾਂ ਨੂੰ ਦੇਸ਼ ਨਿਕਾਲਾ ਸਿਰਫ ਇਸ ਕਰਕੇ ਮਿਲਿਆ ਕਿ ਉਹ ਲੋਕ-ਹਿਤ ਵਿੱਚ ਰਿਪੋਰਟਿੰਗ ਕਰਦੇ ਸਨ।
ਅੱਜ ਦੁਨੀਆ ਵਿੱਚ ਖੋਜੀ ਪੱਤਰਕਾਰਤਾ ਲਈ ਖਤਰੇ ਵਧੇਰੇ ਹਨ। ਦੁਨੀਆ ਭਰ ਵਿੱਚ ਅਜ਼ਾਦ ਪੱਤਰਕਾਰਤਾ, ਲੋਕਤੰਤਰ, ਮਾਨਵ ਅਧਿਕਾਰਾਂ ਅਤੇ ਨਾਗਰਿਕ ਸਮਾਜ ਦੇ ਖ਼ਿਲਾਫ ਕਈ ਤਰ੍ਹਾਂ ਦੇ ਹਮਲੇ ਦੇਖੇ ਜਾ ਰਹੇ ਹਨ। ਇਹ ਹਮਲੇ ਉਸ ਵੇਲੇ ਹੋਰ ਵੀ ਵਧ ਗਏ ਹਨ ਜਦੋਂ ਤੋਂ ਕੁਲੀਨ ਵਰਗ ਸੱਤਾ ਦੀ ਦੁਰਵਰਤੋਂ ਵਧੇਰੇ ਕਰ ਰਿਹਾ ਹੈ। ਪਰ ਬਾਵਜੂਦ ਇਸ ਸਭ ਕੁਝ ਦੇ ਖੋਜੀ ਪੱਤਰਕਾਰਤਾ ਦਾ ਵਿਸਥਾਰ ਹੋ ਰਿਹਾ ਹੈ ਅਤੇ ਪੱਤਰਕਾਰ ਲਗਾਤਾਰ ਚੈਲਿੰਜ ਕਬੂਲ ਕਰ ਰਹੇ ਹਨ।
ਪੁਲਿਸ ਅਤੇ ਸਰਕਾਰੀ ਸੁਰੱਖਿਆ ਬਲਾਂ ਦਾ ਦਬਾਅ ਪੱਤਰਕਾਰਤਾ ’ਤੇ ਵੱਧ ਹੈ। ਪੱਤਰਕਾਰ ਗੌਰੀ ਲੰਕੇਸ਼ ਦੀ ਭਾਰਤ ਦੇ ਸ਼ਹਿਰ ਬੰਗਲੌਰ ਵਿੱਚ ਹੱਤਿਆ ਨਾਲ ਇਸ ਦੇਸ਼ ਅਤੇ ਦੁਨੀਆ ਵਿੱਚ ਲੱਖਾਂ ਲੋਕਾਂ ਨੂੰ ਗਹਿਰਾ ਸਦਮਾ ਪੁੱਜਿਆ। ਜਦੋਂ ਉਹਨਾਂ ਦੀ ਹੱਤਿਆ ਦੀ ਖਬਰ ਪ੍ਰਕਾਸ਼ਤ ਹੋਈ ਤਾਂ ਪੂਰਾ ਦੇਸ਼ ਤ੍ਰਭਕ ਉੱਠਿਆ। ਉਹਨਾਂ ਦੇ ਕਾਤਲਾਂ ਖ਼ਿਲਾਫ ਜ਼ੋਰਦਾਰ ਪ੍ਰਦਰਸ਼ਨ ਹੋਏ। ਭਾਰਤ ਸਰਕਾਰ ਨੂੰ ਵੀ ਸ਼ਰਮਿੰਦਗੀ ਉਠਾਉਣੀ ਪਈ।
ਸਿਰਫ ਇਹ ਨਹੀਂ ਕਿ ਰਾਸ਼ਟਰੀ ਪੱਧਰ ’ਤੇ ਵੱਡੀਆਂ ਅਖਬਾਰਾਂ ਵਾਲੇ ਪੱਤਰਕਾਰ ਹੀ ਨਿਸ਼ਾਨੇ ’ਤੇ ਰਹਿੰਦੇ ਹਨ, ਸਗੋਂ ਸਥਾਨਕ ਪੱਤਰਕਾਰਾਂ ਨੂੰ ਵੀ ਵੱਡੇ ਲੋਕਾਂ ਦੀ ਗੁੰਡਾਗਰਦੀ ਦਾ ਸ਼ਿਕਾਰ ਹੋਣਾ ਪੈਂਦਾ ਹੈ, ਜਿਨ੍ਹਾਂ ਦੇ ਕੁਕਰਮਾਂ ਨੂੰ ਉਹ ਲੋਕਾਂ ਸਾਹਮਣੇ ਲਿਆਉਂਦੇ ਹਨ। 2015 ਵਿੱਚ ਇੱਕ ਸਥਾਨਕ ਪੱਤਰਕਾਰ ਸੰਦੀਪ ਕੋਠਾਰੀ ਦੀ ਹੱਤਿਆ ਇਸ ਕਰਕੇ ਕਰ ਦਿੱਤੀ ਗਈ ਕਿ ਉਸਨੇ ਖਨਣ ਮਾਮਲਾ (ਰੇਤ-ਬਜਰੀ) ਲੋਕਾਂ ਸਾਹਵੇਂ ਲਿਆਂਦਾ ਸੀ।
ਪੱਤਰਕਾਰਾਂ ਦੀ ਹੱਤਿਆ ਦੇ ਮਾਮਲੇ ਅਸਲ ਅਰਥਾਂ ਵਿੱਚ ਮਨੁੱਖ ਦੇ ਮੁਢਲੇ ਅਧਿਕਾਰਾਂ ਨਾਲ ਜੁੜੇ ਹੋਏ ਹਨ। ਦੁਨੀਆ ਭਰ ਦੇ ਦੇਸ਼ਾਂ ਵਿੱਚ ਪ੍ਰੈੱਸ ਦੀ ਅਜ਼ਾਦੀ ਗੰਭੀਰ ਸੰਕਟ ਵਿੱਚ ਹੈ। ਇੱਕ ਸਰਵੇ ਅਨੁਸਾਰ 180 ਦੇਸ਼ਾਂ ਵਿੱਚ ਪ੍ਰੈੱਸ ਦੀ ਅਜ਼ਾਦੀ ਵਿੱਚ ਚੀਨ ਦਾ ਸਥਾਨ 178ਵਾਂ ਹੈ, ਇਰਾਨ ਦਾ 176ਵਾਂ, ਅਫਗਾਨਿਸਤਾ ਦਾ 175ਵਾਂ ਅਤੇ ਭਾਰਤ ਦਾ 151ਵਾਂ ਸਥਾਨ ਹੈ। ਪ੍ਰੈੱਸ ਅਜ਼ਾਦੀ ਵਿੱਚ ਨਾਰਵੇ ਪਹਿਲੇ ਸਥਾਨ ’ਤੇ ਹੈ। ਪਿਛਲੇ 50 ਸਾਲਾਂ ਵਿੱਚ ਪ੍ਰੈੱਸ ਦੀ ਅਜ਼ਾਦੀ ਲਗਾਤਾਰ ਖੋਹੀ ਗਈ ਹੈ, ਜਿਹੜੀ ਕਿ ਗਲੋਬਲ ਲੋਕਤੰਤਰ ਲਈ ਵੱਡਾ ਖਤਰਾ ਬਣੀ ਦਿਸਦੀ ਹੈ। ਘਰੇਲੂ-ਯੁੱਧ, ਗ਼ਰੀਬੀ ਅਤੇ ਸਿਆਸੀ ਅਸਥਿਰਤਾ ਇਸ ਅਜ਼ਾਦੀ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ। ਵਧ ਰਹੀ ਡਿਕਟੇਟਰਾਨਾ ਸੋਚ ਨੇ ਪ੍ਰੈੱਸ ਦੀ ਅਜ਼ਾਦੀ ਅਤੇ ਪੱਤਰਕਾਰਾਂ ਲਈ ਵੱਡੇ ਖਤਰੇ ਖੜ੍ਹੇ ਕੀਤੇ ਹਨ।
ਰੂਸ ਵਿੱਚ ਇੱਕੋ ਵਿਅਕਤੀ ਦਾ ਰਾਜ ਅਤੇ ਧੱਕੇਸ਼ਾਹੀ, ਭਾਰਤ ਅਤੇ ਅਮਰੀਕਾ ਵਿੱਚ “ਰਾਸ਼ਟਰਵਾਦ” ਨੂੰ ਉਤਸ਼ਾਹਿਤ ਕਰਨ ਦੇ ਤੀਬਰ ਯਤਨ, ਯੁੱਧ-ਜੰਗ ਦੀਆਂ ਵੱਡੇ ਧਨ-ਕੁਬੇਰਾਂ ਵੱਲੋਂ ਪੈਦਾ ਕੀਤੀਆਂ ਪ੍ਰਸਥਿਤੀਆਂ ਪੱਤਰਕਾਰਾਂ ਦੀ ਕਲਮ ਖੋਹਣ, ਉਹਨਾਂ ਦੀ ਜੀਭ ਉੱਤੇ ਜਿੰਦਰੇ ਲਾਉਣ ਦਾ ਵੱਡਾ ਕਾਰਨ ਬਣਦੀਆਂ ਜਾ ਰਹੀਆਂ ਹਨ।
ਫਿਰ ਵੀ ਤਸੱਲੀ ਦੀ ਗੱਲ ਇਹ ਹੈ ਕਿ ਸੁਚੇਤ ਅਤੇ ਨਿਡਰ ਪੱਤਰਕਾਰ ਅਜੇ ਵੀ ਸੀਸ ਤਲੀ ’ਤੇ ਧਰ ਕੇ ਆਪਣਾ ਫਰਜ਼ ਨਿਭਾ ਰਹੇ ਹਨ ਅਤੇ ਸੋਸ਼ਲ ਮੀਡੀਆ ’ਤੇ ਸਾਰਥਕ ਸੋਚ ਵਾਲੇ ਲੋਕ ਪ੍ਰੈੱਸ ਦੀ ਅਜ਼ਾਦੀ ਦਾ ਸਹਾਰਾ ਬਣੇ ਹੋਏ ਹਨ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































