“ਜਿਸ ਤਰਫ ਹਾਲਾਤ ਜਾਂਦੇ ਜਾਪਦੇ ਹਨ, ਉਨ੍ਹਾਂ ਬਾਰੇ ਗੰਭੀਰਤਾ ਨਾਲ ਸੋਚਿਆ ਜਾਵੇ ਤਾਂ ਭਾਰਤ ਸਰਕਾਰ ਜਿਹੜਾ ਫਿਕਰ ...”
(4 ਅਗਸਤ 2024)
ਚੋਣਾਂ ਦਾ ਚੱਕਰ ਇਹੋ ਜਿਹਾ ਹੈ ਕਿ ਜਿਨ੍ਹਾਂ ਨੇ ਅੱਖ ਸਿਰਫ ਕੁਰਸੀ ਉੱਤੇ ਟਿਕਾਈ ਹੋਵੇ, ਉਹ ਝੂਠ ਦਾ ਤੁਫਾਨ ਬਣਾਉਣ ਵਿੱਚ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਸਾਨੂੰ ਇਹ ਗੱਲ ਯਾਦ ਹੈ ਅਤੇ ਸਦਾ ਲਈ ਯਾਦ ਰਹੇਗੀ ਕਿ ਪ੍ਰਸਿੱਧ ਸੁਤੰਤਰਤਾ ਸੰਗਰਾਮੀਏ ਬਾਬਾ ਗੁਰਦਿੱਤ ਸਿੰਘ ਕਾਮਾ ਗਾਟਾ ਮਾਰੂ ਵਿਰੁੱਧ ਪੰਜਾਬ ਦੇ ਇੱਕ ਸਾਬਕਾ ਮੁੱਖ ਮੰਤਰੀ ਨੇ ਜਦੋਂ ਵਿਧਾਨ ਸਭਾ ਦੀ ਚੋਣ ਲੜੀ ਤਾਂ ਬਾਬਾ ਜੀ ਉੱਤੇ ਬਹੁਤ ਘਟੀਆ ਦੂਸ਼ਣ ਲਾਉਂਦਾ ਰਿਹਾ ਸੀ ਤੇ ਸਾਊ ਸੁਭਾਅ ਦੇ ਬਾਬਾ ਜੀ ਉਨ੍ਹਾਂ ਦਾ ਯੋਗ ਖੰਡਨ ਵੀ ਨਹੀਂ ਸਨ ਕਰ ਸਕੇ। ਨਤੀਜਾ ਆਇਆ ਅਤੇ ਝੂਠ ਦੇ ਫੁੱਫੜ ਉਸ ਕਾਂਗਰਸੀ ਆਗੂ ਨੇ ਚੰਡੀਗੜ੍ਹ ਜਾ ਕੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਅਤੇ ਫਿਰ ਆਪਣੇ ਪਿੰਡ ਨੂੰ ਜਾਣ ਤੋਂ ਪਹਿਲਾਂ ਬਾਬਾ ਜੀ ਦੇ ਪੈਰੀਂ ਹੱਥ ਲਾਉਣ ਅਤੇ ਜੋ ਵੀ ‘ਮਾੜਾ-ਚੰਗਾ ਬੋਲਿਆ ਗਿਆ’, ਉਸ ਦੀ ਮੁਆਫੀ ਮੰਗਣ ਗਿਆ ਸੀ। ਬਜ਼ੁਰਗ ਬਾਬਾ ਜੀ ਨੇ ਭਰੀਆਂ ਅੱਖਾਂ ਨਾਲ ਸਿਰਫ ਇੰਨਾ ਕਿਹਾ ਸੀ ਕਿ ਮੈਨੂੰ ਅੰਗਰੇਜ਼ਾਂ ਦੀਆਂ ਜੇਲ੍ਹਾਂ ਅਤੇ ਉਨ੍ਹਾਂ ਵਿੱਚ ਹੰਢਾਏ ਹੋਏ ਦਿਨਾਂ ਦੀ ਸਖਤੀ ਨੇ ਓਨਾ ਕਸ਼ਟ ਕਦੇ ਨਹੀਂ ਸੀ ਦਿੱਤਾ, ਜਿੰਨਾ ਤੇਰੇ ਬੋਲੇ ਹੋਏ ਸ਼ਬਦਾਂ ਨੇ ਦਿੱਤਾ ਹੈ। ਅੱਗੋਂ ਬੇਸ਼ਰਮ ਆਗੂ ਨੇ ਹੱਸ ਕੇ ਕਿਹਾ ਸੀ, “ਬਾਬਾ ਜੀ, ਚੋਣ ਵੀ ਜੰਗ ਹੁੰਦੀ ਹੈ ਅਤੇ ਪਿਆਰ ਅਤੇ ਜੰਗ ਵਿੱਚ ਸਭ ਕੁਝ ਜਾਇਜ਼ ਹੁੰਦਾ ਹੈ।”
ਅਸੀਂ ਇਸ ਵਾਰ ਲੋਕ ਸਭਾ ਚੋਣ ਵਿੱਚ ਵੀ ਇੱਦਾਂ ਦਾ ਬਹੁਤ ਕੁਝ ਹੁੰਦਾ ਵੇਖਿਆ ਤੇ ਸੁਣਿਆ ਹੈ। ਇੱਕ ਕੁੜੀ ਨੂੰ ਇਹ ਕਹਿੰਦੀ ਸੁਣਿਆ ਕਿ ‘ਮੋਦੀ ਨੇ ਵਾਰ ਤੋਂ ਰੁਕਵਾ ਦੀ ਪਾਪਾ।’ ਉਹ ਕੁੜੀ ਇਹ ਦਾਅਵਾ ਕਰਦੀ ਪਈ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਸਾਰ ਪੱਧਰ ਦੀ ਇੱਡੀ ਹਸਤੀ ਹੈ ਕਿ ਉਸ ਦਾ ਕਹਿਣਾ ਮੰਨ ਕੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਰੋਕ ਦਿੱਤੀ ਗਈ ਹੈ। ਜੰਗ ਚਲਦੀ ਪਈ ਸੀ ਤੇ ਪ੍ਰਿਅੰਕਾ ਨਾਂਅ ਦੀ ਉਸ ਐਕਟਰੈੱਸ ਦਾ ਇਹ ਝੂਠ ਭਾਰਤੀ ਮੀਡੀਏ ਵੱਲੋਂ ਲੋਕਾਂ ਮੋਹਰੇ ਪਰੋਸਿਆ ਜਾ ਰਿਹਾ ਸੀ ਕਿ ਮੋਦੀ ਨੇ ਜੰਗ ਰੁਕਵਾ ਦਿੱਤੀ ਹੈ ਅਤੇ ਅਗਲੀ ਗੱਲ ਇਹ ਕਹੀ ਗਈ ਕਿ ਜਿਸ ਦੇਸ਼ ਕੋਲ ਇੱਡਾ ਵੱਡਾ ਸੰਸਾਰ ਪੱਧਰ ਦਾ ਆਗੂ ਹੈ, ਉੱਥੇ ਲੋਕਾਂ ਨੂੰ ਲੋਕ ਸਭਾ ਚੋਣਾਂ ਵਿੱਚ ਉਸ ਦੀ ਹਿਮਾਇਤ ਕਰਨੀ ਚਾਹੀਦੀ ਹੈ। ਕੁਝ ਲੋਕ ਹੱਸਦੇ ਸਨ ਕਿ ਪਹਿਲਾਂ ਉਸ ਕੁੜੀ ਨੂੰ ਬੋਲਦੀ ਸੁਣਾਇਆ ਜਾਂਦਾ ਹੈ ਕਿ ‘ਵਾਰ ਤੋਂ ਰੁਕਵਾ ਦੀ ਪਾਪਾ’ ਅਤੇ ਫਿਰ ਉਨ੍ਹਾਂ ਦੋਵਾਂ ਦੇਸ਼ਾਂ ਦੀ ਜੰਗ ਦੀਆਂ ਖਬਰਾਂ ਵੀ ਪੇਸ਼ ਕਰ ਦਿੱਤੀਆਂ ਜਾਂਦੀਆਂ ਸਨ। ਪਰ ਬਹੁਤ ਸਧਾਰਨ ਕਿਸਮ ਦੇ ਲੋਕ ਇਹ ਪ੍ਰਭਾਵ ਵੀ ਕਬੂਲ ਸਕਦੇ ਸਨ ਅਤੇ ਕਬੂਲਦੇ ਰਹੇ ਹੋਣਗੇ ਕਿ ਨਰਿੰਦਰ ਮੋਦੀ ਨੇ ਸਚੱਮੁਚ ਇੱਦਾਂ ਦਾ ਕ੍ਰਿਸ਼ਮਾ ਕਰ ਦਿੱਤਾ ਹੈ। ਉਹ ਜੰਗ ਅੱਜ ਤਕ ਜਾਰੀ ਹੈ, ਹਜ਼ਾਰਾਂ ਲੋਕ ਹਰ ਹਫਤੇ ਮਰੀ ਜਾ ਰਹੇ ਹਨ। ਇਹ ਗੱਲ ਕਹਿਣ ਵਾਲੀ ਕੁੜੀ ਆਪਣੀ ਉਸ ਸਿਆਸੀ ਇਸ਼ਤਿਹਾਰਬਾਜ਼ੀ ਕਾਰਨ ਹੋਈਆਂ ਟਿੱਪਣੀਆਂ ਪਿੱਛੋਂ ਪਛਤਾਵਾ ਕਰਦੀ ਸੁਣੀ ਜਾਂਦੀ ਹੈ। ਕੁੜੀ ਦਾ ਪਤਾ ਨਹੀਂ ਕਿ ਕਿੰਨਾ ਕੁ ਪਛਤਾਵਾ ਕਰੇਗੀ ਅਤੇ ਜੰਗ ਦਾ ਵੀ ਪਤਾ ਨਹੀਂ ਕਿ ਕਿੰਨੀ ਲੰਮੀ ਚੱਲੇਗੀ।
ਇਸ ਵਕਤ ਸੰਸਾਰ ਵਿੱਚ ਇੱਕੋ ਵਕਤ ਦੋ ਮੋਰਚਿਆਂ ਉੱਤੇ ਜੰਗ ਚਲਦੀ ਪਈ ਹੈ ਅਤੇ ਇਹ ਲਿਖਤ ਲਿਖਣ ਤਕ ਸੰਕੇਤ ਮਿਲਣ ਲੱਗੇ ਹਨ ਕਿ ਦੋ ਕੁ ਮੋਰਚੇ ਹੋਰ ਖੁੱਲ੍ਹ ਸਕਦੇ ਹਨ। ਪਹਿਲਾ ਮੋਰਚਾ ਤਾਂ ਉਸੇ ਰੂਸ-ਯੂਕਰੇਨ ਜੰਗ ਦਾ ਹੈ, ਜਿਹੜਾ ਉਸ ਕੁੜੀ ਦੀ ਇਸ਼ਤਿਹਾਰਬਾਜ਼ੀ ਅਤੇ ਨਰਿੰਦਰ ਮੋਦੀ ਦੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣ ਜਾਣ ਦੇ ਬਾਅਦ ਵੀ ਪੂਰਾ ਭਖਿਆ ਪਿਆ ਹੈ। ਉਸ ਮਾਮਲੇ ਵਿੱਚ ਨਾ ਰੂਸ ਆਪਣੇ ਪੈਰ ਪਿੱਛੇ ਖਿੱਚਣ ਨੂੰ ਤਿਆਰ ਹੈ ਅਤੇ ਨਾ ਅਮਰੀਕਾ ਅਤੇ ਉਸ ਦੇ ਸਾਥੀ ਦੇਸ਼ਾਂ ਦੇ ਦਬਾਅ ਹੇਠ ਜੰਗ ਛੇੜ ਬੈਠਾ ਯੂਕਰੇਨ ਆਪਣਾ ਬਹੁਤ ਵੱਡਾ ਨੁਕਸਾਨ ਕਰਵਾ ਲੈਣ ਮਗਰੋਂ ਥੋੜ੍ਹੀ ਠਰ੍ਹੰਮੇ ਅਤੇ ਅਮਨ-ਪਸੰਦੀ ਦੀ ਗੱਲ ਕਰਨ ਜਾਂ ਸੁਣਨ ਨੂੰ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਰੂਸ ਗਿਆ ਤਾਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਬੜੇ ਭੱਦੇ ਸ਼ਬਦਾਂ ਵਿੱਚ ਵਲਾਦੀਮੀਰ ਪੂਤਿਨ ਨਾਲ ਨਰਿੰਦਰ ਮੋਦੀ ਦੀ ਜੱਫੀ ਪਾ ਕੇ ਮਿਲਣ ਦੀ ਨੁਕਤਾਚੀਨੀ ਕੀਤੀ ਸੀ। ਸੰਸਾਰ ਦੌਰਿਆਂ ਦਾ ਸ਼ੌਕੀਨ ਭਾਰਤ ਦਾ ਪ੍ਰਧਾਨ ਮੰਤਰੀ ਅਗਲੇ ਵਿਦੇਸ਼ ਦੌਰੇ ਵਿੱਚ ਯੂਕਰੇਨ ਜਾਣ ਅਤੇ ਉੱਥੋਂ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਵੀ ਉਸੇ ਤਰ੍ਹਾਂ ਦੀ ਜੱਫੀ ਪਾਉਣ ਦੀ ਤਿਆਰੀ ਕਰ ਰਿਹਾ ਸੁਣੀਂਦਾ ਹੈ। ਉਹ ਜਾਵੇਗਾ ਅਤੇ ਮੁੜ ਆਵੇਗਾ ਅਤੇ ਭਾਰਤੀ ਮੀਡੀਆ ਉਸ ਦੀ ਡਿਪਲੋਮੇਸੀ ਅਤੇ ਜੰਗ ਰੁਕਵਾ ਸਕਣ ਦੀ ਉਸ ਦੀ ਸਮਰੱਥਾ ਦੇ ਸੋਹਲੇ ਗਾਉਣ ਦਾ ਕੰਮ ਕਰਦਾ ਰਹੇਗਾ, ਪਰ ਮੌਤ ਦੇ ਮੂੰਹ ਅੱਗੇ ਆਏ ਹੋਏ ਯੂਕਰੇਨੀ ਲੋਕਾਂ ਦੀ ਜਾਨ ਸੌਖੀ ਹੋ ਸਕਣ ਦੀ ਨਾ ਕੋਈ ਆਸ ਪਹਿਲਾਂ ਸੀ, ਨਾ ਕੋਈ ਨੇੜਲੇ ਭਵਿੱਖ ਵਿੱਚ ਦਿਖਾਈ ਦੇ ਰਹੀ ਹੈ।
ਦੂਸਰਾ ਮੋਰਚਾ ਇਸਰਾਈਲ ਨੇ ਫਲਸਤੀਨੀ ਲੋਕਾਂ ਦੇ ਖਿਲਾਫ ਵਿੱਢ ਰੱਖਿਆ ਅਤੇ ਤੀਸਰਾ ਅਤੇ ਚੌਥਾ ਮੋਰਚਾ ਵੀ ਲਾਉਣ ਦੇ ਇਸ਼ਾਰੇ ਉਸੇ ਪਾਸੇ ਤੋਂ ਮਿਲਦੇ ਪਏ ਸਨ। ਫਲਸਤੀਨੀ ਲੋਕਾਂ ਨੂੰ ਦੂਸਰੀ ਸੰਸਾਰ ਜੰਗ ਮਗਰੋਂ ਜਿੱਦਾਂ ਉਨ੍ਹਾਂ ਦੀ ਆਪਣੀ ਜਨਮ-ਭੂਮੀ ਤੋਂ ਕੱਢਿਆ ਗਿਆ ਤੇ ਹਿਟਲਰ ਦੇ ਖਿਲਾਫ ਲੜਨ ਵਾਲੀ ਧਿਰ ਦੇ ਅਮਰੀਕਾ ਅਤੇ ਹੋਰ ਮੁਲਕਾਂ ਨੇ ਜਿਵੇਂ ਫਲਸਤੀਨੀਆਂ ਦੀ ਜੜ੍ਹ ਪੁੱਟਣ ਵਿੱਚ ਇਸਰਾਈਲ ਦੀ ਮਦਦ ਕੀਤੀ ਸੀ, ਉਹ ਵੀ ਸਾਰੀ ਦੁਨੀਆ ਜਾਣਦੀ ਹੈ। ਇਸ ਵਕਤ ਚਲਦੀ ਜੰਗ ਵਿੱਚ ਇਸਰਾਈਲ ਕਿੰਨੀ ਵੀ ਉੱਧੜਧੁੰਮੀ ਚੁੱਕੀ ਜਾਂਦਾ ਹੈ, ਸਭ ਕੁਝ ਪਤਾ ਹੋਣ ਦੇ ਬਾਵਜੂਦ ਭਾਰਤ ਵਰਗੇ ਦੇਸ਼ ਉਸ ਦੇ ਵਿਰੋਧ ਦੀ ਹਿੰਮਤ ਨਹੀਂ ਕਰ ਸਕਦੇ। ਸਾਰੀ ਦੁਨੀਆ ਜਾਣਦੀ ਹੈ ਕਿ ਹਰ ਸਰਕਾਰ ਲਈ ਵਿਰੋਧੀਆਂ ਦੀ ਜਾਸੂਸੀ ਕਰਨ ਦਾ ਸਭ ਤੋਂ ਵੱਡਾ ਸਾਈਬਰ ਹਥਿਆਰ ਕਿਹਾ ਜਾਂਦਾ ‘ਪੈਗਾਸਸ’ ਇਸਰਾਈਲ ਦੀ ਕਾਢ ਸੀ ਅਤੇ ਜਿਸ ਵੀ ਦੇਸ਼ ਦੀ ਸਰਕਾਰ ਨੇ ਇਹ ਸਾਫਟਵੇਅਰ ਲਿਆ ਹੈ, ਉਸ ਨੂੰ ਲੈ ਲੈਣ ਮਗਰੋਂ ਉਹ ਮਜ਼ਬੂਤ ਨਹੀਂ ਹੋਈਆਂ, ਉਨ੍ਹਾਂ ਦੀ ਆਪਣੀ ਨਬਜ਼ ਵੀ ਇਸਰਾਈਲ ਦੇ ਹੱਥ ਆ ਗਈ ਹੈ। ਉਹ ਜਦੋਂ ਕਦੇ ਚਾਹੇ, ਸਾਰੇ ਸੰਸਾਰ ਨੂੰ ਇਹ ਦੱਸ ਸਕਦਾ ਹੈ ਕਿ ਫਲਾਣੇ ਦੇਸ਼ ਦੀ ਸਰਕਾਰ ਨੇ ਇਹ ਜਾਸੂਸੀ ਸਾਫਟਵੇਅਰ ਉਸ ਤੋਂ ਲਿਆ ਅਤੇ ਇਸਦੀ ਵਰਤੋਂ ਉਹ ਕਿੱਦਾਂ ਕਰ ਰਹੀ ਹੈ, ਜਿਸ ਨਾਲ ਸੰਬੰਧਤ ਸਰਕਾਰ ਢਾਈ ਦਿਨ ਟਿਕੀ ਨਹੀਂ ਰਹਿ ਸਕਦੀ। ਇਸਰਾਈਲ ਇੱਦਾਂ ਚਾਹੇ ਤਾਂ ਅਮਰੀਕਾ ਵਰਗੀ ਮਹਾਸ਼ਕਤੀ ਨੂੰ ਵੀ ਇਸ ਇੱਕੋ ਚਾਲ ਨਾਲ ਭੁਆਟਣੀ ਦੇ ਸਕਦਾ ਹੈ, ਪਰ ਬਾਅਦ ਵਿੱਚ ਅੱਗੋਂ ਆਉਣ ਵਾਲੇ ਜਵਾਬ ਦਾ ਰਿਸਕ ਉਹ ਨਹੀਂ ਲੈ ਸਕਦਾ ਤੇ ਭਾਰਤ ਵਰਗੇ ਦੇਸ਼ਾਂ ਤੋਂ ਉਸ ਨੂੰ ਇੱਦਾਂ ਦਾ ਕੋਈ ਰਿਸਕ ਨਹੀਂ ਹੈ। ਇਹੋ ਕਾਰਨ ਹੈ ਕਿ ਉਹ ਜੋ ਵੀ ਕਰੀ ਜਾਵੇ, ਭਾਰਤ ਵਰਗੇ ਦੇਸ਼ ਅਮਨ ਦੀ ਸੁਰ ਤਾਂ ਚੁੱਕਣਗੇ, ਉਸ ਦਾ ਵਿਰੋਧ ਨਹੀਂ ਕਰ ਸਕਣਗੇ।
ਫਲਸਤੀਨ ਨਾਲ ਚੱਲਦੇ ਮੋਰਚੇ ਦੌਰਾਨ ਅਗਲਾ ਮੋਰਚਾ ਇਸਰਾਈਲ ਤੇ ਲੈਬਨਾਨ ਵਿਚਾਲੇ ਖੁੱਲ੍ਹਣ ਦੇ ਸੰਕੇਤ ਵੀ ਮਿਲਣ ਲੱਗੇ ਹਨ। ਇਸਰਾਈਲ ਦੋਸ਼ ਲਾਉਂਦਾ ਹੈ ਕਿ ਫਲਸਤੀਨ ਵਿੱਚੋਂ ਉਸ ਦੇ ਵਿਰੁੱਧ ਲੜਦੀ ਹਮਾਸ ਵਾਲਿਆਂ ਦੀ ਧਿਰ ਤੇ ਇਹੋ ਜਿਹੇ ਕੁਝ ਹੋਰ ਗਰੁੱਪ ਲੈਬਨਾਨ ਵਾਲੇ ਅੱਡਿਆਂ ਤੋਂ ਕਮਾਂਡ ਕੀਤੇ ਜਾ ਰਹੇ ਹਨ। ਇਹੋ ਜਿਹੇ ਅੱਡਿਆਂ ਵਿਰੁੱਧ ਕਾਰਵਾਈ ਦੇ ਨਾਂਅ ਉੱਤੇ ਇਸਰਾਈਲ ਦੀਆਂ ਫੌਜਾਂ ਕਈ ਵਾਰੀ ਲੈਬਨਾਨ ਉੱਤੇ ਵੀ ਗੋਲੇ ਦਾਗ ਚੁੱਕੀਆਂ ਹਨ ਤੇ ਉੱਥੇ ਬੈਠੇ ਹਮਾਸ-ਪੱਖੀ ਗਰੁੱਪ ਵੀ ਇਸਰਾਈਲ ਦੇ ਖਿਲਾਫ ਹਮਲਾਵਰੀ ਦਾ ਕੋਈ ਮੌਕਾ ਨਹੀਂ ਛੱਡ ਰਹੇ। ਹਾਲਾਤ ਜਿਸ ਪਾਸੇ ਨੂੰ ਜਾਂਦੇ ਦਿਖਾਈ ਦਿੰਦੇ ਹਨ, ਇਸਰਾਈਲ ਤੇ ਲੈਬਨਾਨ ਦੋਵੇਂ ਦੇਸ਼ ਅਣਐਲਾਨੀ ਜੰਗ ਦੀ ਬਜਾਏ ਐਲਾਨੀਆ ਜੰਗ ਵਿੱਚ ਵੀ ਸਿੱਧੇ ਉਲਝ ਸਕਦੇ ਹਨ। ਹਾਲਾਤ ਦਾ ਵਹਿਣ ਇੰਨਾ ਤੇਜ਼ ਵਹਿੰਦਾ ਪਿਆ ਹੈ ਕਿ ਮੋਰਚਾ ਕਿਹੜੇ ਦਿਨ ਤੇ ਕਿਸ ਰੂਪ ਵਿੱਚ ਖੁੱਲ੍ਹ ਜਾਵੇਗਾ, ਇਸ ਬਾਰੇ ਕਿਆਸ ਕਰਨ ਵਾਲਾ ਕੋਈ ਮਾਹਰ ਸਾਹਮਣੇ ਨਹੀਂ ਆ ਰਿਹਾ।
ਜਿਹੜਾ ਇੱਕ ਹੋਰ ਮੋਰਚਾ ਖੁੱਲ੍ਹਣ ਦੇ ਸੰਕੇਤ ਮਿਲਣ ਲੱਗੇ ਹਨ, ਉਹ ਜੰਗ ਦਾ ਸੇਕ ਖਾੜੀ ਦੇਸ਼ਾਂ ਤਕ ਪਹੁੰਚਾਉਣ ਵਾਲਾ ਸਾਬਤ ਹੋ ਸਕਦਾ ਹੈ। ਇਸਰਾਈਲ ਨਾਲ ਦੁਸ਼ਮਣੀ ਵਾਲੇ ਗਰੁੱਪਾਂ ਵਿੱਚੋਂ ਸਭ ਤੋਂ ਖਤਰਨਾਕ ਸਮਝੇ ਜਾਂਦੇ ਗਰੁੱਪ ਦਾ ਸਿਖਰਲਾ ਕਮਾਂਡਰ ਪਿਛਲੇ ਦਿਨੀਂ ਇਰਾਨ ਵਿੱਚ ਕਿਸੇ ਕੰਮ ਗਿਆ ਅਤੇ ਉੱਥੇ ਮਾਰ ਦਿੱਤਾ ਗਿਆ ਹੈ। ਕਤਲ ਦਾ ਦੋਸ਼ ਇਸਰਾਈਲ ਦੀਆਂ ਸੁਰੱਖਿਆ ਏਜੰਸੀਆਂ ਉੱਤੇ ਲੱਗਾ ਤੇ ਇਰਾਨ ਨੇ ਸਾਫ ਕਿਹਾ ਹੈ ਕਿ ਉਸ ਦੇ ਘਰ ਵਿੱਚ ਆਏ ਕਿਸੇ ਮਹਿਮਾਨ ਦਾ ਕਤਲ ਕੀਤਾ ਜਾਣ ਉਹ ਦੇਸ਼ ਪਸੰਦ ਨਹੀਂ ਕਰ ਸਕਦਾ ਤੇ ਉਸ ਨੇ ਜਵਾਬੀ ਕਾਰਵਾਈ ਕਰਨ ਤੇ ਇਸਦਾ ਬਦਲਾ ਲੈਣ ਦੇ ਸੰਕੇਤ ਵੀ ਦੇਣ ਵਿੱਚ ਦੇਰ ਨਹੀਂ ਲਾਈ। ਨਤੀਜਾ ਕੀ ਨਿਕਲ ਸਕਦਾ ਹੈ, ਸਭ ਨੂੰ ਪਤਾ ਹੈ।
ਇਹੋ ਜਿਹੇ ਹਾਲਾਤ ਵਿੱਚ ਭਾਰਤ ਸਰਕਾਰ ਨੂੰ ਵੀ ਕੁਝ ਇੱਦਾਂ ਦੇ ਕਦਮ ਚੁੱਕਣੇ ਪਏ ਹਨ, ਜਿਹੜੇ ਸਾਧਾਰਨ ਨਹੀਂ ਕਹੇ ਜਾ ਸਕਦੇ। ਸਾਰੇ ਸੰਸਾਰ ਵਿੱਚ ਮੱਚਦੀ ਅੱਗ ਤੋਂ ਆਪਣੇ ਆਪ ਨੂੰ ਨਿਰਲੇਪ ਰੱਖਦੇ ਹੋਏ ਤੇ ਚੋਣਾਂ ਵਿੱਚ ਹਾਲਾਤ ਦਾ ਲਾਹਾ ਲੈਣ ਲਈ ਕਿਸੇ ਕੁੜੀ ਤੋਂ ਕਰਵਾਈ ‘ਮੋਦੀ ਨੇ ਵਾਰ ਤੋਂ ਰੁਕਵਾ ਦੀ ਨਾ ਪਾਪਾ’ ਵਾਲੀ ਇਸ਼ਤਿਹਾਰਬਾਜ਼ੀ ਭੁਲਾ ਕੇ ਨਰਿੰਦਰ ਮੋਦੀ ਸਰਕਾਰ ਨੂੰ ਆਪਣੇ ਲੋਕਾਂ ਲਈ ਕੁਝ ਖਾਸ ਹਦਾਇਤਾਂ ਜਾਰੀ ਕਰਨੀਆਂ ਪੈ ਗਈਆਂ। ਇੱਕ ਕਦਮ ਭਾਰਤ ਦੀ ਪ੍ਰਮੁੱਖ ਹਵਾਈ ਕੰਪਨੀ ਏਅਰ ਇੰਡੀਆ ਨੇ ਚੁੱਕਿਆ ਕਿ ਇਸਰਾਈਲ ਵੱਲ ਦੀਆਂ ਫਲਾਈਟਸ ਕੁਝ ਵਕਤ ਲਈ ਬੰਦ ਕਰਨ ਦਾ ਐਲਾਨ ਕਰ ਦਿੱਤਾ। ਦੂਸਰਾ ਕਦਮ ਇਹ ਸੀ ਕਿ ਭਾਰਤ ਸਰਕਾਰ ਨੂੰ ਜੰਗੀ ਕਸ਼ਮਕਸ਼ ਦੀ ਘੁੰਮਣਘੇਰੀ ਵਿੱਚ ਫਸੇ ਜਾਂ ਫਸ ਸਕਦੇ ਇਨ੍ਹਾਂ ਦੇਸ਼ਾਂ ਵਿੱਚ ਵਸੇ ਹੋਏ ਜਾਂ ਕਿਸੇ ਕਾਰਨ ਓਧਰ ਜਾਣ-ਆਉਣ ਵਾਲੇ ਲੋਕਾਂ ਨੂੰ ਇਹ ਹਦਾਇਤ ਕਰਨੀ ਪਈ ਕਿ ਉਹ ਆਪਣੀ ਸੁਰੱਖਿਆ ਤੋਂ ਚੌਕਸ ਰਹਿਣ। ਇਸ ਹਦਾਇਤ ਦੇ ਦੋ ਅਰਥ ਹਨ, ਇੱਕ ਤਾਂ ਇਹ ਕਿ ਉੱਥੇ ਉਹ ਜੰਗ ਨਾਲ ਪੈਦਾ ਹੋਏ ਹਾਲਾਤ ਵਿੱਚ ਇੱਧਰ ਜਾਂ ਓਧਰ ਤੋਂ ਹੋਈ ਕਿਸੇ ਕਾਰਵਾਈ ਦੀ ਮਾਰ ਹੇਠ ਆ ਸਕਦੇ ਹਨ ਤੇ ਦੂਸਰਾ ਇਹ ਕਿ ਕਿਸੇ ਥਾਂ ਰੂਸ ਵਰਗਾ ਕਿੱਸਾ ਦੁਹਰਾਇਆ ਜਾ ਸਕਦਾ ਹੈ। ਪਹਿਲਾਂ ਭਾਰਤ ਦੇ ਕਈ ਨੌਜਵਾਨ ਵਿਦੇਸ਼ ਜਾਣ ਦੀ ਚਾਹਤ ਵਿੱਚ ਏਜੰਟਾਂ ਦੇ ਹੱਥੇ ਚੜ੍ਹ ਕੇ ਰੂਸ ਪਹੁੰਚੇ ਤੇ ਉੱਥੋਂ ਦੀ ਫੌਜ ਵਿੱਚ ਭਰਤੀ ਕਰ ਕੇ ਜੰਗ ਦੀ ਭੱਠੀ ਵਿੱਚ ਝੋਕੇ ਜਾਣ ਦੀਆਂ ਖਬਰਾਂ ਨੇ ਪੰਜਾਬੀਆਂ ਨੂੰ ਹਲੂਣ ਕੇ ਰੱਖ ਦਿੱਤਾ ਸੀ। ਦੁਹਾਈਆਂ ਪੈਣ ਪਿੱਛੋਂ ਭਾਰਤ ਸਰਕਾਰ ਨੂੰ ਰੂਸ ਦੀ ਸਰਕਾਰ ਨਾਲ ਉਨ੍ਹਾਂ ਨੌਜਵਾਨਾਂ ਦੀ ਸੁੱਖੀਂ-ਸਾਂਦੀਂ ਵਾਪਸੀ ਬਾਰੇ ਉਚੇਚੀ ਗੱਲਬਾਤ ਦੀ ਲੋੜ ਪੈ ਗਈ ਸੀ। ਇਸ ਤੋਂ ਪਹਿਲਾਂ ਜਦੋਂ ਇਰਾਕ-ਇਰਾਨ ਜੰਗ ਲੱਗੀ ਅਤੇ ਦਸ ਸਾਲ ਚਲਦੀ ਰਹੀ ਸੀ, ਉਦੋਂ ਰੋਜ਼ੀ ਕਮਾਉਣ ਲਈ ਇਰਾਕ ਗਏ ਕਈ ਨੌਜਵਾਨਾਂ ਨੂੰ ਉੱਥੋਂ ਦੀ ਫੌਜ ਵੱਲੋਂ ਜੰਗ ਵਿੱਚ ਝੋਕਣ ਦੀਆਂ ਖਬਰਾਂ ਆਈਆਂ ਸਨ। ਯੂਕਰੇਨ ਉੱਤੇ ਰੂਸ ਦੇ ਹਮਲੇ ਦੇ ਬਾਅਦ ਕੁਝ ਭਾਰਤੀ ਨੌਜਵਾਨਾਂ ਬਾਰੇ ਉੱਥੋਂ ਖਬਰਾਂ ਆਈਆਂ ਸਨ ਕਿ ਉਨ੍ਹਾਂ ਨੇ ਭਾਰਤ ਨੂੰ ਮੁੜਨ ਦੀ ਥਾਂ ਯੂਕਰੇਨ ਦੀ ਫੌਜ ਵਿੱਚ ਸ਼ਾਮਲ ਹੋ ਕੇ ਰੂਸ ਨਾਲ ਲੜਨ ਦੀ ਇੱਛਾ ਪ੍ਰਗਟ ਕੀਤੀ ਹੈ। ਜਿਹੜੇ ਬੱਚੇ ਡਾਕਟਰ ਬਣਨ ਲਈ ਲੱਖਾਂ ਰੁਪਏ ਖਰਚ ਕੇ ਉੱਥੇ ਗਏ ਸਨ ਅਤੇ ਜਿਨ੍ਹਾਂ ਨੇ ਟੀਕੇ ਲਾਉਣੇ ਤੇ ਅਪਰੇਸ਼ਨ ਕਰਨੇ ਸਿੱਖਣੇ ਸਨ, ਉਨ੍ਹਾਂ ਦੇ ਇਹੋ ਜਿਹੇ ਬਿਆਨ ਉਨ੍ਹਾਂ ਦੀ ਮਰਜ਼ੀ ਨਾਲ ਦਿੱਤੇ ਹੋਏ ਨਹੀਂ, ਉਨ੍ਹਾਂ ਤੋਂ ਦਿਵਾਏ ਗਏ ਜਾਪਦੇ ਸਨ। ਹਿਟਲਰ ਦੇ ਜੰਗ ਲਾਉਣ ਵਾਲੇ ਦਿਨਾਂ ਤੋਂ ਲੈ ਕੇ ਅਜੋਕੇ ਸੰਸਾਰ ਵਿੱਚ ਵੀ ਇਹ ਦਾਅ ਖੇਡਿਆ ਜਾਂਦਾ ਹੈ ਕਿ ਅੱਗ ਵਰ੍ਹਦੀ ਵਿੱਚ ਜਿਹੜਾ ਮਿਲ ਜਾਵੇ, ਆਪਣੇ ਨਾਲ ਧੱਕੇ ਨਾਲ ਉਸ ਤੋਂ ਜੰਗ ਲਈ ਵਾਲੰਟੀਅਰ ਹੋਣ ਦਾ ਬਿਆਨ ਦਿਵਾਇਆ ਜਾ ਸਕਦਾ ਹੈ।
ਅਸੀਂ ਨਹੀਂ ਜਾਣਦੇ ਕਿ ਅਗਲੇ ਦਿਨਾਂ ਵਿੱਚ ਕਿਹੜੇ ਦੇਸ਼ ਵਿੱਚ ਕੀ ਹੋ ਸਕਦਾ ਹੈ ਤੇ ਜੰਗੀ ਸਾਮਾਨ ਬਣਾਉਣ ਤੇ ਵੇਚਣ ਵਾਲੀਆਂ ਵੱਡੀਆਂ ਤਾਕਤਾਂ ਆਪਣੇ ਸਾਮਾਨ ਦੀ ਸਮਰੱਥਾ ਦਿਖਾਉਣ ਲਈ ਕਿੱਥੇ ਕਿਹੋ ਜਿਹੀ ਜੰਗੀ ਸਟੇਜ ਸਿਰਜ ਕੇ ‘ਚਿੜੀਆਂ ਦੀ ਮੌਤ, ਗੰਵਾਰਾਂ ਦਾ ਹਾਸਾ’ ਦੇ ਹਾਲਾਤ ਬਣਾ ਦੇਣਗੀਆਂ, ਪਰ ਖਤਰੇ ਦੇ ਬੱਦਲ਼ ਸਾਫ ਦਿਸਦੇ ਹਨ। ਇਸ ਵਕਤ ਸੰਸਾਰ ਇੱਕ ਹੋਰ ਵੱਡੀ ਜੰਗ ਦੀਆਂ ਬਰੂਹਾਂ ਕੋਲ ਖੜੋਤਾ ਦਿਖਾਈ ਦਿੰਦਾ ਹੈ, ਪਰ ਪਿਛਲੀਆਂ ਦੋ ਸੰਸਾਰ ਜੰਗਾਂ ਤੋਂ ਇਸ ਵਾਰੀ ਦਾ ਇੰਨਾ ਕੁ ਫਰਕ ਹੈ ਕਿ ਵੱਡੀਆਂ ਤਾਕਤਾਂ ਖੁਦ ਸ਼ਾਇਦ ਇਸ ਜੰਗ ਵਿੱਚ ਪੈਣ ਦਾ ਖਤਰਾ ਨਹੀਂ ਲੈਣਗੀਆਂ ਅਤੇ ਮੋਹਰਿਆਂ ਰਾਹੀਂ ਲੜਨ ਲੱਗ ਸਕਦੀਆਂ ਹਨ। ਉੱਪਰੋਂ ਅਮਨ ਹੈ ਤੇ ਹੇਠਾਂ ਲਾਵਾ ਉੱਬਲਦਾ ਪਿਆ ਹੈ। ਜਿਸ ਤਰਫ ਹਾਲਾਤ ਜਾਂਦੇ ਜਾਪਦੇ ਹਨ, ਉਨ੍ਹਾਂ ਬਾਰੇ ਗੰਭੀਰਤਾ ਨਾਲ ਸੋਚਿਆ ਜਾਵੇ ਤਾਂ ਭਾਰਤ ਸਰਕਾਰ ਜਿਹੜਾ ਫਿਕਰ ਵਿਖਾਉਂਦੀ ਜਾਪਦੀ ਹੈ, ਉਹ ਐਵੇਂ ਦਾ ਨਹੀਂ ਹੈ। ਸਰਕਾਰ ਫਿਕਰ ਕਰਦੀ ਨਹੀਂ, ਫਿਕਰ ਉਸ ਨੂੰ ਕਰਨਾ ਪੈ ਰਿਹਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5189)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: