“ਅੱਜ ਦੀ ਘੜੀ ਲੋਕ ਕਿਸੇ ਇੱਕ ਜਾਂ ਦੂਸਰੇ ਆਗੂ ਦੇ ਕਹੇ ਉੱਤੇ ਚੱਲਣ ਵਾਲੇ ਨਹੀਂ, ਲੀਡਰਾਂ ਨੂੰ ...”
(24 ਅਕਤੂਬਰ 2025)
ਪੰਜਾਬ ਵਿੱਚ ਇੱਕ ਡੀ ਆਈ ਜੀ (ਡਿਪਟੀ ਇੰਸਪੈਕਟਰ ਜਨਰਲ) ਪੱਧਰ ਦੇ ਅਫਸਰ ਦੀ ਰਿਸ਼ਵਤ ਲੈਂਦੇ ਵਕਤ ਰੰਗੇ ਹੱਥੀਂ ਗ੍ਰਿਫਤਾਰੀ ਦੀ ਖਬਰ ਨੇ ਪੰਜਾਬ ਵੀ ਹਿਲਾ ਦਿੱਤਾ ਹੈ, ਪੰਜਾਬ ਸਰਕਾਰ ਵੀ ਹਿੱਲੀ ਹੋਵੇਗੀ ਤੇ ਕੋਈ ਮੰਨੇ ਜਾਂ ਨਾ ਮੰਨੇ, ਇਸਦੀ ਕੰਬਣੀ ਦਿੱਲੀ ਤਕ ਮਹਿਸੂਸ ਹੋਈ ਹੋਵੇਗੀ। ਇਸ ਗ੍ਰਿਫਤਾਰੀ ਕੇਸ ਨਾਲ ਇਹ ਗੱਲ ਚਰਚਾ ਵਿੱਚ ਹੈ ਕਿ ਜਿੰਨਾ ਪੈਸਾ ਪੁਲਿਸ ਦੇ ਇਸ ਅਫਸਰ ਤੋਂ ਮਿਲਿਆ ਹੈ, ਤੇਈ ਸਾਲ ਪਹਿਲਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੁਖੀ ਰਵਿੰਦਰਪਾਲ ਸਿੰਘ ਉਰਫ ਰਵੀ ਸਿੱਧੂ ਦੇ ਬੈਂਕ ਲਾਕਰਾਂ ਤੋਂ ਮਿਲੇ ਨੋਟਾਂ ਦੇ ਢੇਰ ਵਾਲਾ ਮਾਮਲਾ ਵੀ ਬੌਣਾ ਜਿਹਾ ਹੋ ਗਿਆ ਹੈ। ਉਦੋਂ ਲਾਕਰਾਂ ਵਿੱਚੋਂ ਕੱਢੇ ਰੁਪਇਆਂ ਨਾਲ ਬੈਂਕ ਦਾ ਫਰਸ਼ ਦਰੀ ਵਾਂਗ ਢਕਿਆ ਜਾਣ ਵਾਲੀ ਚਰਚਾ ਚੱਲੀ ਸੀ, ਪਰ ਉਸ ਤੋਂ ਗਹਿਣੇ ਮਿਲਣ ਦੀ ਖਬਰ ਨਹੀਂ ਸੀ ਸੁਣੀ, ਜਾਇਦਾਦ ਜਾਇਜ਼ ਨਾਲੋਂ ਬਹੁਤੀ ਨਾਜਾਇਜ਼ ਢੰਗ ਨਾਲ ਖਰੀਦੀ ਜਾਂ ਹਥਿਆਈ ਹੋਣ ਦੀ ਚਰਚਾ ਜ਼ਰੂਰ ਚੋਖੀ ਸੁਣਦੀ ਰਹੀ ਅਤੇ ਇਸ ਵਾਰ ਨੋਟਾਂ ਨਾਲ ਗਹਿਣੇ ਅਤੇ ਜਾਇਜ਼-ਨਾਜਾਇਜ਼ ਜਾਇਦਾਦ ਵਾਲੀ ਕਹਾਣੀ ਸ਼ੈਤਾਨ ਦੀ ਆਂਦਰ ਵਰਗੀ ਲੰਮੀ ਜਾਪਦੀ ਹੈ। ਇਸ ਨਾਲ ਭ੍ਰਿਸ਼ਟਾਚਾਰ ਦੀ ਬਹੁਤਾਤ ਅਤੇ ਇਸਦੇ ਖਿਲਾਫ ਖੜੋਣ ਦੇ ਦਾਅਵਿਆਂ ਦੀ ਚਰਚਾ ਵੀ ਇੱਕ ਵਾਰ ਫਿਰ ਲੋਕਾਂ ਵਿੱਚ ਸਿਰ ਚੁੱਕ ਖੜੋਤੀ ਹੈ।
ਰਵੀ ਸਿੱਧੂ ਪੱਤਰਕਾਰ ਹੁੰਦਾ ਸੀ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਮੁਖੀ ਕਿਸ ਚੁਸਤੀ ਦੇ ਨਾਲ ਬਣਿਆ ਸੀ, ਉਹ ਇੱਕ ਵੱਖਰਾ ਕਿੱਸਾ ਹੈ, ਪਰ ਉਸਨੇ ਇੱਕ ਮੌਕਾ ਪੇਸ਼ ਕਰ ਦਿੱਤਾ ਸੀ ਕਿ ਭ੍ਰਿਸ਼ਟਾਚਾਰ ਦਾ ਵਹਿਣ ਲੋਕਾਂ ਕੋਲ ਨੰਗਾ ਕੀਤਾ ਜਾ ਸਕਦਾ ਅਤੇ ਰੋਕਣ ਵਾਸਤੇ ਲੋਕ ਲਹਿਰ ਉਸਾਰੀ ਜਾ ਸਕਦੀ ਹੈ, ਪਰ ਮੌਕਾ ਵਰਤਿਆ ਨਹੀਂ ਸੀ ਗਿਆ। ਇਸ ਵਾਰ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੇ ਇੱਦਾਂ ਦਾ ਮੌਕਾ ਫਿਰ ਪੇਸ਼ ਕੀਤਾ ਹੈ, ਪਰ ਸਾਨੂੰ ਯਕੀਨ ਹੈ ਕਿ ਇਹ ਮੌਕਾ ਐਤਕੀਂ ਵੀ ਕਿਸੇ ਨੇ ਨਹੀਂ ਵਰਤਣਾ। ਉਦੋਂ ਅਸੀਂ ਸਰਕਾਰੀ ਚੈਨਲ ਦੂਰਦਰਸ਼ਨ ਤੋਂ ਆਖਿਆ ਸੀ ਕਿ ਰਵੀ ਸਿੱਧੂ ਦੇ ਲਾਕਰਾਂ ਵਿੱਚੋਂ ਨੋਟਾਂ ਦੇ ਢੇਰ ਨਿਕਲਣ ਪਿੱਛੋਂ ਦੇ ਦੋ ਦਿਨਾਂ ਦਾ ਬੈਂਕਾਂ ਦਾ ਰਿਕਾਰਡ ਚੈੱਕ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਲਾਕਰਾਂ ਨੂੰ ਇੱਕ-ਇੱਕ ਦਿਨ ਵਿੱਚ ਇੱਕ ਤੋਂ ਵੱਧ ਵਾਰੀ ਕਿੰਨੇ ਅਤੇ ਕਿਹੜੇ ਪੱਧਰ ਦੇ ਗਾਹਕਾਂ ਨੇ ਖੋਲ੍ਹਿਆ ਅਤੇ ਜਿਹੜੇ ਇੱਕੋ ਦਿਨ ਵਿੱਚ ਇੱਕ ਤੋਂ ਵੱਧ ਵਾਰ ਜਾਂ ਇੱਕੋ ਦਿਨ ਵਿੱਚ ਇੱਕ ਤੋਂ ਵੱਧ ਬੈਂਕਾਂ ਦੇ ਲਾਕਰ ਖੋਲ੍ਹਣ ਗਏ ਹੋਣਗੇ, ਸਾਫ ਹੈ ਕਿ ਰਵੀ ਸਿੱਧੂ ਵਾਂਗ ਰੱਖਿਆ ਮਾਲ ਇੱਧਰ-ਉੱਧਰ ਕਰਨ ਲਈ ਦੌੜਾਂ ਲਾਉਂਦੇ ਹੋਣਗੇ ਤੇ ਇਹ ਵੀ ਕਿਹਾ ਸੀ ਕਿ ਇੱਦਾਂ ਦੇ ਆਗੂਆਂ ਅਤੇ ਅਫਸਰਾਂ ਦੀ ਬਹੁਤ ਵੱਡੀ ਗਿਣਤੀ ਅਸੀਂ ਜਾਣਦੇ ਹਾਂ। ਇਸ ਮਾਮਲੇ ਵਿੱਚ ਅੱਗੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਸੀ ਹੋਈ, ਸਗੋਂ ਰਵੀ ਸਿੱਧੂ ਕੋਲੋਂ ਮਿਲਿਆ ਪੂਰਾ ਮਾਲ ਕੇਸ ਵਿੱਚ ਪਾਇਆ ਜਾਂ ਉਸ ਵਿੱਚੋਂ ਕੁਝ ਖਾਧਾ ਗਿਆ ਹੋਣ ਦੀ ਚਰਚਾ ਵੱਧ ਹੋਈ ਸੀ। ਇਸ ਵਾਰ ਇਹ ਗੱਲ ਚਰਚਾ ਵਿੱਚ ਨਹੀਂ ਸੁਣੀ ਗਈ ਕਿ ਫੜਿਆ ਗਿਆ ਮਾਲ ਫੜਨ ਵਾਲੀ ਟੀਮ ਨੇ ਆਪੋ ਵਿੱਚ ਕੁਝ ਵੰਡ ਲਿਆ ਹੈ, ਪਰ ਉਸਦੀ ਗ੍ਰਿਫਤਾਰੀ ਹੋਣ ਮਗਰੋਂ ਵੱਡੇ ਅਫਸਰਾਂ ਅਤੇ ਆਗੂਆਂ ਨੇ ਦੋ ਦਿਨ ਜਿਹੜੀਆਂ ਦੌੜਾਂ ਲਾਈਆਂ ਅਤੇ ਗੱਡੀਆਂ ਭਜਾਈਆਂ, ਉਨ੍ਹਾਂ ਦੀ ਲੋਕੇਸ਼ਨ ਨਾਲ ਇਹ ਲੱਭਣ ਵਿੱਚ ਔਖ ਨਹੀਂ ਹੋਣੀ ਕਿ ਫਲਾਣੇ ਅਫਸਰ ਨੇ ਫਲਾਣੇ ਬੈਂਕ ਜਾਂ ਫਲਾਣੇ ਅੱਡੇ ਤੋਂ ਮਾਲ ਕੱਢ ਕੇ ਫਲਾਣੇ ਥਾਂ ਪੁਚਾ ਦਿੱਤਾ ਹੈ। ਸਾਨੂੰ ਵਿਸ਼ਵਾਸ ਹੈ ਕਿ ਇੰਨੀ ਲੱਭ-ਲਭਾਈ ਵਿੱਚ ਕਿਸੇ ਨੇ ਵੀ ਨਹੀਂ ਪੈਣਾ ਤੇ ਗੱਲ ਇੱਕੋ ਅਫਸਰ ਤਕ ਸੀਮਿਤ ਰਹਿ ਜਾਣੀ ਹੈ। ਮਾਮਲਾ ਸਹੇ ਦਾ ਹੈ ਜਾਂ ਪਹੇ ਦਾ, ਇਹ ਹਕੀਕਤ ਛਾਪਾ ਮਾਰਨ ਵਾਲਿਆਂ ਨੂੰ ਪਤਾ ਹੈ, ਕੇਂਦਰ ਅਤੇ ਰਾਜ ਦੀਆਂ ਸਰਕਾਰਾਂ ਦੀ ਵਾਗ ਸੰਭਾਲਣ ਵਾਲਿਆਂ ਨੂੰ ਵੀ ਪਤਾ ਹੈ, ਪਰ ਦੋਵੇਂ ਧਿਰਾਂ ਇੱਕ ਖਾਸ ਹੱਦ ਤੋਂ ਅੱਗੇ ਵਧਦੀਆਂ ਕਦੀ ਨਹੀਂ ਜਾਪਣਗੀਆਂ।
ਚੋਖਾ ਚਿਰ ਪਹਿਲਾਂ ਜਦੋਂ ਪੰਜਾਬ ਦੇ ਇੱਕ ਸਿਵਲ ਅਧਿਕਾਰੀ, ਜਿਹੜਾ ਪੀ ਸੀ ਐੱਸ (ਪੰਜਾਬ ਸਿਵਲ ਸਰਵਿਸ) ਤੋਂ ਤਰੱਕੀ ਪਾਉਣ ਨਾਲ ਆਈ ਏ ਐੱਸ (ਇੰਡੀਅਨ ਐਡਮਨਿਸਟਰੇਟਿਵ ਸਰਵਿਸ) ਤਕ ਪਹੁੰਚਿਆ ਸੀ, ਦੇ ਘਰ ਵਿੱਚੋਂ ਕਈ ਕਿਲੋ ਸੋਨੇ ਅਤੇ ਚਾਂਦੀ ਦੀਆਂ ਇੱਟਾਂ ਮੁਹਾਲੀ ਵਿੱਚ ਮਿਲੀਆਂ ਸਨ। ਪੰਜਾਬ ਵਿੱਚ ਇਹ ਕਿਸੇ ਤੋਂ ਲੁਕਿਆ ਨਹੀਂ ਕਿ ਫਲਾਣੇ ਅਫਸਰ ਨੇ ਫਲਾਣੇ ਧੰਦੇ ਵਿੱਚੋਂ ਐਨੀ ਸਾਰੀ ਕਮਾਈ ਕੀਤੀ ਤੇ ਫਲਾਣੇ ਕਾਰੋਬਾਰ ਵਿੱਚ ਲਾਈ ਹੈ, ਪਰ ਇਸਦੀ ਪੜਤਾਲ ਕਦੇ ਕੋਈ ਨਹੀਂ ਕਰਦਾ। ਕਾਰਨ ਇਹ ਹੈ ਕਿ ਜਦੋਂ ਕਿਸੇ ਬਾਰੇ ਜਾਂਚ ਸ਼ੁਰੂ ਕੀਤੀ ਜਾਵੇਗੀ, ਕਰਨ ਵਾਲਿਆਂ ਦਾ ਆਪਣਾ ਰਿਕਾਰਡ ਵੀ ਸਭ ਨੂੰ ਪਤਾ ਹੋਣ ਕਾਰਨ ਕੋਈ ਉਲਟਾ ਉਨ੍ਹਾਂ ਦੇ ਖਾਤੇ ਫੋਲਣ ਵੀ ਤੁਰ ਸਕਦਾ ਹੈ ਜਾਂ ਕਿਸੇ ਜਾਂਚ ਏਜੰਸੀ ਕੋਲ ਉਨ੍ਹਾਂ ਬਾਰੇ ਸੂਹ ਪਹੁੰਚਾਉਣ ਤੁਰ ਪਵੇਗਾ। ਇਸ ਲਈ ਚੋਰ ਚੋਰਾਂ ਨੂੰ ਬਚਾਉਣ ਦੇ ਕੰਮ ਲਈ ਕਿਸੇ ਤਰ੍ਹਾਂ ਦੀ ਮੀਟਿੰਗ ਕੀਤੇ ਬਗੈਰ ਵੀ ਇੱਕ ਚੁੱਪ ਸਹਿਮਤੀ ਨਾਲ ਕੰਮ ਕਰਦੇ ਰਹਿਣਗੇ ਅਤੇ ਸਿਸਟਮ ਇੱਦਾਂ ਹੀ ਚੱਲਦਾ ਰਹੇਗਾ।
ਕੁਝ ਚਿਰ ਪਹਿਲਾਂ ਮੱਧ ਪ੍ਰਦੇਸ਼ ਵਿਚਲੇ ਇੱਕ ਆਈ ਏ ਐੱਸ ਅਫਸਰ ਜੋੜੇ ਦੇ ਘਰ ਜਦੋਂ ਛਾਪਾ ਪਿਆ ਤਾਂ ਬੈੱਡ ਦੇ ਬਕਸਿਆਂ ਵਿੱਚ ਨੋਟ ਇੱਟਾਂ ਵਾਂਗ ਚਿਣ-ਚਿਣ ਰੱਖੇ ਹੋਏ ਮਿਲੇ ਸਨ। ਕਹਾਵਤ ਹੈ ਕਿ ਫਲਾਣਾ ਬੰਦਾ ਨੋਟਾਂ ਦੇ ਬਿਸਤਰੇ ਉੱਤੇ ਸੌਂਦਾ ਹੈ, ਉਹ ਦੋਵੇਂ ਮੀਆਂ-ਬੀਵੀ ਸੱਚਮੁੱਚ ਨੋਟਾਂ ਦੇ ਉਸ ਬੈੱਡ ਉੱਤੇ ਸੌਂਦੇ ਸਨ, ਜਿਸ ਵਿੱਚ ਹੋਰ ਨੋਟ ਰੱਖਣ ਦੀ ਥਾਂ ਨਹੀਂ ਸੀ ਬਚੀ, ਪਰ ਅਗਲੀ ਕੋਈ ਖਾਸ ਕਰਵਾਈ ਉਨ੍ਹਾਂ ਖਿਲਾਫ ਨਹੀਂ ਸੀ ਹੋ ਸਕੀ, ਕਿਉਂਕਿ ਦੋਵੇਂ ਜਣੇ ਉਸ ਰਾਜ ਵਿੱਚ ਦਿੱਲੀ ਦੀ ਕ੍ਰਿਪਾ ਨਾਲ ਮਿਲੀਆਂ ਪੋਸਟਾਂ ਉੱਤੇ ਅਫਸਰੀ ਕਰਦੇ ਪਏ ਸਨ। ਝਾਰਖੰਡ ਵਿੱਚ ਇੱਕ ਵਾਰੀ ਮੁੱਖ ਮੰਤਰੀ ਸਾਹਮਣੇ ਪੇਸ਼ ਹੋਏ ਇੱਕ ਬੰਦੇ ਨੇ ਕਿਹਾ ਕਿ ਤੁਹਾਡੇ ਅਫਸਰ ਪੈਸੇ ਮੰਗਦੇ ਹਨ, ਮੁੱਖ ਮੰਤਰੀ ਨੇ ਅਫਸਰ ਦਾ ਨਾਂਅ ਦੱਸ ਦੇਣ ਲਈ ਕਿਹਾ ਤਾਂ ਉਸਨੇ ਮੁੱਖ ਮੰਤਰੀ ਦੇ ਨਾਲ ਬੈਠੀ ਪ੍ਰਿੰਸੀਪਲ ਸੈਕਟਰੀ ਵੱਲ ਉਂਗਲ ਉਠਾ ਦਿੱਤੀ। ਇਸ ਗੱਲ ਤੋਂ ਰੌਲਾ ਪੈ ਗਿਆ, ਕਿਉਂਕਿ ਉੱਥੇ ਰਾਜ ਉਸ ਵੇਲੇ ਝਾਰਖੰਡ ਮੁਕਤੀ ਮੋਰਚੇ ਦਾ ਸੀ, ਪਰ ਅਗਲੇ ਦਿਨ ਇਹ ਗੱਲ ਲੋਕਾਂ ਨੂੰ ਪਤਾ ਲੱਗੀ ਕਿ ਇਹੋ ਬੀਬੀ ਭਾਜਪਾ ਰਾਜ ਵਿੱਚ ਇਸੇ ਪੋਸਟ ਉੱਤੇ ਹੁੰਦੀ ਸੀ ਅਤੇ ਇੱਦਾਂ ਦੀ ਸ਼ਿਕਾਇਤ ਉਸ ਵਿਰੁੱਧ ਉਸ ਵੇਲੇ ਵੀ ਕੀਤੀ ਗਈ ਸੀ, ਪਰ ਕਾਰਵਾਈ ਨਹੀਂ ਸੀ ਕੀਤੀ ਗਈ। ਜਦੋਂ ਦੋਵਾਂ ਪਾਰਟੀਆਂ ਦੇ ਰਾਜ ਬਾਰੇ ਇੱਕੋ ਜਿਹੀ ਗੱਲ ਸਾਹਮਣੇ ਆ ਗਈ ਤਾਂ ਅਗਲੀ ਕੋਈ ਕਾਰਵਾਈ ਨਹੀਂ ਹੋਈ ਅਤੇ ਉਹ ਅਫਸਰ ਬੀਬੀ ਕੁਝ ਦਿਨਾਂ ਲਈ ਉਸ ਪੋਸਟ ਤੋਂ ਥੋੜ੍ਹਾ ਜਿਹਾ ਪਾਸੇ ਹਟਾ ਦੇਣ ਨਾਲ ਸਾਰਾ ਹੰਗਾਮਾ ਸ਼ਾਂਤ ਹੋ ਗਿਆ ਸੀ। ਇੱਦਾਂ ਕਈ ਵਾਰ ਕਈ ਰਾਜਾਂ ਵਿੱਚ ਵਾਪਰ ਜਾਂਦਾ ਰਿਹਾ ਹੈ। ਇਨ੍ਹਾਂ ਕਈ ਰਾਜਾਂ ਵਿੱਚ ਸਾਡਾ ਪੰਜਾਬ ਵੀ ਸ਼ਾਮਲ ਮੰਨਿਆ ਜਾਂਦਾ ਹੈ, ਜਿਸਦੇ ਇਹੋ ਜਿਹੇ ਕਈ ਕਿੱਸੇ ਉੱਠੇ ਅਤੇ ਫਿਰ ਆਮ ਲੋਕਾਂ ਵਿੱਚ ਚਾਰ ਦਿਨ ਚਰਚਾ ਦਾ ਮੁੱਦਾ ਬਣਨ ਦੇ ਬਾਅਦ ਅਚਾਨਕ ਚੇਤੇ ਵਿੱਚੋਂ ਵਿੱਸਰ ਗਏ ਸਨ।
ਜਿਹੜੇ ਰਵੀ ਸਿੱਧੂ ਤੋਂ ਗੱਲ ਅਸੀਂ ਸ਼ੁਰੂ ਕੀਤੀ ਸੀ, ਉਹ ਅੱਜ ਦੀ ਤਰੀਕ ਵਿੱਚ ਬੜੀ ਛੋਟੀ ਮੱਛੀ ਕਿਹਾ ਜਾਵੇਗਾ ਤੇ ਉਸ ਤੋਂ ਵੱਡੇ ਕਈ ਨਾਂਅ ਹੋਰ ਦੱਸੇ ਜਾ ਸਕਣਗੇ, ਪਰ ਭ੍ਰਿਸ਼ਟਾਚਾਰ ਦੇ ਵਹਿਣ ਨੰਗੇ ਹੋਣ ਅਤੇ ਇਸ ਵਿਰੁੱਧ ਸੰਘਰਸ਼ ਦੀ ਫੜ੍ਹ ਮਾਰ ਕੇ ਫਿਰ ਚੁੱਪ ਵੱਟਣ ਦੀ ਕਹਾਣੀ ਤਾਂ ਰਵੀ ਸਿੱਧੂ ਤੋਂ ਸ਼ੁਰੂ ਹੋਈ ਸੀ। ਮਾਮਲਾ ਅਮਰਿੰਦਰ ਸਿੰਘ ਦੇ ਵਕਤ ਉੱਭਰਿਆ ਤੇ ਉਸ ਵੇਲੇ ਪਹਿਲੀ ਵਾਰ ਮੁੱਖ ਮੰਤਰੀ ਬਣੇ ਹੋਣ ਕਾਰਨ ਉਸਦੀ ਭੱਲ ਵੀ ਬੜੀ ਬਣਦੀ ਜਾਪਣ ਲੱਗ ਪਈ, ਪਰ ਇੱਕ ਸਾਲ ਨਾ ਲੰਘਿਆ ਕਿ ਉਸਦੇ ਰਾਜ ਵਿੱਚ ਚੱਲ ਰਹੇ ਭ੍ਰਿਸ਼ਟਾਚਾਰ ਦੇ ਗੰਦੇ ਵਹਿਣ ਤੇ ਉਸ ਨਾਲ ਅਮਰਿੰਦਰ ਸਿੰਘ ਦੇ ਏਲਚੀਆਂ ਦੇ ਸੰਬੰਧਾਂ ਦੀ ਕਹਾਣੀ ਉੱਭਰਨ ਲੱਗ ਪਈ। ਫਿਰ ਜਦੋਂ ਲੁਧਿਆਣਾ ਇੰਪਰੂਵਮੈਂਟ ਟ੍ਰਸਟ ਦਾ ਮੁੱਦਾ ਉੱਭਰਿਆ, ਜਿਹੜਾ ਦਸ ਸਾਲ ਪਿੱਛੋਂ ਉਸਦੇ ਦੁਬਾਰਾ ਮੁੱਖ ਮੰਤਰੀ ਬਣਨ ਤਕ ਵੀ ਚੱਲ ਰਿਹਾ ਸੀ, ਉਸਨੇ ਅਮਰਿੰਦਰ ਸਿੰਘ ਦਾ ਅਕਸ ਇੰਨਾ ਵਿਗਾੜ ਦਿੱਤਾ ਕਿ ਉਹ ਆਪਣਾ ਅਕਸ ਵਿਗੜਨ ਵਰਗੀ ਚਿੰਤਾ ਭੁੱਲ ਕੇ ‘ਰੋਮ ਸੜਦਾ ਰਿਹਾ ਅਤੇ ਨੀਰੋ ਬੰਸਰੀ ਵਜਾਉਂਦਾ ਰਿਹਾ’ ਦੀ ਕਹਾਵਤ ਸੱਚ ਸਾਬਤ ਕਰਨ ਲੱਗ ਪਿਆ ਸੀ। ਦੂਸਰੀ ਵਾਰੀ ਉਸਨੇ ਨਸ਼ਿਆਂ ਦਾ ਧੰਦਾ ਰੋਕਣ ਦੇ ਨਾਅਰੇ ਤੋਂ ਸ਼ੁਰੂਆਤ ਕੀਤੀ ਤੇ ਸੀਤਾ ਫਲ ਦੇ ਟੋਕਰਿਆਂ, ਜਿਹੜੇ ਅਸਲ ਵਿੱਚ ਭ੍ਰਿਸ਼ਟਾਚਾਰ ਵਾਲੀ ਕਾਲੀ ਕਮਾਈ ਨਾਲ ਭਰੇ ਹੋਏ ਬਕਸਿਆਂ ਦਾ ਕੋਡ-ਵਰਡ ਸੀ, ਤਕ ਜਾ ਕੇ ਦਾਅਵਿਆਂ ਦੀ ਸਾਰੀ ਖੇਡ ਆਪਣੀ ਮੌਤੇ ਆਪ ਮਰ ਗਈ। ਉਸੇ ਕਹਾਣੀ ਨਾਲ ਉਸਦੇ ਬਾਅਦ ਮੌਜੂਦਾ ਸਰਕਾਰ ਵੀ ਉਹੋ ਜਿਹੀ ਖੇਡ ਵਿੱਚ ਸ਼ਾਮਲ ਹੁੰਦੀ ਦਿਸਣ ਲੱਗ ਪਈ ਹੈ।
ਅਸੀਂ ਪਿਛਲੀਆਂ ਸਰਕਾਰਾਂ ਦੇ ਵਕਤ ਹੋਏ ਦੀ ਚਰਚਾ ਕਰ ਕੇ ਇਸ ਵਕਤ ਜੋ ਹੋਈ ਜਾਂਦਾ ਹੈ, ਉਸ ਵੱਲੋਂ ਅੱਖਾਂ ਨਹੀਂ ਮੀਟ ਸਕਦੇ ਤੇ ਲੋਕਾਂ ਦਾ ਧਿਆਨ ਸਾਹਮਣੇ ਵਾਪਰਦੀਆਂ ਕੌੜੀਆਂ ਹਕੀਕਤਾਂ ਤੋਂ ਲਾਂਭੇ ਨਹੀਂ ਪਾਇਆ ਜਾ ਸਕਦਾ, ਕੋਈ ਨਾ ਕੋਈ ਜਵਾਬਦੇਹੀ ਇਸ ਸਰਕਾਰ ਦੇ ਨਾਂਅ ਲੱਗੇਗੀ ਹੀ। ਇਸਦੀ ਜ਼ਿੰਮੇਵਾਰੀ ਪਹਿਲਿਆਂ ਸਾਰਿਆਂ ਨਾਲੋਂ ਇਸ ਲਈ ਵੱਧ ਬਣਦੀ ਹੈ ਕਿ ਇਹ ਵਾਰੀ-ਵਾਰੀ ਚੱਲ ਰਹੀ ਰਾਜ ਕਰਨ ਦੀ ਪਿਰਤ ਤੋੜਨ ਅਤੇ ਨਵੀਂ ਸਰਕਾਰ ਨਹੀਂ, ਨਵਾਂ ਮਾਹੌਲ ਸਿਰਜਣ ਅਤੇ ਭ੍ਰਿਸ਼ਟਾਚਾਰ ਜਾਂ ਨਸ਼ਿਆਂ ਦਾ ਵਹਿਣ ਰੋਕਣ ਦੇ ਨਾਅਰੇ ਨਾਲ ਸਾਹਮਣੇ ਆਈ ਸੀ। ਲੋਕਾਂ ਨੂੰ ਜਦੋਂ ਪਹਿਲਿਆਂ ਤੋਂ ਕੋਈ ਆਸ ਹੀ ਨਹੀਂ ਸੀ ਰਹਿ ਗਈ, ਉਦੋਂ ਇਸ ਪਾਰਟੀ ਨੂੰ ਆਖਰੀ ਆਸ ਦੇ ਤੌਰ ’ਤੇ ਸਮਰਥਨ ਦੇ ਕੇ ਜਿਹੜੇ ਆਮ ਲੋਕਾਂ ਚੁਣਿਆ ਸੀ, ਉਹ ਇਸ ਸਰਕਾਰ ਤੋਂ ਕੀਤੇ ਵਾਅਦਿਆਂ ਉੱਤੇ ਅਮਲ ਬਾਰੇ ਪੁੱਛਣਾ ਆਪਣਾ ਹੱਕ ਸਮਝਦੇ ਹਨ। ਇਹ ਸਰਕਾਰ ਇਹ ਕਹਿ ਕੇ ਲੋਕਾਂ ਨੂੰ ਚੁੱਪ ਨਹੀਂ ਕਰਵਾ ਸਕਦੀ ਕਿ ਫਲਾਣੀ ਸਰਕਾਰ ਦੇ ਸਮੇਂ ਫਲਾਣਾ ਅਫਸਰ ਐਨੀ ਮਾਇਆ ਕਿਸੇ ਤੋਂ ਫੜਦਾ ਫੜਿਆ ਗਿਆ ਜਾਂ ਫਲਾਣੀ ਸਰਕਾਰ ਦੌਰਾਨ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਦੇ ਵਹਿਣ ਵਿੱਚ ਡੋਬਣ ਦਾ ਕੰਮ ਅਰੰਭ ਹੋਇਆ ਸੀ। ਲੋਕ ਇਹ ਜਾਣਨਾ ਚਾਹੁਣਗੇ ਕਿ ਉਹ ਸਾਰੇ ਤਾਂ ਤੁਹਾਡੇ ਮੁਤਾਬਿਕ ਵੀ ਡੋਬਣ ਵਾਲੇ ਸਨ ਅਤੇ ਆਮ ਲੋਕਾਂ ਦੀ ਨਜ਼ਰ ਵਿੱਚ ਵੀ ਇੱਦਾਂ ਦੇ ਹੋਣ ਕਾਰਨ ਤੁਹਾਨੂੰ ਇੱਕ ਮੌਕਾ ਦਿੱਤਾ ਗਿਆ ਸੀ, ਤੁਸੀਂ ਇਸ ਵਰਤਾਰੇ ਅੱਗੇ ਬੰਨ੍ਹ ਮਾਰਨ ਵਾਸਤੇ ਕੀ ਕੀਤਾ ਹੈ? ਜੇ ਪਹਿਲਿਆਂ ਉੱਤੇ ਸੋਨੇ ਦੇ ਬਿਸਤਰਿਆਂ ਉੱਤੇ ਸੌਣ ਜਾਂ ਅਗਲੀਆਂ ਸੱਤ ਪੁਸ਼ਤਾਂ ਦਾ ਬੁੱਤਾ ਸਾਰਨ ਜੋਗਾ ਮਾਲ ਇਕੱਠਾ ਕਰ ਲੈਣ ਵਾਲੇ ਦੋਸ਼ ਲਾ ਕੇ ਸੱਤਾ ਸਾਂਭੀ ਸੀ ਤਾਂ ਇਸਦੀ ਛਤਰ-ਛਾਇਆ ਹੇਠ ਜਿਨ੍ਹਾਂ ਨੇ ਨੋਟਾਂ ਨੂੰ ਹੂੰਝਾ ਮਾਰਨ ਦਾ ਕੰਮ ਉਦੋਂ ਵਾਂਗ ਜਾਂ ਉਸ ਤੋਂ ਵੱਧ ਰਫਤਾਰ ਨਾਲ ਚਲਾਇਆ ਹੈ ਅਤੇ ਸਰਕਾਰ ਕੋਈ ਅੜਿੱਕਾ ਨਹੀਂ ਬਣਦੀ ਜਾਪਦੀ ਤਾਂ ਸੱਤਾ ਤਬਦੀਲੀ ਦਾ ਲਾਭ ਕੀ ਹੋਇਆ? ਪੰਜਾਬੀਅਤ ਜਿਹੜੇ ਮੋੜ ਉੱਤੇ ਪਹੁੰਚੀ ਹੋਈ ਹੈ, ਲੋਕ ਅੱਜਕੱਲ੍ਹ ਗੱਲਾਂ ਨਾਲ ਪਤਿਆਏ ਜਾਣ ਦੇ ਮੁਥਾਜ ਨਹੀਂ, ਉਹ ਜਵਾਬ ਮੰਗਦੇ ਹਨ।
ਜਦੋਂ ਪੰਜਾਬੀਅਤ ਜਵਾਬ ਮੰਗਦੀ ਹੈ ਤਾਂ ਕੋਈ ਇਹ ਨਾ ਸਮਝੇ ਕਿ ਜਵਾਬ ਸਿਰਫ ਅਜੋਕੇ ਹਾਕਮਾਂ ਨੂੰ ਦੇਣਾ ਪੈਣਾ ਹੈ, ਪਿਛਲਿਆਂ ਦਾ ਵਹੀ-ਖਾਤਾ ਨਾਲ ਇੱਕ ਵਾਰ ਫਿਰ ਖੁੱਲ੍ਹ ਸਕਦਾ ਹੈ। ਡੀ ਆਈ ਜੀ ਭੁੱਲਰ ਦੇ ਗ੍ਰਿਫਤਾਰ ਹੋਣ ਮਗਰੋਂ ਵਿਰੋਧੀ ਧਿਰਾਂ ਦੇ ਜਿਨ੍ਹਾਂ ਆਗੂਆਂ ਨੇ ਅਜੋਕੀ ਸਰਕਾਰ ਉੱਤੇ ਹਮਲਾ ਕੀਤਾ ਅਤੇ ਬਿਲਕੁਲ ਠੀਕ ਕੀਤਾ ਹੈ, ਖੁਦ ਉਨ੍ਹਾਂ ਆਗੂਆਂ ਦੀਆਂ ਉਸੇ ਡੀ ਆਈ ਜੀ ਭੁੱਲਰ ਨਾਲ ਖਾਸ ਪਲਾਂ ਦੀਆਂ ਫੋਟੋ ਅਤੇ ਵੀਡੀਓਜ਼ ਆਮ ਲੋਕਾਂ ਨੇ ਯੂਟਿਊਬ ਉੱਤੇ ਚਾੜ੍ਹ ਦਿੱਤੀਆਂ ਹਨ। ਅੱਜ ਦੀ ਘੜੀ ਲੋਕ ਕਿਸੇ ਇੱਕ ਜਾਂ ਦੂਸਰੇ ਆਗੂ ਦੇ ਕਹੇ ਉੱਤੇ ਚੱਲਣ ਵਾਲੇ ਨਹੀਂ, ਲੀਡਰਾਂ ਨੂੰ ਚੌਰਾਹੇ ਵਿੱਚ ਬੇਪਰਦ ਕਰਨ ਦੇ ਕੰਮ ਲੱਗੇ ਹੋਏ ਹਨ। ਉਹ ਚੌਰਾਹਾ ਬੜਾ ਨੇੜੇ ਆਉਂਦਾ ਪਿਆ ਹੈ, ਡੇਢ ਸਾਲ ਵੀ ਉਸ ਘੜੀ ਲਈ ਨਹੀਂ ਬਚਿਆ, ਜਦੋਂ ਪੰਜਾਬ ਦੇ ਸਿਆਸੀ ਪਿੜ ਦੇ ਸਾਰੇ ਪਹਿਲਵਾਨ ਲੋਕਾਂ ਮੋਹਰੇ ਗਲੀਆਂ ਦੇ ਕੱਖ ਛਾਣਨ ਲਈ ਘੁੰਮਦੇ ਦਿਸਣੇ ਹਨ। ਲੋਕਾਂ ਮੋਹਰੇ ਉਸ ਘੜੀ ਕਿਸ ਆਗੂ ਨੇ ਕਿਹੜੇ ਮੂੰਹ ਨਾਲ ਜਾਣਾ ਅਤੇ ਉਨ੍ਹਾਂ ਦੀਆਂ ਨਜ਼ਰਾਂ ਦਾ ਸਾਹਮਣਾ ਕਿੱਦਾਂ ਕਰਨਾ ਹੈ, ਇਸਦੇ ਅੰਦਾਜ਼ੇ ਅਗੇਤੇ ਲਾਏ ਜਾਣ ਲੱਗ ਪਏ ਹਨ ਤੇ ਬਹੁਤ ਸਾਰੇ ਲੀਡਰਾਂ ਦੀ ਜਨਮ-ਕੁੰਡਲੀ ਆਮ ਲੋਕ ਆਪਣੇ ਮੋਬਾਇਲ ਫੋਨਾਂ ਵਿੱਚ ਪਈ ਰੋਜ਼ ਦੇਖ ਲੈਂਦੇ ਹਨ। ਲੋਕਾਂ ਨੇ ਬੈਂਕਾਂ ਵਿੱਚ ਪਏ ਪੈਸੇ ਦਾ ਬੈਲੈਂਸ ਨਹੀਂ ਵੇਖਣਾ ਹੁੰਦਾ, ਕਾਰੋਬਾਰ ਠੱਪ ਹੋ ਰਹੇ ਹਨ, ਰੁਜ਼ਗਾਰ ਦੇ ਬਹਾਨੇ ਉੱਤੇ ਲੀਡਰਾਂ ਦੇ ਪਿੱਛੇ ਘੁੰਮਦੇ ਵਰਕਰਾਂ ਦੀ ਧਾੜ ਨਾਲ ਸਮਾਜ ਨਹੀਂ ਚੱਲਣਾ, ਲੋਕ ਇਹੋ ਜਿਹੇ ਰਾਹਾਂ ਵਿੱਚ ਕੰਡੇ ਵਿਛਾ ਕੇ ਕੌੜਾ ਸਵਾਗਤ ਕਰਨ ਤਕ ਜਾ ਸਕਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (