“ਇੱਕ ਧਿਰ ਸਿਆਸਤ ਦੇ ਮੁਹਰੈਲ ਉਹ ਹਨ, ਜਿਹੜੇ ਰਾਜ ਕਰਦੇ ਹਨ ਅਤੇ ਦਾਅਵਾ ਕਰਦੇ ਹਨ ਕਿ ...”
(8 ਅਕਤੂਬਰ 2025)
ਪਿਛਲੇ ਦਿਨਾਂ ਵਿੱਚ ਭਾਰਤ ਵਿੱਚ ਬੈਠੇ ਆਗੂਆਂ ਅਤੇ ਬਾਹਰ ਗਏ ਭਾਰਤੀ ਆਗੂਆਂ ਦੇ ਭਾਸ਼ਣ ਅਸੀਂ ਬੜੇ ਗਹੁ ਨਾਲ ਪੜ੍ਹੇ ਅਤੇ ਵਿਚਾਰੇ ਹਨ। ਉਨ੍ਹਾਂ ਵਿੱਚੋਂ ਹਰ ਕੋਈ ਮਾਸੂਮ ਬਣਿਆ ਨਜ਼ਰ ਆਉਂਦਾ ਹੈ। ਇੱਦਾਂ ਲਗਦਾ ਹੈ ਕਿ ਭਾਰਤ ਅਤੇ ਭਾਰਤੀ ਲੋਕਾਂ ਦੀ ਤਰੱਕੀ ਦਾ ਜਿੰਨਾ ਫਿਕਰ ਇਸ ਆਗੂ ਦੇ ਦਿਲ ਵਿੱਚ ਹੈ, ਹੋਰ ਕਿਸੇ ਦੇ ਹੋ ਹੀ ਨਹੀਂ ਸਕਦਾ ਅਤੇ ਜੇ ਇਸਦੇ ਹੱਥ ਕਮਾਨ ਆ ਜਾਵੇ ਜਾਂ ਜੇ ਇਸ ਵੇਲੇ ਸੱਤਾਧਾਰੀ ਹੈ ਤਾਂ ਇਸਦੇ ਹੱਥ ਵਿੱਚ ਕਮਾਨ ਰਹੀ ਤਾਂ ਭਾਰਤ ਦੁਨੀਆ ਦਾ ਨੰਬਰ ਇੱਕ ਕੁਝ ਹੀ ਦਿਨਾਂ ਵਿੱਚ ਬਣਾਇਆ ਹੋਵੇਗਾ। ਐਵੇਂ ਕਹਿਣ ਦੀ ਗੱਲ ਹੈ। ਉਰਦੂ ਦਾ ਮੁਹਾਵਰਾ ਇਹ ਹੈ ਕਿ ‘ਯੇ ਬਾਜ਼ੂ ਮੇਰੇ ਆਜ਼ਮਾਏ ਹੂਏ ਹੈਂ।’ ਇਨ੍ਹਾਂ ਸਬਜ਼-ਬਾਗ ਵਿਖਾਉਣ ਵਾਲੇ ਸਾਰੇ ਆਗੂਆਂ ਦਾ ਤਜਰਬਾ ਭਾਰਤ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਹੋ ਚੁੱਕਾ ਹੈ ਅਤੇ ਮਨਾਂ ਵਿੱਚ ਇਹ ਗੰਢ ਬੱਝੀ ਹੋਈ ਹੈ ਕਿ ਜਿਸਦੇ ਵੀ ਹੱਥ ਵਿੱਚ ਇੱਕ ਵਾਰੀ ਭਾਰਤ ਦੀ ਵਾਗ ਆ ਗਈ, ਜਿੱਦਾਂ ਬੀਤੇ ਸਮੇਂ ਵਿੱਚ ਕਿਸੇ ਨੇ ਭਲੀ ਨਹੀਂ ਗੁਜ਼ਾਰੀ, ਅੱਗੋਂ ਵੀ ਕਿਸੇ ਨੇ ਨਹੀਂ ਗੁਜ਼ਾਰਨੀ।
ਇੱਕ ਧਿਰ ਸਿਆਸਤ ਦੇ ਮੁਹਰੈਲ ਉਹ ਹਨ, ਜਿਹੜੇ ਰਾਜ ਕਰਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਉਹ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਵਾਲੇ ਹਨ ਤੇ ਸਭ ਤੋਂ ਵੱਡੇ ਲੋਕਤੰਤਰ ਦੀ ਅਗਵਾਈ ਯੋਗਤਾ ਨਾਲ ਕਰ ਰਹੇ ਹਨ। ਅਗਵਾਈ ਤਾਂ ਉਹ ਕਰ ਰਹੇ ਹਨ, ਪਰ ਯੋਗਤਾ ਬਾਰੇ ਉੱਠਦੇ ਸਵਾਲਾਂ ਦਾ ਜਵਾਬ ਨਾ ਕਦੀ ਕਿਸੇ ਨੇ ਦਿੱਤਾ ਹੈ ਤੇ ਨਾ ਦੇਸ਼ ਦੇ ਕਿਸੇ ਨਾਗਰਿਕ ਦੀ ਇੱਦਾਂ ਦੀ ਹਿੰਮਤ ਹੋ ਸਕਦੀ ਹੈ ਕਿ ਉਨ੍ਹਾਂ ਨੂੰ ਜਵਾਬ ਦੇਣ ਲਈ ਕਟਹਿਰੇ ਵਿੱਚ ਖੜ੍ਹਾ ਕਰ ਸਕੇ। ਦੇਸ਼ ਦੀ ਪਾਰਲੀਮੈਂਟ ਵਿੱਚ ਰਸਮ-ਪੂਰਤੀ ਵਰਗੇ ਸੈਸ਼ਨਾਂ ਦੌਰਾਨ ਮਾੜੀ-ਮੋੜੀ ਗੱਲ ਚੱਲ ਪੈਂਦੀ ਹੈ ਤਾਂ ਜਿਸ ਕਿਸੇ ਮੈਂਬਰ ਵੱਲੋਂ ਕਦੇ ਸਵਾਲ ਚੁੱਕਿਆ ਜਾਂਦਾ ਹੈ, ਉਹ ਹਾਊਸ ਦੀ ਬਹੁ-ਗਿਣਤੀ ਵਾਲਿਆਂ ਦੇ ਨਿਸ਼ਾਨੇ ਉੱਤੇ ਆ ਜਾਂਦਾ ਹੈ। ਫਿਰ ਹਾਊਸ ਵਿੱਚ ਹੀ ਨਹੀਂ, ਜਨਤਕ ਜੀਵਨ ਵਿੱਚ ਵੀ ਉਸ ਨੂੰ ਜ਼ਲੀਲ ਕਰਨ ਦੀ ਖੇਡ ਸ਼ੁਰੂ ਹੋ ਜਾਂਦੀ ਹੈ ਅਤੇ ਅੰਤ ਵਿੱਚ ਉਹ ਸ਼ਸ਼ੀ ਥਰੂਰ ਜਾਂ ਪੀ. ਚਿਦੰਬਰਮ ਵਾਲੀ ਸੜਕ ਉੱਤੇ ਪੈਣ ਵਾਸਤੇ ਰਾਹ ਲੱਭਣ ਲਗਦਾ ਹੈ। ਸ਼ਸ਼ੀ ਥਰੂਰ ਨੂੰ ਲੋਕ ਭਾਜਪਾ ਨਾਲ ਆਢਾ ਲੈਣ ਵਾਲਾ ਦਲੀਲ ਦਾ ਧਨੀ ਆਗੂ ਮੰਨਦੇ ਹੁੰਦੇ ਸਨ, ਜਦੋਂ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਠ ਕਰੋੜ ਦੀ ਗਰਲ ਫਰੈਂਡ ਵਾਲਾ ਆਗੂ ਕਹਿ ਦਿੱਤਾ ਤਾਂ ਰਾਜ ਕਰਦੀ ਪਾਰਟੀ ਦੇ ਮੁਹਿੰਮਬਾਜ਼ਾਂ ਨੂੰ ਸੰਦੇਸ਼ ਚਲਾ ਗਿਆ ਤੇ ਉਸਦੇ ਬਾਅਦ ਚੱਲੀ ਸਰਗਰਮੀ ਨੇ ਉਸ ਨੂੰ ਲੀਹ ਤੋਂ ਲਾਹ ਦਿੱਤਾ। ਪਹਿਲਾਂ ਉਸਨੇ ਕਾਂਗਰਸ ਪਾਰਟੀ ਦੇ ਨੁਕਸ ਗਿਣਾਉਣ ਦਾ ਕੰਮ ਅਰੰਭ ਕੀਤਾ, ਫਿਰ ਕਾਂਗਰਸ ਮੁਕਾਬਲੇ ਭਾਜਪਾ ਰਾਜ ਦੀਆਂ ਪ੍ਰਾਪਤੀਆਂ ਗਿਣਾਉਣ ਲੱਗ ਪਿਆ ਅਤੇ ਅੰਤ ਉਹ ਪੂਰੀ ਤਰ੍ਹਾਂ ਭਾਜਪਾਈ ਰੰਗ ਵਿੱਚ ਰੰਗਿਆ ਦਿਸਣ ਲੱਗ ਪਿਆ। ਇਸ ਪਿੱਛੋਂ ਭਾਜਪਾ ਉਸਦੇ ਖਿਲਾਫ ਬੋਲਣ ਦਾ ਫਰੰਟ ਸਮੇਟ ਕੇ ਵਿਹਲੀ ਹੋ ਗਈ ਅਤੇ ਕਾਂਗਰਸ ਵਾਲਿਆਂ ਨਾਲ ਉਸਦਾ ਨਿੱਤ ਦਾ ਆਢਾ ਲੱਗਣ ਲੱਗ ਪਿਆ ਹੈ।
ਪਿਛਲੇ ਹਫਤੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਅਚਾਨਕ ਕਾਂਗਰਸ ਪਾਰਟੀ ਦੇ ਨੁਕਸ ਗਿਣਨ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਇੱਥੋਂ ਤਕ ਕਹਿ ਦਿੱਤਾ ਕਿ ਮੁੰਬਈ ਵਿੱਚ ਹੋਏ ਅੱਜ ਤਕ ਦੇ ਸਭ ਤੋਂ ਵੱਡੇ ਅੱਤਵਾਦੀ ਹਮਲੇ ਵੇਲੇ ਉਹ ਪਾਕਿਸਤਾਨ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ, ਪਰ ਕਾਂਗਰਸ ਸਰਕਾਰ ਨੇ ਇਹ ਕੰਮ ਕਰਨ ਨਹੀਂ ਸੀ ਦਿੱਤਾ। ਉਹ ਇਹ ਗੱਲ ਕਹੀ ਜਾਂਦਾ ਹੈ ਕਿ ਉਦੋਂ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਮਰੀਕਾ ਤੋਂ ਡਰਦਾ ਸੀ ਅਤੇ ਭਾਰਤ ਦੇ ਲੋਕਾਂ ਵਿੱਚ ਪਤਾ ਨਹੀਂ ਕਿੰਨੇ ਇਸਦੀ ਹਕੀਕਤ ਜਾਣਦੇ ਹਨ ਕਿ ਚਿਦੰਬਰਮ ਦੀ ਸਬਕ ਸਿਖਾਉਣ ਜੋਗੀ ਉਦੋਂ ਔਕਾਤ ਹੀ ਨਹੀਂ ਸੀ। ਗਵਾਂਢੀ ਦੇਸ਼ ਨਾਲ ਟੱਕਰ ਹੀ ਲੈਣੀ ਹੋਵੇ ਤਾਂ ਪਹਿਲਾ ਕੰਮ ਪ੍ਰਧਾਨ ਮੰਤਰੀ ਦਾ ਹੈ, ਜਿਸਨੇ ਫੈਸਲਾ ਲੈਣਾ ਹੁੰਦਾ ਹੈ, ਦੂਸਰਾ ਜ਼ਿੰਮਾ ਰੱਖਿਆ ਮੰਤਰੀ ਦਾ ਹੁੰਦਾ ਹੈ, ਜਿਸਦੀ ਕਮਾਂਡ ਹੇਠੋਂ ਫੌਜ ਦੇ ਤਿੰਨੇ ਅੰਗ ਇਸ ਜੰਗ ਵਿੱਚ ਝੋਕੇ ਜਾਂਦੇ ਹਨ ਤੇ ਤੀਸਰਾ ਜ਼ਿੰਮਾ ਵਿਦੇਸ਼ ਮੰਤਰੀ ਦਾ ਹੁੰਦਾ ਹੈ, ਜਿਸਨੇ ਭਾਰਤ ਦੀ ਕਾਰਵਾਈ ਨੂੰ ਦੁਨੀਆ ਸਾਹਮਣੇ ਜਾਇਜ਼ ਠਹਿਰਾਉਣਾ ਅਤੇ ਯੂ ਐੱਨ ਓ ਵਿੱਚ ਉੱਠਦੇ ਸਵਾਲਾਂ ਦਾ ਜਵਾਬ ਦੇਣਾ ਹੁੰਦਾ ਹੈ। ਉਸ ਵਕਤ ਚਿਦੰਬਰਮ ਕੋਲ ਨਾ ਪ੍ਰਧਾਨ ਮੰਤਰੀ ਦਾ ਅਹੁਦਾ ਸੀ, ਨਾ ਰੱਖਿਆ ਮੰਤਰੀ ਜਾਂ ਵਿਦੇਸ਼ ਮੰਤਰੀ ਦਾ, ਉਹ ਭਾਰਤ ਦਾ ਗ੍ਰਹਿ ਮੰਤਰੀ ਸੀ, ਜਿਸ ਕੋਲ ਇਸ ਦੇਸ਼ ਦੀ ਅੰਦਰੂਨੀ ਸੁਰੱਖਿਆ ਅਤੇ ਅਮਨ-ਕਾਨੂੰਨ ਦੀ ਜ਼ਿੰਮੇਵਾਰੀ ਹੁੰਦੀ ਹੈ। ਉਸਦੇ ਕਹਿਣ ਉੱਤੇ ਪੁਲਿਸ ਨੇ ਪਾਕਿਸਤਾਨ ਵਿੱਚ ਹਮਲਾ ਕਰਨ ਨਹੀਂ ਸੀ ਚਲੀ ਜਾਣਾ ਤੇ ਜਿਸ ਫੌਜ ਨੇ ਜੰਗ ਲੜਨੀ ਸੀ, ਉਸਦਾ ਮੰਤਰੀ ਏ ਕੇ ਅੰਟੋਨੀ ਹੁੰਦਾ ਸੀ, ਫਿਰ ਚਿਦੰਬਰਮ ਨੇ ਪਾਕਿਸਤਾਨ ਨੂੰ ਸਬਕ ਕਾਹਦੇ ਨਾਲ ਸਿਖਾਉਣਾ ਸੀ! ਜੇ ਉਹ ਇੱਡਾ ਕੰਮ ਕੋਈ ਕਰ ਨਹੀਂ ਸਕਦਾ ਸੀ ਤਾਂ ਫੋਕੀ ਫੜ੍ਹ ਮਾਰਨ ਲਈ ਉਸਨੇ ਇਹ ਗੱਲ ਕਿਉਂ ਕਹੀ? ਇਹ ਵੀ ਵੱਡਾ ਸਵਾਲ ਹੈ।
ਅਸਲ ਵਿੱਚ ਚਿਦੰਬਰਮ ਜਦੋਂ ਭਾਰਤ ਦਾ ਖਜ਼ਾਨਾ ਮੰਤਰੀ ਹੁੰਦਾ ਸੀ, ਉਸਦੀ ਪਤਨੀ ਕਾਰਪੋਰੇਟ ਘਰਾਣਿਆਂ ਦੇ ਇਨਕਮ ਟੈਕਸ ਦੇ ਕੇਸਾਂ ਵਿੱਚ ਵਕੀਲ ਵਜੋਂ ਪੇਸ਼ ਹੋਇਆ ਕਰਦੀ ਸੀ। ਸਾਰੀਆਂ ਗੱਲਾਂ ਬਾਰੇ ਭਾਜਪਾ ਆਗੂ ਜਾਣਦੇ ਸਨ ਅਤੇ ਜਦੋਂ ਉਨ੍ਹਾਂ ਦੀ ਸਰਕਾਰ ਬਣ ਗਈ ਤਾਂ ਉੱਤਰ ਪੂਰਬੀ ਰਾਜਾਂ ਵਿੱਚ ਜਿਹੜਾ ਸ਼ਾਰਦਾ ਚਿੱਟ ਫੰਡ ਘੁਟਾਲਾ ਅਚਾਨਕ ਸਾਹਮਣੇ ਆਇਆ ਸੀ, ਉਸ ਵਿੱਚ ਚਿਦੰਬਰਮ ਦੀ ਪਤਨੀ ਦਾ ਨਾਂਅ ਆਉਂਦਾ ਸੀ। ਜਿਹੜੇ ਸਿਆਸੀ ਆਗੂ ਇਸ ਘੋਟਾਲੇ ਵਿੱਚ ਫਸ ਗਏ ਸਨ, ਉਨ੍ਹਾਂ ਵਿੱਚੋਂ ਬਹੁਤੇ ਫਿਰ ਭਾਜਪਾ ਆਗੂਆਂ ਦੇ ਚਰਨੀਂ ਜਾ ਲੱਗੇ ਅਤੇ ਭਾਜਪਾ ਵਾਲਿਆਂ ਨਾਲੋਂ ਵੱਧ ਕੱਟੜ ਹਿੰਦੂਤਵ ਦੇ ਪ੍ਰਚਾਰਕ ਬਣ ਜਾਣ ਕਾਰਨ ਉਨ੍ਹਾਂ ਦੇ ਕੇਸ ਠੱਪ ਹੋ ਗਏ ਅਤੇ ਨਾਲ ਚਿਦੰਬਰਮ ਦੀ ਪਤਨੀ ਦਾ ਕੇਸ ਵੀ ਸਰਗਰਮ ਜਾਂਚ ਤੋਂ ਲਾਂਭੇ ਕਰ ਦਿੱਤਾ ਗਿਆ। ਜਦੋਂ ਚਿਦੰਬਰਮ ਨੇ ਕੁਝ ਹੋਰ ਕੇਸਾਂ ਵਿੱਚ ਭਾਜਪਾ ਲੀਡਰਾਂ ਅਤੇ ਸਰਕਾਰ ਦੇ ਖਿਲਾਫ ਕੰਮ ਜਾਰੀ ਰੱਖਿਆ ਤਾਂ ਉਸਦੇ ਆਪਣੇ ਕੇਸਾਂ ਦੀਆਂ ਫਾਈਲਾਂ ਵੀ ਅਗਲਿਆਂ ਨੇ ਕਢਵਾ ਲਈਆਂ, ਜਿਸ ਪਿੱਛੋਂ ਇੱਕ ਦਿਨ ਅਚਾਨਕ ਉਹ ਗਾਇਬ ਹੋ ਗਿਆ। ਪਰ ਮਸਾਂ ਕੁਝ ਘੰਟੇ ਹੋਏ ਸਨ ਕਿ ਜਾਂਚ ਏਜੰਸੀਆਂ ਨੇ ਗਵਾਂਢ ਦੇ ਘਰ ਦੀ ਛੱਤ ਤੋਂ ਅੰਦਰ ਜਾ ਕੇ ਉਸ ਨੂੰ ਘਰ ਵਿੱਚ ਲੁਕੇ ਹੋਏ ਨੂੰ ਫੜ ਲਿਆਂਦਾ। ਚਾਰ ਕੁ ਦਿਨ ਆਪਣੇ ਨਾਲ ਧੱਕੇਸ਼ਾਹੀ ਹੋਣ ਦੀ ਦੁਹਾਈ ਪਾਉਣ ਪਿੱਛੋਂ ਉਹ ਚੁੱਪ ਕਰ ਗਿਆ ਅਤੇ ਫਿਰ ਇਸ ਹਫਤੇ ਅਚਾਨਕ ਬੋਲ ਪਿਆ ਅਤੇ ਇਸ ਵਾਰੀ ਉਹ ਰਾਜ ਕਰਦੀ ਧਿਰ ਦੇ ਖਿਲਾਫ ਨਹੀਂ, ਆਪਣੀ ਹੀ ਪਾਰਟੀ ਦੇ ਖਿਲਾਫ ਬੋਲਣ ਲੱਗ ਪਿਆ। ਹੈ ਨਾ ਹੈਰਾਨੀ ਦੀ ਗੱਲ!
ਇਸ ਚੱਕਰ ਦੌਰਾਨ ਜਦੋਂ ਕਾਂਗਰਸ ਦੇ ਬਹੁਤਾ ਬੋਲਣ ਵਾਲੇ ਲੀਡਰਾਂ ਵਿੱਚੋਂ ਇੱਕ-ਇੱਕ ਕਰ ਕੇ ਭਾਜਪਾ ਦੇ ਪੱਖ ਵਿੱਚ ਬੋਲਣ ਦੀ ਕਹਾਣੀ ਅੱਗੇ ਵਧਦੀ ਜਾਂਦੀ ਹੈ, ਕੁਝ ਲੋਕਾਂ ਨੇ ਕਹਿਣਾ ਅਰੰਭ ਕਰ ਦਿੱਤਾ ਹੈ ਕਿ ਕੋਈ ਕਿਤੇ ਵੀ ਚਲਾ ਜਾਵੇ, ਘੱਟੋ-ਘੱਟ ਰਾਹੁਲ ਗਾਂਧੀ ਤਾਂ ਦੇਸ਼ ਦੇ ਲੋਕਾਂ ਲਈ ਲੜਦਾ ਪਿਆ ਹੈ। ਇਹ ਵੀ ਭੁਲੇਖਾ ਹੈ। ਉਹ ਦੇਸ਼ ਦੇ ਲੋਕਾਂ ਵਾਸਤੇ ਨਹੀਂ, ਇਸ ਗੱਲ ਲਈ ਲੜ ਰਿਹਾ ਹੈ ਕਿ ਕਿਸੇ ਤਰ੍ਹਾਂ ਇੱਕ ਵਾਰੀ ਵੱਡੀ ਕੁਰਸੀ ਤਕ ਜਾ ਪਹੁੰਚੇ ਤੇ ਉਸਦੀ ਮਾਂ ਦੀ ਚਿਰੋਕਣੀ ਸੱਧਰ ਪੂਰੀ ਹੋ ਜਾਵੇ। ਅੱਜਕੱਲ੍ਹ ਰਾਹੁਲ ਗਾਂਧੀ ਨੂੰ ਦੇਸ਼ ਦੇ ਲੋਕ ਬਹੁਤ ਦੁਖੀ ਨਜ਼ਰ ਆਉਂਦੇ ਹਨ, ਪਰ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਵਕਤ ਜਦੋਂ ਪ੍ਰਧਾਨ ਮੰਤਰੀ ਦੇ ਕੋਲ ਫਾਈਲਾਂ ਫੋਲਣ ਤੋਂ ਵੱਧ ਅਧਿਕਾਰ ਹੀ ਕੋਈ ਨਹੀਂ ਸੀ ਜਾਪਦਾ, ਸਾਰੀ ਤਾਕਤ ਰਾਹੁਲ ਗਾਂਧੀ ਅਤੇ ਉਸਦੀ ਮਾਤਾ ਸੋਨੀਆ ਗਾਂਧੀ ਦੇ ਹੱਥ ਹੁੰਦੀ ਸੀ। ਉਦੋਂ ਉਸ ਨੂੰ ਲੋਕਾਂ ਦੇ ਦੁੱਖਾਂ ਦਾ ਕਦੀ ਖਿਆਲ ਹੀ ਨਹੀਂ ਆਇਆ। ਇੱਕ ਤੋਂ ਇੱਕ ਵੱਡੇ ਚੋਰ ਉਸਦੀ ਪਾਰਟੀ ਵਿੱਚ ਮੋਹਰਲੀ ਕਤਾਰ ਦੇ ਆਗੂ ਬਣੇ ਹੁੰਦੇ ਸਨ ਅਤੇ ਸ਼ਰੀਫ ਅਕਸ ਵਾਲੇ ਪ੍ਰਧਾਨ ਮੰਤਰੀ ਨੂੰ ਢਾਲ ਬਣਾ ਕੇ ਹਰ ਤਰ੍ਹਾਂ ਦਾ ਭ੍ਰਿਸ਼ਟਾਚਾਰ ਖੁੱਲ੍ਹੇ-ਆਮ ਹੋਈ ਜਾਂਦਾ ਸੀ। ਟੂ-ਜੀ ਟੈਲੀਕਾਮ ਸਕੈਂਡਲ ਕਾਂਗਰਸ ਦੀ ਹਕੂਮਤ ਦੇ ਉਸੇ ਰਾਜ ਦੌਰਾਨ ਵਾਪਰਿਆ ਸੀ, ਜਿਸਦਾ ਜ਼ਿੰਮਾ ਉਹ ਭਾਈਵਾਲ ਪਾਰਟੀ ਦੇ ਆਗੂਆਂ ਉੱਤੇ ਸੁੱਟ ਕੇ ਬਚ ਸਕਦਾ ਹੈ, ਪਰ ਕਾਮਨਵੈੱਲਥ ਦਾ ਘੁਟਾਲਾ ਤਾਂ ਸਾਰੇ ਦਾ ਸਾਰਾ ਰਾਹੁਲ ਗਾਂਧੀ ਦੀ ਪਾਰਟੀ ਦੀ ਇੱਕ ਮੁੱਖ ਮੰਤਰੀ ਤੇ ਇੱਕ ਕਾਂਗਰਸੀ ਕੇਂਦਰੀ ਮੰਤਰੀ ਦੀ ਖੇਡ ਹੋਣ ਦੀ ਗੱਲ ਸਾਰਾ ਭਾਰਤ ਜਾਣਦਾ ਹੈ। ਫਿਰ ਕੋਲੇ ਦੀਆਂ ਖਾਣਾਂ ਦੀ ਅਲਾਟਮੈਂਟ ਦਾ ਮਹਾਂ-ਸਕੈਂਡਲ ਵੀ ਉਸੇ ਸਰਕਾਰ ਵੇਲੇ ਵਾਪਰਿਆ ਅਤੇ ਰਾਹੁਲ ਗਾਂਧੀ ਨੇ ਰੋਕਣ ਦਾ ਕੋਈ ਯਤਨ ਨਹੀਂ ਸੀ ਕੀਤਾ। ਉਸਨੇ ਆਪਣੀ ਹੋਂਦ ਵਿਖਾਈ ਤਾਂ ਸਿਰਫ ਇਸ ਗੱਲ ਵਾਸਤੇ ਵਿਖਾਈ ਕਿ ਉਹ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕੁਝ ਨਹੀਂ ਸਮਝਦਾ। ਭਰੇ ਸਟੇਡੀਅਮ ਵਿੱਚ ਬੋਲਦੇ ਹੋਏ ਉਸਨੇ ਕਹਿ ਦਿੱਤਾ “ਲੋਕ ਪੁੱਛਦੇ ਹਨ ਕਿ ਰਾਹੁਲ ਜੀ, ਤੁਸੀਂ ਪ੍ਰਧਾਨ ਮੰਤਰੀ ਕਦੋਂ ਬਣੋਗੇ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਪ੍ਰਧਾਨ ਮੰਤਰੀ ਦਾ ਕੀ ਹੈ, ਉਹ ਤਾਂ ਮੈਂ ਅੱਜ ਰਾਤ ਤਕ ਬਣ ਸਕਦਾ ਹਾਂ।” ਇਹ ਕਹਿਣ ਦਾ ਅਰਥ ਸੀ ਕਿ ਆਹ ਜਿਹੜਾ ਪ੍ਰਧਾਨ ਮੰਤਰੀ ਤੁਹਾਡੇ ਸਾਹਮਣੇ ਬੈਠਾ ਹੈ, ਇਸਦਾ ਕੀ ਹੈ, ਇਸ ਨੂੰ ਮੈਂ ਸ਼ਾਮ ਤੋਂ ਪਹਿਲਾਂ ਉਠਾ ਕੇ ਉਸਦੀ ਥਾਂ ਆਪ ਕੁਰਸੀ ਉੱਤੇ ਵੀ ਬੈਠ ਸਕਦਾ ਹਾਂ। ਇਹ ਪ੍ਰਧਾਨ ਮੰਤਰੀ ਦੀ ਸਿੱਧੀ ਬੇਇੱਜ਼ਤੀ ਸੀ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸ਼ਰਾਫਤ ਸੀ ਕਿ ਉਹ ਬਰਦਾਸ਼ਤ ਕਰ ਗਏ, ਰਾਹੁਲ ਗਾਂਧੀ ਨੇ ਤਾਂ ਕੋਈ ਕਸਰ ਨਹੀਂ ਸੀ ਛੱਡੀ।
ਅੱਜ ਉਹ ਕਹਿ ਰਿਹਾ ਹੈ ਕਿ ਉਹ ਦੇਸ਼ ਦੇ ਲੋਕਾਂ ਲਈ ਬਹੁਤ ਫਿਕਰਮੰਦ ਹੈ, ਜਦੋਂ ਉਸਦੀ ਪਾਰਟੀ ਦੀ ਕਮਾਨ ਹੇਠ ਹਰ ਮਾੜੇ-ਚੰਗੇ ਬੰਦੇ ਨੂੰ ਮਨ-ਆਈਆਂ ਕਰਨ ਦੀ ਖੁੱਲ੍ਹ ਦੇ ਦਿੱਤੀ ਗਈ ਸੀ, ਉਨ੍ਹਾਂ ਸਾਰਿਆਂ ਦੀ ਪਹੁੰਚ ਧੁਰ ਉੱਤੇ ਤਕ ਦੱਸੀ ਜਾਂਦੀ ਸੀ ਤੇ ਇਸਦੇ ਗਲੀ-ਗਲੀ ਚਰਚੇ ਸਨ। ਉਦੋਂ ਰਾਹੁਲ ਨੇ ਕੁਝ ਨਹੀਂ ਸੀ ਕੀਤਾ। ਕਾਂਗਰਸ ਜਾਂ ਰਾਹੁਲ ਗਾਂਧੀ ਨੇ ਉਸ ਵੇਲੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵਾਲੀ ਧਰਮ-ਨਿਰਪੱਖਤਾ ਨੂੰ ਸੰਭਾਲ ਕੇ ਅੱਗੇ ਵਧਾਇਆ ਹੁੰਦਾ, ਅਸੂਲਾਂ ਅਤੇ ਮਰਯਾਦਾ ਦਾ ਖਿਆਲ ਰੱਖਿਆ ਹੁੰਦਾ, ਇੰਦਰਾ ਗਾਂਧੀ ਵਰਗੇ ਸਿਰੜ ਦਾ ਰੰਗ ਵਿਖਾਇਆ ਹੁੰਦਾ ਤਾਂ ਭਾਜਪਾ ਅੱਗੇ ਆ ਹੀ ਨਹੀਂ ਸੀ ਸਕਦੀ। ਭਾਜਪਾ ਅੱਗੇ ਆਈ ਹੈ ਤਾਂ ਕਾਂਗਰਸੀ ਲੀਡਰਾਂ ਦੀਆਂ ਗਲਤੀਆਂ ਅਤੇ ਚੁਸਤੀਆਂ ਕਾਰਨ ਆਈ ਹੈ ਅਤੇ ਜਿਨ੍ਹਾਂ ਦੇ ਕਾਰਨ ਆਈ ਹੈ, ਉਹ ਸ਼ਸ਼ੀ ਥਰੂਰ ਹੋਵੇ ਜਾਂ ਚਿਦੰਬਰਮ ਵਰਗਾ ਕੋਈ ਹੋਰ, ਅੱਜ ਉਹ ਮਾਸੂਮ ਬਣਦੇ ਨਜ਼ਰ ਆਉਂਦੇ ਹਨ। ਇਨ੍ਹਾਂ ਵਰਗੇ ਹੋਰ ਬਹੁਤ ਸਾਰੇ ਲੀਡਰ ਕਾਂਗਰਸ ਦੀ ਹਾਈ ਕਮਾਨ ਵਿੱਚ ਅੱਜ ਤਕ ਬੈਠੇ ਹੋਏ ਅਤੇ ਉੱਪਰ ਤੋਂ ਹੇਠਾਂ ਤਕ ਫੈਲੇ ਹੋਏ ਹਨ, ਪਰ ਪਾਰਟੀ ਦੀ ਹਿੰਮਤ ਨਹੀਂ ਕਿ ਕਿਸੇ ਇੱਕ ਦੇ ਪਰ ਵੀ ਕੁਤਰ ਸਕੇ। ਚੁਸਤੀਆਂ ਕਰਨ ਵਾਲੇ ਲੀਡਰ ਵੀ ਕਾਂਗਰਸ ਲੀਡਰਸ਼ਿੱਪ ਦੀ ਇਹ ਕਮਜ਼ੋਰੀ ਜਾਣਦੇ ਹਨ।
ਇਹੋ ਕਾਰਨ ਹੈ ਕਿ ਅੱਜ ਰਾਜ ਕਰਦੀ ਧਿਰ ਹੋਵੇ ਜਾਂ ਉਸ ਨੂੰ ਲਾਹ ਕੇ ਦੇਸ਼ ਦੀ ਸੇਵਾ ਦੀ ਗੱਲ ਕਹਿੰਦੇ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਹੋਰ ਛੋਟੇ-ਵੱਡੇ ਆਗੂ ਹੋਣ, ਇਨ੍ਹਾਂ ਵਿੱਚੋਂ ਕਿਸੇ ਵਿੱਚੋਂ ਵੀ ਦੇਸ਼ ਦੇ ਲੋਕਾਂ ਦੇ ਅਸਲੀ ਦਰਦ ਦੀ ਝਲਕ ਨਹੀਂ ਮਿਲਦੀ। ਇਹ ਸਿਰਫ ਚੋਗਾ ਖਿਲਾਰਨ ਵਾਲੇ ਹਨ, ਤਾਂ ਕਿ ਅਗਲੀਆਂ ਚੋਣਾਂ ਲਈ ਵੋਟਰਾਂ ਨੂੰ ਆਪਣੇ ਚੁਬਾਰੇ ਉੱਤੇ ਆਉਣ ਲਈ ਪ੍ਰੇਰਿਆ ਜਾ ਸਕੇ। ਉਹ ਇਹ ਗੱਲ ਨਹੀਂ ਜਾਣਦੇ ਕਿ ਰਾਜ ਕਰਦੀ ਧਿਰ ਉਨ੍ਹਾਂ ਤੋਂ ਤੇਜ਼ ਹੈ। ਕਰੀਬ ਪੌਣੀ ਸਦੀ ਰਾਜ ਕਰ ਚੁੱਕੀ ਕਾਂਗਰਸ ਪਾਰਟੀ ਨੂੰ ਜਿਨ੍ਹਾਂ ਨੇ ਦੇਸ਼ ਦੇ ਚੌਥਾ ਹਿੱਸਾ ਰਾਜਾਂ ਵਿੱਚ ਰਾਜ ਕਰਨ ਜੋਗੀ ਵੀ ਨਹੀਂ ਛੱਡਿਆ, ਉਹ ਇੰਨੇ ਕਮਜ਼ੋਰ ਨਹੀਂ ਕਿ ਰਾਹੁਲ ਗਾਂਧੀ ਦੇ ਚਾਰ ਨਾਅਰਿਆਂ ਨਾਲ ਉਨ੍ਹਾਂ ਦੀ ਸੱਤਾ ਕੰਬਣ ਲੱਗ ਜਾਵੇ। ਦੇਸ਼ ਦੇ ਲੋਕਾਂ ਨੂੰ ਜਦੋਂ ਰਾਜ ਕਰਦੀ ਧਿਰ ਵੀ ਆਸ ਬੰਨ੍ਹਾਉਣ ਵਾਲੀ ਨਹੀਂ ਦਿਸਦੀ ਤੇ ਉਸਦੀ ਥਾਂ ਲੈਣ ਲਈ ਯਤਨ ਕਰਦੀ ਕਾਂਗਰਸ ਵੀ ਕੋਈ ਆਸ ਦੀ ਝਲਕ ਨਹੀਂ ਵਿਖਾਉਣ ਜੋਗੀ ਤਾਂ ਉਹ ਵਿਚਾਰੇ ਮਾਸੀ ਕਿਸਦੀ ਮਾਂ ਨੂੰ ਆਖਣਗੇ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (