“ਦੂਸਰਾ ਪੱਖ ਕਾਂਗਰਸ ਹਾਈ ਕਮਾਨ ਦੇ ਵਿਹਾਰ ਦਾ ਹੈ। ਪ੍ਰਧਾਨ ਬੇਸ਼ਕ ਮਲਿਕਾਰਜੁਨ ਖੜਗੇ ਨੂੰ ਬਣਾਇਆ ਹੋਵੇ, ਪਾਰਟੀ ...”
(14 ਅਕਤੂਬਰ 2024)
ਅਕਤੂਬਰ ਦਾ ਪਹਿਲਾ ਹਫਤਾ ਅਸੀਂ ਭਾਰਤ ਦੇ ਦੋ ਉੱਤਰੀ ਰਾਜਾਂ, ਹਰਿਆਣਾ ਅਤੇ ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਕਰਾਉਣ ਦਾ ਇੱਕ ਹੋਰ ਤਜਰਬਾ ਹੁੰਦਾ ਵੇਖਿਆ ਹੈ। ਨਤੀਜਾ ਬੇਸ਼ਕ ਦੋਵਾਂ ਥਾਵਾਂ ਦਾ ਵੱਖੋ-ਵੱਖ ਨਿਕਲਿਆ ਹੈ, ਪਰ ਤਜਰਬਾ ਇੱਕੋ ਜਿਹੇ ਸਬਕ ਪੇਸ਼ ਕਰਨ ਵਾਲਾ ਕਿਹਾ ਜਾ ਸਕਦਾ ਹੈ। ਮਿਲਦਾ ਤਜਰਬਾ ਹੋਣ ਦੇ ਬਾਵਜੂਦ ਇੱਕ ਰਾਜ ਦੇ ਨਤੀਜੇ ਵਿੱਚ ਦੇਸ਼ ਦੀ ਕਮਾਨ ਸਾਂਭ ਰਹੀ ਭਾਰਤੀ ਜਨਤਾ ਪਾਰਟੀ ਮੋਰਚਾ ਜਿੱਤਣ ਵਿੱਚ ਸਫਲ ਰਹੀ, ਪਰ ਦੂਸਰੇ ਵਿੱਚ ਉਸ ਦੇ ਕਦਮ ਅੱਗੇ ਨਹੀਂ ਵਧ ਸਕੇ, ਕਈ ਪਾਪੜ ਵੇਲਣ ਦੇ ਬਾਵਜੂਦ ਸੱਤਾ ਤੋਂ ਵਾਂਝੀ ਰਹੀ ਹੈ। ਇਨ੍ਹਾਂ ਦੋ ਰਾਜਾਂ ਦੀਆਂ ਚੋਣਾਂ ਵਿੱਚ ਹੋਇਆ ਤਜਰਬਾ ਭਾਰਤੀ ਲੋਕਤੰਤਰ ਦੇ ਭਵਿੱਖ ਦੇ ਕਈ ਸੰਕੇਤ ਦੇਣ ਵਾਲਾ ਹੋ ਸਕਦਾ ਹੈ।
ਜਿਸ ਦਿਨ ਹਰਿਆਣੇ ਵਿੱਚ ਵੋਟਾਂ ਪੈ ਗਈਆਂ ਤੇ ਜੰਮੂ-ਕਸ਼ਮੀਰ ਵਿੱਚ ਵੋਟਾਂ ਦਾ ਆਖਰੀ ਗੇੜ ਨਿਪਟਿਆ, ਉਸੇ ਸ਼ਾਮ ਵੱਖ-ਵੱਖ ਚੈਨਲਾਂ ਅਤੇ ਏਜੰਸੀਆਂ ਨੇ ਆਪੋ-ਆਪਣੀਆਂ ਚੋਣ ਸਰਵੇਖਣ ਰਿਪੋਰਟਾਂ ਪੇਸ਼ ਕੀਤੀਆਂ ਤਾਂ ਦੋਵਾਂ ਰਾਜਾਂ ਵਿੱਚ ਭਾਜਪਾ ਹਾਰਦੀ ਪਈ ਸੀ। ਨਤੀਜਾ ਆਇਆ ਤਾਂ ਜੰਮੂ-ਕਸ਼ਮੀਰ ਵਿੱਚ ਭਾਜਪਾ ਸੱਚਮੁੱਚ ਪਛੜ ਗਈ ਅਤੇ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦਾ ਗਠਜੋੜ ਜਿੱਤ ਗਿਆ ਸੀ, ਪਰ ਹਰਿਆਣੇ ਵਿੱਚ ਜਿਹੜੀ ਕਾਂਗਰਸ ਨੂੰ ਨੱਬੇ ਸੀਟਾਂ ਵਿੱਚੋਂ ਸੱਠ ਜਾਂ ਇਸ ਤੋਂ ਵੱਧ ਸੀਟਾਂ ਮਿਲਦੀਆਂ ਦੱਸੀਆਂ ਗਈਆਂ, ਉਹ ਬੁਰੀ ਤਰ੍ਹਾਂ ਹਾਰ ਗਈ ਅਤੇ ਭਾਜਪਾ ਦੀ ਲਗਾਤਾਰ ਤੀਸਰੀ ਸਰਕਾਰ ਬਣਨ ਦਾ ਰਾਜ ਪੱਧਰਾ ਹੋ ਗਿਆ ਸੀ। ਕਾਂਗਰਸ ਚਾਲੀ ਸੀਟਾਂ ਤੋਂ ਵੀ ਹੇਠਾਂ ਰਹਿ ਗਈ ਅਤੇ ਉਸ ਨੂੰ ਪਛਾੜ ਕੇ ਭਾਜਪਾ ਅਠਤਾਲੀ ਸੀਟਾਂ ਲੈ ਗਈ। ਪਿਛਲੀ ਵਾਰੀ ਅੱਧੀਆਂ ਸੀਟਾਂ ਨਾ ਲੈ ਸਕਣ ਕਾਰਨ ਉਸ ਨੂੰ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ ਪੜਪੋਤੇ ਦੁਸ਼ਿਅੰਤ ਚੌਟਾਲਾ ਵੱਲੋਂ ਨਵੀਂ ਬਣਾਈ ਅਤੇ ਦਸ ਸੀਟਾਂ ਜਿੱਤ ਚੁੱਕੀ ਜਨਨਾਇਕ ਜਨਤਾ ਪਾਰਟੀ ਦੇ ਸਮਝੌਤੇ ਵਾਲੀ ਸਰਕਾਰ ਬਣਾਉਣੀ ਪਈ ਸੀ। ਉਸ ਸਮਝੌਤੇ ਹੇਠ ਦੁਸ਼ਿਅੰਤ ਚੌਟਾਲੇ ਨੂੰ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਦੇਣਾ ਪਿਆ ਸੀ, ਜਿਹੜਾ ਦਿੱਤਾ ਇਨ੍ਹਾਂ ਨੇ ਕੌੜ ਖਾ ਕੇ, ਪਰ ਅੰਤ ਨੂੰ ਉਸ ਅਹੁਦੇ ਆਸਰੇ ਦੁਸ਼ਿਅੰਤ ਨੂੰ ਨਾਲ ਜੋੜ ਕੇ ਪੰਜਾਂ ਸਾਲਾਂ ਵਿੱਚ ਇਸ ਤਰ੍ਹਾਂ ਪਿੰਜਿਆ ਕਿ ਉਸ ਦੇ ਪੱਲੇ ਹੀ ਕੁਝ ਨਹੀਂ ਰਹਿਣ ਦਿੱਤਾ। ਉਹ ਆਪਣੀ ਸੀਟ ਤੋਂ ਪੰਜਵੇਂ ਥਾਂ ਆਇਆ ਤੇ ਸਾਰੀ ਪਾਰਟੀ ਹੂੰਝੀ ਗਈ ਹੈ। ਉਸ ਦੇ ਦਾਦੇ ਓਮ ਪ੍ਰਕਾਸ਼ ਚੌਟਾਲਾ ਦੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਪਾਰਟੀ ਫਿਰ ਵੀ ਇਸ ਵਾਰੀ ਦੋ ਸੀਟਾਂ ਲੈ ਕੇ ਵਿਧਾਨ ਸਭਾ ਵਿੱਚ ਬਹਿਣ ਜੋਗੀ ਹੋ ਗਈ ਹੈ।
ਜੰਮੂ-ਕਸ਼ਮੀਰ ਵਿੱਚ ਨਤੀਜੇ ਸਰਵੇਖਣ ਦੇ ਨੇੜੇ-ਤੇੜੇ ਰਹੇ ਹਨ ਅਤੇ ਉਸ ਰਾਜ ਵਿੱਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੇ ਇੰਡੀਆ ਗਠਜੋੜ ਦੀ ਜਿੱਤ ਹੋਈ। ਜਿਸ ਤਰ੍ਹਾਂ ਹਰਿਆਣੇ ਵਿੱਚ ਭਾਜਪਾ ਨਾਲ ਗਠਜੋੜ ਬਣਾ ਕੇ ਦੁਸ਼ਿਅੰਤ ਚੌਟਾਲਾ ਦੀ ਪਾਰਟੀ ਰਗੜੀ ਗਈ, ਉਸੇ ਤਰ੍ਹਾਂ ਪੰਜ ਸਾਲ ਭਾਜਪਾ ਦੇ ਮੋਢੇ ਦਾ ਸਹਾਰਾ ਲੈ ਕੇ ਰਾਜ ਦਾ ਸੁਖ ਮਾਣਨ ਵਾਲੀ ਮਹਿਬੂਬਾ ਮੁਫਤੀ ਦੀ ਪੀ ਡੀ ਪੀ ਪਾਰਟੀ ਖੂੰਜੇ ਜਾ ਲੱਗੀ। ਦੋਵਾਂ ਰਾਜਾਂ ਵਿੱਚ ਨੱਬੇ-ਨੱਬੇ ਸੀਟਾਂ ਸਨ ਅਤੇ ਜਿੱਦਾਂ ਹਰਿਆਣੇ ਵਿੱਚ ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਨੂੰ ਮਸਾਂ ਦੋ ਸੀਟਾਂ ਮਿਲੀਆਂ, ਓਵੇਂ ਮਹਿਬੂਬਾ ਦੀ ਪਾਰਟੀ ਨੱਬੇ ਵਿੱਚੋਂ ਮਸਾਂ ਤਿੰਨ ਸੀਟਾਂ ਜਿੱਤ ਸਕੀ ਅਤੇ ਪਾਰਟੀ ਦੀ ਮੁਖੀ ਮਹਿਬੂਬਾ ਦੀ ਪਹਿਲੀ ਵਾਰ ਚੋਣ ਲੜਦੀ ਧੀ ਇਲਤਿਜ਼ਾ ਵੀ ਆਪਣੇ ਪਰਿਵਾਰਕ ਦਬਦਬੇ ਵਾਲੀ ਸੀਟ ਤੋਂ ਹਾਰ ਗਈ। ਕੇਂਦਰ ਦੀ ਭਾਜਪਾ ਸਰਕਾਰ ਨੇ ਪਹਿਲਾਂ ਤਿੰਨ ਸੌ ਸੱਤਰ ਧਾਰਾ ਤੋੜਨ ਦੇ ਨਾਲ ਉੱਥੋਂ ਦਾ ਪੂਰੇ ਰਾਜ ਦਾ ਦਰਜਾ ਤਕ ਖਤਮ ਕਰ ਕੇ ਉਸ ਨੂੰ ਕੇਂਦਰੀ ਪ੍ਰਦੇਸ਼ ਵਾਲੀ ਨੀਵੇਂ ਦਰਜੇ ਵਾਲੀ ਸੂਬੜੀ ਬਣਾ ਦਿੱਤਾ, ਫਿਰ ਇਸ ਨਾਲੋਂ ਇੱਕ ਹਿੱਸਾ ਛਾਂਗ ਕੇ ਉੱਥੇ ਲੱਦਾਖ ਨਾਂਅ ਦਾ ਇੱਦਾਂ ਦਾ ਨਵਾਂ ਕੇਂਦਰੀ ਰਾਜ ਬਣਾ ਧਰਿਆ। ਅਗਲੀ ਗੱਲ ਇਹ ਕਿ ਨਵੀਂ ਹੱਦਬੰਦੀ ਕਰਨ ਵੇਲੇ ਬਾਕੀ ਬਚਦੇ ਜੰਮੂ-ਕਸ਼ਮੀਰ ਦੀ ਵਿਧਾਨ ਸਭਾ ਦੀਆਂ ਨੱਬੇ ਸੀਟਾਂ ਨਾਲ ਨਵੀਂ ਗੱਲ ਜੋੜ ਦਿੱਤੀ ਕਿ ਲੈਫਟੀਨੈਂਟ ਗਵਰਨਰ ਆਪਣੀ ਮਰਜ਼ੀ ਦੇ ਦਸ ਮੈਂਬਰ ਇਸ ਵਿੱਚ ਨਾਮਜ਼ਦ ਕਰ ਸਕਦਾ ਹੈ, ਜਿਨ੍ਹਾਂ ਦਾ ਪੂਰਾ ਵੋਟ ਅਧਿਕਾਰ ਹੋਣ ਕਾਰਨ ਵਿਧਾਨ ਸਭਾ ਨੱਬੇ ਦੀ ਬਜਾਏ ਪਚੰਨਵੇਂ ਮੈਂਬਰਾਂ ਦੀ ਬਣਦੀ ਹੈ। ਨੈਸ਼ਨਲ ਕਾਨਫਰੰਸ ਦੀਆਂ ਬਤਾਲੀ ਤੇ ਕਾਂਗਰਸ ਦੀਆਂ ਛੇ ਸੀਟਾਂ ਨਾਲ ਅਠਤਾਲੀ ਹੁੰਦਿਆਂ ਭਾਵੇਂ ਪਚੰਨਵੇਂ ਸੀਟਾਂ ਦੀ ਅਸੈਂਬਲੀ ਵਿੱਚ ਬਹੁ-ਗਿਣਤੀ ਬਣਦੀ ਹੈ, ਉੱਥੇ ਸੀ ਪੀ ਆਈ (ਐੱਮ) ਦਾ ਆਗੂ ਯੂਸਫ ਤਾਰੀਗਾਮੀ ਇੱਕ ਵਾਰ ਫਿਰ ਚੋਣ ਜਿੱਤ ਗਿਆ ਅਤੇ ਉਹ ਭਾਜਪਾ ਨਾਲ ਨਹੀਂ ਜਾਣ ਵਾਲਾ, ਵਿਰੋਧੀ ਗਠਜੋੜ ਦਾ ਸਾਥ ਦੇਵੇਗਾ। ਆਮ ਆਦਮੀ ਪਾਰਟੀ ਦਾ ਉੱਥੇ ਪਹਿਲੀ ਵਾਰ ਜਿੱਤਿਆ ਵਿਧਾਇਕ ਵੀ ਉਨ੍ਹਾਂ ਨਾਲ ਰਹਿਣਾ ਹੈ। ਭਾਜਪਾ ਦਾ ਸਿਆਸੀ ਸੁਪਨਾ ਇਸ ਲਈ ਉਸ ਰਾਜ ਵਿੱਚ ਪੂਰਾ ਨਹੀਂ ਹੋ ਸਕਿਆ ਕਿ ਉਸ ਨਾਲ ਜੁੜਨ ਦੀ ਸੰਭਾਵਨਾ ਵਾਲੀ ਪੀ ਡੀ ਪੀ ਪਾਰਟੀ ਲੋਕਾਂ ਨੇ ਨੁੱਕਰੇ ਲਾ ਦਿੱਤੀ ਅਤੇ ਕੇਂਦਰ ਦੀਆਂ ਨੀਤੀਆਂ ਨੂੰ ਵੀ ਇਸ ਰਾਜ ਦੇ ਇੱਕ ਵੱਡੇ ਹਿੱਸੇ ਵਿੱਚ ਨਕਾਰਨ ਵਾਲਾ ਫਤਵਾ ਲੋਕਾਂ ਨੇ ਦੇ ਦਿੱਤਾ ਹੈ।
ਵਿਰੋਧੀ ਧਿਰਾਂ ਦਾ ਜਿਹੜਾ ਤਜਰਬਾ ਜੰਮੂ-ਕਸ਼ਮੀਰ ਵਿੱਚ ਸਫਲ ਰਿਹਾ, ਉਹ ਹਰਿਆਣੇ ਦੀਆਂ ਚੋਣਾਂ ਵਿੱਚ ਕਈ ਗੱਲਾਂ ਨਾਲ ਇਸ ਤੋਂ ਉਲਟ ਗਿਆ ਕਿਹਾ ਜਾ ਸਕਦਾ ਹੈ। ਇਨ੍ਹਾਂ ਵਿੱਚੋਂ ਪਹਿਲੀ ਗੱਲ ਹਰਿਆਣੇ ਦੇ ਕਾਂਗਰਸੀ ਲੀਡਰਾਂ ਦਾ ਹੱਦੋਂ ਵੱਧ ਭਰੋਸਾ ਸੀ ਕਿ ਇਸ ਵਾਰੀ ਅਸੀਂ ਜਿੱਤੇ ਪਏ ਹਨ, ਕਿਸੇ ਨਾਲ ਸਮਝੌਤਾ ਕਰਨ ਦੀ ਗੱਲ ਵੀ ਕਰਨ ਦੀ ਲੋੜ ਨਹੀਂ। ਨਤੀਜੇ ਆਏ ਤਾਂ ਕੁਝ ਸੀਟਾਂ ਕਾਂਗਰਸ ਇਸ ਲਈ ਹਾਰ ਗਈ ਪਤਾ ਲੱਗੀ ਕਿ ਉੱਥੇ ਮੁਕਾਬਲੇ ਉੱਤੇ ਆਮ ਆਦਮੀ ਪਾਰਟੀ ਦਾ ਬੰਦਾ ਖੜ੍ਹਾ ਸੀ ਤੇ ਉਹ ਚੋਖੀਆਂ ਵੋਟਾਂ ਲੈ ਗਿਆ ਸੀ। ਉਸ ਪਾਰਟੀ ਨੂੰ ਕਾਂਗਰਸ ਵਾਲੇ ਨਿਗੂਣੀ ਜਿਹੀ ਸੋਚਦੇ ਸਨ, ਪਰ ਕੁਝ ਸੀਟਾਂ ਉੱਤੇ ਉਸ ਦੇ ਉਮੀਦਵਾਰ ਦਸ ਤੇ ਪੰਦਰਾਂ ਹਜ਼ਾਰ ਤੋਂ ਵੱਧ ਵੋਟਾਂ ਲੈ ਗਏ ਅਤੇ ਇੱਕ ਸੀਟ ਉੱਤੇ ਚਾਲੀ ਹਜ਼ਾਰ ਨੂੰ ਵੀ ਟੱਪ ਗਏ ਸਨ। ਕਮਾਲ ਦੀ ਗੱਲ ਇਹ ਕਿ ਹਰਿਆਣੇ ਦੀ ਹਾਰ ਤੋਂ ਬਾਅਦ ਫਿਰ ਕਾਂਗਰਸ ਨੇ ਇਹ ਬਿਆਨ ਦਾਗ ਦਿੱਤਾ ਹੈ ਕਿ ਇੰਡੀਆ ਗਠਜੋੜ ਦੀਆਂ ਧਿਰਾਂ ਨਾਲ ਚੋਣ ਦਾ ਜੋੜ-ਤੋੜ ਕਰਨ ਦੀ ਨੀਤੀ ਉੱਤੇ ਨਵੇਂ ਸਿਰੇ ਤੋਂ ਵਿਚਾਰ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਨੇ ਵੀ ਇਹੋ ਗੱਲ ਕਹਿਣ ਵਿੱਚ ਦੇਰ ਨਹੀਂ ਕੀਤੀ ਤੇ ਅੱਗੋਂ ਲਈ ਦੁਵੱਲੇ ਨਵੇਂ ਆਪਸੀ ਆਢੇ ਦਾ ਰਾਹ ਖੋਲ੍ਹ ਕੇ ਭਾਜਪਾ ਲਈ ਭਵਿੱਖ ਦੇ ਰਾਹ ਖਾਲੀ ਕਰ ਦੇਣ ਦਾ ਇੱਕ ਅਣ-ਐਲਾਨਿਆ ਇਸ਼ਾਰਾ ਕਰ ਦਿੱਤਾ ਹੈ, ਪਰ ਆਪੋ ਆਪਣੀ ਪਾਰਟੀ ਦੀ ਹਾਰ ਬਾਰੇ ਉਹ ਲੇਖਾ-ਜੋਖਾ ਨਹੀਂ ਕੀਤਾ, ਜਿਸਦੀ ਬਹੁਤ ਸਾਰੇ ਉਨ੍ਹਾਂ ਦੇ ਸਮਰਥਕ ਅਤੇ ਹੋਰ ਵਰਗਾਂ ਦੇ ਲੋਕ ਵੀ ਉਨ੍ਹਾਂ ਕੋਲੋਂ ਤੀਬਰਤਾ ਨਾਲ ਆਸ ਕਰ ਰਹੇ ਸਨ।
ਆਮ ਆਦਮੀ ਪਾਰਟੀ ਘਾਟੇ ਵਿੱਚ ਰਹੀ ਨਹੀਂ ਕਹੀ ਜਾ ਸਕਦੀ, ਕਿਉਂਕਿ ਉਸ ਦੀ ਇੱਕ ਇੱਛਾ ਉਦੋਂ ਸਿਰੇ ਚੜ੍ਹ ਗਈ ਸੀ, ਜਦੋਂ ਗੁਜਰਾਤ ਦੀਆਂ ਕੁਝ ਸੀਟਾਂ ਜਿੱਤ ਜਾਣ ਨਾਲ ਦਿੱਲੀ, ਪੰਜਾਬ ਅਤੇ ਗੋਆ ਦੀਆਂ ਸੀਟਾਂ ਪਿੱਛੋਂ ਚੌਥੇ ਰਾਜ ਵਿੱਚ ਪ੍ਰਤੀਨਿਧਤਾ ਹੋਣ ਕਾਰਨ ਉਸ ਨੂੰ ਕੌਮੀ ਪਾਰਟੀ ਦਾ ਦਰਜਾ ਮਿਲ ਗਿਆ ਸੀ। ਹਰਿਆਣੇ ਵਿੱਚ ਹਾਰ ਹੋਣ ਵੇਲੇ ਉਸ ਨੂੰ ਜੰਮੂ-ਕਸ਼ਮੀਰ ਵਿੱਚ ਜਿਹੜੀ ਇੱਕ ਸੀਟ ਮਿਲ ਗਈ ਹੈ, ਉਸ ਨਾਲ ਪੰਜਵੇਂ ਰਾਜ ਵਿੱਚ ਝੰਡਾ ਗੱਡ ਚੁੱਕੀ ਹੈ ਤੇ ਕਿਸੇ ਚੋਣ ਵਿੱਚ ਕਿਸੇ ਇੱਕ ਰਾਜ ਵਿੱਚ ਭਾਂਡਾ ਖਾਲੀ ਵੀ ਰਹਿ ਗਿਆ ਤਾਂ ਚਾਰ ਰਾਜਾਂ ਦੀ ਸ਼ਰਤ ਉਹ ਪੂਰੀ ਕਰਦੀ ਰਹੇਗੀ ਤੇ ਕੌਮੀ ਪਾਰਟੀ ਦੇ ਦਰਜੇ ਨੂੰ ਕੋਈ ਖਤਰਾ ਨਹੀਂ ਹੋਵੇਗਾ। ਵੱਡੀ ਸੱਟ ਕਾਂਗਰਸ ਨੂੰ ਪਈ ਹੈ, ਜਿਸ ਨੂੰ ਹਰਿਆਣੇ ਵਿੱਚ ਇਸ ਵਾਰੀ ਸੱਤਾ ਮਿਲਣ ਦੀ ਝਾਕ ਸੀ, ਪਰ ਕੁਰਸੀ ਨੇੜੇ ਆਣ ਕੇ ਬਾਈਪਾਸ ਨਿਕਲ ਗਈ ਅਤੇ ਇਹ ਹੱਕੇ-ਬੱਕੇ ਰਹਿ ਗਏ ਹਨ। ਇਸਦੇ ਬਾਅਦ ਪਾਰਟੀ ਵਿੱਚ ਚੋਣਾਂ ਵਿੱਚ ਹੋਈ ਹਾਰ ਦੇ ਕਾਰਨਾਂ ਬਾਰੇ ਬਿਆਨਬਾਜ਼ੀ ਚੱਲ ਤੁਰੀ ਹੈ।
ਜਦੋਂ ਹਰਿਆਣੇ ਦੀ ਹਾਰ ਦਾ ਲੇਖਾ ਕਰਨ ਦਾ ਮੌਕਾ ਆਇਆ ਤਾਂ ਸਭ ਤੋਂ ਪਹਿਲਾ ਗੋਲਾ ਪਾਰਟੀ ਦੇ ਕੇਂਦਰ ਵਾਲੇ ਆਗੂ ਰਾਹੁਲ ਗਾਂਧੀ ਨੇ ਦਾਗਿਆ ਕਿ ਸਾਡੇ ਸੂਬਾਈ ਲੀਡਰ ਪਾਰਟੀ ਹਿਤਾਂ ਦੀ ਥਾਂ ਨਿੱਜੀ ਹਿਤਾਂ ਨੂੰ ਪਹਿਲ ਦੇਣ ਲੱਗੇ ਰਹੇ ਸਨ ਅਤੇ ਇਸੇ ਲਈ ਪਾਰਟੀ ਜਿੱਤ ਦੇ ਨੇੜੇ ਪਹੁੰਚ ਕੇ ਹਾਰ ਗਈ ਹੈ। ਉਸ ਦੀ ਇਹ ਗੱਲ ਬਿਲਕੁਲ ਠੀਕ ਹੈ ਅਤੇ ਸਾਰੀ ਦੁਨੀਆ ਜਾਣਦੀ ਹੈ ਕਿ ਚਲਦੀ ਚੋਣ ਦੌਰਾਨ ਵੀ ਹਰਿਆਣੇ ਦੇ ਦੋ ਲੀਡਰਾਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਉਸ ਦੀ ਮੁੱਖ ਵਿਰੋਧਣ ਕੁਮਾਰੀ ਸ਼ੈਲਜਾ ਦਾ ਮੁੱਖ ਮੰਤਰੀ ਦੀ ਕੁਰਸੀ ਲਈ ਆਢਾ ਲਗਾਤਾਰ ਲੱਗਾ ਰਿਹਾ ਸੀ। ਜਿਸ ਦਿਨ ਚੋਣਾਂ ਲਈ ਪ੍ਰਚਾਰ ਸ਼ਾਮ ਨੂੰ ਬੰਦ ਹੋਣਾ ਸੀ, ਉਸ ਦਿਨ ਵੀ ਦੋਵਾਂ ਧਿਰਾਂ ਦਾ ਜ਼ੋਰ ਵੋਟਰਾਂ ਵੱਲ ਜਾਣ ਦਾ ਸਮਾਂ ਦੇਣ ਦੀ ਥਾਂ ਸੋਨੀਆ ਗਾਂਧੀ ਦੇ ਘਰ ਜਾ ਕੇ ਇਹ ਤਰਲੇ ਮਾਰਨ ਉੱਤੇ ਲੱਗਾ ਸੁਣੀਂਦਾ ਸੀ ਕਿ ਕੁਰਸੀ ਸਿਰਫ ਉਸੇ ਨੂੰ ਦਿਉ। ਚੋਣ ਦਾ ਨਤੀਜਾ ਦੋਵਾਂ ਧਿਰਾਂ ਨੂੰ ਪੰਜ ਸਾਲ ਸੜਕਾਂ ਉੱਤੇ ਘੁੰਮਣ ਤੇ ਲੋਕਾਂ ਦੇ ਮਿਹਣੇ ਸੁਣਨ ਦਾ ਚੋਖਾ ਸਮਾਂ ਦੇ ਗਿਆ ਹੈ। ਦੋਵਾਂ ਆਗੂਆਂ ਦੇ ਆਢੇ ਦਾ ਹਾਲ ਇਹ ਹੈ ਕਿ ਇਨ੍ਹਾਂ ਵਿੱਚੋਂ ਇੱਕ ਜਣੇ ਦੇ ਪਿੰਡ ਤੋਂ ਕਾਂਗਰਸ ਪਿਛਲੀਆਂ ਤਿੰਨੇ ਚੋਣਾਂ ਦੌਰਾਨ ਭਾਜਪਾ ਤੋਂ ਵੱਧ ਵੋਟਾਂ ਲੈਂਦੀ ਰਹੀ, ਇਸ ਵਾਰੀ ਉਸ ਪਿੰਡ ਤੋਂ, ਮੁੱਖ ਮੰਤਰੀ ਦੀ ਕੁਰਸੀ ਦੇ ਦਾਅਵੇਦਾਰ ਦੇ ਆਪਣੇ ਪਿੰਡ ਤੋਂ ਭਾਜਪਾ ਨੂੰ ਉੱਨੀ ਸੌ ਨੇੜੇ ਵੋਟਾਂ ਮਿਲੀਆਂ ਅਤੇ ਕਾਂਗਰਸ ਮਸਾਂ ਨੌਂ ਸੌ ਲੈ ਸਕੀ ਹੈ। ਮੁੱਖ ਮੰਤਰੀ ਬਣਨ ਲਈ ਦੁੜੰਗੇ ਲਾਉਣ ਵਾਲੇ ਲੀਡਰ ਦੇ ਪਿੰਡੋਂ ਕਾਂਗਰਸ ਦੀਆਂ ਵੋਟਾਂ ਭਾਜਪਾ ਨਾਲੋਂ ਅੱਧੀਆਂ ਵੀ ਨਹੀਂ ਮਿਲੀਆਂ। ਸਾਫ ਹੈ ਕਿ ਵੋਟਰਾਂ ਨੇ ਇਹ ਫਤਵਾ ਦੇ ਦਿੱਤਾ ਹੈ ਕਿ ਇਹ ਲੋਕ ਚੋਣਾਂ ਹੋਣ ਤੋਂ ਪਹਿਲਾਂ ਹੀ ਜਦੋਂ ਇੱਦਾਂ ਦੀ ਖਿੱਚੋਤਾਣ ਵਿੱਚ ਫਸੇ ਫਿਰਦੇ ਹਨ ਤਾਂ ਜਿੱਤਣ ਪਿੱਛੋਂ ਵੀ ਭਲਾ ਨਹੀਂ ਕਰਨ ਵਾਲੇ, ਇਸ ਲਈ ਰਾਜ ਸੱਤਾ ਤੋਂ ਬਾਹਰ ਰੱਖੇ ਹੀ ਠੀਕ ਰਹਿਣਗੇ।
ਦੂਸਰਾ ਪੱਖ ਕਾਂਗਰਸ ਹਾਈ ਕਮਾਨ ਦੇ ਵਿਹਾਰ ਦਾ ਹੈ। ਪ੍ਰਧਾਨ ਬੇਸ਼ਕ ਮਲਿਕਾਰਜੁਨ ਖੜਗੇ ਨੂੰ ਬਣਾਇਆ ਹੋਵੇ, ਪਾਰਟੀ ਅੱਜ ਵੀ ਰਾਹੁਲ ਗਾਂਧੀ ਤੇ ਉਸ ਦੀ ਮਾਤਾ ਸੋਨੀਆ ਗਾਂਧੀ ਚਲਾਉਂਦੇ ਹਨ। ਉਨ੍ਹਾਂ ਦੀ ਨੀਤੀ ਬਹੁਤ ਚਿਰਾਂ ਤੋਂ ਇਹ ਰਹੀ ਹੈ ਕਿ ਹਰ ਰਾਜ ਵਿੱਚ ਵੱਡੇ ਲੀਡਰਾਂ ਦੇ ਦੋ ਜਾਂ ਤਿੰਨ ਧੜੇ ਕਾਇਮ ਰੱਖਣੇ ਹਨ, ਤਾਂ ਕਿ ਲੜਦੇ ਰਹਿਣ ਅਤੇ ਕੇਂਦਰ ਵਿੱਚ ਆ ਕੇ ਮੁੜ-ਮੁੜ ਉਸ ਘਰ ਦੀ ਸਰਦਲ ਉੱਤੇ ਮੱਥਾ ਰਗੜਦੇ ਰਿਹਾ ਕਰਨ। ਮੱਧ ਪ੍ਰਦੇਸ਼ ਵਿੱਚ ਕਮਲ ਨਾਥ ਅਤੇ ਜਿਉਤਿਰਾਦਿੱਤਿਆ ਸਿੰਧੀਆ ਜਾਂ ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਦੀ ਲੜਾਈ ਨੇ ਜਿਹੜੇ ਚੰਦ ਚੜ੍ਹਾਏ ਸਨ, ਉਨ੍ਹਾਂ ਦੀ ਅਗਲੀ ਵੰਨਗੀ ਹਰਿਆਣੇ ਵਿੱਚ ਵੇਖਣ ਨੂੰ ਮਿਲੀ ਹੈ। ਪੰਜਾਬ ਵਿੱਚ ਵੀ ਮੁੱਖ ਮੰਤਰੀ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਬਣਾਇਆ ਸੀ, ਪਰ ਪਹਿਲੀ ਵਾਰੀ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਉਸ ਦੇ ਖਿਲਾਫ ਕੁਝ ਨਾ ਕੁਝ ਕਰਨ ਦੀ ਸ਼ਹਿ ਦਿੰਦੇ ਰਹੇ ਅਤੇ ਦੂਸਰੀ ਵਾਰ ਮੁੱਖ ਮੰਤਰੀ ਬਣਿਆ ਤਾਂ ਉਸ ਨੂੰ ਤੰਗ ਕਰਦੇ ਰਹਿਣ ਲਈ ਨਵਜੋਤ ਸਿੰਘ ਸਿੱਧੂ ਨੂੰ ਇਹੋ ਜਿਹੀ ਸ਼ਹਿ ਦਿੰਦੇ ਰਹੇ ਸਨ। ਮੁਕਾਬਲਾ ਉਸ ਭਾਜਪਾ ਨਾਲ ਹੈ, ਜਿਸ ਵਿੱਚ ਫੌਜੀਆਂ ਵਰਗਾ ਡਿਸਿਪਲਿਨ ਹੈ ਅਤੇ ਕੋਈ ਉੱਤੋਂ ਆਏ ਹੁਕਮਾਂ ਖਿਲਾਫ ਕੁਝ ਬੋਲਣ ਦੀ ਜੁਰਅਤ ਨਹੀਂ ਕਰ ਸਕਦਾ। ਜਿਹੜੇ ਹਰਿਆਣੇ ਦੀ ਹਾਰ ਦੇ ਬਾਅਦ ਰਾਹੁਲ ਗਾਂਧੀ ਬਹੁਤ ਗੁੱਸੇ ਵਿੱਚ ਉੱਥੋਂ ਵਾਲੇ ਲੀਡਰਾਂ ਬਾਰੇ ਕੌੜਾ ਬੋਲਿਆ ਹੈ, ਜਦੋਂ ਚੱਲਦਾ ਚੋਣ ਪ੍ਰਚਾਰ ਛੱਡ ਕੇ ਉਹੋ ਲੋਕ ਦਿੱਲੀ ਵਿੱਚ ਕਾਂਗਰਸ ਦੀ ਅਸਲੀ ਹਾਈ ਕਮਾਨ ਮੰਨੇ ਜਾਂਦੇ ਮਾਂ-ਪੁੱਤਰ ਕੋਲ ਤਰਲੇ ਕਰਨ ਜਾਂਦੇ ਸਨ ਕਿ ਮੁੱਖ ਮੰਤਰੀ ਦੀ ਕੁਰਸੀ ਲਈ ਗੁਣਾ ਪਾ ਦਿਉ, ਉਦੋਂ ਰੋਕਣਾ ਚਾਹੀਦਾ ਸੀ। ਨਾ ਮਾਂ ਨੇ ਰੋਕਿਆ ਅਤੇ ਨਾ ਉਸ ਦੇ ਪੁੱਤਰ ਰਾਹੁਲ ਗਾਂਧੀ ਨੇ ਰੋਕਣ ਦੀ ਲੋੜ ਸਮਝੀ, ਸਗੋਂ ਅੰਦਰੋਂ ਖੁਸ਼ ਹੋਣਗੇ ਕਿ ਮੁੱਖ ਮੰਤਰੀ ਉਹ ਬਣਨ ਜਾਂ ਨਾ, ਜਿਹੜਾ ਬਣ ਗਿਆ, ਅਗੇਤਾ ਉਹ ਲੀਡਰ ਸਾਡੀ ਸਰਦਲ ਉੱਤੇ ਨੱਕ ਰਗੜਨ ਲਈ ਪਹੁੰਚਦਾ ਪਿਆ ਹੈ। ਚੋਣਾਂ ਹਾਰਨ ਦੇ ਬਾਅਦ ਹਰਿਆਣੇ ਦੇ ਲੀਡਰਾਂ ਦਾ ਕਸੂਰ ਕੱਢਣ ਦੀ ਥਾਂ ਕਾਂਗਰਸ ਹਾਈ ਕਮਾਨ ਨੂੰ ਆਪਣੇ ਬਾਰੇ ਵੀ ਸੋਚਣਾ ਚਾਹੀਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5361)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: