“ਅਗਲੀ ਚੋਣ ਲੜਾਈ ਇਸ ਰਾਜ ਵਿਚਲੀਆਂ ਰਵਾਇਤੀ ਦੋ ਧਿਰਾਂ ਦੇ ਵਿਰੋਧ ਤਕ ਨਹੀਂ ਰਹਿ ਜਾਣੀ ...”
(4 ਦਸੰਬਰ 2025)
ਬਹੁਤ ਸਾਰੇ ਲੋਕ ਸਾਨੂੰ ਇਹੋ ਜਿਹੇ ਸਵਾਲਾਂ ਵਿੱਚ ਫਸਾ ਦਿੰਦੇ ਹਨ, ਜਿਨ੍ਹਾਂ ਦਾ ਜਵਾਬ ਜਾਂ ਤਾਂ ਹੁੰਦਾ ਨਹੀਂ ਤੇ ਜਾਂ ਫਿਰ ਇਹੋ ਜਿਹਾ ਹੁੰਦਾ ਹੈ, ਜਿਹੜਾ ਖੜ੍ਹੇ ਪੈਰ ਦਿੱਤਾ ਨਹੀਂ ਜਾ ਸਕਦਾ। ਇਸਦੇ ਕਈ ਕਾਰਨ ਹੁੰਦੇ ਹਨ। ਫਰਜ਼ ਕਰੋ ਕਿ ਤੁਸੀਂ ਕਿਸੇ ਵਿਆਹ-ਸ਼ਾਦੀ ਮੌਕੇ ਬਹੁਤ ਸਾਰੇ ਹੋਰ ਲੋਕਾਂ ਵਾਂਗ ਮਹਿਮਾਨ ਬਣ ਕੇ ਗਏ ਹੋਏ ਹੋਵੋਂ ਅਤੇ ਮੁੰਡੇ-ਕੁੜੀ ਨੂੰ ਸ਼ਗਨ ਪਾਉਣ ਲੋਕਾਂ ਦੀ ਲਾਈਨ ਵਿੱਚ ਖੜੋਤੇ ਹੋਵੋਂ ਤੇ ਕੋਈ ਪਿੱਛੇ ਜਾਂ ਅੱਗੇ ਖੜ੍ਹਾ ਵਿਅਕਤੀ ਕੰਨ ਦੇ ਕੋਲ ਮੂੰਹ ਕਰਕੇ ਕਹਿ ਦੇਵੇ ਕਿ ਤੁਹਾਡਾ ਕੀ ਖਿਆਲ ਹੈ ਕਿ ਸ਼ਗਨ ਦੀ ਰਸਮ ਹੋਣੀ ਠੀਕ ਹੈ ਜਾਂ ਨਹੀਂ? ਇੱਦਾਂ ਦੇ ਸਵਾਲ ਬਾਰੇ ਤੁਸੀਂ ਖੜ੍ਹੇ ਪੈਰ ਕੀ ਕਹਿ ਸਕਦੇ ਹੋ? ਸਿਆਣੇ ਸੱਜਣ ਇੱਦਾਂ ਦੇ ਸਵਾਲ ਦਾ ਜਵਾਬ ਕਈ ਵਾਰ ਸਵਾਲ ਕਰਨ ਵਾਲੇ ਵਾਂਗ ਹੀ ਉਸਦੇ ਕੰਨ ਨਾਲ ਮੂੰਹ ਜੋੜ ਕੇ ਦੇ ਦਿੱਤਾ ਕਰਦੇ ਸਨ। ਪਰ ਅੱਜਕੱਲ੍ਹ ਜਦੋਂ ਹਰ ਪਾਸੇ ਹਰ ਗੱਲ ਰਿਕਾਰਡਿੰਗ ਕਰ ਰਹੇ ਕੈਮਰੇ ਲੱਗੇ ਹੋਣ, ਜਵਾਬ ਵਿੱਚ ਕਹੀ ਗੱਲ ਠੀਕ ਹੁੰਦੇ ਹੋਏ ਵੀ ਇੱਕ ਜਾਂ ਦੂਸਰੇ ਪੱਖੋਂ ਵੱਡੀ ਚਰਚਾ ਦਾ ਮੁੱਦਾ ਬਣ ਸਕਦੀ ਹੈ। ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੈ, ਉਹ ਇਹੋ ਜਿਹੇ ਮੌਕੇ ਟਾਲਣ ਲਈ ਕੋਈ ਬਹਾਨਾ ਵਰਤ ਕੇ ਸਾਰ ਸਕਦੇ ਹਨ, ਪਰ ਸਾਰੇ ਇੱਦਾਂ ਨਹੀਂ ਸੋਚ ਸਕਦੇ। ਕੈਮਰੇ ਨਾ ਵੀ ਦੇਖਦੇ ਹੋਣ ਤਾਂ ਇਹ ਮੌਕਾ ਇਹੋ ਜਿਹੇ ਸਵਾਲ ਦਾ ਜਵਾਬ ਦੇਣ ਦਾ ਨਹੀਂ ਹੁੰਦਾ, ਕਿਉਂਕਿ ਜੇ ਤੁਸੀਂ ਇਸ ਰਸਮ ਦਾ ਵਿਰੋਧ ਕਰੋ ਤਾਂ ਅਗਲਾ ਜਾਣਬੁੱਝ ਕੇ ਜਾਂ ਸਹਿਜ-ਸੁਭਾਅ ਉੱਚੀ ਆਵਾਜ਼ ਵਿੱਚ ਪੁੱਛ ਸਕਦਾ ਹੈ ਕਿ ਫਿਰ ਤੁਸੀਂ ਖੁਦ ਕਿਉਂ ਸ਼ਗਨ ਪਾਉਣ ਲੱਗੇ ਹੋ ਅਤੇ ਜੇ ‘ਸਭ ਚੱਲਦਾ ਹੈ’ ਕਹਿ ਕੇ ਬੁੱਤਾ ਸਾਰਦੇ ਹੋ ਤਾਂ ਉਹ ਚਾਰ ਸਵਾਲ ਹੋਰ ਕਰਨ ਲੱਗ ਸਕਦਾ ਹੈ। ਇਹੋ ਗੱਲ ਰਾਜਨੀਤਕ ਖੇਤਰ ਵਿੱਚ ਹੁੰਦੇ ਕਈ ਕੰਮਾਂ ਬਾਰੇ ਉੱਠ ਰਹੇ ਸਵਾਲਾਂ ਬਾਰੇ ਕਹੀ ਜਾ ਸਕਦੀ ਹੈ ਕਿ ਹਰ ਗੱਲ ਦਾ ਜਵਾਬ ਹਰ ਸਮੇਂ ਦਿੱਤਾ ਜਾਣਾ ਸੁਖਾਲਾ ਨਹੀਂ ਹੁੰਦਾ।
ਬੀਤੇ ਦਿਨੀਂ ਪੰਜਾਬ ਦੀ ਇੱਕ ਵੱਡੀ ਰਾਜਸੀ ਧਿਰ ਦੇ ਇੱਕ ਆਗੂ ਆਪਣੇ ਕਿਸੇ ਆਗੂ ਦੇ ਪਰਿਵਾਰ ਵਿੱਚ ਵਿਆਹ ਮੌਕੇ ਹਾਜ਼ਰੀ ਭਰਨ ਗਏ ਤਾਂ ਉਨ੍ਹਾਂ ਦੀ ਪਾਰਟੀ ਦਾ ਉਨ੍ਹਾਂ ਨਾਲ ਵਿਰੋਧ ਵਾਲਾ ਇੱਕ ਆਗੂ ਉਨ੍ਹਾਂ ਨੂੰ ਸਾਹਮਣੇ ਆਉਂਦਾ ਮਿਲ ਗਿਆ। ਦੋਵੇਂ ਜਣੇ ਹੱਥ ਮਿਲਾ ਕੇ ਖੜ੍ਹੇ ਸਨ ਤਾਂ ਇੱਕ ਫੋਟੋਗਰਾਫਰ ਨੇ ਫੋਟੋ ਖਿਚਵਾਉਣ ਦੀ ਬੇਨਤੀ ਕਰ ਦਿੱਤੀ ਤੇ ਜਦੋਂ ਤਕ ਫੋਟੋ ਖਿੱਚੀ ਜਾਣੀ ਸੀ, ਇੱਕ ਜਣੇ ਨੇ ਹਾਸੇ ਨਾਲ ਕਹਿ ਦਿੱਤਾ ਕਿ ਇਸ ਫੋਟੋ ਨਾਲ ਦੋਵਾਂ ਦਾ ਅੱਜ ਦੇ ਅਖਬਾਰਾਂ ਵਿਚਲਾ ਬਿਆਨ ਜੋੜ ਦੇਈਏ ਤਾਂ ਕਿੱਦਾਂ ਰਹੇਗਾ? ਦੋਵਾਂ ਦਾ ਹਾਸਾ ਅਤੇ ਚਿਹਰੇ ਦਾ ਰੰਗ, ਦੋਵੇਂ ਉਡ ਗਏ। ਉਨ੍ਹਾਂ ਦੋਵਾਂ ਨੇ ਇੱਕ ਦਿਨ ਪਹਿਲਾਂ ਇੱਕ ਦੂਸਰੇ ਖਿਲਾਫ ਨਸ਼ਾ ਸਮਗਲਰਾਂ ਨਾਲ ਸਾਂਝ ਰੱਖਣ ਦੇ ਬਿਆਨ ਦਾਗੇ ਸਨ ਤੇ ਆਪਣੀ ਪਾਰਟੀ ਦੀ ਹਾਈ ਕਮਾਨ ਤੋਂ ਇਸਦੀ ਪੜਤਾਲ ਕਰਾਉਣ ਲਈ ਮੰਗ ਕੀਤੀ ਹੋਈ ਸੀ। ਸਵਾਲ ਪੁੱਛਣ ਵਾਲੇ ਨੇ ਉਨ੍ਹਾਂ ਦੋਵਾਂ ਦੀ ਇਹੋ ਜਿਹੀ ਹਾਸੋਹੀਣੀ ਹਾਲਤ ਕਰ ਦਿੱਤੀ ਕਿ ਦੋਵੇਂ ਜਣੇ ਫਿਰ ਛੇਤੀ-ਛੇਤੀ ਸ਼ਗਨ ਪਾ ਕੇ ਉੱਥੋਂ ਖਿਸਕ ਗਏ ਸਨ।
ਇੱਕ ਹੋਰ ਥਾਂ ਬੀਤੇ ਦਿਨੀਂ ਇੱਕ ਵੱਡੇ ਆਗੂ ਨਾਲ ਦੂਸਰੀ ਪਾਰਟੀ ਤੋਂ ਦਲਬਦਲੀ ਕਰ ਕੇ ਉਸਦੀ ਪਾਰਟੀ ਵਿੱਚ ਨਵਾਂ ਆਇਆ ਇੱਕ ਆਗੂ ਵੀ ਕਿਸੇ ਸਮਾਗਮ ਵਿੱਚ ਗਿਆ ਤਾਂ ਉਹ ਨਵਾਂ ਆਇਆ ਆਗੂ ਉਸ ਵੱਡੇ ਆਗੂ ਨਾਲ ਕੁਝ ਜ਼ਿਆਦਾ ਹੀ ਚੰਬੜਿਆ ਫਿਰੇ। ਇਸ ਤੋਂ ਉਸ ਪਾਰਟੀ ਦੇ ਪੁਰਾਣੇ ਕੁਝ ਆਗੂਆਂ ਨੂੰ ਬੁਰਾ ਮਹਿਸੂਸ ਹੋਇਆ ਅਤੇ ਗੱਲ ਇੰਨੀ ਵਧ ਗਈ ਕਿ ਪੁਰਾਣਿਆਂ ਵਿੱਚੋਂ ਇੱਕ ਨੇ ਇਹ ਕਹਿ ਕੇ ਜਾਣ ਦੀ ਆਗਿਆ ਮੰਗ ਲਈ ਕਿ ਉਸ ਨੂੰ ਕੰਮ ਹੈ। ਉਸੇ ਵਾਂਗ ਇੱਕ ਪਿੱਛੋਂ ਦੂਸਰਾ ਤਿੰਨ-ਚਾਰ ਹੋਰ ਉੱਠ ਕੇ ਤੁਰ ਪਏ ਤਾਂ ਵੱਡੇ ਆਗੂ ਨੇ ਆਖਿਆ ਕਿ ਸਾਰੇ ਨਿਕਲ ਚੱਲੇ ਹੋ, ਕੁਝ ਚਿਰ ਰੁਕ ਜਾਉ। ਜਵਾਬ ਵਿੱਚ ਇੱਕ ਪੁਰਾਣੇ ਆਗੂ ਦੇ ਮੂੰਹੋਂ ਨਿਕਲਿਆ, ਰੁਕਣ ਦੀ ਲੋੜ ਕੀ ਹੈ, ਘੜੀ ਕੁ ਤਕ ਤੁਹਾਡੇ ਕੋਲ ਇਹਦੇ ਵਰਗੇ ਚਾਰ-ਪੰਜ ਦੂਸਰੀ ਪਾਰਟੀ ਵਿੱਚੋਂ ਹੋਰ ਆ ਜਾਣਗੇ, ਫਿਰ ਵੀ ਜਾਣਾ ਪੈਣਾ ਹੈ, ਸਾਨੂੰ ਪੁੱਛਦਾ ਕੌਣ ਹੈ, ਨਵਿਆਂ ਦੀ ਰੁੱਤ ਆਈ ਹੈ, ਇਹ ਜਿੰਨੇ ਦਿਨ ਇਸ ਪਾਰਟੀ ਵਿੱਚ ਹੈ, ਮਜ਼ੇ ਕਰੋ, ਫਿਰ ਇਸਨੇ ਕਿਸੇ ਹੋਰ ਵੱਲ ਚਲੇ ਜਾਣਾ ਹੈ, ਉਦੋਂ ਸਾਨੂੰ ਆਵਾਜ਼ ਮਾਰ ਲਿਉ! ਉਸ ਵੱਲੋਂ ਕੱਢੀ ਇਸ ਕੌੜ ਨਾਲ ਗੱਲ ਇੰਨੀ ਵਧ ਗਈ ਕਿ ਪੁਰਾਣਾ ਅਤੇ ਪਾਰਟੀ ਵਿੱਚ ਨਵਾਂ ਆਇਆ ਆਗੂ ਆਪੋ ਵਿੱਚ ਹੱਥੋ-ਪਾਈ ਭਾਵੇਂ ਨਹੀਂ ਸੀ ਹੋਏ, ਹਾਲਤ ਇੰਨੀ ਵਿਗੜੀ ਕਿ ਵੱਡਾ ਆਗੂ ਉੱਥੋਂ ਪਲਾਂ ਵਿੱਚ ਪੱਤਰਾ ਵਾਚ ਗਿਆ ਅਤੇ ਪਿੱਛੋਂ ਉਹ ਦੋਵੇਂ ਇੱਕ ਦੂਸਰੇ ਨੂੰ ਕਹਿੰਦੇ ਰਹੇ ‘ਤੈਨੂੰ ਮੈਂ ਦੇਖ ਲਊਂ ਅਗਲੀ ਚੋਣ ਵਿੱਚ, ਪਤਾ ਨਹੀਂ ਕਿਸ ਜਾਤ ਦੀ ਕੋਹੜ ਕਿਰਲੀ ... ਅਗਲੀ ਚੋਣ ਤਕ ਕਿਹੜੀ ਖੁਰਲੀ ਉੱਤੇ ਜਾ ਖੜੋਵੇਂਗਾ!’
ਜਿਹੜੀ ਖਿੱਚੋਤਾਣ ਉਸ ਵਕਤ ਇਨ੍ਹਾਂ ਪੁਰਾਣੇ ਅਤੇ ਨਵੇਂ ਆਗੂਆਂ ਵਿਚਾਲੇ ਬਣੀ ਹੋਈ ਸੀ, ਉਹ ਅਗਲੀ ਵਿਧਾਨ ਸਭਾ ਚੋਣ ਨੇੜੇ ਆਈ ਦੇਖ ਕੇ ਇਸ ਵਕਤ ਲਗਭਗ ਹਰ ਉਸ ਪਾਰਟੀ ਅੰਦਰ ਹੁੰਦੀ ਵੇਖੀ ਜਾ ਸਕਦੀ ਹੈ ਜਿਹੜੇ ਸੱਤਾ ਦਾ ਸੁਖ ਕਦੇ ਨਾ ਕਦੇ ਮਾਣ ਚੁੱਕੇ ਹਨ ਜਾਂ ਮਾਣਨ ਦੀ ਝਾਕ ਰੱਖਦੇ ਹਨ। ਜਦੋਂ ਪੰਜਾਬ ਵਿੱਚ ਸਰਕਾਰ ਦੀ ਅਗਵਾਈ ਅਕਾਲੀ ਦਲ ਕੋਲ ਸੀ, ਉਨ੍ਹਾਂ ਦਿਨਾਂ ਵਿੱਚ ਇੱਕ ਵਾਰ ਇੱਕ ਪਿੰਡ ਦੇ ਅਕਾਲੀ ਦਲ ਦੇ ਤਿੰਨ ਧੜੇ ਆਪੋ ਵਿੱਚ ਲੜਾਈ ਕਰ ਬੈਠੇ ਤਾਂ ਉੱਪਰੋਂ ਤਿੰਨਾਂ ਧੜਿਆਂ ਦੇ ਪੱਖ ਵਿੱਚ ਅਫਸਰਾਂ ਦੇ ਫੋਨ ਖੜਕੀ ਜਾਣ ਕਿ ਮਦਦ ਫਲਾਣੇ ਦੀ ਕਰਨੀ ਹੈ। ਇਸ ਤੋਂ ਵੱਧ ਕਮਾਲ ਦੀ ਗੱਲ ਇਹ ਕਿ ਇੱਕੋ ਆਗੂ ਉਨ੍ਹਾਂ ਤਿੰਨਾਂ ਧੜਿਆਂ ਦੇ ਬੰਦਿਆਂ ਲਈ ਫੋਨ ਕਰੀ ਜਾਵੇ ਤੇ ਅਗਲੀ ਗੱਲ ਇਹ ਕਿ ਤਿੰਨਾਂ ਧੜਿਆਂ ਵਾਲਿਆਂ ਨੂੰ ਪਤਾ ਸੀ ਕਿ ਉਹ ਵੱਡਾ ਆਗੂ ਤਿੰਨਾਂ ਧਿਰਾਂ ਲਈ ਫੋਨ ਕਰੀ ਜਾਂਦਾ ਹੈ। ਅਸੀਂ ਇੱਕ ਸੱਜਣ ਨੂੰ ਪੁੱਛ ਲਿਆ ਕਿ ਤੁਹਾਡੀ ਇੱਕੋ ਪਾਰਟੀ ਹੈ, ਇੱਕ ਪਾਰਟੀ ਦੇ ਤਿੰਨ ਧੜੇ ਤੇ ਤਿੰਨਾਂ ਲਈ ਲੀਡਰ ਦੇ ਫੋਨ ਆਈ ਜਾਂਦੇ ਹਨ, ਇਹ ਕੀ ਚੱਕਰ ਹੈ? ਉਹਨੇ ਹੱਸ ਕੇ ਕਿਹਾ ਕਿ ਹਾਲ ਦੀ ਘੜੀ ਤਿੰਨੇ ਧੜੇ ਸਾਡੀ ਪਾਰਟੀ ਵਿੱਚ ਜ਼ਰੂਰ ਹਨ, ਪਰ ਜਿਸ ਦਿਨ ਚੋਣਾਂ ਦਾ ਐਲਾਨ ਹੋਇਆ, ਇਨ੍ਹਾਂ ਵਿੱਚੋਂ ਸਾਡੇ ਨਾਲ ਕੌਣ ਰਹੂਗਾ, ਪਤਾ ਨਹੀਂ, ਕਾਂਗਰਸ ਵਾਲਿਆਂ ਨਾਲ ਤਾਰ ਸਾਰਿਆਂ ਦੀ ਜੁੜੀ ਹੋਈ ਹੈ।
ਇਹੋ ਕੁਝ ਕਾਂਗਰਸ ਅੰਦਰ ਉਸ ਵਕਤ ਹੁੰਦਾ ਦੇਖਿਆ ਗਿਆ, ਜਦੋਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਸਿਆਸੀ ਭੇੜ ਸਿਖਰਾਂ ਉੱਤੇ ਪਹੁੰਚਿਆ ਹੋਇਆ ਸੀ। ਉਸ ਵਕਤ ਲੜਾਈ ਸਿੱਧੂ ਲੜਦਾ ਰਹਿ ਗਿਆ, ਕੁਰਸੀ ਲਈ ਨੌਂਗਾ ਕਿਸੇ ਹੋਰ ਦਾ ਪੈ ਗਿਆ। ਧੜੇਬੰਦੀਆਂ ਦੇ ਮਾਹਰ ਜਿਹੜੇ ਲੀਡਰ ਪਿਛਲੇ ਦਿਨ ਤਕ ਨਵਜੋਤ ਸਿੱਧੂ ਨਾਲ ਫਿਰਦੇ ਸਨ, ਵਕਤ ਬਦਲਦਾ ਦੇਖ ਕੇ ਸਿੱਧੂ ਦੇ ਘਰ ਦੀ ਸੜਕ ਉੱਤੋਂ ਲੰਘਣ ਤੋਂ ਵੀ ਗੁਰੇਜ਼ ਕਰਨ ਲੱਗ ਪਏ। ਉਦੋਂ ਸਿੱਧੂ ਨੂੰ ਇਸ ਵਿੱਚ ਦੋਸ਼ ਉਨ੍ਹਾਂ ਲੋਕਾਂ ਦਾ ਨਹੀਂ ਦਿਸਿਆ, ਜਿਹੜੇ ਬਦਲਦੇ ਸਮੇਂ ਨੂੰ ਪਛਾਣ ਕੇ ਕਿਸੇ ਵੀ ਚੁਬਾਰੇ ਉੱਤੋਂ ਚੋਗਾ ਚੁਗਣ ਜਾ ਸਕਦੇ ਹਨ, ਉਸ ਦੂਸਰੇ ਲੀਡਰ ਦਾ ਦੋਸ਼ ਵੱਧ ਦਿਖਾਈ ਦਿੰਦਾ ਸੀ, ਜਿਸਨੇ ਪਹਿਲਾਂ ਚੁੱਪ ਰਹਿ ਕੇ ਆਖਰੀ ਵਕਤ ਠਿੱਬੀ ਲਾ ਦਿੱਤੀ ਸੀ। ਇਹ ਕੁਝ ਕਈ ਵਾਰ ਹੁੰਦਾ ਦੇਖਿਆ ਗਿਆ ਹੈ। ਅੱਜਕੱਲ੍ਹ ਇਹੋ ਕੁਝ ਫਿਰ ਕਈ ਥਾਂਈਂ ਹੁੰਦਾ ਦਿਖਾਈ ਦਿੰਦਾ ਹੈ, ਪਰ ਇਸਦੀ ਚਰਚਾ ਕਰਨ ਤੋਂ ਬਚਿਆ ਜਾ ਰਿਹਾ ਹੈ।
ਜਦੋਂ ਅਸੀਂ ਇਹ ਕਿਹਾ ਹੈ ਕਿ ਇਹ ਕੁਝ ਫਿਰ ਹੁੰਦਾ ਦਿਖਾਈ ਦਿੰਦਾ ਹੈ ਤਾਂ ਇਸਦਾ ਮਤਲਬ ਕਾਂਗਰਸ ਇਕੱਲੀ ਦੇ ਅੰਦਰ ਦੀ ਹਾਲਤ ਤੋਂ ਨਹੀਂ, ਇਸ ਵਕਤ ਪੰਜਾਬ ਵਿੱਚ ਸੱਤਾ ਦੀ ਦੌੜ ਵਿੱਚ ਸ਼ਾਮਲ ਹਰ ਵੱਡੀ ਪਾਰਟੀ ਦੇ ਅੰਦਰਲੀ ਹਾਲਤ ਇਹੋ ਹੈ। ਅਕਾਲੀ ਪਾਰਟੀ ਦੇ ਜਿਹੜੇ ਹਾਲਾਤ ਦੀ ਗੱਲ ਅਸੀਂ ਉੱਪਰ ਕੀਤੀ ਹੈ, ਪੰਜਾਬ ਦੇ ਰਾਜ ਦਾ ਸੁਖ ਮਾਣਨ ਵਾਲੇ ਹਰ ਦਲ ਵਿੱਚ ਆਪਣੇ ਰਾਜ ਦੇ ਆਖਰੀ ਦਿਨਾਂ ਵਿੱਚ ਬਣਦੀ ਹੁੰਦੀ ਹੈ ਤੇ ਇਸ ਵਕਤ ਇਹ ਹਾਲਤ ਆਮ ਆਦਮੀ ਪਾਰਟੀ ਅੰਦਰ ਬਣਦੀ ਮਹਿਸੂਸ ਕੀਤੀ ਜਾਣ ਲੱਗ ਪਈ ਹੈ। ਅਕਾਲੀਆਂ ਦੇ ਰਾਜ ਦੌਰਾਨ ਦੂਰਦਰਸ਼ਨ ਦੇ ਇੱਕ ਪ੍ਰੋਗਰਾਮ ਵਿੱਚ ਇੱਕ ਪਿੰਡ ਵਿੱਚ ਤਿੰਨ ਅਕਾਲੀ ਧੜਿਆਂ ਦੇ ਭੇੜ ਬਾਰੇ ਜਦੋਂ ਸਾਥੋਂ ਸਵਾਲ ਪੁੱਛਿਆ ਗਿਆ ਤਾਂ ਅਸੀਂ ਮਿਸਾਲ ਦੇ ਕੇ ਸਮਝਾਇਆ ਸੀ ਕਿ ਇੱਕ ਆਦਮੀ ਨੇ ਦੂਸਰਾ ਵਿਆਹ ਕਰਵਾਇਆ ਸੀ, ਜਿਸਦਾ ਪਹਿਲੀ ਪਤਨੀ ਤੋਂ ਇੱਕ ਬੱਚਾ ਸੀ ਤੇ ਅੱਗੋਂ ਜਿਸ ਔਰਤ ਨਾਲ ਵਿਆਹ ਕਰਵਾਇਆ ਸੀ, ਉਸਦਾ ਵੀ ਪਹਿਲੇ ਪਤੀ ਤੋਂ ਇੱਕ ਬੱਚਾ ਸੀ। ਦੋਵਾਂ ਦੇ ਘਰ ਇੱਕ ਹੋਰ ਬੱਚਾ ਪੈਦਾ ਹੋ ਗਿਆ ਤਾਂ ਇੱਕ ਦਿਨ ਰੌਲਾ ਪੈਂਦਾ ਸੁਣ ਕੇ ਆਦਮੀ ਨੇ ਆਵਾਜ਼ ਦੇ ਕੇ ਪਤਨੀ ਨੂੰ ਜਦੋਂ ਇਹ ਪੁੱਛਿਆ ਕਿ ਰੌਲਾ ਕਿਉਂ ਪੈ ਰਿਹਾ ਹੈ ਤਾਂ ਉਸਨੇ ਕਿਹਾ ਸੀ: ‘ਤੇਰੇ ਤੇ ਮੇਰੇ ਬੱਚੇ ਆਪਣੇ ਬੱਚੇ ਨੂੰ ਮਾਰਦੇ ਹਨ।’ ਅਕਾਲੀ ਦਲ ਦੇ ਵਕਤ ਕੁਝ ਆਗੂ ਪੁਰਾਣੇ ਸਨ, ਵੱਡੇ ਬਾਦਲ ਦੇ ਨਾਲ ਜੇਲ੍ਹਾਂ ਕੱਟਣ ਵਾਲੇ, ਕੁਝ ਸੁਖਬੀਰ ਸਿੰਘ ਬਾਦਲ ਦੇ ਨਾਲ ਪੰਜਾਬ ਸਰਕਾਰ ਤੋਂ ਲਾਭ ਲੈਣ ਲਈ ਜੁੜੇ ਹੋਏ ਅਤੇ ਕੁਝ ਹੋਰਨਾਂ ਪਾਰਟੀਆਂ ਤੋਂ ਲਿਆਂਦੇ ਹੋਏ ਦਲਬਦਲੂ ਸਨ। ਪਹਿਲਾਂ ਬਾਪੂ ਬਾਦਲ ਅਤੇ ਬੇਟੇ ਬਾਦਲ ਦੇ ਸਮਰਥਕਾਂ ਦੇ ਦੋ ਧੜੇ ਆਪਸ ਵਿੱਚ ਲੜਦੇ ਸਨ, ਫਿਰ ਉਨ੍ਹਾਂ ਦੋਵਾਂ ਧਿਰਾਂ ਨੇ ਆਪਸ ਵਿੱਚ ਅੱਖ ਮਿਲਾਈ ਅਤੇ ਨਵੇਂ ਆਏ ਦਲਬਦਲੂਆਂ ਖਿਲਾਫ ਸਾਂਝਾ ਮੋਰਚਾ ਬਣਾ ਲਿਆ ਤੇ ਰੌਲਾ ਪੈਣ ਲੱਗ ਪਿਆ ਸੀ।
ਜਦੋਂ ਇਹ ਕੁਝ ਹਰ ਰਾਜ ਕਰਦੀ ਪਾਰਟੀ ਵਿੱਚ ਹੁੰਦਾ ਰਿਹਾ ਹੈ ਤਾਂ ਸੱਤਾ ਦਾ ਸੁਖ ਮਾਣਨ ਦੇ ਅੰਤਲੇ ਸਾਲ ਦੇ ਮੁੱਢ ਵਿੱਚ ਆਮ ਆਦਮੀ ਪਾਰਟੀ ਵਿੱਚ ਵੀ ਇਹ ਕੁਝ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ। ਪੁਰਾਣੇ ਵਰਕਰਾਂ ਦੀ ਆਪਣੀ ਕੌੜ ਹੈ ਕਿ ਸੰਘਰਸ਼ ਵਿੱਚ ਸਾਥ ਦਿੰਦੇ ਰਹੇ, ਪਰ ਮਲਾਈ ਖਾਣ ਦਾ ਮੌਕਾ ਉੰਨਾ ਨੂੰ ਨਹੀਂ ਮਿਲ ਸਕਿਆ, ਜਿਸਦੀ ਝਾਕ ਰੱਖੀ ਸੀ। ਨਵੇਂ ਜੁੜਿਆਂ ਦੇ ਆਪਣੇ ਸੁਪਨੇ ਸਨ ਤੇ ਜਿਹੜੇ ਅੱਜਕੱਲ੍ਹ ਇਸ ਪਾਰਟੀ ਵੱਲ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਆ ਰਹੇ ਹਨ ਤੇ ਉਨ੍ਹਾਂ ਨੂੰ ‘ਜੀ ਆਇਆਂ’ ਕਿਹਾ ਜਾ ਰਿਹਾ ਹੈ, ਭੁੱਖ ਉਨ੍ਹਾਂ ਦੀ ਵੀ ਕਈ ਤਰ੍ਹਾਂ ਦੀ ਹੈ। ਪੰਜਾਬ ਵਿੱਚ ਕਮਾਈ ਕਰਨ ਵਾਲੇ ਲੋਕ ਉਹੀ ਹਨ, ਜਿਹੜੇ ਪਹਿਲਾਂ ਇੱਕ ਪਾਰਟੀ, ਫਿਰ ਦੂਸਰੀ ਅਤੇ ਅੱਜਕੱਲ ਤੀਸਰੀ ਦਾ ਭਾਰ ਝੱਲ ਰਹੇ ਹਨ, ਪਰ ਬੋਲਦੇ ਕੁਝ ਨਹੀਂ, ਇਹ ਕਿੰਨੀ ਦੇਰ ਅਤੇ ਭਲਾ ਕਿੰਨਾ ਕੁ ਭਾਰ ਝੱਲਦੇ ਰਹਿਣਗੇ! ਇਸ ਸਰਕਾਰ ਦਾ ਆਖਰੀ ਸਾਲ ਸ਼ੁਰੂ ਹੋਣ ਵਿੱਚ ਜਦੋਂ ਮਸਾਂ ਤਿੰਨ ਮਹੀਨੇ ਬਾਕੀ ਰਹਿੰਦੇ ਹਨ, ਇਸ ਸਵਾਲ ਦਾ ਕੋਈ ਜਵਾਬ ਲੱਭਣ ਲਈ ਇਸ ਪਾਰਟੀ ਦੀ ਲੀਡਰਸ਼ਿੱਪ ਨੂੰ ਕਦੀ ਨਾ ਕਦੀ ਕੁਝ ਵਕਤ ਕੱਢਣ ਦੀ ਲੋੜ ਹੈ। ਅਵੇਸਲਾਪਣ ਤੇ ‘ਕੁਝ ਨਹੀਂ ਹੋਣ ਲੱਗਾ’ ਦੀ ਸੋਚ ਲਈ ਬਹੁਤਾ ਸਮਾਂ ਨਹੀਂ ਰਹਿ ਗਿਆ। ਉਨ੍ਹਾਂ ਨੂੰ ਤਾਂ ਇਹ ਵੀ ਸੋਚਣਾ ਪਵੇਗਾ ਕਿ ਅਗਲੀ ਚੋਣ ਲੜਾਈ ਇਸ ਰਾਜ ਵਿਚਲੀਆਂ ਰਵਾਇਤੀ ਦੋ ਧਿਰਾਂ ਦੇ ਵਿਰੋਧ ਤਕ ਨਹੀਂ ਰਹਿ ਜਾਣੀ, ਸਾਰੇ ਭਾਰਤ ਵਿੱਚ ਹੂੰਝਾ ਫੇਰਨ ਦੀ ਝਾਕ ਵਿੱਚ ਤੁਰੇ ਹੋਏ ਉਸ ਕਾਫਲੇ ਨਾਲ ਵੀ ਲੜਨੀ ਪੈਣੀ ਹੈ, ਜਿਸਦੇ ਅਗਵਾਨੂ ਚਾਲਾਂ ਚੱਲਣ ਵਿੱਚ ਵੀ ਊਣੇ ਨਹੀਂ ਤੇ ਸਿਆਸੀ ਹਮਲਾਵਰੀ ਵਾਲਾ ਸਿਰਾ ਕਰਨ ਤਕ ਜਾਣ ਤੋਂ ਵੀ ਕਸਰ ਨਹੀਂ ਰੱਖਦੇ। ਕਾਂਗਰਸ ਵਾਲਿਆਂ ਨੂੰ ਆਪਸੀ ਕੁੱਕੜ-ਖੇਹ ਨੇ ਕਿਸੇ ਲੜਾਈ ਜੋਗਾ ਨਹੀਂ ਛੱਡਣਾ ਜਾਪਦਾ, ਅਕਾਲੀ ਆਗੂਆਂ ਦੀ ਦੋ ਧੜਿਆਂ ਦੀ ਖਹਿਬਾਜ਼ੀ ਵੀ ਕਿਸੇ ਪਾਸੇ ਲਗਦੀ ਨਹੀਂ ਜਾਪਦੀ ਤੇ ਆਮ ਆਦਮੀ ਪਾਰਟੀ ਇਸ ਸਵਾਲ ਨੂੰ ਅਜੇ ਤਕ ਬੇਲੋੜਾ ਸਮਝੀ ਬੈਠੀ ਹੈ, ਪਰ ਕਦੋਂ ਕੁ ਤਕ ਇੱਦਾਂ ਚੱਲੇਗਾ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (