“ਭਾਰਤ ਦੇ ਇੱਕ ਰਾਜ ਵਿੱਚ ਇੱਕ ਦਲਿਤ ਗਰੀਬ ਨੂੰ ਪੰਚਾਇਤ ਦੇ ਸਾਹਮਣੇ ...”
(29 ਅਕਤੂਬਰ 2025)
ਗੱਲ ਭਾਵੇਂ ਭਾਰਤ-ਪਾਕਿ ਸੰਬੰਧਾਂ ਤੋਂ ਸ਼ੁਰੂ ਕਰਨ ਲੱਗਾ ਹਾਂ, ਪਰ ਇਹ ਭਾਰਤ-ਪਾਕਿ ਸੰਬੰਧਾਂ ਤਕ ਸੀਮਿਤ ਹੋਣ ਵਾਲੀ ਨਹੀਂ, ਸਗੋਂ ਸਮੁੱਚੇ ਭਾਰਤ ਅਤੇ ਭਾਰਤੀ ਲੋਕਾਂ ਬਾਰੇ ਹੈ। ਬਹੁਤ ਸਾਲ ਹੋ ਗਏ, ਕਿੰਨੇ ਸਾਲ, ਯਾਦ ਕਰਨੇ ਵੀ ਔਖੇ ਹਨ, ਉਦੋਂ ਇੱਕ ਪਾਕਿਸਤਾਨੀ ਗਰੁੱਪ ਸਾਡੇ ਪਾਸੇ ਆਇਆ ਤਾਂ ਜਲੰਧਰ ਵਿੱਚ ਉਸਦੇ ਸਵਾਗਤ ਵਾਸਤੇ ਇੱਕ ਸਮਾਗਮ ਕੀਤਾ ਗਿਆ ਸੀ। ਵਫਦ ਸੱਭਿਆਚਾਰ ਨਾਲ ਸੰਬੰਧਤ ਲੋਕਾਂ ਦਾ ਸੀ ਅਤੇ ਸਵਾਗਤ ਕਰਨ ਵਾਲਿਆਂ ਵਿੱਚ ਵੀ ਇਸੇ ਖੇਤਰ ਵਾਲੇ ਸਨ। ਇਹੋ ਜਿਹੇ ਮੌਕਿਆਂ ਉੱਤੇ ਸਾਂਝ ਦੀਆਂ ਤੰਦਾਂ ਲੱਭ ਕੇ ਬੋਲਣਾ ਚਾਹੀਦਾ ਹੈ ਤੇ ਮਾਮਲਾ ਸੱਭਿਆਚਾਰ ਦਾ ਹੋਣ ਕਾਰਨ ਚੰਗਾ ਵੀ ਇਹੋ ਸੀ ਕਿ ਇਸ ਹੱਦ ਤੋਂ ਅੱਗੇ ਨਾ ਵਧਿਆ ਜਾਵੇ, ਪਰ ਸਾਡੇ ਵਿੱਚੋਂ ਇੱਕ ਜਣੇ ਨੇ ਹੱਦ ਪਾਰ ਕਰਦੇ ਹੋਏ ਇਹ ਕਹਿ ਦਿੱਤਾ ਕਿ ਅਸੀਂ ਤੁਹਾਡੇ ਲਈ ਸੁੱਖ ਮੰਗਦੇ ਹਾਂ, ਤੁਹਾਡੀ ਕਿਸਮਤ ਵਿੱਚ ਹਰ ਦਸੀਂ ਬਾਰ੍ਹੀਂ ਸਾਲੀਂ ਫੌਜੀ ਹਕੂਮਤ ਲਿਖੀ ਰਹਿੰਦੀ ਹੈ, ਜਿਹੜੀ ਲੋਕਾਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ ਕਰਦੀ। ਉਸਨੇ ਹਮਦਰਦੀ ਦੇ ਭਾਵ ਨਾਲ ਕੁਨੀਨ ਦੀਆਂ ਕੌੜੀਆਂ ਗੋਲੀਆਂ ਖੰਡ ਵਿੱਚ ਲਿਬੇੜ ਕੇ ਪਰੋਸਣ ਦੀ ਜਿਹੜੀ ਚਤੁਰਾਈ ਕੀਤੀ, ਜਵਾਬ ਵਿੱਚ ਇੱਕ ਪਾਕਿਸਤਾਨੀ ਬੁਲਾਰੇ ਨੇ ਉਸਦੀ ਸਾਰੀ ਫੂਕ ਕੱਢ ਦਿੱਤੀ। ਉਹ ਕਹਿਣ ਲੱਗਾ ਕਿ ਆਰਥਿਕ ਪੱਖ ਦੀ ਤਰੱਕੀ ਲਾਂਭੇ ਰੱਖ ਲਈਏ ਤਾਂ ਸਮਾਜੀ ਪੱਖੋਂ ਜੇ ਫੌਜੀ ਹਕੂਮਤਾਂ ਨੇ ਪਾਕਿਸਤਾਨੀ ਲੋਕਾਂ ਦਾ ਭਲਾ ਕੁਝ ਨਹੀਂ ਕੀਤਾ ਤਾਂ ਜਿਹੜਾ ਹਾਲ ਤੁਹਾਡੇ ਵੱਲ ਹੋਇਆ ਪਿਆ ਹੈ, ਉਹਦੇ ਵੱਲ ਤੁਹਾਨੂੰ ਵੀ ਵੇਖਣਾ ਚਾਹੀਦਾ ਹੈ। ਤੁਹਾਡੇ ਵਾਲਿਆਂ ਨੇ ਵੀ ਲੋਕਾਂ ਦੀ ਭਲਾਈ ਕਰਨ ਦੀ ਥਾਂ ਜਿਹੜੇ ਚੰਦ ਚਾੜ੍ਹਨੇ ਸ਼ੁਰੂ ਕਰ ਰੱਖੇ ਹਨ, ਲੁਕਾਇਆਂ ਲੁਕਣ ਵਾਲੇ ਨਹੀਂ, ਇਸ ਕਰ ਕੇ ਸਾਨੂੰ ਸਾਂਝੇ ਸਮਾਗਮਾਂ ਦੇ ਵਿੱਚ ਇੱਦਾਂ ਦੀ ਕੁੜੱਤਣ ਵਾਲੀ ਚਰਚਾ ਛੇੜਨ ਤੋਂ ਗੁਰੇਜ਼ ਕਰਨ ਦੀ ਲੋੜ ਹੁੰਦੀ ਹੈ। ਪਹਿਲਾਂ ਗੱਲ ਛੇੜਨ ਵਾਲੇ ਸੱਜਣ ਦੀ ਹਾਲਤ ਇੱਦਾਂ ਦੀ ਬਣੀ ਕਿ ਸਮਾਗਮ ਦੀ ਸਮਾਪਤੀ ਤਕ ਰੁਕਣਾ ਔਖਾ ਹੋ ਗਿਆ ਅਤੇ ਕਿਸੇ ਹੋਰ ਸਮਾਗਮ ਲਈ ਜਾਣ ਦਾ ਬਹਾਨਾ ਕਰ ਕੇ ਅੱਧ-ਵਿਚਾਲਿਉਂ ਉੱਠ ਕੇ ਤੁਰਦਾ ਬਣਿਆ ਸੀ, ਪਰ ਹਾਲਾਤ ਦਾ ਵਹਿਣ ਅੱਜ ਵੀ ਉਹੋ ਹੈ।
ਪਾਕਿਸਤਾਨ ਵਿੱਚ ਬਹੁਤ ਜ਼ਿਆਦਾ ਕੱਟੜਤਾ ਹੋਣ ਦੀ ਗੱਲ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ, ਉਸਦੀ ਚਰਚਾ ਵੀ ਬਹੁਤ ਹੁੰਦੀ ਰਹਿੰਦੀ ਹੈ, ਜਿਸਨੇ ਕਰਨੀ ਹੈ, ਕਰਦਾ ਰਹੇ, ਅਸੀਂ ਵੀ ਕਈ ਵਾਰ ਕਰ ਲੈਂਦੇ ਹਾਂ, ਪਰ ਜਦੋਂ ਆਪਣੀ ਸਮਾਜਕ ਹਾਲਤ ਦੇਖਦੇ ਹਾਂ ਤਾਂ ਸਿਰ ਘੁੰਮਣ ਲਗਦਾ ਹੈ। ਅਸੀਂ ਚੰਦਰ ਯਾਨ ਵੱਲ ਝਾਕਦੇ ਹਾਂ। ਜਿਸ ਚੰਦ ਨੂੰ ਮਾਮਾ ਕਹਿ ਕੇ ਬਚਪਨ ਤੋਂ ਖੁਸ਼ ਹੁੰਦੇ ਆ ਰਹੇ ਸਾਂ, ਜਿਸਦੇ ਦੀਦਾਰ ਛਾਣਨੀ ਵਿੱਚੋਂ ਕਰ ਕੇ ਸਾਡੇ ਸਮਾਜ ਦੀਆਂ ਔਰਤਾਂ ਸਿਖਰ ਦੀ ਨਾਪਸੰਦੀ ਦੇ ਬਾਵਜੂਦ ਆਪਣੇ ਪਤੀ ਨੂੰ ਸਿਰ ਦਾ ਸਾਈਂ ਮੰਨ ਕੇ ਉਸਦੀ ਸੁੱਖ ਮਨਾਉਂਦੀਆਂ ਹਨ, ਉਸੇ ਚੰਦ ਵੱਲ ਇੱਕ ਉਪ-ਗ੍ਰਹਿ ਤੋਰਨ ਦੀ ਤਿਆਰੀ ਵੀ ਬਾਹਰੀ ਤੌਰ ਉੱਤੇ ਕਰੀ ਜਾਂਦੇ ਹਾਂ, ਪਰ ਮਾਨਸਕਿਤਾ ਨਹੀਂ ਬਦਲੀ। ਅੱਜ ਵੀ ਭਾਰਤ ਦੇ ਸਮਾਜ ਦਾ ਇੱਕ ਵੱਡਾ ਹਿੱਸਾ ਉਨ੍ਹਾਂ ਧਾਰਨਾਵਾਂ ਨਾਲ ਬੱਝੇ ਰਹਿਣ ਵਿੱਚ ਮਾਣ ਸਮਝਦਾ ਹੈ, ਜਿਹੜੀਆਂ ਕਈ ਸਦੀਆਂ ਤੋਂ ਇਸਦੇ ਪੈਰਾਂ ਦੀਆਂ ਬੇੜੀਆਂ ਬਣੀਆਂ ਰਹਿਣ ਕਾਰਨ ਇਸੇ ਸਮਾਜ ਦੇ ਕੁਝ ਵਰਗਾਂ, ਖਾਸ ਕਰ ਕੇ ਔਰਤਾਂ ਤੇ ਦਲਿਤ ਭਾਈਚਾਰੇ ਨਾਲ ਸੰਬੰਧਤ ਲੋਕਾਂ ਦੀ ਜ਼ਿੰਦਗੀ ਨਰਕ ਦੀ ਹਾਲਤ ਵਾਲੀ ਬਣਾਈ ਰੱਖਦੀਆਂ ਹਨ। ਇਸ ਹਾਲਤ ਦੀ ਚਰਚਾ ਸਰਕਾਰੇ-ਦਰਬਾਰੇ ਵੀ ਹੁੰਦੀ ਹੈ, ਪਰ ਚਰਚਾ ਦੀ ਰਸਮ ਪੂਰਤੀ ਤੋਂ ਗੱਲ ਅੱਗੇ ਕਦੀ ਨਹੀਂ ਵਧੀ। ਸਮਾਜ ਵਿੱਚ ਫੈਲੀਆਂ ਕੁਰੀਤੀਆਂ ਵਿੱਚੋਂ ਕਈ ਇਸ ਦੇਸ਼ ਦੇ ਕਾਨੂੰਨ ਮੁਤਾਬਿਕ ਜੁਰਮ ਮੰਨੀਆਂ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਰੋਕਣ ਦੀ ਨਾ ਇਹ ਸਮਾਜ ਕੋਈ ਠੋਸ ਕੋਸ਼ਿਸ਼ ਕਰਦਾ ਹੈ ਤੇ ਨਾ ਇਸ ਦੇਸ਼ ਦੀ ਸਰਕਾਰ ਇੱਦਾਂ ਕਰਨਾ ਜ਼ਰੂਰੀ ਸਮਝਦੀ ਹੈ। ਕਾਰਨ ਇਹ ਹੈ ਕਿ ਇਸ ਸਮਾਜ ਦੇ ਅੰਦਰ ਉਨ੍ਹਾਂ ਕੁਰੀਤੀਆਂ ਨਾਲ ਹੁੰਦੇ ਜ਼ੁਲਮਾਂ ਦੇ ਬਾਵਜੂਦ ਉਨ੍ਹਾਂ ਲਈ ਸਹਿਮਤੀ ਤੋੜਨ ਵਿੱਚ ਖਤਰਾ ਬਹੁਤ ਹੈ, ਖਾਸ ਕਰ ਕੇ ਰਾਜਸੀ ਲੀਡਰਸ਼ਿੱਪ ਨੂੰ ਆਪਣੀਆਂ ਵੋਟਾਂ ਨੂੰ ਖੋਰਾ ਲੱਗਣ ਦਾ ਡਰ ਰਹਿੰਦਾ ਹੈ।
ਜਿਨ੍ਹਾਂ ਲੋਕਾਂ ਨੂੰ ਬਰਾਬਰੀ ਦਾ ਦਰਜਾ ਦੇਣ ਦੇ ਸੰਵਿਧਾਨਕ ਆਧਾਰ ਦੇ ਬਾਵਜੂਦ ਦਲਿਤ ਮੰਨਿਆ ਜਾਂਦਾ ਹੈ ਅਤੇ ਸ਼ਾਇਦ ਇਸੇ ਲਈ ਸਮਾਜ ਵਿੱਚ ਜ਼ੋਰਾਵਰਾਂ ਦੀ ਖੋਟੀ ਨੀਤ ਦਾ ਪ੍ਰਗਟਾਵਾ ਉਨ੍ਹਾਂ ਦੇ ਵਿਰੁੱਧ ਹੁੰਦਾ ਰਹਿੰਦਾ ਹੈ, ਉਨ੍ਹਾਂ ਨਾਲ ਹੁੰਦੇ ਇੱਦਾਂ ਦੇ ਜੁਰਮਾਂ ਬਾਰੇ ਕਾਨੂੰਨ ਦੀਆਂ ਏਜੰਸੀਆਂ ਅਤੇ ਕਾਨੂੰਨ ਦੀਆਂ ਅਦਾਲਤਾਂ ਦੇ ਫੈਸਲੇ ਇੱਕੋ ਜਿਹੇ ਹੋਣ ਵਾਲੀ ਸਥਿਤੀ ਅਜੇ ਤਕ ਨਹੀਂ ਬਣ ਸਕੀ। ਪਿਛਲੇ ਇੱਕ ਪੰਦਰਵਾੜੇ ਦੌਰਾਨ ਭਾਰਤ ਦੇ ਇੱਕ ਰਾਜ ਵਿੱਚ ਇੱਕ ਦਲਿਤ ਗਰੀਬ ਨੂੰ ਪੰਚਾਇਤ ਦੇ ਸਾਹਮਣੇ ਸ਼ਰਾਬ ਦੇ ਇੱਕ ਵਪਾਰੀ ਦੇ ਪੈਰ ਧੋਣ ਅਤੇ ਫਿਰ ਉਹ ਗੰਦਾ ਪਾਣੀ ਪੀਣ ਲਈ ਮਜਬੂਰ ਕੀਤਾ ਗਿਆ। ਜਦੋਂ ਤਕ ਸੋਸ਼ਲ ਮੀਡੀਆ ਉੱਤੇ ਉਸਦੀ ਵੀਡੀਓ ਨਹੀਂ ਸੀ ਚੜ੍ਹ ਗਈ, ਪੁਲਿਸ ਨੇ ਕੋਈ ਨੋਟਿਸ ਲੈਣ ਦੀ ਲੋੜ ਨਹੀਂ ਸੀ ਸਮਝੀ। ਇੱਕ ਹੋਰ ਥਾਂ ਇੱਕ ਗਰੀਬ ਨੂੰ ਪੰਚਾਇਤ ਵਿੱਚ ਬਿਠਾ ਕੇ ਉਸਦੇ ਸਿਰ ਉੱਤੇ ਪਿਸ਼ਾਬ ਕੀਤਾ ਗਿਆ ਤੇ ਇੱਕ ਹੋਰ ਥਾਂ ਇੱਕ ਦਲਿਤ ਡਰਾਈਵਰ ਨੂੰ ਟਰੱਕ ਮਾਲਕ ਦੀ ਤਸੱਲੀ ਲਈ ਆਪੇ ਬਣੇ ਪੰਚਾਂ ਸਾਹਮਣੇ ਪਿਸ਼ਾਬ ਪੀਣ ਦੇ ਲਈ ਮਜਬੂਰ ਕੀਤਾ ਗਿਆ, ਪਰ ਦੇਸ਼ ਦੇ ਕਾਨੂੰਨ ਨੇ ਉੰਨਾ ਚਿਰ ਅੱਖਾਂ ਮੀਟੀ ਰੱਖੀਆਂ, ਜਦੋਂ ਤਕ ਸੋਸ਼ਲ ਮੀਡੀਆ ਉੱਤੇ ਇਸਦੀ ਵੀਡੀਓ ਨਹੀਂ ਸੀ ਚੜ੍ਹ ਗਈ। ਦੇਸ਼ ਦੀਆਂ ਅਦਾਲਤਾਂ ਨੇ ਕਈ ਵਾਰੀ ਕੁਝ ਗੱਲਾਂ ਦਾ ਆਪਣੇ ਤੌਰ ਉੱਤੇ ਨੋਟਿਸ ਲਿਆ ਹੋਇਆ ਹੈ, ਪਰ ਜਿਹੜੇ ਕਹਿਰ ਇਸ ਸਮਾਜ ਵਿੱਚ ਵਾਪਰਨ ਦੀਆਂ ਘਟਨਾਵਾਂ ਪਿਛਲੇ ਪੰਦਰਵਾੜੇ ਵਿੱਚ ਹੀ ਕਈ ਵਾਰ ਹੋਈਆਂ ਅਸੀਂ ਅਖਬਾਰਾਂ ਵਿੱਚ ਪੜ੍ਹੀਆਂ ਅਤੇ ਟੀ ਵੀ ਉੱਤੇ ਚਰਚਾ ਸੁਣੀ ਹੈ, ਉਨ੍ਹਾਂ ਬਾਰੇ ਕੋਈ ਜੱਜ ਸਾਹਿਬ ਕਦੀ ਸ਼ਾਇਦ ਹੀ ਆਪਣੇ ਤੌਰ ਉੱਤੇ ਨੋਟਿਸ ਲੈ ਕੇ ਕੇਂਦਰ ਜਾਂ ਸੰਬੰਧਤ ਰਾਜ ਦੀ ਸਰਕਾਰ ਨੂੰ ਝਾੜਦੇ ਵੇਖੇ ਹੋਣਗੇ। ਮਨੀਪੁਰ ਦਾ ਮੁੱਦਾ ਬਹੁਤ ਵੱਡਾ ਸੀ, ਦੱਬੇ-ਕੁਚਲੇ ਲੋਕਾਂ ਨਾਲ ਜ਼ਿਆਦਤੀ ਦਾ ਅਤੇ ਔਰਤਾਂ ਨਾਲ ਧੱਕੇਸ਼ਾਹੀ ਦੀ ਸਿਖਰ ਦਾ ਵੀ, ਇਸਦਾ ਸੁਪਰੀਮ ਕੋਰਟ ਨੇ ਝੱਟ ਨੋਟਿਸ ਲਿਆ, ਪਰ ਪ੍ਰਧਾਨ ਮੰਤਰੀ ਨੇ ਜਦੋਂ ਇਹ ਕਹਿ ਦਿੱਤਾ ਕਿ ਉਹ ਇਸ ਤਰ੍ਹਾਂ ਦਾ ਪਾਪ ਕਰਨ ਵਾਲਿਆਂ ਨੂੰ ਮੁਆਫ ਨਹੀਂ ਕਰਨਗੇ, ਉਸ ਮਗਰੋਂ ਅਦਾਲਤ ਨੇ ਕੁਝ ਕਰਨ ਦੀ ਲੋੜ ਨਹੀਂ ਸਮਝੀ। ਉਨ੍ਹਾਂ ਲੋਕਾਂ ਨੂੰ ਕਿੰਨਾ ਕੁ ਇਨਸਾਫ ਮਿਲਿਆ, ਇਸ ਬਾਰੇ ਜ਼ਿਕਰ ਕਰਨ ਦੀ ਲੋੜ ਨਹੀਂ, ਕਾਨੂੰਨ ਅੰਨ੍ਹਾ ਜੁ ਹੁੰਦਾ ਹੈ।
ਭਾਰਤ ਦੇ ਰਾਜਾਂ ਵਿੱਚ ਵੋਟਾਂ ਲੈਣ ਲਈ ਔਰਤਾਂ ਨੂੰ ਖਾਸ ਸਹੂਲਤਾਂ ਤੇ ਉਨ੍ਹਾਂ ਲਈ ਭੱਤੇ ਜਾਰੀ ਕਰਨ ਦਾ ਜਨਤਕ ਮੁਕਾਬਲਾ ਚੱਲਦਾ ਰਹਿੰਦਾ ਹੈ, ਪਰ ਔਰਤਾਂ ਨਾਲ ਹੁੰਦੀਆਂ ਜ਼ਿਆਦਤੀਆਂ ਨੂੰ ਰਾਜਸੀ ਲੀਡਰਸ਼ਿੱਪ ਅਤੇ ਅਦਾਲਤੀ ਖੇਤਰ ਦੀ ਵੀ ਇੱਕ ਖਾਸ ਖਾਮੋਸ਼ ਸਹਿਮਤੀ ਜਾਪਦੀ ਹੈ। ਇਨ੍ਹਾਂ ਨਾਲ ਹੋਈ ਹਰ ਜ਼ਿਆਦਤੀ ਨੂੰ ਰਾਜਨੀਤਕ ਲੋੜਾਂ ਦੀ ਅੱਖ ਨਾਲ ਦੇਖਣ ਪਿੱਛੋਂ ਅਗਲੀ ਗੱਲ ਕਹਿਣ ਲਈ ਸੋਚਿਆ ਜਾਂਦਾ ਹੈ। ਮਾਮਲਾ ਜਦੋਂ ਪੱਛਮੀ ਬੰਗਾਲ ਦਾ ਹੋਵੇ ਤਾਂ ਭਾਜਪਾ ਦੇ ਆਗੂ ਇਸ ਨੂੰ ਚੁੱਕ ਕੇ ਦੁਹਾਈ ਪਾਉਂਦੇ ਹਨ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਹਰਿਆਣੇ ਜਾਂ ਰਾਜਸਥਾਨ ਵਿੱਚ ਕਹਿਰ ਵਾਪਰਿਆ ਹੋਵੇ ਤਾਂ ਭਾਜਪਾ ਵਿਰੋਧੀ ਧਿਰਾਂ ਦੇ ਆਗੂ ਉੱਧਰ ਨੂੰ ਦੌੜਾਂ ਲਾਉਣ ਲਗਦੇ ਹਨ। ਪਿਛਲੇ ਦਿਨੀਂ ਮੱਧ ਪ੍ਰਦੇਸ਼ ਦੇ ਆਦਮੀਆਂ ਦੇ ਇੱਕ ਗਰੁੱਪ ਨੇ ਦਸਹਿਰੇ ਮੌਕੇ ‘ਸਰੂਪਨਖਾ ਦਹਿਨ’ ਦੇ ਨਾਂਅ ਉੱਤੇ ਗਿਆਰਾਂ ਸਿਰਾਂ ਵਾਲੀ ਉਸ ਕੁੜੀ ਦਾ ਬੁੱਤ ਸਾੜਨ ਦਾ ਐਲਾਨ ਕੀਤਾ ਸੀ, ਜਿਸ ਉੱਤੇ ਹਨੀਮੂਨ ਦੇ ਦਿਨਾਂ ਵਿੱਚ ਆਪਣੇ ਪਤੀ ਦਾ ਕਤਲ ਕਰਵਾਉਣ ਦਾ ਦੋਸ਼ ਲਗਦਾ ਸੀ। ਉਸ ਕੁੜੀ ਨੇ ਇੱਦਾਂ ਕੀਤਾ ਸੀ ਤਾਂ ਗਲਤ ਕੀਤਾ ਸੀ, ਪਰ ਇਸ ਦੇਸ਼ ਵਿੱਚ ਹਰ ਮਹੀਨੇ ਦੋ-ਚਾਰ ਘਟਨਾਵਾਂ ਵਿਆਹ ਦੇ ਇੱਕ ਮਹੀਨਾ ਵੀ ਬੀਤਣ ਤੋਂ ਪਹਿਲਾਂ ਕੁੜੀ ਨੂੰ ਸਹੁਰੇ ਪਰਿਵਾਰ ਜਾਂ ਪਤੀ ਵੱਲੋਂ ਮਾਰ ਦੇਣ ਦੀਆਂ ਵਾਪਰਦੀਆਂ ਹਨ, ਉਨ੍ਹਾਂ ਜੁਰਮਾਂ ਦੇ ਦੋਸ਼ੀਆਂ ਦੇ ਪੁਤਲੇ ਕਦੀ ਕਿਸੇ ਨੇ ਨਹੀਂ ਸਾੜੇ। ਭਾਰਤ ਦੀ ਰਾਜਧਾਨੀ ਦਿੱਲੀ ਔਰਤਾਂ ਦੇ ਖਿਲਾਫ ਜੁਰਮਾਂ ਦੇ ਮਾਮਲੇ ਵਿੱਚ ਸਭ ਤੋਂ ਮੋਹਰੀ ਜਾਪਦੀ ਹੈ। ਨਿਰਭੈਆ ਕਾਂਡ ਉੱਥੇ ਵਾਪਰਿਆ ਸੀ, ਤੰਦੂਰ ਕਾਂਡ ਵੀ ਦਿੱਲੀ ਵਿੱਚ ਵਾਪਰਿਆ, ਜਿਸ ਵਿੱਚ ਇੱਕ ਯੂਥ ਲੀਡਰ ਨੇ ਆਪਣੀ ਪ੍ਰੇਮਿਕਾ ਨੂੰ ਤੰਦੂਰ ਵਿੱਚ ਟੋਟੇ ਕਰ-ਕਰ ਭੁੰਨਿਆ ਸੀ। ਤਾਮਰਿੰਡ ਕੋਰਟ ਨਾਂਅ ਦੇ ਰੈਸਟੋਰੈਂਟ ਵਿੱਚ ਕਾਊਂਟਰ ਉੱਤੇ ਖੜੋਤੀ ਡਿਊਟੀ ਕਰ ਰਹੀ ਜੈਸਿਕਾ ਲਾਲ ਨਾਂਅ ਦੀ ਕੁੜੀ ਦੇ ਮੱਥੇ ਵਿਚਕਾਰ ਪਿਸਤੌਲ ਦੀ ਨਾਲੀ ਰੱਖ ਕੇ ਇੱਕ ਮੰਤਰੀ ਦੇ ਪੁੱਤਰ ਅਤੇ ਰਾਸ਼ਟਰਪਤੀ ਦੇ ਦੋਹਤੇ ਨੇ ਗੋਲੀ ਮਾਰ ਕੇ ਕਤਲ ਕੀਤਾ ਸੀ, ਉਨ੍ਹਾਂ ਵਿੱਚੋਂ ਕਿਸੇ ਇੱਕ ਦਾ ਵੀ ਬੁੱਤ ਸਾੜਨ ਦਾ ਕਿਸੇ ਨੇ ਕਦੀ ਐਲਾਨ ਨਹੀਂ ਕੀਤਾ। ਇੱਕ ਕੁੜੀ ਦਾ ਨਾਂਅ ਹਨੀਮੂਨ ਦੌਰਾਨ ਆਪਣੇ ਪਤੀ ਦੇ ਕਤਲ ਵਿੱਚ ਆ ਗਿਆ ਤਾਂ ਉਸ ਨੂੰ ਰਾਵਣ ਦੀ ਭੈਣ ਸਰੂਪਨਖਾ ਆਖਣ ਤੇ ਉਸਦੇ ਬੁੱਤ ਸਾੜਨ ਦਾ ਐਲਾਨ ਸੁਣਨ ਨੂੰ ਮਿਲ ਗਿਆ। ਇੱਦਾਂ ਹੁੰਦਾ ਜੇ ਹਾਈ ਕੋਰਟ ਨਾ ਰੋਕਦੀ ਤਾਂ ਪਰੰਪਰਾ ਬਣ ਜਾਣਾ ਸੀ।
ਹੱਦ ਤਾਂ ਇਹ ਹੈ ਕਿ ਸਾਡੇ ਲੋਕਾਂ ਦੀ ਇਹੋ ਸੋਚ ਵਿਦੇਸ਼ਾਂ ਵਿੱਚ ਜਾ ਕੇ ਵੀ ਕਾਇਮ ਰਹਿੰਦੀ ਹੈ ਅਤੇ ਪੰਜਾਬੀ ਦਾ ਇਹ ਅਖਾਣ ਕਿ ‘ਲਾਹੌਰ ਦੇ ਬੁੱਧੂ, ਪਸ਼ੌਰ ਵੀ ਬੁੱਧੂ’ ਸੱਚ ਸਾਬਤ ਹੁੰਦਾ ਰਹਿੰਦਾ ਹੈ। ਪਹਿਲਾਂ ਯੂਰਪ ਦੇ ਦੇਸ਼ਾਂ ਤੋਂ ਖਬਰਾਂ ਆਈਆਂ ਸਨ ਕਿ ਉੱਥੋਂ ਦੇ ਅੰਕੜੇ ਦੱਸਦੇ ਹਨ ਕਿ ਭਾਰਤੀ ਅਤੇ ਪਾਕਿਸਤਾਨੀ ਪਰਵਾਸੀਆਂ ਦੇ ਘਰ ਧੀਆਂ ਬਹੁਤ ਘੱਟ ਪੈਦਾ ਹੁੰਦੀਆਂ ਹਨ ਅਤੇ ਇਸ਼ਾਰਾ ਕੀਤਾ ਗਿਆ ਸੀ ਕਿ ਭਰੂਣ ਪਰਖ ਦੇ ਬਾਅਦ ਗਰਭਪਾਤ ਕਰਵਾਏ ਜਾਂਦੇ ਹਨ। ਬਹੁਤ ਸਾਰੇ ਪੰਜਾਬੀ ਲੋਕ, ਭਾਰਤੀ ਵੀ ਅਤੇ ਪਾਕਿਸਤਾਨੀ ਵੀ, ਇਹ ਕਹਿਰ ਕਮਾਉਣ ਲਈ ਆਪਣੇ ਦੇਸ਼ ਵੱਲ ਉਚੇਚਾ ਚੱਕਰ ਵੀ ਲਾਉਂਦੇ ਹਨ ਅਤੇ ਜਿੰਨਾ ਚਾਹੇ ਲੁਕਾ ਕੇ ਰੱਖਦੇ ਰਹਿਣ, ਕਾਨੂੰਨੀ ਜਕੜ ਵਿੱਚ ਆਉਣ ਤੋਂ ਤਾਂ ਉਹ ਬਚ ਸਕਦੇ ਹਨ, ਆਪਣੇ ਜਾਂ ਉਸ ਦੇਸ਼ ਦੇ ਸਮਾਜ ਦੀਆਂ ਨਜ਼ਰਾਂ ਤੋਂ ਨਹੀਂ ਬਚ ਸਕਦੇ। ਉਨ੍ਹਾਂ ਵਿੱਚ ਇਹ ਪਾਪ ਕਮਾਉਣ ਦੀ ਕੁਰੀਤੀ ਵੀ ਭਾਰਤੀ ਸਮਾਜ ਦੀ ਦੇਣ ਹੈ, ਜਿਸ ਨੂੰ ਭਾਰਤ ਦੀ ਕੇਂਦਰ ਵਾਲੀ ਸਰਕਾਰ ਜਾਂ ਰਾਜ ਸਰਕਾਰਾਂ ਰੋਕਣ ਲਈ ਖਾਸ ਤਰੱਦਦ ਨਹੀਂ ਕਰਦੀਆਂ ਅਤੇ ਅਦਾਲਤਾਂ ਵਿੱਚ ਵੀ ਇਸਦਾ ਚਲਾਵਾਂ ਜਿਹਾ ਜ਼ਿਕਰ ਹੋ ਕੇ ਰਹਿ ਜਾਂਦਾ ਹੈ। ਇਹੋ ਜਿਹੇ ਹਾਲਾਤ ਦੇ ਕਾਰਨ ਜਿਹੜੀ ਮਾਨਸਿਕਤਾ ਸਾਡੇ ਸਮਾਜ ਵਿੱਚ ਬਣਦੀ ਰਹਿੰਦੀ ਹੈ, ਉਸ ਵਿੱਚ ਇੱਕ ਕੁੜੀ ਦਾ ਕੀਤਾ ਪਾਪ ਭਾਰਤ ਵਿੱਚ ਜੰਮੀ ਜਾਂ ਭਵਿੱਖ ਵਿੱਚ ਜੰਮਣ ਵਾਲੀ ਹਰ ਕੁੜੀ ਲਈ ਬਦਨਾਮੀ ਦਾ ਟਿੱਕਾ ਸਮਝਿਆ ਜਾਂਦਾ ਹੈ, ਪਰ ਇਹੋ ਜਿਹੇ ਬੰਦੇ ਦਾ ਕੀਤਾ ਪਾਪ ਸਾਰੇ ਦੇਸ਼ ਜਾਂ ਸਮਾਜ ਦੇ ਬੰਦਿਆਂ ਲਈ ਕਾਲਖ ਦਾ ਕਾਰਨ ਕਦੇ ਬਣਦਾ ਨਹੀਂ ਦੇਖਿਆ ਜਾਂਦਾ।
ਅਸੀਂ ਅੱਜਕੱਲ੍ਹ ਭਾਰਤ ਵਿੱਚ ਧਰਮ ਦੇ ਨਾਂਅ ਉੱਤੇ ਉੱਬਲ ਰਹੀ ਇੱਕ ਖਾਸ ਤਰ੍ਹਾਂ ਦੀ ਮਾਨਸਿਕਤਾ ਦੇਖ ਰਹੇ ਹਾਂ ਕਿ ਇੱਥੇ ਧਰਮ ਪ੍ਰੀਰਵਰਤਨ ਨਹੀਂ ਹੋਣਾ ਚਾਹੀਦਾ। ਇਹ ਭਾਵਨਾ ਹਰ ਧਰਮ ਦੇ ਪ੍ਰਚਾਰਕਾਂ ਜਾਂ ਉਸ ਧਰਮ ਲਈ ਸਮਾਜੀ ਆਗੂ ਦਾ ਦਰਜਾ ਰੱਖਣ ਵਾਲਿਆਂ ਅੰਦਰ ਸਾਫ ਦਿਖਾਈ ਦਿੰਦੀ ਹੈ, ਪਰ ਇਹ ਵੀ ਦੋਹਰੀ ਮਾਨਸਿਕਤਾ ਹੈ। ਦੂਸਰੇ ਧਰਮ ਦਾ ਕੋਈ ਵਿਅਕਤੀ ਸਾਡੇ ਧਰਮ ਵਿੱਚ ਸ਼ਾਮਲ ਹੋ ਜਾਵੇ ਤਾਂ ਉਸਦਾ ਸਨਮਾਨ ਕੀਤਾ ਜਾਂਦਾ ਹੈ, ਪਰ ਸਾਡੇ ਧਰਮ ਵਿਚਲਾ ਕੋਈ ਵਿਅਕਤੀ ਦੂਸਰੇ ਧਰਮ ਵੱਲ ਜਾਣ ਦੀ ਇੱਛਾ ਵੀ ਪ੍ਰਗਟ ਕਰੇ ਤਾਂ ਸਾਨੂੰ ਲਾਲੀਆਂ ਚੜ੍ਹ ਜਾਂਦੀਆਂ ਹਨ। ਇਹ ਦੋਹਰੀ ਮਾਨਸਿਕਤਾ ਹਰ ਇਲਾਕੇ ਵਿੱਚ ਜਿਹੜਾ ਧਾਰਮਿਕ ਭਾਈਚਾਰਾ ਹੋਰਨਾਂ ਤੋਂ ਵੱਧ ਹੈ, ਉਸ ਵਿੱਚ ਵੱਧ ਹੁੰਦੀ ਹੈ ਅਤੇ ਜਿਨ੍ਹਾਂ ਦੀ ਗਿਣਤੀ ਘੱਟ ਹੁੰਦੀ ਹੈ, ਉਹ ਦੱਬੇ-ਘੁੱਟੇ ਜਿਹੇ ਹਰ ਮਾਮਲੇ ਵਿੱਚ ਭਾਣਾ ਮੰਨਣ ਦੀ ਗੱਲ ਕਹਿ ਕੇ ਚੁੱਪ ਰਹਿਣ ਵਿੱਚ ਭਲਾਈ ਮੰਨਦੇ ਹਨ। ਵੱਡਾ ਮਸਲਾ ਇਹ ਨਹੀਂ ਕਿ ਅਸੀਂ ਕਦੇ-ਕਦਾਈਂ ਕਿਸੇ ਦਲਿਤ ਪਿਛੋਕੜ ਦੇ ਸੀਨੀਅਰ ਆਗੂ ਨੂੰ ਦੇਸ਼ ਦਾ ਸੰਵਿਧਾਨਕ ਮੁਖੀ, ਰਾਸ਼ਟਰਪਤੀ ਬਣਾ ਲੈਂਦੇ ਹਾਂ ਜਾਂ ਕਿਸੇ ਇਸਤਰੀ ਨੂੰ ਇਹ ਦਰਜਾ ਦੇ ਲੈਂਦੇ ਹਾਂ, ਸਗੋਂ ਵੱਡਾ ਮੁੱਦਾ ਇਹ ਹੈ ਕਿ ਦਲਿਤਾਂ ਅਤੇ ਔਰਤਾਂ ਬਾਰੇ ਮਾਨਸਿਕਤਾ ਨਹੀਂ ਬਦਲੀ ਜਾ ਰਹੀ। ਇੰਨਾ ਕੁਝ ਹੋਈ ਜਾਂਦਾ ਹੈ, ਇਸਦੇ ਬਾਵਜੂਦ ਅਸੀਂ ਦੂਸਰੇ ਕੁਝ ਖਾਸ ਦੇਸ਼ਾਂ ਵਿੱਚ ਜਨੂੰਨੀ ਕਿਸਮ ਦੀ ਧਾਰਮਿਕਤਾ ਦਾ ਵਿਰੋਧ ਕਰਦੇ ਹਾਂ, ਸਾਡੇ ਭਾਰਤ ਅੰਦਰ ਇਹ ਸਭ ਕੁਝ ਚੱਲੀ ਜਾਵੇ ਤਾਂ ਸਾਨੂੰ ਇਸਦੇ ਨਾਲ ਕੋਈ ਫਰਕ ਹੀ ਨਹੀਂ ਪੈਂਦਾ ਜਾਪਦਾ। ਆਖਰ ਕਿਉਂ? ਕੀ ਇਹੋ ਉਹ ਲੋਕਤੰਤਰ ਹੈ, ਜਿਸਦਾ ਅਸੀਂ ਮਾਣ ਕਰਦੇ ਹਾਂ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (